Skip to content

Skip to table of contents

ਆਪਣੇ ਭੈਣਾਂ-ਭਰਾਵਾਂ ਨੂੰ ਕਦੇ ਨਾ ਤਿਆਗੋ

ਆਪਣੇ ਭੈਣਾਂ-ਭਰਾਵਾਂ ਨੂੰ ਕਦੇ ਨਾ ਤਿਆਗੋ

ਆਪਣੇ ਭੈਣਾਂ-ਭਰਾਵਾਂ ਨੂੰ ਕਦੇ ਨਾ ਤਿਆਗੋ

“ਦਸਾਂ ਸਾਲਾਂ ਤਾਈਂ ਸਾਨੂੰ ਬਿਜ਼ਨਿਸ ਦੀ ਦੁਨੀਆਂ ਦੀ ਚਕਾਚੌਂਧ ਨੇ ਮੋਹੀ ਰੱਖਿਆ ਅਤੇ ਅਸੀਂ ਮਾਲਾ-ਮਾਲ ਹੋ ਗਏ। ਭਾਵੇਂ ਕਿ ਅਸੀਂ ਸੱਚਾਈ ਵਿਚ ਵੱਡੇ ਹੋਏ ਸੀ, ਫਿਰ ਵੀ ਅਸੀਂ ਹੌਲੀ-ਹੌਲੀ ਯਹੋਵਾਹ ਤੋਂ ਕਾਫ਼ੀ ਦੂਰ ਹੋ ਗਏ ਅਤੇ ਸਾਡੇ ਵਿਚ ਵਾਪਸ ਮੁੜਨ ਦੀ ਤਾਕਤ ਨਹੀਂ ਸੀ,” ਯਾਰੋਸਵਵ ਅਤੇ ਉਸ ਦੀ ਪਤਨੀ ਬੇਆਤਾ ਕਹਿੰਦੇ ਹਨ। *

ਇਕ ਹੋਰ ਭਰਾ ਮਾਰੇਕ ਚੇਤੇ ਕਰਦਾ ਹੈ: “ਪੋਲੈਂਡ ਵਿਚ ਸਮਾਜਕ ਅਤੇ ਰਾਜਨੀਤਿਕ ਤਬਦੀਲੀਆਂ ਕਾਰਨ ਮੇਰੇ ਹੱਥੋਂ ਇਕ ਤੋਂ ਬਾਅਦ ਇਕ ਨੌਕਰੀ ਛੁੱਟ ਗਈ। ਮੈਂ ਅੱਕ ਗਿਆ ਸੀ। ਮੈਂ ਖ਼ੁਦ ਆਪਣੀ ਕੰਪਨੀ ਸ਼ੁਰੂ ਕਰਨ ਤੋਂ ਡਰਦਾ ਸੀ ਕਿਉਂਕਿ ਮੇਰੇ ਵਿਚ ਬਿਜ਼ਨਿਸ ਚਲਾਉਣ ਦੀ ਕਾਬਲੀਅਤ ਨਹੀਂ ਸੀ। ਅਖ਼ੀਰ ਮੇਰਾ ਮਨ ਕੰਪਨੀ ਸ਼ੁਰੂ ਕਰਨ ਨੂੰ ਕੀਤਾ। ਮੈਂ ਸੋਚਿਆ ਕਿ ਮੈਂ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਜ਼ਿਆਦਾ ਚੰਗੀ ਤਰ੍ਹਾਂ ਪੂਰੀਆਂ ਕਰ ਪਾਵਾਂਗਾ ਤੇ ਇਸ ਦਾ ਮੇਰੀ ਨਿਹਚਾ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਪਰ ਸਮੇਂ ਦੇ ਬੀਤਣ ਨਾਲ ਪਤਾ ਲੱਗਾ ਕਿ ਮੈਂ ਕਿੰਨਾ ਗ਼ਲਤ ਸੋਚਦਾ ਸੀ।”

ਅੱਜ ਇਸ ਦੁਨੀਆਂ ਵਿਚ ਮਹਿੰਗਾਈ ਅਤੇ ਬੇਰੋਜ਼ਗਾਰੀ ਤੇਜ਼ੀ ਨਾਲ ਵਧਦੀ ਹੀ ਜਾ ਰਹੀ ਹੈ, ਇਸ ਲਈ ਕੁਝ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਜਿਸ ਕਰਕੇ ਉਹ ਗ਼ਲਤ ਫ਼ੈਸਲੇ ਕਰਦੇ ਹਨ। ਬਹੁਤ ਸਾਰੇ ਭਰਾਵਾਂ ਨੇ ਓਵਰਟਾਈਮ ਕੰਮ ਕਰਨ, ਕੋਈ ਵਾਧੂ ਨੌਕਰੀ ਕਰਨ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਭਾਵੇਂ ਕਿ ਉਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੈ। ਉਹ ਸੋਚਦੇ ਹਨ ਕਿ ਵਾਧੂ ਤਨਖ਼ਾਹ ਆਉਣ ਨਾਲ ਪਰਿਵਾਰ ਦੀ ਮਦਦ ਹੋਵੇਗੀ ਅਤੇ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ਉੱਤੇ ਕੋਈ ਅਸਰ ਨਹੀਂ ਪਵੇਗਾ। ਪਰ ਕਿਸੇ ਵੀ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਹਨ ਅਤੇ ਡਾਵਾਂ-ਡੋਲ ਆਰਥਿਕ ਸਥਿਤੀ ਕਾਰਨ ਚੰਗੀਆਂ-ਭਲੀਆਂ ਯੋਜਨਾਵਾਂ ਵਿਗੜ ਸਕਦੀਆਂ ਹਨ। ਨਤੀਜੇ ਵਜੋਂ ਕੁਝ ਲਾਲਚ ਦੇ ਫੰਦੇ ਵਿਚ ਫਸ ਗਏ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ।—ਉਪ. 9:12.

ਕੁਝ ਭੈਣ-ਭਰਾ ਦੁਨਿਆਵੀ ਕੰਮਾਂ-ਕਾਰਾਂ ਵਿਚ ਇੰਨੇ ਰੁੱਝ ਗਏ ਹਨ ਕਿ ਉਨ੍ਹਾਂ ਕੋਲ ਨਿੱਜੀ ਅਧਿਐਨ, ਮੀਟਿੰਗਾਂ ਜਾਂ ਪ੍ਰਚਾਰ ਲਈ ਹੁਣ ਬਿਲਕੁਲ ਵੀ ਸਮਾਂ ਨਹੀਂ ਹੈ। ਜ਼ਾਹਰਾ ਤੌਰ ਤੇ ਇਸ ਤਰ੍ਹਾਂ ਦੀ ਲਾਪਰਵਾਹੀ ਉਨ੍ਹਾਂ ਦੀ ਭਗਤੀ ਅਤੇ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਮਾੜਾ ਅਸਰ ਪਾਉਂਦੀ ਹੈ। ਇੱਥੋਂ ਤਕ ਕਿ ਉਹ ਇਕ ਹੋਰ ਮਹੱਤਵਪੂਰਣ ਰਿਸ਼ਤੇ ਨੂੰ ਵੀ ਤਿਆਗ ਸਕਦੇ ਹਨ ਜੋ ਰਿਸ਼ਤਾ ਉਨ੍ਹਾਂ ਦਾ “ਨਿਹਚਾਵਾਨਾਂ ਦੇ ਨਾਲ” ਹੈ। (ਗਲਾ. 6:10) ਕੁਝ ਹੌਲੀ-ਹੌਲੀ ਮਸੀਹੀ ਭਾਈਚਾਰੇ ਤੋਂ ਦੂਰ ਚਲੇ ਜਾਂਦੇ ਹਨ। ਇਸ ਮਾਮਲੇ ਉੱਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰੋ।

ਆਪਣੇ ਭੈਣਾਂ-ਭਰਾਵਾਂ ਪ੍ਰਤਿ ਸਾਡਾ ਫ਼ਰਜ਼

ਭੈਣ-ਭਰਾ ਹੋਣ ਦੇ ਨਾਤੇ ਸਾਨੂੰ ਇਕ-ਦੂਜੇ ਨੂੰ ਪਿਆਰ ਦਿਖਾਉਣ ਦੇ ਕਈ ਮੌਕੇ ਮਿਲਦੇ ਹਨ। (ਰੋਮੀ. 13:8) ਤੁਸੀਂ ਸ਼ਾਇਦ ਆਪਣੀ ਕਲੀਸਿਯਾ ਵਿਚ ਮਦਦ ਲਈ ਦੁਹਾਈ ਦੇਣ ਵਾਲੇ ਗ਼ਰੀਬ ਭੈਣਾਂ-ਭਰਾਵਾਂ ਨੂੰ ਦੇਖਿਆ ਹੋਵੇਗਾ। (ਅੱਯੂ. 29:12) ਕੁਝ ਨੂੰ ਸ਼ਾਇਦ ਗੁਜ਼ਾਰੇ ਜੋਗੀਆਂ ਬੁਨਿਆਦੀ ਚੀਜ਼ਾਂ ਦੀ ਵੀ ਘਾਟ ਹੋਵੇ। ਇਸ ਕਾਰਨ ਮਿਲਦੇ ਮੌਕੇ ਬਾਰੇ ਯੂਹੰਨਾ ਰਸੂਲ ਨੇ ਸਾਨੂੰ ਯਾਦ ਕਰਾਇਆ: “ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?”—1 ਯੂਹੰ. 3:17.

ਇਨ੍ਹਾਂ ਲੋੜਾਂ ਨੂੰ ਦੇਖ ਕੇ ਤੁਸੀਂ ਖੁੱਲ੍ਹੇ ਦਿਲ ਨਾਲ ਦੂਜਿਆਂ ਦੀ ਮਦਦ ਕੀਤੀ ਹੋਵੇਗੀ। ਪਰ ਅਸੀਂ ਸਿਰਫ਼ ਪੈਸੇ-ਧੇਲੇ ਪੱਖੋਂ ਮਦਦ ਕਰਨ ਲਈ ਭੈਣਾਂ-ਭਰਾਵਾਂ ਵਿਚ ਦਿਲਚਸਪੀ ਨਹੀਂ ਲੈਂਦੇ। ਹੋ ਸਕਦਾ ਹੈ ਕੁਝ ਇਕੱਲੇ ਜਾਂ ਨਿਰਾਸ਼ ਹੋਣ ਕਰਕੇ ਮਦਦ ਲਈ ਦੁਹਾਈ ਦੇਣ। ਉਹ ਸ਼ਾਇਦ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਦੇ ਲਾਇਕ ਨਾ ਸਮਝਣ, ਕਿਸੇ ਗੰਭੀਰ ਬੀਮਾਰੀ ਤੋਂ ਪੀੜਿਤ ਹੋਣ ਜਾਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੋਵੇ। ਅਸੀਂ ਉਨ੍ਹਾਂ ਦੀ ਗੱਲ ਸੁਣ ਕੇ ਅਤੇ ਉਨ੍ਹਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਜਜ਼ਬਾਤੀ ਤੌਰ ਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਪਰਮੇਸ਼ੁਰ ਨਾਲ ਰਿਸ਼ਤਾ ਗੂੜ੍ਹਾ ਕਰਨ ਵਿਚ ਵੀ ਮਦਦ ਕਰ ਸਕਦੇ ਹਾਂ। (1 ਥੱਸ. 5:14) ਇਸ ਨਾਲ ਅਕਸਰ ਭੈਣਾਂ-ਭਰਾਵਾਂ ਨਾਲ ਸਾਡੇ ਪਿਆਰ ਦਾ ਬੰਧਨ ਮਜ਼ਬੂਤ ਹੁੰਦਾ ਹੈ।

ਖ਼ਾਸਕਰ ਕਲੀਸਿਯਾ ਦੇ ਬਜ਼ੁਰਗ ਸ਼ਾਇਦ ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣ ਸਕਦੇ ਹਨ, ਉਨ੍ਹਾਂ ਦੇ ਹਾਲਾਤ ਨੂੰ ਸਮਝ ਸਕਦੇ ਹਨ ਅਤੇ ਬਾਈਬਲ ਤੋਂ ਪਿਆਰ ਨਾਲ ਸਲਾਹ ਦੇ ਸਕਦੇ ਹਨ। (ਰਸੂ. 20:28) ਇਸ ਤਰ੍ਹਾਂ ਨਿਗਾਹਬਾਨ ਪੌਲੁਸ ਰਸੂਲ ਦੀ ਰੀਸ ਕਰਦੇ ਹਨ ਜੋ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ।—1 ਥੱਸ. 2:7, 8.

ਪਰ ਜੇ ਕੋਈ ਮਸੀਹੀ ਇੱਜੜ ਤੋਂ ਦੂਰ ਚਲਾ ਜਾਂਦਾ ਹੈ, ਤਾਂ ਭੈਣਾਂ-ਭਰਾਵਾਂ ਪ੍ਰਤਿ ਉਸ ਦੇ ਫ਼ਰਜ਼ ਦਾ ਕੀ ਹੁੰਦਾ ਹੈ? ਨਿਗਾਹਬਾਨ ਵੀ ਧਨ-ਦੌਲਤ ਪਿੱਛੇ ਭੱਜਣ ਦੇ ਫੰਦੇ ਵਿਚ ਫਸ ਸਕਦੇ ਹਨ। ਪਰ ਉਸ ਮਸੀਹੀ ਨਾਲ ਕੀ ਹੁੰਦਾ ਹੈ ਜੋ ਇਸ ਫੰਦੇ ਵਿਚ ਫਸ ਜਾਂਦਾ ਹੈ?

ਜ਼ਿੰਦਗੀ ਦੀਆਂ ਚਿੰਤਾਵਾਂ ਦਾ ਬੋਝ

ਦੇਖਿਆ ਗਿਆ ਹੈ ਕਿ ਪਰਿਵਾਰ ਦੀਆਂ ਬੁਨਿਆਦੀ ਭੌਤਿਕ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਇਕ ਕਰ ਦੇਣ ਨਾਲ ਅਕਸਰ ਚਿੰਤਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਮਸੀਹੀ ਕਦਰਾਂ-ਕੀਮਤਾਂ ਬਾਰੇ ਸਾਡਾ ਨਜ਼ਰੀਆ ਵਿਗੜ ਸਕਦਾ ਹੈ। (ਮੱਤੀ 13:22) ਪਹਿਲਾਂ ਜ਼ਿਕਰ ਕੀਤਾ ਮਾਰੇਕ ਕਹਿੰਦਾ ਹੈ: “ਜਦੋਂ ਮੇਰਾ ਕਾਰੋਬਾਰ ਨਾਕਾਮ ਹੋ ਗਿਆ, ਤਾਂ ਮੈਂ ਵਿਦੇਸ਼ ਵਿਚ ਚੰਗੀ ਤਨਖ਼ਾਹ ਵਾਲੀ ਨੌਕਰੀ ਲੱਭਣ ਦਾ ਫ਼ੈਸਲਾ ਕੀਤਾ। ਮੈਂ ਪਹਿਲਾਂ ਤਿੰਨ ਮਹੀਨਿਆਂ ਵਾਸਤੇ ਵਿਦੇਸ਼ ਗਿਆ, ਫਿਰ ਹੋਰ ਤਿੰਨ ਮਹੀਨਿਆਂ ਵਾਸਤੇ ਗਿਆ ਤੇ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਿਹਾ। ਮੈਂ ਘਰ ਬਹੁਤ ਥੋੜ੍ਹੇ ਸਮੇਂ ਲਈ ਆਉਂਦਾ ਸੀ। ਇਸ ਕਾਰਨ ਮੇਰੀ ਅਵਿਸ਼ਵਾਸੀ ਪਤਨੀ ਨੂੰ ਜਜ਼ਬਾਤੀ ਤੌਰ ਤੇ ਸਹਿਣਾ ਪਿਆ।”

ਇਸ ਤੋਂ ਸਿਰਫ਼ ਪਰਿਵਾਰਕ ਜ਼ਿੰਦਗੀ ਪ੍ਰਭਾਵਿਤ ਨਹੀਂ ਹੋਈ। ਮਾਰੇਕ ਅੱਗੇ ਕਹਿੰਦਾ ਹੈ, “ਅੱਤ ਦੀ ਗਰਮੀ ਵਿਚ ਘੰਟਿਆਂ-ਬੱਧੀ ਕੰਮ ਕਰਨ ਤੋਂ ਇਲਾਵਾ ਮੇਰਾ ਵਾਹ ਬੁਰੇ ਲੋਕਾਂ ਨਾਲ ਪਿਆ ਜੋ ਦੂਜਿਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਗੁੰਡਿਆਂ ਵਾਂਗ ਪੇਸ਼ ਆਉਂਦੇ ਸਨ। ਮੈਂ ਨਿਰਾਸ਼ ਹੋ ਗਿਆ ਅਤੇ ਦੱਬਿਆ-ਦੱਬਿਆ ਮਹਿਸੂਸ ਕਰਨ ਲੱਗਾ। ਮੇਰੇ ਕੋਲ ਆਪਣੀ ਨਿਹਚਾ ਤਕੜੀ ਕਰਨ ਦਾ ਸਮਾਂ ਨਹੀਂ ਸੀ ਜਿਸ ਕਰਕੇ ਮੈਨੂੰ ਲੱਗਣ ਲੱਗਾ ਕਿ ਮੈਂ ਦੂਜਿਆਂ ਦੀ ਨਿਹਚਾ ਤਕੜੀ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹਾਂ।”

ਮਾਰੇਕ ਦੇ ਫ਼ੈਸਲੇ ਦਾ ਜੋ ਮਾੜਾ ਨਤੀਜਾ ਨਿਕਲਿਆ, ਉਸ ਤੋਂ ਸਾਨੂੰ ਸੋਚਣ ਦੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ। ਭਾਵੇਂ ਕਿ ਲੱਗਦਾ ਹੈ ਕਿ ਵਿਦੇਸ਼ ਜਾਣ ਨਾਲ ਪੈਸੇ-ਧੇਲੇ ਦੀ ਸਮੱਸਿਆ ਹੱਲ ਹੋ ਜਾਵੇਗੀ, ਪਰ ਕੀ ਇਸ ਨਾਲ ਹੋਰ ਸਮੱਸਿਆਵਾਂ ਖੜ੍ਹੀਆਂ ਨਹੀਂ ਹੋਣਗੀਆਂ? ਮਿਸਾਲ ਲਈ ਯਹੋਵਾਹ ਨਾਲ ਸਾਡੇ ਪਰਿਵਾਰ ਦੇ ਰਿਸ਼ਤੇ ਦਾ ਕੀ ਹੋਵੇਗਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਉੱਤੇ ਕੀ ਅਸਰ ਪਵੇਗਾ? ਕੀ ਵਿਦੇਸ਼ ਜਾਣ ਨਾਲ ਕਲੀਸਿਯਾ ਨਾਲ ਸਾਡੇ ਸੰਬੰਧ ਟੁੱਟ ਜਾਣਗੇ? ਕੀ ਇਸ ਨਾਲ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੇ ਸਨਮਾਨ ਤੋਂ ਅਸੀਂ ਵਾਂਝੇ ਨਹੀਂ ਹੋ ਜਾਵਾਂਗੇ?—1 ਤਿਮੋ. 3:2-5.

ਤੁਸੀਂ ਜਾਣਦੇ ਹੀ ਹੋ ਕਿ ਕੰਮ ਵਿਚ ਰੁੱਝਣ ਲਈ ਜ਼ਰੂਰੀ ਨਹੀਂ ਕਿ ਇਕ ਵਿਅਕਤੀ ਆਪਣੇ ਦੇਸ਼ ਤੋਂ ਬਾਹਰ ਜਾਵੇ। ਜ਼ਰਾ ਯਾਰੋਸਵਵ ਅਤੇ ਬੇਆਤਾ ਦੀ ਮਿਸਾਲ ਉੱਤੇ ਗੌਰ ਕਰੋ। ਯਾਰੋਸਵਵ ਕਹਿੰਦਾ ਹੈ: “ਸਾਨੂੰ ਪਤਾ ਵੀ ਨਹੀਂ ਲੱਗਾ ਕਿ ਇਹ ਸਭ ਕਿਵੇਂ ਸ਼ੁਰੂ ਹੋ ਗਿਆ। ਸਾਡਾ ਨਵਾਂ-ਨਵਾਂ ਵਿਆਹ ਹੋਣ ਕਰਕੇ ਅਸੀਂ ਇਕ ਵਧੀਆ ਜਗ੍ਹਾ ਤੇ ਹੌਟ-ਡਾੱਗ ਦਾ ਇਕ ਛੋਟਾ ਜਿਹਾ ਸਟਾਲ ਲਾ ਲਿਆ। ਸਾਨੂੰ ਇੰਨਾ ਨਫ਼ਾ ਹੋਇਆ ਕਿ ਅਸੀਂ ਆਪਣਾ ਕਾਰੋਬਾਰ ਵਧਾਉਣ ਦਾ ਫ਼ੈਸਲਾ ਕੀਤਾ। ਪਰ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਸੀ, ਇਸ ਲਈ ਸਾਡੇ ਤੋਂ ਮੀਟਿੰਗਾਂ ਵਿਚ ਨਹੀਂ ਸੀ ਜਾ ਹੁੰਦਾ। ਕੁਝ ਸਮੇਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਅਤੇ ਸਹਾਇਕ ਸੇਵਕ ਵਜੋਂ ਸੇਵਾ ਕਰਨੀ ਛੱਡ ਦਿੱਤੀ। ਅਸੀਂ ਬਹੁਤ ਖ਼ੁਸ਼ ਸੀ ਕਿ ਸਾਨੂੰ ਬਹੁਤ ਨਫ਼ਾ ਹੋ ਰਿਹਾ ਸੀ, ਇਸ ਲਈ ਅਸੀਂ ਇਕ ਵੱਡੀ ਸਾਰੀ ਦੁਕਾਨ ਖੋਲ੍ਹ ਲਈ ਅਤੇ ਇਕ ਬੰਦੇ ਨਾਲ ਬਿਜ਼ਨਿਸ ਕਰਨ ਲੱਗ ਪਏ ਜੋ ਯਹੋਵਾਹ ਨੂੰ ਨਹੀਂ ਸੀ ਮੰਨਦਾ। ਜਲਦੀ ਹੀ ਮੈਂ ਲੱਖਾਂ ਡਾਲਰਾਂ ਦੇ ਕਾਨਟ੍ਰੈਕਟ ਕਰਨ ਲਈ ਵਿਦੇਸ਼ਾਂ ਵਿਚ ਘੁੰਮਣ ਲੱਗਾ। ਮੈਂ ਘੱਟ ਹੀ ਘਰ ਹੁੰਦਾ ਸੀ ਅਤੇ ਮੇਰੀ ਪਤਨੀ ਤੇ ਮੇਰੀ ਧੀ ਨਾਲ ਮੇਰਾ ਰਿਸ਼ਤਾ ਵਿਗੜਨ ਲੱਗ ਪਿਆ। ਅਖ਼ੀਰ ਅਸੀਂ ਵੱਧ-ਫੁੱਲ ਰਹੇ ਬਿਜ਼ਨਿਸ ਵਿਚ ਇੰਨੇ ਰੁੱਝ ਗਏ ਕਿ ਅਸੀਂ ਹੌਲੀ-ਹੌਲੀ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਕਲੀਸਿਯਾ ਤੋਂ ਨਾਤਾ ਟੁੱਟ ਜਾਣ ਕਰਕੇ ਅਸੀਂ ਭੈਣਾਂ-ਭਰਾਵਾਂ ਬਾਰੇ ਮਾੜਾ ਜਿੰਨਾ ਵੀ ਨਹੀਂ ਸੋਚਿਆ।”

ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਕ ਮਸੀਹੀ ਆਪਣੀ ਹੀ “ਨਵੀਂ ਦੁਨੀਆਂ” ਬਣਾਉਣ ਦੀ ਚਾਹਤ ਦੇ ਫੰਦੇ ਵਿਚ ਫਸ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਉਸ ਨੂੰ ਕਿਸੇ ਦੀ ਲੋੜ ਮਹਿਸੂਸ ਨਹੀਂ ਹੁੰਦੀ। ਇੱਥੋਂ ਤਕ ਕਿ ਉਹ ‘ਆਪਣਾ ਬਸਤਰ’ ਯਾਨੀ ਆਪਣੀ ਮਸੀਹੀ ਪਛਾਣ ਗੁਆ ਸਕਦਾ ਹੈ। (ਪਰ. 16:15) ਇਸ ਕਾਰਨ ਭੈਣਾਂ-ਭਰਾਵਾਂ ਤੋਂ ਸਾਡਾ ਨਾਤਾ ਟੁੱਟ ਸਕਦਾ ਹੈ ਜਿਨ੍ਹਾਂ ਦੀ ਮਦਦ ਕਰਨ ਦਾ ਸਾਡੇ ਕੋਲ ਪਹਿਲਾਂ ਮੌਕਾ ਹੁੰਦਾ ਸੀ।

ਈਮਾਨਦਾਰੀ ਨਾਲ ਆਪਣੀ ਜਾਂਚ ਕਰੋ

ਅਸੀਂ ਸ਼ਾਇਦ ਸੋਚੀਏ ਕਿ ‘ਇੱਦਾਂ ਮੇਰੇ ਨਾਲ ਨਹੀਂ ਹੋਵੇਗਾ।’ ਪਰ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਅਸਲ ਵਿਚ ਸਾਨੂੰ ਜੀਣ ਲਈ ਕਿੰਨਾ ਕੁ ਚਾਹੀਦਾ ਹੈ। ਪੌਲੁਸ ਨੇ ਲਿਖਿਆ: “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋ. 6:7, 8) ਇਹ ਗੱਲ ਤਾਂ ਸਹੀ ਹੈ ਕਿ ਵੱਖੋ-ਵੱਖਰੇ ਦੇਸ਼ਾਂ ਵਿਚ ਰਹਿਣ-ਸਹਿਣ ਦੇ ਮਿਆਰ ਵੱਖੋ-ਵੱਖਰੇ ਹਨ। ਇਕ ਵਿਕਸਿਤ ਦੇਸ਼ ਵਿਚ ਜਿਨ੍ਹਾਂ ਚੀਜ਼ਾਂ ਨੂੰ ਸ਼ਾਇਦ ਮਾਮੂਲੀ ਸਮਝਿਆ ਜਾਂਦਾ ਹੈ, ਉਨ੍ਹਾਂ ਚੀਜ਼ਾਂ ਨੂੰ ਹੋਰਨਾਂ ਕਈ ਦੇਸ਼ਾਂ ਵਿਚ ਸ਼ਾਇਦ ਐਸ਼ੋ-ਆਰਾਮ ਦੀਆਂ ਚੀਜ਼ਾਂ ਸਮਝਿਆ ਜਾਂਦਾ ਹੈ।

ਅਸੀਂ ਜਿੱਥੇ ਵੀ ਰਹਿੰਦੇ ਹਾਂ, ਉੱਥੇ ਦੇ ਰਹਿਣ-ਸਹਿਣ ਦੇ ਜੋ ਵੀ ਮਿਆਰ ਹੋਣ, ਸਾਨੂੰ ਪੌਲੁਸ ਦੇ ਅਗਲੇ ਸ਼ਬਦਾਂ ਵੱਲ ਧਿਆਨ ਦੇਣ ਦੀ ਲੋੜ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋ. 6:9) ਫਾਹੀ ਸ਼ਿਕਾਰ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੀ ਹੈ। ਇਹ ਸ਼ਿਕਾਰ ਨੂੰ ਫੜਨ ਲਈ ਇਸ ਤਰੀਕੇ ਨਾਲ ਬਣਾਈ ਹੁੰਦੀ ਹੈ ਕਿ ਸ਼ਿਕਾਰ ਨੂੰ ਪਤਾ ਹੀ ਨਹੀਂ ਲੱਗਦਾ। ਅਸੀਂ “ਨੁਕਸਾਨ ਕਰਨ ਵਾਲਿਆਂ ਵਿਸ਼ਿਆਂ” ਯਾਨੀ ਇੱਛਾਵਾਂ ਦੀ ਫਾਹੀ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?

ਜਦੋਂ ਅਸੀਂ ਤੈਅ ਕਰ ਲਵਾਂਗੇ ਕਿ ਅਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦੇਣੀ ਹੈ, ਤਾਂ ਸਾਨੂੰ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਅਤੇ ਨਿੱਜੀ ਅਧਿਐਨ ਕਰਨ ਲਈ ਜ਼ਿਆਦਾ ਸਮਾਂ ਕੱਢਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ। ਪ੍ਰਾਰਥਨਾ ਸਹਿਤ ਅਧਿਐਨ ਕਰਨ ਨਾਲ ਇਕ ਮਸੀਹੀ ਦੂਜਿਆਂ ਦੀ ਮਦਦ ਕਰਨ ਲਈ ‘ਕਾਬਲ ਅਤੇ ਤਿਆਰ’ ਹੋ ਸਕਦਾ ਹੈ।—2 ਤਿਮੋ. 2:15; 3:17.

ਕੁਝ ਸਾਲਾਂ ਤਾਈਂ ਪਿਆਰੇ ਬਜ਼ੁਰਗ ਯਾਰੋਸਵਵ ਨੂੰ ਉਤਸ਼ਾਹਿਤ ਕਰਨ ਲਈ ਮਿਹਨਤ ਕਰਦੇ ਰਹੇ। ਇਸ ਹੱਲਾਸ਼ੇਰੀ ਕਾਰਨ ਉਸ ਨੇ ਆਪਣੇ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ। ਉਹ ਕਹਿੰਦਾ ਹੈ: “ਇਕ ਮਹੱਤਵਪੂਰਣ ਗੱਲਬਾਤ ਦੌਰਾਨ ਬਜ਼ੁਰਗਾਂ ਨੇ ਬਾਈਬਲ ਵਿੱਚੋਂ ਇਕ ਨੌਜਵਾਨ ਅਮੀਰ ਆਦਮੀ ਦੀ ਉਦਾਹਰਣ ਦਿੱਤੀ ਜੋ ਹਮੇਸ਼ਾ ਲਈ ਜੀਉਣਾ ਚਾਹੁੰਦਾ ਸੀ, ਪਰ ਆਪਣੀਆਂ ਭੌਤਿਕ ਚੀਜ਼ਾਂ ਤਿਆਗਣ ਲਈ ਤਿਆਰ ਨਹੀਂ ਸੀ। ਫਿਰ ਉਨ੍ਹਾਂ ਨੇ ਬੜੀ ਸਮਝਦਾਰੀ ਨਾਲ ਇਹ ਗੱਲ ਛੇੜੀ ਕਿ ਇਹ ਜਾਣਕਾਰੀ ਮੇਰੇ ਉੱਤੇ ਲਾਗੂ ਹੁੰਦੀ ਹੈ ਕਿ ਨਹੀਂ। ਇਸ ਨਾਲ ਮੇਰੀਆਂ ਅੱਖਾਂ ਖੁੱਲ੍ਹ ਗਈਆਂ!”—ਕਹਾ. 11:28; ਮਰ. 10:17-22.

ਯਾਰੋਸਵਵ ਨੇ ਈਮਾਨਦਾਰੀ ਨਾਲ ਆਪਣੇ ਹਾਲਾਤ ਨੂੰ ਜਾਂਚਿਆ ਅਤੇ ਵੱਡੇ ਸਾਰੇ ਬਿਜ਼ਨਿਸ ਵਿਚ ਆਪਣੀ ਸਾਂਝੀਦਾਰੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਦੋ ਸਾਲਾਂ ਦੇ ਅੰਦਰ-ਅੰਦਰ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਫਿਰ ਤੋਂ ਯਹੋਵਾਹ ਨਾਲ ਆਪਣਾ ਰਿਸ਼ਤਾ ਜੋੜ ਲਿਆ। ਹੁਣ ਉਹ ਬਜ਼ੁਰਗ ਵਜੋਂ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰ ਰਿਹਾ ਹੈ। ਯਾਰੋਸਵਵ ਕਹਿੰਦਾ ਹੈ: “ਜਦੋਂ ਭਰਾ ਬਿਜ਼ਨਿਸ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਸੁੱਧ ਹੀ ਨਹੀਂ ਰਹਿੰਦੀ, ਤਾਂ ਮੈਂ ਆਪਣੀ ਉਦਾਹਰਣ ਦੇ ਕੇ ਸਮਝਾਉਂਦਾ ਹਾਂ ਕਿ ਅਵਿਸ਼ਵਾਸੀ ਲੋਕਾਂ ਨਾਲ ਸਾਂਝ ਪਾਉਣੀ ਕਿੰਨੀ ਮੂਰਖਤਾ ਵਾਲੀ ਗੱਲ ਹੈ। ਇਹ ਵੀ ਠੀਕ ਹੈ ਕਿ ਵਧੀਆ ਤੋਂ ਵਧੀਆ ਪੇਸ਼ਕਸ਼ ਨੂੰ ਠੁਕਰਾਉਣਾ ਤੇ ਬੇਈਮਾਨੀ ਦੇ ਕੰਮਾਂ ਤੋਂ ਦੂਰ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ।”—2 ਕੁਰਿੰ. 6:14.

ਮਾਰੇਕ ਨੇ ਆਪਣੇ ਕੌੜੇ ਤਜਰਬੇ ਤੋਂ ਸਬਕ ਸਿੱਖਿਆ। ਭਾਵੇਂ ਕਿ ਵਿਦੇਸ਼ ਵਿਚ ਚੰਗੀ ਤਨਖ਼ਾਹ ਵਾਲੀ ਨੌਕਰੀ ਕਰਨ ਨਾਲ ਉਸ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਹੋਈ, ਪਰ ਪਰਮੇਸ਼ੁਰ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਉਸ ਦਾ ਰਿਸ਼ਤਾ ਕਮਜ਼ੋਰ ਪੈ ਗਿਆ। ਸਮਾਂ ਬੀਤਣ ਤੇ ਉਸ ਨੇ ਫਿਰ ਤੋਂ ਤੈਅ ਕੀਤਾ ਕਿ ਉਹ ਕਿਹੜੇ ਕੰਮਾਂ ਨੂੰ ਪਹਿਲ ਦੇਵੇਗਾ। “ਸਾਲਾਂ ਤਾਈਂ ਮੇਰੀ ਹਾਲਤ ਪੁਰਾਣੇ ਜ਼ਮਾਨੇ ਦੇ ਬਾਰੂਕ ਵਾਂਗ ਹੋ ਗਈ ਸੀ ਜੋ ‘ਆਪਣੇ ਲਈ ਵੱਡੀਆਂ ਚੀਜ਼ਾਂ ਭਾਲਦਾ ਸੀ।’ ਅਖ਼ੀਰ ਮੈਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਅਤੇ ਉਸ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਮੁੜ ਤੋਂ ਆਪਣੀ ਨਿਹਚਾ ਮਜ਼ਬੂਤ ਕਰ ਲਈ ਹੈ।” (ਯਿਰ. 45:1-5) ਮਾਰੇਕ ਹੁਣ ਕਲੀਸਿਯਾ ਵਿਚ ਨਿਗਾਹਬਾਨ ਬਣਨਾ ਚਾਹੁੰਦਾ ਹੈ ਜੋ ਕਿ ਇਕ ‘ਚੰਗਾ ਕੰਮ’ ਹੈ।—1 ਤਿਮੋ. 3:1.

ਮਾਰੇਕ ਉਨ੍ਹਾਂ ਲਈ ਇਹ ਚੇਤਾਵਨੀ ਦਿੰਦਾ ਹੈ ਜੋ ਸ਼ਾਇਦ ਵਧੀਆ ਤਨਖ਼ਾਹ ਵਾਲੀ ਨੌਕਰੀ ਦੀ ਭਾਲ ਵਿਚ ਵਿਦੇਸ਼ ਜਾਣ ਦੀ ਸੋਚਣ: “ਜਦੋਂ ਤੁਸੀਂ ਵਿਦੇਸ਼ ਵਿਚ ਹੁੰਦੇ ਹੋ, ਉਦੋਂ ਇਸ ਦੁਸ਼ਟ ਸੰਸਾਰ ਦੇ ਝਾਂਸੇ ਵਿਚ ਫਸਣਾ ਸੌਖਾ ਹੁੰਦਾ ਹੈ। ਉੱਥੇ ਦੀ ਭਾਸ਼ਾ ਘੱਟ ਆਉਣ ਕਾਰਨ ਤੁਸੀਂ ਦੂਜਿਆਂ ਨਾਲ ਗੱਲਬਾਤ ਨਹੀਂ ਕਰ ਪਾਉਂਦੇ। ਤੁਸੀਂ ਸ਼ਾਇਦ ਪੈਸੇ ਨਾਲ ਘਰ ਪਰਤੋ, ਪਰ ਨਿਹਚਾ ਕਮਜ਼ੋਰ ਹੋ ਜਾਣ ਕਾਰਨ ਤੁਹਾਨੂੰ ਜੋ ਜ਼ਖ਼ਮ ਮਿਲਦੇ ਹਨ, ਉਨ੍ਹਾਂ ਨੂੰ ਭਰਨ ਵਿਚ ਸ਼ਾਇਦ ਕਾਫ਼ੀ ਸਮਾਂ ਲੱਗ ਜਾਵੇ।”

ਜੇ ਅਸੀਂ ਆਪਣਾ ਕੰਮ ਕਰਨ ਦੇ ਨਾਲ-ਨਾਲ ਭੈਣਾਂ-ਭਰਾਵਾਂ ਪ੍ਰਤਿ ਆਪਣਾ ਫ਼ਰਜ਼ ਨਿਭਾਉਂਦੇ ਹਾਂ, ਤਾਂ ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਵਿਚ ਮਦਦ ਮਿਲੇਗੀ। ਅਸੀਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਦੇ ਸਕਦੇ ਹਾਂ ਜਿਨ੍ਹਾਂ ਸਦਕਾ ਦੂਸਰਿਆਂ ਨੂੰ ਚੰਗਾ ਫ਼ੈਸਲਾ ਕਰਨ ਦੀ ਪ੍ਰੇਰਣਾ ਮਿਲ ਸਕਦੀ ਹੈ। ਜਿਹੜੇ ਭੈਣ-ਭਰਾ ਚਿੰਤਾਵਾਂ ਦੇ ਬੋਝ ਥੱਲੇ ਦੱਬੇ ਹੋਏ ਹਨ, ਉਨ੍ਹਾਂ ਨੂੰ ਆਪਣੇ ਭੈਣਾਂ-ਭਰਾਵਾਂ ਦੇ ਸਾਥ, ਹਮਦਰਦੀ ਅਤੇ ਉਨ੍ਹਾਂ ਦੀ ਚੰਗੀ ਮਿਸਾਲ ਦੀ ਲੋੜ ਹੈ। ਕਲੀਸਿਯਾ ਦੇ ਬਜ਼ੁਰਗ ਅਤੇ ਨਿਹਚਾ ਵਿਚ ਤਕੜੇ ਹੋਰ ਮਸੀਹੀ ਸੰਤੁਲਨ ਰੱਖਣ ਅਤੇ ਜ਼ਿੰਦਗੀਆਂ ਦੀਆਂ ਚਿੰਤਾਵਾਂ ਦੇ ਬੋਝ ਥੱਲੇ ਦੱਬਣ ਤੋਂ ਬਚਣ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ।—ਇਬ. 13:7.

ਆਓ ਆਪਾਂ ਕਦੀ ਵੀ ਆਪਣੇ ਕੰਮਾਂ ਵਿਚ ਰੁੱਝ ਜਾਣ ਦੁਆਰਾ ਆਪਣੇ ਭੈਣਾਂ-ਭਰਾਵਾਂ ਨੂੰ ਨਾ ਤਿਆਗੀਏ। (ਫ਼ਿਲਿ. 1:10) ਇਸ ਦੀ ਬਜਾਇ ਆਓ ਆਪਾਂ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਹੋਏ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋਈਏ।—ਲੂਕਾ 12:21.

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 21 ਉੱਤੇ ਤਸਵੀਰਾਂ]

ਕੀ ਤੁਸੀਂ ਆਪਣੇ ਕੰਮ ਕਾਰਨ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋ ਪਾਉਂਦੇ?

[ਸਫ਼ਾ 23 ਉੱਤੇ ਤਸਵੀਰਾਂ]

ਕੀ ਤੁਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਮੌਕਿਆਂ ਦਾ ਫ਼ਾਇਦਾ ਉਠਾਉਂਦੇ ਹੋ?