Skip to content

Skip to table of contents

ਯਿਸੂ—ਉਹ ਕਿੱਥੋਂ ਆਇਆ ਸੀ

ਯਿਸੂ—ਉਹ ਕਿੱਥੋਂ ਆਇਆ ਸੀ

“[ਪਿਲਾਤੁਸ ਨੇ] ਕਚਹਿਰੀ ਦੇ ਅੰਦਰ ਫੇਰ ਜਾ ਕੇ ਯਿਸੂ ਤੋਂ ਪੁੱਛਿਆ, ਤੂੰ ਕਿੱਥੋਂ ਦਾ ਹੈਂ? ਪਰ ਯਿਸੂ ਨੇ ਉਹ ਨੂੰ ਉੱਤਰ ਨਾ ਦਿੱਤਾ।”​—ਯੂਹੰਨਾ 19:9.

ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਨੇ ਇਹ ਸਵਾਲ ਯਿਸੂ ਤੋਂ ਉਦੋਂ ਪੁੱਛਿਆ ਜਦੋਂ ਉਸ ਉੱਤੇ ਮੁਕੱਦਮਾ ਚਲਾਇਆ ਗਿਆ ਸੀ। a ਪਿਲਾਤੁਸ ਨੂੰ ਪਤਾ ਸੀ ਕਿ ਯਿਸੂ ਇਸਰਾਏਲ ਵਿਚ ਕਿੱਥੋਂ ਦਾ ਰਹਿਣ ਵਾਲਾ ਸੀ। (ਲੂਕਾ 23:6, 7) ਉਹ ਇਹ ਵੀ ਜਾਣਦਾ ਸੀ ਕਿ ਯਿਸੂ ਕੋਈ ਆਮ ਇਨਸਾਨ ਨਹੀਂ ਸੀ। ਕੀ ਪਿਲਾਤੁਸ ਇਹ ਸੋਚਦਾ ਸੀ ਕਿ ਯਿਸੂ ਸਵਰਗੋਂ ਆਇਆ ਸੀ? ਕੀ ਇਹ ਰੋਮੀ ਹਾਕਮ ਵਾਕਈ ਸੱਚਾਈ ਕਬੂਲ ਕਰਨ ਲਈ ਤਿਆਰ ਸੀ? ਗੱਲ ਭਾਵੇਂ ਜੋ ਵੀ ਸੀ, ਯਿਸੂ ਨੇ ਜਵਾਬ ਦੇਣ ਤੋਂ ਇਨਕਾਰ ਕੀਤਾ। ਪਰ ਇਹ ਗੱਲ ਸਾਫ਼ ਸੀ ਕਿ ਉਸ ਨੂੰ ਸੱਚਾਈ ਤੇ ਇਨਸਾਫ਼ ਨਾਲੋਂ ਆਪਣੀ ਪਦਵੀ ਜ਼ਿਆਦਾ ਪਿਆਰੀ ਸੀ।​—ਮੱਤੀ 27:11-26.

ਜਿਹੜੇ ਲੋਕ ਸੱਚ-ਮੁੱਚ ਇਹ ਜਾਣਨਾ ਚਾਹੁੰਦੇ ਹਨ ਕਿ ਯਿਸੂ ਕਿੱਥੋਂ ਆਇਆ ਸੀ ਉਹ ਇਸ ਬਾਰੇ ਬਾਈਬਲ ਵਿੱਚੋਂ ਜਾਣ ਸਕਦੇ ਹਨ। ਧਿਆਨ ਦਿਓ ਕਿ ਬਾਈਬਲ ਕੀ ਕਹਿੰਦੀ ਹੈ।

ਉਸ ਦਾ ਜਨਮ ਕਿੱਥੇ ਹੋਇਆ ਸੀ।

ਯਿਸੂ ਦਾ ਜਨਮ ਯਹੂਦਿਯਾ ਦੇ ਨਗਰ ਬੈਤਲਹਮ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ। ਕੈਸਰ ਔਗੂਸਤੁਸ ਨੇ ਹੁਕਮ ਦਿੱਤਾ ਕਿ ਸਾਰੇ ਆਪੋ ਆਪਣੇ ਜੱਦੀ ਇਲਾਕੇ ਵਿਚ ਜਾ ਕੇ ਆਪਣੇ ਨਾਂ ਲਿਖਵਾਉਣ। ਇਸ ਲਈ ਜਦ ਮਰਿਯਮ “ਗਰਭਵੰਤੀ” ਸੀ, ਤਾਂ ਉਸ ਨੂੰ ਆਪਣੇ ਪਤੀ ਯੂਸੁਫ਼ ਨਾਲ ਬੈਤਲਹਮ ਜਾਣਾ ਪਿਆ। ਉਨ੍ਹਾਂ ਨੂੰ ਨਗਰ ਵਿਚ ਕਿਤੇ ਵੀ ਰਹਿਣ ਲਈ ਜਗ੍ਹਾ ਨਹੀਂ ਮਿਲੀ ਜਿਸ ਕਰਕੇ ਉਨ੍ਹਾਂ ਨੂੰ ਤਬੇਲੇ ਵਿਚ ਰਹਿਣਾ ਪਿਆ ਜਿੱਥੇ ਯਿਸੂ ਦਾ ਜਨਮ ਹੋਇਆ।​—ਲੂਕਾ 2:1-7.

ਸਦੀਆਂ ਪਹਿਲਾਂ ਹੀ ਬਾਈਬਲ ਵਿਚ ਯਿਸੂ ਦੇ ਜਨਮ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਉਸ ਦਾ ਜਨਮ ਕਿੱਥੇ ਹੋਵੇਗਾ: “ਹੇ ਬੈਤਲਹਮ ਅਫ਼ਰਾਥਾਹ, ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤੈਥੋਂ ਇੱਕ ਮੇਰੇ ਲਈ ਨਿੱਕਲੇਗਾ ਜੋ ਇਸਰਾਏਲ ਵਿੱਚ ਹਾਕਮ ਹੋਵੇਗਾ।” b (ਮੀਕਾਹ 5:2) ਭਾਵੇਂ ਕਿ ਯਹੂਦਾਹ ਦੇ ਸਾਰੇ ਇਲਾਕਿਆਂ ਵਿੱਚੋਂ ਬੈਤਲਹਮ ਛੋਟਾ ਸੀ, ਫਿਰ ਵੀ ਇਸ ਨਗਰ ਨੂੰ ਵੱਡਾ ਮਾਣ ਬਖ਼ਸ਼ਿਆ ਜਾਣਾ ਸੀ। ਇਸ ਵਿੱਚੋਂ ਹੀ ਵਾਅਦਾ ਕੀਤੇ ਹੋਏ ਮਸੀਹਾ ਜਾਂ ਮਸੀਹ ਨੇ ਆਉਣਾ ਸੀ।​—ਮੱਤੀ 2:3-6; ਯੂਹੰਨਾ 7:40-42.

ਉਸ ਦੀ ਪਰਵਰਿਸ਼ ਕਿੱਥੇ ਹੋਈ ਸੀ।

ਮਿਸਰ ਵਿਚ ਥੋੜ੍ਹੀ ਦੇਰ ਰਹਿਣ ਤੋਂ ਬਾਅਦ ਜਦ ਯਿਸੂ ਤਿੰਨਾਂ ਕੁ ਸਾਲਾਂ ਦਾ ਸੀ, ਤਾਂ ਉਸ ਦਾ ਪਰਿਵਾਰ ਨਾਸਰਤ ਵਿਚ ਆ ਗਿਆ ਜੋ ਗਲੀਲ ਵਿਚ ਇਕ ਸ਼ਹਿਰ ਸੀ। ਇਹ ਸ਼ਹਿਰ ਯਰੂਸ਼ਲਮ ਤੋਂ ਉੱਤਰ ਵੱਲ ਨੂੰ ਲਗਭਗ 100 ਕਿਲੋਮੀਟਰ ਦੂਰ ਸੀ। ਇਸ ਸੋਹਣੇ ਇਲਾਕੇ ਵਿਚ ਕਿਸਾਨ, ਚਰਵਾਹੇ ਤੇ ਮਛਿਆਰੇ ਆਪਣਾ ਕੰਮ-ਧੰਦਾ ਕਰਦੇ ਸਨ। ਇਸੇ ਇਲਾਕੇ ਵਿਚ ਯਿਸੂ ਦੀ ਪਰਵਰਿਸ਼ ਇਕ ਵੱਡੇ ਪਰਿਵਾਰ ਵਿਚ ਹੋਈ ਸੀ।​—ਮੱਤੀ 13:55, 56.

ਕਈ ਸਦੀਆਂ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਮਸੀਹਾ “ਨਾਸਰੀ” ਹੋਵੇਗਾ। ਇੰਜੀਲ ਦੇ ਲਿਖਾਰੀ ਮੱਤੀ ਨੇ ਲਿਖਿਆ ਕਿ ਯਿਸੂ ਦਾ ਪਰਿਵਾਰ “ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵੱਸਿਆ ਇਸ ਲਈ ਕਿ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਕਹਾਵੇਗਾ।” (ਮੱਤੀ 2:19-23) ਲੱਗਦਾ ਹੈ ਕਿ ਨਾਸਰੀ ਸ਼ਬਦ ‘ਟਹਿਣੇ’ ਲਈ ਵਰਤੇ ਗਏ ਇਬਰਾਨੀ ਸ਼ਬਦ ਨਾਲ ਮਿਲਦਾ-ਜੁਲਦਾ ਹੈ। ਮੱਤੀ ਯਸਾਯਾਹ ਦੀ ਭਵਿੱਖਬਾਣੀ ਵੱਲ ਸੰਕੇਤ ਕਰ ਰਿਹਾ ਸੀ ਜਿਸ ਵਿਚ ਮਸੀਹ ਨੂੰ ਯੱਸੀ ਵਿੱਚੋਂ “ਟਹਿਣਾ” ਕਿਹਾ ਗਿਆ ਹੈ। ਇਸ ਦਾ ਮਤਲਬ ਹੈ ਕਿ ਮਸੀਹ ਨੇ ਯੱਸੀ ਦੇ ਘਰਾਣੇ ਵਿੱਚੋਂ ਆਉਣਾ ਸੀ ਜੋ ਕਿ ਰਾਜੇ ਦਾਊਦ ਦਾ ਪਿਤਾ ਸੀ। (ਯਸਾਯਾਹ 11:1) ਵਾਕਈ ਯਿਸੂ ਦਾਊਦ ਰਾਹੀਂ ਯੱਸੀ ਦੇ ਘਰਾਣੇ ਵਿੱਚ ਪੈਦਾ ਹੋਇਆ ਸੀ।​—ਮੱਤੀ 1:6, 16; ਲੂਕਾ 3:23, 31, 32.

ਉਹ ਕਿੱਥੋਂ ਆਇਆ ਸੀ।

ਬਾਈਬਲ ਦੱਸਦੀ ਹੈ ਕਿ ਬੈਤਲਹਮ ਵਿਖੇ ਤਬੇਲੇ ਵਿਚ ਜਨਮ ਲੈਣ ਤੋਂ ਪਹਿਲਾਂ ਹੀ ਯਿਸੂ ਸਵਰਗ ਵਿਚ ਜੀਉਂਦਾ ਸੀ। ਮੀਕਾਹ ਦੀ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਹ “ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।” (ਮੀਕਾਹ 5:2) ਧਰਤੀ ਉੱਤੇ ਇਨਸਾਨ ਵਜੋਂ ਜਨਮ ਲੈਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੋਣ ਦੇ ਨਾਲ-ਨਾਲ ਇਕ ਦੂਤ ਵੀ ਸੀ। ਯਿਸੂ ਨੇ ਆਪ ਕਿਹਾ ਸੀ: “ਮੈਂ ਸੁਰਗੋਂ ਉੱਤਰਿਆ ਹਾਂ।” (ਯੂਹੰਨਾ 6:38; 8:23) ਇਹ ਕਿਸ ਤਰ੍ਹਾਂ ਹੋ ਸਕਦਾ ਸੀ?

ਯਹੋਵਾਹ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਵਰਗੋਂ ਯਿਸੂ ਦੀ ਜਾਨ ਮਰਿਯਮ ਨਾਮਕ ਇਕ ਯਹੂਦਣ ਦੀ ਕੁੱਖ ਵਿਚ ਪਾਈ ਜੋ ਉਸ ਵੇਲੇ ਕੁਆਰੀ ਸੀ। ਇਸ ਤਰ੍ਹਾਂ ਉਹ ਇਕ ਮੁਕੰਮਲ ਇਨਸਾਨ ਵਜੋਂ ਪੈਦਾ ਹੋਇਆ। c ਅਜਿਹਾ ਕਰਨਾ ਸਰਬਸ਼ਕਤੀਮਾਨ ਪਰਮੇਸ਼ੁਰ ਲਈ ਕੋਈ ਵੱਡੀ ਗੱਲ ਨਹੀਂ ਸੀ। ਇਹ ਗੱਲਾਂ ਮਰਿਯਮ ਨੂੰ ਸਮਝਾਉਂਦੇ ਹੋਏ ਦੂਤ ਨੇ ਕਿਹਾ ਕਿ “ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤਹੀਣ ਨਾ ਹੋਵੇਗਾ।”​—ਲੂਕਾ 1:30-35, 37.

ਬਾਈਬਲ ਸਾਨੂੰ ਸਿਰਫ਼ ਇਹੀ ਨਹੀਂ ਦੱਸਦੀ ਕਿ ਯਿਸੂ ਕਿੱਥੋਂ ਆਇਆ ਸੀ। ਪਰ ਇੰਜੀਲਾਂ ਦੇ ਚਾਰ ਲਿਖਾਰੀ ਯਾਨੀ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਸਾਨੂੰ ਇਹ ਵੀ ਦੱਸਦੇ ਹਨ ਕਿ ਉਸ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਈ। (w11-E 04/01)

a ਯਿਸੂ ਦੀ ਗਿਰਫ਼ਤਾਰੀ ਤੇ ਮੁਕੱਦਮੇ ਬਾਰੇ ਹੋਰ ਜਾਣਕਾਰੀ ਲਈ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਨਾਂ ਦੀ ਕਿਤਾਬ ਦੇ 118-124 ਅਧਿਆਏ ਦੇਖੋ।

b ਬੈਤਲਹਮ ਨੂੰ ਪਹਿਲਾਂ ਅਫ਼ਰਾਥਾਹ ਜਾਂ ਅਫਰਾਥ ਕਿਹਾ ਜਾਂਦਾ ਸੀ।​—ਉਤਪਤ 35:19.

c ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।