Skip to content

Skip to table of contents

‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’

‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’

‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’

‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੂੰ ਸਮਝਾਵੇ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।’—1 ਕੁਰਿੰ. 2:16.

1, 2. (ੳ) ਕਈ ਲੋਕਾਂ ਨੂੰ ਕਿਹੜੀ ਮੁਸ਼ਕਲ ਆਉਂਦੀ ਹੈ? (ਅ) ਸਾਨੂੰ ਆਪਣੀ ਸੋਚ ਅਤੇ ਯਹੋਵਾਹ ਦੀ ਸੋਚ ਬਾਰੇ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?

ਕੀ ਤੁਹਾਨੂੰ ਕਦੇ ਸਮਝਣਾ ਔਖਾ ਲੱਗਦਾ ਹੈ ਕਿ ਦੂਜਾ ਬੰਦਾ ਕਿਵੇਂ ਸੋਚਦਾ ਹੈ? ਸ਼ਾਇਦ ਤੁਹਾਡਾ ਨਵਾਂ-ਨਵਾਂ ਵਿਆਹ ਹੋਇਆ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕੋਗੇ ਕਿ ਤੁਹਾਡਾ ਜੀਵਨ-ਸਾਥੀ ਕਿਵੇਂ ਸੋਚਦਾ ਹੈ। ਵਾਕਈ, ਮਰਦਾਂ ਅਤੇ ਔਰਤਾਂ ਦਾ ਸੋਚਣ ਅਤੇ ਬੋਲਣ ਦਾ ਤਰੀਕਾ ਵੱਖੋ-ਵੱਖਰਾ ਹੈ। ਹਾਂ, ਕੁਝ ਸਭਿਆਚਾਰਾਂ ਵਿਚ ਆਦਮੀ ਅਤੇ ਤੀਵੀਆਂ ਇੱਕੋ ਭਾਸ਼ਾ ਨੂੰ ਵੱਖੋ-ਵੱਖਰੇ ਲਹਿਜੇ ਵਿਚ ਬੋਲਦੇ ਹਨ! ਇਸ ਤੋਂ ਇਲਾਵਾ, ਸਭਿਆਚਾਰ ਅਤੇ ਭਾਸ਼ਾ ਵਿਚ ਫ਼ਰਕ ਹੋਣ ਕਾਰਨ ਲੋਕ ਵੱਖੋ-ਵੱਖਰੇ ਢੰਗ ਨਾਲ ਸੋਚਦੇ ਅਤੇ ਵਰਤਾਓ ਕਰਦੇ ਹਨ। ਪਰ ਜਿੰਨਾ ਜ਼ਿਆਦਾ ਤੁਸੀਂ ਹੋਰਨਾਂ ਤੋਂ ਵਾਕਫ਼ ਹੁੰਦੇ ਹੋ, ਉੱਨਾ ਹੀ ਜ਼ਿਆਦਾ ਤੁਸੀਂ ਉਨ੍ਹਾਂ ਦੇ ਸੋਚਣ ਦੇ ਤਰੀਕੇ ਨੂੰ ਸਮਝਣ ਲੱਗ ਪੈਂਦੇ ਹੋ।

2 ਤਾਂ ਫਿਰ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਡੀ ਸੋਚ ਅਤੇ ਯਹੋਵਾਹ ਦੀ ਸੋਚ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਕਿਹਾ: “ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ।” ਫਿਰ ਇਸ ਗੱਲ ਨੂੰ ਸਮਝਾਉਣ ਲਈ ਉਦਾਹਰਣ ਦਿੰਦਿਆਂ ਯਹੋਵਾਹ ਨੇ ਅੱਗੇ ਕਿਹਾ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।”—ਯਸਾ. 55:8, 9.

3. ਕਿਹੜੇ ਦੋ ਤਰੀਕਿਆਂ ਨਾਲ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ?

3 ਪਰ ਕੀ ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦੇ ਸੋਚਣ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ? ਇੱਦਾਂ ਦੀ ਗੱਲ ਨਹੀਂ। ਹਾਲਾਂਕਿ ਅਸੀਂ ਕਦੇ ਵੀ ਯਹੋਵਾਹ ਦੇ ਖ਼ਿਆਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਫਿਰ ਵੀ ਬਾਈਬਲ ਸਾਨੂੰ ਉਤਸ਼ਾਹ ਦਿੰਦੀ ਹੈ ਕਿ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜੀਏ। (ਕਹਾਉਤਾਂ 3:32 ਪੜ੍ਹੋ।) ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਬਾਈਬਲ ਵਿਚ ਦਰਜ ਉਸ ਦੇ ਕੰਮਾਂ ਦੀ ਕਦਰ ਕਰੀਏ ਅਤੇ ਉਨ੍ਹਾਂ ਉੱਤੇ ਗੌਰ ਕਰੀਏ। (ਜ਼ਬੂ. 28:5) ਇਕ ਹੋਰ ਤਰੀਕਾ ਹੈ “ਮਸੀਹ ਦੀ ਬੁੱਧੀ” ਤੋਂ ਜਾਣੂ ਹੋਣਾ ਜੋ “ਅਲੱਖ ਪਰਮੇਸ਼ੁਰ ਦਾ ਰੂਪ” ਹੈ। (1 ਕੁਰਿੰ. 2:16; ਕੁਲੁ. 1:15) ਜੇ ਅਸੀਂ ਬਾਈਬਲ ਦੇ ਬਿਰਤਾਂਤਾਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਉੱਤੇ ਮਨਨ ਕਰਨ ਲਈ ਸਮਾਂ ਕੱਢਾਂਗੇ, ਤਾਂ ਅਸੀਂ ਯਹੋਵਾਹ ਦੇ ਗੁਣਾਂ ਅਤੇ ਉਸ ਦੇ ਸੋਚਣ ਦੇ ਤਰੀਕੇ ਨੂੰ ਸਮਝਣਾ ਸ਼ੁਰੂ ਕਰ ਸਕਦੇ ਹਾਂ।

ਗ਼ਲਤ ਝੁਕਾਅ ਤੋਂ ਬਚੋ

4, 5. (ੳ) ਸਾਨੂੰ ਕਿਹੜੇ ਗ਼ਲਤ ਝੁਕਾਅ ਤੋਂ ਬਚਣ ਦੀ ਲੋੜ ਹੈ? ਸਮਝਾਓ। (ਅ) ਇਸਰਾਏਲੀ ਕਿਹੜੇ ਗ਼ਲਤ ਢੰਗ ਨਾਲ ਸੋਚਣ ਲੱਗ ਪਏ ਸਨ?

4 ਜਦੋਂ ਅਸੀਂ ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰਦੇ ਹਾਂ, ਤਾਂ ਸਾਨੂੰ ਮਨੁੱਖੀ ਮਿਆਰਾਂ ਅਨੁਸਾਰ ਪਰਮੇਸ਼ੁਰ ਬਾਰੇ ਕੋਈ ਰਾਇ ਕਾਇਮ ਕਰਨ ਦੇ ਝੁਕਾਅ ਤੋਂ ਬਚਣ ਦੀ ਲੋੜ ਹੈ। ਇਸ ਝੁਕਾਅ ਬਾਰੇ ਜ਼ਬੂਰਾਂ ਦੀ ਪੋਥੀ 50:21 ਵਿਚ ਦਰਜ ਯਹੋਵਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਤੈਂ ਸਮਝਿਆ ਕਿ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ।” ਇਹ ਗੱਲ ਸਹੀ ਹੈ। 175 ਤੋਂ ਜ਼ਿਆਦਾ ਸਾਲ ਪਹਿਲਾਂ ਇਕ ਬਾਈਬਲ ਵਿਦਵਾਨ ਨੇ ਵੀ ਕਿਹਾ ਸੀ: “ਬੰਦੇ ਆਪਣੇ ਮਿਆਰਾਂ ਅਨੁਸਾਰ ਪਰਮੇਸ਼ੁਰ ਬਾਰੇ ਰਾਇ ਕਾਇਮ ਕਰਨ ਦਾ ਝੁਕਾਅ ਰੱਖਦੇ ਹਨ ਤੇ ਸੋਚਦੇ ਹਨ ਕਿ ਰੱਬ ’ਤੇ ਉਹੀ ਕਾਨੂੰਨ ਲਾਗੂ ਹੁੰਦੇ ਹਨ ਜਿਨ੍ਹਾਂ ਉੱਤੇ ਉਨ੍ਹਾਂ ਦੇ ਹਿਸਾਬ ਨਾਲ ਇਨਸਾਨਾਂ ਨੂੰ ਚੱਲਣਾ ਚਾਹੀਦਾ ਹੈ।”

5 ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਮਿਆਰਾਂ ਅਤੇ ਇੱਛਾਵਾਂ ਮੁਤਾਬਕ ਪਰਮੇਸ਼ੁਰ ਬਾਰੇ ਕੋਈ ਰਾਇ ਕਾਇਮ ਨਾ ਕਰੀਏ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਸ਼ਾਇਦ ਆਪਣੇ ਸੀਮਿਤ ਨਜ਼ਰੀਏ ਤੋਂ ਯਹੋਵਾਹ ਦੇ ਕੁਝ ਕੰਮ ਸਹੀ ਨਾ ਲੱਗਣ। ਪੁਰਾਣੇ ਜ਼ਮਾਨੇ ਦੇ ਇਸਰਾਏਲੀ ਇਸ ਢੰਗ ਨਾਲ ਸੋਚਣ ਲੱਗ ਪਏ ਸਨ ਅਤੇ ਉਨ੍ਹਾਂ ਨੇ ਆਪਣੇ ਨਾਲ ਯਹੋਵਾਹ ਦੇ ਸਲੂਕ ਬਾਰੇ ਗ਼ਲਤ ਸਿੱਟਾ ਕੱਢਿਆ। ਧਿਆਨ ਦਿਓ ਕਿ ਯਹੋਵਾਹ ਨੇ ਉਨ੍ਹਾਂ ਨੂੰ ਕੀ ਕਿਹਾ: “ਤੁਸੀਂ ਆਖਦੇ ਹੋ ਕਿ ਪ੍ਰਭੁ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ। ਹੇ ਇਸਰਾਏਲ ਦੇ ਘਰਾਣੇ, ਸੁਣੋ! ਕੀ ਮੇਰਾ ਮਾਰਗ ਠੀਕ ਨਹੀਂ ਹੈ? ਕੀ ਏਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ?”—ਹਿਜ਼. 18:25.

6. ਅੱਯੂਬ ਨੇ ਕੀ ਜਾਣਿਆ ਅਤੇ ਅਸੀਂ ਉਸ ਦੇ ਤਜਰਬੇ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ?

6 ਅਸੀਂ ਇਕ ਤਰੀਕੇ ਨਾਲ ਆਪਣੇ ਮਿਆਰਾਂ ਮੁਤਾਬਕ ਯਹੋਵਾਹ ਬਾਰੇ ਰਾਇ ਕਾਇਮ ਕਰਨ ਤੋਂ ਬਚ ਸਕਦੇ ਹਾਂ। ਉਹ ਇਹ ਹੈ ਕਿ ਅਸੀਂ ਮੰਨੀਏ ਕਿ ਸਾਡਾ ਨਜ਼ਰੀਆ ਸੀਮਿਤ ਹੈ ਅਤੇ ਕਦੇ-ਕਦੇ ਪੂਰੀ ਤਰ੍ਹਾਂ ਗ਼ਲਤ ਹੁੰਦਾ ਹੈ। ਅੱਯੂਬ ਨੂੰ ਇਹ ਜਾਣਨ ਦੀ ਲੋੜ ਸੀ। ਉਹ ਜਦੋਂ ਦੁੱਖਾਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਅਤੇ ਆਪਣੇ ਬਾਰੇ ਕੁਝ ਜ਼ਿਆਦਾ ਹੀ ਸੋਚਣ ਲੱਗ ਪਿਆ। ਉਹ ਵੱਡੀਆਂ ਗੱਲਾਂ ਭੁੱਲ ਗਿਆ। ਪਰ ਯਹੋਵਾਹ ਨੇ ਪਿਆਰ ਨਾਲ ਉਸ ਦਾ ਨਜ਼ਰੀਆ ਸੁਧਾਰਨ ਵਿਚ ਉਸ ਦੀ ਮਦਦ ਕੀਤੀ। ਯਹੋਵਾਹ ਨੇ ਅੱਯੂਬ ਨੂੰ 70 ਤੋਂ ਜ਼ਿਆਦਾ ਅਲੱਗ-ਅਲੱਗ ਸਵਾਲ ਪੁੱਛੇ ਜਿਨ੍ਹਾਂ ਵਿੱਚੋਂ ਅੱਯੂਬ ਇਕ ਸਵਾਲ ਦਾ ਵੀ ਜਵਾਬ ਨਹੀਂ ਦੇ ਸਕਿਆ। ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਅੱਯੂਬ ਦੀ ਸਮਝ ਕਿੰਨੀ ਸੀਮਿਤ ਸੀ। ਅੱਯੂਬ ਨੇ ਨਿਮਰਤਾ ਦਿਖਾਈ ਅਤੇ ਆਪਣਾ ਨਜ਼ਰੀਆ ਬਦਲ ਲਿਆ।—ਅੱਯੂਬ 42:1-6 ਪੜ੍ਹੋ।

“ਮਸੀਹ ਦੀ ਬੁੱਧੀ” ਅਪਣਾਓ

7. ਯਿਸੂ ਦੇ ਕੰਮਾਂ ਦੀ ਜਾਂਚ ਕਰਨ ਨਾਲ ਸਾਨੂੰ ਯਹੋਵਾਹ ਦੀ ਸੋਚ ਨੂੰ ਸਮਝਣ ਵਿਚ ਕਿਉਂ ਮਦਦ ਮਿਲਦੀ ਹੈ?

7 ਯਿਸੂ ਨੇ ਹਰ ਕੰਮ ਅਤੇ ਗੱਲ ਵਿਚ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਰੀਸ ਕੀਤੀ। (ਯੂਹੰ. 14:9) ਇਸ ਲਈ ਯਿਸੂ ਦੇ ਕੰਮਾਂ ਦੀ ਜਾਂਚ ਕਰਨ ਨਾਲ ਸਾਨੂੰ ਯਹੋਵਾਹ ਦੇ ਸੋਚਣ ਦੇ ਢੰਗ ਨੂੰ ਜਾਣਨ ਵਿਚ ਮਦਦ ਮਿਲਦੀ ਹੈ। (ਰੋਮੀ. 15:5; ਫ਼ਿਲਿ. 2:5) ਚਲੋ ਫਿਰ ਆਓ ਆਪਾਂ ਇੰਜੀਲਾਂ ਵਿਚ ਦੱਸੇ ਦੋ ਬਿਰਤਾਂਤਾਂ ਦੀ ਜਾਂਚ ਕਰੀਏ।

8, 9. ਜਿਵੇਂ ਯੂਹੰਨਾ 6:1-5 ਵਿਚ ਦਰਜ ਹੈ, ਯਿਸੂ ਨੇ ਕਿਹੜੇ ਹਾਲਾਤ ਕਾਰਨ ਫ਼ਿਲਿੱਪੁਸ ਤੋਂ ਸਵਾਲ ਪੁੱਛਿਆ ਅਤੇ ਯਿਸੂ ਨੇ ਇਹ ਸਵਾਲ ਕਿਉਂ ਪੁੱਛਿਆ?

8 ਜ਼ਰਾ ਇਸ ਵਾਕਿਆ ਦੀ ਕਲਪਨਾ ਕਰੋ। ਇਹ ਵਾਕਿਆ 32 ਈ. ਪੂ. ਦੇ ਪਸਾਹ ਤੋਂ ਪਹਿਲਾਂ ਦਾ ਹੈ। ਯਿਸੂ ਦੇ ਰਸੂਲ ਸਾਰੇ ਗਲੀਲ ਵਿਚ ਬਹੁਤ ਵਧੀਆ ਪ੍ਰਚਾਰ ਕਰ ਕੇ ਹੁਣੇ-ਹੁਣੇ ਪਰਤੇ ਸਨ। ਪ੍ਰਚਾਰ ਕਾਰਨ ਉਹ ਸਾਰੇ ਜਣੇ ਥੱਕੇ ਹੋਏ ਸਨ, ਇਸ ਲਈ ਯਿਸੂ ਉਨ੍ਹਾਂ ਨੂੰ ਗਲੀਲ ਦੀ ਝੀਲ ਦੇ ਉੱਤਰੀ-ਪੂਰਬੀ ਕੰਢੇ ਉੱਤੇ ਸਥਿਤ ਇਕ ਸੁੰਨਸਾਨ ਥਾਂ ਲੈ ਗਿਆ। ਪਰ ਹਜ਼ਾਰਾਂ ਹੀ ਲੋਕ ਉਨ੍ਹਾਂ ਦੇ ਪਿੱਛੇ-ਪਿੱਛੇ ਉੱਥੇ ਆ ਗਏ। ਯਿਸੂ ਨੇ ਇਸ ਭੀੜ ਨੂੰ ਠੀਕ ਕੀਤਾ ਅਤੇ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਪਰ ਇਸ ਤੋਂ ਬਾਅਦ ਇਕ ਮੁਸ਼ਕਲ ਆ ਖੜ੍ਹੀ ਹੋਈ। ਇਸ ਸੁੰਨਸਾਨ ਥਾਂ ਤੇ ਇਨ੍ਹਾਂ ਸਾਰੇ ਲੋਕਾਂ ਨੂੰ ਕੁਝ ਖਾਣ ਲਈ ਕਿੱਥੋਂ ਮਿਲ ਸਕਦਾ ਸੀ? ਇਸ ਲੋੜ ਨੂੰ ਜਾਣਦੇ ਹੋਏ ਯਿਸੂ ਨੇ ਫ਼ਿਲਿੱਪੁਸ, ਜੋ ਉਸ ਇਲਾਕੇ ਦਾ ਸੀ, ਨੂੰ ਪੁੱਛਿਆ: “ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿਥੋਂ ਮੁੱਲ ਲਈਏ?”—ਯੂਹੰ. 6:1-5.

9 ਯਿਸੂ ਨੇ ਫ਼ਿਲਿੱਪੁਸ ਨੂੰ ਇਹ ਸਵਾਲ ਕਿਉਂ ਪੁੱਛਿਆ? ਕੀ ਯਿਸੂ ਨੂੰ ਚਿੰਤਾ ਸੀ ਕਿ ਕੀ ਕੀਤਾ ਜਾਵੇ? ਨਹੀਂ। ਉਹ ਅਸਲ ਵਿਚ ਕੀ ਸੋਚ ਰਿਹਾ ਸੀ? ਯੂਹੰਨਾ ਰਸੂਲ ਦੱਸਦਾ ਹੈ ਜੋ ਉੱਥੇ ਮੌਜੂਦ ਸੀ: ‘ਯਿਸੂ ਨੇ ਉਹ ਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਉਹ ਕੀ ਕਰੇਗਾ।’ (ਯੂਹੰ. 6:6) ਯਿਸੂ ਨੇ ਇਸ ਮੌਕੇ ਤੇ ਆਪਣੇ ਚੇਲਿਆਂ ਨੂੰ ਪਰਖ ਕੇ ਦੇਖਿਆ ਕਿ ਉਨ੍ਹਾਂ ਦੀ ਨਿਹਚਾ ਕਿੰਨੀ ਕੁ ਤਕੜੀ ਸੀ। ਇਹ ਸਵਾਲ ਪੁੱਛ ਕੇ ਉਸ ਨੇ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਕਿ ਉਹ ਲੋਕਾਂ ਨੂੰ ਖਾਣਾ ਕਿੱਥੋਂ ਲਿਆ ਕੇ ਖਿਲਾਉਣਗੇ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਦਿੱਤਾ ਕਿ ਯਿਸੂ ਕੀ ਕੁਝ ਕਰ ਸਕਦਾ ਸੀ। ਪਰ ਉਨ੍ਹਾਂ ਨੇ ਇਹ ਮੌਕਾ ਗੁਆ ਲਿਆ ਅਤੇ ਦਿਖਾਇਆ ਕਿ ਉਨ੍ਹਾਂ ਦੀ ਸੋਚ ਕਿੰਨੀ ਸੀਮਿਤ ਸੀ। (ਯੂਹੰਨਾ 6:7-9 ਪੜ੍ਹੋ।) ਫਿਰ ਯਿਸੂ ਨੇ ਉਹ ਕੁਝ ਕਰ ਦਿਖਾਇਆ ਜੋ ਚੇਲਿਆਂ ਨੇ ਸੋਚਿਆ ਵੀ ਨਹੀਂ ਸੀ। ਉਸ ਨੇ ਚਮਤਕਾਰ ਕਰ ਕੇ ਹਜ਼ਾਰਾਂ ਹੀ ਭੁੱਖੇ ਲੋਕਾਂ ਨੂੰ ਖਾਣਾ ਖੁਆਇਆ।—ਯੂਹੰ. 6:10-13.

10-12. (ੳ) ਯਿਸੂ ਨੇ ਤੁਰੰਤ ਇਕ ਯੂਨਾਨੀ ਤੀਵੀਂ ਦੀ ਮੰਗ ਪੂਰੀ ਕਿਉਂ ਨਹੀਂ ਕੀਤੀ? ਸਮਝਾਓ। (ਅ) ਅਸੀਂ ਹੁਣ ਕਿਸ ਗੱਲ ਉੱਤੇ ਚਰਚਾ ਕਰਾਂਗੇ?

10 ਇਸ ਬਿਰਤਾਂਤ ਦੀ ਮਦਦ ਨਾਲ ਅਸੀਂ ਯਿਸੂ ਦੀ ਸੋਚ ਨੂੰ ਸਮਝ ਸਕਦੇ ਹਾਂ ਜੋ ਇਕ ਹੋਰ ਮੌਕੇ ਤੇ ਜ਼ਾਹਰ ਹੋਈ ਸੀ। ਇਸ ਭੀੜ ਨੂੰ ਖਾਣਾ ਖੁਆਉਣ ਤੋਂ ਥੋੜ੍ਹੀ ਦੇਰ ਬਾਅਦ, ਯਿਸੂ ਅਤੇ ਉਸ ਦੇ ਰਸੂਲ ਉੱਤਰ ਵੱਲ ਸੂਰ ਅਤੇ ਸੈਦਾ ਚਲੇ ਗਏ ਜੋ ਇਸਰਾਏਲ ਦੀਆਂ ਹੱਦਾਂ ਤੋਂ ਕਾਫ਼ੀ ਪਰੇ ਸੀ। ਉੱਥੇ ਉਨ੍ਹਾਂ ਨੂੰ ਇਕ ਯੂਨਾਨੀ ਤੀਵੀਂ ਮਿਲੀ ਜੋ ਯਿਸੂ ਅੱਗੇ ਤਰਲੇ ਕਰ ਰਹੀ ਸੀ ਕਿ ਉਹ ਉਸ ਦੀ ਧੀ ਨੂੰ ਠੀਕ ਕਰ ਦੇਵੇ। ਪਹਿਲਾਂ-ਪਹਿਲਾਂ ਯਿਸੂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਜਦੋਂ ਉਹ ਮਿੰਨਤਾਂ ਕਰਦੀ ਰਹੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦਿਹ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਅੱਛੀ ਨਹੀਂ ਹੈ।”—ਮਰ. 7:24-27.

11 ਯਿਸੂ ਨੇ ਪਹਿਲਾਂ-ਪਹਿਲਾਂ ਇਸ ਤੀਵੀਂ ਦੀ ਮਦਦ ਕਿਉਂ ਨਹੀਂ ਕੀਤੀ? ਕੀ ਉਹ ਫ਼ਿਲਿੱਪੁਸ ਵਾਂਗ ਉਸ ਨੂੰ ਪਰਖ ਰਿਹਾ ਸੀ ਕਿ ਉਹ ਕੀ ਕਹੇਗੀ? ਕੀ ਉਹ ਉਸ ਨੂੰ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਦੇ ਰਿਹਾ ਸੀ? ਭਾਵੇਂ ਬਾਈਬਲ ਵਿਚ ਦੱਸਿਆ ਨਹੀਂ ਗਿਆ ਕਿ ਯਿਸੂ ਉਸ ਤੀਵੀਂ ਨਾਲ ਕਿਸ ਢੰਗ ਨਾਲ ਬੋਲਿਆ ਸੀ, ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਸ ਕਾਰਨ ਉਸ ਤੀਵੀਂ ਨੇ ਹਿੰਮਤ ਨਹੀਂ ਹਾਰੀ। ਪਰ ਫਿਰ ਯਿਸੂ ਨੇ ਉਸ ਤੀਵੀਂ ਵਰਗੇ ਯੂਨਾਨੀ ਲੋਕਾਂ ਦੀ ਤੁਲਨਾ “ਕਤੂਰਿਆਂ” ਨਾਲ ਕੀਤੀ ਜਿਸ ਤੋਂ ਉਸ ਦੀ ਕੋਮਲਤਾ ਦਾ ਪਤਾ ਲੱਗਦਾ ਹੈ। ਸ਼ਾਇਦ ਯਿਸੂ ਇਕ ਬਾਪ ਵਾਂਗ ਪੇਸ਼ ਆ ਰਿਹਾ ਸੀ ਜੋ ਆਪਣੇ ਬੱਚੇ ਦੀ ਮੰਗ ਪੂਰੀ ਕਰਨੀ ਚਾਹੁੰਦਾ ਹੈ, ਪਰ ਉਹ ਉਸੇ ਵੇਲੇ ਇਸ ਬਾਰੇ ਬੱਚੇ ਨੂੰ ਪਤਾ ਨਹੀਂ ਲੱਗਣ ਦਿੰਦਾ। ਉਹ ਦੇਖਣਾ ਚਾਹੁੰਦਾ ਹੈ ਕਿ ਬੱਚਾ ਜਿਸ ਚੀਜ਼ ਦੀ ਮੰਗ ਕਰਦਾ ਹੈ, ਉਹ ਉਸ ਚੀਜ਼ ਨੂੰ ਸੱਚ-ਮੁੱਚ ਚਾਹੁੰਦਾ ਵੀ ਹੈ ਕਿ ਨਹੀਂ। ਜੋ ਵੀ ਸੀ, ਜਦੋਂ ਉਸ ਤੀਵੀਂ ਨੇ ਆਪਣੀ ਨਿਹਚਾ ਜ਼ਾਹਰ ਕੀਤੀ, ਯਿਸੂ ਨੇ ਖ਼ੁਸ਼ ਹੋ ਕੇ ਉਸ ਦੀ ਮੰਗ ਪੂਰੀ ਕੀਤੀ।—ਮਰਕੁਸ 7:28-30 ਪੜ੍ਹੋ।

12 ਇੰਜੀਲਾਂ ਵਿਚ ਦਿੱਤੇ ਇਨ੍ਹਾਂ ਦੋ ਬਿਰਤਾਂਤਾਂ ਤੋਂ ਸਾਨੂੰ “ਮਸੀਹ ਦੀ ਬੁੱਧੀ” ਬਾਰੇ ਅਨਮੋਲ ਗਿਆਨ ਮਿਲਦਾ ਹੈ। ਆਓ ਆਪਾਂ ਹੁਣ ਦੇਖੀਏ ਕਿ ਇਨ੍ਹਾਂ ਬਿਰਤਾਂਤਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਸੋਚ ਨੂੰ ਹੋਰ ਬਿਹਤਰ ਕਿਵੇਂ ਸਮਝ ਸਕਦੇ ਹਾਂ।

ਮੂਸਾ ਨਾਲ ਯਹੋਵਾਹ ਕਿਵੇਂ ਪੇਸ਼ ਆਇਆ

13. ਯਿਸੂ ਦੇ ਸੋਚਣ ਦੇ ਢੰਗ ਬਾਰੇ ਜਾਣ ਕੇ ਸਾਡੀ ਕਿਵੇਂ ਮਦਦ ਹੁੰਦੀ ਹੈ?

13 ਯਿਸੂ ਦੇ ਸੋਚਣ ਦੇ ਢੰਗ ਬਾਰੇ ਜਾਣ ਕੇ ਸਾਨੂੰ ਮੁਸ਼ਕਲ ਆਇਤਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਮਿਸਾਲ ਲਈ, ਯਹੋਵਾਹ ਦੇ ਸ਼ਬਦਾਂ ਵੱਲ ਧਿਆਨ ਦਿਓ ਜੋ ਉਸ ਨੇ ਇਸਰਾਏਲੀਆਂ ਵੱਲੋਂ ਸੋਨੇ ਦਾ ਵੱਛਾ ਬਣਾਉਣ ਤੋਂ ਬਾਅਦ ਮੂਸਾ ਨੂੰ ਕਹੇ ਸਨ। ਪਰਮੇਸ਼ੁਰ ਨੇ ਕਿਹਾ: “ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਏਹ ਲੋਕ ਹਠੀ ਹਨ। ਹੁਣ ਤੂੰ ਮੈਨੂੰ ਇਕੱਲਾ ਹੋਣ ਦੇਹ ਤਾਂ ਜੋ ਮੇਰਾ ਕਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਰ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੈਥੋਂ ਇੱਕ ਵੱਡੀ ਕੌਮ ਬਣਾਵਾਂਗਾ।”—ਕੂਚ 32:9, 10.

14. ਯਹੋਵਾਹ ਦੇ ਸ਼ਬਦ ਸੁਣ ਕੇ ਮੂਸਾ ਨੇ ਕੀ ਕਿਹਾ ਸੀ?

14 ਬਿਰਤਾਂਤ ਅੱਗੇ ਦੱਸਦਾ ਹੈ: “ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾਕੇ ਆਖਿਆ, ਹੇ ਯਹੋਵਾਹ ਤੇਰਾ ਕਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ? ਮਿਸਰੀ ਕਿਉਂ ਆਖਣ ਭਈ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਜ਼ਮੀਨ ਉੱਤੋਂ ਮੁਕਾ ਦੇਵੇ? ਆਪਣੇ ਕਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਾਉਣ ਤੋਂ ਹਟ ਜਾਣਾ। ਤੂੰ ਆਪਣੇ ਸੇਵਕ ਅਬਰਾਹਾਮ ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੈਂ ਆਪਣੀ ਹੀ ਸੌਂਹ ਖਾਕੇ ਆਖਿਆ ਸੀ ਭਈ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਙੁ ਵਧਾਵਾਂਗਾ ਅਤੇ ਏਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਓਹ ਸਦਾ ਲਈ ਉਹ ਦੇ ਅਧਕਾਰੀ ਹੋਣਗੇ। ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ।”—ਕੂਚ 32:11-14. *

15, 16. (ੳ) ਯਹੋਵਾਹ ਨੇ ਜੋ ਕੁਝ ਕਿਹਾ ਸੀ, ਉਸ ਕਾਰਨ ਮੂਸਾ ਕੋਲ ਕਿਹੜਾ ਮੌਕਾ ਸੀ? (ਅ) ਯਹੋਵਾਹ ਕਿਸ ਅਰਥ ਵਿਚ “ਬੁਰਿਆਈ ਤੋਂ ਹਟ ਗਿਆ”?

15 ਕੀ ਮੂਸਾ ਨੂੰ ਸੱਚ-ਮੁੱਚ ਯਹੋਵਾਹ ਦੀ ਸੋਚ ਸੁਧਾਰਨ ਦੀ ਲੋੜ ਸੀ? ਬਿਲਕੁਲ ਨਹੀਂ! ਭਾਵੇਂ ਯਹੋਵਾਹ ਨੇ ਦੱਸ ਦਿੱਤਾ ਸੀ ਕਿ ਉਹ ਕੀ ਕਰਨ ਦੀ ਸੋਚ ਰਿਹਾ ਸੀ, ਪਰ ਇਹ ਉਸ ਦਾ ਆਖ਼ਰੀ ਫ਼ੈਸਲਾ ਨਹੀਂ ਸੀ। ਦਰਅਸਲ ਯਹੋਵਾਹ ਇੱਥੇ ਮੂਸਾ ਨੂੰ ਪਰਖ ਰਿਹਾ ਸੀ ਜਿਸ ਤਰ੍ਹਾਂ ਬਾਅਦ ਵਿਚ ਯਿਸੂ ਨੇ ਫ਼ਿਲਿੱਪੁਸ ਅਤੇ ਯੂਨਾਨੀ ਤੀਵੀਂ ਨੂੰ ਪਰਖਿਆ ਸੀ। ਹੁਣ ਮੂਸਾ ਨੂੰ ਆਪਣੀ ਰਾਇ ਦੇਣ ਦਾ ਮੌਕਾ ਮਿਲ ਗਿਆ ਸੀ। * ਯਹੋਵਾਹ ਨੇ ਮੂਸਾ ਨੂੰ ਆਪਣੇ ਅਤੇ ਇਸਰਾਏਲ ਵਿਚਕਾਰ ਵਿਚੋਲਾ ਨਿਯੁਕਤ ਕੀਤਾ ਤੇ ਇਸ ਪ੍ਰਬੰਧ ਅਨੁਸਾਰ ਚੱਲਣਾ ਚਾਹੁੰਦਾ ਸੀ। ਇਸ ਤੋਂ ਇਲਾਵਾ, ਯਹੋਵਾਹ ਦੇਖਣਾ ਚਾਹੁੰਦਾ ਸੀ ਕਿ ਕੀ ਮੂਸਾ ਗੁੱਸੇ ਵਿਚ ਆ ਜਾਵੇਗਾ ਅਤੇ ਮੌਕੇ ਦਾ ਫ਼ਾਇਦਾ ਉਠਾ ਕੇ ਯਹੋਵਾਹ ਨੂੰ ਹੱਲਾਸ਼ੇਰੀ ਦੇਵੇਗਾ ਕਿ ਉਹ ਇਸਰਾਏਲ ਨੂੰ ਭੁੱਲ ਜਾਵੇ ਅਤੇ ਉਸ ਦੀ ਔਲਾਦ ਤੋਂ ਇਕ ਵੱਡੀ ਕੌਮ ਬਣਾਵੇ?

16 ਮੂਸਾ ਦੀਆਂ ਗੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਯਹੋਵਾਹ ਦੇ ਨਿਆਂ ਵਿਚ ਨਿਹਚਾ ਤੇ ਭਰੋਸਾ ਸੀ। ਉਹ ਨੇ ਆਪਣੇ ਬਾਰੇ ਨਹੀਂ ਸੀ ਸੋਚਿਆ, ਸਗੋਂ ਉਸ ਨੂੰ ਯਹੋਵਾਹ ਦੇ ਨਾਂ ਦਾ ਜ਼ਿਆਦਾ ਫ਼ਿਕਰ ਸੀ। ਉਹ ਨਹੀਂ ਸੀ ਚਾਹੁੰਦਾ ਕਿ ਇਸ ਨਾਂ ਦੀ ਬਦਨਾਮੀ ਹੋਵੇ। ਇਸ ਤਰ੍ਹਾਂ ਮੂਸਾ ਨੇ ਦਿਖਾਇਆ ਕਿ ਉਹ ਇਸ ਨਾਂ ਬਾਰੇ ‘ਯਹੋਵਾਹ ਦੀ ਬੁੱਧੀ’ ਜਾਂ ਸੋਚ ਨੂੰ ਸਮਝ ਗਿਆ ਸੀ। (1 ਕੁਰਿੰ. 2:16) ਨਤੀਜਾ ਕੀ ਨਿਕਲਿਆ? ਕਿਉਂਕਿ ਯਹੋਵਾਹ ਨੇ ਇਹ ਪੱਕਾ ਨਹੀਂ ਸੀ ਧਾਰਿਆ ਕਿ ਉਸ ਨੇ ਜੋ ਕਿਹਾ ਸੀ, ਉਹ ਕਰ ਕੇ ਹੀ ਰਹੇਗਾ, ਬਾਈਬਲ ਕਹਿੰਦੀ ਹੈ ਕਿ ਉਹ “ਉਸ ਬੁਰਿਆਈ ਤੋਂ ਹਟ ਗਿਆ।” ਇਬਰਾਨੀ ਭਾਸ਼ਾ ਵਿਚ ਇਸ ਦਾ ਮਤਲਬ ਹੋ ਸਕਦਾ ਹੈ ਕਿ ਯਹੋਵਾਹ ਨੇ ਸਾਰੀ ਕੌਮ ਉੱਤੇ ਜਿਹੜੀ ਬਿਪਤਾ ਲਿਆਉਣ ਬਾਰੇ ਸੋਚਿਆ ਸੀ, ਉਹ ਨਹੀਂ ਲਿਆਂਦੀ।

ਅਬਰਾਹਾਮ ਨਾਲ ਯਹੋਵਾਹ ਕਿਵੇਂ ਪੇਸ਼ ਆਇਆ

17. ਅਬਰਾਹਾਮ ਨੂੰ ਜੋ ਚਿੰਤਾ ਸੀ, ਉਸ ਸੰਬੰਧੀ ਯਹੋਵਾਹ ਨੇ ਕਿਵੇਂ ਬਹੁਤ ਧੀਰਜ ਦਿਖਾਇਆ?

17 ਅਬਰਾਹਾਮ ਦੀ ਮਿਸਾਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਆਪਣੀ ਨਿਹਚਾ ਅਤੇ ਭਰੋਸਾ ਜ਼ਾਹਰ ਕਰਨ ਦਾ ਕਿਵੇਂ ਮੌਕਾ ਦਿੰਦਾ ਹੈ। ਅਬਰਾਹਾਮ ਨੇ ਸਦੂਮ ਬਾਰੇ ਯਹੋਵਾਹ ਅੱਗੇ ਬੇਨਤੀ ਕੀਤੀ ਸੀ। ਇਸ ਬਿਰਤਾਂਤ ਵਿਚ ਯਹੋਵਾਹ ਨੇ ਬਹੁਤ ਧੀਰਜ ਦਿਖਾਇਆ ਜਦੋਂ ਅਬਰਾਹਾਮ ਨੇ ਇਕ-ਇਕ ਕਰਕੇ ਅੱਠ ਸਵਾਲ ਪੁੱਛੇ। ਗੱਲ ਕਰਦਿਆਂ ਅਬਰਾਹਾਮ ਨੇ ਇਹ ਦਿਲੋਂ ਬੇਨਤੀ ਕੀਤੀ: “ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?”—ਉਤ. 18:22-33.

18. ਯਹੋਵਾਹ ਅਬਰਾਹਾਮ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

18 ਇਸ ਬਿਰਤਾਂਤ ਤੋਂ ਅਸੀਂ ਯਹੋਵਾਹ ਦੀ ਸੋਚ ਬਾਰੇ ਕੀ ਸਿੱਖਦੇ ਹਾਂ? ਕੀ ਯਹੋਵਾਹ ਨੂੰ ਲੋੜ ਸੀ ਕਿ ਅਬਰਾਹਾਮ ਉਸ ਨਾਲ ਤਰਕ ਕਰੇ ਤਾਂਕਿ ਉਹ ਸਹੀ ਫ਼ੈਸਲੇ ’ਤੇ ਪਹੁੰਚ ਸਕੇ? ਨਹੀਂ। ਬੇਸ਼ੱਕ, ਯਹੋਵਾਹ ਉਸ ਨੂੰ ਸ਼ੁਰੂ ਵਿਚ ਹੀ ਦੱਸ ਸਕਦਾ ਸੀ ਕਿ ਉਸ ਨੇ ਕਿਹੜੇ ਕਾਰਨਾਂ ਕਰਕੇ ਫ਼ੈਸਲਾ ਕੀਤਾ ਸੀ। ਪਰ ਇਨ੍ਹਾਂ ਸਵਾਲਾਂ ਦੇ ਜ਼ਰੀਏ ਯਹੋਵਾਹ ਨੇ ਅਬਰਾਹਾਮ ਨੂੰ ਸਮਾਂ ਦਿੱਤਾ ਕਿ ਉਹ ਉਸ ਦੇ ਫ਼ੈਸਲੇ ਨੂੰ ਸਵੀਕਾਰੇ ਅਤੇ ਉਸ ਦੀ ਸੋਚ ਨੂੰ ਸਮਝੇ। ਇਸ ਕਾਰਨ ਅਬਰਾਹਾਮ ਯਹੋਵਾਹ ਦੀ ਦਇਆ ਅਤੇ ਇਨਸਾਫ਼ ਦੀ ਡੂੰਘਾਈ ਸਮਝ ਸਕਿਆ। ਜੀ ਹਾਂ, ਯਹੋਵਾਹ ਅਬਰਾਹਾਮ ਨਾਲ ਇਕ ਦੋਸਤ ਵਾਂਗ ਪੇਸ਼ ਆਇਆ।—ਯਸਾ. 41:8; ਯਾਕੂ. 2:23.

ਸਾਡੇ ਲਈ ਸਿੱਖਿਆ

19. ਅਸੀਂ ਅੱਯੂਬ ਦੀ ਰੀਸ ਕਿਵੇਂ ਕਰ ਸਕਦੇ ਹਾਂ?

19 ਅਸੀਂ ‘ਯਹੋਵਾਹ ਦੀ ਬੁੱਧੀ’ ਬਾਰੇ ਕੀ ਸਿੱਖਿਆ ਹੈ? ਯਹੋਵਾਹ ਦੀ ਸੋਚ ਨੂੰ ਸਹੀ ਤਰ੍ਹਾਂ ਸਮਝਣ ਲਈ ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। ਸਾਨੂੰ ਕਦੇ ਵੀ ਆਪਣੇ ਸੀਮਿਤ ਨਜ਼ਰੀਏ, ਮਿਆਰਾਂ ਅਤੇ ਸੋਚ ਅਨੁਸਾਰ ਯਹੋਵਾਹ ਬਾਰੇ ਕੋਈ ਗ਼ਲਤ ਰਾਇ ਕਾਇਮ ਨਹੀਂ ਕਰਨੀ ਚਾਹੀਦੀ। ਅੱਯੂਬ ਨੇ ਕਿਹਾ: “[ਪਰਮੇਸ਼ੁਰ] ਮੇਰੇ ਜਿਹਾ ਮਨੁੱਖ ਨਹੀਂ ਭਈ ਮੈਂ ਉਹ ਨੂੰ ਉੱਤਰ ਦਿਆਂ, ਅਤੇ ਅਸੀਂ ਨਿਆਉਂ ਵਿੱਚ ਇਕੱਠੇ ਪਈਏ।” (ਅੱਯੂ. 9:32) ਅੱਯੂਬ ਦੀ ਤਰ੍ਹਾਂ ਜਦੋਂ ਅਸੀਂ ਯਹੋਵਾਹ ਦੀ ਸੋਚ ਨੂੰ ਸਮਝਣ ਲੱਗ ਪੈਂਦੇ ਹਾਂ, ਤਾਂ ਅਸੀਂ ਵੀ ਕਹਿ ਉੱਠਦੇ ਹਾਂ: “ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ?”—ਅੱਯੂ. 26:14.

20. ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਬਾਈਬਲ ਵਿੱਚੋਂ ਆਇਤਾਂ ਪੜ੍ਹਦੇ ਹਾਂ ਜੋ ਸਮਝਣੀਆਂ ਔਖੀਆਂ ਹਨ?

20 ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਬਾਈਬਲ ਵਿੱਚੋਂ ਉਹ ਆਇਤਾਂ ਪੜ੍ਹਦੇ ਹਾਂ ਜੋ ਸਮਝਣੀਆਂ ਔਖੀਆਂ ਹਨ ਅਤੇ ਖ਼ਾਸਕਰ ਯਹੋਵਾਹ ਦੀ ਸੋਚ ਬਾਰੇ ਹਨ? ਜੇ ਰੀਸਰਚ ਕਰਨ ਤੋਂ ਬਾਅਦ ਵੀ ਸਾਨੂੰ ਸਾਫ਼-ਸਾਫ਼ ਜਵਾਬ ਨਹੀਂ ਮਿਲਦਾ, ਤਾਂ ਅਸੀਂ ਇਸ ਨੂੰ ਯਹੋਵਾਹ ਉੱਤੇ ਆਪਣੇ ਭਰੋਸੇ ਦੀ ਪਰਖ ਸਮਝ ਸਕਦੇ ਹਾਂ। ਯਾਦ ਰੱਖੋ ਕਿ ਕਦੇ-ਕਦੇ ਬਾਈਬਲ ਦੀਆਂ ਕੁਝ ਗੱਲਾਂ ਸਮਝ ਨਾ ਆਉਣ ਕਾਰਨ ਸਾਨੂੰ ਯਹੋਵਾਹ ਦੇ ਉਨ੍ਹਾਂ ਤਰੀਕਿਆਂ ਬਾਰੇ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਤੋਂ ਉਸ ਦੇ ਗੁਣ ਝਲਕਦੇ ਹਨ। ਆਓ ਆਪਾਂ ਨਿਮਰਤਾ ਨਾਲ ਮੰਨ ਲਈਏ ਕਿ ਅਸੀਂ ਸਾਰਾ ਕੁਝ ਨਹੀਂ ਸਮਝਦੇ ਜੋ ਯਹੋਵਾਹ ਕਰਦਾ ਹੈ। (ਉਪ. 11:5) ਅਸੀਂ ਵੀ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਸਹਿਮਤ ਹੋ ਕੇ ਕਹਿ ਉੱਠਾਂਗੇ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ? ਅਥਵਾ ਕਿਸ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ? ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋ ਜੁੱਗ ਹੋਵੇ। ਆਮੀਨ।”—ਰੋਮੀ. 11:33-36.

[ਫੁਟਨੋਟ]

^ ਪੈਰਾ 14 ਇਕ ਮਿਲਦਾ-ਜੁਲਦਾ ਬਿਰਤਾਂਤ ਗਿਣਤੀ 14:11-20 ਵਿਚ ਪਾਇਆ ਗਿਆ ਹੈ।

^ ਪੈਰਾ 15 ਕੂਚ 32:10 ਵਿਚ ਪਾਈ ਜਾਂਦੀ ਮੂਲ ਇਬਰਾਨੀ ਕਹਾਵਤ ਦਾ ਅਨੁਵਾਦ ਪੰਜਾਬੀ ਵਿਚ “ਮੈਨੂੰ ਇਕੱਲਾ ਹੋਣ ਦੇਹ” ਕੀਤਾ ਗਿਆ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਸੱਦਾ ਜਾਂ ਸੁਝਾਅ ਹੋ ਸਕਦਾ ਹੈ ਕਿ ਮੂਸਾ ਯਹੋਵਾਹ ਅਤੇ ਕੌਮ ਵਿਚਕਾਰ ਆਵੇ ਜਾਂ ‘ਖੜ੍ਹਾ ਹੋਵੇ।’ (ਜ਼ਬੂ. 106:23; ਹਿਜ਼. 22:30) ਗੱਲ ਭਾਵੇਂ ਜੋ ਮਰਜ਼ੀ ਹੋਵੇ, ਮੂਸਾ ਨੇ ਬਿਨਾਂ ਡਰੇ ਆਪਣੀ ਰਾਇ ਖੁੱਲ੍ਹ ਕੇ ਯਹੋਵਾਹ ਅੱਗੇ ਪ੍ਰਗਟ ਕੀਤੀ।

ਕੀ ਤੁਹਾਨੂੰ ਯਾਦ ਹੈ?

• ਕਿਹੜੇ ਤਰੀਕੇ ਨਾਲ ਅਸੀਂ ਆਪਣੇ ਮਿਆਰਾਂ ਅਨੁਸਾਰ ਯਹੋਵਾਹ ਬਾਰੇ ਕੋਈ ਗ਼ਲਤ ਰਾਇ ਕਾਇਮ ਕਰਨ ਦੇ ਝੁਕਾਅ ਤੋਂ ਬਚ ਸਕਾਂਗੇ?

• ਯਿਸੂ ਦੇ ਕੰਮਾਂ ਦੀ ਜਾਂਚ ਕਰਨ ਦੀ ਮਦਦ ਨਾਲ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਿਵੇਂ ਬਣਾ ਸਕਦੇ ਹਾਂ?

• ਮੂਸਾ ਅਤੇ ਅਬਰਾਹਾਮ ਨਾਲ ਹੋਈ ਯਹੋਵਾਹ ਦੀ ਗੱਲਬਾਤ ਤੋਂ ਅਸੀਂ ਕੀ ਸਿੱਖਦੇ ਹਾਂ?

[ਸਵਾਲ]

[ਸਫ਼ਾ 5 ਉੱਤੇ ਤਸਵੀਰਾਂ]

ਮੂਸਾ ਅਤੇ ਅਬਰਾਹਾਮ ਨਾਲ ਜਿਸ ਤਰੀਕੇ ਨਾਲ ਯਹੋਵਾਹ ਪੇਸ਼ ਆਇਆ, ਉਸ ਤੋਂ ਅਸੀਂ ਉਸ ਦੀ ਸੋਚ ਬਾਰੇ ਕੀ ਸਿੱਖਦੇ ਹਾਂ?