Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਇਕ ਐਸਾ ਰਾਜ਼ ਜੋ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ

ਇਕ ਐਸਾ ਰਾਜ਼ ਜੋ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ

ਕੀ ਤੁਸੀਂ ਇਕ ਰਾਜ਼ ਜਾਣਨਾ ਚਾਹੁੰਦੇ ਹੋ?— * ਮੈਂ ਤੁਹਾਨੂੰ ਇਕ ਰਾਜ਼ ਦੱਸਣਾ ਚਾਹੁੰਦਾ ਹਾਂ। ਬਾਈਬਲ ਵਿਚ ਇਕ ਪਵਿੱਤਰ ਭੇਤ ਬਾਰੇ ਦੱਸਿਆ ਗਿਆ ਹੈ “ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ।” (ਰੋਮੀਆਂ 16:25) ਸ਼ੁਰੂ ਵਿਚ ਸਿਰਫ਼ ਪਰਮੇਸ਼ੁਰ ਨੂੰ ਇਸ ਗੁਪਤ ਰਾਜ਼ ਬਾਰੇ ਪਤਾ ਸੀ। ਆਓ ਆਪਾਂ ਦੇਖੀਏ ਕਿ ਇਹ ਗੁਪਤ ਰਾਜ਼ ਬਾਰੇ ਦੂਸਰਿਆਂ ਨੂੰ ਕਿਵੇਂ ਪਤਾ ਲੱਗਾ।

ਕੀ ਤੁਹਾਨੂੰ ਪਤਾ ਹੈ ਕਿ ਪਵਿੱਤਰ ਦਾ ਮਤਲਬ ਕੀ ਹੁੰਦਾ ਹੈ?— ਇਸ ਦਾ ਮਤਲਬ ਹੈ ਸਾਫ਼, ਪਾਕ ਜਾਂ ਕੁਝ ਖ਼ਾਸ। ਸੋ ਇਹ ਭੇਤ ਇਸ ਲਈ ਪਵਿੱਤਰ ਹੈ ਕਿਉਂਕਿ ਇਹ ਪਰਮੇਸ਼ੁਰ ਵੱਲੋਂ ਹੈ ਜੋ ਪਵਿੱਤਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਇਸ ਖ਼ਾਸ ਭੇਤ ਨੂੰ ਜਾਣਨਾ ਚਾਹੁੰਦਾ ਸੀ?— ਦੂਤ। ਬਾਈਬਲ ਕਹਿੰਦੀ ਹੈ: “ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਹਨ!” ਹਾਂ, ਉਹ ਇਹ ਪਵਿੱਤਰ ਰਾਜ਼ ਜਾਣਨਾ ਚਾਹੁੰਦੇ ਸਨ।—1 ਪਤਰਸ 1:12.

ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਉਸ ਨੇ ਇਸ ਰਾਜ਼ ਬਾਰੇ ਗੱਲ ਕੀਤੀ ਸੀ ਅਤੇ ਸਮਝਾਇਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ।” (ਮਰਕੁਸ 4:11) ਕੀ ਤੁਸੀਂ ਦੇਖਿਆ ਕਿ ਇਹ ਪਵਿੱਤਰ ਰਾਜ਼ ਕਿਸ ਦੇ ਬਾਰੇ ਹੈ?— ਇਹ ਪਰਮੇਸ਼ੁਰ ਦੇ ਰਾਜ ਬਾਰੇ ਹੈ ਜਿਸ ਲਈ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ!—ਮੱਤੀ 6:9, 10.

ਤੁਹਾਡੇ ਖ਼ਿਆਲ ਵਿਚ ਦੂਤ ਕੀ ਜਾਣਨਾ ਚਾਹੁੰਦੇ ਸਨ?

ਆਓ ਆਪਾਂ ਦੇਖੀਏ ਕਿ ਧਰਤੀ ’ਤੇ ਯਿਸੂ ਦੇ ਆਉਣ ਤਕ ਇਹ ਭੇਤ “ਸਨਾਤਨ ਸਮੇਂ” ਤੋਂ ਕਿਵੇਂ ਗੁਪਤ ਰੱਖਿਆ ਗਿਆ ਸੀ। ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ, ਤਾਂ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢਿਆ ਗਿਆ। ਫਿਰ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਪਤਾ ਲੱਗਾ ਕਿ ਉਹ ਅਜੇ ਵੀ ਪੂਰੀ ਧਰਤੀ ਨੂੰ ਸੋਹਣੇ ਬਾਗ਼ ਵਰਗਾ ਬਣਾਵੇਗਾ। (ਉਤਪਤ 1:26-28; 2:8, 9; ਯਸਾਯਾਹ 45:18) ਉਨ੍ਹਾਂ ਨੇ ਲਿਖਿਆ ਕਿ ਲੋਕ ਧਰਤੀ ’ਤੇ ਪਰਮੇਸ਼ੁਰ ਦੇ ਰਾਜ ਅਧੀਨ ਕਿੰਨੇ ਖ਼ੁਸ਼ ਹੋਣਗੇ।—ਜ਼ਬੂਰਾਂ ਦੀ ਪੋਥੀ 37:11, 29; ਯਸਾਯਾਹ 11:6-9; 25:8; 33:24; 65:21-24.

ਜ਼ਰਾ ਹੁਣ ਇਸ ਰਾਜ ਦੇ ਰਾਜੇ ਬਾਰੇ ਸੋਚੋ। ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਰਾਜੇ ਵਜੋਂ ਕਿਸ ਨੂੰ ਚੁਣਿਆ?— ਆਪਣਾ ਬੇਟਾ “ਸ਼ਾਂਤੀ ਦਾ ਰਾਜ ਕੁਮਾਰ” ਯਿਸੂ ਮਸੀਹ। ਬਾਈਬਲ ਕਹਿੰਦੀ ਹੈ ਕਿ “ਰਾਜ ਉਹ ਦੇ ਮੋਢੇ ਉੱਤੇ ਹੋਵੇਗਾ।” (ਯਸਾਯਾਹ 9:6, 7) ਸਾਨੂੰ ਸਾਰਿਆਂ ਨੂੰ “ਪਰਮੇਸ਼ੁਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ” ਜਾਣਨ ਦੀ ਲੋੜ ਹੈ। (ਕੁਲੁੱਸੀਆਂ 2:2) ਇਹ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਨੇ ਆਪਣੇ ਬੇਟੇ ਦੀ ਜਾਨ ਮਰਿਯਮ ਦੀ ਕੁੱਖ ਵਿਚ ਪਾ ਦਿੱਤੀ। ਇਹ ਬੇਟਾ ਪਹਿਲਾਂ ਸਵਰਗ ਵਿਚ ਇਕ ਫ਼ਰਿਸ਼ਤਾ ਹੁੰਦਾ ਸੀ। ਪਰਮੇਸ਼ੁਰ ਨੇ ਇਸੇ ਨੂੰ ਆਪਣੀ ਜਾਨ ਕੁਰਬਾਨ ਕਰਨ ਲਈ ਧਰਤੀ ’ਤੇ ਘੱਲਿਆ ਤਾਂਕਿ ਅਸੀਂ ਹਮੇਸ਼ਾ ਲਈ ਜੀ ਸਕੀਏ।—ਮੱਤੀ 20:28; ਯੂਹੰਨਾ 3:16; 17:3.

ਪਰ ਸਾਡੇ ਲਈ ਇੰਨਾ ਹੀ ਜਾਣਨਾ ਜ਼ਰੂਰੀ ਨਹੀਂ ਕਿ ਪਰਮੇਸ਼ੁਰ ਨੇ ਆਪਣੇ ਰਾਜ ਦਾ ਰਾਜਾ ਯਿਸੂ ਨੂੰ ਬਣਾਇਆ। ਇਸ ਪਵਿੱਤਰ ਭੇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਿਸੂ ਸਵਰਗ ਵਿਚ ਇਕੱਲਾ ਨਹੀਂ ਰਾਜ ਕਰੇਗਾ, ਸਗੋਂ ਉਸ ਦੇ ਨਾਲ ਹੋਰ ਵੀ ਰਾਜ ਕਰਨਗੇ।—ਅਫ਼ਸੀਆਂ 1:8-12.

ਆਓ ਆਪਾਂ ਉਨ੍ਹਾਂ ਲੋਕਾਂ ਦੇ ਕੁਝ ਨਾਂ ਜਾਣੀਏ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਵਾਸਤੇ ਸਵਰਗ ਵਿਚ ਜਗ੍ਹਾ ਤਿਆਰ ਕਰਨ ਚੱਲਾ ਸੀ। (ਯੂਹੰਨਾ 14:2, 3) ਹੇਠਲੀਆਂ ਆਇਤਾਂ ਵਿਚ ਤੁਸੀਂ ਉਨ੍ਹਾਂ ਕੁਝ ਲੋਕਾਂ ਦੇ ਨਾਂ ਪੜ੍ਹ ਸਕਦੇ ਹੋ ਜਿਹੜੇ ਯਿਸੂ ਨਾਲ ਰਾਜ ਕਰਨਗੇ।—ਮੱਤੀ 10:2-4; ਮਰਕੁਸ 15:39-41; ਯੂਹੰਨਾ 19:25.

ਲੰਬੇ ਸਮੇਂ ਤੋਂ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਕਿੰਨੇ ਜਣੇ ਸਵਰਗ ਵਿਚ ਯਿਸੂ ਨਾਲ ਰਾਜ ਕਰਨਗੇ। ਪਰ ਹੁਣ ਸਾਨੂੰ ਉਨ੍ਹਾਂ ਦੀ ਗਿਣਤੀ ਪਤਾ ਹੈ। ਕੀ ਤੁਸੀਂ ਇਹ ਗਿਣਤੀ ਜਾਣਦੇ ਹੋ?— ਬਾਈਬਲ ਵਿਚ ਲਿਖਿਆ ਹੈ ਕਿ ਇਨ੍ਹਾਂ ਦੀ ਗਿਣਤੀ 1,44,000 ਹੈ। ਇਹ ਗਿਣਤੀ ਵੀ ਪਵਿੱਤਰ ਭੇਤ ਦਾ ਹਿੱਸਾ ਹੈ।—ਪਰਕਾਸ਼ ਦੀ ਪੋਥੀ 14:1, 4.

ਕੀ ਤੁਸੀਂ ਮੰਨਦੇ ਹੋ ਕਿ “ਪਰਮੇਸ਼ੁਰ ਦੇ ਰਾਜ ਦਾ ਭੇਤ” ਸਭ ਤੋਂ ਵਧੀਆ ਰਾਜ਼ ਹੈ?— ਜੇ ਹਾਂ, ਤਾਂ ਆਓ ਆਪਾਂ ਇਸ ਬਾਰੇ ਸਾਰਾ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ ਤਾਂਕਿ ਅਸੀਂ ਇਹ ਗੱਲਾਂ ਦੂਜਿਆਂ ਨੂੰ ਵੀ ਸਮਝਾ ਸਕੀਏ। (w10-E 12/01)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।