Skip to content

Skip to table of contents

ਯਿਸੂ—ਉਸ ਨੇ ਆਪਣੀ ਜ਼ਿੰਦਗੀ ਕਿਵੇਂ ਬਿਤਾਈ

ਯਿਸੂ—ਉਸ ਨੇ ਆਪਣੀ ਜ਼ਿੰਦਗੀ ਕਿਵੇਂ ਬਿਤਾਈ

“ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।”​—ਯੂਹੰਨਾ 4:34.

ਜਿਨ੍ਹਾਂ ਹਾਲਾਤਾਂ ਵਿਚ ਯਿਸੂ ਨੇ ਇਹ ਸ਼ਬਦ ਕਹੇ ਸਨ ਉਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੱਤੀ ਸੀ। ਸਵੇਰ ਤੋਂ ਯਿਸੂ ਅਤੇ ਉਸ ਦੇ ਚੇਲੇ ਸਾਮਰਿਯਾ ਦੇ ਪਹਾੜੀ ਇਲਾਕੇ ਵਿੱਚੋਂ ਸਫ਼ਰ ਕਰਦੇ ਆਏ ਸਨ। (ਯੂਹੰਨਾ 4:6) ਇਹ ਸੋਚ ਕੇ ਕਿ ਯਿਸੂ ਨੂੰ ਜ਼ਰੂਰ ਭੁੱਖ ਲੱਗੀ ਹੋਵੇਗੀ ਉਸ ਦੇ ਚੇਲਿਆਂ ਨੇ ਉਸ ਨੂੰ ਖਾਣਾ ਦਿੱਤਾ। (ਯੂਹੰਨਾ 4:31-33) ਯਿਸੂ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਚੀਜ਼ ਕੀ ਸੀ। ਉਸ ਲਈ ਖਾਣ ਨਾਲੋਂ ਪਰਮੇਸ਼ੁਰ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀ। ਆਪਣੀ ਕਹਿਣੀ ਤੇ ਕਰਨੀ ਰਾਹੀਂ ਯਿਸੂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ। ਇਸ ਵਿਚ ਕੀ-ਕੀ ਸ਼ਾਮਲ ਸੀ?

ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਤੇ ਸਿਖਾਉਣਾ।

ਯਿਸੂ ਨੇ ਆਪਣੀ ਜ਼ਿੰਦਗੀ ਦੌਰਾਨ ਜੋ ਕੰਮ ਕੀਤੇ ਉਸ ਬਾਰੇ ਬਾਈਬਲ ਕਹਿੰਦੀ ਹੈ: “ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ . . . ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ” ਸੀ। (ਮੱਤੀ 4:23) ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਰਫ਼ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਉਸ ਨੇ ਉਨ੍ਹਾਂ ਨੂੰ ਸਿੱਖਿਆ ਵੀ ਦਿੱਤੀ। ਯਿਸੂ ਦੇ ਸੰਦੇਸ਼ ਦਾ ਵਿਸ਼ਾ ਪਰਮੇਸ਼ੁਰ ਦਾ ਰਾਜ ਸੀ ਤੇ ਉਸ ਨੇ ਇਸ ਬਾਰੇ ਲੋਕਾਂ ਨੂੰ ਸਾਫ਼-ਸਾਫ਼ ਸਮਝਾਇਆ।

ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਤੇ ਇਹ ਲੋਕਾਂ ਲਈ ਕੀ ਕਰੇਗਾ। ਧਿਆਨ ਦਿਓ ਕਿ ਯਿਸੂ ਨੇ ਇਸ ਰਾਜ ਬਾਰੇ ਕੀ-ਕੀ ਦੱਸਿਆ ਸੀ। ਬਾਈਬਲ ਦੇ ਇਨ੍ਹਾਂ ਹਵਾਲਿਆਂ ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਯਿਸੂ ਨੇ ਕੀ ਕਿਹਾ ਸੀ।

  • ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਤੇ ਯਹੋਵਾਹ ਨੇ ਯਿਸੂ ਨੂੰ ਇਸ ਦਾ ਰਾਜਾ ਬਣਾਇਆ ਹੈ।​—ਮੱਤੀ 4:17; ਯੂਹੰਨਾ 18:36.

  • ਰਾਜ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰੇਗਾ ਤੇ ਉਸ ਦੀ ਮਰਜ਼ੀ ਧਰਤੀ ਉੱਤੇ ਵੀ ਉਸੇ ਤਰ੍ਹਾਂ ਪੂਰੀ ਹੋਵੇਗੀ ਜਿਸ ਤਰ੍ਹਾਂ ਸਵਰਗ ਵਿਚ ਹੁੰਦੀ ਹੈ।​—ਮੱਤੀ 6:9, 10.

  • ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਧਰਤੀ ਬਾਗ਼ ਵਰਗੀ ਸੋਹਣੀ ਬਣਾਈ ਜਾਵੇਗੀ।​—ਲੂਕਾ 23:42, 43, NW.

  • ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ ਤੇ ਇਸ ਨਾਲ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇਗੀ। a​—ਮੱਤੀ 24:3, 7-12.

ਉਸ ਨੇ ਚਮਤਕਾਰ ਕੀਤੇ।

ਖ਼ਾਸ ਕਰਕੇ ਯਿਸੂ “ਗੁਰੂ” ਵਜੋਂ ਜਾਣਿਆ ਜਾਂਦਾ ਸੀ। (ਯੂਹੰਨਾ 13:13) ਫਿਰ ਵੀ ਸਾਢੇ ਤਿੰਨ ਸਾਲਾਂ ਦੀ ਆਪਣੀ ਸੇਵਕਾਈ ਦੌਰਾਨ ਉਸ ਨੇ ਕਈ ਚਮਤਕਾਰ ਵੀ ਕੀਤੇ। ਇਨ੍ਹਾਂ ਚਮਤਕਾਰਾਂ ਨੇ ਘੱਟੋ-ਘੱਟ ਦੋ ਗੱਲਾਂ ਪੂਰੀਆਂ ਕੀਤੀਆਂ। ਪਹਿਲੀ ਗੱਲ, ਇਨ੍ਹਾਂ ਨੇ ਸਾਬਤ ਕੀਤਾ ਕਿ ਉਸ ਨੂੰ ਪਰਮੇਸ਼ੁਰ ਨੇ ਹੀ ਭੇਜਿਆ ਸੀ। (ਮੱਤੀ 11:2-6) ਦੂਜੀ ਗੱਲ, ਇਨ੍ਹਾਂ ਨੇ ਇਹ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਹ ਭਵਿੱਖ ਵਿਚ ਇਸ ਤੋਂ ਵੀ ਵੱਡੇ ਚਮਤਕਾਰ ਕਰੇਗਾ। ਕੁਝ ਚਮਤਕਾਰਾਂ ਵੱਲ ਧਿਆਨ ਦਿਓ ਜੋ ਯਿਸੂ ਨੇ ਕੀਤੇ ਸਨ।

  • ਉਸ ਨੇ ਝੀਲ ਤੇ ਹਨੇਰੀ ਨੂੰ ਸ਼ਾਂਤ ਕੀਤਾ।​—ਮਰਕੁਸ 4:39-41.

  • ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਜਿਸ ਵਿਚ ਅੰਨ੍ਹੇ, ਬੋਲ਼ੇ ਤੇ ਲੰਗੜੇ ਸ਼ਾਮਲ ਸਨ।​—ਲੂਕਾ 7:21, 22.

  • ਉਸ ਨੇ ਥੋੜ੍ਹੇ ਜਿਹੇ ਖਾਣੇ ਨਾਲ ਭੀੜਾਂ ਨੂੰ ਰਜਾਇਆ।​—ਮੱਤੀ 14:17-21; 15:34-38.

  • ਘੱਟੋ-ਘੱਟ ਤਿੰਨ ਮੌਕਿਆਂ ʼਤੇ ਉਸ ਨੇ ਮਰੇ ਹੋਇਆਂ ਨੂੰ ਜ਼ਿੰਦਾ ਕੀਤਾ।​—ਲੂਕਾ 7:11-15; 8:41-55; ਯੂਹੰਨਾ 11:38-44.

ਕਲਪਨਾ ਕਰੋ ਕਿ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਰਾਜੇ ਦੇ ਅਧੀਨ ਧਰਤੀ ʼਤੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ!

ਯਹੋਵਾਹ ਪਰਮੇਸ਼ੁਰ ਦੇ ਗੁਣਾਂ ਨੂੰ ਜ਼ਾਹਰ ਕੀਤਾ।

ਜਦ ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਗੱਲ ਆਉਂਦੀ ਹੈ, ਤਾਂ ਉਸ ਦੇ ਆਪਣੇ ਪੁੱਤਰ ਯਿਸੂ ਮਸੀਹ ਨਾਲੋਂ ਹੋਰ ਕੌਣ ਵਧੀਆ ਢੰਗ ਨਾਲ ਸਿਖਾ ਸਕਦਾ ਹੈ? “ਸਾਰੀ ਸਰਿਸ਼ਟ ਵਿੱਚੋਂ ਜੇਠਾ” ਹੋਣ ਕਰਕੇ ਯਿਸੂ ਨੇ ਸਵਰਗ ਵਿਚ ਕਿਸੇ ਹੋਰ ਦੂਤ ਨਾਲੋਂ ਸਭ ਤੋਂ ਜ਼ਿਆਦਾ ਸਮਾਂ ਯਹੋਵਾਹ ਨਾਲ ਗੁਜ਼ਾਰਿਆ। (ਕੁਲੁੱਸੀਆਂ 1:15) ਜ਼ਰਾ ਸੋਚੋ ਕਿ ਉਸ ਨੂੰ ਆਪਣੇ ਪਿਤਾ ਦੀ ਸੋਚਣੀ, ਮਰਜ਼ੀ ਤੇ ਉਸ ਦੇ ਰਾਹਾਂ ਬਾਰੇ ਸਿੱਖਣ ਦੇ ਕਿੰਨੇ ਮੌਕੇ ਮਿਲੇ ਹੋਣੇ!

ਯਿਸੂ ਨੇ ਸਹੀ ਕਿਹਾ: “ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਸ ਜਿਸ ਉੱਤੇ ਪੁੱਤ੍ਰ ਉਸ ਨੂੰ ਪਰਗਟ ਕੀਤਾ ਚਾਹੇ।” (ਲੂਕਾ 10:22) ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਉਸ ਨੇ ਖ਼ੁਸ਼ੀ-ਖ਼ੁਸ਼ੀ ਤੇ ਜੋਸ਼ ਨਾਲ ਜ਼ਾਹਰ ਕੀਤਾ ਕਿ ਉਸ ਦਾ ਪਿਤਾ ਕਿਹੋ ਜਿਹਾ ਹੈ। ਸਵਰਗ ਵਿਚ ਅੱਤ ਮਹਾਨ ਪਰਮੇਸ਼ੁਰ ਨਾਲ ਸਮਾਂ ਗੁਜ਼ਾਰਨ ਕਰਕੇ ਯਿਸੂ ਦਾ ਤਜਰਬਾ ਲਾਜਵਾਬ ਸੀ ਜਿਸ ਤੋਂ ਉਹ ਦੂਸਰਿਆਂ ਨੂੰ ਸਿਖਾ ਸਕਿਆ।​—ਯੂਹੰਨਾ 8:28.

ਸਵਰਗ ਵਿਚ ਯਿਸੂ ਨੇ ਆਪਣੇ ਪਿਤਾ ਬਾਰੇ ਜੋ ਕੁਝ ਸਿੱਖਿਆ ਸੀ, ਉਸ ਨੇ ਧਰਤੀ ਉੱਤੇ ਆ ਕੇ ਲੋਕਾਂ ਨੂੰ ਉਨ੍ਹਾਂ ਦੀ ਸਮਝ ਮੁਤਾਬਕ ਸਿਖਾਇਆ ਤਾਂਕਿ ਉਹ ਚੰਗੀ ਤਰ੍ਹਾਂ ਜਾਣ ਸਕਣ ਕਿ ਪਰਮੇਸ਼ੁਰ ਕਿਹੋ ਜਿਹਾ ਹੈ।

ਦੋ ਅਹਿਮ ਤਰੀਕਿਆਂ ʼਤੇ ਗੌਰ ਕਰੋ ਜਿਸ ਰਾਹੀਂ ਯਿਸੂ ਨੇ ਆਪਣੇ ਪਿਤਾ ਨੂੰ ਜ਼ਾਹਰ ਕੀਤਾ।

  • ਆਪਣੀ ਸਿੱਖਿਆ ਵਿਚ ਯਿਸੂ ਨੇ ਯਹੋਵਾਹ ਦੇ ਨਾਂ, ਉਸ ਦੇ ਮਕਸਦ ਤੇ ਉਸ ਦੇ ਰਾਹਾਂ ਬਾਰੇ ਸੱਚਾਈ ਦੱਸੀ।​—ਯੂਹੰਨਾ 3:16; 17:6, 26.

  • ਯਿਸੂ ਨੇ ਆਪਣੇ ਕੰਮਾਂ ਰਾਹੀਂ ਯਹੋਵਾਹ ਦੇ ਅਨਮੋਲ ਗੁਣਾਂ ਨੂੰ ਜ਼ਾਹਰ ਕੀਤਾ। ਯਿਸੂ ਨੇ ਹੂ-ਬਹੂ ਆਪਣੇ ਪਿਤਾ ਦੇ ਵਧੀਆ ਗੁਣ ਦਿਖਾਏ ਜਿਸ ਕਰਕੇ ਉਸ ਨੇ ਕਿਹਾ: ‘ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੇਰਾ ਪਿਤਾ ਕਿਸ ਤਰ੍ਹਾਂ ਦਾ ਹੈ, ਤਾਂ ਮੈਨੂੰ ਦੇਖੋ।’​—ਯੂਹੰਨਾ 5:19; 14:9.

ਯਿਸੂ ਦੇ ਜੀਣ ਦੇ ਤਰੀਕੇ ਨਾਲ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਜੋ ਅਸੀਂ ਸਿੱਖਿਆ ਹੈ ਉਸ ਅਨੁਸਾਰ ਚੱਲਣ ਨਾਲ ਸਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ ਤੇ ਸਾਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਯਿਸੂ ਕਿਉਂ ਮਰਿਆ ਸੀ। (w11-E 04/01)

a ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਕਾਰੀ ਲਈ ਤੇ ਇਹ ਜਾਣਨ ਲਈ ਕਿ ਸਾਨੂੰ ਕਿਵੇਂ ਪਤਾ ਹੈ ਕਿ ਇਹ ਜਲਦੀ ਆਵੇਗਾ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਅੱਠਵੇਂ ਤੇ ਨੌਵੇਂ ਅਧਿਆਏ ਦੇਖੋ ਜਿਨ੍ਹਾਂ ਦੇ ਵਿਸ਼ੇ ਹਨ: “ਪਰਮੇਸ਼ੁਰ ਦਾ ਰਾਜ ਕੀ ਹੈ?” ਅਤੇ “ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?” ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।