Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਕਿਹੜੀ ਗੱਲ ਕਰਕੇ ਇਕ ਆਦਮੀ ਲੋਕਾਂ ਨਾਲ ਪਿਆਰ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲੱਗਾ ਜੋ ਪਹਿਲਾਂ ਦੂਜਿਆਂ ਤੋਂ ਦੂਰ-ਦੂਰ ਰਹਿੰਦਾ ਸੀ ਅਤੇ ਪੰਕ ਰਾਕ ਬੈਂਡ ਦਾ ਮੈਂਬਰ ਸੀ? ਅਨੈਤਿਕ ਜ਼ਿੰਦਗੀ ਛੱਡਣ ਵਿਚ ਕਿਹੜੀ ਗੱਲ ਨੇ ਮੈਕਸੀਕੋ ਦੇ ਇਕ ਆਦਮੀ ਦੀ ਮਦਦ ਕੀਤੀ? ਜਪਾਨ ਦੇ ਮਸ਼ਹੂਰ ਸਾਈਕਲ ਰੇਸਰ ਨੇ ਰੱਬ ਦੀ ਸੇਵਾ ਕਰਨ ਲਈ ਆਪਣਾ ਕੈਰੀਅਰ ਕਿਉਂ ਛੱਡ ਦਿੱਤਾ? ਆਓ ਇਨ੍ਹਾਂ ਦੀ ਕਹਾਣੀ ਇਨ੍ਹਾਂ ਦੀ ਜ਼ਬਾਨੀ ਸੁਣੀਏ।

“ਮੈਂ ਘਮੰਡੀ, ਗੁੱਸੇਖ਼ੋਰ ਤੇ ਰੁੱਖੇ ਸੁਭਾਅ ਦਾ ਸੀ।”​—ਡੈਨਿਸ ਓਬਾਇਰਨ

ਜਨਮ: 1958

ਦੇਸ਼: ਇੰਗਲੈਂਡ

ਅਤੀਤ: ਦੂਜਿਆਂ ਤੋਂ ਦੂਰ-ਦੂਰ ਰਹਿਣ ਵਾਲਾ ਪੰਕ ਰਾਕਰ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰੇ ਪਿਤਾ ਜੀ ਦਾ ਪਰਿਵਾਰ ਆਇਰਲੈਂਡ ਤੋਂ ਹੈ ਅਤੇ ਮੈਨੂੰ ਬਚਪਨ ਤੋਂ ਹੀ ਆਇਰਿਸ਼ ਕੈਥੋਲਿਕ ਧਰਮ ਦੀ ਸਿੱਖਿਆ ਮਿਲੀ। ਮੈਨੂੰ ਅਕਸਰ ਇਕੱਲਿਆਂ ਹੀ ਚਰਚ ਭੇਜਿਆ ਜਾਂਦਾ ਸੀ, ਭਾਵੇਂ ਕਿ ਮੈਨੂੰ ਚਰਚ ਜਾਣਾ ਪਸੰਦ ਨਹੀਂ ਸੀ। ਪਰ ਮੈਂ ਰੱਬ ਬਾਰੇ ਜਾਣਨਾ ਚਾਹੁੰਦਾ ਸੀ। ਮੈਂ ਹਰ ਰੋਜ਼ ਉਹ ਪ੍ਰਾਰਥਨਾ ਕਰਦਾ ਸੀ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ। ਮੈਨੂੰ ਯਾਦ ਹੈ ਕਿ ਮੈਂ ਰਾਤ ਨੂੰ ਬਿਸਤਰੇ ʼਤੇ ਪਿਆ ਸੋਚਦਾ ਹੁੰਦਾ ਸੀ ਕਿ ਇਸ ਪ੍ਰਾਰਥਨਾ ਦਾ ਕੀ ਮਤਲਬ ਹੈ। ਮੈਂ ਇਸ ਪ੍ਰਾਰਥਨਾ ਦੇ ਅਲੱਗ-ਅਲੱਗ ਹਿੱਸੇ ਕਰਦਾ ਸੀ ਤੇ ਫਿਰ ਹਰ ਹਿੱਸੇ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕਰਦਾ ਸੀ।

15 ਕੁ ਸਾਲਾਂ ਦੀ ਉਮਰ ਵਿਚ ਮੈਂ ਰਸਤਾਫੈਰੀਅਨ ਅੰਦੋਲਨ (ਜਮੈਕਾ ਦਾ ਇਕ ਧਾਰਮਿਕ ਅੰਦੋਲਨ) ਵਿਚ ਸ਼ਾਮਲ ਹੋ ਗਿਆ। ਮੈਨੂੰ ਨਾਜ਼ੀ ਵਿਰੋਧੀ ਅੰਦੋਲਨ ਵਰਗੇ ਰਾਜਨੀਤਿਕ ਅੰਦੋਲਨਾਂ ਵਿਚ ਵੀ ਦਿਲਚਸਪੀ ਸੀ। ਪਰ ਮੈਂ ਪੰਕ ਰਾਕ ਨਾਂ ਦੇ ਅੰਦੋਲਨ ਦਾ ਹਿੱਸਾ ਬਣ ਗਿਆ। ਮੈਂ ਨਸ਼ਾ ਕਰਦਾ ਸੀ, ਖ਼ਾਸ ਕਰਕੇ ਰੋਜ਼ ਭੰਗ ਪੀਂਦਾ ਸੀ। ਮੈਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ ਸੀ। ਮੈਂ ਹੱਦੋਂ ਵੱਧ ਸ਼ਰਾਬ ਪੀਂਦਾ ਸੀ, ਮੈਂ ਇੱਦਾਂ ਦੇ ਕੰਮ ਕਰਦਾ ਸੀ ਜਿਨ੍ਹਾਂ ਕਰਕੇ ਮੇਰੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਂਦੀ ਸੀ ਤੇ ਦੂਜਿਆਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ ਸੀ। ਮੈਨੂੰ ਲੋਕਾਂ ਨਾਲ ਮਿਲਣਾ-ਗਿਲਣਾ ਪਸੰਦ ਨਹੀਂ ਸੀ। ਮੈਂ ਦੂਜਿਆਂ ਨਾਲ ਸਿਰਫ਼ ਉਦੋਂ ਹੀ ਗੱਲ ਕਰਦਾ ਸੀ ਜਦੋਂ ਜ਼ਰੂਰੀ ਹੁੰਦਾ ਸੀ। ਮੈਨੂੰ ਫੋਟੋਆਂ ਖਿਚਾਉਣੀਆਂ ਵੀ ਪਸੰਦ ਨਹੀਂ ਸਨ। ਹੁਣ ਜਦੋਂ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਘਮੰਡੀ, ਗੁੱਸੇਖ਼ੋਰ ਤੇ ਰੁੱਖੇ ਸੁਭਾਅ ਦਾ ਸੀ। ਮੈਂ ਸਿਰਫ਼ ਆਪਣੇ ਕਰੀਬੀ ਦੋਸਤਾਂ ਨਾਲ ਹੀ ਪਿਆਰ ਨਾਲ ਪੇਸ਼ ਆਉਂਦਾ ਸੀ।

20 ਕੁ ਸਾਲਾਂ ਦੀ ਉਮਰ ਵਿਚ ਮੇਰੇ ਅੰਦਰ ਬਾਈਬਲ ਦੀਆਂ ਗੱਲਾਂ ਲਈ ਦਿਲਚਸਪੀ ਪੈਦਾ ਹੋਈ। ਮੇਰੇ ਇਕ ਨਸ਼ੇ ਵੇਚਣ ਵਾਲੇ ਦੋਸਤ ਨੇ ਜੇਲ੍ਹ ਵਿਚ ਹੁੰਦਿਆਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਸੀ। ਇਕ ਵਾਰ ਅਸੀਂ ਧਰਮ, ਚਰਚ ਅਤੇ ਦੁਨੀਆਂ ʼਤੇ ਸ਼ੈਤਾਨ ਦੇ ਪ੍ਰਭਾਵ ਬਾਰੇ ਲੰਬੀ-ਚੌੜੀ ਗੱਲਬਾਤ ਕੀਤੀ। ਮੈਂ ਇਕ ਬਾਈਬਲ ਖ਼ਰੀਦੀ ਤੇ ਆਪਣੇ ਆਪ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਅਤੇ ਮੇਰਾ ਦੋਸਤ ਬਾਈਬਲ ਦੇ ਕੁਝ ਹਿੱਸੇ ਪੜ੍ਹਦੇ ਸੀ ਤੇ ਫਿਰ ਇਕੱਠੇ ਹੋ ਕੇ ਗੱਲ ਕਰਦੇ ਸੀ ਕਿ ਅਸੀਂ ਕੀ ਸਿੱਖਿਆ। ਇੱਦਾਂ ਅਸੀਂ ਕਈ ਮਹੀਨਿਆਂ ਤਕ ਕਰਦੇ ਰਹੇ।

ਅਸੀਂ ਬਾਈਬਲ ਵਿੱਚੋਂ ਇਹ ਕੁਝ ਗੱਲਾਂ ਸਿੱਖੀਆਂ: ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਦੁਨੀਆਂ ਵਰਗੇ ਨਹੀਂ ਬਣਨਾ ਚਾਹੀਦਾ ਤੇ ਨਾ ਹੀ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ। ਅਸੀਂ ਇਹ ਵੀ ਸਿੱਖਿਆ ਕਿ ਬਾਈਬਲ ਚਾਲ-ਚਲਣ ਸਹੀ ਰੱਖਣ ਬਾਰੇ ਵਧੀਆ ਸਲਾਹ ਦਿੰਦੀ ਹੈ। ਸਾਨੂੰ ਸਾਫ਼-ਸਾਫ਼ ਪਤਾ ਲੱਗ ਗਿਆ ਕਿ ਬਾਈਬਲ ਸੱਚੀ ਕਿਤਾਬ ਹੈ ਤੇ ਜ਼ਰੂਰ ਇਕ ਸੱਚਾ ਧਰਮ ਵੀ ਹੋਣਾ। ਪਰ ਕਿਹੜਾ? ਅਸੀਂ ਵੱਡੇ-ਵੱਡੇ ਚਰਚਾਂ ਦੀ ਸ਼ਾਨੋ-ਸ਼ੌਕਤ, ਰੀਤੀ-ਰਿਵਾਜਾਂ ਅਤੇ ਰਾਜਨੀਤੀ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਸੋਚਿਆ, ਤਾਂ ਸਾਨੂੰ ਅਹਿਸਾਸ ਹੋਇਆ ਕਿ ਯਿਸੂ ਤਾਂ ਇੱਦਾਂ ਦਾ ਨਹੀਂ ਸੀ। ਸਾਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਉਨ੍ਹਾਂ ਨੂੰ ਨਹੀਂ ਵਰਤ ਰਿਹਾ। ਇਸ ਲਈ ਅਸੀਂ ਉਨ੍ਹਾਂ ਧਰਮਾਂ ਬਾਰੇ ਜਾਣਨ ਦਾ ਫ਼ੈਸਲਾ ਕੀਤਾ ਜਿਨ੍ਹਾਂ ਬਾਰੇ ਲੋਕਾਂ ਨੂੰ ਇੰਨਾ ਨਹੀਂ ਪਤਾ ਸੀ।

ਅਸੀਂ ਇਨ੍ਹਾਂ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਤੋਂ ਕੁਝ ਸਵਾਲ ਪੁੱਛਦੇ ਸੀ। ਸਾਨੂੰ ਪਤਾ ਸੀ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ, ਇਸ ਲਈ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਉਨ੍ਹਾਂ ਦੇ ਜਵਾਬ ਪਰਮੇਸ਼ੁਰ ਦੇ ਬਚਨ ਮੁਤਾਬਕ ਹਨ ਜਾਂ ਨਹੀਂ। ਇਨ੍ਹਾਂ ਲੋਕਾਂ ਨੂੰ ਮਿਲਣ ਤੋਂ ਬਾਅਦ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਸੀ, ‘ਜੇ ਇਹ ਲੋਕ ਸੱਚੇ ਧਰਮ ਨੂੰ ਮੰਨਦੇ ਹਨ, ਤਾਂ ਮੇਰਾ ਦਿਲ ਫਿਰ ਇਨ੍ਹਾਂ ਲੋਕਾਂ ਨੂੰ ਮਿਲਣ ਨੂੰ ਕਰੇ।’ ਪਰ ਕਈ ਮਹੀਨਿਆਂ ਬਾਅਦ ਵੀ ਮੈਨੂੰ ਇੱਦਾਂ ਦੇ ਲੋਕ ਨਹੀਂ ਮਿਲੇ ਜਿਨ੍ਹਾਂ ਨੇ ਸਾਡੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਹੋਣ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਦਾ ਮੇਰਾ ਦਿਲ ਕੀਤਾ।

ਫਿਰ ਮੈਂ ਤੇ ਮੇਰਾ ਦੋਸਤ ਯਹੋਵਾਹ ਦੇ ਗਵਾਹਾਂ ਨੂੰ ਮਿਲੇ। ਅਸੀਂ ਉਨ੍ਹਾਂ ਤੋਂ ਵੀ ਉਹੀ ਸਵਾਲ ਪੁੱਛੇ ਜਿਹੜੇ ਅਸੀਂ ਹੋਰ ਲੋਕਾਂ ਤੋਂ ਪੁੱਛੇ ਸਨ। ਪਰ ਉਨ੍ਹਾਂ ਨੇ ਬਾਈਬਲ ਵਿੱਚੋਂ ਜਵਾਬ ਦਿੱਤੇ। ਉਨ੍ਹਾਂ ਨੇ ਸਾਨੂੰ ਬਿਲਕੁਲ ਉਹੀ ਜਵਾਬ ਦਿੱਤੇ ਜੋ ਸਾਨੂੰ ਬਾਈਬਲ ਵਿੱਚੋਂ ਪਤਾ ਲੱਗੇ ਸਨ। ਇਸ ਲਈ ਅਸੀਂ ਉਨ੍ਹਾਂ ਨੂੰ ਉਹ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਸਾਨੂੰ ਬਾਈਬਲ ਵਿੱਚੋਂ ਅਜੇ ਤਕ ਨਹੀਂ ਮਿਲੇ ਸਨ, ਜਿਵੇਂ ਸਿਗਰਟ ਪੀਣ ਤੇ ਨਸ਼ੇ ਕਰਨ ਬਾਰੇ ਰੱਬ ਦਾ ਕੀ ਨਜ਼ਰੀਆ ਹੈ। ਉਨ੍ਹਾਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਬਾਈਬਲ ਵਿੱਚੋਂ ਦਿੱਤੇ। ਉਨ੍ਹਾਂ ਨੇ ਸਾਨੂੰ ਕਿੰਗਡਮ ਹਾਲ ਵਿਚ ਮੀਟਿੰਗ ʼਤੇ ਆਉਣ ਦਾ ਸੱਦਾ ਦਿੱਤਾ ਤੇ ਅਸੀਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ।

ਮੇਰੇ ਲਈ ਮੀਟਿੰਗ ʼਤੇ ਜਾਣਾ ਸੌਖਾ ਨਹੀਂ ਸੀ। ਉੱਥੇ ਲੋਕ ਮਿਲਣਸਾਰ ਸਨ ਤੇ ਉਨ੍ਹਾਂ ਦਾ ਪਹਿਰਾਵਾ ਵੀ ਵਧੀਆ ਸੀ। ਜਦੋਂ ਉਹ ਮੈਨੂੰ ਮਿਲਣ ਆਏ, ਤਾਂ ਮੈਨੂੰ ਚੰਗਾ ਨਹੀਂ ਲੱਗਾ ਕਿਉਂਕਿ ਮੈਨੂੰ ਲੋਕਾਂ ਨਾਲ ਮਿਲਣਾ-ਗਿਲਣਾ ਪਸੰਦ ਨਹੀਂ ਸੀ। ਇਸ ਲਈ ਮੈਨੂੰ ਕੁਝ ਜਣਿਆਂ ਦੇ ਇਰਾਦੇ ʼਤੇ ਸ਼ੱਕ ਹੋਇਆ ਤੇ ਮੈਂ ਦੁਬਾਰਾ ਮੀਟਿੰਗ ʼਤੇ ਨਹੀਂ ਜਾਣਾ ਚਾਹੁੰਦਾ ਸੀ। ਪਰ ਹਮੇਸ਼ਾ ਵਾਂਗ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਜੇ ਇਹ ਲੋਕ ਸੱਚੇ ਧਰਮ ਨੂੰ ਮੰਨਦੇ ਹਨ, ਤਾਂ ਮੇਰਾ ਦਿਲ ਫਿਰ ਇਨ੍ਹਾਂ ਲੋਕਾਂ ਨੂੰ ਮਿਲਣ ਨੂੰ ਕਰੇ। ਇਸ ਤੋਂ ਬਾਅਦ ਗਵਾਹਾਂ ਨਾਲ ਸਟੱਡੀ ਕਰਨ ਦਾ ਮੇਰਾ ਬਹੁਤ ਜ਼ਿਆਦਾ ਦਿਲ ਕਰਨ ਲੱਗ ਪਿਆ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਮੈਂ ਜਾਣ ਗਿਆ ਸੀ ਕਿ ਮੈਨੂੰ ਨਸ਼ੇ ਛੱਡਣ ਦੀ ਲੋੜ ਹੈ, ਇਸ ਲਈ ਮੈਂ ਛੇਤੀ ਹੀ ਨਸ਼ੇ ਕਰਨੇ ਛੱਡ ਦਿੱਤੇ। ਪਰ ਮੇਰੇ ਲਈ ਸਿਗਰਟਾਂ ਛੱਡਣੀਆਂ ਬਹੁਤ ਔਖੀਆਂ ਸਨ। ਮੈਂ ਕਈ ਵਾਰ ਸਿਗਰਟਾਂ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਨਾਕਾਮ ਰਿਹਾ। ਜਦੋਂ ਮੈਂ ਸੁਣਿਆ ਕਿ ਦੂਜਿਆਂ ਨੇ ਕਿਵੇਂ ਸਿਗਰਟ ਪੀਣੀ ਛੱਡ ਦਿੱਤੀ ਤੇ ਦੁਬਾਰਾ ਕਦੇ ਨਹੀਂ ਪੀਤੀ, ਤਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਮੈਂ ਯਹੋਵਾਹ ਦੀ ਮਦਦ ਨਾਲ ਸਿਗਰਟ ਪੀਣੀ ਛੱਡ ਦਿੱਤੀ। ਮੈਂ ਸਿੱਖਿਆ ਕਿ ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਕਿੰਨੀ ਜ਼ਰੂਰੀ ਹੈ।

ਮੈਨੂੰ ਆਪਣੇ ਕੱਪੜੇ ਤੇ ਵਾਲ਼ਾਂ ਦਾ ਸਟਾਈਲ ਵੀ ਬਦਲਣ ਦੀ ਲੋੜ ਸੀ। ਜਦੋਂ ਮੈਂ ਪਹਿਲੀ ਵਾਰ ਕਿੰਗਡਮ ਹਾਲ ਗਿਆ ਸੀ, ਤਾਂ ਮੈਂ ਆਪਣੇ ਵਾਲ਼ ਕੰਡਿਆਂ ਵਾਂਗ ਖੜ੍ਹੇ ਕੀਤੇ ਹੋਏ ਸਨ ਤੇ ਮੋਰ-ਪੰਖੀਆ ਰੰਗ ਕੀਤਾ ਹੋਇਆ ਸੀ। ਫਿਰ ਮੈਂ ਸੰਤਰੀ ਰੰਗ ਕਰਾ ਲਿਆ। ਮੈਂ ਜੀਨਾਂ ਤੇ ਚਮੜੇ ਦੀਆਂ ਜੈਕਟਾਂ ਪਾਉਂਦਾ ਸੀ ਜਿਨ੍ਹਾਂ ʼਤੇ ਕੁਝ-ਨਾ-ਕੁਝ ਲਿਖਿਆ ਹੁੰਦਾ ਸੀ। ਭਾਵੇਂ ਕਿ ਗਵਾਹਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਸੀ, ਪਰ ਮੈਨੂੰ ਲੱਗਦਾ ਸੀ ਕਿ ਮੈਨੂੰ ਬਦਲਾਅ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਫਿਰ ਮੈਂ 1 ਯੂਹੰਨਾ 2:15-17 ʼਤੇ ਸੋਚ-ਵਿਚਾਰ ਕੀਤਾ ਜਿੱਥੇ ਲਿਖਿਆ ਹੈ: “ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜਿਹੜਾ ਦੁਨੀਆਂ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ।” ਮੈਂ ਸਮਝ ਗਿਆ ਕਿ ਮੇਰੇ ਪਹਿਰਾਵੇ ਤੋਂ ਦੁਨੀਆਂ ਲਈ ਮੇਰਾ ਪਿਆਰ ਝਲਕਦਾ ਹੈ। ਜੇ ਮੈਂ ਪਰਮੇਸ਼ੁਰ ਲਈ ਪਿਆਰ ਦਿਖਾਉਣਾ ਹੈ, ਤਾਂ ਮੈਨੂੰ ਬਦਲਣਾ ਹੀ ਪੈਣਾ ਅਤੇ ਮੈਂ ਇੱਦਾਂ ਹੀ ਕੀਤਾ।

ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਨਾ ਸਿਰਫ਼ ਗਵਾਹ ਚਾਹੁੰਦੇ ਹਨ ਕਿ ਮੈਂ ਸਭਾਵਾਂ ʼਤੇ ਹਾਜ਼ਰ ਹੋਵਾਂ, ਸਗੋਂ ਪਰਮੇਸ਼ੁਰ ਵੀ ਚਾਹੁੰਦਾ ਹੈ। ਇਹ ਗੱਲ ਮੈਨੂੰ ਇਬਰਾਨੀਆਂ 10:24, 25 ਤੋਂ ਪਤਾ ਲੱਗੀ। ਫਿਰ ਮੈਂ ਸਾਰੀਆਂ ਸਭਾਵਾਂ ʼਤੇ ਲਗਾਤਾਰ ਜਾਣ ਲੱਗਾ ਅਤੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲੱਗਾ। ਇਸ ਤੋਂ ਬਾਅਦ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ।

ਅੱਜ ਮੇਰੀ ਜ਼ਿੰਦਗੀ: ਇਹ ਗੱਲ ਮੇਰੇ ਦਿਲ ਨੂੰ ਛੂਹ ਜਾਂਦੀ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਨਾਲ ਕਰੀਬੀ ਰਿਸ਼ਤਾ ਜੋੜਨ ਦਾ ਸਨਮਾਨ ਦਿੱਤਾ ਹੈ। ਯਹੋਵਾਹ ਦੀ ਦਇਆ ਅਤੇ ਪਿਆਰ ਕਰਕੇ ਮੈਂ ਉਸ ਦੀ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਰੀਸ ਕਰਨ ਲਈ ਪ੍ਰੇਰਿਤ ਹੋਇਆ। (1 ਪਤਰਸ 2:21) ਮੈਂ ਸਿੱਖਿਆ ਕਿ ਮਸੀਹੀ ਗੁਣ ਪੈਦਾ ਕਰਨ ਦੇ ਨਾਲ-ਨਾਲ ਮੈਂ ਆਪਣੀ ਪਛਾਣ ਵੀ ਬਣਾਈ ਰੱਖ ਸਕਦਾ ਹਾਂ। ਮੈਂ ਪਿਆਰ ਅਤੇ ਦਿਲੋਂ ਪਰਵਾਹ ਕਰਨ ਵਾਲਾ ਇਨਸਾਨ ਬਣਨ ਦੀ ਬਹੁਤ ਕੋਸ਼ਿਸ਼ ਕਰਦਾ ਹਾਂ। ਆਪਣੀ ਪਤਨੀ ਤੇ ਮੁੰਡੇ ਨਾਲ ਪੇਸ਼ ਆਉਂਦਿਆਂ ਮੈਂ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਨਾਲੇ ਮੈਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਵੀ ਬਹੁਤ ਪਰਵਾਹ ਕਰਦਾ ਹਾਂ। ਮਸੀਹ ਦੀ ਰੀਸ ਕਰਨ ਕਰਕੇ ਆਪਣੀ ਅਤੇ ਦੂਜਿਆਂ ਦੀ ਨਜ਼ਰ ਵਿਚ ਮੇਰੀ ਇੱਜ਼ਤ ਵਧੀ ਹੈ ਅਤੇ ਮੈਂ ਦੂਜਿਆਂ ਨੂੰ ਪਿਆਰ ਦਿਖਾ ਪਾਉਂਦਾ ਹਾਂ।

“ਉਹ ਮੇਰੇ ਨਾਲ ਆਦਰ ਨਾਲ ਪੇਸ਼ ਆਏ।”​—ਗੁਆਡਾਲੂਪੇ ਬੀਲਯਾਰਿਆਲ

ਜਨਮ: 1964

ਦੇਸ਼: ਮੈਕਸੀਕੋ

ਅਤੀਤ: ਅਨੈਤਿਕ ਜ਼ਿੰਦਗੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਅਸੀਂ ਸੱਤ ਭੈਣ-ਭਰਾ ਸੀ। ਮੇਰੀ ਪਰਵਰਿਸ਼ ਮੈਕਸੀਕੋ ਦੇ ਸੋਨੋਰਾ ਪ੍ਰਾਂਤ ਦੇ ਹਰਮੋਸੀਲੋ ਸ਼ਹਿਰ ਵਿਚ ਹੋਈ। ਇੱਥੇ ਬਹੁਤ ਗ਼ਰੀਬੀ ਸੀ। ਜਦੋਂ ਮੈਂ ਛੋਟਾ ਸੀ, ਉਦੋਂ ਮੇਰੇ ਪਿਤਾ ਜੀ ਗੁਜ਼ਰ ਗਏ। ਇਸ ਕਰਕੇ ਘਰ ਦਾ ਗੁਜ਼ਾਰਾ ਤੋਰਨ ਲਈ ਮੰਮੀ ਨੂੰ ਕੰਮ ਕਰਨਾ ਪਿਆ। ਮੈਂ ਅਕਸਰ ਨੰਗੇ ਪੈਰੀਂ ਘੁੰਮਦਾ ਸੀ ਕਿਉਂਕਿ ਸਾਡੇ ਕੋਲ ਜੁੱਤੀਆਂ ਖ਼ਰੀਦਣ ਲਈ ਪੈਸੇ ਨਹੀਂ ਹੁੰਦੇ ਸਨ। ਛੋਟੇ ਹੁੰਦਿਆਂ ਹੀ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੈਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਪਰਿਵਾਰਾਂ ਵਾਂਗ ਅਸੀਂ ਵੀ ਛੋਟੇ ਜਿਹੇ ਘਰ ਵਿਚ ਰਹਿੰਦੇ ਸੀ।

ਮੰਮੀ ਜ਼ਿਆਦਾਤਰ ਘਰ ਨਹੀਂ ਹੁੰਦੇ ਸੀ। ਇਸ ਕਰਕੇ ਸਾਡੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਜਦੋਂ ਮੈਂ ਛੇ ਸਾਲਾਂ ਦਾ ਸੀ, ਤਾਂ 15 ਸਾਲਾਂ ਦੇ ਇਕ ਮੁੰਡੇ ਨੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਕਾਫ਼ੀ ਸਮੇਂ ਤਕ ਮੇਰੇ ਨਾਲ ਇੱਦਾਂ ਕਰਦਾ ਰਿਹਾ। ਇਸ ਕਰਕੇ ਸਰੀਰਕ ਸੰਬੰਧਾਂ ਬਾਰੇ ਮੇਰੀ ਸੋਚ ਗ਼ਲਤ ਹੋ ਗਈ। ਮੈਂ ਸੋਚਣ ਲੱਗਾ ਕਿ ਮੁੰਡਿਆਂ ਵੱਲ ਆਕਰਸ਼ਿਤ ਹੋਣਾ ਆਮ ਗੱਲ ਹੈ। ਜਦੋਂ ਮੈਂ ਮਦਦ ਲੈਣ ਲਈ ਡਾਕਟਰਾਂ ਜਾਂ ਪਾਦਰੀਆਂ ਕੋਲ ਗਿਆ, ਤਾਂ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਇੱਦਾਂ ਦੀਆਂ ਭਾਵਨਾਵਾਂ ਗ਼ਲਤ ਨਹੀਂ ਹਨ।

14 ਸਾਲਾਂ ਦੀ ਉਮਰ ਵਿਚ ਮੈਂ ਫ਼ੈਸਲਾ ਕੀਤਾ ਕਿ ਮੈਂ ਦੁਨੀਆਂ ਤੋਂ ਇਹ ਗੱਲ ਨਹੀਂ ਲੁਕਾਵਾਂਗਾ ਕਿ ਮੈਂ ਸਮਲਿੰਗੀ ਹਾਂ। ਅਗਲੇ 11 ਸਾਲਾਂ ਤਕ ਮੈਂ ਇੱਦਾਂ ਹੀ ਰਿਹਾ। ਇਸ ਸਮੇਂ ਦੌਰਾਨ ਮੇਰੇ ਅਲੱਗ-ਅਲੱਗ ਆਦਮੀਆਂ ਨਾਲ ਸੰਬੰਧ ਰਹੇ। ਫਿਰ ਮੈਂ ਹੇਅਰ ਸਟਾਈਲਿਸਟ ਦਾ ਕੋਰਸ ਕੀਤਾ ਅਤੇ ਮੈਂ ਇਕ ਬਿਊਟੀ ਪਾਰਲਰ ਖੋਲ੍ਹ ਲਿਆ। ਪਰ ਮੈਂ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਮੈਂ ਜ਼ਿੰਦਗੀ ਵਿਚ ਬਹੁਤ ਕੁਝ ਸਹਿਆ ਤੇ ਕਈਆਂ ਨੇ ਮੈਨੂੰ ਧੋਖਾ ਦਿੱਤਾ। ਮੈਂ ਸਮਝ ਗਿਆ ਕਿ ਮੈਂ ਜੋ ਕਰ ਰਿਹਾ ਸੀ, ਉਹ ਗ਼ਲਤ ਸੀ। ਇਸ ਲਈ ਮੈਂ ਆਪਣੇ ਆਪ ਤੋਂ ਪੁੱਛਿਆ: ‘ਕੀ ਇਸ ਦੁਨੀਆਂ ਵਿਚ ਚੰਗੇ ਅਤੇ ਭਰੋਸੇਮੰਦ ਲੋਕ ਹਨ?’

ਮੈਨੂੰ ਮੇਰੀ ਭੈਣ ਯਾਦ ਆਈ। ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ ਤੇ ਬਪਤਿਸਮਾ ਲੈ ਲਿਆ ਸੀ। ਉਹ ਮੈਨੂੰ ਦੱਸਦੀ ਹੁੰਦੀ ਸੀ ਕਿ ਉਹ ਕੀ ਸਿੱਖ ਰਹੀ ਹੈ, ਪਰ ਮੈਂ ਉਸ ਦੀਆਂ ਗੱਲਾਂ ਵੱਲ ਕਦੀ ਕੋਈ ਧਿਆਨ ਨਹੀਂ ਦਿੱਤਾ। ਪਰ ਮੈਂ ਦੇਖਦਾ ਸੀ ਉਹ ਜ਼ਿੰਦਗੀ ਵਿਚ ਕਿੰਨੀ ਖ਼ੁਸ਼ ਹੈ ਅਤੇ ਉਸ ਦੀ ਵਿਆਹੁਤਾ ਜ਼ਿੰਦਗੀ ਵਧੀਆ ਚੱਲ ਰਹੀ ਸੀ। ਮੇਰੀ ਭੈਣ ਤੇ ਉਸ ਦੇ ਪਤੀ ਵਿਚ ਬਹੁਤ ਪਿਆਰ ਸੀ, ਉਹ ਇਕ-ਦੂਜੇ ਦੀ ਇੱਜ਼ਤ ਕਰਦੇ ਸਨ ਅਤੇ ਹਮੇਸ਼ਾ ਇਕ-ਦੂਜੇ ਨਾਲ ਸਮਝਦਾਰੀ ਨਾਲ ਪੇਸ਼ ਆਉਂਦੇ ਸਨ। ਕੁਝ ਸਾਲਾਂ ਬਾਅਦ ਮੈਂ ਵੀ ਯਹੋਵਾਹ ਦੀ ਇਕ ਗਵਾਹ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲ ਮੈਂ ਦਿਲੋਂ ਸਟੱਡੀ ਨਹੀਂ ਕਰਦਾ ਸੀ। ਪਰ ਫਿਰ ਮੇਰਾ ਰਵੱਈਆ ਬਦਲ ਗਿਆ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਗਵਾਹਾਂ ਨੇ ਮੈਨੂੰ ਆਪਣੀ ਇਕ ਸਭਾ ʼਤੇ ਆਉਣ ਦਾ ਸੱਦਾ ਦਿੱਤਾ ਤੇ ਮੈਂ ਸਭਾ ʼਤੇ ਗਿਆ। ਮੇਰੇ ਲਈ ਇਹ ਸਭ ਕੁਝ ਬਿਲਕੁਲ ਨਵਾਂ ਸੀ। ਜ਼ਿਆਦਾਤਰ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ, ਪਰ ਗਵਾਹਾਂ ਨੇ ਇੱਦਾਂ ਨਹੀਂ ਕੀਤਾ। ਉਨ੍ਹਾਂ ਨੇ ਪਿਆਰ ਨਾਲ ਮੇਰਾ ਸੁਆਗਤ ਕੀਤਾ ਅਤੇ ਉਹ ਮੇਰੇ ਨਾਲ ਆਦਰ ਨਾਲ ਪੇਸ਼ ਆਏ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ।

ਬਾਅਦ ਵਿਚ ਜਦੋਂ ਮੈਂ ਉਨ੍ਹਾਂ ਦੇ ਇਕ ਸੰਮੇਲਨ ʼਤੇ ਗਿਆ, ਤਾਂ ਮੇਰੇ ਦਿਲ ਵਿਚ ਉਨ੍ਹਾਂ ਲਈ ਇੱਜ਼ਤ ਹੋਰ ਵੀ ਵਧ ਗਈ। ਮੈਂ ਦੇਖਿਆ ਕਿ ਵੱਡੀਆਂ-ਵੱਡੀਆਂ ਸਭਾਵਾਂ ਵਿਚ ਵੀ ਇਹ ਲੋਕ ਮੇਰੀ ਭੈਣ ਵਾਂਗ ਸੱਚੇ ਸਨ ਤੇ ਕੋਈ ਦਿਖਾਵਾ ਨਹੀਂ ਕਰਦੇ ਸਨ। ਮੈਂ ਸੋਚਿਆ ਕਿ ਸ਼ਾਇਦ ਇਹੀ ਉਹ ਲੋਕ ਹੋਣ ਜਿਨ੍ਹਾਂ ਨੂੰ ਮੈਂ ਲੰਬੇ ਸਮੇਂ ਤੋਂ ਲੱਭ ਰਿਹਾ ਸੀ। ਉਨ੍ਹਾਂ ਦੇ ਪਿਆਰ ਤੇ ਏਕਤਾ ਨੂੰ ਦੇਖ ਕੇ ਮੈਂ ਹੈਰਾਨ ਸੀ, ਨਾਲੇ ਇਸ ਗੱਲੋਂ ਵੀ ਕਿ ਉਹ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੰਦੇ ਸਨ। ਮੈਂ ਸਮਝ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ ਇੰਨੀ ਵਧੀਆ ਇਸ ਕਰਕੇ ਹੈ ਕਿਉਂਕਿ ਉਹ ਬਾਈਬਲ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ। ਨਾਲੇ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਉਨ੍ਹਾਂ ਵਰਗਾ ਬਣਨ ਲਈ ਮੈਨੂੰ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਸੀ।

ਦਰਅਸਲ, ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਆਪਣੇ ਆਪ ਨੂੰ ਬਦਲਣਾ ਪੈਣਾ ਸੀ ਕਿਉਂਕਿ ਮੈਂ ਕੁੜੀਆਂ ਵਾਂਗ ਜੀ ਰਿਹਾ ਸੀ। ਮੈਨੂੰ ਆਪਣੇ ਗੱਲ ਕਰਨ ਦਾ ਤਰੀਕਾ, ਚਾਲ-ਢਾਲ, ਕੱਪੜੇ, ਹੇਅਰ-ਸਟਾਈਲ ਅਤੇ ਦੋਸਤ ਬਦਲਣੇ ਪੈਣੇ ਸਨ। ਮੇਰੇ ਪੁਰਾਣੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਇਹ ਤੂੰ ਕੀ ਕਰ ਰਿਹਾ ਹੈਂ? ਤੂੰ ਜਿੱਦਾਂ ਦਾ ਸੀ, ਉੱਦਾਂ ਹੀ ਠੀਕ ਸੀ। ਬਾਈਬਲ ਬਾਰੇ ਨਾ ਸਿੱਖ। ਤੇਰੇ ਕੋਲ ਸਭ ਕੁਝ ਹੈ।” ਪਰ ਮੇਰੇ ਲਈ ਅਨੈਤਿਕ ਕੰਮ ਛੱਡਣੇ ਸਭ ਤੋਂ ਔਖੇ ਸਨ।

ਫਿਰ ਵੀ ਮੈਂ ਜਾਣਦਾ ਸੀ ਕਿ ਮੈਂ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਸਕਦਾ ਹਾਂ ਕਿਉਂਕਿ 1 ਕੁਰਿੰਥੀਆਂ 6:9-11 ਦੇ ਸ਼ਬਦਾਂ ਨੇ ਮੇਰੇ ਦਿਲ ʼਤੇ ਗਹਿਰਾ ਅਸਰ ਪਾਇਆ ਸੀ ਜਿੱਥੇ ਲਿਖਿਆ ਹੈ: “ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ? ਧੋਖਾ ਨਾ ਖਾਓ। ਹਰਾਮਕਾਰ, ਮੂਰਤੀ-ਪੂਜਕ, ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਜਨਾਨੜੇ [ਯਾਨੀ, ਜਿਹੜੇ ਆਦਮੀ ਆਪਣੇ ਨਾਲ ਦੂਜੇ ਆਦਮੀਆਂ ਨੂੰ ਸਰੀਰਕ ਸੰਬੰਧ ਬਣਾਉਣ ਦਿੰਦੇ ਹਨ।], ਮੁੰਡੇਬਾਜ਼ [ਯਾਨੀ, ਜਿਹੜੇ ਆਦਮੀ ਦੂਜੇ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ।], . . . ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ। ਤੁਹਾਡੇ ਵਿੱਚੋਂ ਕੁਝ ਜਣੇ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ ਧੋ ਕੇ ਸ਼ੁੱਧ . . . ਕੀਤਾ ਗਿਆ ਹੈ।” ਜਿਸ ਤਰ੍ਹਾਂ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਲੋਕਾਂ ਦੀ ਬਦਲਣ ਵਿਚ ਮਦਦ ਕੀਤੀ ਸੀ, ਉਸੇ ਤਰ੍ਹਾਂ ਉਸ ਨੇ ਮੇਰੀ ਵੀ ਮਦਦ ਕੀਤੀ। ਤਬਦੀਲੀਆਂ ਕਰਨ ਲਈ ਮੈਨੂੰ ਕਈ ਸਾਲ ਲੱਗ ਗਏ ਅਤੇ ਬਹੁਤ ਜੱਦੋ-ਜਹਿਦ ਕਰਨੀ ਪਈ। ਪਰ ਗਵਾਹਾਂ ਦੇ ਪਿਆਰ ਤੇ ਸਲਾਹ ਕਰਕੇ ਮੇਰੀ ਬਹੁਤ ਮਦਦ ਹੋਈ।

ਅੱਜ ਮੇਰੀ ਜ਼ਿੰਦਗੀ: ਹੁਣ ਮੈਂ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਂਦਾ ਹਾਂ। ਮੈਂ ਵਿਆਹਿਆ ਹੋਇਆ ਹਾਂ। ਮੈਂ ਤੇ ਮੇਰੀ ਪਤਨੀ ਆਪਣੇ ਮੁੰਡੇ ਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਜੀਉਣਾ ਸਿਖਾ ਰਹੇ ਹਾਂ। ਮੈਂ ਪੁਰਾਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਛੱਡ ਚੁੱਕਾ ਹਾਂ। ਯਹੋਵਾਹ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ ਅਤੇ ਉਸ ਦੀ ਸੇਵਾ ਵਿਚ ਮੈਨੂੰ ਕਈ ਸਨਮਾਨ ਮਿਲੇ ਹਨ। ਮੈਂ ਮੰਡਲੀ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ ਤੇ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਵਿਚ ਜੋ ਤਬਦੀਲੀਆਂ ਕੀਤੀਆਂ, ਉਨ੍ਹਾਂ ਕਰਕੇ ਮੇਰੇ ਮੰਮੀ ਇੰਨੇ ਖ਼ੁਸ਼ ਹੋਏ ਕਿ ਉਨ੍ਹਾਂ ਨੇ ਵੀ ਬਾਈਬਲ ਸਟੱਡੀ ਕੀਤੀ ਤੇ ਬਪਤਿਸਮਾ ਲੈ ਲਿਆ। ਮੇਰੀ ਛੋਟੀ ਭੈਣ ਵੀ ਯਹੋਵਾਹ ਦੀ ਗਵਾਹ ਬਣ ਗਈ ਜੋ ਪਹਿਲਾਂ ਅਨੈਤਿਕ ਜ਼ਿੰਦਗੀ ਜੀਉਂਦੀ ਸੀ।

ਜਿਹੜੇ ਲੋਕ ਜਾਣਦੇ ਹਨ ਕਿ ਮੈਂ ਪਹਿਲਾਂ ਕਿੱਦਾਂ ਦਾ ਹੁੰਦਾ ਸੀ, ਉਹ ਇਸ ਗੱਲ ਨਾਲ ਸਹਿਮਤ ਹਨ ਕਿ ਮੈਂ ਜੋ ਤਬਦੀਲੀਆਂ ਕੀਤੀਆਂ ਉਹ ਸਹੀ ਸਨ। ਮੈਂ ਜਾਣਦਾ ਹਾਂ ਕਿ ਮੈਂ ਇਹ ਸਾਰੇ ਬਦਲਾਅ ਕਿਉਂ ਕਰ ਸਕਿਆ। ਪਹਿਲਾਂ ਮੈਂ ਡਾਕਟਰਾਂ ਤੋਂ ਮਦਦ ਮੰਗੀ, ਪਰ ਮੈਨੂੰ ਸਹੀ ਸਲਾਹ ਨਹੀਂ ਮਿਲੀ। ਪਰ ਯਹੋਵਾਹ ਨੇ ਮੇਰੀ ਬਹੁਤ ਮਦਦ ਕੀਤੀ। ਭਾਵੇਂ ਮੈਂ ਨਿਕੰਮਾ ਮਹਿਸੂਸ ਕਰਦਾ ਸੀ, ਫਿਰ ਵੀ ਯਹੋਵਾਹ ਨੇ ਮੇਰੇ ਵੱਲ ਧਿਆਨ ਦਿੱਤਾ ਅਤੇ ਮੇਰੇ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਇਆ। ਜਦੋਂ ਮੈਂ ਸੋਚਿਆ ਕਿ ਯਹੋਵਾਹ ਪਰਮੇਸ਼ੁਰ, ਜੋ ਇੰਨਾ ਮਹਾਨ, ਬੁੱਧੀਮਾਨ ਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ, ਮੇਰੀ ਪਰਵਾਹ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਮੈਂ ਵਧੀਆ ਜ਼ਿੰਦਗੀ ਜੀਵਾਂ, ਤਾਂ ਮੈਨੂੰ ਆਪਣੀ ਜ਼ਿੰਦਗੀ ਬਦਲਣ ਦੀ ਹਿੰਮਤ ਮਿਲੀ।

“ਮੈਂ ਨਾਖ਼ੁਸ਼, ਇਕੱਲਾ ਅਤੇ ਖਾਲੀ-ਖਾਲੀ ਮਹਿਸੂਸ ਕਰਦਾ ਸੀ।”​—ਕਾਜ਼ੂਹੀਰੋ ਕੁਨੀਮੋਚੀ

ਜਨਮ: 1951

ਦੇਸ਼: ਜਪਾਨ

ਅਤੀਤ: ਸਾਈਕਲ ਰੇਸਰ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰੀ ਪਰਵਰਿਸ਼ ਜਪਾਨ ਦੇ ਸ਼ਿਜ਼ੂਓਕਾ ਸੂਬੇ ਦੇ ਇਕ ਸ਼ਾਂਤ ਕਸਬੇ ਵਿਚ ਹੋਈ। ਅਸੀਂ ਪਰਿਵਾਰ ਦੇ ਅੱਠ ਮੈਂਬਰ ਇਕ ਛੋਟੇ ਜਿਹੇ ਘਰ ਵਿਚ ਰਹਿੰਦੇ ਸੀ। ਮੇਰੇ ਡੈਡੀ ਦੀ ਸਾਈਕਲਾਂ ਦੀ ਦੁਕਾਨ ਸੀ। ਜਦੋਂ ਮੈਂ ਛੋਟਾ ਸੀ, ਤਾਂ ਉਹ ਮੈਨੂੰ ਸਾਈਕਲ ਰੇਸ ਦਿਖਾਉਣ ਲਿਜਾਂਦੇ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਦਿਲ ਵਿਚ ਇਸ ਖੇਡ ਲਈ ਦਿਲਚਸਪੀ ਜਗਾ ਦਿੱਤੀ। ਫਿਰ ਮੇਰੇ ਡੈਡੀ ਮੈਨੂੰ ਸਾਈਕਲ ਰੇਸਰ ਬਣਾਉਣ ਬਾਰੇ ਸੋਚਣ ਲੱਗੇ। ਮੈਂ ਹਾਲੇ ਮਿਡਲ ਸਕੂਲ ਵਿਚ ਹੀ ਸੀ ਜਦੋਂ ਉਹ ਮੈਨੂੰ ਜ਼ੋਰਾਂ-ਸ਼ੋਰਾਂ ਨਾਲ ਇਸ ਦੀ ਟ੍ਰੇਨਿੰਗ ਦੇਣ ਲੱਗੇ। ਜਦੋਂ ਮੈਂ ਹਾਈ ਸਕੂਲ ਵਿਚ ਸੀ, ਤਾਂ ਮੈਂ ਹਰ ਸਾਲ ਹੁੰਦੇ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਤਿੰਨ ਵਾਰ ਲਗਾਤਾਰ ਸਾਈਕਲ ਰੇਸ ਜਿੱਤੀ। ਮੈਨੂੰ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਦੀ ਪੇਸ਼ਕਸ਼ ਕੀਤੀ ਗਈ, ਪਰ ਮੈਂ ਉੱਥੇ ਜਾਣ ਦੀ ਬਜਾਇ ਸਿੱਧਾ ਰੇਸਿੰਗ ਸਕੂਲ ਜਾਣ ਦਾ ਫ਼ੈਸਲਾ ਕੀਤਾ। 19 ਸਾਲਾਂ ਦੀ ਉਮਰ ਵਿਚ ਮੈਂ ਪੇਸ਼ਾਵਰ ਸਾਈਕਲ ਰੇਸਰ ਬਣ ਗਿਆ।

ਉਦੋਂ ਮੇਰਾ ਇੱਕੋ ਟੀਚਾ ਸੀ, ਜਪਾਨ ਦਾ ਸਭ ਤੋਂ ਵਧੀਆ ਸਾਈਕਲ ਰੇਸਰ ਬਣਨਾ। ਮੈਂ ਬਹੁਤ ਸਾਰਾ ਪੈਸਾ ਕਮਾਉਣ ਬਾਰੇ ਸੋਚਿਆ ਤਾਂਕਿ ਮੇਰਾ ਪਰਿਵਾਰ ਸੁਖੀ ਰਹੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਮੈਂ ਜੀ-ਜਾਨ ਨਾਲ ਟ੍ਰੇਨਿੰਗ ਲੈਣ ਲੱਗਾ। ਜਦੋਂ ਵੀ ਮੈਨੂੰ ਟ੍ਰੇਨਿੰਗ ਔਖੀ ਲੱਗਦੀ ਸੀ ਜਾਂ ਮੈਂ ਰੇਸ ਦੌਰਾਨ ਥੱਕ ਜਾਂਦਾ ਸੀ, ਤਾਂ ਮੈਂ ਆਪਣੇ ਆਪ ਨੂੰ ਯਾਦ ਕਰਾਉਂਦਾ ਰਹਿੰਦਾ ਸੀ ਕਿ ਮੈਂ ਸਾਈਕਲ ਰੇਸਰ ਬਣਨ ਲਈ ਹੀ ਪੈਦਾ ਹੋਇਆ ਹਾਂ ਅਤੇ ਮੈਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਮੈਂ ਬਹੁਤ ਮਿਹਨਤ ਕੀਤੀ ਅਤੇ ਮੈਨੂੰ ਇਸ ਦਾ ਫਲ ਵੀ ਮਿਲਿਆ। ਪਹਿਲੇ ਸਾਲ ਵਿਚ ਮੈਂ ਨਵੇਂ ਖਿਡਾਰੀਆਂ ਵਿੱਚੋਂ ਪਹਿਲੇ ਨੰਬਰ ʼਤੇ ਆਇਆ। ਦੂਜੇ ਸਾਲ ਵਿਚ ਮੈਨੂੰ ਉਸ ਰੇਸ ਵਿਚ ਹਿੱਸਾ ਲੈਣ ਲਈ ਚੁਣਿਆ ਗਿਆ ਜਿਸ ਤੋਂ ਪਤਾ ਲੱਗਦਾ ਸੀ ਕਿ ਜਪਾਨ ਵਿਚ ਪਹਿਲੇ ਨੰਬਰ ਦਾ ਸਾਈਕਲ ਰੇਸਰ ਕੌਣ ਹੈ। ਉਸ ਰੇਸ ਵਿਚ ਮੈਂ ਛੇ ਵਾਰ ਦੂਜੇ ਨੰਬਰ ʼਤੇ ਆਇਆ।

ਇਕ ਤੋਂ ਬਾਅਦ ਇਕ ਰੇਸ ਜਿੱਤਣ ਕਰਕੇ ਮੇਰੀ ਗਿਣਤੀ ਜਪਾਨ ਦੇ ਚੋਟੀ ਦੇ ਖਿਡਾਰੀਆਂ ਵਿਚ ਹੋਣ ਲੱਗੀ। ਇਸ ਕਰਕੇ ਲੋਕ ਮੈਨੂੰ ਜਪਾਨ ਦੇ ਇਕ ਇਲਾਕੇ ‘ਟੋਕਾਈ ਦੀਆਂ ਮਜ਼ਬੂਤ ਲੱਤਾਂ’ ਕਹਿਣ ਲੱਗੇ। ਮੇਰੇ ਵਿਚ ਮੁਕਾਬਲੇਬਾਜ਼ੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਸਮੇਂ ਦੇ ਬੀਤਣ ਨਾਲ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਮੇਰੇ ਤੋਂ ਡਰਨ ਲੱਗ ਪਏ ਕਿਉਂਕਿ ਮੈਂ ਰੇਸ ਦੌਰਾਨ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਮੈਂ ਕਾਫ਼ੀ ਪੈਸੇ ਕਮਾਉਣ ਲੱਗ ਪਿਆ ਜਿਸ ਕਰਕੇ ਮੈਂ ਜੋ ਚਾਹਾਂ ਖ਼ਰੀਦ ਸਕਦਾ ਸੀ। ਮੈਂ ਇਕ ਵੱਡਾ ਘਰ ਖ਼ਰੀਦ ਲਿਆ ਜਿਸ ਦਾ ਇਕ ਕਮਰਾ ਕਸਰਤ ਵਾਲੀਆਂ ਵਧੀਆ ਤੋਂ ਵਧੀਆ ਮਸ਼ੀਨਾਂ ਨਾਲ ਭਰਿਆ ਹੋਇਆ ਸੀ। ਮੈਂ ਇਕ ਵਿਦੇਸ਼ੀ ਕਾਰ ਖ਼ਰੀਦੀ ਜਿਸ ਦੀ ਕੀਮਤ ਇਕ ਘਰ ਦੀ ਕੀਮਤ ਦੇ ਬਰਾਬਰ ਸੀ। ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਮੈਂ ਪ੍ਰਾਪਰਟੀ ਅਤੇ ਸ਼ੇਅਰ ਬਾਜ਼ਾਰ ਵਿਚ ਵੀ ਪੈਸੇ ਲਾਉਣ ਲੱਗ ਪਿਆ।

ਫਿਰ ਵੀ ਮੈਂ ਨਾਖ਼ੁਸ਼, ਇਕੱਲਾ ਅਤੇ ਖਾਲੀ-ਖਾਲੀ ਮਹਿਸੂਸ ਕਰਦਾ ਸੀ। ਉਸ ਸਮੇਂ ਤਕ ਮੇਰਾ ਵਿਆਹ ਹੋ ਚੁੱਕਾ ਸੀ ਤੇ ਮੇਰੇ ਤਿੰਨ ਮੁੰਡੇ ਸਨ। ਮੈਂ ਕਈ ਵਾਰ ਆਪੇ ਤੋਂ ਬਾਹਰ ਹੋ ਜਾਂਦਾ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ʼਤੇ ਆਪਣੀ ਪਤਨੀ ਅਤੇ ਮੁੰਡਿਆਂ ʼਤੇ ਭੜਕ ਉੱਠਦਾ ਸੀ। ਉਹ ਮੇਰੇ ਤੋਂ ਬਹੁਤ ਡਰਨ ਲੱਗ ਪਏ। ਉਹ ਮੇਰੇ ਚਿਹਰੇ ਦੇ ਹਾਵਾਂ-ਭਾਵਾਂ ਨੂੰ ਦੇਖ ਕੇ ਅੰਦਾਜ਼ਾ ਲਾਉਂਦੇ ਸਨ ਕਿ ਕਿਤੇ ਮੇਰਾ ਮੂਡ ਖ਼ਰਾਬ ਤਾਂ ਨਹੀਂ।

ਕੁਝ ਸਮੇਂ ਬਾਅਦ ਮੇਰੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਲੱਗ ਪਈ ਜਿਸ ਕਰਕੇ ਸਾਡੀ ਜ਼ਿੰਦਗੀ ਵਿਚ ਕਈ ਬਦਲਾਅ ਹੋਏ। ਉਸ ਨੇ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ʼਤੇ ਜਾਣਾ ਚਾਹੁੰਦੀ ਸੀ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਅਸੀਂ ਸਾਰਾ ਪਰਿਵਾਰ ਹੀ ਚੱਲਾਂਗੇ। ਮੈਨੂੰ ਉਹ ਸ਼ਾਮ ਅਜੇ ਵੀ ਯਾਦ ਹੈ ਜਦੋਂ ਇਕ ਬਜ਼ੁਰਗ ਸਾਡੇ ਘਰ ਆਇਆ ਅਤੇ ਮੈਨੂੰ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ। ਮੈਂ ਜੋ ਵੀ ਸਿੱਖਿਆ, ਉਸ ਦਾ ਮੇਰੇ ਦਿਲ ʼਤੇ ਡੂੰਘਾ ਅਸਰ ਪਿਆ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਮੈਂ ਕਦੇ ਨਹੀਂ ਭੁੱਲ ਸਕਦਾ ਕਿ ਅਫ਼ਸੀਆਂ 5:5 ਪੜ੍ਹ ਕੇ ਮੇਰੇ ਦਿਲ ʼਤੇ ਕਿੰਨਾ ਅਸਰ ਪਿਆ ਜਿੱਥੇ ਲਿਖਿਆ ਹੈ: “ਕੋਈ ਵੀ ਹਰਾਮਕਾਰ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲਾਲਚ ਕਰਨ ਵਾਲਾ, ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।” ਮੈਂ ਦੇਖਿਆ ਕਿ ਸਾਈਕਲ ਰੇਸ ਦਾ ਜੂਏ ਨਾਲ ਸੰਬੰਧ ਹੈ ਅਤੇ ਇਸ ਖੇਡ ਕਰਕੇ ਲਾਲਚ ਪੈਦਾ ਹੁੰਦਾ ਹੈ। ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਣ ਲੱਗ ਪਈ। ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ, ਤਾਂ ਮੈਨੂੰ ਸਾਈਕਲ ਰੇਸ ਛੱਡਣੀ ਪੈਣੀ। ਪਰ ਇੱਦਾਂ ਕਰਨਾ ਮੇਰੇ ਲਈ ਬਹੁਤ ਔਖਾ ਸੀ।

ਸਾਈਕਲ ਰੇਸਿੰਗ ਵਿਚ ਮੇਰਾ ਪਿਛਲਾ ਸਾਲ ਹੁਣ ਤਕ ਦਾ ਸਭ ਤੋਂ ਸਫ਼ਲ ਸਾਲ ਰਿਹਾ ਅਤੇ ਮੈਂ ਚਾਹੁੰਦਾ ਸੀ ਕਿ ਮੇਰੀ ਜ਼ਿੰਦਗੀ ਵਿਚ ਇੱਦਾਂ ਦੇ ਹੋਰ ਵੀ ਸਾਲ ਆਉਣ। ਪਰ ਮੈਂ ਦੇਖਿਆ ਕਿ ਬਾਈਬਲ ਦੀ ਸਟੱਡੀ ਕਰਕੇ ਮੈਨੂੰ ਮਨ ਦੀ ਸ਼ਾਂਤੀ ਤੇ ਸਕੂਨ ਮਿਲਦਾ ਸੀ ਜੋ ਰੇਸਾਂ ਜਿੱਤਣ ਦੇ ਜਨੂਨ ਤੋਂ ਕਿਤੇ ਵੱਖਰਾ ਸੀ। ਸਟੱਡੀ ਸ਼ੁਰੂ ਕਰਨ ਤੋਂ ਬਾਅਦ ਮੈਂ ਸਿਰਫ਼ ਤਿੰਨ ਵਾਰ ਹੀ ਰੇਸ ਮੁਕਾਬਲੇ ਵਿਚ ਹਿੱਸਾ ਲਿਆ ਸੀ, ਪਰ ਮੈਂ ਦਿਲੋਂ ਇਸ ਖੇਡ ਨੂੰ ਨਹੀਂ ਛੱਡ ਪਾ ਰਿਹਾ ਸੀ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂਗਾ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਕਿਤੇ ਫਸ ਗਿਆ ਹੋਵਾਂ, ਨਾ ਮੈਂ ਰੇਸਿੰਗ ਵਿਚ ਅੱਗੇ ਵਧ ਰਿਹਾ ਸੀ ਤੇ ਨਾ ਹੀ ਰੱਬ ਨਾਲ ਰਿਸ਼ਤਾ ਜੋੜਨ ਲਈ ਕਦਮ ਚੁੱਕ ਪਾ ਰਿਹਾ ਸੀ। ਮੇਰੇ ਨਵੇਂ ਵਿਸ਼ਵਾਸਾਂ ਕਰਕੇ ਮੇਰੇ ਰਿਸ਼ਤੇਦਾਰ ਵੀ ਮੇਰਾ ਸਖ਼ਤ ਵਿਰੋਧ ਕਰਨ ਲੱਗ ਪਏ। ਮੇਰੇ ਡੈਡੀ ਵੀ ਬਹੁਤ ਜ਼ਿਆਦਾ ਨਿਰਾਸ਼ ਹੋ ਗਏ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਅਤੇ ਮੇਰੇ ਢਿੱਡ ਵਿਚ ਅਲਸਰ ਹੋ ਗਿਆ।

ਇਸ ਮੁਸ਼ਕਲ ਸਮੇਂ ਵਿਚ ਬਾਈਬਲ ਦੀ ਲਗਾਤਾਰ ਸਟੱਡੀ ਕਰਨ ਅਤੇ ਸਭਾਵਾਂ ʼਤੇ ਜਾਣ ਕਰਕੇ ਮੇਰੀ ਬਹੁਤ ਮਦਦ ਹੋਈ। ਹੌਲੀ-ਹੌਲੀ ਮੇਰੀ ਨਿਹਚਾ ਵਧੀ। ਮੈਂ ਯਹੋਵਾਹ ਨੂੰ ਕਿਹਾ ਕਿ ਉਹ ਮੇਰੀਆਂ ਪ੍ਰਾਰਥਨਾਵਾਂ ਸੁਣੇ ਅਤੇ ਮੇਰੀ ਦੇਖਣ ਵਿਚ ਮਦਦ ਕਰੇ ਕਿ ਉਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਮੇਰੀ ਪਰੇਸ਼ਾਨੀ ਉਦੋਂ ਹੋਰ ਵੀ ਘੱਟ ਗਈ ਜਦੋਂ ਮੇਰੀ ਪਤਨੀ ਨੇ ਕਿਹਾ ਕਿ ਖ਼ੁਸ਼ ਰਹਿਣ ਲਈ ਉਸ ਨੂੰ ਵੱਡੇ ਘਰ ਦੀ ਲੋੜ ਨਹੀਂ ਹੈ। ਹੌਲੀ-ਹੌਲੀ ਮੈਂ ਯਹੋਵਾਹ ਦਾ ਗਵਾਹ ਬਣਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ।

ਅੱਜ ਮੇਰੀ ਜ਼ਿੰਦਗੀ: ਮੈਂ ਦੇਖਿਆ ਕਿ ਮੱਤੀ 6:33 ਵਿਚ ਦਰਜ ਯਿਸੂ ਦੇ ਸ਼ਬਦ ਵਾਕਈ ਸੱਚੇ ਹਨ। ਉਸ ਨੇ ਕਿਹਾ: “ਇਸ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” ਯਿਸੂ ਦੇ ਕਹੇ ਮੁਤਾਬਕ ਸਾਨੂੰ “ਸਭ ਚੀਜ਼ਾਂ” ਮਿਲੀਆਂ ਹਨ ਯਾਨੀ ਜ਼ਿੰਦਗੀ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਹੁੰਦੀਆਂ ਹਨ। ਭਾਵੇਂ ਹੁਣ ਮੇਰੀ ਕਮਾਈ ਪਹਿਲਾਂ ਨਾਲੋਂ 30 ਗੁਣਾ ਘੱਟ ਹੈ, ਪਰ ਇਨ੍ਹਾਂ 20 ਸਾਲਾਂ ਦੌਰਾਨ ਮੈਨੂੰ ਤੇ ਮੇਰੇ ਪਰਿਵਾਰ ਨੂੰ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੋਈ।

ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਕਰਕੇ ਮੈਨੂੰ ਜਿਹੜੀ ਖ਼ੁਸ਼ੀ ਤੇ ਸੰਤੁਸ਼ਟੀ ਮਿਲੀ, ਉਹ ਮੈਨੂੰ ਪਹਿਲਾਂ ਕਦੇ ਨਹੀਂ ਮਿਲੀ। ਯਹੋਵਾਹ ਦੀ ਸੇਵਾ ਵਿਚ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਅਸੀਂ ਪਰਿਵਾਰ ਵਜੋਂ ਵੀ ਇਕ-ਦੂਜੇ ਦੇ ਨੇੜੇ ਆਏ ਹਾਂ। ਮੇਰੇ ਤਿੰਨ ਮੁੰਡੇ ਤੇ ਨੂੰਹਾਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।