Skip to content

Skip to table of contents

ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ!

ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ!

ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ!

‘ਯਹੋਵਾਹ ਅੱਤ ਮਹਾਨ ਤੇ ਸਾਰੇ ਜਗਤ ਦਾ ਮਹਾਰਾਜਾ ਹੈ!’—ਜ਼ਬੂ. 47:2.

1. 1 ਕੁਰਿੰਥੀਆਂ 7:31 ਵਿਚ ਦਰਜ ਸ਼ਬਦ ਕਹਿਣ ਤੋਂ ਪੌਲੁਸ ਦਾ ਕੀ ਮਤਲਬ ਸੀ?

ਪੌਲੁਸ ਰਸੂਲ ਨੇ ਕਿਹਾ ਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰ. 7:31) ਉਹ ਇੱਥੇ ਦੁਨੀਆਂ ਦੀ ਤੁਲਨਾ ਸਟੇਜ ਨਾਲ ਕਰਦਾ ਹੈ ਜਿੱਥੇ ਇਕ ਨਾਟਕ ਵਿਚ ਅਦਾਕਾਰ ਤਦ ਤਕ ਚੰਗੇ ਜਾਂ ਬੁਰੇ ਪਾਤਰਾਂ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ ਜਦ ਤਕ ਸੀਨ ਬਦਲ ਨਹੀਂ ਜਾਂਦੇ।

2, 3. (ੳ) ਯਹੋਵਾਹ ਦੀ ਹਕੂਮਤ ਨੂੰ ਦਿੱਤੀ ਚੁਣੌਤੀ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

2 ਅੱਜ ਇਕ ਬਹੁਤ ਹੀ ਮਹੱਤਵਪੂਰਣ ਨਾਟਕ ਚੱਲ ਰਿਹਾ ਹੈ ਜਿਸ ਵਿਚ ਤੁਸੀਂ ਵੀ ਸ਼ਾਮਲ ਹੋ! ਇਸ ਦਾ ਸੰਬੰਧ ਖ਼ਾਸਕਰ ਯਹੋਵਾਹ ਦੀ ਹਕੂਮਤ ਨੂੰ ਉੱਚਾ ਕਰਨ ਦੇ ਨਾਲ ਹੈ। ਇਸ ਨਾਟਕ ਦੀ ਤੁਲਨਾ ਇਕ ਹਾਲਤ ਨਾਲ ਕੀਤੀ ਜਾ ਸਕਦੀ ਹੈ ਜੋ ਕਿਸੇ ਵੀ ਦੇਸ਼ ਵਿਚ ਪੈਦਾ ਹੋ ਸਕਦੀ ਹੈ। ਮਿਸਾਲ ਲਈ, ਇਕ ਪਾਸੇ ਜਾਇਜ਼ ਸਰਕਾਰ ਹੈ ਜੋ ਕਾਨੂੰਨ-ਵਿਵਸਥਾ ਕਾਇਮ ਰੱਖਦੀ ਹੈ। ਦੂਜੇ ਪਾਸੇ ਗ਼ੈਰ-ਕਾਨੂੰਨੀ ਢੰਗ ਨਾਲ ਬਣੀ ਸੰਸਥਾ ਹੈ ਜਿਸ ਵਿਚ ਧੋਖਾ, ਮਾਰ-ਧਾੜ ਅਤੇ ਖ਼ੂਨ-ਖ਼ਰਾਬਾ ਹੁੰਦਾ ਹੈ। ਇਹ ਗ਼ੈਰ-ਕਾਨੂੰਨੀ ਸੰਸਥਾ ਸਰਬ ਉੱਚ ਹਕੂਮਤ ਲਈ ਚੁਣੌਤੀ ਹੈ ਅਤੇ ਇਹ ਇਸ ਪ੍ਰਤਿ ਸਾਰੇ ਨਾਗਰਿਕਾਂ ਦੀ ਵਫ਼ਾਦਾਰੀ ਨੂੰ ਪਰਖਦੀ ਹੈ।

3 ਵਿਸ਼ਵ-ਵਿਆਪੀ ਪੱਧਰ ਤੇ ਇਹੀ ਹਾਲਤ ਹੈ। “ਅੱਤ ਮਹਾਨ” ਯਹੋਵਾਹ ਦੀ ਸਰਕਾਰ ਕਾਨੂੰਨੀ ਢੰਗ ਨਾਲ ਬਣੀ ਹੋਈ ਹੈ। (ਜ਼ਬੂ. 71:5) ਪਰ ਇਸ ਵੇਲੇ ਮਨੁੱਖਜਾਤੀ ਨੂੰ ਗ਼ੈਰ-ਕਾਨੂੰਨੀ ਸੰਸਥਾ ਤੋਂ ਖ਼ਤਰਾ ਹੈ ਜਿਸ ਨੂੰ “ਦੁਸ਼ਟ” ਚਲਾ ਰਿਹਾ ਹੈ। (1 ਯੂਹੰ. 5:19) ਇਹ ਪਰਮੇਸ਼ੁਰ ਦੀ ਕਾਨੂੰਨੀ ਸਰਕਾਰ ਲਈ ਚੁਣੌਤੀ ਹੈ ਅਤੇ ਉਸ ਦੀ ਸਰਬ ਉੱਚ ਹਕੂਮਤ ਪ੍ਰਤਿ ਸਾਰੇ ਲੋਕਾਂ ਦੀ ਵਫ਼ਾਦਾਰੀ ਨੂੰ ਪਰਖਦੀ ਹੈ। ਇਹ ਸਥਿਤੀ ਕਿਵੇਂ ਪੈਦਾ ਹੋਈ? ਪਰਮੇਸ਼ੁਰ ਨੇ ਇਹ ਸਥਿਤੀ ਕਿਉਂ ਪੈਦਾ ਹੋਣ ਦਿੱਤੀ? ਅਸੀਂ ਖ਼ੁਦ ਇਸ ਬਾਰੇ ਕੀ ਕਰ ਸਕਦੇ ਹਾਂ?

ਨਾਟਕ ਦੀਆਂ ਵਿਸ਼ੇਸ਼ਤਾਵਾਂ

4. ਚੱਲ ਰਹੇ ਵਿਸ਼ਵ-ਵਿਆਪੀ ਨਾਟਕ ਦੀਆਂ ਕਿਹੜੀਆਂ ਦੋ ਵਿਸ਼ੇਸ਼ਤਾਵਾਂ ਹਨ?

4 ਇਸ ਚੱਲ ਰਹੇ ਵਿਸ਼ਵ-ਵਿਆਪੀ ਨਾਟਕ ਦੀਆਂ ਦੋ ਵਿਸ਼ੇਸ਼ਤਾਵਾਂ ਹਨ ਜੋ ਇਕ-ਦੂਜੇ ਨਾਲ ਸੰਬੰਧਿਤ ਹਨ: ਯਹੋਵਾਹ ਦੀ ਪ੍ਰਭੂਸੱਤਾ ਅਤੇ ਮਨੁੱਖਾਂ ਦੀ ਵਫ਼ਾਦਾਰੀ। ਬਾਈਬਲ ਵਿਚ ਅਕਸਰ ਯਹੋਵਾਹ ਨੂੰ “ਅੱਤ ਮਹਾਨ” ਕਿਹਾ ਗਿਆ ਹੈ। ਮਿਸਾਲ ਲਈ ਜ਼ਬੂਰ ਨੇ ਗਾਇਆ ਸੀ: ‘ਯਹੋਵਾਹ ਅੱਤ ਮਹਾਨ ਤੇ ਸਾਰੇ ਜਗਤ ਦਾ ਮਹਾਰਾਜਾ ਹੈ!’ (ਜ਼ਬੂ. 47:2) “ਪ੍ਰਭੂਸੱਤਾ” ਦਾ ਮਤਲਬ ਹੈ ਸ਼ਕਤੀ ਜਾਂ ਹਕੂਮਤ ਪੱਖੋਂ ਸਰਬ ਮਹਾਨ ਹੋਣਾ। ਪ੍ਰਭੂਸੱਤਾ ਰੱਖਣ ਵਾਲਾ ਵਿਅਕਤੀ ਆਪਣਾ ਸਰਬ ਉੱਚ ਅਧਿਕਾਰ ਚਲਾਉਂਦਾ ਹੈ। ਇਸ ਲਈ ਅਸੀਂ ਚੰਗੇ ਕਾਰਨਾਂ ਕਰਕੇ ਯਹੋਵਾਹ ਪਰਮੇਸ਼ੁਰ ਨੂੰ ਅੱਤ ਮਹਾਨ ਮੰਨਦੇ ਹਾਂ।—ਦਾਨੀ. 7:22.

5. ਸਾਨੂੰ ਕਿਉਂ ਯਹੋਵਾਹ ਦੀ ਉੱਚੀ ਪਦਵੀ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?

5 ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਯਹੋਵਾਹ ਪਰਮੇਸ਼ੁਰ ਸਾਰੀ ਧਰਤੀ ਅਤੇ ਬ੍ਰਹਿਮੰਡ ਦਾ ਮਾਲਕ ਹੈ। (ਪਰਕਾਸ਼ ਦੀ ਪੋਥੀ 4:11 ਪੜ੍ਹੋ।) ਯਹੋਵਾਹ ਸਾਡਾ ਨਿਆਈ, ਬਿਧੀਆਂ ਦੇਣ ਵਾਲਾ ਅਤੇ ਰਾਜਾ ਹੈ ਕਿਉਂਕਿ ਉਹ ਵਿਸ਼ਵ-ਵਿਆਪੀ ਸਰਕਾਰ ਦੇ ਤੌਰ ਤੇ ਕੰਮ ਕਰਦਿਆਂ ਖ਼ੁਦ ਹੀ ਨਿਆਂ ਕਰਦਾ ਹੈ, ਕਾਨੂੰਨ ਬਣਾ ਕੇ ਉਨ੍ਹਾਂ ਨੂੰ ਪਾਸ ਕਰਦਾ ਹੈ ਅਤੇ ਲਾਗੂ ਕਰਦਾ ਹੈ। (ਯਸਾ. 33:22) ਉਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਜਿਸ ਲਈ ਅਸੀਂ ਉਸ ਦੇ ਕਰਜ਼ਦਾਰ ਹਾਂ ਅਤੇ ਉਸ ਉੱਤੇ ਨਿਰਭਰ ਕਰਦੇ ਹਾਂ। ਇਸ ਲਈ ਸਾਨੂੰ ਉਸ ਨੂੰ ਆਪਣਾ ਮਾਲਕ ਮੰਨਣਾ ਚਾਹੀਦਾ ਹੈ। ਅਸੀਂ ਉਸ ਦੀ ਉੱਚੀ ਪਦਵੀ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਹੋਵਾਂਗੇ ਜੇ ਅਸੀਂ ਹਮੇਸ਼ਾ ਮਨ ਵਿਚ ਰੱਖੀਏ ਕਿ “ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।”—ਜ਼ਬੂ. 103:19; ਰਸੂ. 4:24.

6. ਵਫ਼ਾਦਾਰੀ ਦਾ ਕੀ ਮਤਲਬ ਹੈ?

6 ਯਹੋਵਾਹ ਦੀ ਹਕੂਮਤ ਦੀ ਹਿਮਾਇਤ ਕਰਨ ਲਈ ਸਾਨੂੰ ਉਸ ਪ੍ਰਤਿ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਲੋੜ ਹੈ। “ਵਫ਼ਾਦਾਰੀ” ਦਾ ਮਤਲਬ ਹੈ ਪੂਰੀ ਤਰ੍ਹਾਂ ਨੈਤਿਕ ਸਿਧਾਂਤਾਂ ਮੁਤਾਬਕ ਚੱਲਣਾ। ਵਫ਼ਾਦਾਰ ਬੰਦਾ ਉਹ ਹੁੰਦਾ ਹੈ ਜੋ ਨਿਹਕਲੰਕ ਅਤੇ ਖਰਾ ਹੁੰਦਾ ਹੈ। ਅੱਯੂਬ ਇਸੇ ਤਰ੍ਹਾਂ ਦਾ ਇਨਸਾਨ ਸੀ।—ਅੱਯੂ. 1:1.

ਨਾਟਕ ਕਿਵੇਂ ਸ਼ੁਰੂ ਹੋਇਆ

7, 8. ਸ਼ਤਾਨ ਨੇ ਕਿਵੇਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ?

7 ਛੇ ਹਜ਼ਾਰ ਤੋਂ ਵੀ ਜ਼ਿਆਦਾ ਸਾਲ ਪਹਿਲਾਂ ਇਕ ਦੂਤ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ। ਉਸ ਬਾਗ਼ੀ ਨੇ ਜੋ ਕੁਝ ਕਿਹਾ ਅਤੇ ਕੀਤਾ, ਉਸ ਦੇ ਪਿੱਛੇ ਉਸ ਦੀ ਸੁਆਰਥੀ ਇੱਛਾ ਸੀ ਕਿਉਂਕਿ ਉਹ ਆਪਣੀ ਭਗਤੀ ਕਰਾਉਣੀ ਚਾਹੁੰਦਾ ਸੀ। ਉਸ ਨੇ ਪਹਿਲੇ ਮਨੁੱਖੀ ਜੋੜੇ ਆਦਮ ਅਤੇ ਹੱਵਾਹ ਨੂੰ ਪਰਮੇਸ਼ੁਰ ਦੀ ਹਕੂਮਤ ਦੇ ਖ਼ਿਲਾਫ਼ ਜਾਣ ਲਈ ਭਰਮਾਇਆ ਅਤੇ ਯਹੋਵਾਹ ਦੇ ਨਾਂ ਉੱਤੇ ਇਹ ਕਹਿ ਕੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਝੂਠ ਬੋਲ ਰਿਹਾ ਸੀ। (ਉਤਪਤ 3:1-5 ਪੜ੍ਹੋ।) ਉਹ ਬਾਗ਼ੀ ਵੱਡਾ ਦੁਸ਼ਮਣ ਸ਼ਤਾਨ (ਵਿਰੋਧੀ), ਇਬਲੀਸ (ਤੁਹਮਤੀ), ਸੱਪ (ਧੋਖੇਬਾਜ਼) ਅਤੇ ਅਜਗਰ (ਨਿਗਲਣ ਵਾਲਾ) ਬਣ ਗਿਆ।—ਪਰ. 12:9.

8 ਸ਼ਤਾਨ ਨੇ ਆਪਣੇ ਆਪ ਨੂੰ ਵਿਰੋਧੀ ਹਾਕਮ ਬਣਾ ਲਿਆ। ਇਸ ਚੁਣੌਤੀ ਕਾਰਨ ਅੱਤ ਮਹਾਨ ਯਹੋਵਾਹ ਕੀ ਕਰੇਗਾ? ਕੀ ਉਹ ਤੁਰੰਤ ਤਿੰਨਾਂ ਬਾਗ਼ੀਆਂ—ਸ਼ਤਾਨ, ਆਦਮ ਅਤੇ ਹੱਵਾਹ—ਨੂੰ ਨਾਸ਼ ਕਰ ਦੇਵੇਗਾ? ਉਸ ਕੋਲ ਇੱਦਾਂ ਕਰਨ ਦੀ ਤਾਕਤ ਸੀ ਅਤੇ ਫਿਰ ਇਸ ਮਸਲੇ ਦਾ ਹੱਲ ਹੋ ਜਾਣਾ ਸੀ ਕਿ ਕੌਣ ਸਭ ਤੋਂ ਸ਼ਕਤੀਸ਼ਾਲੀ ਹੈ। ਇਹ ਗੱਲ ਵੀ ਸਾਬਤ ਹੋ ਜਾਣੀ ਸੀ ਕਿ ਯਹੋਵਾਹ ਸੱਚਾ ਸੀ ਜਦੋਂ ਉਸ ਨੇ ਆਪਣੇ ਹੁਕਮ ਦੀ ਉਲੰਘਣਾ ਕਰਨ ਦੀ ਸਜ਼ਾ ਦਾ ਜ਼ਿਕਰ ਕੀਤਾ ਸੀ। ਪਰ ਪਰਮੇਸ਼ੁਰ ਨੇ ਉਸ ਵੇਲੇ ਇਹ ਸਜ਼ਾ ਕਿਉਂ ਨਹੀਂ ਦਿੱਤੀ?

9. ਸ਼ਤਾਨ ਨੇ ਕਿਹੜੀ ਗੱਲ ’ਤੇ ਸ਼ੱਕ ਪੈਦਾ ਕੀਤਾ?

9 ਸ਼ਤਾਨ ਨੇ ਝੂਠ ਬੋਲ ਕੇ ਅਤੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਤੋਂ ਦੂਰ ਕਰ ਕੇ ਇਹ ਸਵਾਲ ਖੜ੍ਹਾ ਕੀਤਾ ਕਿ ਯਹੋਵਾਹ ਦਾ ਹੱਕ ਨਹੀਂ ਬਣਦਾ ਕਿ ਲੋਕ ਉਸ ਦੀ ਆਗਿਆ ਮੰਨਣ। ਇਸ ਤੋਂ ਇਲਾਵਾ, ਪਹਿਲੇ ਮਨੁੱਖੀ ਜੋੜੇ ਨੂੰ ਪਰਮੇਸ਼ੁਰ ਖ਼ਿਲਾਫ਼ ਭਰਮਾ ਕੇ ਸ਼ਤਾਨ ਨੇ ਇਹ ਵੀ ਸ਼ੱਕ ਪੈਦਾ ਕੀਤਾ ਕਿ ਸਾਰੇ ਦੂਤ ਅਤੇ ਇਨਸਾਨ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿਣਗੇ। ਅਸੀਂ ਅੱਯੂਬ—ਜੋ ਯਹੋਵਾਹ ਦੀ ਹਕੂਮਤ ਪ੍ਰਤਿ ਵਫ਼ਾਦਾਰ ਸੀ—ਦੇ ਤਜਰਬੇ ਤੋਂ ਜਾਣਦੇ ਹਾਂ ਕਿ ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਉਹ ਸਾਰੇ ਇਨਸਾਨਾਂ ਨੂੰ ਯਹੋਵਾਹ ਤੋਂ ਦੂਰ ਕਰ ਸਕਦਾ ਹੈ।—ਅੱਯੂ. 2:1-5.

10. ਆਪਣਾ ਹੱਕ ਜਤਾਉਣ ਦੀ ਬਜਾਇ ਪਰਮੇਸ਼ੁਰ ਨੇ ਕੀ ਕੀਤਾ?

10 ਸ਼ਤਾਨ ਨੂੰ ਉਸੇ ਵੇਲੇ ਖ਼ਤਮ ਕਰ ਕੇ ਆਪਣਾ ਹੱਕ ਜਤਾਉਣ ਦੀ ਬਜਾਇ, ਯਹੋਵਾਹ ਨੇ ਉਸ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਲਈ ਸਮਾਂ ਦਿੱਤਾ। ਪਰਮੇਸ਼ੁਰ ਨੇ ਇਨਸਾਨਾਂ ਨੂੰ ਵੀ ਇਹ ਦਿਖਾਉਣ ਦਾ ਮੌਕਾ ਦਿੱਤਾ ਕਿ ਉਹ ਉਸ ਦੀ ਹਕੂਮਤ ਪ੍ਰਤਿ ਵਫ਼ਾਦਾਰ ਰਹਿਣਗੇ ਜਾਂ ਨਹੀਂ। ਸਦੀਆਂ ਦੇ ਬੀਤਣ ਨਾਲ ਕੀ ਹੋਇਆ ਹੈ? ਸ਼ਤਾਨ ਨੇ ਇਕ ਤਾਕਤਵਰ ਗ਼ੈਰ-ਕਾਨੂੰਨੀ ਸੰਸਥਾ ਬਣਾਈ ਹੈ। ਸਮਾਂ ਆਉਣ ਤੇ ਯਹੋਵਾਹ ਸ਼ਤਾਨ ਅਤੇ ਉਸ ਦੀ ਸੰਸਥਾ ਨੂੰ ਨਾਸ਼ ਕਰ ਦੇਵੇਗਾ ਜਿਸ ਤੋਂ ਸਾਬਤ ਹੋ ਜਾਵੇਗਾ ਕਿ ਪਰਮੇਸ਼ੁਰ ਹੀ ਰਾਜ ਕਰਨ ਦਾ ਹੱਕ ਰੱਖਦਾ ਹੈ। ਇਸ ਗੱਲ ਦਾ ਯਹੋਵਾਹ ਪਰਮੇਸ਼ੁਰ ਨੂੰ ਪੱਕਾ ਯਕੀਨ ਸੀ ਜਿਸ ਬਾਰੇ ਉਸ ਨੇ ਉਸੇ ਵੇਲੇ ਭਵਿੱਖਬਾਣੀ ਕਰ ਦਿੱਤੀ ਸੀ ਜਦੋਂ ਅਦਨ ਦੇ ਬਾਗ਼ ਵਿਚ ਬਗਾਵਤ ਹੋਈ ਸੀ।—ਉਤ. 3:15.

11. ਯਹੋਵਾਹ ਦੀ ਹਕੂਮਤ ਦੇ ਸੰਬੰਧ ਵਿਚ ਬਹੁਤ ਸਾਰੇ ਮਨੁੱਖਾਂ ਨੇ ਕੀ ਕੀਤਾ ਹੈ?

11 ਬਹੁਤ ਸਾਰੇ ਇਨਸਾਨਾਂ ਨੇ ਨਿਹਚਾ ਕੀਤੀ ਹੈ, ਯਹੋਵਾਹ ਦੀ ਹਕੂਮਤ ਪ੍ਰਤਿ ਵਫ਼ਾਦਾਰੀ ਬਣਾਈ ਰੱਖੀ ਹੈ ਅਤੇ ਉਸ ਦੇ ਨਾਂ ਨੂੰ ਉੱਚਾ ਕੀਤਾ ਹੈ। ਇਨ੍ਹਾਂ ਵਿਚ ਹਨ ਹਾਬਲ, ਹਨੋਕ, ਨੂਹ, ਅਬਰਾਹਾਮ, ਸਾਰਾਹ, ਮੂਸਾ, ਰੂਥ, ਦਾਊਦ, ਯਿਸੂ, ਉਸ ਦੇ ਮੁਢਲੇ ਚੇਲੇ ਅਤੇ ਅੱਜ ਦੇ ਲੱਖਾਂ ਹੀ ਵਫ਼ਾਦਾਰ ਸੇਵਕ। ਪਰਮੇਸ਼ੁਰ ਦੀ ਹਕੂਮਤ ਦਾ ਪੱਖ ਲੈਣ ਵਾਲੇ ਇਨ੍ਹਾਂ ਸੇਵਕਾਂ ਨੇ ਸ਼ਤਾਨ ਨੂੰ ਝੂਠਾ ਸਾਬਤ ਕਰਨ ਅਤੇ ਪਰਮੇਸ਼ੁਰ ਦੇ ਨਾਂ ’ਤੇ ਲਾਏ ਕਲੰਕ ਨੂੰ ਮਿਟਾਉਣ ਵਿਚ ਹਿੱਸਾ ਪਾਇਆ ਹੈ। ਸ਼ਤਾਨ ਨੇ ਸ਼ੇਖ਼ੀ ਮਾਰੀ ਸੀ ਕਿ ਉਹ ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਤੋਂ ਦੂਰ ਕਰ ਸਕਦਾ ਸੀ।—ਕਹਾ. 27:11.

ਸਾਨੂੰ ਨਾਟਕ ਦੇ ਅੰਤ ਦਾ ਪਤਾ ਹੈ

12. ਅਸੀਂ ਕਿਵੇਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਹਮੇਸ਼ਾ ਲਈ ਬੁਰਾਈ ਨੂੰ ਬਰਦਾਸ਼ਤ ਨਹੀਂ ਕਰੇਗਾ?

12 ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਜਲਦੀ ਹੀ ਆਪਣਾ ਹੱਕ ਜਤਾਵੇਗਾ। ਉਹ ਹਮੇਸ਼ਾ ਲਈ ਬੁਰਾਈ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਜਲ-ਪਰਲੋ ਦੌਰਾਨ ਯਹੋਵਾਹ ਨੇ ਬੁਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਸੀ। ਉਸ ਨੇ ਸਦੂਮ ਤੇ ਅਮੂਰਾਹ ਅਤੇ ਫ਼ਿਰਊਨ ਤੇ ਉਸ ਦੀ ਫ਼ੌਜ ਦਾ ਨਾਸ਼ ਕੀਤਾ ਸੀ। ਸੀਸਰਾ ਤੇ ਉਸ ਦੀ ਸੈਨਾ ਅਤੇ ਸਨਹੇਰੀਬ ਤੇ ਉਸ ਦੀਆਂ ਅੱਸ਼ੂਰੀ ਫ਼ੌਜਾਂ ਅੱਤ ਮਹਾਨ ਦਾ ਮੁਕਾਬਲਾ ਨਹੀਂ ਕਰ ਸਕੀਆਂ। (ਉਤ. 7:1, 23; 19:24, 25; ਕੂਚ 14:30, 31; ਨਿਆ. 4:15, 16; 2 ਰਾਜ. 19:35, 36) ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹਮੇਸ਼ਾ ਲਈ ਆਪਣੇ ਨਾਂ ਦਾ ਨਿਰਾਦਰ ਅਤੇ ਆਪਣੇ ਗਵਾਹਾਂ ਨਾਲ ਹੁੰਦਾ ਬੁਰਾ ਸਲੂਕ ਬਰਦਾਸ਼ਤ ਨਹੀਂ ਕਰੇਗਾ। ਇਸ ਦੇ ਨਾਲ-ਨਾਲ ਅਸੀਂ ਇਹ ਲੱਛਣ ਦੇਖਦੇ ਹਾਂ ਕਿ ਯਿਸੂ ਰਾਜ-ਸੱਤਾ ਵਿਚ ਆ ਚੁੱਕਾ ਹੈ ਅਤੇ ਇਸ ਬੁਰੀ ਦੁਨੀਆਂ ਦਾ ਅੰਤ ਨੇੜੇ ਹੈ।—ਮੱਤੀ 24:3.

13. ਅਸੀਂ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਨਾਸ਼ ਹੋਣ ਤੋਂ ਕਿਵੇਂ ਬਚ ਸਕਦੇ ਹਾਂ?

13 ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਨਾਸ਼ ਹੋਣ ਤੋਂ ਬਚਣ ਲਈ ਸਾਨੂੰ ਯਹੋਵਾਹ ਦੀ ਹਕੂਮਤ ਪ੍ਰਤਿ ਆਪਣੀ ਵਫ਼ਾਦਾਰੀ ਸਾਬਤ ਕਰਨੀ ਪਵੇਗੀ। ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਸ਼ਤਾਨ ਦੀ ਬੁਰੀ ਹਕੂਮਤ ਤੋਂ ਅਲੱਗ ਰਹਿ ਕੇ ਅਤੇ ਉਸ ਦਾ ਪੱਖ ਲੈਣ ਵਾਲਿਆਂ ਦੀਆਂ ਧਮਕੀਆਂ ਤੋਂ ਨਾ ਡਰ ਕੇ। (ਯਸਾ. 52:11; ਯੂਹੰ. 17:16; ਰਸੂ. 5:29) ਇਸ ਤਰ੍ਹਾਂ ਕਰਕੇ ਹੀ ਅਸੀਂ ਆਪਣੇ ਸਵਰਗੀ ਪਿਤਾ ਦੀ ਹਕੂਮਤ ਨੂੰ ਉੱਚਾ ਕਰ ਸਕਦੇ ਹਾਂ। ਅਸੀਂ ਬਚਣ ਦੀ ਉਮੀਦ ਰੱਖ ਸਕਦੇ ਹਾਂ ਜਦੋਂ ਯਹੋਵਾਹ ਆਪਣੇ ਨਾਂ ’ਤੇ ਲੱਗੇ ਧੱਬੇ ਨੂੰ ਮਿਟਾਵੇਗਾ ਅਤੇ ਦਿਖਾਵੇਗਾ ਕਿ ਉਹੀ ਸਾਰੇ ਜਹਾਨ ਦਾ ਮਾਲਕ ਹੈ।

14. ਬਾਈਬਲ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਕੀ ਦੱਸਿਆ ਗਿਆ ਹੈ?

14 ਸਾਰੀ ਬਾਈਬਲ ਵਿਚ ਮਨੁੱਖਜਾਤੀ ਅਤੇ ਯਹੋਵਾਹ ਦੀ ਹਕੂਮਤ ਬਾਰੇ ਜਾਣਕਾਰੀ ਪਾਈ ਜਾਂਦੀ ਹੈ। ਬਾਈਬਲ ਦੇ ਪਹਿਲੇ ਤਿੰਨ ਅਧਿਆਇ ਸ੍ਰਿਸ਼ਟੀ ਅਤੇ ਇਨਸਾਨ ਦੇ ਪਾਪ ਕਰਨ ਬਾਰੇ ਦੱਸਦੇ ਹਨ, ਜਦ ਕਿ ਆਖ਼ਰੀ ਤਿੰਨ ਅਧਿਆਵਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖਜਾਤੀ ਨੂੰ ਪਹਿਲਾਂ ਵਾਂਗ ਮੁਕੰਮਲ ਬਣਾਇਆ ਜਾਵੇਗਾ। ਬਾਈਬਲ ਦੇ ਵਿਚਕਾਰਲੇ ਸਫ਼ਿਆਂ ਵਿਚ ਜਾਣਕਾਰੀ ਮਿਲਦੀ ਹੈ ਕਿ ਅੱਤ ਮਹਾਨ ਯਹੋਵਾਹ ਨੇ ਮਨੁੱਖਜਾਤੀ, ਧਰਤੀ ਅਤੇ ਬ੍ਰਹਿਮੰਡ ਬਾਰੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕਿਹੜੇ ਕਦਮ ਉਠਾਏ ਹਨ। ਉਤਪਤ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਅਤੇ ਬੁਰਾਈ ਕਿਵੇਂ ਦੁਨੀਆਂ ਵਿਚ ਆਏ ਅਤੇ ਪਰਕਾਸ਼ ਦੀ ਪੋਥੀ ਦੇ ਅਖ਼ੀਰਲੇ ਭਾਗ ਵਿਚ ਪਤਾ ਲੱਗਦਾ ਹੈ ਕਿ ਬੁਰਾਈ ਤੇ ਸ਼ਤਾਨ ਨੂੰ ਕਿਵੇਂ ਖ਼ਤਮ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਦੀ ਇੱਛਾ ਧਰਤੀ ਉੱਤੇ ਉਸੇ ਤਰ੍ਹਾਂ ਕਿਵੇਂ ਪੂਰੀ ਹੋਵੇਗੀ ਜਿਵੇਂ ਸਵਰਗ ਵਿਚ ਹੁੰਦੀ ਹੈ। ਹਾਂ, ਬਾਈਬਲ ਸਾਨੂੰ ਪਾਪ ਅਤੇ ਮੌਤ ਦੀ ਜੜ੍ਹ ਬਾਰੇ ਅਤੇ ਧਰਤੀ ਉੱਤੋਂ ਇਨ੍ਹਾਂ ਨੂੰ ਮਿਟਾਉਣ ਬਾਰੇ ਦੱਸਦੀ ਹੈ ਜਿਸ ਤੋਂ ਬਾਅਦ ਵਫ਼ਾਦਾਰ ਲੋਕ ਧਰਤੀ ਉੱਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਹਮੇਸ਼ਾ ਲਈ ਆਨੰਦ ਮਾਣਨਗੇ।

15. ਸਾਨੂੰ ਕੀ ਕਰਨ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਹਕੂਮਤ ਸੰਬੰਧੀ ਚੱਲ ਰਿਹਾ ਨਾਟਕ ਖ਼ਤਮ ਹੋਣ ਤੇ ਸਾਨੂੰ ਫ਼ਾਇਦਾ ਹੋਵੇ?

15 ਜਲਦੀ ਹੀ ਇਸ ਦੁਨੀਆਂ ਦਾ ਰੰਗ-ਢੰਗ ਪੂਰੀ ਤਰ੍ਹਾਂ ਬਦਲ ਜਾਵੇਗਾ। ਪਰਮੇਸ਼ੁਰ ਦੀ ਹਕੂਮਤ ਸੰਬੰਧੀ ਚੱਲ ਰਿਹਾ ਸਦੀਆਂ ਪੁਰਾਣਾ ਨਾਟਕ ਖ਼ਤਮ ਹੋ ਜਾਵੇਗਾ। ਸ਼ਤਾਨ ਨੂੰ ਸਟੇਜ ਤੋਂ ਹਟਾ ਦਿੱਤਾ ਜਾਵੇਗਾ ਤੇ ਅਖ਼ੀਰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਅਤੇ ਫਿਰ ਹਰ ਪਾਸੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ। ਪਰ ਇਸ ਸਭ ਕਾਸੇ ਤੋਂ ਫ਼ਾਇਦਾ ਉਠਾਉਣ ਅਤੇ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਬਰਕਤਾਂ ਪਾਉਣ ਲਈ, ਸਾਨੂੰ ਹੁਣ ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਦੀ ਲੋੜ ਹੈ। ਅਸੀਂ ਦੁਚਿੱਤੇ ਨਹੀਂ ਹੋ ਸਕਦੇ। ਜੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ‘ਯਹੋਵਾਹ ਮੇਰੇ ਵੱਲ ਹੈ,’ ਤਾਂ ਸਾਨੂੰ ਵੀ ਉਸ ਦੇ ਪੱਖ ਵਿਚ ਰਹਿਣਾ ਪਵੇਗਾ।—ਜ਼ਬੂ. 118:6, 7.

ਅਸੀਂ ਵਫ਼ਾਦਾਰ ਰਹਿ ਸਕਦੇ ਹਾਂ!

16. ਅਸੀਂ ਕਿਉਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਇਨਸਾਨਾਂ ਲਈ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਸੰਭਵ ਹੈ?

16 ਅਸੀਂ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਕੇ ਆਪਣੀ ਵਫ਼ਾਦਾਰੀ ਬਣਾਈ ਰੱਖ ਸਕਦੇ ਹਾਂ ਕਿਉਂਕਿ ਪੌਲੁਸ ਰਸੂਲ ਨੇ ਲਿਖਿਆ ਸੀ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰ. 10:13) ਪੌਲੁਸ ਨੇ ਕਿਸ ਤਰ੍ਹਾਂ ਦੇ ਪਰਤਾਵੇ ਦਾ ਜ਼ਿਕਰ ਕੀਤਾ ਅਤੇ ਪਰਮੇਸ਼ੁਰ ਬਚ ਜਾਣ ਦਾ ਉਪਾਅ ਕਿਵੇਂ ਕੱਢਦਾ ਹੈ?

17-19. (ੳ) ਉਜਾੜ ਵਿਚ ਇਸਰਾਏਲੀ ਕਿਹੜੇ ਪਰਤਾਵਿਆਂ ਅੱਗੇ ਝੁਕ ਗਏ? (ਅ) ਸਾਡੇ ਲਈ ਯਹੋਵਾਹ ਪ੍ਰਤਿ ਵਫ਼ਾਦਾਰੀ ਬਣਾਈ ਰੱਖਣੀ ਕਿਉਂ ਸੰਭਵ ਹੈ?

17 ਉਜਾੜ ਵਿਚ ਇਸਰਾਏਲੀਆਂ ਨਾਲ ਹੋਏ ਤਜਰਬੇ ਤੋਂ ਦੇਖਿਆ ਜਾ ਸਕਦਾ ਹੈ ਕਿ “ਪਰਤਾਵਾ” ਉਨ੍ਹਾਂ ਹਾਲਾਤਾਂ ਵਿਚ ਆ ਸਕਦਾ ਹੈ ਜਿਨ੍ਹਾਂ ਵਿਚ ਸਾਡੇ ਤੋਂ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਹੋ ਸਕਦੀ ਹੈ। (1 ਕੁਰਿੰਥੀਆਂ 10:6-10 ਪੜ੍ਹੋ।) ਇਸਰਾਏਲੀ ਪਰਤਾਵੇ ਵਿਚ ਪੈਣ ਤੋਂ ਬਚ ਸਕਦੇ ਸਨ, ਪਰ ਉਨ੍ਹਾਂ ਨੇ “ਮਾੜੀਆਂ ਗੱਲਾਂ” ਦੀ ਇੱਛਾ ਕੀਤੀ ਜਦੋਂ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਇਕ ਮਹੀਨੇ ਲਈ ਖਾਣ ਵਾਸਤੇ ਬਟੇਰੇ ਦਿੱਤੇ। ਭਾਵੇਂ ਲੋਕ ਕੁਝ ਸਮੇਂ ਤਕ ਮੀਟ ਤੋਂ ਬਗੈਰ ਜੀ ਰਹੇ ਸਨ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਖਾਣ ਲਈ ਕਾਫ਼ੀ ਮੰਨ ਦਿੱਤਾ ਸੀ। ਪਰ ਉਹ ਪਰਤਾਵੇ ਅੱਗੇ ਝੁਕ ਗਏ ਜਦੋਂ ਉਨ੍ਹਾਂ ਨੇ ਬੇਸਬਰੇ ਹੋ ਕੇ ਬਟੇਰੇ ਇਕੱਠੇ ਕਰਨ ਦਾ ਲਾਲਚ ਕੀਤਾ।—ਗਿਣ. 11:19, 20, 31-35.

18 ਪਹਿਲਾਂ ਵੀ ਜਦੋਂ ਮੂਸਾ ਨੂੰ ਸੀਨਈ ਪਹਾੜ ਉੱਤੇ ਬਿਵਸਥਾ ਦਿੱਤੀ ਜਾ ਰਹੀ ਸੀ, ਉਦੋਂ ਇਸਰਾਏਲੀ ਵੱਛੇ ਦੀ ਪੂਜਾ ਅਤੇ ਮੌਜ-ਮਸਤੀ ਕਰਨ ਲੱਗ ਪਏ। ਮੂਸਾ ਦੀ ਗ਼ੈਰ-ਮੌਜੂਦਗੀ ਵਿਚ ਲੋਕਾਂ ਨੇ ਆਪਣੇ ’ਤੇ ਕਾਬੂ ਨਹੀਂ ਰੱਖਿਆ ਤੇ ਇਸ ਪਰਤਾਵੇ ਵਿਚ ਪੈ ਗਏ। (ਕੂਚ 32:1, 6) ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਕੁਝ ਹੀ ਚਿਰ ਪਹਿਲਾਂ ਹਜ਼ਾਰਾਂ ਹੀ ਇਸਰਾਏਲੀਆਂ ਨੂੰ ਮੋਆਬੀ ਤੀਵੀਆਂ ਨੇ ਲੁਭਾ ਲਿਆ ਜਿਨ੍ਹਾਂ ਨਾਲ ਉਨ੍ਹਾਂ ਨੇ ਜਿਨਸੀ ਸੰਬੰਧ ਕਾਇਮ ਕੀਤੇ। ਆਪਣੇ ਇਸ ਪਾਪ ਕਾਰਨ ਉਸ ਮੌਕੇ ਤੇ ਹਜ਼ਾਰਾਂ ਹੀ ਇਸਰਾਏਲੀ ਮਾਰੇ ਗਏ। (ਗਿਣ. 25:1, 9) ਕਦੇ-ਕਦੇ ਇਸਰਾਏਲ ਦੇ ਲੋਕ ਬਾਗ਼ੀ ਹੋ ਕੇ ਸ਼ਿਕਾਇਤ ਕਰਨ ਦੇ ਪਰਤਾਵੇ ਵਿਚ ਪੈ ਜਾਂਦੇ ਸਨ। ਇਕ ਵਾਰ ਉਹ ਮੂਸਾ ਅਤੇ ਪਰਮੇਸ਼ੁਰ ਦੇ ਖ਼ਿਲਾਫ਼ ਵੀ ਬੋਲੇ ਸਨ। (ਗਿਣ. 21:5) ਦੁਸ਼ਟ ਕੋਰਹ, ਦਾਥਾਨ, ਅਬੀਰਾਮ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਸ਼ ਹੋਣ ਤੋਂ ਬਾਅਦ ਇਸਰਾਏਲੀ ਬੁੜਬੁੜਾਉਣ ਲੱਗ ਪਏ ਸਨ। ਉਹ ਗ਼ਲਤ ਸੋਚਣ ਲੱਗ ਪਏ ਸਨ ਕਿ ਉਨ੍ਹਾਂ ਬਾਗ਼ੀਆਂ ਨੂੰ ਦਿੱਤੀ ਸਜ਼ਾ ਬੇਇਨਸਾਫ਼ੀ ਸੀ। ਨਤੀਜੇ ਵਜੋਂ, 14,700 ਇਸਰਾਏਲੀ ਪਰਮੇਸ਼ੁਰ ਵੱਲੋਂ ਭੇਜੀ ਬਵਾ ਨਾਲ ਨਸ਼ਟ ਹੋ ਗਏ।—ਗਿਣ. 16:41, 49.

19 ਉੱਪਰ ਜ਼ਿਕਰ ਕੀਤੇ ਪਰਤਾਵੇ ਇਸ ਤਰ੍ਹਾਂ ਦੇ ਨਹੀਂ ਸਨ ਜਿਨ੍ਹਾਂ ਅੱਗੇ ਝੁਕਣ ਤੋਂ ਇਸਰਾਏਲੀ ਬਚ ਨਹੀਂ ਸੀ ਸਕਦੇ। ਪਰ ਲੋਕੀ ਪਰਤਾਵੇ ਅੱਗੇ ਝੁਕ ਗਏ ਕਿਉਂਕਿ ਉਨ੍ਹਾਂ ਨੇ ਨਿਹਚਾ ਕਰਨੀ ਛੱਡ ਦਿੱਤੀ ਅਤੇ ਉਹ ਯਹੋਵਾਹ, ਉਸ ਵੱਲੋਂ ਪਿਆਰ ਨਾਲ ਕੀਤੀ ਦੇਖ-ਭਾਲ ਅਤੇ ਉਸ ਦੇ ਸਹੀ ਰਸਤਿਆਂ ਨੂੰ ਭੁੱਲ ਗਏ। ਇਸਰਾਏਲੀਆਂ ਵਾਂਗ ਪਰਤਾਵੇ ਤਾਂ ਸਾਰਿਆਂ ਉੱਤੇ ਆਉਂਦੇ ਹਨ। ਜੇ ਅਸੀਂ ਉਨ੍ਹਾਂ ਤੋਂ ਬਚਣ ਲਈ ਪੂਰਾ ਜਤਨ ਕਰੀਏ ਅਤੇ ਬਚਾਓ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ, ਤਾਂ ਅਸੀਂ ਵਫ਼ਾਦਾਰੀ ਬਣਾਈ ਰੱਖ ਸਕਦੇ ਹਾਂ। ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ “ਪਰਮੇਸ਼ੁਰ ਵਫ਼ਾਦਾਰ ਹੈ” ਅਤੇ ਸਾਨੂੰ ‘ਸ਼ਕਤੀਓਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਜੋ ਅਸੀਂ ਝੱਲ ਨਹੀਂ ਸਕਦੇ।’ ਯਹੋਵਾਹ ਸਾਨੂੰ ਕਦੇ ਵੀ ਅਜਿਹੇ ਹਾਲਾਤਾਂ ਵਿਚ ਨਹੀਂ ਛੱਡੇਗਾ ਜਿਨ੍ਹਾਂ ਵਿਚ ਉਸ ਦੀ ਇੱਛਾ ਪੂਰੀ ਕਰਨੀ ਸਾਡੇ ਲਈ ਨਾਮੁਮਕਿਨ ਹੈ।—ਜ਼ਬੂ. 94:14.

20, 21. ਜਦ ਅਸੀਂ ਪਰਤਾਏ ਜਾਂਦੇ ਹਾਂ, ਤਾਂ ਪਰਮੇਸ਼ੁਰ ਕਿਸ ਤਰ੍ਹਾਂ “ਬਚ ਜਾਣ ਦਾ ਉਪਾਓ” ਕੱਢਦਾ ਹੈ?

20 ਯਹੋਵਾਹ ਸਾਨੂੰ ਪਰਤਾਵੇ ਦਾ ਸਾਮ੍ਹਣਾ ਕਰਨ ਦੀ ਤਾਕਤ ਦੇ ਕੇ ‘ਬਚ ਜਾਣ ਦਾ ਉਪਾਓ ਕੱਢਦਾ’ ਹੈ। ਮਿਸਾਲ ਲਈ, ਸਾਨੂੰ ਸਤਾਉਣ ਵਾਲੇ ਸ਼ਾਇਦ ਸਾਨੂੰ ਮਾਰਨ-ਕੁੱਟਣ ਤਾਂਕਿ ਅਸੀਂ ਨਿਹਚਾ ਕਰਨੀ ਛੱਡ ਦੇਈਏ। ਅਜਿਹੇ ਸਲੂਕ ਕਾਰਨ ਅਸੀਂ ਸ਼ਾਇਦ ਸਮਝੌਤਾ ਕਰਨ ਦੇ ਪਰਤਾਵੇ ਵਿਚ ਪੈ ਜਾਈਏ ਤਾਂਕਿ ਅਸੀਂ ਹੋਰ ਕੁੱਟ ਖਾਣ, ਤਸੀਹੇ ਝੱਲਣ ਜਾਂ ਮਰਨ ਤੋਂ ਬਚ ਜਾਈਏ। ਪਰ 1 ਕੁਰਿੰਥੀਆਂ 10:13 ਵਿਚ ਦਿੱਤੇ ਪੌਲੁਸ ਦੇ ਭਰੋਸੇ ਤੋਂ ਅਸੀਂ ਜਾਣਦੇ ਹਾਂ ਕਿ ਪਰਤਾਵੇ ਵਿਚ ਪਾਉਣ ਵਾਲੀ ਸਥਿਤੀ ਥੋੜ੍ਹੇ ਚਿਰ ਲਈ ਹੁੰਦੀ ਹੈ। ਯਹੋਵਾਹ ਇਸ ਸਥਿਤੀ ਨੂੰ ਉਸ ਹੱਦ ਤਕ ਨਹੀਂ ਵਿਗੜਨ ਦੇਵੇਗਾ ਜਦ ਅਸੀਂ ਉਸ ਪ੍ਰਤਿ ਵਫ਼ਾਦਾਰ ਨਹੀਂ ਰਹਿ ਸਕਦੇ। ਪਰਮੇਸ਼ੁਰ ਸਾਡੀ ਨਿਹਚਾ ਮਜ਼ਬੂਤ ਕਰ ਸਕਦਾ ਹੈ ਅਤੇ ਵਫ਼ਾਦਾਰ ਰਹਿਣ ਲਈ ਲੋੜੀਂਦੀ ਤਾਕਤ ਦੇ ਸਕਦਾ ਹੈ।

21 ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਨੂੰ ਸੰਭਾਲਦਾ ਹੈ। ਇਹ ਸ਼ਕਤੀ ਸਾਨੂੰ ਬਾਈਬਲ ਦੀਆਂ ਗੱਲਾਂ ਵੀ ਯਾਦ ਕਰਾਉਂਦੀ ਹੈ ਜੋ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਜ਼ਰੂਰੀ ਹਨ। (ਯੂਹੰ. 14:26) ਇਸ ਲਈ ਅਸੀਂ ਧੋਖੇ ਵਿਚ ਆ ਕੇ ਗ਼ਲਤ ਕੰਮ ਨਹੀਂ ਕਰਦੇ। ਮਿਸਾਲ ਲਈ, ਅਸੀਂ ਯਹੋਵਾਹ ਦੀ ਪ੍ਰਭੂਸੱਤਾ ਅਤੇ ਮਨੁੱਖਾਂ ਦੀ ਵਫ਼ਾਦਾਰੀ ਨਾਲ ਸੰਬੰਧਿਤ ਵਿਸ਼ਿਆਂ ਨੂੰ ਸਮਝਦੇ ਹਾਂ। ਇਸ ਗਿਆਨ ਸਦਕਾ ਅਤੇ ਪਰਮੇਸ਼ੁਰ ਦੀ ਮਦਦ ਨਾਲ ਬਹੁਤ ਸਾਰੇ ਲੋਕਾਂ ਨੇ ਮੌਤ ਤਾਈਂ ਵਫ਼ਾਦਾਰੀ ਬਣਾਈ ਰੱਖੀ। ਪਰ ਇਹ ਮੌਤ ਨਹੀਂ ਸੀ ਜੋ ਉਨ੍ਹਾਂ ਵਾਸਤੇ ਬਚਣ ਦਾ ਉਪਾਅ ਸੀ, ਸਗੋਂ ਯਹੋਵਾਹ ਦੀ ਮਦਦ ਨਾਲ ਉਹ ਪਰਤਾਵੇ ਅੱਗੇ ਝੁਕੇ ਬਗੈਰ ਅੰਤ ਤਕ ਸਹਿੰਦੇ ਰਹੇ। ਸਾਡੇ ਨਾਲ ਵੀ ਉਹ ਇਸੇ ਤਰ੍ਹਾਂ ਕਰ ਸਕਦਾ ਹੈ। ਅਸਲ ਵਿਚ ਉਹ ਸਾਡੀ ਸੇਵਾ ਵਾਸਤੇ ਆਪਣੇ ਵਫ਼ਾਦਾਰ ਦੂਤਾਂ ਨੂੰ ਵੀ ਵਰਤਦਾ ਹੈ ਜੋ ‘ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ।’ (ਇਬ. 1:14) ਅਗਲਾ ਲੇਖ ਦੱਸਦਾ ਹੈ ਕਿ ਸਿਰਫ਼ ਵਫ਼ਾਦਾਰ ਲੋਕ ਹੀ ਹਮੇਸ਼ਾ ਵਾਸਤੇ ਪਰਮੇਸ਼ੁਰ ਦੀ ਹਕੂਮਤ ਦੀ ਹਿਮਾਇਤ ਕਰਨ ਦਾ ਸਨਮਾਨ ਪਾਉਣ ਦੀ ਉਮੀਦ ਰੱਖ ਸਕਦੇ ਹਨ। ਅਸੀਂ ਵੀ ਉਨ੍ਹਾਂ ਵਿਚ ਗਿਣੇ ਜਾ ਸਕਦੇ ਹਾਂ ਜੇ ਅਸੀਂ ਆਪਣੇ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਨਾਲ ਚਿੰਬੜੇ ਰਹਿੰਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਯਹੋਵਾਹ ਨੂੰ ਆਪਣਾ ਅੱਤ ਮਹਾਨ ਪਰਮੇਸ਼ੁਰ ਕਿਉਂ ਸਮਝਣਾ ਚਾਹੀਦਾ ਹੈ?

• ਪਰਮੇਸ਼ੁਰ ਪ੍ਰਤਿ ਵਫ਼ਾਦਾਰੀ ਬਣਾਈ ਰੱਖਣ ਦਾ ਕੀ ਮਤਲਬ ਹੈ?

• ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਜਲਦੀ ਹੀ ਆਪਣਾ ਹੱਕ ਜਤਾਵੇਗਾ?

1 ਕੁਰਿੰਥੀਆਂ 10:13 ਨੂੰ ਧਿਆਨ ਵਿਚ ਰੱਖਦੇ ਹੋਏ ਵਫ਼ਾਦਾਰੀ ਬਣਾਈ ਰੱਖਣੀ ਕਿਉਂ ਸੰਭਵ ਹੈ?

[ਸਵਾਲ]

[ਸਫ਼ਾ 24 ਉੱਤੇ ਤਸਵੀਰ]

ਸ਼ਤਾਨ ਨੇ ਆਦਮ ਅਤੇ ਹੱਵਾਹ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਲਈ ਭਰਮਾਇਆ।

[ਸਫ਼ਾ 26 ਉੱਤੇ ਤਸਵੀਰ]

ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਦਾ ਪੱਕਾ ਇਰਾਦਾ ਕਰੋ