Skip to content

Skip to table of contents

ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?

ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?

ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?

‘ਜਾਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਸੱਭੋ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ।’—1 ਕੁਰਿੰ. 14:26.

1. ਪਹਿਲੇ ਕੁਰਿੰਥੀਆਂ ਦੇ 14ਵੇਂ ਅਧਿਆਇ ਅਨੁਸਾਰ ਮੀਟਿੰਗਾਂ ਦਾ ਮੁੱਖ ਮਕਸਦ ਕੀ ਹੈ?

‘ਮੀਟਿੰਗ ਤੋਂ ਕਿੰਨਾ ਹੌਸਲਾ ਮਿਲਿਆ!’ ਕਿੰਗਡਮ ਹਾਲ ਵਿਚ ਮੀਟਿੰਗ ਤੋਂ ਬਾਅਦ ਕੀ ਤੁਸੀਂ ਵੀ ਇਹ ਲਫ਼ਜ਼ ਕਹੇ ਹਨ? ਜ਼ਰੂਰ ਕਹੇ ਹੋਣੇ! ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕਲੀਸਿਯਾ ਦੀਆਂ ਮੀਟਿੰਗਾਂ ਤੋਂ ਹੌਸਲਾ ਮਿਲਦਾ ਹੈ। ਮੁਢਲੇ ਮਸੀਹੀਆਂ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਮੀਟਿੰਗਾਂ ਦਾ ਮੁੱਖ ਮਕਸਦ ਸਾਰੇ ਹਾਜ਼ਰ ਲੋਕਾਂ ਦੀ ਨਿਹਚਾ ਮਜ਼ਬੂਤ ਕਰਨਾ ਹੈ। ਧਿਆਨ ਦਿਓ ਕਿ ਕੁਰਿੰਥੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਰਸੂਲ ਕਿਵੇਂ ਮਸੀਹੀ ਮੀਟਿੰਗਾਂ ਦੇ ਇਸ ਮਕਸਦ ਉੱਤੇ ਜ਼ੋਰ ਦਿੰਦਾ ਹੈ। 14ਵੇਂ ਅਧਿਆਇ ਵਿਚ ਵਾਰ-ਵਾਰ ਉਹ ਕਹਿੰਦਾ ਹੈ ਕਿ ਮੀਟਿੰਗਾਂ ਵਿਚ ਪੇਸ਼ ਕੀਤੇ ਜਾਂਦੇ ਹਰ ਭਾਗ ਦਾ ਇਹੋ ਮਕਸਦ ਹੋਣਾ ਚਾਹੀਦਾ ਹੈ। ਇਸ ਤੋਂ ‘ਕਲੀਸਿਯਾ ਨੂੰ ਲਾਭ’ ਯਾਨੀ ਉਤਸ਼ਾਹ ਮਿਲਣਾ ਚਾਹੀਦਾ ਹੈ।—1 ਕੁਰਿੰਥੀਆਂ 14:3, 12, 26 ਪੜ੍ਹੋ। *

2. (ੳ) ਕਿਸ ਕਾਰਨ ਸਾਡੀਆਂ ਮੀਟਿੰਗਾਂ ਉਤਸ਼ਾਹ ਭਰੀਆਂ ਹੁੰਦੀਆਂ ਹਨ? (ਅ) ਅਸੀਂ ਕਿਸ ਸਵਾਲ ਉੱਤੇ ਗੌਰ ਕਰਾਂਗੇ?

2 ਅਸੀਂ ਸਮਝਦੇ ਹਾਂ ਕਿ ਮੀਟਿੰਗਾਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਪ੍ਰਭਾਵ ਹੁੰਦਾ ਹੈ ਜਿਸ ਕਰਕੇ ਇਨ੍ਹਾਂ ਤੋਂ ਸਾਨੂੰ ਹੌਸਲਾ ਅਤੇ ਸਿੱਖਿਆ ਮਿਲਦੀ ਹੈ। ਇਸ ਲਈ ਅਸੀਂ ਹਰ ਮੀਟਿੰਗ ਨੂੰ ਸ਼ੁਰੂ ਕਰਨ ਲੱਗਿਆਂ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਉਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਡੀ ਮੀਟਿੰਗ ਉੱਤੇ ਬਰਕਤ ਪਾਵੇ। ਫਿਰ ਵੀ ਅਸੀਂ ਜਾਣਦੇ ਹਾਂ ਕਿ ਕਲੀਸਿਯਾ ਦੇ ਸਾਰੇ ਮੈਂਬਰ ਮੀਟਿੰਗ ਦੇ ਪ੍ਰੋਗ੍ਰਾਮ ਨੂੰ ਉਤਸ਼ਾਹ ਭਰਿਆ ਬਣਾਉਣ ਵਿਚ ਜਿੰਨਾ ਹੋ ਸਕੇ, ਯੋਗਦਾਨ ਪਾਉਣ। ਇਹ ਪੱਕਾ ਕਰਨ ਲਈ ਅਸੀਂ ਕਿਹੜੇ ਕੁਝ ਕਦਮ ਚੁੱਕ ਸਕਦੇ ਹਾਂ ਤਾਂਕਿ ਸਾਡੇ ਕਿੰਗਡਮ ਹਾਲ ਵਿਚ ਹਰ ਹਫ਼ਤੇ ਹੁੰਦੀਆਂ ਮੀਟਿੰਗਾਂ ਤੋਂ ਹਮੇਸ਼ਾ ਤਾਜ਼ਗੀ ਅਤੇ ਉਤਸ਼ਾਹ ਮਿਲੇ?

3. ਮਸੀਹੀ ਸਭਾਵਾਂ ਕਿੰਨੀਆਂ ਜ਼ਰੂਰੀ ਹਨ?

3 ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਆਪਣੀਆਂ ਮੀਟਿੰਗਾਂ ਦੇ ਕੁਝ ਪਹਿਲੂਆਂ ਦੀ ਜਾਂਚ ਕਰਾਂਗੇ ਜੋ ਮੀਟਿੰਗਾਂ ਚਲਾਉਣ ਵਾਲੇ ਭਰਾਵਾਂ ਨੂੰ ਧਿਆਨ ਵਿਚ ਰੱਖਣੇ ਚਾਹੀਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਪੂਰੀ ਕਲੀਸਿਯਾ ਸਾਰਿਆਂ ਵਾਸਤੇ ਮੀਟਿੰਗਾਂ ਨੂੰ ਉਤਸ਼ਾਹ ਭਰਿਆ ਬਣਾਉਣ ਵਿਚ ਕਿਵੇਂ ਯੋਗਦਾਨ ਪਾ ਸਕਦੀ ਹੈ। ਇਹ ਵਿਸ਼ਾ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਸਾਡੀਆਂ ਮੀਟਿੰਗਾਂ ਪਵਿੱਤਰ ਹਨ। ਵਾਕਈ, ਮੀਟਿੰਗਾਂ ਵਿਚ ਹਾਜ਼ਰ ਹੋਣਾ ਅਤੇ ਹਿੱਸਾ ਲੈਣਾ ਯਹੋਵਾਹ ਲਈ ਸਾਡੀ ਭਗਤੀ ਦਾ ਅਹਿਮ ਪਹਿਲੂ ਹੈ।—ਜ਼ਬੂ. 26:12; 111:1; ਯਸਾ. 66:22, 23.

ਬਾਈਬਲ ਦੇ ਅਧਿਐਨ ਲਈ ਮੀਟਿੰਗ

4, 5. ਪਹਿਰਾਬੁਰਜ ਅਧਿਐਨ ਕਰਨ ਦਾ ਕੀ ਮਕਸਦ ਹੈ?

4 ਅਸੀਂ ਸਾਰੇ ਹੀ ਹਰ ਹਫ਼ਤੇ ਪਹਿਰਾਬੁਰਜ ਅਧਿਐਨ ਤੋਂ ਲਾਭ ਉਠਾਉਣਾ ਚਾਹੁੰਦੇ ਹਾਂ। ਇਸ ਲਈ ਇਸ ਮੀਟਿੰਗ ਦੇ ਮੁੱਖ ਮਕਸਦ ਨੂੰ ਸਾਫ਼-ਸਾਫ਼ ਸਮਝਣ ਲਈ ਆਓ ਆਪਾਂ ਪਹਿਰਾਬੁਰਜ ਰਸਾਲੇ ਅਤੇ ਅਧਿਐਨ ਲੇਖਾਂ ਵਿਚ ਆਈਆਂ ਕੁਝ ਤਬਦੀਲੀਆਂ ਉੱਤੇ ਗੌਰ ਕਰੀਏ।

5ਪਹਿਰਾਬੁਰਜ, 15 ਜਨਵਰੀ 2008 ਦੇ ਪਹਿਲੇ ਅੰਕ ਤੋਂ ਇਸ ਦੇ ਮੁਹਰਲੇ ਸਫ਼ੇ ਉੱਤੇ ਇਕ ਮਹੱਤਵਪੂਰਣ ਤਬਦੀਲੀ ਕੀਤੀ ਗਈ ਸੀ। ਕੀ ਤੁਸੀਂ ਇਸ ਵੱਲ ਧਿਆਨ ਦਿੱਤਾ? ਜ਼ਰਾ ਆਪਣੇ ਹੱਥਾਂ ਵਿਚਲੇ ਰਸਾਲੇ ਦੇ ਮੁਹਰਲੇ ਸਫ਼ੇ ਉੱਤੇ ਨਿਗਾਹ ਮਾਰੋ। ਇਸ ਉੱਤੇ ਤੁਸੀਂ ਬੁਰਜ ਦੇ ਹੇਠਲੇ ਪਾਸੇ ਖੁੱਲ੍ਹੀ ਬਾਈਬਲ ਦੇਖੋਗੇ। ਇਸ ਨਵੀਂ ਤਬਦੀਲੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਹਿਰਾਬੁਰਜ ਅਧਿਐਨ ਕਿਉਂ ਕਰਦੇ ਹਾਂ। ਅਸੀਂ ਇਸ ਰਸਾਲੇ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਦੇ ਹਾਂ। ਹਾਂ, ਹਰ ਹਫ਼ਤੇ ਪਹਿਰਾਬੁਰਜ ਅਧਿਐਨ ਦੌਰਾਨ ਪਰਮੇਸ਼ੁਰ ਦਾ ਬਚਨ “ਬੜੀ ਸਫਾਈ ਨਾਲ ਪੜ੍ਹਿਆ” ਜਾਂਦਾ ਹੈ ਅਤੇ ਨਹਮਯਾਹ ਦੇ ਜ਼ਮਾਨੇ ਵਾਂਗ ਇਸ ਦੇ “ਅਰਥ” ਸਪੱਸ਼ਟ ਕੀਤੇ ਜਾਂਦੇ ਹਨ।—ਨਹ. 8:8; ਯਸਾ. 54:13.

6. (ੳ) ਪਹਿਰਾਬੁਰਜ ਅਧਿਐਨ ਵਿਚ ਕਿਹੜੀ ਤਬਦੀਲੀ ਕੀਤੀ ਗਈ ਸੀ? (ਅ) “ਪੜ੍ਹੋ” ਹਵਾਲਿਆਂ ਬਾਰੇ ਕੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ?

6 ਬਾਈਬਲ ਸਾਡੀ ਮੁੱਖ ਪਾਠ-ਪੁਸਤਕ ਹੈ, ਇਸ ਲਈ ਪਹਿਰਾਬੁਰਜ ਅਧਿਐਨ ਵਿਚ ਇਕ ਤਬਦੀਲੀ ਕੀਤੀ ਗਈ ਸੀ। ਲੇਖਾਂ ਵਿਚ ਦਿੱਤੇ ਗਏ ਕਈ ਹਵਾਲਿਆਂ ਦੇ ਨਾਲ ਲਿਖਿਆ ਹੈ “ਪੜ੍ਹੋ।” ਸਾਨੂੰ ਸਾਰਿਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਮੀਟਿੰਗ ਦੌਰਾਨ ਪੜ੍ਹੇ ਜਾਂਦੇ ਇਨ੍ਹਾਂ ਹਵਾਲਿਆਂ ਨੂੰ ਅਸੀਂ ਆਪਣੀ-ਆਪਣੀ ਬਾਈਬਲ ਵਿਚ ਦੇਖੀਏ। (ਰਸੂ. 17:11) ਕਿਉਂ? ਜਦੋਂ ਅਸੀਂ ਆਪਣੀ ਬਾਈਬਲ ਵਿਚ ਪਰਮੇਸ਼ੁਰ ਦੀ ਸਲਾਹ ਦੇਖਦੇ ਹਾਂ, ਤਾਂ ਸਾਡੇ ਉੱਤੇ ਇਸ ਦਾ ਜ਼ਿਆਦਾ ਅਸਰ ਪੈਂਦਾ ਹੈ। (ਇਬ. 4:12) ਇਸ ਲਈ ਮੀਟਿੰਗ ਚਲਾ ਰਹੇ ਭਰਾ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਵਾਲਿਆਂ ਨੂੰ ਉੱਚੀ ਆਵਾਜ਼ ਵਿਚ ਪੜ੍ਹੇ ਜਾਣ ਤੋਂ ਪਹਿਲਾਂ, ਉਹ ਸਾਰਿਆਂ ਨੂੰ ਹਵਾਲੇ ਦੇਖਣ ਲਈ ਕੁਝ ਸਮਾਂ ਦੇਵੇ ਤਾਂਕਿ ਉਹ ਆਇਤਾਂ ਪੜ੍ਹੇ ਜਾਣ ਵੇਲੇ ਇਨ੍ਹਾਂ ਨੂੰ ਦੇਖ ਸਕਣ।

ਆਪਣੀ ਨਿਹਚਾ ਜ਼ਾਹਰ ਕਰਨ ਲਈ ਜ਼ਿਆਦਾ ਸਮਾਂ

7. ਪਹਿਰਾਬੁਰਜ ਅਧਿਐਨ ਦੌਰਾਨ ਸਾਡੇ ਕੋਲ ਕਿਹੜਾ ਮੌਕਾ ਹੈ?

7ਪਹਿਰਾਬੁਰਜ ਅਧਿਐਨ ਲੇਖਾਂ ਦੀ ਲੰਬਾਈ ਸੰਬੰਧੀ ਵੀ ਇਕ ਤਬਦੀਲੀ ਆਈ ਹੈ। ਹਾਲ ਹੀ ਦੇ ਸਾਲਾਂ ਵਿਚ ਇਹ ਪਹਿਲਾਂ ਨਾਲੋਂ ਛੋਟੇ ਆਉਂਦੇ ਹਨ। ਇਸ ਤਰ੍ਹਾਂ, ਪਹਿਰਾਬੁਰਜ ਅਧਿਐਨ ਦੌਰਾਨ ਪੈਰੇ ਪੜ੍ਹਨ ਵਿਚ ਘੱਟ ਸਮਾਂ ਲਾਇਆ ਜਾਂਦਾ ਹੈ ਅਤੇ ਟਿੱਪਣੀਆਂ ਦੇਣ ਲਈ ਜ਼ਿਆਦਾ ਸਮਾਂ ਹੁੰਦਾ ਹੈ। ਹੁਣ ਕਲੀਸਿਯਾ ਵਿਚ ਜ਼ਿਆਦਾ ਭੈਣਾਂ-ਭਰਾਵਾਂ ਕੋਲ ਸਾਰਿਆਂ ਸਾਮ੍ਹਣੇ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਹੈ। ਉਹ ਦਿੱਤੇ ਗਏ ਸਵਾਲ ਦਾ ਜਵਾਬ ਦਿੰਦੇ ਹਨ, ਦੱਸਦੇ ਹਨ ਕਿ ਹਵਾਲਾ ਕਿਵੇਂ ਲਾਗੂ ਹੁੰਦਾ ਹੈ, ਛੋਟਾ ਜਿਹਾ ਤਜਰਬਾ ਦੇ ਕੇ ਸਮਝਾਉਂਦੇ ਹਨ ਕਿ ਬਾਈਬਲ ਦੇ ਅਸੂਲਾਂ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਹੈ ਜਾਂ ਫਿਰ ਉਹ ਕਿਸੇ ਹੋਰ ਤਰੀਕੇ ਨਾਲ ਜਵਾਬ ਦਿੰਦੇ ਹਨ। ਕੁਝ ਸਮਾਂ ਤਸਵੀਰਾਂ ਉੱਤੇ ਚਰਚਾ ਕਰਨ ਲਈ ਵੀ ਲਾਇਆ ਜਾਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 22:22; 35:18; 40:9 ਪੜ੍ਹੋ।

8, 9. ਪਹਿਰਾਬੁਰਜ ਅਧਿਐਨ ਚਲਾਉਣ ਵਾਲੇ ਭਰਾ ਦੀ ਕੀ ਭੂਮਿਕਾ ਹੈ?

8 ਪਰ ਵੰਨ-ਸੁਵੰਨੀਆਂ ਟਿੱਪਣੀਆਂ ਲਈ ਤਾਹੀਓਂ ਜ਼ਿਆਦਾ ਸਮਾਂ ਹੋਵੇਗਾ ਜੇ ਭੈਣ-ਭਰਾ ਛੋਟੀਆਂ-ਛੋਟੀਆਂ ਟਿੱਪਣੀਆਂ ਦੇਣ ਅਤੇ ਮੀਟਿੰਗ ਚਲਾਉਣ ਵਾਲਾ ਭਰਾ ਪਹਿਰਾਬੁਰਜ ਅਧਿਐਨ ਦੌਰਾਨ ਜ਼ਿਆਦਾ ਟਿੱਪਣੀਆਂ ਕਰਨ ਤੋਂ ਪਰਹੇਜ਼ ਕਰੇ। ਤਾਂ ਫਿਰ ਕਿਹੜੀ ਗੱਲ ਦੀ ਮਦਦ ਨਾਲ ਭਰਾ ਆਪਣੀਆਂ ਟਿੱਪਣੀਆਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਵਿਚ ਸੰਤੁਲਨ ਰੱਖ ਸਕਦਾ ਹੈ ਤਾਂਕਿ ਮੀਟਿੰਗ ਤੋਂ ਸਾਰਿਆਂ ਨੂੰ ਉਤਸ਼ਾਹ ਮਿਲੇ?

9 ਜਵਾਬ ਜਾਣਨ ਲਈ ਇਕ ਮਿਸਾਲ ਉੱਤੇ ਗੌਰ ਕਰੋ। ਚੰਗੀ ਤਰ੍ਹਾਂ ਚਲਾਇਆ ਜਾਂਦਾ ਪਹਿਰਾਬੁਰਜ ਅਧਿਐਨ ਫੁੱਲਾਂ ਦੇ ਗੁਲਦਸਤੇ ਵਾਂਗ ਹੈ ਜੋ ਦੇਖਣ ਨੂੰ ਸੋਹਣਾ ਲੱਗਦਾ ਹੈ। ਜਿਵੇਂ ਵੱਡਾ ਸਾਰਾ ਗੁਲਦਸਤਾ ਕਈ ਵੰਨ-ਸੁਵੰਨੇ ਫੁੱਲਾਂ ਦਾ ਬਣਿਆ ਹੁੰਦਾ ਹੈ, ਉਸੇ ਤਰ੍ਹਾਂ ਪਹਿਰਾਬੁਰਜ ਅਧਿਐਨ ਵਿਚ ਕਈ ਵੰਨ-ਸੁਵੰਨੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਜਿਵੇਂ ਗੁਲਦਸਤੇ ਵਿਚਲੇ ਇਕ-ਇਕ ਫੁੱਲ ਦਾ ਆਕਾਰ ਅਤੇ ਰੰਗ ਵੱਖੋ-ਵੱਖਰਾ ਹੁੰਦਾ ਹੈ, ਉਸੇ ਤਰ੍ਹਾਂ ਮੀਟਿੰਗ ਦੌਰਾਨ ਦਿੱਤੀਆਂ ਜਾਂਦੀਆਂ ਟਿੱਪਣੀਆਂ ਵੱਡੀਆਂ ਤੇ ਛੋਟੀਆਂ ਹੁੰਦੀਆਂ ਹਨ ਅਤੇ ਵੱਖੋ-ਵੱਖਰੇ ਢੰਗ ਨਾਲ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਅਧਿਐਨ ਚਲਾ ਰਹੇ ਭਰਾ ਦੀ ਕੀ ਭੂਮਿਕਾ ਹੈ? ਉਸ ਦੀਆਂ ਵਿਚ-ਵਿਚਾਲੇ ਕੀਤੀਆਂ ਟਿੱਪਣੀਆਂ ਉਨ੍ਹਾਂ ਕੁਝ ਹਰੇ ਪੱਤਿਆਂ ਦੀ ਤਰ੍ਹਾਂ ਹਨ ਜੋ ਗੁਲਦਸਤੇ ਵਿਚ ਬੜੇ ਧਿਆਨ ਨਾਲ ਸਜਾਏ ਜਾਂਦੇ ਹਨ। ਇਹ ਪੱਤੇ ਫੁੱਲਾਂ ਨਾਲੋਂ ਜ਼ਿਆਦਾ ਨਹੀਂ ਹੁੰਦੇ, ਸਗੋਂ ਇਨ੍ਹਾਂ ਨਾਲ ਗੁਲਦਸਤੇ ਦੇ ਆਕਾਰ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਗੁਲਦਸਤਾ ਖੂਬਸੂਰਤ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਭਰਾ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਉਹ ਆਪ ਜ਼ਿਆਦਾ ਟਿੱਪਣੀਆਂ ਨਹੀਂ ਕਰੇਗਾ, ਸਗੋਂ ਕਲੀਸਿਯਾ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਗੁਲਦਸਤੇ ਵਾਂਗ ਅੰਤਿਮ ਛੋਹ ਦੇਵੇਗਾ। ਹਾਂ, ਜਦੋਂ ਕਲੀਸਿਯਾ ਦੁਆਰਾ ਕੀਤੀਆਂ ਵੰਨ-ਸੁਵੰਨੀਆਂ ਟਿੱਪਣੀਆਂ ਦੇ ਨਾਲ-ਨਾਲ ਭਰਾ ਹੁਨਰ ਨਾਲ ਵਿਚ-ਵਿਚਾਲੇ ਕੁਝ ਢੁਕਵੀਆਂ ਟਿੱਪਣੀਆਂ ਕਰਦਾ ਹੈ, ਤਾਂ ਇਹ ਸ਼ਬਦਾਂ ਦਾ ਇਕ ਖੂਬਸੂਰਤ ਗੁਲਦਸਤਾ ਬਣ ਜਾਂਦੀਆਂ ਹਨ ਜੋ ਸਾਰਿਆਂ ਦੇ ਮਨ ਨੂੰ ਭਾਉਂਦੀਆਂ ਹਨ।

‘ਉਸਤਤ ਦਾ ਬਲੀਦਾਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ’

10. ਕਲੀਸਿਯਾ ਦੀਆਂ ਸਭਾਵਾਂ ਨੂੰ ਮੁਢਲੇ ਮਸੀਹੀ ਕਿਵੇਂ ਵਿਚਾਰਦੇ ਸਨ?

10 ਮਸੀਹੀ ਸਭਾਵਾਂ ਬਾਰੇ 1 ਕੁਰਿੰਥੀਆਂ 14:26-33 ਵਿਚ ਦਿੱਤੇ ਪੌਲੁਸ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਸਭਾਵਾਂ ਕਿਵੇਂ ਕੀਤੀਆਂ ਜਾਂਦੀਆ ਸਨ। ਇਨ੍ਹਾਂ ਆਇਤਾਂ ਉੱਤੇ ਟਿੱਪਣੀ ਕਰਦਿਆਂ ਇਕ ਬਾਈਬਲ ਵਿਦਵਾਨ ਲਿਖਦਾ ਹੈ: “ਧਿਆਨ ਦੇਣ ਯੋਗ ਗੱਲ ਇਹ ਰਹੀ ਹੋਵੇਗੀ ਕਿ ਮੁਢਲੀਆਂ ਮਸੀਹੀ ਸਭਾਵਾਂ ਵਿਚ ਲਗਭਗ ਹਰ ਕੋਈ ਇਹ ਸੋਚ ਕੇ ਆਉਂਦਾ ਸੀ ਕਿ ਸਭਾ ਵਿਚ ਕੁਝ ਯੋਗਦਾਨ ਪਾਉਣਾ ਉਸ ਦਾ ਸਨਮਾਨ ਅਤੇ ਫ਼ਰਜ਼ ਸੀ। ਕੋਈ ਵੀ ਸਿਰਫ਼ ਸੁਣਨ ਦੇ ਇਰਾਦੇ ਨਾਲ ਨਹੀਂ ਆਇਆ, ਉਹ ਸਿਰਫ਼ ਲੈਣ ਲਈ ਨਹੀਂ, ਸਗੋਂ ਦੇਣ ਲਈ ਵੀ ਆਇਆ।” ਵਾਕਈ, ਮੁਢਲੇ ਮਸੀਹੀ ਸਭਾਵਾਂ ਨੂੰ ਆਪਣੀ ਨਿਹਚਾ ਜ਼ਾਹਰ ਕਰਨ ਦੇ ਮੌਕੇ ਵਿਚਾਰਦੇ ਸਨ।—ਰੋਮੀ. 10:10.

11. (ੳ) ਕਿਹੜੀ ਗੱਲ ਮੀਟਿੰਗਾਂ ਨੂੰ ਉਤਸ਼ਾਹ ਭਰਿਆ ਬਣਾਉਂਦੀ ਹੈ ਅਤੇ ਕਿਉਂ? (ਅ) ਕਿਹੜੇ ਸੁਝਾਅ ਲਾਗੂ ਕਰ ਕੇ ਅਸੀਂ ਮੀਟਿੰਗਾਂ ਵਿਚ ਆਪਣੀਆਂ ਟਿੱਪਣੀਆਂ ਨੂੰ ਸੁਧਾਰ ਸਕਦੇ ਹਾਂ? (ਫੁਟਨੋਟ ਦੇਖੋ।)

11 ਮੀਟਿੰਗਾਂ ਵਿਚ ਆਪਣੀ ਨਿਹਚਾ ਜ਼ਾਹਰ ਕਰਨ ਨਾਲ ‘ਕਲੀਸਿਯਾ ਨੂੰ ਬਹੁਤ ਲਾਭ’ ਹੁੰਦਾ ਹੈ। ਤੁਸੀਂ ਸਹਿਮਤ ਹੋਵੋਗੇ ਕਿ ਭਾਵੇਂ ਤੁਹਾਨੂੰ ਮੀਟਿੰਗਾਂ ਤੇ ਆਉਂਦਿਆਂ ਨੂੰ ਕਾਫ਼ੀ ਸਾਲ ਹੋ ਗਏ ਹਨ, ਫਿਰ ਵੀ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਸੁਣ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ। ਕਿਸੇ ਬਿਰਧ ਵਫ਼ਾਦਾਰ ਭੈਣ ਜਾਂ ਭਰਾ ਵੱਲੋਂ ਦਿਲੋਂ ਦਿੱਤਾ ਜਵਾਬ ਸਾਡੇ ਦਿਲਾਂ ਨੂੰ ਛੂਹ ਜਾਂਦਾ ਹੈ। ਸਾਨੂੰ ਹੌਸਲਾ ਮਿਲਦਾ ਹੈ ਜਦ ਕੋਈ ਪਿਆਰਾ ਨਿਗਾਹਬਾਨ ਕੋਈ ਉਤਸ਼ਾਹ ਭਰੀ ਟਿੱਪਣੀ ਦਿੰਦਾ ਹੈ ਅਤੇ ਅਸੀਂ ਮੱਲੋ-ਮੱਲੀ ਹੱਸ ਪੈਂਦੇ ਹਾਂ ਜਦ ਇਕ ਬੱਚਾ ਆਪਣੇ ਵੱਲੋਂ ਕੋਈ ਜਵਾਬ ਦੇ ਦਿੰਦਾ ਹੈ ਜਿਸ ਤੋਂ ਯਹੋਵਾਹ ਲਈ ਉਸ ਦਾ ਪਿਆਰ ਜ਼ਾਹਰ ਹੁੰਦਾ ਹੈ। ਸਪੱਸ਼ਟ ਹੈ ਕਿ ਟਿੱਪਣੀਆਂ ਦੇ ਕੇ ਅਸੀਂ ਸਾਰੇ ਮਸੀਹੀ ਸਭਾਵਾਂ ਨੂੰ ਉਤਸ਼ਾਹ ਭਰੀਆਂ ਬਣਾਉਣ ਵਿਚ ਯੋਗਦਾਨ ਪਾਉਂਦੇ ਹਾਂ। *

12. (ੳ) ਮੂਸਾ ਅਤੇ ਯਿਰਮਿਯਾਹ ਦੀਆਂ ਮਿਸਾਲਾਂ ਤੋਂ ਕੀ ਸਿੱਖਿਆ ਜਾ ਸਕਦਾ ਹੈ? (ਅ) ਟਿੱਪਣੀਆਂ ਕਰਨ ਵਿਚ ਪ੍ਰਾਰਥਨਾ ਕਿਹੜੀ ਭੂਮਿਕਾ ਨਿਭਾਉਂਦੀ ਹੈ?

12 ਪਰ ਜਿਹੜੇ ਸ਼ਰਮੀਲੇ ਸੁਭਾਅ ਦੇ ਹਨ, ਉਨ੍ਹਾਂ ਵਾਸਤੇ ਟਿੱਪਣੀਆਂ ਦੇਣੀਆਂ ਬਹੁਤ ਮੁਸ਼ਕਲ ਹੋ ਸਕਦੀਆਂ ਹਨ। ਜੇ ਤੁਹਾਨੂੰ ਮੁਸ਼ਕਲ ਲੱਗਦਾ ਹੈ, ਤਾਂ ਇਹ ਯਾਦ ਰੱਖਣਾ ਸ਼ਾਇਦ ਮਦਦਗਾਰ ਹੋਵੇ ਕਿ ਸਿਰਫ਼ ਤੁਹਾਡੇ ਇਕੱਲਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਦਰਅਸਲ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਮੂਸਾ ਅਤੇ ਯਿਰਮਿਯਾਹ ਨੂੰ ਆਪਣੇ ਆਪ ਉੱਤੇ ਭਰੋਸਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਅੱਗੇ ਗੱਲ ਕਰਨੀ ਨਹੀਂ ਆਉਂਦੀ। (ਕੂਚ 4:10; ਯਿਰ. 1:6) ਫਿਰ ਵੀ ਜਿਵੇਂ ਯਹੋਵਾਹ ਨੇ ਆਪਣੀ ਵਡਿਆਈ ਕਰਾਉਣ ਲਈ ਪੁਰਾਣੇ ਜ਼ਮਾਨੇ ਵਿਚ ਉਨ੍ਹਾਂ ਸੇਵਕਾਂ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਪਰਮੇਸ਼ੁਰ ਉਸਤਤ ਦੇ ਬਲੀਦਾਨ ਚੜ੍ਹਾਉਣ ਵਿਚ ਸਾਡੀ ਵੀ ਮਦਦ ਕਰੇਗਾ। (ਇਬਰਾਨੀਆਂ 13:15 ਪੜ੍ਹੋ।) ਟਿੱਪਣੀਆਂ ਦੇਣ ਦੇ ਡਰ ਉੱਤੇ ਕਾਬੂ ਪਾਉਣ ਲਈ ਤੁਸੀਂ ਯਹੋਵਾਹ ਦੀ ਮਦਦ ਕਿਵੇਂ ਲੈ ਸਕਦੇ ਹੋ? ਪਹਿਲੀ ਗੱਲ, ਮੀਟਿੰਗ ਲਈ ਚੰਗੀ ਤਰ੍ਹਾਂ ਤਿਆਰੀ ਕਰੋ। ਫਿਰ ਕਿੰਗਡਮ ਹਾਲ ਜਾਣ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਨੂੰ ਖ਼ਾਸ ਬੇਨਤੀ ਕਰੋ ਕਿ ਉਹ ਤੁਹਾਨੂੰ ਟਿੱਪਣੀ ਕਰਨ ਦੀ ਹਿੰਮਤ ਦੇਵੇ। (ਫ਼ਿਲਿ. 4:6) ਤੁਸੀਂ “ਉਹ ਦੀ ਇੱਛਿਆ” ਅਨੁਸਾਰ ਉਸ ਤੋਂ ਕੁਝ ਮੰਗ ਰਹੇ ਹੋ, ਇਸ ਲਈ ਤੁਸੀਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ।—1 ਯੂਹੰ. 5:14; ਕਹਾ. 15:29.

ਮੀਟਿੰਗਾਂ ਦਾ ਉਦੇਸ਼ ‘ਉਸਾਰੀ ਕਰਨੀ, ਉਤਸ਼ਾਹ ਅਤੇ ਦਿਲਾਸਾ’ ਦੇਣਾ

13. (ੳ) ਹਾਜ਼ਰੀਨਾਂ ਉੱਤੇ ਸਾਡੀਆਂ ਮੀਟਿੰਗਾਂ ਦਾ ਕੀ ਪ੍ਰਭਾਵ ਪੈਣਾ ਚਾਹੀਦਾ ਹੈ? (ਅ) ਬਜ਼ੁਰਗਾਂ ਲਈ ਕਿਹੜਾ ਸਵਾਲ ਖ਼ਾਸ ਅਹਿਮੀਅਤ ਰੱਖਦਾ ਹੈ?

13 ਪੌਲੁਸ ਕਹਿੰਦਾ ਹੈ ਕਿ ਕਲੀਸਿਯਾ ਦੀਆਂ ਸਭਾਵਾਂ ਦਾ ਮੁੱਖ ਮਕਸਦ ਹੈ ਹਾਜ਼ਰੀਨਾਂ ਦੀ ‘ਉਸਾਰੀ ਕਰਨੀ, ਉਤਸ਼ਾਹ ਅਤੇ ਦਿਲਾਸਾ’ ਦੇਣਾ। * (1 ਕੁਰਿੰ. 14:3, CL) ਅੱਜ ਮਸੀਹੀ ਬਜ਼ੁਰਗ ਕਿਵੇਂ ਯਕੀਨੀ ਬਣਾ ਸਕਦੇ ਹਨ ਕਿ ਮੀਟਿੰਗਾਂ ਵਿਚ ਪੇਸ਼ ਕੀਤੇ ਜਾਂਦੇ ਉਨ੍ਹਾਂ ਦੇ ਭਾਗਾਂ ਤੋਂ ਭੈਣਾਂ-ਭਰਾਵਾਂ ਨੂੰ ਉਤਸ਼ਾਹ ਅਤੇ ਤਸੱਲੀ ਮਿਲਦੀ ਹੈ? ਇਸ ਦੇ ਜਵਾਬ ਲਈ ਆਓ ਆਪਾਂ ਉਸ ਮੀਟਿੰਗ ਬਾਰੇ ਗੱਲ ਕਰੀਏ ਜੋ ਯਿਸੂ ਨੇ ਜੀ ਉੱਠਣ ਤੋਂ ਥੋੜ੍ਹੇ ਚਿਰ ਬਾਅਦ ਕੀਤੀ ਸੀ।

14. (ੳ) ਯਿਸੂ ਵੱਲੋਂ ਕੀਤੀ ਸਭਾ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਈਆਂ ਸਨ? (ਅ) ਰਸੂਲਾਂ ਨੂੰ ਕਿਉਂ ਰਾਹਤ ਮਿਲੀ ਹੋਵੇਗੀ ਜਦੋਂ “ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ”?

14 ਧਿਆਨ ਦਿਓ ਕਿ ਉਸ ਮੀਟਿੰਗ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਈਆਂ ਸਨ। ਯਿਸੂ ਨੂੰ ਮਾਰੇ ਜਾਣ ਤੋਂ ਕੁਝ ਹੀ ਦੇਰ ਪਹਿਲਾਂ ਰਸੂਲ “ਉਹ ਨੂੰ ਛੱਡ ਕੇ ਭੱਜ ਗਏ” ਅਤੇ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਉਹ ‘ਆਪੋ ਆਪਣੇ ਥਾਈਂ ਖਿੰਡ ਗਏ।’ (ਮਰ. 14:50; ਯੂਹੰ. 16:32) ਫਿਰ ਜੀ ਉੱਠਣ ਤੋਂ ਬਾਅਦ ਯਿਸੂ ਨੇ ਆਪਣੇ ਨਿਰਾਸ਼ ਰਸੂਲਾਂ ਨੂੰ ਇਕ ਖ਼ਾਸ ਸਭਾ ਵਾਸਤੇ ਬੁਲਾਇਆ। * ਇਸ ਲਈ ਉਹ “ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ” ਜਿੱਥੇ ਯਿਸੂ ਨੇ ਉਨ੍ਹਾਂ ਨੂੰ ਆਉਣ ਲਈ ਕਿਹਾ ਸੀ। ਜਦੋਂ ਉਹ ਉੱਥੇ ਪਹੁੰਚੇ, ਤਾਂ “ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ।” (ਮੱਤੀ 28:10, 16, 18) ਕਲਪਨਾ ਕਰੋ ਕਿ ਰਸੂਲਾਂ ਨੂੰ ਕਿੰਨੀ ਰਾਹਤ ਮਿਲੀ ਹੋਵੇਗੀ ਜਦੋਂ ਯਿਸੂ ਨੇ ਆਪ ਇਹ ਪਹਿਲ ਕੀਤੀ! ਯਿਸੂ ਨੇ ਕਿਹੜੀਆਂ ਗੱਲਾਂ ਕੀਤੀਆਂ?

15. (ੳ) ਯਿਸੂ ਨੇ ਕਿਹੜੇ ਵਿਸ਼ਿਆਂ ਉੱਤੇ ਗੱਲ ਕੀਤੀ, ਪਰ ਉਸ ਨੇ ਕੀ ਨਹੀਂ ਕਿਹਾ? (ਅ) ਉਸ ਸਭਾ ਨੇ ਰਸੂਲਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ?

15 ਯਿਸੂ ਨੇ ਇਸ ਘੋਸ਼ਣਾ ਨਾਲ ਗੱਲਬਾਤ ਸ਼ੁਰੂ ਕੀਤੀ: “ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” ਫਿਰ ਉਸ ਨੇ ਉਨ੍ਹਾਂ ਨੂੰ ਇਹ ਕੰਮ ਸੌਂਪਿਆ: ‘ਜਾ ਕੇ ਚੇਲੇ ਬਣਾਓ।’ ਅਖ਼ੀਰ ਵਿਚ ਉਸ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ: “ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:18-20) ਪਰ ਕੀ ਤੁਸੀਂ ਧਿਆਨ ਦਿੱਤਾ ਕਿ ਯਿਸੂ ਨੇ ਕੀ ਨਹੀਂ ਕੀਤਾ? ਉਸ ਨੇ ਆਪਣੇ ਰਸੂਲਾਂ ਨੂੰ ਝਿੜਕਿਆ ਨਹੀਂ ਅਤੇ ਨਾ ਹੀ ਇਸ ਸਭਾ ਦਾ ਇਸਤੇਮਾਲ ਕਰ ਕੇ ਉਨ੍ਹਾਂ ਦੇ ਮਨੋਰਥਾਂ ਨੂੰ ਬੁਰਾ ਕਿਹਾ। ਇਸ ਤੋਂ ਇਲਾਵਾ, ਉਸ ਨੇ ਉਨ੍ਹਾਂ ਦੀ ਪਲ ਭਰ ਦੀ ਕਮਜ਼ੋਰ ਨਿਹਚਾ ਦੀ ਗੱਲ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਦੋਸ਼ੀ ਮਹਿਸੂਸ ਨਹੀਂ ਕਰਾਇਆ। ਇਸ ਦੀ ਬਜਾਇ, ਯਿਸੂ ਨੇ ਉਨ੍ਹਾਂ ਨੂੰ ਭਾਰੀ ਜ਼ਿੰਮੇਵਾਰੀ ਦੇ ਕੇ ਭਰੋਸਾ ਦਿਲਾਇਆ ਕਿ ਉਹ ਅਤੇ ਉਸ ਦਾ ਪਿਤਾ ਉਨ੍ਹਾਂ ਨੂੰ ਪਿਆਰ ਕਰਦੇ ਸਨ। ਯਿਸੂ ਦੀਆਂ ਗੱਲਾਂ ਦਾ ਰਸੂਲਾਂ ਉੱਤੇ ਕੀ ਅਸਰ ਹੋਇਆ? ਉਨ੍ਹਾਂ ਨੂੰ ਇੰਨਾ ਉਤਸ਼ਾਹ ਅਤੇ ਦਿਲਾਸਾ ਮਿਲਿਆ ਕਿ ਸਭਾ ਤੋਂ ਕੁਝ ਹੀ ਸਮੇਂ ਬਾਅਦ ਉਹ ਫਿਰ ਤੋਂ ‘ਉਪਦੇਸ਼ ਕਰਨ ਅਰ ਖੁਸ਼ ਖ਼ਬਰੀ ਸੁਣਾਉਣ’ ਲੱਗ ਪਏ।—ਰਸੂ. 5:42.

16. ਤਾਜ਼ਗੀ ਦੇਣ ਵਾਲੀਆਂ ਮੀਟਿੰਗਾਂ ਚਲਾਉਣ ਸੰਬੰਧੀ ਅੱਜ ਮਸੀਹੀ ਬਜ਼ੁਰਗ ਯਿਸੂ ਦੀ ਮਿਸਾਲ ਦੀ ਕਿਵੇਂ ਰੀਸ ਕਰਦੇ ਹਨ?

16 ਯਿਸੂ ਦੀ ਰੀਸ ਕਰਦਿਆਂ ਅੱਜ ਬਜ਼ੁਰਗ ਮੀਟਿੰਗਾਂ ਨੂੰ ਅਜਿਹੇ ਮੌਕੇ ਸਮਝਦੇ ਹਨ ਜਦੋਂ ਉਹ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾ ਸਕਦੇ ਹਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਬੇਅੰਤ ਪਿਆਰ ਕਰਦਾ ਹੈ। (ਰੋਮੀ. 8:38, 39) ਇਸ ਲਈ ਮੀਟਿੰਗਾਂ ਵਿਚ ਆਪਣੇ ਭਾਗ ਪੇਸ਼ ਕਰਦੇ ਵੇਲੇ ਬਜ਼ੁਰਗ ਭੈਣਾਂ-ਭਰਾਵਾਂ ਦੀਆਂ ਕਮਜ਼ੋਰੀਆਂ ਦੀ ਬਜਾਇ ਉਨ੍ਹਾਂ ਦੇ ਗੁਣਾਂ ’ਤੇ ਧਿਆਨ ਦਿੰਦੇ ਹਨ। ਉਹ ਆਪਣੇ ਭਰਾਵਾਂ ਦੇ ਮਨੋਰਥਾਂ ਉੱਤੇ ਸ਼ੱਕ ਨਹੀਂ ਕਰਦੇ। ਇਸ ਦੀ ਬਜਾਇ, ਉਹ ਜੋ ਕਹਿੰਦੇ ਹਨ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਭੈਣਾਂ-ਭਰਾਵਾਂ ਨੂੰ ਅਜਿਹੇ ਲੋਕ ਸਮਝਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਸਹੀ ਕੰਮ ਕਰਨੇ ਚਾਹੁੰਦੇ ਹਨ। (1 ਥੱਸ. 4:1, 9-12) ਇਹ ਤਾਂ ਠੀਕ ਹੈ ਕਿ ਕਦੇ-ਕਦੇ ਬਜ਼ੁਰਗਾਂ ਨੂੰ ਸ਼ਾਇਦ ਕਲੀਸਿਯਾ ਨੂੰ ਤਾੜਨਾ ਦੇਣ ਦੀ ਲੋੜ ਪਵੇ, ਪਰ ਜੇ ਸਿਰਫ਼ ਕੁਝ ਜਣਿਆਂ ਨੂੰ ਸੁਧਾਰਨ ਦੀ ਲੋੜ ਹੈ, ਉਨ੍ਹਾਂ ਨਾਲ ਇਕੱਲਿਆਂ ਵਿਚ ਗੱਲ ਕਰ ਕੇ ਉਨ੍ਹਾਂ ਨੂੰ ਤਾੜਨਾ ਦਿੱਤੀ ਜਾਂਦੀ ਹੈ। (ਗਲਾ. 6:1; 2 ਤਿਮੋ. 2:24-26) ਜਦੋਂ ਉਹ ਸਾਰੀ ਕਲੀਸਿਯਾ ਨੂੰ ਸੰਬੋਧਿਤ ਕਰ ਰਹੇ ਹੁੰਦੇ ਹਨ, ਤਾਂ ਉਹ ਕਲੀਸਿਯਾ ਦੀ ਸ਼ਲਾਘਾ ਕਰਦੇ ਹਨ ਜਦੋਂ ਵੀ ਢੁਕਵਾਂ ਹੁੰਦਾ ਹੈ। (ਯਸਾ. 32:2) ਉਹ ਅਜਿਹੇ ਢੰਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਮੀਟਿੰਗ ਦੇ ਅਖ਼ੀਰ ਵਿਚ ਸਾਰੇ ਭੈਣ-ਭਰਾ ਤਰੋਤਾਜ਼ਾ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਤਾਕਤ ਮਿਲਦੀ ਹੈ।—ਮੱਤੀ 11:28; ਰਸੂ. 15:32.

ਮਹਿਫੂਜ਼ ਜਗ੍ਹਾ

17. (ੳ) ਪਹਿਲਾਂ ਨਾਲੋਂ ਹੁਣ ਜ਼ਿਆਦਾ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੀਆਂ ਮੀਟਿੰਗਾਂ ਨੂੰ ਮਹਿਫੂਜ਼ ਥਾਵਾਂ ਬਣਾਈਏ? (ਅ) ਮੀਟਿੰਗਾਂ ਨੂੰ ਉਤਸ਼ਾਹਜਨਕ ਬਣਾਉਣ ਲਈ ਤੁਸੀਂ ਖ਼ੁਦ ਕੀ ਕਰ ਸਕਦੇ ਹੋ? (“ਆਪਣੇ ਅਤੇ ਦੂਸਰਿਆਂ ਲਈ ਮੀਟਿੰਗਾਂ ਨੂੰ ਉਤਸ਼ਾਹਜਨਕ ਬਣਾਉਣ ਦੇ 10 ਤਰੀਕੇ” ਨਾਂ ਦੀ ਡੱਬੀ ਦੇਖੋ।)

17 ਸ਼ਤਾਨ ਦੀ ਦੁਨੀਆਂ ਜਿੱਦਾਂ-ਜਿੱਦਾਂ ਹੋਰ ਜ਼ਾਲਮ ਹੁੰਦੀ ਜਾ ਰਹੀ ਹੈ, ਉੱਦਾਂ-ਉੱਦਾਂ ਸਾਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੀਆਂ ਮਸੀਹੀ ਸਭਾਵਾਂ ਮਹਿਫੂਜ਼ ਥਾਵਾਂ ਹੋਣ ਜਿੱਥੇ ਸਾਰਿਆਂ ਨੂੰ ਦਿਲਾਸਾ ਮਿਲੇ। (1 ਥੱਸ. 5:11) ਕੁਝ ਸਾਲ ਪਹਿਲਾਂ ਇਕ ਭੈਣ ਅਤੇ ਉਸ ਦੇ ਪਤੀ ਨੇ ਸਖ਼ਤ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ। ਉਹ ਕਹਿੰਦੀ ਹੈ: “ਕਿੰਗਡਮ ਹਾਲ ਵਿਚ ਹੋਣਾ ਇਸ ਤਰ੍ਹਾਂ ਸੀ ਜਿਵੇਂ ਅਸੀਂ ਯਹੋਵਾਹ ਦੇ ਹੱਥਾਂ ਵਿਚ ਹੋਈਏ। ਉਨ੍ਹਾਂ ਦੋ ਕੁ ਘੰਟਿਆਂ ਲਈ ਆਪਣੇ ਭੈਣਾਂ-ਭਰਾਵਾਂ ਨਾਲ ਹੁੰਦਿਆਂ ਸਾਨੂੰ ਲੱਗਦਾ ਸੀ ਕਿ ਅਸੀਂ ਆਪਣਾ ਬੋਝ ਯਹੋਵਾਹ ਉੱਤੇ ਸੁੱਟ ਸਕਦੇ ਸੀ। ਇਸ ਤਰ੍ਹਾਂ ਕਰਨ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਸੀ।” (ਜ਼ਬੂ. 55:22) ਸਾਡੀ ਇਹੀ ਦੁਆ ਹੈ ਕਿ ਮੀਟਿੰਗਾਂ ਵਿਚ ਆਉਂਦੇ ਸਾਰੇ ਜਣੇ ਇਸੇ ਤਰ੍ਹਾਂ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਉਤਸ਼ਾਹ ਅਤੇ ਦਿਲਾਸਾ ਮਿਲਿਆ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਹੋਵੇ, ਤਾਂ ਆਓ ਆਪਾਂ ਮਸੀਹੀ ਸਭਾਵਾਂ ਨੂੰ ਉਤਸ਼ਾਹ ਭਰਿਆ ਬਣਾਉਣ ਵਿਚ ਯੋਗਦਾਨ ਪਾਉਂਦੇ ਰਹੀਏ।

[ਫੁਟਨੋਟ]

^ ਪੈਰਾ 1 ਭਵਿੱਖਬਾਣੀ ਕੀਤੀ ਗਈ ਸੀ ਕਿ ਪਹਿਲੀ ਸਦੀ ਦੀਆਂ ਮਸੀਹੀ ਸਭਾਵਾਂ ਦੇ ਕੁਝ ਪਹਿਲੂ ਖ਼ਤਮ ਹੋ ਜਾਣਗੇ। ਮਿਸਾਲ ਲਈ, ਅਸੀਂ ਹੁਣ “ਪਰਾਈਆਂ ਭਾਖਿਆਂ” ਨਹੀਂ ਬੋਲਦੇ ਅਤੇ ਨਾ ਹੀ “ਅਗੰਮ ਵਾਕ” ਕਰਦੇ ਹਾਂ। (1 ਕੁਰਿੰ. 13:8; 14:5) ਫਿਰ ਵੀ ਪੌਲੁਸ ਦੀਆਂ ਹਿਦਾਇਤਾਂ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।

^ ਪੈਰਾ 11 ਮੀਟਿੰਗਾਂ ਵਿਚ ਆਪਣੀਆਂ ਟਿੱਪਣੀਆਂ ਸੁਧਾਰਨ ਲਈ ਸੁਝਾਵਾਂ ਵਾਸਤੇ 1 ਸਤੰਬਰ 2003 ਦੇ ਪਹਿਰਾਬੁਰਜ ਦੇ ਸਫ਼ੇ 19-22 ਦੇਖੋ।

^ ਪੈਰਾ 13 ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ‘ਉਤਸ਼ਾਹ ਅਤੇ ਦਿਲਾਸੇ’ ਵਿਚ ਫ਼ਰਕ ਸਮਝਾਉਂਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਦਿਲਾਸਾ” ਕੀਤਾ ਗਿਆ ਹੈ, ਉਹ “[ਉਤਸ਼ਾਹ] ਨਾਲੋਂ ਜ਼ਿਆਦਾ ਕੋਮਲਤਾ” ਦਾ ਭਾਵ ਰੱਖਦਾ ਹੈ।—ਹੋਰ ਜਾਣਕਾਰੀ ਲਈ ਯੂਹੰਨਾ 11:19 ਦੇਖੋ।

^ ਪੈਰਾ 14 ਸ਼ਾਇਦ ਇਹੀ ਮੌਕਾ ਸੀ ਜਿਸ ਬਾਰੇ ਬਾਅਦ ਵਿਚ ਪੌਲੁਸ ਨੇ ਗੱਲ ਕੀਤੀ ਸੀ ਕਿ ਯਿਸੂ ਨੇ “ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ।”—1 ਕੁਰਿੰ. 15:6.

ਤੁਸੀਂ ਕਿਵੇਂ ਜਵਾਬ ਦਿਓਗੇ?

• ਮਸੀਹੀ ਸਭਾਵਾਂ ਕਿੰਨੀਆਂ ਕੁ ਜ਼ਰੂਰੀ ਹਨ?

• ਮੀਟਿੰਗਾਂ ਵਿਚ ਦਿੱਤੀਆਂ ਜਾਂਦੀਆਂ ਟਿੱਪਣੀਆਂ ਕਾਰਨ ‘ਕਲੀਸਿਯਾ ਨੂੰ ਲਾਭ’ ਕਿਉਂ ਹੁੰਦਾ ਹੈ?

• ਯਿਸੂ ਦੀ ਉਸ ਦੇ ਚੇਲਿਆਂ ਨਾਲ ਕੀਤੀ ਸਭਾ ਤੋਂ ਕੀ ਸਿੱਖਿਆ ਜਾ ਸਕਦਾ ਹੈ?

[ਸਵਾਲ]

[ਸਫ਼ਾ 22 ਉੱਤੇ ਡੱਬੀ/ਤਸਵੀਰਾਂ]

ਆਪਣੇ ਅਤੇ ਦੂਸਰਿਆਂ ਲਈ ਮੀਟਿੰਗਾਂ ਨੂੰ ਉਤਸ਼ਾਹਜਨਕ ਬਣਾਉਣ ਦੇ 10 ਤਰੀਕੇ

ਪਹਿਲਾਂ ਤੋਂ ਤਿਆਰੀ ਕਰੋ। ਜਦ ਤੁਸੀਂ ਕਿੰਗਡਮ ਹਾਲ ਵਿਚ ਚਰਚਾ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਪਹਿਲਾਂ ਤੋਂ ਹੀ ਪੜ੍ਹਦੇ ਹੋ, ਤਾਂ ਤੁਸੀਂ ਮੀਟਿੰਗਾਂ ਵਿਚ ਜ਼ਿਆਦਾ ਧਿਆਨ ਲਾ ਪਾਓਗੇ ਅਤੇ ਤੁਹਾਡੇ ਉੱਤੇ ਡੂੰਘਾ ਅਸਰ ਪਵੇਗਾ।

ਬਾਕਾਇਦਾ ਹਾਜ਼ਰ ਹੋਵੋ। ਜਦੋਂ ਮੀਟਿੰਗਾਂ ਵਿਚ ਜ਼ਿਆਦਾ ਜਣੇ ਆਉਂਦੇ ਹਨ, ਤਾਂ ਸਾਰਿਆਂ ਨੂੰ ਉਤਸ਼ਾਹ ਮਿਲਦਾ ਹੈ, ਪਰ ਤੁਹਾਡੇ ਆਉਣ ਨਾਲ ਵੀ ਕਾਫ਼ੀ ਫ਼ਰਕ ਪੈਂਦਾ ਹੈ।

ਸਮੇਂ ਸਿਰ ਪਹੁੰਚੋ। ਜੇ ਤੁਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਬੈਠੇ ਹੋਵੋਗੇ, ਤਾਂ ਤੁਸੀਂ ਆਰੰਭਕ ਗੀਤ ਤੇ ਪ੍ਰਾਰਥਨਾ ਵਿਚ ਸ਼ਾਮਲ ਹੋ ਸਕਦੇ ਹੋ ਜੋ ਕਿ ਯਹੋਵਾਹ ਲਈ ਸਾਡੀ ਭਗਤੀ ਦਾ ਹਿੱਸਾ ਹਨ।

ਸਭ ਕੁਝ ਲੈ ਕੇ ਆਓ। ਆਪਣੀ ਬਾਈਬਲ ਅਤੇ ਮੀਟਿੰਗ ਦੌਰਾਨ ਵਰਤੇ ਜਾਣ ਵਾਲੇ ਪ੍ਰਕਾਸ਼ਨ ਲੈ ਕੇ ਆਓ ਤਾਂਕਿ ਤੁਸੀਂ ਨਾਲ-ਨਾਲ ਦੇਖ ਸਕੋ ਅਤੇ ਚਰਚਾ ਕੀਤੀ ਜਾ ਰਹੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਸਕੋ।

ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਮਿਸਾਲ ਲਈ ਮੀਟਿੰਗ ਦੌਰਾਨ ਐੱਸ.ਐੱਮ.ਐੱਸ ਪੜ੍ਹਨ ਦੀ ਬਜਾਇ ਇਨ੍ਹਾਂ ਨੂੰ ਬਾਅਦ ਵਿਚ ਪੜ੍ਹੋ। ਇਸ ਤਰ੍ਹਾਂ ਤੁਸੀਂ ਨਿੱਜੀ ਕੰਮਾਂ ਨੂੰ ਇਨ੍ਹਾਂ ਦੀ ਆਪਣੀ ਥਾਂ ਤੇ ਰੱਖਦੇ ਹੋ।

ਹਿੱਸਾ ਲਓ। ਜਦੋਂ ਜ਼ਿਆਦਾ ਜਣੇ ਟਿੱਪਣੀਆਂ ਦਿੰਦੇ ਹਨ, ਤਾਂ ਜ਼ਿਆਦਾ ਜਣਿਆਂ ਨੂੰ ਨਿਹਚਾ ਜ਼ਾਹਰ ਕਰਨ ਵਾਲੀਆਂ ਵੰਨ-ਸੁਵੰਨੀਆਂ ਟਿੱਪਣੀਆਂ ਤੋਂ ਉਤਸ਼ਾਹ ਮਿਲਦਾ ਹੈ।

ਟਿੱਪਣੀਆਂ ਛੋਟੀਆਂ ਰੱਖੋ। ਇਸ ਨਾਲ ਜ਼ਿਆਦਾ ਜਣਿਆਂ ਨੂੰ ਟਿੱਪਣੀਆਂ ਦੇਣ ਦਾ ਮੌਕਾ ਮਿਲੇਗਾ।

ਜ਼ਿੰਮੇਵਾਰੀਆਂ ਨਿਭਾਓ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਸਟੂਡੈਂਟਾਂ ਵਜੋਂ ਜਾਂ ਸੇਵਾ ਸਭਾ ਵਿਚ ਹਿੱਸਾ ਲੈਣ ਵਾਲਿਆਂ ਵਜੋਂ ਚੰਗੀ ਤਰ੍ਹਾਂ ਤਿਆਰੀ ਕਰੋ, ਪਹਿਲਾਂ ਤੋਂ ਰੀਹਰਸਲ ਕਰੋ ਅਤੇ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਕੈਂਸਲ ਨਹੀਂ ਕਰੋਗੇ।

ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕਰੋ। ਮੀਟਿੰਗਾਂ ਵਿਚ ਆਪਣਾ ਭਾਗ ਪੇਸ਼ ਕਰਨ ਵਾਲਿਆਂ ਜਾਂ ਟਿੱਪਣੀਆਂ ਦੇਣ ਵਾਲਿਆਂ ਨੂੰ ਕਹੋ ਕਿ ਤੁਸੀਂ ਉਨ੍ਹਾਂ ਦੇ ਜਤਨਾਂ ਦੀ ਕਿੰਨੀ ਕਦਰ ਕਰਦੇ ਹੋ।

ਮਿਲੋ-ਗਿਲੋ। ਮੀਟਿੰਗਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਭੈਣਾਂ-ਭਰਾਵਾਂ ਦਾ ਹਾਲ-ਚਾਲ ਪੁੱਛਣ ਅਤੇ ਹੌਸਲਾ ਭਰੀਆਂ ਗੱਲਾਂ ਕਰਨ ਨਾਲ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ ਤੇ ਫ਼ਾਇਦੇ ਹੁੰਦੇ ਹਨ।