Skip to content

Skip to table of contents

ਕੀ ਰੱਬ ਨੇ ਸ਼ਤਾਨ ਨੂੰ ਬਣਾਇਆ?

ਕੀ ਰੱਬ ਨੇ ਸ਼ਤਾਨ ਨੂੰ ਬਣਾਇਆ?

ਪਾਠਕਾਂ ਦੇ ਸਵਾਲ

ਕੀ ਰੱਬ ਨੇ ਸ਼ਤਾਨ ਨੂੰ ਬਣਾਇਆ?

▪ ਬਾਈਬਲ ਦੱਸਦੀ ਹੈ ਕਿ ਰੱਬ ਨੇ “ਸਾਰੀਆਂ ਵਸਤਾਂ ਰਚੀਆਂ,” ਇਸ ਲਈ ਕਈ ਸੋਚਦੇ ਹਨ ਕਿ ਉਸ ਨੇ ਸ਼ਤਾਨ ਨੂੰ ਵੀ ਬਣਾਇਆ ਹੋਵੇਗਾ। (ਅਫ਼ਸੀਆਂ 3:9; ਪਰਕਾਸ਼ ਦੀ ਪੋਥੀ 4:11) ਪਰ ਬਾਈਬਲ ਸਾਫ਼ ਦਿਖਾਉਂਦੀ ਹੈ ਕਿ ਇਹ ਗੱਲ ਸੱਚ ਨਹੀਂ ਹੈ।

ਯਹੋਵਾਹ ਨੇ ਇਕ ਫ਼ਰਿਸ਼ਤਾ ਬਣਾਇਆ ਜੋ ਬਾਅਦ ਵਿਚ ਸ਼ਤਾਨ ਬਣ ਗਿਆ। ਇਹ ਜਾਣਨ ਤੋਂ ਪਹਿਲਾਂ ਕਿ ਇਹ ਫ਼ਰਿਸ਼ਤਾ ਸ਼ਤਾਨ ਕਿੱਦਾਂ ਬਣਿਆ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬਾਈਬਲ ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਬਾਰੇ ਕੀ ਕਹਿੰਦੀ ਹੈ। ਉਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:3-5) ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਫ਼ਰਿਸ਼ਤਾ ਸ਼ਤਾਨ ਬਣਿਆ ਉਹ ਪਹਿਲਾਂ ਮੁਕੰਮਲ ਤੇ ਧਰਮੀ ਸੀ। ਯੂਹੰਨਾ 8:44 ਵਿਚ ਯਿਸੂ ਨੇ ਕਿਹਾ ਕਿ ਸ਼ਤਾਨ “ਸਚਿਆਈ ਉੱਤੇ ਟਿਕਿਆ ਨਾ ਰਿਹਾ।” ਇਸ ਦਾ ਮਤਲਬ ਹੈ ਕਿ ਇਕ ਸਮੇਂ ਤੇ ਉਹ ਸੱਚਾ ਤੇ ਨਿਰਦੋਸ਼ ਸੀ।

ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਇਨਸਾਨਾਂ ਅਤੇ ਫ਼ਰਿਸ਼ਤਿਆਂ ਨੂੰ ਰੋਬੋਟ ਦੀ ਤਰ੍ਹਾਂ ਨਹੀਂ ਬਣਾਇਆ। ਇਸ ਦੇ ਉਲਟ ਉਹ ਆਪ ਫ਼ੈਸਲਾ ਕਰ ਸਕਦੇ ਸਨ ਕਿ ਕੀ ਉਹ ਸਹੀ ਕੰਮ ਕਰਨਗੇ ਜਾਂ ਗ਼ਲਤ। ਇਸ ਫ਼ਰਿਸ਼ਤੇ ਨੇ ਰੱਬ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਅਤੇ ਪਹਿਲੇ ਇਨਸਾਨੀ ਜੋੜੇ ਨੂੰ ਵੀ ਆਪਣੇ ਨਾਲ ਰਲਾ ਲਿਆ। ਇਸ ਤਰ੍ਹਾਂ ਉਹ ਸ਼ਤਾਨ ਬਣ ਗਿਆ ਜਿਸ ਦਾ ਮਤਲਬ ਹੈ ਵਿਰੋਧੀ।—ਉਤਪਤ 3:1-5.

ਇਸ ਤੋਂ ਇਲਾਵਾ ਸ਼ਤਾਨ ਨੇ ਰੱਬ ਉੱਤੇ ਤੁਹਮਤ ਵੀ ਲਾਈ। ਸ਼ਤਾਨ ਨੇ ਪਹਿਲੀ ਤੀਵੀਂ, ਹੱਵਾਹ, ਨੂੰ ਭਰਮਾਉਣ ਲਈ ਸੱਪ ਦੀ ਵਰਤੋਂ ਕੀਤੀ। ਉਸ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਹੱਵਾਹ ਨੇ ਰੱਬ ਦਾ ਹੁਕਮ ਤੋੜਿਆ। ਇਸੇ ਕਰਕੇ ਹੀ ਯਿਸੂ ਨੇ ਸ਼ਤਾਨ ਨੂੰ “ਝੂਠ ਦਾ ਪਤੰਦਰ” ਕਿਹਾ।—ਯੂਹੰਨਾ 8:44.

ਕੋਈ ਸ਼ਾਇਦ ਪੁੱਛੇ: ‘ਸਾਰੇ ਫ਼ਰਿਸ਼ਤੇ ਤਾਂ ਪਾਪ ਤੋਂ ਬਿਨਾਂ ਬਣਾਏ ਗਏ ਸਨ, ਉਨ੍ਹਾਂ ਵਿਚ ਨਾ ਤਾਂ ਕੋਈ ਕਮੀ-ਕਮਜ਼ੋਰੀ ਸੀ ਤੇ ਨਾ ਹੀ ਆਲੇ-ਦੁਆਲੇ ਦਾ ਕੋਈ ਬੁਰਾ ਪ੍ਰਭਾਵ ਸੀ। ਤਾਂ ਫਿਰ ਇਕ ਫ਼ਰਿਸ਼ਤਾ ਪਾਪ ਕਿਵੇਂ ਕਰ ਸਕਦਾ ਸੀ?’ ਇਕ ਫ਼ਰਿਸ਼ਤਾ ਚਾਹੁਣ ਲੱਗ ਪਿਆ ਕਿ ਪਰਮੇਸ਼ੁਰ ਦੀ ਬਜਾਇ ਲੋਕ ਉਸ ਦੀ ਪੂਜਾ ਕਰਨ। ਇਸ ਗ਼ਲਤ ਇੱਛਾ ਨੂੰ ਆਪਣੇ ਵਿੱਚੋਂ ਕੱਢਣ ਦੀ ਬਜਾਇ ਉਹ ਇਸ ਬਾਰੇ ਸੋਚਦਾ ਰਿਹਾ ਤੇ ਅਖ਼ੀਰ ਵਿਚ ਉਸ ਨੇ ਆਪਣੀ ਇਸ ਇੱਛਾ ਨੂੰ ਪੂਰਿਆਂ ਕੀਤਾ। ਬਾਈਬਲ ਸਮਝਾਉਂਦੀ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ।”—ਯਾਕੂਬ 1:14, 15; 1 ਤਿਮੋਥਿਉਸ 3:6.

ਫ਼ਰਜ਼ ਕਰੋ ਕਿ ਇਕ ਅਕਾਊਂਟੈਂਟ ਇਕ ਕੰਪਨੀ ਵਿਚ ਹਿਸਾਬ-ਕਿਤਾਬ ਦਾ ਕੰਮ ਕਰਦਿਆਂ ਹੇਰਾ-ਫੇਰੀ ਕਰ ਕੇ ਚੋਰੀ ਕਰਨ ਦੀ ਸੋਚਦਾ ਹੈ। ਸ਼ਾਇਦ ਉਹ ਇਸ ਗ਼ਲਤ ਸੋਚ ਨੂੰ ਇਕਦਮ ਆਪਣੇ ਮਨ ਵਿੱਚੋਂ ਕੱਢ ਦੇਵੇ। ਪਰ ਜੇ ਉਹ ਨਾ ਕੱਢੇ, ਸਗੋਂ ਇਸ ਬਾਰੇ ਸੋਚਦਾ ਰਹੇ, ਤਾਂ ਉਸ ਦੀ ਇੱਛਾ ਵਧਦੀ ਜਾਵੇਗੀ ਤੇ ਉਹ ਚੋਰੀ ਕਰ ਲਵੇਗਾ। ਜੇ ਉਹ ਇੱਦਾਂ ਕਰਦਾ ਹੈ, ਤਾਂ ਉਹ ਖ਼ੁਦ ਆਪਣੇ ਆਪ ਨੂੰ ਚੋਰ ਬਣਾਉਂਦਾ ਹੈ। ਜੇ ਉਹ ਚੋਰੀ ਬਾਰੇ ਝੂਠ ਬੋਲੇ, ਤਾਂ ਉਹ ਝੂਠਾ ਵੀ ਬਣ ਜਾਂਦਾ ਹੈ। ਇਸੇ ਤਰ੍ਹਾਂ ਉਹ ਫ਼ਰਿਸ਼ਤਾ ਆਪਣੀਆਂ ਗ਼ਲਤ ਇੱਛਾਵਾਂ ਬਾਰੇ ਸੋਚਦਾ ਰਿਹਾ ਤੇ ਫਿਰ ਉਨ੍ਹਾਂ ਨੂੰ ਪੂਰਿਆਂ ਕੀਤਾ। ਇਹ ਉਸ ਦਾ ਆਪਣਾ ਫ਼ੈਸਲਾ ਸੀ ਕਿ ਉਹ ਗ਼ਲਤ ਕੰਮ ਕਰੇ ਤੇ ਰੱਬ ਦੇ ਖ਼ਿਲਾਫ਼ ਜਾਵੇ। ਇਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸ਼ਤਾਨ ਬਣਾਇਆ।

ਅਸੀਂ ਉਸ ਦਿਨ ਦੀ ਉਡੀਕ ਵਿਚ ਹਾਂ ਜਦੋਂ ਰੱਬ ਸ਼ਤਾਨ ਨੂੰ ਖ਼ਤਮ ਕਰੇਗਾ। (ਰੋਮੀਆਂ 16:20) ਜਿੰਨਾ ਚਿਰ ਸ਼ਤਾਨ ਹੈ ਯਹੋਵਾਹ ਦੇ ਭਗਤਾਂ ਨੂੰ ਉਸ ਦੀਆਂ ਚਲਾਕੀਆਂ ਬਾਰੇ ਦੱਸਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਇਨ੍ਹਾਂ ਚਲਾਕੀਆਂ ਤੋਂ ਬਚਾਇਆ ਜਾਂਦਾ ਹੈ। (2 ਕੁਰਿੰਥੀਆਂ 2:11; ਅਫ਼ਸੀਆਂ 6:11) ਇਸ ਲਈ “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7. (w11-E 03/01)

[ਸਫ਼ਾ 21 ਉੱਤੇ ਸੁਰਖੀ]

ਰੱਬ ਦੇ ਖ਼ਿਲਾਫ਼ ਜਾਣ ਦਾ ਫ਼ੈਸਲਾ ਕਰ ਕੇ ਇਕ ਫ਼ਰਿਸ਼ਤੇ ਨੇ ਆਪਣੇ ਆਪ ਨੂੰ ਸ਼ਤਾਨ ਬਣਾਇਆ