Skip to content

Skip to table of contents

ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ

ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ

ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ

“ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.

1, 2. ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ ਅਤੇ ਇਹ ਕਿਸ ਉੱਤੇ ਆਧਾਰਿਤ ਹੈ?

‘ਪਹਿਲਾਂ ਉਹ ਦੇ ਰਾਜ ਨੂੰ ਭਾਲੋ।’ (ਮੱਤੀ 6:33) ਪਹਾੜ ਉੱਤੇ ਦਿੱਤੇ ਯਿਸੂ ਦੇ ਉਪਦੇਸ਼ ਵਿਚਲੀ ਇਸ ਸਲਾਹ ਨੂੰ ਅੱਜ ਯਹੋਵਾਹ ਦੇ ਗਵਾਹ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਰਾਜ ਜਾਂ ਸਰਕਾਰ ਸਾਨੂੰ ਬਹੁਤ ਚੰਗੀ ਲੱਗਦੀ ਹੈ ਅਤੇ ਅਸੀਂ ਇਸ ਪ੍ਰਤਿ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਪਰ ਸਾਨੂੰ “ਉਹ ਦੇ ਧਰਮ” ਲਫ਼ਜ਼ਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ ਅਤੇ ਇਸ ਨੂੰ ਪਹਿਲਾਂ ਭਾਲਣ ਦਾ ਕੀ ਮਤਲਬ ਹੈ?

2 “ਧਰਮ” ਲਈ ਵਰਤੇ ਮੂਲ ਸ਼ਬਦਾਂ ਨੂੰ “ਨਿਆਂ” ਜਾਂ “ਖਰਾ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਇਸ ਲਈ ਪਰਮੇਸ਼ੁਰ ਦਾ ਧਰਮ ਜਾਂ ਧਾਰਮਿਕਤਾ ਉਸ ਦੇ ਮਿਆਰਾਂ ਅਤੇ ਕਦਰਾਂ-ਕੀਮਤਾਂ ਮੁਤਾਬਕ ਖਰੀ ਹੈ। ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਨੂੰ ਚੰਗੇ-ਬੁਰੇ ਅਤੇ ਸਹੀ-ਗ਼ਲਤ ਬਾਰੇ ਮਿਆਰ ਕਾਇਮ ਕਰਨ ਦਾ ਹੱਕ ਹੈ। (ਪਰ. 4:11) ਪਰਮੇਸ਼ੁਰ ਦੀ ਧਾਰਮਿਕਤਾ ਉਸ ਦੇ ਨਿਯਮਾਂ ਜਾਂ ਉਸ ਦੇ ਕਾਨੂੰਨਾਂ ਦੀ ਇਕ ਲੰਬੀ-ਚੌੜੀ ਲਿਸਟ ਨਹੀਂ ਹੈ ਜਿਸ ਦੀ ਸਾਨੂੰ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਦੀ ਬਜਾਇ, ਯਹੋਵਾਹ ਦੀ ਧਾਰਮਿਕਤਾ ਉਸ ਦੀ ਸ਼ਖ਼ਸੀਅਤ ਅਤੇ ਨਿਆਂ ਉੱਤੇ ਆਧਾਰਿਤ ਹੈ ਜਿਸ ਤੋਂ ਉਸ ਦਾ ਪਿਆਰ, ਬੁੱਧ ਅਤੇ ਤਾਕਤ ਝਲਕਦੀ ਹੈ। ਤਾਂ ਫਿਰ ਪਰਮੇਸ਼ੁਰ ਦੀ ਧਾਰਮਿਕਤਾ ਦਾ ਸੰਬੰਧ ਉਸ ਦੀ ਇੱਛਾ ਅਤੇ ਮਕਸਦ ਨਾਲ ਹੈ। ਇਸ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਉਨ੍ਹਾਂ ਤੋਂ ਕੀ ਚਾਹੁੰਦਾ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ।

3. (ੳ) ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣ ਦਾ ਕੀ ਮਤਲਬ ਹੈ? (ਅ) ਅਸੀਂ ਯਹੋਵਾਹ ਦੇ ਖਰੇ ਅਸੂਲਾਂ ਉੱਤੇ ਕਿਉਂ ਚੱਲਦੇ ਹਾਂ?

3 ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣ ਦਾ ਕੀ ਮਤਲਬ ਹੈ? ਸਰਲ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਪਰਮੇਸ਼ੁਰ ਨੂੰ ਖੁਸ਼ ਕਰਨ ਲਈ ਉਸ ਦੀ ਮਰਜ਼ੀ ਪੂਰੀ ਕਰਨੀ। ਉਹ ਦੀ ਧਾਰਮਿਕਤਾ ਨੂੰ ਭਾਲਣ ਵਿਚ ਸ਼ਾਮਲ ਹੈ ਕਿ ਸਾਨੂੰ ਆਪਣੇ ਮਿਆਰਾਂ ਦੀ ਬਜਾਇ ਪਰਮੇਸ਼ੁਰ ਦੀਆਂ ਕਦਰਾਂ-ਕੀਮਤਾਂ ਅਤੇ ਉਸ ਦੇ ਮੁਕੰਮਲ ਮਿਆਰਾਂ ਅਨੁਸਾਰ ਜੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਰੋਮੀਆਂ 12:2 ਪੜ੍ਹੋ।) ਇਸ ਤਰ੍ਹਾਂ ਦੀ ਜ਼ਿੰਦਗੀ ਜੀਣ ਨਾਲ ਅਸੀਂ ਯਹੋਵਾਹ ਨਾਲ ਰਿਸ਼ਤਾ ਕਾਇਮ ਕਰ ਸਕਾਂਗੇ। ਪਰ ਅਸੀਂ ਸਜ਼ਾ ਤੋਂ ਡਰਦੇ ਮਾਰੇ ਉਸ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਆਪਣੇ ਅਸੂਲ ਬਣਾਉਣ ਦੀ ਬਜਾਇ, ਉਸ ਦੇ ਅਸੂਲਾਂ ਉੱਤੇ ਚੱਲ ਕੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਇੱਦਾਂ ਕਰਨਾ ਸਹੀ ਹੈ ਤੇ ਸਾਨੂੰ ਇਸੇ ਤਰ੍ਹਾਂ ਕਰਨ ਲਈ ਬਣਾਇਆ ਗਿਆ ਸੀ। ਪਰਮੇਸ਼ੁਰ ਦੇ ਰਾਜ ਦੇ ਰਾਜੇ ਯਿਸੂ ਮਸੀਹ ਦੀ ਤਰ੍ਹਾਂ ਸਾਨੂੰ ਧਾਰਮਿਕਤਾ ਨਾਲ ਪਿਆਰ ਕਰਨਾ ਚਾਹੀਦਾ ਹੈ।—ਇਬ. 1:8, 9.

4. ਯਹੋਵਾਹ ਦੀ ਧਾਰਮਿਕਤਾ ਨੂੰ ਭਾਲਣਾ ਇੰਨਾ ਜ਼ਰੂਰੀ ਕਿਉਂ ਹੈ?

4 ਯਹੋਵਾਹ ਦੀ ਧਾਰਮਿਕਤਾ ਨੂੰ ਭਾਲਣਾ ਕਿੰਨਾ ਕੁ ਜ਼ਰੂਰੀ ਹੈ? ਇਸ ਗੱਲ ’ਤੇ ਧਿਆਨ ਦਿਓ: ਅਦਨ ਦੇ ਬਾਗ਼ ਵਿਚ ਹੋਇਆ ਪਹਿਲਾ ਇਮਤਿਹਾਨ ਇਸ ਗੱਲ ’ਤੇ ਆਧਾਰਿਤ ਸੀ ਕਿ ਆਦਮ ਅਤੇ ਹੱਵਾਹ ਯਹੋਵਾਹ ਦੇ ਅਸੂਲ ਬਣਾਉਣ ਦੇ ਹੱਕ ਨੂੰ ਮੰਨਣਗੇ ਜਾਂ ਨਹੀਂ। (ਉਤ. 2:17; 3:5) ਉਨ੍ਹਾਂ ਨੇ ਇਸ ਹੱਕ ਨੂੰ ਸਵੀਕਾਰਿਆ ਨਹੀਂ, ਇਸ ਲਈ ਉਨ੍ਹਾਂ ਦੀ ਔਲਾਦ ਹੋਣ ਕਰਕੇ ਸਾਡੇ ਉੱਤੇ ਦੁੱਖ ਅਤੇ ਮੌਤ ਆਉਣ ਲੱਗ ਪਈ। (ਰੋਮੀ. 5:12) ਦੂਜੇ ਪਾਸੇ ਪਰਮੇਸ਼ੁਰ ਦਾ ਬਚਨ ਦੱਸਦਾ ਹੈ: ‘ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।’ (ਕਹਾ. 21:21) ਜੀ ਹਾਂ, ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣ ਨਾਲ ਸਾਡਾ ਉਸ ਨਾਲ ਰਿਸ਼ਤਾ ਜੁੜਦਾ ਹੈ ਜਿਸ ਸਦਕਾ ਭਵਿੱਖ ਵਿਚ ਸਾਡਾ ਬਚਾਅ ਹੋ ਸਕਦਾ ਹੈ।—ਰੋਮੀ. 3:23, 24.

ਆਪਣੇ ਆਪ ਨੂੰ ਧਰਮੀ ਸਮਝਣ ਦਾ ਖ਼ਤਰਾ

5. ਸਾਨੂੰ ਕਿਸ ਖ਼ਤਰੇ ਤੋਂ ਦੂਰ ਰਹਿਣ ਦੀ ਲੋੜ ਹੈ?

5 ਜੇ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਭਾਲਦੇ ਰਹਿਣਾ ਹੈ, ਤਾਂ ਸਾਨੂੰ ਸਾਰਿਆਂ ਨੂੰ ਇਕ ਖ਼ਤਰੇ ਤੋਂ ਦੂਰ ਰਹਿਣ ਦੀ ਲੋੜ ਹੈ ਜਿਸ ਬਾਰੇ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ ਸੀ। ਯਹੂਦੀਆਂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: ‘ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ। ਕਿਉਂ ਜੋ ਪਰਮੇਸ਼ੁਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ੁਰ ਦੇ ਧਰਮ ਦੇ ਅਧੀਨ ਨਾ ਹੋਏ।’ (ਰੋਮੀ. 10:2, 3) ਪੌਲੁਸ ਅਨੁਸਾਰ ਇਹ ਲੋਕ ਆਪਣੇ ਆਪ ਨੂੰ ਧਰਮੀ ਠਹਿਰਾਉਣ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਹ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਸਮਝ ਹੀ ਨਹੀਂ ਸਕੇ।

6. ਸਾਨੂੰ ਕਿਸ ਤਰ੍ਹਾਂ ਦੇ ਰਵੱਈਏ ਤੋਂ ਬਚਣਾ ਚਾਹੀਦਾ ਹੈ ਅਤੇ ਕਿਉਂ?

6 ਅਸੀਂ ਇਸ ਫੰਦੇ ਵਿਚ ਫਸ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਮੁਕਾਬਲੇਬਾਜ਼ੀ ਸਮਝਦਿਆਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ। ਇਸ ਰਵੱਈਏ ਕਾਰਨ ਅਸੀਂ ਆਪਣੀਆਂ ਕਾਬਲੀਅਤਾਂ ਉੱਤੇ ਜ਼ਿਆਦਾ ਭਰੋਸਾ ਕਰਨ ਲੱਗ ਪਵਾਂਗੇ। ਪਰ ਜੇ ਅਸੀਂ ਇੱਦਾਂ ਕਰਨ ਲੱਗ ਪਈਏ, ਤਾਂ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਭੁੱਲ ਰਹੇ ਹੋਵਾਂਗੇ। (ਗਲਾ. 6:3, 4) ਅਸੀਂ ਸਹੀ ਕੰਮ ਇਸ ਲਈ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਪਰ ਜੇ ਅਸੀਂ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਨੂੰ ਪਿਆਰ ਕਰਨ ਦਾ ਸਾਡਾ ਦਾਅਵਾ ਝੂਠਾ ਹੋਵੇਗਾ।—ਲੂਕਾ 16:15 ਪੜ੍ਹੋ।

7. ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਸਮੱਸਿਆ ਨੂੰ ਸੁਲਝਾਉਣ ਲਈ ਯਿਸੂ ਨੇ ਕੀ ਕੀਤਾ?

7 ਯਿਸੂ ਨੂੰ ਉਨ੍ਹਾਂ ਦਾ ਫ਼ਿਕਰ ਸੀ “ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ।” ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਸਮੱਸਿਆ ਨੂੰ ਸੁਲਝਾਉਣ ਲਈ ਯਿਸੂ ਨੇ ਇਹ ਦ੍ਰਿਸ਼ਟਾਂਤ ਦਿੱਤਾ: “ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ। ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੇ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ! ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”—ਲੂਕਾ 18:9-14.

“ਵਧੀਕ ਧਰਮੀ” ਬਣਨ ਦਾ ਇਕ ਹੋਰ ਖ਼ਤਰਾ

8, 9. “ਵਧੀਕ ਧਰਮੀ” ਬਣਨ ਦਾ ਕੀ ਮਤਲਬ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਕੀ ਕਰਨ ਲੱਗ ਪਵਾਂਗੇ?

8 ਇਕ ਹੋਰ ਖ਼ਤਰੇ ਤੋਂ ਸਾਨੂੰ ਦੂਰ ਰਹਿਣ ਦੀ ਲੋੜ ਹੈ ਜਿਸ ਬਾਰੇ ਉਪਦੇਸ਼ਕ ਦੀ ਪੋਥੀ 7:16 ਵਿਚ ਦੱਸਿਆ ਹੈ: ‘ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?’ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਬਾਈਬਲ ਦਾ ਲਿਖਾਰੀ 20ਵੀਂ ਆਇਤ ਵਿਚ ਇਸ ਰਵੱਈਏ ਤੋਂ ਦੂਰ ਰਹਿਣ ਦਾ ਕਾਰਨ ਦੱਸਦਾ ਹੈ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” ਜਿਹੜਾ ਬੰਦਾ “ਵਧੀਕ ਧਰਮੀ” ਬਣਦਾ ਹੈ, ਉਹ ਸਹੀ-ਗ਼ਲਤ ਬਾਰੇ ਆਪਣੇ ਮਿਆਰ ਤੈਅ ਕਰਦਾ ਹੈ ਅਤੇ ਉਨ੍ਹਾਂ ਮੁਤਾਬਕ ਦੂਜਿਆਂ ਨੂੰ ਪਰਖਦਾ ਹੈ। ਪਰ ਉਹ ਇਹ ਸਮਝਣ ਵਿਚ ਨਾਕਾਮ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਕਰ ਕੇ ਉਹ ਪਰਮੇਸ਼ੁਰ ਦੇ ਅਸੂਲਾਂ ਨਾਲੋਂ ਆਪਣੇ ਮਿਆਰਾਂ ਨੂੰ ਉੱਚਾ ਕਰ ਰਿਹਾ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਕੁਧਰਮੀ ਠਹਿਰਾ ਰਿਹਾ ਹੈ।

9 “ਵਧੀਕ ਧਰਮੀ” ਬਣਨ ਜਾਂ ਜਿਵੇਂ ਕੁਝ ਬਾਈਬਲ ਅਨੁਵਾਦਾਂ ਵਿਚ ਕਿਹਾ ਗਿਆ ਹੈ ਕਿ “ਬਹੁਤ ਭਲਾ” ਬਣਨ ਨਾਲ ਅਸੀਂ ਸ਼ੱਕ ਕਰਨ ਲੱਗ ਪਵਾਂਗੇ ਕਿ ਯਹੋਵਾਹ ਨੂੰ ਸਹੀ ਤਰੀਕੇ ਨਾਲ ਮਾਮਲੇ ਸੁਲਝਾਉਣੇ ਨਹੀਂ ਆਉਂਦੇ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਜੇ ਅਸੀਂ ਯਹੋਵਾਹ ਦੇ ਫ਼ੈਸਲਿਆਂ ਉੱਤੇ ਸ਼ੱਕ ਕਰਨ ਲੱਗ ਪਈਏ ਕਿ ਇਹ ਸਹੀ ਸਨ ਜਾਂ ਨਹੀਂ, ਤਾਂ ਅਸਲ ਵਿਚ ਅਸੀਂ ਆਪਣੇ ਬਣਾਏ ਹੋਏ ਧਰਮੀ ਮਿਆਰਾਂ ਨੂੰ ਯਹੋਵਾਹ ਦੇ ਧਾਰਮਿਕ ਮਿਆਰਾਂ ਤੋਂ ਉੱਚੇ ਕਰਦੇ ਹੋਵਾਂਗੇ। ਇਹ ਇੱਦਾਂ ਹੋਵੇਗਾ ਜਿਵੇਂ ਅਸੀਂ ਯਹੋਵਾਹ ਨੂੰ ਅਦਾਲਤ ਵਿਚ ਖੜ੍ਹਾ ਕਰ ਕੇ ਉਸ ਦਾ ਆਪਣੇ ਬਣਾਏ ਹੋਏ ਸਹੀ ਤੇ ਗ਼ਲਤ ਅਸੂਲਾਂ ਮੁਤਾਬਕ ਨਿਆਂ ਕਰ ਰਹੇ ਹੋਈਏ। ਪਰ ਸਹੀ-ਗ਼ਲਤ ਬਾਰੇ ਮਿਆਰ ਕਾਇਮ ਕਰਨ ਦਾ ਹੱਕ ਯਹੋਵਾਹ ਹੀ ਰੱਖਦਾ ਹੈ, ਅਸੀਂ ਨਹੀਂ!—ਰੋਮੀ. 14:10.

10. ਅੱਯੂਬ ਵਾਂਗ ਅਸੀਂ ਸ਼ਾਇਦ ਕਿਵੇਂ ਪਰਮੇਸ਼ੁਰ ਨੂੰ ਗ਼ਲਤ ਕਹਿ ਸਕਦੇ ਹਾਂ?

10 ਸਾਡੇ ਵਿੱਚੋਂ ਕੋਈ ਵੀ ਜਾਣ-ਬੁੱਝ ਕੇ ਪਰਮੇਸ਼ੁਰ ਨੂੰ ਗ਼ਲਤ ਨਹੀਂ ਕਹੇਗਾ, ਪਰ ਸਾਡਾ ਪਾਪੀ ਸੁਭਾਅ ਸਾਡੇ ਤੋਂ ਇਸ ਤਰ੍ਹਾਂ ਕਰਾ ਸਕਦਾ ਹੈ। ਇਹ ਸੌਖਿਆਂ ਹੀ ਹੋ ਸਕਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਗੱਲ ਜਾਂ ਕੰਮ ਸਹੀ ਨਹੀਂ ਹੈ ਜਾਂ ਜਦੋਂ ਸਾਡੇ ’ਤੇ ਦੁੱਖ ਆਉਂਦੇ ਹਨ। ਵਫ਼ਾਦਾਰ ਆਦਮੀ ਅੱਯੂਬ ਨੇ ਵੀ ਇਹ ਗ਼ਲਤੀ ਕੀਤੀ ਸੀ। ਅੱਯੂਬ ਬਾਰੇ ਪਹਿਲਾਂ-ਪਹਿਲਾਂ ਕਿਹਾ ਗਿਆ ਸੀ ਕਿ ਉਹ “ਇੱਕ ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ।” (ਅੱਯੂ. 1:1) ਪਰ ਫਿਰ ਅੱਯੂਬ ਉੱਤੇ ਇਕ-ਇਕ ਕਰਕੇ ਕਈ ਦੁੱਖ ਆਏ ਜੋ ਉਸ ਦੇ ਭਾਣੇ ਸਹੀ ਨਹੀਂ ਸੀ। ਇਸ ਕਾਰਨ ਅੱਯੂਬ ਨੇ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ।” (ਅੱਯੂ. 32:1, 2) ਅੱਯੂਬ ਨੂੰ ਆਪਣਾ ਨਜ਼ਰੀਆ ਸੁਧਾਰਨ ਦੀ ਲੋੜ ਸੀ। ਸੋ ਜੇ ਕਦੇ ਸਾਡੀ ਹਾਲਤ ਉਸ ਵਰਗੀ ਹੋ ਗਈ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਅਜਿਹੀ ਹਾਲਤ ਵਿਚ ਅਸੀਂ ਕਿਹੜੀ ਗੱਲ ਦੀ ਮਦਦ ਨਾਲ ਆਪਣੀ ਸੋਚ ਸੁਧਾਰ ਸਕਦੇ ਹਾਂ?

ਸਾਨੂੰ ਹਮੇਸ਼ਾ ਸਾਰਾ ਕੁਝ ਪਤਾ ਨਹੀਂ ਹੁੰਦਾ

11, 12. (ੳ) ਜੇ ਸਾਨੂੰ ਲੱਗਦਾ ਹੈ ਕਿ ਕੋਈ ਗੱਲ ਸਹੀ ਨਹੀਂ ਹੈ, ਤਾਂ ਸਾਨੂੰ ਕੀ ਯਾਦ ਰੱਖਣ ਦੀ ਲੋੜ ਹੈ? (ਅ) ਕਿਸੇ ਨੂੰ ਸ਼ਾਇਦ ਕਿਉਂ ਲੱਗੇ ਕਿ ਬਾਗ਼ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਕੁਝ ਸਹੀ ਨਹੀਂ ਹੈ?

11 ਪਹਿਲੀ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਾਨੂੰ ਹਮੇਸ਼ਾ ਸਾਰਾ ਕੁਝ ਪਤਾ ਨਹੀਂ ਹੁੰਦਾ। ਅੱਯੂਬ ਨਾਲ ਇਸੇ ਤਰ੍ਹਾਂ ਹੋਇਆ ਸੀ। ਉਸ ਨੂੰ ਨਹੀਂ ਸੀ ਪਤਾ ਕਿ ਸਵਰਗ ਵਿਚ ਪਰਮੇਸ਼ੁਰ ਦੇ ਪੁੱਤਰ ਇਕੱਠੇ ਹੋਏ ਸਨ ਜਿੱਥੇ ਸ਼ਤਾਨ ਨੇ ਉਸ ਉੱਤੇ ਝੂਠਾ ਇਲਜ਼ਾਮ ਲਾਇਆ ਸੀ। (ਅੱਯੂ. 1:7-12; 2:1-6) ਅੱਯੂਬ ਨਹੀਂ ਸੀ ਜਾਣਦਾ ਕਿ ਉਸ ਦੀਆਂ ਸਮੱਸਿਆਵਾਂ ਦੀ ਜੜ੍ਹ ਸ਼ਤਾਨ ਸੀ। ਦਰਅਸਲ ਅਸੀਂ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਅੱਯੂਬ ਨੂੰ ਚੰਗੀ ਤਰ੍ਹਾਂ ਪਤਾ ਸੀ ਜਾਂ ਨਹੀਂ ਕਿ ਸ਼ਤਾਨ ਅਸਲ ਵਿਚ ਕੌਣ ਸੀ! ਇਸ ਲਈ ਉਸ ਨੇ ਗ਼ਲਤੀ ਨਾਲ ਸੋਚ ਲਿਆ ਕਿ ਪਰਮੇਸ਼ੁਰ ਨੇ ਉਸ ਉੱਤੇ ਦੁੱਖ ਲਿਆਂਦੇ ਸਨ। ਹਾਂ, ਜਦੋਂ ਸਾਨੂੰ ਸਾਰੀ ਗੱਲ ਦਾ ਪਤਾ ਨਹੀਂ ਹੁੰਦਾ, ਤਾਂ ਅਸੀਂ ਸੌਖਿਆਂ ਹੀ ਗ਼ਲਤ ਸਿੱਟਾ ਕੱਢ ਸਕਦੇ ਹਾਂ।

12 ਮਿਸਾਲ ਲਈ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਮਜ਼ਦੂਰਾਂ ਬਾਰੇ ਸੋਚੋ ਜਿਨ੍ਹਾਂ ਨੇ ਬਾਗ਼ ਵਿਚ ਕੰਮ ਕੀਤਾ ਸੀ। (ਮੱਤੀ 20:8-16 ਪੜ੍ਹੋ।) ਯਿਸੂ ਦੱਸਦਾ ਹੈ ਕਿ ਇਕ ਮਾਲਕ ਨੇ ਆਪਣੇ ਸਾਰੇ ਮਜ਼ਦੂਰਾਂ ਨੂੰ ਇੱਕੋ ਜਿੰਨੇ ਪੈਸੇ ਦਿੱਤੇ, ਚਾਹੇ ਉਨ੍ਹਾਂ ਨੇ ਸਾਰਾ ਦਿਨ ਕੰਮ ਕੀਤਾ ਸੀ ਜਾਂ ਸਿਰਫ਼ ਇਕ ਘੰਟਾ। ਤੁਹਾਨੂੰ ਇਸ ਬਾਰੇ ਕਿਵੇਂ ਲੱਗਦਾ ਹੈ? ਕੀ ਇਹ ਤੁਹਾਨੂੰ ਸਹੀ ਲੱਗਦਾ ਹੈ? ਤੁਹਾਨੂੰ ਸ਼ਾਇਦ ਉਨ੍ਹਾਂ ਮਜ਼ਦੂਰਾਂ ’ਤੇ ਤਰਸ ਆਵੇ ਜਿਨ੍ਹਾਂ ਨੇ ਸਾਰਾ ਦਿਨ ਧੁੱਪੇ ਕੰਮ ਕੀਤਾ। ਉਨ੍ਹਾਂ ਨੂੰ ਜ਼ਿਆਦਾ ਪੈਸੇ ਮਿਲਣੇ ਚਾਹੀਦੇ ਸਨ! ਇਸ ਸਿੱਟੇ ’ਤੇ ਪਹੁੰਚਣ ਕਾਰਨ ਤੁਸੀਂ ਸ਼ਾਇਦ ਮਾਲਕ ਨੂੰ ਕਠੋਰ ਅਤੇ ਅਨਿਆਈ ਸਮਝੋ। ਉਸ ਨੇ ਸ਼ਿਕਾਇਤ ਕਰਨ ਵਾਲੇ ਮਜ਼ਦੂਰਾਂ ਨੂੰ ਜੋ ਜਵਾਬ ਦਿੱਤਾ ਸੀ, ਉਸ ਤੋਂ ਵੀ ਸ਼ਾਇਦ ਲੱਗੇ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਅਧਿਕਾਰ ਨੂੰ ਵਰਤਿਆ। ਪਰ ਕੀ ਸਾਨੂੰ ਸਾਰੀ ਗੱਲ ਦਾ ਪਤਾ ਹੈ?

13. ਬਾਗ਼ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਬਾਰੇ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਨੂੰ ਅਸੀਂ ਹੋਰ ਕਿਹੜੇ ਨਜ਼ਰੀਏ ਤੋਂ ਦੇਖ ਸਕਦੇ ਹਾਂ?

13 ਆਓ ਆਪਾਂ ਇਸ ਮਿਸਾਲ ਨੂੰ ਅਲੱਗ ਨਜ਼ਰੀਏ ਤੋਂ ਦੇਖੀਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦ੍ਰਿਸ਼ਟਾਂਤ ਵਿਚਲੇ ਮਾਲਕ ਨੂੰ ਪਤਾ ਸੀ ਕਿ ਇਨ੍ਹਾਂ ਸਾਰੇ ਆਦਮੀਆਂ ਨੇ ਆਪਣੇ ਪਰਿਵਾਰਾਂ ਦਾ ਪੇਟ ਪਾਲਣਾ ਸੀ। ਯਿਸੂ ਦੇ ਜ਼ਮਾਨੇ ਵਿਚ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਰੋਜ਼ ਦੀ ਦਿਹਾੜੀ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸ ਦਿਹਾੜੀ ਨਾਲ ਹੀ ਚੱਲਦਾ ਸੀ। ਇਹ ਗੱਲ ਧਿਆਨ ਵਿਚ ਰੱਖ ਕੇ ਉਨ੍ਹਾਂ ਦੀ ਹਾਲਤ ਬਾਰੇ ਸੋਚੋ ਜਿਨ੍ਹਾਂ ਨੂੰ ਮਾਲਕ ਸ਼ਾਮ ਨੂੰ ਮਿਲਿਆ ਜਿਸ ਕਰਕੇ ਉਹ ਇਕ ਹੀ ਘੰਟਾ ਕੰਮ ਕਰ ਪਾਏ। ਸ਼ਾਇਦ ਉਹ ਇਕ ਘੰਟੇ ਦੀ ਮਜ਼ਦੂਰੀ ਨਾਲ ਆਪਣੇ ਪਰਿਵਾਰ ਦਾ ਪੇਟ ਨਹੀਂ ਸੀ ਭਰ ਸਕਦੇ, ਫਿਰ ਵੀ ਉਹ ਕੰਮ ਕਰਨ ਲਈ ਤਿਆਰ ਸਨ ਅਤੇ ਉਨ੍ਹਾਂ ਨੇ ਸਾਰਾ ਦਿਨ ਉਡੀਕ ਕੀਤੀ ਕਿ ਕੋਈ ਉਨ੍ਹਾਂ ਨੂੰ ਕੰਮ ਦੇਵੇ। (ਮੱਤੀ 20:1-7) ਇਹ ਉਨ੍ਹਾਂ ਦਾ ਕਸੂਰ ਨਹੀਂ ਸੀ ਕਿ ਉਨ੍ਹਾਂ ਨੂੰ ਸਾਰਾ ਦਿਨ ਕੰਮ ਕਰਨ ਨੂੰ ਨਹੀਂ ਮਿਲਿਆ। ਇੱਦਾਂ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਜਾਣ-ਬੁੱਝ ਕੇ ਕੰਮ ਨਹੀਂ ਸੀ ਕਰਨਾ ਚਾਹੁੰਦੇ। ਕਲਪਨਾ ਕਰੋ ਕਿ ਜੇ ਤੁਹਾਨੂੰ ਸਾਰਾ ਦਿਨ ਉਡੀਕ ਕਰਨੀ ਪੈਂਦੀ ਅਤੇ ਉਸ ਦਿਨ ਮਿਲਣ ਵਾਲੇ ਪੈਸਿਆਂ ਉੱਤੇ ਤੁਹਾਡਾ ਪਰਿਵਾਰ ਨਿਰਭਰ ਕਰਦਾ ਹੁੰਦਾ। ਤੁਸੀਂ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਕਿ ਤੁਹਾਨੂੰ ਕੁਝ ਤਾਂ ਕੰਮ ਮਿਲਿਆ ਅਤੇ ਤੁਸੀਂ ਹੈਰਾਨ ਹੁੰਦੇ ਕਿ ਤੁਹਾਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਜੋਗੇ ਕਾਫ਼ੀ ਪੈਸੇ ਮਿਲ ਗਏ!

14. ਬਾਗ਼ ਦੇ ਦ੍ਰਿਸ਼ਟਾਂਤ ਤੋਂ ਅਸੀਂ ਕਿਹੜੀ ਚੰਗੀ ਗੱਲ ਸਿੱਖਦੇ ਹਾਂ?

14 ਆਓ ਆਪਾਂ ਦੁਬਾਰਾ ਗੌਰ ਕਰੀਏ ਜੋ ਕੁਝ ਮਾਲਕ ਨੇ ਕੀਤਾ ਸੀ। ਉਸ ਨੇ ਕਿਸੇ ਨੂੰ ਵੀ ਘੱਟ ਪੈਸੇ ਨਹੀਂ ਦਿੱਤੇ। ਉਸ ਨੇ ਸਾਰਿਆਂ ਨੂੰ ਬਰਾਬਰ ਮਜ਼ਦੂਰੀ ਦਿੱਤੀ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਨੂੰ ਕਮਾਈ ਕਰਨ ਦਾ ਹੱਕ ਹੈ। ਅਸੀਂ ਇੱਦਾਂ ਵੀ ਸੋਚ ਸਕਦੇ ਹਾਂ ਕਿ ਮੰਡੀ ਵਿਚ ਮਜ਼ਦੂਰਾਂ ਦੀ ਕੋਈ ਕਮੀ ਨਹੀਂ ਸੀ, ਇਸ ਲਈ ਮਾਲਕ ਮੌਕੇ ਦਾ ਫ਼ਾਇਦਾ ਉਠਾ ਕੇ ਮਜ਼ਦੂਰਾਂ ਨੂੰ ਘੱਟ ਪੈਸੇ ਦੇ ਕੇ ਕੰਮ ਕਰਾ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਸਾਰੇ ਮਜ਼ਦੂਰ ਉੱਨੇ ਪੈਸੇ ਲੈ ਕੇ ਘਰ ਵਾਪਸ ਗਏ ਜਿੰਨੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਲਈ ਕਾਫ਼ੀ ਸਨ। ਇਨ੍ਹਾਂ ਵਾਧੂ ਗੱਲਾਂ ਉੱਤੇ ਧਿਆਨ ਦੇਣ ਨਾਲ ਸਾਡਾ ਨਜ਼ਰੀਆ ਸ਼ਾਇਦ ਮਾਲਕ ਬਾਰੇ ਬਦਲ ਜਾਵੇ। ਉਸ ਨੇ ਚੰਗਾ ਫ਼ੈਸਲਾ ਕੀਤਾ ਸੀ ਅਤੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਨਹੀਂ ਕੀਤਾ। ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਕੁਝ ਹੀ ਗੱਲਾਂ ਉੱਤੇ ਧਿਆਨ ਦੇਣ ਨਾਲ ਅਸੀਂ ਗ਼ਲਤ ਸਿੱਟਾ ਕੱਢ ਸਕਦੇ ਹਾਂ। ਵਾਕਈ, ਇਸ ਦ੍ਰਿਸ਼ਟਾਂਤ ਤੋਂ ਜ਼ਾਹਰ ਹੁੰਦਾ ਹੈ ਕਿ ਸਹੀ-ਗ਼ਲਤ ਬਾਰੇ ਪਰਮੇਸ਼ੁਰ ਦੇ ਮਿਆਰ ਉੱਤਮ ਹਨ। ਇਹ ਮਨੁੱਖੀ ਕਾਨੂੰਨੀ ਨਿਯਮਾਂ ਉੱਤੇ ਆਧਾਰਿਤ ਨਹੀਂ ਹਨ ਕਿ ਇਨਸਾਨਾਂ ਨੂੰ ਕੀ ਮਿਲਣਾ ਚਾਹੀਦਾ ਹੈ ਤੇ ਕੀ ਨਹੀਂ।

ਸਾਡਾ ਨਜ਼ਰੀਆ ਗ਼ਲਤ ਜਾਂ ਸੀਮਿਤ ਹੋ ਸਕਦਾ ਹੈ

15. ਕੋਈ ਗੱਲ ਸਹੀ ਹੈ ਜਾਂ ਗ਼ਲਤ, ਇਸ ਬਾਰੇ ਸਾਡਾ ਨਜ਼ਰੀਆ ਗ਼ਲਤ ਜਾਂ ਸੀਮਿਤ ਕਿਉਂ ਹੋ ਸਕਦਾ ਹੈ?

15 ਜਦ ਸਾਨੂੰ ਕੋਈ ਗੱਲ ਸਹੀ ਨਹੀਂ ਲੱਗਦੀ, ਉਸ ਵੇਲੇ ਦੂਜੀ ਯਾਦ ਰੱਖਣ ਵਾਲੀ ਗੱਲ ਹੈ ਕਿ ਸਾਡਾ ਨਜ਼ਰੀਆ ਗ਼ਲਤ ਜਾਂ ਸੀਮਿਤ ਹੋ ਸਕਦਾ ਹੈ। ਸਾਡੀਆਂ ਕਮੀਆਂ-ਕਮਜ਼ੋਰੀਆਂ, ਪੱਖਪਾਤ ਜਾਂ ਸਭਿਆਚਾਰ ਕਰਕੇ ਸਾਡਾ ਨਜ਼ਰੀਆ ਗ਼ਲਤ ਹੋ ਸਕਦਾ ਹੈ। ਇਹ ਸੀਮਿਤ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਜਾਣ ਨਹੀਂ ਸਕਦੇ ਕਿ ਲੋਕਾਂ ਦੇ ਉਦੇਸ਼ ਕੀ ਹਨ ਅਤੇ ਉਨ੍ਹਾਂ ਦੇ ਦਿਲਾਂ ਵਿਚ ਕੀ ਹੈ। ਇਸ ਦੇ ਉਲਟ, ਯਹੋਵਾਹ ਅਤੇ ਯਿਸੂ ਵਿਚ ਇਹ ਕਮੀਆਂ ਨਹੀਂ ਹਨ।—ਕਹਾ. 24:12; ਮੱਤੀ 9:4; ਲੂਕਾ 5:22.

16, 17. ਜਦੋਂ ਦਾਊਦ ਨੇ ਬਥ-ਸ਼ਬਾ ਨਾਲ ਪਾਪ ਕੀਤਾ ਸੀ, ਉਸ ਵੇਲੇ ਯਹੋਵਾਹ ਨੇ ਸ਼ਾਇਦ ਹਰਾਮਕਾਰੀ ਬਾਰੇ ਆਪਣਾ ਕਾਨੂੰਨ ਉਨ੍ਹਾਂ ਉੱਤੇ ਕਿਉਂ ਨਹੀਂ ਠੋਸਿਆ?

16 ਆਓ ਆਪਾਂ ਬਥ-ਸ਼ਬਾ ਨਾਲ ਕੀਤੀ ਦਾਊਦ ਦੀ ਹਰਾਮਕਾਰੀ ਦੇ ਬਿਰਤਾਂਤ ਉੱਤੇ ਗੌਰ ਕਰੀਏ। (2 ਸਮੂ. 11:2-5) ਮੂਸਾ ਦੀ ਬਿਵਸਥਾ ਦੇ ਮੁਤਾਬਕ ਉਹ ਦੋਵੇਂ ਮੌਤ ਦੀ ਸਜ਼ਾ ਦੇ ਲਾਇਕ ਸਨ। (ਲੇਵੀ. 20:10; ਬਿਵ. 22:22) ਭਾਵੇਂ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ, ਪਰ ਉਸ ਨੇ ਆਪਣਾ ਕਾਨੂੰਨ ਉਨ੍ਹਾਂ ਉੱਤੇ ਠੋਸਿਆ ਨਹੀਂ। ਕੀ ਇਹ ਯਹੋਵਾਹ ਵਾਸਤੇ ਗ਼ਲਤ ਨਹੀਂ ਸੀ? ਕੀ ਉਸ ਨੇ ਦਾਊਦ ਦੀ ਤਰਫ਼ਦਾਰੀ ਕੀਤੀ ਸੀ ਅਤੇ ਆਪਣੇ ਹੀ ਧਰਮੀ ਮਿਆਰਾਂ ਦੀ ਉਲੰਘਣਾ ਕੀਤੀ? ਬਾਈਬਲ ਪੜ੍ਹਨ ਵਾਲੇ ਕੁਝ ਲੋਕਾਂ ਨੂੰ ਇਸੇ ਤਰ੍ਹਾਂ ਲੱਗਾ ਹੈ।

17 ਪਰ ਯਹੋਵਾਹ ਨੇ ਹਰਾਮਕਾਰੀ ਬਾਰੇ ਇਹ ਕਾਨੂੰਨ ਨਾਮੁਕੰਮਲ ਨਿਆਈਆਂ ਨੂੰ ਦਿੱਤਾ ਸੀ ਜੋ ਦਿਲਾਂ ਨੂੰ ਪੜ੍ਹ ਨਹੀਂ ਸਕਦੇ ਸਨ। ਆਪਣੀਆਂ ਕਮੀਆਂ ਦੇ ਬਾਵਜੂਦ, ਉਹ ਇਸ ਕਾਨੂੰਨ ਅਨੁਸਾਰ ਲੋਕਾਂ ਦਾ ਇੱਕੋ ਜਿਹਾ ਨਿਆਂ ਕਰਦੇ ਸਨ। ਦੂਜੇ ਪਾਸੇ, ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ। (ਉਤ. 18:25; 1 ਇਤ. 29:17) ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਨੂੰ ਵੀ ਉਸੇ ਕਾਨੂੰਨ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਸੀ ਜੋ ਉਸ ਨੇ ਨਾਮੁਕੰਮਲ ਨਿਆਈਆਂ ਨੂੰ ਦਿੱਤਾ ਸੀ। ਜੇ ਅਸੀਂ ਸੋਚਦੇ ਹਾਂ ਕਿ ਉਸ ਨੂੰ ਇਸ ਤਰ੍ਹਾਂ ਫ਼ੈਸਲਾ ਕਰਨਾ ਚਾਹੀਦਾ ਸੀ, ਤਾਂ ਕੀ ਇਹ ਇੱਦਾਂ ਨਹੀਂ ਹੋਵੇਗਾ ਕਿ ਅਸੀਂ ਉਸ ਵਿਅਕਤੀ ਨੂੰ ਐਨਕਾਂ ਲਾਉਣ ਲਈ ਮਜਬੂਰ ਕਰ ਰਹੇ ਹਾਂ ਜਿਸ ਦੀ ਨਿਗਾਹ ਬਿਲਕੁਲ ਠੀਕ ਹੈ, ਕਿਉਂਕਿ ਐਨਕਾਂ ਦੀ ਲੋੜ ਤਾਂ ਕਮਜ਼ੋਰ ਨਿਗਾਹ ਵਾਲਿਆਂ ਨੂੰ ਹੁੰਦੀ ਹੈ ਤਾਂਕਿ ਉਹ ਚੰਗੀ ਤਰ੍ਹਾਂ ਦੇਖ ਸਕਣ? ਯਹੋਵਾਹ ਦਾਊਦ ਅਤੇ ਬਥ-ਸ਼ਬਾ ਦੇ ਦਿਲਾਂ ਨੂੰ ਪੜ੍ਹ ਸਕਦਾ ਸੀ ਕਿ ਉਨ੍ਹਾਂ ਨੇ ਦਿਲੋਂ ਤੋਬਾ ਕੀਤੀ ਸੀ। ਇਹ ਗੱਲ ਧਿਆਨ ਵਿਚ ਰੱਖਦਿਆਂ ਯਹੋਵਾਹ ਨੇ ਦਇਆ ਅਤੇ ਪਿਆਰ ਨਾਲ ਉਨ੍ਹਾਂ ਦਾ ਨਿਆਂ ਕੀਤਾ।

ਯਹੋਵਾਹ ਦੀ ਧਾਰਮਿਕਤਾ ਭਾਲਦੇ ਰਹੋ

18, 19. ਕਿਹੜੀ ਗੱਲ ਦੀ ਮਦਦ ਨਾਲ ਅਸੀਂ ਕਦੇ ਵੀ ਸਹੀ-ਗ਼ਲਤ ਬਾਰੇ ਆਪਣੇ ਅਸੂਲਾਂ ਮੁਤਾਬਕ ਯਹੋਵਾਹ ਬਾਰੇ ਕੋਈ ਰਾਇ ਕਾਇਮ ਨਹੀਂ ਕਰਾਂਗੇ?

18 ਜੇ ਬਾਈਬਲ ਦੇ ਕਿਸੇ ਬਿਰਤਾਂਤ ਵਿਚ ਕੁਝ ਪੜ੍ਹਨ ਜਾਂ ਸਾਡੀ ਜ਼ਿੰਦਗੀ ਵਿਚ ਕੁਝ ਹੋਣ ਕਾਰਨ ਸਾਨੂੰ ਕਦੇ-ਕਦੇ ਲੱਗਦਾ ਹੈ ਕਿ ਯਹੋਵਾਹ ਨੇ ਚੰਗਾ ਨਹੀਂ ਕੀਤਾ, ਤਾਂ ਆਓ ਆਪਾਂ ਕਦੇ ਵੀ ਸਹੀ-ਗ਼ਲਤ ਬਾਰੇ ਆਪਣੇ ਮਿਆਰਾਂ ਅਨੁਸਾਰ ਪਰਮੇਸ਼ੁਰ ਬਾਰੇ ਕੋਈ ਗ਼ਲਤ ਰਾਇ ਕਾਇਮ ਨਾ ਕਰੀਏ। ਯਾਦ ਰੱਖੋ ਕਿ ਸਾਨੂੰ ਹਮੇਸ਼ਾ ਸਾਰੀ ਗੱਲ ਦਾ ਪਤਾ ਨਹੀਂ ਹੁੰਦਾ ਅਤੇ ਸਾਡਾ ਨਜ਼ਰੀਆ ਗ਼ਲਤ ਜਾਂ ਸੀਮਿਤ ਹੋ ਸਕਦਾ ਹੈ। ਕਦੇ ਨਾ ਭੁੱਲੋ ਕਿ “ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” (ਯਾਕੂ. 1:19, 20) ਇਸ ਤਰ੍ਹਾਂ ਸਾਡਾ ਦਿਲ ਕਦੇ ਵੀ ‘ਯਹੋਵਾਹ ਤੇ ਗੁੱਸੇ ਨਹੀਂ ਹੋਵੇਗਾ।’—ਕਹਾ. 19:3.

19 ਯਿਸੂ ਦੀ ਤਰ੍ਹਾਂ ਆਓ ਆਪਾਂ ਹਮੇਸ਼ਾ ਸਵੀਕਾਰ ਕਰੀਏ ਕਿ ਇਕੱਲੇ ਯਹੋਵਾਹ ਕੋਲ ਹੀ ਇਹ ਮਿਆਰ ਬਣਾਉਣ ਦਾ ਹੱਕ ਹੈ ਕਿ ਕੀ ਸਹੀ ਹੈ। (ਮਰ. 10:17, 18) ਉਸ ਦੇ ਅਸੂਲਾਂ ਨੂੰ ‘ਸਮਝਣ’ ਅਤੇ ਉਨ੍ਹਾਂ ਬਾਰੇ ਸੱਚਾ “ਗਿਆਨ” ਲੈਣ ਦੀ ਕੋਸ਼ਿਸ਼ ਕਰਦੇ ਰਹੋ। (ਰੋਮੀ. 10:2; 2 ਤਿਮੋ. 3:7) ਇਨ੍ਹਾਂ ਅਸੂਲਾਂ ਨੂੰ ਮੰਨਣ ਅਤੇ ਯਹੋਵਾਹ ਦੀ ਇੱਛਾ ਅਨੁਸਾਰ ਜੀਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ “ਉਹ ਦੇ ਧਰਮ” ਨੂੰ ਪਹਿਲਾਂ ਭਾਲ ਰਹੇ ਹਾਂ।—ਮੱਤੀ 6:33.

ਕੀ ਤੁਹਾਨੂੰ ਯਾਦ ਹੈ?

• ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਧਾਰਮਿਕਤਾ ਨੂੰ ਭਾਲੀਏ?

• ਸਾਨੂੰ ਕਿਹੜੇ ਦੋ ਖ਼ਤਰਿਆਂ ਤੋਂ ਦੂਰ ਰਹਿਣ ਦੀ ਲੋੜ ਹੈ?

• ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਲਾਂ ਕਿਵੇਂ ਭਾਲ ਸਕਦੇ ਹਾਂ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਮੰਦਰ ਵਿਚ ਦੁਆ ਕਰਨ ਵਾਲੇ ਦੋ ਆਦਮੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਿੱਖਦੇ ਹਾਂ?

[ਸਫ਼ਾ 10 ਉੱਤੇ ਤਸਵੀਰ]

ਕੀ 11ਵੇਂ ਘੰਟੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਉੱਨੀ ਮਜ਼ਦੂਰੀ ਦੇਣੀ ਗ਼ਲਤ ਸੀ ਜਿੰਨੀ ਸਾਰਾ ਦਿਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੀ ਸੀ?