Skip to content

Skip to table of contents

ਅਦਨ ਦਾ ਬਾਗ਼

ਅਦਨ ਦਾ ਬਾਗ਼

ਅਦਨ ਦਾ ਬਾਗ਼—ਕੀ ਇਨਸਾਨ ਕਦੇ ਇਸ ਵਿਚ ਰਹਿੰਦੇ ਸਨ?

ਕਲਪਨਾ ਕਰੋ ਕਿ ਤੁਸੀਂ ਇਕ ਬਹੁਤ ਸੋਹਣੇ ਬਾਗ਼ ਵਿਚ ਹੋ। ਇੱਥੇ ਹਰ ਪਾਸੇ ਅਮਨ-ਚੈਨ ਹੈ। ਸ਼ਹਿਰ ਦੇ ਰੌਲ਼ੇ-ਰੱਪੇ ਦੀ ਕੋਈ ਆਵਾਜ਼ ਨਹੀਂ ਹੈ। ਇਹ ਬਾਗ਼ ਬਹੁਤ ਹੀ ਵੱਡਾ ਹੈ ਅਤੇ ਕੋਈ ਵੀ ਚੀਜ਼ ਇਸ ਦੀ ਸ਼ਾਂਤੀ ਭੰਗ ਨਹੀਂ ਕਰ ਰਹੀ। ਸਭ ਤੋਂ ਵਧੀਆ ਗੱਲ ਹੈ ਕਿ ਤੁਹਾਡਾ ਮਨ ਚਿੰਤਾਵਾਂ ਤੋਂ ਮੁਕਤ ਹੈ, ਤੁਹਾਨੂੰ ਕੋਈ ਬੀਮਾਰੀ, ਅਲਰਜੀ ਜਾਂ ਕਿਸੇ ਤਰ੍ਹਾਂ ਦਾ ਦੁੱਖ-ਦਰਦ ਨਹੀਂ ਹੈ। ਤੁਸੀਂ ਬਾਗ਼ ਦੇ ਵਧੀਆ ਮਾਹੌਲ ਦਾ ਆਨੰਦ ਲੈ ਰਹੇ ਹੋ।

ਤੁਹਾਡੀ ਨਜ਼ਰ ਸਭ ਤੋਂ ਪਹਿਲਾਂ ਰੰਗ-ਬਰੰਗੇ ਫੁੱਲਾਂ ʼਤੇ ਪੈਂਦੀ ਹੈ ਤੇ ਫਿਰ ਤੁਸੀਂ ਨਦੀ ਦੇ ਚਮਕਦੇ ਪਾਣੀ ਨੂੰ ਦੇਖਦੇ ਹੋ। ਫਿਰ ਤੁਸੀਂ ਦਰਖ਼ਤਾਂ ਦੇ ਪੱਤਿਆਂ ਅਤੇ ਘਾਹ ਨੂੰ ਦੇਖਦੇ ਹੋ ਜੋ ਧੁੱਪ ਅਤੇ ਛਾਂ ਵਿਚ ਆਪਣਾ ਰੰਗ ਬਦਲਦੇ ਨਜ਼ਰ ਆਉਂਦੇ ਹਨ। ਤੁਸੀਂ ਹਵਾ ਵਿਚ ਫੈਲੀ ਮਿੱਠੀ-ਮਿੱਠੀ ਮਹਿਕ ਨੂੰ ਮਹਿਸੂਸ ਕਰਦੇ ਹੋ। ਤੁਸੀਂ ਪੱਤਿਆਂ ਦੀ ਖੜ-ਖੜ, ਚਟਾਨਾਂ ਤੋਂ ਵਹਿੰਦੇ ਪਾਣੀ ਦਾ ਸ਼ੋਰ, ਪੰਛੀਆਂ ਦੇ ਸੁਰੀਲੇ ਗੀਤ ਤੇ ਚਹਿਚਹਾਟ ਅਤੇ ਕੀੜੇ-ਮਕੌੜਿਆਂ ਦੀ ਭੀਂ-ਭੀਂ ਸੁਣਦੇ ਹੋ। ਜਦੋਂ ਤੁਸੀਂ ਮਨ ਦੀਆਂ ਅੱਖਾਂ ਨਾਲ ਇਹ ਨਜ਼ਾਰਾ ਦੇਖਦੇ ਹੋ, ਤਾਂ ਕੀ ਤੁਹਾਡਾ ਦਿਲ ਅਜਿਹੀ ਜਗ੍ਹਾ ʼਤੇ ਰਹਿਣ ਲਈ ਨਹੀਂ ਕਰਦਾ?

ਦੁਨੀਆਂ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨਸਾਨ ਸ਼ੁਰੂ ਵਿਚ ਅਜਿਹੀ ਜਗ੍ਹਾ ʼਤੇ ਹੀ ਰਹਿੰਦੇ ਸਨ। ਸਦੀਆਂ ਤੋਂ ਯਹੂਦੀ, ਈਸਾਈ ਅਤੇ ਇਸਲਾਮ ਧਰਮ ਦੇ ਲੋਕ ਅਦਨ ਦੇ ਬਾਗ਼ ਬਾਰੇ ਸਿਖਾਉਂਦੇ ਆਏ ਹਨ ਜਿੱਥੇ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਰੱਖਿਆ ਸੀ। ਬਾਈਬਲ ਵਿਚ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਸੁੱਖ-ਸ਼ਾਂਤੀ ਸੀ। ਉਹ ਆਪਸ ਵਿਚ ਤੇ ਜਾਨਵਰਾਂ ਨਾਲ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਸੀ। ਪਰਮੇਸ਼ੁਰ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਉਸ ਵਧੀਆ ਮਾਹੌਲ ਵਿਚ ਹਮੇਸ਼ਾ ਲਈ ਰਹਿਣ ਦੀ ਉਮੀਦ ਦਿੱਤੀ ਸੀ।​—ਉਤਪਤ 2:15-24.

ਹਿੰਦੂਆਂ ਦੀ ਵੀ ਕੁਝ ਇਹੋ ਜਿਹੀ ਧਾਰਣਾ ਹੈ ਕਿ ਪੁਰਾਣੇ ਸਮੇਂ ਵਿਚ ਧਰਤੀ ʼਤੇ ਅਜਿਹਾ ਸੋਹਣਾ ਮਾਹੌਲ ਹੁੰਦਾ ਸੀ। ਬੋਧੀ ਮੰਨਦੇ ਹਨ ਕਿ ਦੁਨੀਆਂ ਦੇ ਸੁਨਹਿਰੇ ਯੁਗ ਵਿਚ ਬੋਧੀ ਯਾਨੀ ਮਹਾਂ ਪੁਰਸ਼ ਆਉਂਦੇ ਹਨ। ਅਫ਼ਰੀਕਾ ਦੇ ਬਹੁਤ ਸਾਰੇ ਧਰਮਾਂ ਵਿਚ ਅਜਿਹੀਆਂ ਕਈ ਕਹਾਣੀਆਂ ਸਿਖਾਈਆਂ ਜਾਂਦੀਆਂ ਹਨ ਜੋ ਆਦਮ ਅਤੇ ਹੱਵਾਹ ਦੀ ਕਹਾਣੀ ਨਾਲ ਬਹੁਤ ਮਿਲਦੀਆਂ-ਜੁਲਦੀਆਂ ਹਨ।

ਅਸਲ ਵਿਚ ਕਈ ਧਰਮਾਂ ਵਿਚ ਇਹ ਧਾਰਣਾ ਹੈ ਕਿ ਸ਼ੁਰੂ ਵਿਚ ਧਰਤੀ ਇਕ ਸੋਹਣੇ ਬਾਗ਼ ਵਰਗੀ ਹੁੰਦੀ ਸੀ। ਇਸ ਬਾਰੇ ਇਕ ਲੇਖਕ ਨੇ ਕਿਹਾ: “ਬਹੁਤ ਸਾਰੀਆਂ ਸਭਿਅਤਾਵਾਂ ਵਿਚ ਮੰਨਿਆ ਜਾਂਦਾ ਸੀ ਕਿ ਸ਼ੁਰੂ ਵਿਚ ਇਕ ਬਾਗ਼ ਹੁੰਦਾ ਸੀ ਜਿਸ ਵਿਚ ਇਨਸਾਨ ਪਾਪ ਤੋਂ ਮੁਕਤ ਸੀ ਤੇ ਆਜ਼ਾਦ ਸੀ, ਉੱਥੇ ਸ਼ਾਂਤੀ, ਖ਼ੁਸ਼ੀ ਤੇ ਸਭ ਕੁਝ ਬਹੁਤਾਤ ਵਿਚ ਸੀ ਅਤੇ ਡਰ, ਚਿੰਤਾ ਤੇ ਲੜਾਈ ਦਾ ਨਾਮੋ-ਨਿਸ਼ਾਨ ਤਕ ਨਹੀਂ ਸੀ। ਇਸ ਕਰਕੇ ਲੋਕ ਇਸ ਨੂੰ ਹਾਲੇ ਵੀ ਨਹੀਂ ਭੁੱਲੇ ਅਤੇ ਚਾਹੁੰਦੇ ਹਨ ਕਿ ਧਰਤੀ ਫਿਰ ਤੋਂ ਉਸ ਬਾਗ਼ ਵਰਗੀ ਸੋਹਣੀ ਬਣੇ।”

ਕੀ ਇੱਦਾਂ ਹੋ ਸਕਦਾ ਕਿ ਇਨ੍ਹਾਂ ਸਾਰੀਆਂ ਕਹਾਣੀਆਂ ਦੀ ਸ਼ੁਰੂਆਤ ਇੱਕੋ ਜਗ੍ਹਾ ਤੋਂ ਹੋਈ ਹੈ? ਕੀ ਲੋਕਾਂ ਦੇ ਮਨਾਂ ਵਿਚ ਇਹ ਸਭ ਕੁਝ ਇਸ ਲਈ ਹੈ ਕਿਉਂਕਿ ਇਹ ਅਸਲੀਅਤ ਹੈ? ਕੀ ਬਹੁਤ ਸਮਾਂ ਪਹਿਲਾਂ ਸੱਚ-ਮੁੱਚ ਅਦਨ ਦਾ ਬਾਗ਼ ਹੁੰਦਾ ਸੀ ਅਤੇ ਆਦਮ ਤੇ ਹੱਵਾਹ ਅਸਲ ਵਿਚ ਸਨ?

ਆਲੋਚਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਨਾ ਮੂਰਖਤਾ ਹੈ। ਇਸ ਵਿਗਿਆਨਕ ਯੁਗ ਵਿਚ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਅਜਿਹੀਆਂ ਗੱਲਾਂ ਸਿਰਫ਼ ਕਲਪਨਾ ਅਤੇ ਕਥਾ-ਕਹਾਣੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਧਾਰਮਿਕ ਆਗੂ ਵੀ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਕਿ ਅਦਨ ਦਾ ਬਾਗ਼ ਹੁੰਦਾ ਸੀ। ਉਹ ਕਹਿੰਦੇ ਹਨ ਕਿ ਅਜਿਹੀ ਕੋਈ ਥਾਂ ਕਦੇ ਹੈ ਹੀ ਨਹੀਂ ਸੀ। ਉਨ੍ਹਾਂ ਮੁਤਾਬਕ ਅਦਨ ਦਾ ਬਾਗ਼ ਸਿਰਫ਼ ਇਕ ਝੂਠ ਹੈ, ਘੜੀ ਹੋਈ ਕਹਾਣੀ ਹੈ, ਮਿਥ ਜਾਂ ਇਕ ਉਦਾਹਰਣ ਹੈ।

ਇਹ ਸੱਚ ਹੈ ਕਿ ਬਾਈਬਲ ਵਿਚ ਕਈ ਕਹਾਣੀਆਂ ਜਾਂ ਉਦਾਹਰਣਾਂ ਹਨ। ਯਿਸੂ ਨੇ ਆਪ ਬਹੁਤ ਸਾਰੀਆਂ ਮਸ਼ਹੂਰ ਕਹਾਣੀਆਂ ਸੁਣਾਈਆਂ ਤੇ ਉਦਾਹਰਣਾਂ ਦਿੱਤੀਆਂ ਸਨ। ਪਰ ਬਾਈਬਲ ਵਿਚ ਅਦਨ ਦੇ ਬਾਗ਼ ਦਾ ਜ਼ਿਕਰ ਉਦਾਹਰਣ ਦੇ ਤੌਰ ਤੇ ਨਹੀਂ ਕੀਤਾ ਗਿਆ, ਸਗੋਂ ਸੱਚ-ਮੁੱਚ ਦੀ ਜਗ੍ਹਾ ਦੇ ਤੌਰ ਤੇ ਕੀਤਾ ਗਿਆ ਹੈ। ਨਾਲੇ ਜੇ ਬਾਈਬਲ ਵਿਚ ਦੱਸੀਆਂ ਘਟਨਾਵਾਂ ਕਦੇ ਹੋਈਆਂ ਹੀ ਨਹੀਂ ਸਨ, ਤਾਂ ਅਸੀਂ ਬਾਈਬਲ ਦੀਆਂ ਬਾਕੀ ਗੱਲਾਂ ʼਤੇ ਕਿਵੇਂ ਯਕੀਨ ਕਰ ਸਕਦੇ ਹਾਂ? ਆਓ ਜਾਣੀਏ ਕਿ ਕੁਝ ਲੋਕ ਕਿਉਂ ਨਹੀਂ ਮੰਨਦੇ ਕਿ ਅਦਨ ਦਾ ਬਾਗ਼ ਸੱਚ-ਮੁੱਚ ਸੀ ਅਤੇ ਉਨ੍ਹਾਂ ਦੀਆਂ ਦਲੀਲਾਂ ਸਹੀ ਹਨ ਜਾਂ ਨਹੀਂ। ਫਿਰ ਅਸੀਂ ਦੇਖਾਂਗੇ ਕਿ ਸਾਡੇ ਵਿੱਚੋਂ ਹਰੇਕ ਜਣੇ ਲਈ ਅਦਨ ਦੇ ਬਾਗ਼ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ।