Skip to content

Skip to table of contents

ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ

ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ

ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ

“ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ, ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ।”—ਜ਼ਬੂ. 5:12.

1, 2. ਏਲੀਯਾਹ ਨੇ ਸਾਰਫਥ ਦੀ ਇਕ ਵਿਧਵਾ ਤੋਂ ਕੀ ਮੰਗਿਆ ਅਤੇ ਉਸ ਨੇ ਉਸ ਨੂੰ ਕਿਹੜਾ ਭਰੋਸਾ ਦਿਵਾਇਆ?

ਸਾਰਫਥ ਦੀ ਇਕ ਤੀਵੀਂ ਅਤੇ ਉਸ ਦੇ ਪੁੱਤਰ ਨੂੰ ਭੁੱਖ ਲੱਗੀ ਹੋਈ ਸੀ ਅਤੇ ਪਰਮੇਸ਼ੁਰ ਦਾ ਨਬੀ ਵੀ ਭੁੱਖਾ ਸੀ। ਇਹ ਵਿਧਵਾ ਜਦੋਂ ਖਾਣਾ ਪਕਾਉਣ ਲਈ ਅੱਗ ਬਾਲ਼ਣ ਲੱਗੀ, ਤਾਂ ਏਲੀਯਾਹ ਨਬੀ ਨੇ ਉਸ ਤੋਂ ਪਾਣੀ ਤੇ ਰੋਟੀ ਮੰਗੀ। ਉਹ ਨਬੀ ਨੂੰ ਕੁਝ ਪੀਣ ਵਾਸਤੇ ਦੇਣ ਲਈ ਤਾਂ ਤਿਆਰ ਸੀ, ਪਰ ਖਾਣ ਲਈ ਉਸ ਕੋਲ ਸਿਰਫ਼ “ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ” ਸੀ। ਉਸ ਨੇ ਸੋਚਿਆ ਕਿ ਉਸ ਕੋਲ ਨਬੀ ਨੂੰ ਦੇਣ ਲਈ ਕਾਫ਼ੀ ਖਾਣਾ ਨਹੀਂ ਸੀ ਅਤੇ ਇਸ ਬਾਰੇ ਉਸ ਨੇ ਨਬੀ ਨੂੰ ਦੱਸਿਆ ਵੀ।—1 ਰਾਜ. 17:8-12.

2 ਏਲੀਯਾਹ ਨੇ ਜ਼ਿੱਦ ਕੀਤੀ ਕਿ “ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤ੍ਰ ਲਈ ਪਕਾਈਂ। ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ।”—1 ਰਾਜ. 17:13, 14.

3. ਸਾਨੂੰ ਕਿਹੜਾ ਮਹੱਤਵਪੂਰਣ ਫ਼ੈਸਲਾ ਕਰਨਾ ਪੈਣਾ ਹੈ?

3 ਵਿਧਵਾ ਨੇ ਸਿਰਫ਼ ਇਹ ਫ਼ੈਸਲਾ ਨਹੀਂ ਕਰਨਾ ਸੀ ਕਿ ਉਹ ਨਬੀ ਨੂੰ ਬਚੇ-ਖੁਚੇ ਖਾਣੇ ਵਿੱਚੋਂ ਦੇਵੇ ਜਾਂ ਨਾ ਦੇਵੇ, ਸਗੋਂ ਇਸ ਤੋਂ ਵੀ ਜ਼ਰੂਰੀ ਫ਼ੈਸਲਾ ਕਰਨਾ ਸੀ। ਕੀ ਉਹ ਯਹੋਵਾਹ ਉੱਤੇ ਭਰੋਸਾ ਕਰੇਗੀ ਕਿ ਉਹ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਬਚਾਵੇਗਾ ਜਾਂ ਕੀ ਉਹ ਯਹੋਵਾਹ ਦੀ ਕਿਰਪਾ ਪਾਉਣ ਅਤੇ ਉਸ ਨਾਲ ਦੋਸਤੀ ਕਰਨ ਦੀ ਬਜਾਇ ਭੌਤਿਕ ਲੋੜਾਂ ਨੂੰ ਪਹਿਲ ਦੇਵੇਗੀ? ਸਾਨੂੰ ਵੀ ਇਸੇ ਤਰ੍ਹਾਂ ਦਾ ਫ਼ੈਸਲਾ ਕਰਨਾ ਪੈਣਾ ਹੈ। ਕੀ ਅਸੀਂ ਧਨ-ਦੌਲਤ ਭਾਲਣ ਦੀ ਬਜਾਇ ਯਹੋਵਾਹ ਦੀ ਕਿਰਪਾ ਪਾਉਣ ਨੂੰ ਜ਼ਿਆਦਾ ਅਹਿਮੀਅਤ ਦੇਵਾਂਗੇ? ਪਰਮੇਸ਼ੁਰ ’ਤੇ ਭਰੋਸਾ ਕਰਨ ਅਤੇ ਉਸ ਦੀ ਸੇਵਾ ਕਰਨ ਲਈ ਸਾਡੇ ਕੋਲ ਹਰ ਕਾਰਨ ਹੈ। ਉਸ ਦੀ ਕਿਰਪਾ ਪਾਉਣ ਲਈ ਅਸੀਂ ਕੁਝ ਕਦਮ ਉਠਾ ਸਕਦੇ ਹਾਂ।

‘ਤੂੰ ਭਗਤੀ ਦੇ ਲਾਇਕ ਹੈਂ’

4. ਯਹੋਵਾਹ ਸਾਡੀ ਭਗਤੀ ਦੇ ਲਾਇਕ ਕਿਉਂ ਹੈ?

4 ਯਹੋਵਾਹ ਇਨਸਾਨਾਂ ਕੋਲੋਂ ਉਸੇ ਤਰ੍ਹਾਂ ਸੇਵਾ ਕਰਾਉਣ ਦਾ ਹੱਕ ਰੱਖਦਾ ਹੈ ਜਿਵੇਂ ਉਹ ਚਾਹੁੰਦਾ ਹੈ। ਇਸ ਗੱਲ ਦਾ ਸਬੂਤ ਸਵਰਗ ਵਿਚ ਉਸ ਦੇ ਸੇਵਕਾਂ ਨੇ ਮਿਲ ਕੇ ਇਹ ਕਹਿੰਦੇ ਹੋਏ ਦਿੱਤਾ: ‘ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!’ (ਪਰ. 4:11) ਯਹੋਵਾਹ ਸਾਡੀ ਭਗਤੀ ਦੇ ਲਾਇਕ ਹੈ ਕਿਉਂਕਿ ਉਸ ਨੇ ਹੀ ਸਾਰੀਆਂ ਚੀਜ਼ਾਂ ਰਚੀਆਂ ਹਨ।

5. ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਪ੍ਰੇਰਿਤ ਹੋ ਕੇ ਉਸ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ?

5 ਯਹੋਵਾਹ ਦੀ ਸੇਵਾ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਜਿੰਨਾ ਪਿਆਰ ਉਹ ਸਾਡੇ ਨਾਲ ਕਰਦਾ ਹੈ, ਉੱਨਾ ਕੋਈ ਹੋਰ ਨਹੀਂ ਕਰਦਾ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤ. 1:27) ਇਨਸਾਨ ਆਪਣੀ ਮਰਜ਼ੀ ਦਾ ਮਾਲਕ ਹੈ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਸੋਚਣ ਅਤੇ ਫ਼ੈਸਲੇ ਕਰਨ ਦੀ ਕਾਬਲੀਅਤ ਦਿੱਤੀ ਹੈ। ਯਹੋਵਾਹ ਮਨੁੱਖਜਾਤੀ ਦਾ ਪਿਤਾ ਹੈ ਕਿਉਂਕਿ ਉਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। (ਲੂਕਾ 3:38) ਇਕ ਚੰਗੇ ਪਿਤਾ ਦੀ ਤਰ੍ਹਾਂ ਉਸ ਨੇ ਆਪਣੇ ਪੁੱਤਰਾਂ-ਧੀਆਂ ਨੂੰ ਹਰ ਚੀਜ਼ ਦਿੱਤੀ ਹੈ ਜੋ ਜ਼ਿੰਦਗੀ ਦਾ ਮਜ਼ਾ ਲੈਣ ਲਈ ਜ਼ਰੂਰੀ ਹੈ। “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ” ਅਤੇ “ਮੀਂਹ ਵਰਸਾਉਂਦਾ ਹੈ” ਤਾਂਕਿ ਧਰਤੀ ਸਾਡੇ ਵਾਸਤੇ ਭਰਪੂਰ ਭੋਜਨ ਪੈਦਾ ਕਰੇ ਅਤੇ ਸਾਨੂੰ ਸੁੰਦਰ ਨਜ਼ਾਰੇ ਵੀ ਦਿਖਾਵੇ।—ਮੱਤੀ 5:45.

6, 7. (ੳ) ਆਦਮ ਨੇ ਆਪਣੀ ਸਾਰੀ ਔਲਾਦ ਨੂੰ ਕਿਹੜਾ ਨੁਕਸਾਨ ਪਹੁੰਚਾਇਆ? (ਅ) ਪਰਮੇਸ਼ੁਰ ਦੀ ਮਿਹਰ ਪਾਉਣ ਵਾਲਿਆਂ ਨੂੰ ਮਸੀਹ ਦੀ ਕੁਰਬਾਨੀ ਦਾ ਕੀ ਫ਼ਾਇਦਾ ਹੋਵੇਗਾ?

6 ਯਹੋਵਾਹ ਨੇ ਸਾਨੂੰ ਪਾਪ ਦੇ ਭਿਆਨਕ ਨਤੀਜਿਆਂ ਤੋਂ ਵੀ ਬਚਾਇਆ ਹੈ। ਪਾਪ ਕਰ ਕੇ ਆਦਮ ਇਕ ਜੂਏਬਾਜ਼ ਵਾਂਗ ਬਣ ਗਿਆ ਜੋ ਜੂਆ ਖੇਡਣ ਲਈ ਆਪਣੇ ਪਰਿਵਾਰ ਦੀਆਂ ਚੀਜ਼ਾਂ ਜਾਂ ਪੈਸੇ ਚੁਰਾ ਲੈਂਦਾ ਹੈ। ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਦੁਆਰਾ ਆਦਮ ਨੇ ਆਪਣੇ ਬੱਚਿਆਂ ਤੋਂ ਹਮੇਸ਼ਾ ਦੀ ਖ਼ੁਸ਼ੀ ਚੁਰਾ ਲਈ। ਉਸ ਦੇ ਸੁਆਰਥ ਕਾਰਨ ਮਨੁੱਖਜਾਤੀ ਨਾਮੁਕੰਮਲਤਾ ਦੀ ਗ਼ੁਲਾਮ ਹੋ ਗਈ। ਇਸ ਲਈ ਸਾਰੇ ਇਨਸਾਨ ਬੀਮਾਰ ਹੁੰਦੇ ਹਨ, ਉਦਾਸ ਹੁੰਦੇ ਹਨ ਅਤੇ ਆਖ਼ਰ ਮਰ ਜਾਂਦੇ ਹਨ। ਇਕ ਗ਼ੁਲਾਮ ਨੂੰ ਛੁਡਾਉਣ ਲਈ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਯਹੋਵਾਹ ਨੇ ਉਹ ਕੀਮਤ ਚੁਕਾਈ ਹੈ ਜੋ ਸਾਨੂੰ ਇਨ੍ਹਾਂ ਭਿਆਨਕ ਨਤੀਜਿਆਂ ਤੋਂ ਬਚਾ ਸਕਦੀ ਹੈ। (ਰੋਮੀਆਂ 5:21 ਪੜ੍ਹੋ।) ਆਪਣੇ ਪਿਤਾ ਦੀ ਇੱਛਾ ਅਨੁਸਾਰ ਚੱਲਦੇ ਹੋਏ, ਯਿਸੂ ਮਸੀਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਲਈ ਆਪਣੀ ਜਾਨ’ ਦੇ ਦਿੱਤੀ। (ਮੱਤੀ 20:28) ਜਲਦੀ ਹੀ ਇਸ ਰਿਹਾਈ-ਕੀਮਤ ਦੇ ਫ਼ਾਇਦੇ ਉਨ੍ਹਾਂ ਉੱਤੇ ਲਾਗੂ ਹੋਣਗੇ ਜੋ ਪਰਮੇਸ਼ੁਰ ਦੀ ਮਿਹਰ ਪਾਉਂਦੇ ਹਨ।

7 ਸਾਡੇ ਸਿਰਜਣਹਾਰ ਯਹੋਵਾਹ ਨੇ ਸਾਨੂੰ ਖ਼ੁਸ਼ੀਆਂ ਅਤੇ ਮਕਸਦ ਭਰੀ ਜ਼ਿੰਦਗੀ ਦੇਣ ਲਈ ਜਿੰਨਾ ਕੁਝ ਕੀਤਾ ਹੈ, ਉੱਨਾ ਕਿਸੇ ਹੋਰ ਨੇ ਨਹੀਂ ਕੀਤਾ। ਸਾਡੇ ਉੱਤੇ ਉਸ ਦੀ ਕਿਰਪਾ ਹੋਣ ਨਾਲ ਅਸੀਂ ਦੇਖ ਸਕਾਂਗੇ ਕਿ ਉਹ ਮਨੁੱਖਜਾਤੀ ਦੇ ਸਾਰੇ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰਨ ਲਈ ਕਿਵੇਂ ਕੰਮ ਕਰਦਾ ਹੈ। ਯਹੋਵਾਹ ਸਾਨੂੰ ਦਿਖਾਉਂਦਾ ਰਹੇਗਾ ਕਿ ਉਹ ਕਿਵੇਂ “ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।”—ਇਬ. 11:6, CL.

‘ਤੇਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰਨਗੇ’

8. ਪਰਮੇਸ਼ੁਰ ਦੀ ਸੇਵਾ ਕਰਨ ਬਾਰੇ ਯਸਾਯਾਹ ਦੇ ਤਜਰਬੇ ਤੋਂ ਅਸੀਂ ਕੀ ਸਿੱਖਦੇ ਹਾਂ?

8 ਜੇ ਅਸੀਂ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਾ ਢੁਕਵਾਂ ਇਸਤੇਮਾਲ ਕਰਨਾ ਪਵੇਗਾ ਕਿਉਂਕਿ ਯਹੋਵਾਹ ਜ਼ਬਰਦਸਤੀ ਕਿਸੇ ਤੋਂ ਆਪਣੀ ਸੇਵਾ ਨਹੀਂ ਕਰਾਉਂਦਾ। ਯਸਾਯਾਹ ਦੇ ਜ਼ਮਾਨੇ ਵਿਚ ਉਸ ਨੇ ਪੁੱਛਿਆ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਯਹੋਵਾਹ ਜਾਣਦਾ ਸੀ ਕਿ ਨਬੀ ਨੂੰ ਫ਼ੈਸਲਾ ਕਰਨ ਦਾ ਹੱਕ ਸੀ। ਇਸ ਤਰ੍ਹਾਂ ਉਸ ਨੇ ਯਸਾਯਾਹ ਦਾ ਮਾਣ ਰੱਖਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਯਸਾਯਾਹ ਨੂੰ ਇਹ ਕਹਿੰਦਿਆਂ ਕਿੰਨਾ ਚੰਗਾ ਲੱਗਾ ਹੋਣਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ. 6:8.

9, 10. (ੳ) ਸਾਨੂੰ ਕਿਸ ਰਵੱਈਏ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ? (ਅ) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਸਾਡੇ ਲਈ ਕਿਉਂ ਚੰਗੀ ਗੱਲ ਹੈ?

9 ਇਹ ਇਨਸਾਨਾਂ ਦੀ ਮਰਜ਼ੀ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ ਕਿ ਨਹੀਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਖ਼ੁਸ਼ੀ ਨਾਲ ਕਰੀਏ। (ਯਹੋਸ਼ੁਆ 24:15 ਪੜ੍ਹੋ।) ਜਿਹੜਾ ਕੁੜ-ਕੁੜ ਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਉਹ ਉਸ ਨੂੰ ਖ਼ੁਸ਼ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਉਨ੍ਹਾਂ ਲੋਕਾਂ ਦੀ ਭਗਤੀ ਸਵੀਕਾਰ ਕਰਦਾ ਹੈ ਜਿਨ੍ਹਾਂ ਦਾ ਉਦੇਸ਼ ਸਿਰਫ਼ ਹੋਰਨਾਂ ਮਨੁੱਖਾਂ ਨੂੰ ਖ਼ੁਸ਼ ਕਰਨਾ ਹੈ। (ਕੁਲੁ. 3:22) ਜੇ ਅਸੀਂ ਦੁਨਿਆਵੀ ਕੰਮਾਂ-ਕਾਰਾਂ ਨੂੰ ਪਹਿਲ ਦੇ ਕੇ ਪਰਮੇਸ਼ੁਰ ਦੀ ਪਵਿੱਤਰ ਸੇਵਾ ਕੁੜ-ਕੁੜ ਕੇ ਕੀਤੀ ਹੈ, ਤਾਂ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੋ ਸਕਦੀ। (2 ਕੁਰਿੰ. 9:7) ਯਹੋਵਾਹ ਜਾਣਦਾ ਹੈ ਕਿ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨੀ ਸਾਡੇ ਲਈ ਚੰਗੀ ਗੱਲ ਹੈ। ਮੂਸਾ ਨੇ ਇਸਰਾਏਲੀਆਂ ਨੂੰ ਬੇਨਤੀ ਕੀਤੀ ਕਿ ਉਹ ‘ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖਣ, ਉਸ ਦੀ ਆਵਾਜ਼ ਨੂੰ ਸੁਣਨ ਅਤੇ ਉਸ ਦੇ ਅੰਗ ਸੰਗ ਲੱਗੇ ਰਹਿਣ’ ਦੁਆਰਾ ਜ਼ਿੰਦਗੀ ਨੂੰ ਚੁਣਨ।—ਬਿਵ. 30:19, 20.

10 ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਯਹੋਵਾਹ ਲਈ ਗਾਇਆ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।” (ਜ਼ਬੂ. 110:3) ਅੱਜ ਬਹੁਤ ਸਾਰੇ ਲੋਕ ਧਨ-ਦੌਲਤ ਅਤੇ ਮੌਜ-ਮਸਤੀ ਕਰਨ ਲਈ ਜੀਉਂਦੇ ਹਨ। ਪਰ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ, ਉਹ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਵਿੱਤਰ ਸੇਵਾ ਨੂੰ ਪਹਿਲ ਦਿੰਦੇ ਹਨ। ਜਿੰਨੇ ਜੋਸ਼ ਨਾਲ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਉਨ੍ਹਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ।—ਮੱਤੀ 6:33, 34.

ਪਰਮੇਸ਼ੁਰ ਦੀ ਕਿਰਪਾ ਪਾਉਣ ਲਈ ਬਲੀਆਂ

11. ਯਹੋਵਾਹ ਨੂੰ ਬਲੀਆਂ ਚੜ੍ਹਾਉਣ ਦੁਆਰਾ ਇਸਰਾਏਲੀ ਕੀ ਪਾਉਣ ਦੀ ਉਮੀਦ ਰੱਖਦੇ ਸਨ?

11 ਬਿਵਸਥਾ ਅਧੀਨ ਪਰਮੇਸ਼ੁਰ ਦੇ ਲੋਕਾਂ ਨੇ ਉਸ ਦੀ ਮਿਹਰ ਪਾਉਣ ਲਈ ਉਸ ਦੇ ਮਨਭਾਉਂਦੀਆਂ ਬਲੀਆਂ ਚੜ੍ਹਾਈਆਂ। ਲੇਵੀਆਂ 19:5 ਕਹਿੰਦਾ ਹੈ: “ਜੇ ਤੁਸੀਂ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ।” ਇਸੇ ਪੋਥੀ ਵਿਚ ਅਸੀਂ ਪੜ੍ਹਦੇ ਹਾਂ: “ਜਿਸ ਵੇਲੇ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲ ਹੋਣ ਲਈ ਚੜ੍ਹਾਉਣੀ।” (ਲੇਵੀ. 22:29) ਜਦੋਂ ਇਸਰਾਏਲੀ ਯਹੋਵਾਹ ਦੀ ਵੇਦੀ ਉੱਤੇ ਢੁਕਵੇਂ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ, ਤਾਂ ਉੱਪਰ ਜਾਂਦਾ ਧੂੰਆਂ ਸੱਚੇ ਪਰਮੇਸ਼ੁਰ ਲਈ “ਸੁਗੰਧਤਾ” ਦੀ ਤਰ੍ਹਾਂ ਸੀ। (ਲੇਵੀ. 1:9, 13) ਉਸ ਨੂੰ ਆਪਣੇ ਲੋਕਾਂ ਵੱਲੋਂ ਪਿਆਰ ਨਾਲ ਚੜ੍ਹਾਈਆਂ ਬਲੀਆਂ ਤੋਂ ਖ਼ੁਸ਼ੀ ਅਤੇ ਤਾਜ਼ਗੀ ਮਿਲਦੀ ਸੀ। (ਉਤ. 8:21) ਬਿਵਸਥਾ ਦੇ ਇਨ੍ਹਾਂ ਪਹਿਲੂਆਂ ਵਿਚ ਅਸੀਂ ਸਿਧਾਂਤ ਦੇਖਦੇ ਹਾਂ ਜੋ ਅੱਜ ਵੀ ਲਾਗੂ ਹੁੰਦਾ ਹੈ। ਜਿਹੜੇ ਯਹੋਵਾਹ ਨੂੰ ਉਸ ਦੇ ਮਨਭਾਉਂਦੇ ਚੜ੍ਹਾਵੇ ਚੜ੍ਹਾਉਂਦੇ ਹਨ, ਉਹ ਉਸ ਦੀ ਮਿਹਰ ਪਾਉਂਦੇ ਹਨ। ਉਹ ਕਿਸ ਤਰ੍ਹਾਂ ਦੇ ਚੜ੍ਹਾਵੇ ਕਬੂਲ ਕਰਦਾ ਹੈ? ਇਹ ਦੇਖਣ ਲਈ ਆਓ ਜ਼ਿੰਦਗੀ ਦੇ ਦੋ ਪਹਿਲੂਆਂ ਉੱਤੇ ਗੌਰ ਕਰੀਏ: ਸਾਡਾ ਚਾਲ-ਚਲਣ ਅਤੇ ਬੋਲੀ।

12. ਕਿਨ੍ਹਾਂ ਕੰਮਾਂ ਕਾਰਨ ‘ਸਾਡੀਆਂ ਦੇਹੀਆਂ ਦੇ ਬਲੀਦਾਨ’ ਤੋਂ ਪਰਮੇਸ਼ੁਰ ਨੂੰ ਸੜਿਆਂਦ ਆਵੇਗੀ?

12 ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।” (ਰੋਮੀ. 12:1) ਪਰਮੇਸ਼ੁਰ ਦੀ ਮਿਹਰ ਪਾਉਣ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਆਪਣੇ ਸਰੀਰ ਨੂੰ ਸ਼ੁੱਧ ਰੱਖੇ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ। ਜੇ ਉਹ ਤਮਾਖੂ, ਸੁਪਾਰੀ, ਡ੍ਰੱਗਜ਼ ਲੈ ਕੇ ਜਾਂ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਪਣੇ ਆਪ ਨੂੰ ਮਲੀਨ ਕਰਦਾ ਹੈ, ਤਾਂ ਉਸ ਦੀ ਭਗਤੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਮਾਅਨੇ ਨਹੀਂ ਰੱਖਦੀ। (2 ਕੁਰਿੰ. 7:1) ਇਸ ਤੋਂ ਇਲਾਵਾ, ਜੋ “ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” ਇਸ ਤਰ੍ਹਾਂ ਦੇ ਅਨੈਤਿਕ ਚਾਲ-ਚਲਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਜਾਂਦੀ ਭਗਤੀ ਤੋਂ ਯਹੋਵਾਹ ਨੂੰ ਸੜਿਆਂਦ ਆਉਂਦੀ ਹੈ। (1 ਕੁਰਿੰ. 6:18) ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਕ ਵਿਅਕਤੀ ਨੂੰ “ਆਪਣੀ ਸਾਰੀ ਚਾਲ ਵਿੱਚ ਪਵਿੱਤਰ” ਬਣਨਾ ਚਾਹੀਦਾ ਹੈ।—1 ਪਤ. 1:14-16.

13. ਇਹ ਕਿਉਂ ਢੁਕਵਾਂ ਹੈ ਕਿ ਅਸੀਂ ਯਹੋਵਾਹ ਦੀ ਵਡਿਆਈ ਕਰੀਏ?

13 ਸਾਡੀ ਬੋਲੀ ਇਕ ਹੋਰ ਬਲੀਦਾਨ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਯਹੋਵਾਹ ਨੂੰ ਪਿਆਰ ਕਰਨ ਵਾਲੇ ਉਸ ਬਾਰੇ ਹਮੇਸ਼ਾ ਲੋਕਾਂ ਅੱਗੇ ਅਤੇ ਆਪਣੇ ਘਰਾਂ ਵਿਚ ਉਸ ਦੀ ਵਡਿਆਈ ਕਰਦੇ ਹਨ। (ਜ਼ਬੂਰਾਂ ਦੀ ਪੋਥੀ 34:1-3 ਪੜ੍ਹੋ।) ਜ਼ਬੂਰਾਂ ਦੀ ਪੋਥੀ 148-150 ਪੜ੍ਹੋ ਅਤੇ ਦੇਖੋ ਕਿ ਇਹ ਤਿੰਨੇ ਜ਼ਬੂਰ ਕਿੰਨੀ ਵਾਰੀ ਸਾਨੂੰ ਪਰਮੇਸ਼ੁਰ ਦੀ ਪ੍ਰਸ਼ੰਸਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਵਾਕਈ “[ਭਲੇ ਲੋਕਾਂ] ਨੂੰ ਉਸਤਤ ਕਰਨੀ ਫੱਬਦੀ ਹੈ।” (ਜ਼ਬੂ.33:1) ਸਾਡੇ ਆਦਰਸ਼ ਯਿਸੂ ਮਸੀਹ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।—ਲੂਕਾ 4:18, 43, 44.

14, 15. ਹੋਸ਼ੇਆ ਨੇ ਇਸਰਾਏਲੀਆਂ ਨੂੰ ਕਿਹੋ ਜਿਹੇ ਬਲੀਦਾਨ ਚੜ੍ਹਾਉਣ ਦੀ ਤਾਕੀਦ ਕੀਤੀ ਅਤੇ ਯਹੋਵਾਹ ਨੇ ਕੀ ਜਵਾਬ ਦਿੱਤਾ?

14 ਜੋਸ਼ ਨਾਲ ਪ੍ਰਚਾਰ ਕਰ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਮਿਹਰ ਪਾਉਣ ਦੀ ਇੱਛਾ ਰੱਖਦੇ ਹਾਂ। ਮਿਸਾਲ ਲਈ, ਧਿਆਨ ਦਿਓ ਕਿ ਹੋਸ਼ੇਆ ਨਬੀ ਨੇ ਉਨ੍ਹਾਂ ਇਸਰਾਏਲੀਆਂ ਨੂੰ ਕਿਵੇਂ ਤਾਕੀਦ ਕੀਤੀ ਜਿਹੜੇ ਮੂਰਤੀ ਪੂਜਾ ਕਰਨ ਲੱਗ ਪਏ ਅਤੇ ਪਰਮੇਸ਼ੁਰ ਦੀ ਮਿਹਰ ਗੁਆ ਬੈਠੇ। (ਹੋਸ਼ੇ. 13:1-3) ਹੋਸ਼ੇਆ ਨੇ ਉਨ੍ਹਾਂ ਨੂੰ ਇਹ ਬੇਨਤੀ ਕਰਨ ਲਈ ਕਿਹਾ ਸੀ ਕਿ ਹੇ ਯਹੋਵਾਹ ਗ਼ਲਤੀ ਨੂੰ ਮਾਫ਼ ਕਰ ਅਤੇ “ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।”—ਹੋਸ਼ੇ. 14:1, 2.

15 ਵਹਿੜਾ ਸਭ ਤੋਂ ਮਹਿੰਗਾ ਪਸ਼ੂ ਸੀ ਜੋ ਇਕ ਇਸਰਾਏਲੀ ਯਹੋਵਾਹ ਨੂੰ ਚੜ੍ਹਾ ਸਕਦਾ ਸੀ। “ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼” ਕਰਨ ਦਾ ਮਤਲਬ ਸੀ ਕਿ ਸੋਚ ਸਮਝ ਕੇ ਦਿਲੋਂ ਕਹੇ ਸ਼ਬਦਾਂ ਨਾਲ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨੀ। ਇਹੋ ਜਿਹੇ ਬਲੀਦਾਨ ਚੜ੍ਹਾਉਣ ਵਾਲਿਆਂ ਨੂੰ ਯਹੋਵਾਹ ਨੇ ਕੀ ਕਿਹਾ? ਉਸ ਨੇ ਕਿਹਾ: “ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ।” (ਹੋਸ਼ੇ. 14:4) ਉਸਤਤ ਦੇ ਬਲੀਦਾਨ ਚੜ੍ਹਾਉਣ ਵਾਲਿਆਂ ਨੂੰ ਯਹੋਵਾਹ ਨੇ ਮਾਫ਼ੀ ਦਿੱਤੀ, ਉਨ੍ਹਾਂ ਤੇ ਮਿਹਰ ਕੀਤੀ ਅਤੇ ਉਨ੍ਹਾਂ ਦਾ ਦੋਸਤ ਬਣਿਆ।

16, 17. ਜਦੋਂ ਕੋਈ ਵਿਅਕਤੀ ਪਰਮੇਸ਼ੁਰ ਉੱਤੇ ਨਿਹਚਾ ਕਾਰਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ, ਤਾਂ ਯਹੋਵਾਹ ਉਸ ਵੱਲੋਂ ਕੀਤੀ ਉਸ ਦੀ ਉਸਤਤ ਨੂੰ ਕਿਵੇਂ ਸਵੀਕਾਰ ਕਰਦਾ ਹੈ?

16 ਜਨਤਕ ਤੌਰ ਤੇ ਯਹੋਵਾਹ ਦੀ ਵਡਿਆਈ ਕਰਨਾ ਹਮੇਸ਼ਾ ਤੋਂ ਸੱਚੀ ਭਗਤੀ ਦਾ ਅਹਿਮ ਹਿੱਸਾ ਰਿਹਾ ਹੈ। ਜ਼ਬੂਰਾਂ ਦੇ ਲਿਖਾਰੀ ਲਈ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨੀ ਇੰਨੀ ਜ਼ਿਆਦਾ ਅਹਿਮੀਅਤ ਰੱਖਦੀ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਮਿੰਨਤ ਕੀਤੀ: “ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰ ਕੇ ਗਰਹਿਣ ਕਰ।” (ਜ਼ਬੂ. 119:108) ਅੱਜ ਬਾਰੇ ਕੀ? ਯਸਾਯਾਹ ਨੇ ਸਾਡੇ ਸਮੇਂ ਦੀ ਵੱਡੀ ਭੀੜ ਬਾਰੇ ਗੱਲ ਕਰਦੇ ਹੋਏ ਭਵਿੱਖਬਾਣੀ ਕੀਤੀ: ‘ਓਹ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ। ਓਹ [ਉਨ੍ਹਾਂ ਦੀਆਂ ਭੇਟਾਂ] ਕਬੂਲ ਹੋ ਕੇ ਮੇਰੀ [ਪਰਮੇਸ਼ੁਰ ਦੀ] ਜਗਵੇਦੀ ਉੱਤੇ ਚੜ੍ਹਾਏ ਜਾਣਗੇ।’ (ਯਸਾ. 60:6, 7) ਇਸ ਦੀ ਪੂਰਤੀ ਵਿਚ ਲੱਖਾਂ ਹੀ ਲੋਕ “ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ” ਪਰਮੇਸ਼ੁਰ ਨੂੰ ਚੜ੍ਹਾ ਰਹੇ ਹਨ।—ਇਬ. 13:15.

17 ਤੁਹਾਡੇ ਬਾਰੇ ਕੀ? ਕੀ ਤੁਸੀਂ ਪਰਮੇਸ਼ੁਰ ਨੂੰ ਸਵੀਕਾਰਯੋਗ ਬਲੀਦਾਨ ਚੜ੍ਹਾਉਂਦੇ ਹੋ? ਜੇ ਨਹੀਂ, ਤਾਂ ਕੀ ਤੁਸੀਂ ਲੋੜੀਂਦੀਆਂ ਤਬਦੀਲੀਆਂ ਕਰੋਗੇ ਅਤੇ ਯਹੋਵਾਹ ਦੀ ਵਡਿਆਈ ਜਨਤਕ ਤੌਰ ਤੇ ਕਰਨੀ ਸ਼ੁਰੂ ਕਰੋਗੇ? ਜੇ ਤੁਸੀਂ ਨਿਹਚਾ ਦੇ ਕਾਰਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ, ਤਾਂ ਤੁਹਾਡਾ ਬਲੀਦਾਨ “ਯਹੋਵਾਹ ਨੂੰ ਬਲਦ ਨਾਲੋਂ ਬਹੁਤਾ ਭਾਵੇਗਾ।” (ਜ਼ਬੂਰਾਂ ਦੀ ਪੋਥੀ 69:30, 31 ਪੜ੍ਹੋ।) ਯਕੀਨੀ ਬਣਾਓ ਕਿ ਤੁਹਾਡੀ ਉਸਤਤ ਦੇ ਬਲੀਦਾਨ ਦੀ “ਸੁਗੰਧਤਾ” ਯਹੋਵਾਹ ਤਕ ਪਹੁੰਚਦੀ ਹੈ ਅਤੇ ਨਾਲੇ ਕਿ ਉਸ ਦੀ ਮਿਹਰ ਤੁਹਾਡੇ ਉੱਤੇ ਹੈ। (ਹਿਜ਼. 20:41) ਉਸ ਵੇਲੇ ਤੁਹਾਨੂੰ ਜੋ ਖ਼ੁਸ਼ੀ ਮਿਲੇਗੀ, ਉਸ ਦੀ ਕੋਈ ਹੋਰ ਚੀਜ਼ ਬਰਾਬਰੀ ਨਹੀਂ ਕਰ ਸਕੇਗੀ।

‘ਯਹੋਵਾਹ ਧਰਮੀ ਨੂੰ ਬਰਕਤ ਦੇਵੇਗਾ’

18, 19. (ੳ) ਪਰਮੇਸ਼ੁਰ ਦੀ ਸੇਵਾ ਕਰਨ ਬਾਰੇ ਅੱਜ ਕਈ ਲੋਕਾਂ ਦਾ ਵਿਚਾਰ ਕੀ ਹੈ? (ਅ) ਪਰਮੇਸ਼ੁਰ ਦੀ ਮਿਹਰ ਗੁਆਉਣ ਨਾਲ ਕੀ ਹੋਵੇਗਾ?

18 ਅੱਜ ਬਹੁਤ ਸਾਰੇ ਲੋਕ ਉਹੀ ਸਿੱਟਾ ਕੱਢਦੇ ਹਨ ਜੋ ਕੁਝ ਲੋਕਾਂ ਨੇ ਮਲਾਕੀ ਦੇ ਸਮੇਂ ਵਿਚ ਕੱਢਿਆ ਸੀ: “ਪਰਮੇਸ਼ੁਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ?” (ਮਲਾ. 3:14) ਧਨ-ਦੌਲਤ ਪਿੱਛੇ ਲੱਗੇ ਰਹਿਣ ਕਾਰਨ ਉਹ ਸੋਚਦੇ ਹਨ ਕਿ ਪਰਮੇਸ਼ੁਰ ਦਾ ਮਕਸਦ ਅਧੂਰਾ ਰਹੇਗਾ ਅਤੇ ਉਸ ਦੇ ਹੁਕਮਾਂ ਉੱਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਦੇ ਖ਼ਿਆਲ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਮੇਂ ਦੀ ਬਰਬਾਦੀ ਹੈ ਅਤੇ ਲੋਕ ਇਸ ਤੋਂ ਚਿੜਦੇ ਹਨ।

19 ਇਹੋ ਜਿਹੇ ਵਿਚਾਰਾਂ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਹੋਈ ਸੀ। ਸ਼ਤਾਨ ਨੇ ਯਹੋਵਾਹ ਤੋਂ ਮਿਲੀ ਸ਼ਾਨਦਾਰ ਜ਼ਿੰਦਗੀ ਦਾ ਨਿਰਾਦਰ ਕਰਨ ਲਈ ਹੱਵਾਹ ਨੂੰ ਭਰਮਾਇਆ ਜਿਸ ਕਰਕੇ ਉਹ ਉਸ ਦੀ ਮਿਹਰ ਗੁਆ ਬੈਠੀ। ਅੱਜ ਸ਼ਤਾਨ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਕੁਝ ਵੀ ਨਹੀਂ ਮਿਲਣਾ। ਪਰ ਹੱਵਾਹ ਅਤੇ ਉਸ ਦੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਪਰਮੇਸ਼ੁਰ ਦੀ ਮਿਹਰ ਗੁਆਉਣ ਨਾਲ ਉਹ ਆਪਣੀਆਂ ਮੁਕੰਮਲ ਜ਼ਿੰਦਗੀਆਂ ਗੁਆ ਬੈਠੇ ਸਨ। ਜਿਹੜੇ ਉਨ੍ਹਾਂ ਦੀ ਬੁਰੀ ਮਿਸਾਲ ’ਤੇ ਚੱਲਦੇ ਹਨ, ਉਨ੍ਹਾਂ ਨੂੰ ਜਲਦੀ ਹੀ ਇਹ ਕੌੜੀ ਸੱਚਾਈ ਪਤਾ ਲੱਗੇਗੀ।—ਉਤ. 3:1-7, 17-19.

20, 21. (ੳ) ਸਾਰਫਥ ਦੀ ਵਿਧਵਾ ਨੇ ਕੀ ਕੀਤਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ? (ਅ) ਸਾਨੂੰ ਸਾਰਫਥ ਦੀ ਵਿਧਵਾ ਦੀ ਰੀਸ ਕਿਸ ਤਰ੍ਹਾਂ ਅਤੇ ਕਿਉਂ ਕਰਨੀ ਚਾਹੀਦੀ ਹੈ?

20 ਸਾਨੂੰ ਪਤਾ ਹੈ ਕਿ ਆਦਮ ਅਤੇ ਹੱਵਾਹ ਦਾ ਕਿੰਨਾ ਦੁਖਦਾਈ ਅੰਤ ਹੋਇਆ! ਪਰ ਸਾਰਫਥ ਦੀ ਵਿਧਵਾ ਅਤੇ ਏਲੀਯਾਹ ਨੇ ਜੋ ਕੁਝ ਕੀਤਾ, ਉਸ ਦੇ ਨਤੀਜੇ ਬਿਲਕੁਲ ਉਲਟ ਨਿਕਲੇ। ਏਲੀਯਾਹ ਦੇ ਹੌਸਲੇ ਭਰੇ ਸ਼ਬਦ ਸੁਣਨ ਤੋਂ ਬਾਅਦ ਤੀਵੀਂ ਖਾਣਾ ਬਣਾਉਣ ਲੱਗ ਪਈ ਅਤੇ ਕੁਝ ਖਾਣਾ ਪਹਿਲਾਂ ਨਬੀ ਨੂੰ ਦਿੱਤਾ। ਫਿਰ ਯਹੋਵਾਹ ਨੇ ਏਲੀਯਾਹ ਦੁਆਰਾ ਕੀਤੇ ਆਪਣੇ ਵਾਅਦੇ ਨੂੰ ਨਿਭਾਇਆ। ਬਿਰਤਾਂਤ ਦੱਸਦਾ ਹੈ: “ਫੇਰ ਏਹ ਅਤੇ ਉਹ ਅਤੇ ਉਹ ਦਾ ਘਰਾਣਾ ਕਈ ਦਿਨਾਂ ਤੀਕ ਖਾਂਦੇ ਰਹੇ। ਅਤੇ ਨਾ ਤੌਲੇ ਵਿੱਚੋਂ ਆਟਾ ਮੁੱਕਾ ਨਾ ਕੁੱਜੀ ਦਾ ਤੇਲ ਘਟਿਆ। ਏਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।”—1 ਰਾਜ. 17:15, 16.

21 ਅੱਜ ਅਰਬਾਂ ਲੋਕਾਂ ਵਿੱਚੋਂ ਕੁਝ ਹੀ ਲੋਕ ਸਾਰਫਥ ਦੀ ਵਿਧਵਾ ਵਾਂਗ ਕਰਨ ਲਈ ਤਿਆਰ ਹਨ। ਉਸ ਨੇ ਮੁਕਤੀ ਦੇ ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖਿਆ ਅਤੇ ਪਰਮੇਸ਼ੁਰ ਨੇ ਵੀ ਉਸ ਨੂੰ ਬੇਸਹਾਰਾ ਨਹੀਂ ਛੱਡਿਆ। ਇਸ ਅਤੇ ਹੋਰ ਬਾਈਬਲ ਬਿਰਤਾਂਤਾਂ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਸਾਡੇ ਭਰੋਸੇ ਦੇ ਲਾਇਕ ਹੈ। (ਯਹੋਸ਼ੁਆ 21:43-45; 23:14 ਪੜ੍ਹੋ।) ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਜ਼ਿੰਦਗੀਆਂ ਤੋਂ ਹੋਰ ਸਬੂਤ ਮਿਲਦਾ ਹੈ ਕਿ ਉਹ ਉਨ੍ਹਾਂ ਨੂੰ ਕਦੇ ਵੀ ਨਹੀਂ ਤਿਆਗੇਗਾ ਜਿਨ੍ਹਾਂ ਉੱਤੇ ਉਸ ਦੀ ਮਿਹਰ ਹੈ।—ਜ਼ਬੂ. 34:6, 7, 17-19. *

22. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਬਿਨਾਂ ਦੇਰ ਕੀਤਿਆਂ ਪਰਮੇਸ਼ੁਰ ਦੀ ਮਿਹਰ ਭਾਲੀਏ?

22 ਪਰਮੇਸ਼ੁਰ ਦੇ ਨਿਆਉਂ ਦਾ ਦਿਨ ਜਲਦੀ ਹੀ “ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।” (ਲੂਕਾ 21:34, 35) ਇਸ ਤੋਂ ਕੋਈ ਨਹੀਂ ਬਚ ਸਕਦਾ। ਪਰਮੇਸ਼ੁਰ ਵੱਲੋਂ ਚੁਣੇ ਹੋਏ ਨਿਆਈ ਦੇ ਕਹੇ ਸ਼ਬਦਾਂ ਨੂੰ ਸੁਣਨ ਦੀ ਤੁਲਨਾ ਵਿਚ ਧਨ-ਦੌਲਤ ਅਤੇ ਐਸ਼ੋ-ਆਰਾਮ ਕੁਝ ਵੀ ਨਹੀਂ ਹੈ। ਉਹ ਨਿਆਈ ਕਹਿੰਦਾ ਹੈ: “ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” (ਮੱਤੀ 25:34) ਜੀ ਹਾਂ, ‘ਯਹੋਵਾਹ ਤਾਂ ਧਰਮੀ ਨੂੰ ਬਰਕਤ ਦੇਵੇਗਾ, ਢਾਲ ਰੂਪੀ ਕਿਰਪਾ ਦੇ ਨਾਲ ਉਹ ਨੂੰ ਘੇਰੀ ਰੱਖੇਗਾ।’ (ਜ਼ਬੂ. 5:12) ਤਾਂ ਫਿਰ, ਕੀ ਸਾਨੂੰ ਪਰਮੇਸ਼ੁਰ ਦੀ ਮਿਹਰ ਨਹੀਂ ਭਾਲਣੀ ਚਾਹੀਦੀ?

[ਫੁਟਨੋਟ]

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਸਾਡੇ ਤੋਂ ਪੂਰੇ ਦਿਲ ਨਾਲ ਆਪਣੀ ਭਗਤੀ ਕਰਾਉਣ ਦਾ ਹੱਕਦਾਰ ਕਿਉਂ ਹੈ?

• ਅੱਜ ਯਹੋਵਾਹ ਕਿਹੋ ਜਿਹੇ ਬਲੀਦਾਨਾਂ ਤੋਂ ਖ਼ੁਸ਼ ਹੁੰਦਾ ਹੈ?

• “ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ” ਨੂੰ ਚੜ੍ਹਾਉਣ ਦਾ ਕੀ ਮਤਲਬ ਹੈ ਅਤੇ ਸਾਨੂੰ ਇਹ ਯਹੋਵਾਹ ਨੂੰ ਕਿਉਂ ਚੜ੍ਹਾਉਣੇ ਚਾਹੀਦੇ ਹਨ?

• ਸਾਨੂੰ ਪਰਮੇਸ਼ੁਰ ਦੀ ਮਿਹਰ ਕਿਉਂ ਭਾਲਣੀ ਚਾਹੀਦੀ ਹੈ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਪਰਮੇਸ਼ੁਰ ਦੇ ਨਬੀ ਨੇ ਲੋੜਵੰਦ ਮਾਂ ਅੱਗੇ ਕਿਹੜੀ ਮਹੱਤਵਪੂਰਣ ਮੰਗ ਰੱਖੀ?

[ਸਫ਼ਾ 15 ਉੱਤੇ ਤਸਵੀਰ]

ਯਹੋਵਾਹ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਣ ਦੇ ਸਾਨੂੰ ਕਿਹੜੇ ਫ਼ਾਇਦੇ ਮਿਲਦੇ ਹਨ?

[ਸਫ਼ਾ 17 ਉੱਤੇ ਤਸਵੀਰ]

ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣ ਨਾਲ ਤੁਹਾਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਵੇਗੀ