Skip to content

Skip to table of contents

ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

“ਸਿਆਣਾ ਵੇਖ ਭਾਲ ਕੇ ਚੱਲਦਾ ਹੈ।”—ਕਹਾ. 14:15.

1, 2. (ੳ) ਸਾਰੇ ਫ਼ੈਸਲੇ ਕਰਨ ਲੱਗਿਆਂ ਸਾਨੂੰ ਕਿਸ ਗੱਲ ਦੀ ਜ਼ਿਆਦਾ ਪਰਵਾਹ ਕਰਨੀ ਚਾਹੀਦੀ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

ਅਸੀਂ ਹਰ ਰੋਜ਼ ਕਈ ਫ਼ੈਸਲੇ ਕਰਦੇ ਹਾਂ। ਕਈ ਫ਼ੈਸਲਿਆਂ ਦਾ ਸਾਡੇ ਉੱਤੇ ਇੰਨਾ ਅਸਰ ਨਹੀਂ ਪੈਂਦਾ। ਪਰ ਕੁਝ ਫ਼ੈਸਲਿਆਂ ਦਾ ਸਾਡੀ ਜ਼ਿੰਦਗੀ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਅਸੀਂ ਜਿਹੜੇ ਵੀ ਵੱਡੇ ਜਾਂ ਛੋਟੇ ਫ਼ੈਸਲੇ ਕਰਦੇ ਹਾਂ, ਉਦੋਂ ਸਾਨੂੰ ਜ਼ਿਆਦਾ ਪਰਵਾਹ ਇਸ ਗੱਲ ਦੀ ਹੁੰਦੀ ਹੈ ਕਿ ਪਰਮੇਸ਼ੁਰ ਦੀ ਵਡਿਆਈ ਹੋਵੇ।—1 ਕੁਰਿੰਥੀਆਂ 10:31 ਪੜ੍ਹੋ।

2 ਕੀ ਤੁਹਾਨੂੰ ਫ਼ੈਸਲੇ ਕਰਨੇ ਸੌਖੇ ਲੱਗਦੇ ਹਨ ਜਾਂ ਕੀ ਇਹ ਤੁਹਾਡੇ ਲਈ ਇਕ ਚੁਣੌਤੀ ਹੈ? ਜੇ ਅਸੀਂ ਤਰੱਕੀ ਕਰ ਕੇ ਸਿਆਣੇ ਮਸੀਹੀ ਬਣਨਾ ਹੈ, ਤਾਂ ਸਾਨੂੰ ਸਹੀ-ਗ਼ਲਤ ਵਿਚ ਫ਼ਰਕ ਕਰਨਾ ਸਿੱਖਣ ਦੀ ਲੋੜ ਹੈ ਅਤੇ ਫਿਰ ਫ਼ੈਸਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਸਾਡੇ ਵਿਸ਼ਵਾਸ ਜ਼ਾਹਰ ਹੋਣ, ਨਾ ਕਿ ਕਿਸੇ ਹੋਰ ਦੇ। (ਰੋਮੀ. 12:1, 2; ਇਬ. 5:14) ਹੋਰ ਕਿਹੜੇ ਕੁਝ ਜ਼ਬਰਦਸਤ ਕਾਰਨਾਂ ਕਰਕੇ ਸਾਨੂੰ ਚੰਗੇ ਫ਼ੈਸਲੇ ਕਰਨ ਦੀ ਲੋੜ ਹੈ? ਚੰਗੇ ਫ਼ੈਸਲੇ ਕਰਨੇ ਕਦੇ-ਕਦੇ ਇੰਨੇ ਮੁਸ਼ਕਲ ਕਿਉਂ ਹੁੰਦੇ ਹਨ? ਅਤੇ ਅਸੀਂ ਇਹ ਪੱਕਾ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ ਕਿ ਸਾਡੇ ਫ਼ੈਸਲਿਆਂ ਕਾਰਨ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ?

ਫ਼ੈਸਲੇ ਕਰੀਏ ਹੀ ਕਿਉਂ?

3. ਸਾਨੂੰ ਕਿਨ੍ਹਾਂ ਗੱਲਾਂ ਨੂੰ ਆਪਣੇ ਫ਼ੈਸਲੇ ਕਰਨ ਵਿਚ ਰੋੜਾ ਨਹੀਂ ਬਣਨ ਦੇਣਾ ਚਾਹੀਦਾ?

3 ਜੇ ਅਸੀਂ ਦੁਚਿੱਤੇ ਹੋਣ ਕਾਰਨ ਉਹ ਫ਼ੈਸਲੇ ਨਹੀਂ ਕਰ ਪਾਉਂਦੇ ਜਿਹੜੇ ਫ਼ੈਸਲੇ ਕਰਨ ਲਈ ਬਾਈਬਲ ਦੇ ਅਸੂਲ ਧਿਆਨ ਵਿਚ ਰੱਖਣ ਦੀ ਲੋੜ ਹੈ, ਤਾਂ ਸਾਡੇ ਸਕੂਲ ਦੇ ਮੁੰਡੇ-ਕੁੜੀਆਂ ਜਾਂ ਨਾਲ ਦੇ ਕੰਮ ਕਰਨ ਵਾਲੇ ਸ਼ਾਇਦ ਇਹ ਸਿੱਟਾ ਕੱਢਣ ਕਿ ਅਸੀਂ ਆਪਣੇ ਵਿਸ਼ਵਾਸਾਂ ਦੇ ਪੱਕੇ ਨਹੀਂ ਹਾਂ, ਇਸ ਲਈ ਅਸੀਂ ਆਸਾਨੀ ਨਾਲ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਾਂ। ਉਹ ਸ਼ਾਇਦ ਝੂਠ ਬੋਲਣ, ਧੋਖਾ ਦੇਣ ਜਾਂ ਚੋਰੀ ਕਰਨ। ਫਿਰ ਉਹ ਸ਼ਾਇਦ ਸਾਨੂੰ ਆਪਣੇ ਨਾਲ ਰਲਾਉਣ ਜਾਂ ਸਾਡੇ ਤੋਂ ਆਪਣੇ ਗ਼ਲਤ ਕੰਮਾਂ ਉੱਤੇ ਪਰਦਾ ਪਵਾਉਣ ਦੁਆਰਾ ਸਾਨੂੰ “ਬਹੁਤਿਆਂ ਦੇ ਮਗਰ” ਲੱਗਣ ਲਈ ਉਕਸਾਉਣ ਦੀ ਕੋਸ਼ਿਸ਼ ਕਰਨ। (ਕੂਚ 23:2) ਪਰ ਜਿਹੜਾ ਇਨਸਾਨ ਅਜਿਹੇ ਫ਼ੈਸਲੇ ਕਰਨੇ ਜਾਣਦਾ ਹੈ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ, ਉਹ ਡਰ ਜਾਂ ਆਪਣੇ ਹਾਣੀਆਂ ਦੀ ਖ਼ੁਸ਼ੀ ਦੀ ਖ਼ਾਤਰ ਅਜਿਹਾ ਕੁਝ ਨਹੀਂ ਕਰੇਗਾ ਜੋ ਉਸ ਦੀ ਬਾਈਬਲ ਅਨੁਸਾਰ ਢਾਲ਼ੀ ਜ਼ਮੀਰ ਦੇ ਉਲਟ ਹੈ।—ਰੋਮੀ. 13:5.

4. ਦੂਸਰੇ ਸ਼ਾਇਦ ਸਾਡੇ ਲਈ ਫ਼ੈਸਲੇ ਕਿਉਂ ਕਰਨੇ ਚਾਹੁਣ?

4 ਜੋ ਵੀ ਲੋਕ ਸਾਡੇ ਲਈ ਫ਼ੈਸਲੇ ਕਰਨੇ ਚਾਹੁੰਦੇ ਹਨ, ਜ਼ਰੂਰੀ ਨਹੀਂ ਕਿ ਉਹ ਸਾਰੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਸਾਡਾ ਭਲਾ ਚਾਹੁਣ ਵਾਲੇ ਦੋਸਤ-ਮਿੱਤਰ ਸ਼ਾਇਦ ਜ਼ੋਰ ਪਾਉਣ ਕਿ ਅਸੀਂ ਉਨ੍ਹਾਂ ਦੀ ਸਲਾਹ ਮੰਨੀਏ। ਜੇ ਅਸੀਂ ਘਰੋਂ ਦੂਰ ਰਹਿੰਦੇ ਹਾਂ, ਤਾਂ ਜ਼ਾਹਰ ਹੈ ਕਿ ਸਾਡੇ ਰਿਸ਼ਤੇਦਾਰ ਸਾਡਾ ਜ਼ਿਆਦਾ ਫ਼ਿਕਰ ਕਰਦੇ ਹਨ, ਇਸ ਲਈ ਉਹ ਸ਼ਾਇਦ ਮਹੱਤਵਪੂਰਣ ਫ਼ੈਸਲੇ ਕਰਨ ਵਿਚ ਸਾਨੂੰ ਆਪਣੀ ਰਾਇ ਦੇਣ। ਮਿਸਾਲ ਲਈ, ਡਾਕਟਰੀ ਇਲਾਜ ਬਾਰੇ ਸੋਚੋ। ਬਾਈਬਲ ਲਹੂ ਦੀ ਕੁਵਰਤੋਂ ਦੀ ਸਾਫ਼-ਸਾਫ਼ ਨਿੰਦਿਆ ਕਰਦੀ ਹੈ। (ਰਸੂ. 15:28, 29) ਸਿਹਤ ਸੰਬੰਧੀ ਹੋਰਨਾਂ ਮਾਮਲਿਆਂ ਬਾਰੇ ਸਿੱਧਾ ਨਹੀਂ ਦੱਸਿਆ ਗਿਆ, ਇਸ ਲਈ ਸਾਨੂੰ ਹਰ ਇਕ ਨੂੰ ਖ਼ੁਦ ਫ਼ੈਸਲਾ ਕਰਨ ਦੀ ਲੋੜ ਹੈ ਕਿ ਅਸੀਂ ਕਿਹੜਾ ਇਲਾਜ ਕਰਾਵਾਂਗੇ ਅਤੇ ਕਿਹੜਾ ਨਹੀਂ। * ਇਨ੍ਹਾਂ ਮਾਮਲਿਆਂ ਬਾਰੇ ਸਾਡੇ ਅਜ਼ੀਜ਼ਾਂ ਦੀ ਆਪਣੀ-ਆਪਣੀ ਰਾਇ ਹੋ ਸਕਦੀ ਹੈ। ਪਰ ਇਨ੍ਹਾਂ ਬਾਰੇ ਫ਼ੈਸਲਾ ਕਰਨ ਵੇਲੇ ਹਰ ਬਪਤਿਸਮਾ-ਪ੍ਰਾਪਤ ਮਸੀਹੀ ਨੂੰ “ਆਪਣਾ ਹੀ ਭਾਰ” ਚੁੱਕਣਾ ਪਵੇਗਾ। (ਗਲਾ. 6:4, 5) ਸਾਨੂੰ ਜ਼ਿਆਦਾ ਪਰਵਾਹ ਇਸ ਗੱਲ ਦੀ ਹੈ ਕਿ ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਅੱਗੇ ਆਪਣੀ ਜ਼ਮੀਰ ਸ਼ੁੱਧ ਰੱਖੀਏ।—1 ਤਿਮੋ. 1:5.

5. ਅਸੀਂ ਆਪਣੀ ਨਿਹਚਾ ਦੀ ਬੇੜੀ ਡੁੱਬਣ ਤੋਂ ਕਿਵੇਂ ਬਚਾ ਸਕਦੇ ਹਾਂ?

5 ਦੁਚਿੱਤੇ ਹੋਣ ਨਾਲ ਅਸੀਂ ਖ਼ਤਰੇ ਵਿਚ ਪੈ ਸਕਦੇ ਹਾਂ। ਚੇਲੇ ਯਾਕੂਬ ਨੇ ਲਿਖਿਆ ਕਿ ਦੁਚਿੱਤਾ ਵਿਅਕਤੀ “ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।” (ਯਾਕੂ. 1:8) ਉਹ ਤੂਫ਼ਾਨੀ ਸਮੁੰਦਰ ਵਿਚ ਬੇਮੁਹਾਰੀ ਛੱਡੀ ਕਿਸ਼ਤੀ ਵਿਚਲੇ ਉਸ ਬੰਦੇ ਦੀ ਤਰ੍ਹਾਂ ਹੈ ਜੋ ਇਨਸਾਨਾਂ ਦੇ ਬਦਲਦੇ ਵਿਚਾਰਾਂ ਨਾਲ ਇੱਧਰ-ਉੱਧਰ ਡੋਲਦਾ ਫਿਰਦਾ ਹੈ। ਅਜਿਹੇ ਵਿਅਕਤੀ ਲਈ ਆਪਣੀ ਨਿਹਚਾ ਦੀ ਬੇੜੀ ਡੋਬਣੀ ਅਤੇ ਫਿਰ ਆਪਣੇ ਮਾੜੇ ਹਾਲ ਦਾ ਦੋਸ਼ ਦੂਜਿਆਂ ਉੱਤੇ ਮੜ੍ਹਨਾ ਕਿੰਨਾ ਆਸਾਨ ਹੋਵੇਗਾ! (1 ਤਿਮੋ. 1:19) ਅਸੀਂ ਇਸ ਅੰਜਾਮ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ “ਨਿਹਚਾ ਵਿੱਚ ਦ੍ਰਿੜ੍ਹ” ਹੋਣਾ ਚਾਹੀਦਾ ਹੈ। (ਕੁਲੁੱਸੀਆਂ 2:6, 7 ਪੜ੍ਹੋ।) ਦ੍ਰਿੜ੍ਹ ਹੋਣ ਲਈ ਸਾਨੂੰ ਅਜਿਹੇ ਫ਼ੈਸਲੇ ਕਰਨੇ ਸਿੱਖਣ ਦੀ ਲੋੜ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਹੈ। (2 ਤਿਮੋ. 3:14-17) ਪਰ ਕਿਹੜੀ ਗੱਲ ਸਾਨੂੰ ਚੰਗੇ ਫ਼ੈਸਲੇ ਕਰਨ ਤੋਂ ਰੋਕ ਸਕਦੀ ਹੈ?

ਫ਼ੈਸਲੇ ਕਰਨੇ ਕਿਉਂ ਔਖੇ ਹੋ ਸਕਦੇ ਹਨ

6. ਸਾਡੇ ਉੱਤੇ ਡਰ ਦਾ ਕੀ ਅਸਰ ਪੈ ਸਕਦਾ ਹੈ?

6 ਡਰ ਕਾਰਨ ਅਸੀਂ ਸ਼ਾਇਦ ਕੁਝ ਨਾ ਕਰ ਪਾਈਏ। ਅਸੀਂ ਸ਼ਾਇਦ ਡਰੀਏ ਕਿ ਸਾਡੇ ਤੋਂ ਕੋਈ ਗ਼ਲਤ ਫ਼ੈਸਲਾ ਨਾ ਹੋ ਜਾਵੇ, ਅਸੀਂ ਨਾਕਾਮ ਨਾ ਹੋ ਜਾਈਏ ਜਾਂ ਦੂਜਿਆਂ ਦੇ ਸਾਮ੍ਹਣੇ ਬੇਵਕੂਫ਼ ਨਾ ਬਣ ਜਾਈਏ। ਇਸ ਤਰ੍ਹਾਂ ਸੋਚਣਾ ਗ਼ਲਤ ਨਹੀਂ ਹੈ। ਕੋਈ ਵੀ ਗ਼ਲਤ ਫ਼ੈਸਲਾ ਨਹੀਂ ਕਰਨਾ ਚਾਹੁੰਦਾ ਜਿਸ ਕਾਰਨ ਕੋਈ ਮੁਸ਼ਕਲ ਖੜ੍ਹੀ ਹੋਵੇ ਅਤੇ ਸ਼ਰਮਿੰਦਗੀ ਸਹਿਣੀ ਪਵੇ। ਫਿਰ ਵੀ ਪਰਮੇਸ਼ੁਰ ਲਈ ਅਤੇ ਉਸ ਦੇ ਬਚਨ ਲਈ ਪਿਆਰ ਸਦਕਾ ਸਾਡਾ ਡਰ ਘੱਟ ਸਕਦਾ ਹੈ। ਕਿਨ੍ਹਾਂ ਤਰੀਕਿਆਂ ਨਾਲ? ਪਰਮੇਸ਼ੁਰ ਲਈ ਪਿਆਰ ਸਦਕਾ ਅਸੀਂ ਮਹੱਤਵਪੂਰਣ ਫ਼ੈਸਲੇ ਕਰਨ ਤੋਂ ਪਹਿਲਾਂ ਉਸ ਦੇ ਬਚਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਹਮੇਸ਼ਾ ਸੇਧ ਲਵਾਂਗੇ। ਇਸ ਤਰ੍ਹਾਂ ਕਰਨ ਨਾਲ ਅਸੀਂ ਘੱਟ ਗ਼ਲਤੀਆਂ ਕਰਾਂਗੇ। ਕਿਉਂ? ਕਿਉਂਕਿ ਬਾਈਬਲ “ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ” ਦੇ ਸਕਦੀ ਹੈ।—ਕਹਾ. 1:4.

7. ਅਸੀਂ ਰਾਜਾ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

7 ਕੀ ਅਸੀਂ ਹਮੇਸ਼ਾ ਸਹੀ ਫ਼ੈਸਲਾ ਕਰਾਂਗੇ? ਨਹੀਂ। ਅਸੀਂ ਸਾਰੇ ਹੀ ਗ਼ਲਤੀਆਂ ਦੇ ਪੁਤਲੇ ਹਾਂ। (ਰੋਮੀ. 3:23) ਮਿਸਾਲ ਲਈ, ਰਾਜਾ ਦਾਊਦ ਇਕ ਬੁੱਧੀਮਾਨ ਅਤੇ ਵਫ਼ਾਦਾਰ ਇਨਸਾਨ ਸੀ। ਪਰ ਕਦੇ-ਕਦੇ ਉਸ ਨੇ ਗ਼ਲਤ ਫ਼ੈਸਲੇ ਕੀਤੇ ਜਿਸ ਕਾਰਨ ਉਸ ਨੂੰ ਅਤੇ ਹੋਰਨਾਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ। (2 ਸਮੂ. 12:9-12) ਫਿਰ ਵੀ ਦਾਊਦ ਨੇ ਆਪਣੀਆਂ ਗ਼ਲਤੀਆਂ ਕਾਰਨ ਫ਼ੈਸਲੇ ਕਰਨੇ ਨਹੀਂ ਛੱਡੇ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਸੀ। (1 ਰਾਜ. 15:4, 5) ਅਤੀਤ ਵਿਚ ਗ਼ਲਤੀਆਂ ਹੋਣ ਦੇ ਬਾਵਜੂਦ ਅਸੀਂ ਫ਼ੈਸਲੇ ਕਰ ਸਕਦੇ ਹਾਂ ਜੇ ਅਸੀਂ ਦਾਊਦ ਵਾਂਗ ਯਾਦ ਰੱਖੀਏ ਕਿ ਯਹੋਵਾਹ ਸਾਡੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰੇਗਾ ਅਤੇ ਸਾਡੇ ਪਾਪ ਮਾਫ਼ ਕਰੇਗਾ। ਉਹ ਉਨ੍ਹਾਂ ਦੀ ਮਦਦ ਕਰਦਾ ਰਹੇਗਾ ਜੋ ਉਸ ਨੂੰ ਪਿਆਰ ਕਰਦੇ ਅਤੇ ਉਸ ਦਾ ਕਹਿਣਾ ਮੰਨਦੇ ਹਨ।—ਜ਼ਬੂ. 51:1-4, 7-10.

8. ਵਿਆਹ ਬਾਰੇ ਕਹੀ ਪੌਲੁਸ ਰਸੂਲ ਦੀ ਗੱਲ ਤੋਂ ਅਸੀਂ ਕੀ ਸਿੱਖਦੇ ਹਾਂ?

8 ਅਸੀਂ ਫ਼ੈਸਲੇ ਕਰਨ ਬਾਰੇ ਹੁੰਦੀ ਚਿੰਤਾ ਨੂੰ ਘਟਾ ਸਕਦੇ ਹਾਂ। ਕਿੱਦਾਂ? ਇਹ ਜਾਣ ਕੇ ਕਿ ਅਸੀਂ ਕਈ ਸਹੀ ਰਾਹਾਂ ਵਿੱਚੋਂ ਇਕ ਰਾਹ ਚੁਣ ਸਕਦੇ ਹਾਂ। ਧਿਆਨ ਦਿਓ ਕਿ ਪੌਲੁਸ ਨੇ ਵਿਆਹ ਦੇ ਵਿਸ਼ੇ ਬਾਰੇ ਕਿਸ ਤਰੀਕੇ ਨਾਲ ਤਰਕ ਕੀਤਾ। ਉਸ ਨੇ ਪਵਿੱਤਰ ਸ਼ਕਤੀ ਦੀ ਸੇਧ ਨਾਲ ਲਿਖਿਆ: “ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਜੋ ਓਹਨਾਂ ਲਈ ਚੰਗਾ ਹੈ ਭਈ ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ। ਪਰ ਜੇ ਉਨ੍ਹਾਂ ਵਿੱਚ ਜਤ ਸਤ ਦਾ ਬਲ ਨਹੀਂ ਤਾਂ ਓਹ ਵਿਆਹ ਕਰ ਲੈਣ ਕਿਉਂ ਜੋ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।” (1 ਕੁਰਿੰ. 7: 8, 9) ਪੌਲੁਸ ਨੇ ਕਿਹਾ ਕਿ ਕੁਆਰੇ ਰਹਿਣਾ ਸਭ ਤੋਂ ਵਧੀਆ ਰਾਹ ਹੈ, ਪਰ ਇਹੀ ਇੱਕੋ-ਇਕ ਸਹੀ ਰਾਹ ਨਹੀਂ ਸੀ।

9. ਕੀ ਸਾਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਦੂਸਰੇ ਸਾਡੇ ਫ਼ੈਸਲਿਆਂ ਬਾਰੇ ਕੀ ਸੋਚਣਗੇ? ਸਮਝਾਓ।

9 ਕੀ ਸਾਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਦੂਸਰੇ ਸਾਡੇ ਫ਼ੈਸਲਿਆਂ ਬਾਰੇ ਕੀ ਸੋਚਣਗੇ? ਹਾਂ, ਕੁਝ ਹੱਦ ਤਕ। ਧਿਆਨ ਦਿਓ ਕਿ ਪੌਲੁਸ ਨੇ ਅਜਿਹਾ ਭੋਜਨ ਖਾਣ ਦੇ ਮਾਮਲੇ ਬਾਰੇ ਕੀ ਕਿਹਾ ਜੋ ਸ਼ਾਇਦ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਜਾਪੇ। ਉਸ ਨੇ ਮੰਨਿਆ ਕਿ ਫ਼ੈਸਲਾ ਭਾਵੇਂ ਆਪਣੇ ਆਪ ਵਿਚ ਗ਼ਲਤ ਨਾ ਹੋਵੇ, ਫਿਰ ਵੀ ਇਸ ਨਾਲ ਕਮਜ਼ੋਰ ਜ਼ਮੀਰ ਵਾਲੇ ਵਿਅਕਤੀ ਨੂੰ ਠੋਕਰ ਲੱਗ ਸਕਦੀ ਹੈ। ਪੌਲੁਸ ਨੇ ਕੀ ਠਾਣ ਲਈ ਸੀ? ਉਸ ਨੇ ਲਿਖਿਆ: “ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੀਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖੁਆਵਾਂ।” (1 ਕੁਰਿੰ. 8:4-13) ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਸਾਡੇ ਫ਼ੈਸਲੇ ਦੂਜਿਆਂ ਦੀ ਜ਼ਮੀਰ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਪਰ ਸਾਨੂੰ ਜ਼ਿਆਦਾ ਚਿੰਤਾ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਯਹੋਵਾਹ ਨਾਲ ਸਾਡੀ ਦੋਸਤੀ ਉੱਤੇ ਸਾਡੀ ਚੋਣ ਦਾ ਕੀ ਅਸਰ ਪੈਂਦਾ ਹੈ। (ਰੋਮੀਆਂ 14:1-4 ਪੜ੍ਹੋ।) ਬਾਈਬਲ ਦੇ ਕਿਹੜੇ ਸਿਧਾਂਤਾਂ ਦੀ ਮਦਦ ਨਾਲ ਅਸੀਂ ਅਜਿਹੇ ਫ਼ੈਸਲੇ ਕਰ ਸਕਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੋਵੇ?

ਚੰਗੇ ਫ਼ੈਸਲੇ ਕਰਨ ਲਈ ਛੇ ਕਦਮ

10, 11. (ੳ) ਪਰਿਵਾਰ ਵਿਚ ਅਸੀਂ ਹੰਕਾਰੀ ਬਣਨ ਤੋਂ ਕਿਵੇਂ ਬਚ ਸਕਦੇ ਹਾਂ? (ਅ) ਕਲੀਸਿਯਾ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਕਰਨ ਵੇਲੇ ਬਜ਼ੁਰਗਾਂ ਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

10ਹੰਕਾਰੀ ਨਾ ਬਣੋ। ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ, ‘ਕੀ ਇਹ ਫ਼ੈਸਲਾ ਕਰਨ ਦਾ ਮੇਰਾ ਹੱਕ ਹੈ?’ ਰਾਜਾ ਸੁਲੇਮਾਨ ਨੇ ਲਿਖਿਆ: “ਹੰਕਾਰੀ ਦਾ ਸਿਰ ਹਮੇਸ਼ਾਂ ਨੀਵਾਂ ਹੁੰਦਾ ਹੈ, ਪਰ ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।”—ਕਹਾ. 11:2, CL.

11 ਮਾਪੇ ਸ਼ਾਇਦ ਆਪਣੇ ਬੱਚਿਆਂ ਨੂੰ ਕੁਝ ਫ਼ੈਸਲੇ ਕਰਨ ਦਾ ਮੌਕਾ ਦੇਣ, ਪਰ ਬੱਚਿਆਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਹ ਉਨ੍ਹਾਂ ਦਾ ਹੱਕ ਹੈ। (ਕੁਲੁ. 3:20) ਪਰਿਵਾਰ ਵਿਚ ਪਤਨੀਆਂ ਅਤੇ ਮਾਵਾਂ ਨੂੰ ਕਾਫ਼ੀ ਹੱਦ ਤਕ ਅਧਿਕਾਰ ਮਿਲਿਆ ਹੈ, ਪਰ ਚੰਗਾ ਹੋਵੇਗਾ ਜੇ ਉਹ ਇਹ ਗੱਲ ਯਾਦ ਰੱਖਣ ਕਿ ਉਹ ਆਪਣੇ ਪਤੀਆਂ ਦੇ ਅਧੀਨ ਹਨ। (ਕਹਾ. 1:8; 31:10-18; ਅਫ਼. 5:23) ਇਸੇ ਤਰ੍ਹਾਂ ਪਤੀਆਂ ਨੂੰ ਮੰਨਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਸੀਮਿਤ ਅਧਿਕਾਰ ਮਿਲਿਆ ਹੈ ਅਤੇ ਉਹ ਮਸੀਹ ਦੇ ਅਧੀਨ ਹਨ। (1 ਕੁਰਿੰ. 11:3) ਬਜ਼ੁਰਗਾਂ ਦੇ ਕੀਤੇ ਫ਼ੈਸਲਿਆਂ ਦਾ ਅਸਰ ਕਲੀਸਿਯਾ ’ਤੇ ਪੈਂਦਾ ਹੈ। ਪਰ ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਪਰਮੇਸ਼ੁਰ ਦੇ ਬਚਨ ਵਿਚ “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ,” ਉਹ ‘ਉਨ੍ਹਾਂ ਤੋਂ ਪਰੇ ਨਹੀਂ ਵਧਦੇ।’ (1 ਕੁਰਿੰ. 4:6) ਉਹ ਵਫ਼ਾਦਾਰ ਨੌਕਰ ਤੋਂ ਮਿਲੇ ਨਿਰਦੇਸ਼ਨ ਅਨੁਸਾਰ ਵੀ ਬੜੇ ਧਿਆਨ ਨਾਲ ਚੱਲਦੇ ਹਨ। (ਮੱਤੀ 24:45-47) ਜੇ ਸਾਨੂੰ ਫ਼ੈਸਲੇ ਕਰਨ ਦਾ ਹੱਕ ਮਿਲਿਆ ਹੈ, ਤਾਂ ਅਸੀਂ ਨਿਮਰਤਾ ਨਾਲ ਫ਼ੈਸਲੇ ਕਰ ਕੇ ਆਪ ਅਤੇ ਦੂਜਿਆਂ ਨੂੰ ਕਾਫ਼ੀ ਚਿੰਤਿਤ ਤੇ ਦੁਖੀ ਹੋਣ ਤੋਂ ਬਚਾ ਸਕਦੇ ਹਾਂ।

12. (ੳ) ਸਾਨੂੰ ਖੋਜਬੀਨ ਕਿਉਂ ਕਰਨੀ ਚਾਹੀਦੀ ਹੈ? (ਅ) ਸਮਝਾਓ ਕਿ ਕੋਈ ਜਣਾ ਇਹੋ ਜਿਹੀ ਖੋਜਬੀਨ ਕਿਵੇਂ ਕਰ ਸਕਦਾ ਹੈ?

12ਖੋਜਬੀਨ ਕਰੋ। ਸੁਲੇਮਾਨ ਨੇ ਲਿਖਿਆ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਕਹਾ. 21:5, CL) ਮਿਸਾਲ ਲਈ, ਕੀ ਤੁਹਾਨੂੰ ਕਿਸੇ ਨੇ ਆਪਣੇ ਨਾਲ ਕਾਰੋਬਾਰ ਕਰਨ ਬਾਰੇ ਪੁੱਛਿਆ ਹੈ ਜਿਸ ਬਾਰੇ ਤੁਸੀਂ ਸੋਚ-ਵਿਚਾਰ ਕਰ ਰਹੇ ਹੋ? ਜਜ਼ਬਾਤਾਂ ਵਿਚ ਨਾ ਵਹੋ। ਜ਼ਰੂਰੀ ਤੱਥ ਇਕੱਠੇ ਕਰੋ, ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਜਾਣਕਾਰੀ ਰੱਖਣ ਵਾਲਿਆਂ ਤੋਂ ਸਲਾਹ ਲਓ ਅਤੇ ਦੇਖੋ ਕਿ ਬਾਈਬਲ ਦੇ ਕਿਹੜੇ ਸਿਧਾਂਤ ਇਸ ਮਾਮਲੇ ਨਾਲ ਸੰਬੰਧਿਤ ਹਨ। (ਕਹਾ. 20:18) ਤਰਤੀਬਵਾਰ ਖੋਜ ਕਰਨ ਲਈ ਦੋ ਲਿਸਟਾਂ ਬਣਾਓ। ਇਕ ਵਿਚ ਫ਼ਾਇਦੇ ਲਿਖੋ ਅਤੇ ਦੂਜੀ ਵਿਚ ਨੁਕਸਾਨ ਲਿਖੋ। ਫ਼ੈਸਲਾ ਕਰਨ ਤੋਂ ਪਹਿਲਾਂ “ਖ਼ਰਚ ਦਾ ਲੇਖਾ” ਕਰੋ। (ਲੂਕਾ 14:28) ਸੋਚੋ ਕਿ ਤੁਹਾਡੇ ਫ਼ੈਸਲੇ ਦਾ ਨਾ ਸਿਰਫ਼ ਤੁਹਾਡੀ ਮਾਲੀ ਹਾਲਤ ਉੱਤੇ, ਸਗੋਂ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਉੱਤੇ ਵੀ ਕੀ ਅਸਰ ਪੈ ਸਕਦਾ ਹੈ। ਖੋਜਬੀਨ ਕਰਨ ਲਈ ਸਮਾਂ ਲਾਉਣ ਅਤੇ ਜਤਨ ਕਰਨ ਦੀ ਲੋੜ ਹੈ। ਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਜਲਦਬਾਜ਼ੀ ਵਿਚ ਫ਼ੈਸਲੇ ਕਰਨ ਤੋਂ ਬਚ ਸਕਦੇ ਹੋ ਜੋ ਤੁਹਾਨੂੰ ਬੇਲੋੜੀ ਚਿੰਤਾ ਵਿਚ ਪਾ ਸਕਦੇ ਹਨ।

13. (ੳ) ਯਾਕੂਬ 1:5 ਵਿਚ ਕਿਹੜਾ ਭਰੋਸਾ ਦਿੱਤਾ ਗਿਆ ਹੈ? (ਅ) ਬੁੱਧ ਲਈ ਪ੍ਰਾਰਥਨਾ ਕਰਨ ਨਾਲ ਸਾਡੀ ਕਿਵੇਂ ਮਦਦ ਹੁੰਦੀ ਹੈ?

13ਬੁੱਧ ਲਈ ਪ੍ਰਾਰਥਨਾ ਕਰੋ। ਸਾਡੇ ਫ਼ੈਸਲਿਆਂ ਕਾਰਨ ਪਰਮੇਸ਼ੁਰ ਦੀ ਤਾਂ ਹੀ ਵਡਿਆਈ ਹੋਵੇਗੀ ਜੇ ਅਸੀਂ ਫ਼ੈਸਲੇ ਕਰਨ ਲਈ ਉਸ ਤੋਂ ਮਦਦ ਮੰਗਾਂਗੇ। ਚੇਲੇ ਯਾਕੂਬ ਨੇ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।” (ਯਾਕੂ. 1:5) ਸਾਨੂੰ ਇਹ ਮੰਨਣ ਵਿਚ ਕੋਈ ਸ਼ਰਮ ਨਹੀਂ ਹੈ ਕਿ ਸਾਨੂੰ ਫ਼ੈਸਲੇ ਕਰਨ ਲਈ ਪਰਮੇਸ਼ੁਰ ਦੀ ਬੁੱਧ ਦੀ ਲੋੜ ਹੈ। (ਕਹਾ. 3:5, 6) ਹਾਂ, ਆਪਣੀ ਸਮਝ ਉੱਤੇ ਪੂਰਾ ਭਰੋਸਾ ਰੱਖਣ ਨਾਲ ਅਸੀਂ ਆਸਾਨੀ ਨਾਲ ਕੁਰਾਹੇ ਪੈ ਸਕਦੇ ਹਾਂ। ਜਦੋਂ ਅਸੀਂ ਬੁੱਧ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਧਾਂਤ ਲੱਭਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਕਿਸੇ ਕੰਮ ਨੂੰ ਕਰਨ ਪਿੱਛੇ ਆਪਣੇ ਅਸਲੀ ਮਨੋਰਥਾਂ ਨੂੰ ਜਾਣ ਪਾਉਂਦੇ ਹਾਂ।—ਇਬ. 4:12; ਯਾਕੂਬ 1:22-25 ਪੜ੍ਹੋ।

14. ਸਾਨੂੰ ਦੇਰ ਕਿਉਂ ਨਹੀਂ ਕਰਨੀ ਚਾਹੀਦੀ?

14ਫ਼ੈਸਲਾ ਕਰੋ। ਖੋਜਬੀਨ ਕਰਨ ਅਤੇ ਬੁੱਧ ਲਈ ਪ੍ਰਾਰਥਨਾ ਕਰਨ ਤੋਂ ਪਹਿਲਾਂ ਜਲਦੀ ਵਿਚ ਫ਼ੈਸਲਾ ਨਾ ਕਰੋ। ਬੁੱਧੀਮਾਨ ਵਿਅਕਤੀ ਥੋੜ੍ਹਾ ਸਮਾਂ ਇੰਤਜ਼ਾਰ ਕਰਦਾ ਹੈ ਕਿਉਂਕਿ ਉਹ “ਵੇਖ ਭਾਲ ਕੇ ਚੱਲਦਾ ਹੈ।” (ਕਹਾ. 14:15) ਪਰ ਇੰਨੀ ਦੇਰ ਵੀ ਨਾ ਕਰੋ। ਦੇਰ ਕਰਨ ਵਾਲਾ ਸ਼ਾਇਦ ਅਜੀਬੋ-ਗ਼ਰੀਬ ਬਹਾਨੇ ਬਣਾਵੇ ਕਿ ਉਸ ਨੇ ਹਾਲੇ ਤਕ ਕੋਈ ਫ਼ੈਸਲਾ ਕਿਉਂ ਨਹੀਂ ਕੀਤਾ। (ਕਹਾ. 22:13) ਬਾਅਦ ਵਿਚ ਉਹ ਫ਼ੈਸਲਾ ਤਾਂ ਕਰਦਾ ਹੈ, ਪਰ ਉਸ ਹਿਸਾਬ ਨਾਲ ਜਿੱਦਾਂ ਦੂਸਰੇ ਉਸ ਨੂੰ ਕਹਿੰਦੇ ਹਨ।

15, 16. ਫ਼ੈਸਲੇ ਅਨੁਸਾਰ ਚੱਲਣ ਵਿਚ ਕੀ ਕੁਝ ਸ਼ਾਮਲ ਹੈ?

15ਫ਼ੈਸਲੇ ਅਨੁਸਾਰ ਚੱਲੋ। ਜੇ ਅਸੀਂ ਚੰਗੇ ਫ਼ੈਸਲੇ ਅਨੁਸਾਰ ਚੱਲਣ ਦਾ ਸਖ਼ਤ ਜਤਨ ਨਹੀਂ ਕਰਦੇ, ਤਾਂ ਉਸ ਸਭ ਕਾਸੇ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਜੋ ਕੁਝ ਅਸੀਂ ਫ਼ੈਸਲਾ ਕਰਨ ਲਈ ਕੀਤਾ ਹੈ। ਸੁਲੇਮਾਨ ਨੇ ਲਿਖਿਆ: “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ।” (ਉਪ. 9:10) ਸਫ਼ਲ ਹੋਣ ਲਈ ਸਾਨੂੰ ਉਹ ਕੁਝ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਕੁਝ ਕਰਨ ਦੀ ਲੋੜ ਹੈ। ਮਿਸਾਲ ਲਈ, ਕਲੀਸਿਯਾ ਦਾ ਪਬਲੀਸ਼ਰ ਸ਼ਾਇਦ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕਰੇ। ਕੀ ਉਹ ਸਫ਼ਲ ਹੋਵੇਗਾ? ਉਹ ਸਫ਼ਲ ਹੋਵੇਗਾ ਜੇ ਉਹ ਕੰਮ ’ਤੇ ਅਤੇ ਮਨੋਰੰਜਨ ਕਰਨ ਵਿਚ ਬਹੁਤ ਸਾਰਾ ਸਮਾਂ ਅਤੇ ਤਾਕਤ ਜਾਇਆ ਨਹੀਂ ਕਰੇਗਾ ਜੋ ਪ੍ਰਚਾਰ ਕਰਨ ਲਈ ਜ਼ਰੂਰੀ ਹੈ।

16 ਚੰਗੇ ਫ਼ੈਸਲਿਆਂ ਅਨੁਸਾਰ ਚੱਲਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਕਿਉਂ? ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰ. 5:19) ਸਾਨੂੰ “ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ” ਖ਼ਿਲਾਫ਼ ਸੰਘਰਸ਼ ਕਰਨਾ ਪੈਂਦਾ ਹੈ “ਜੋ ਸੁਰਗੀ ਥਾਵਾਂ ਵਿੱਚ ਹਨ।” (ਅਫ਼. 6:12) ਪੌਲੁਸ ਰਸੂਲ ਅਤੇ ਚੇਲੇ ਯਹੂਦਾ ਨੇ ਇਸ ਗੱਲ ਵੱਲ ਸੰਕੇਤ ਕੀਤਾ ਕਿ ਜਿਹੜੇ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਸੰਘਰਸ਼ ਕਰਨਾ ਹੀ ਪਵੇਗਾ।—1 ਤਿਮੋ. 6:12; ਯਹੂ. 3.

17. ਫ਼ੈਸਲਿਆਂ ਦੇ ਸੰਬੰਧ ਵਿਚ ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ?

17ਫ਼ੈਸਲੇ ਉੱਤੇ ਮੁੜ ਵਿਚਾਰ ਕਰੋ ਅਤੇ ਫਿਰ ਲੋੜੀਂਦੀਆਂ ਤਬਦੀਲੀਆਂ ਕਰੋ। ਸਾਰੇ ਫ਼ੈਸਲਿਆਂ ਦੇ ਨਤੀਜੇ ਉਸ ਤਰ੍ਹਾਂ ਦੇ ਨਹੀਂ ਨਿਕਲਦੇ ਜਿਸ ਤਰ੍ਹਾਂ ਅਸੀਂ ਸੋਚਿਆ ਸੀ। ਸਾਡੇ ਸਾਰਿਆਂ ਉੱਤੇ “ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਕੁਝ ਫ਼ੈਸਲਿਆਂ ਉੱਤੇ ਅਟੱਲ ਰਹੀਏ। ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੇ ਫ਼ੈਸਲੇ ਜਾਂ ਵਿਆਹ ਵੇਲੇ ਖਾਧੀ ਸੌਂਹ ਦੇ ਉਲਟ ਨਹੀਂ ਜਾ ਸਕਦੇ। ਪਰਮੇਸ਼ੁਰ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਇਨ੍ਹਾਂ ਫ਼ੈਸਲਿਆਂ ਅਨੁਸਾਰ ਜੀਵੀਏ। (ਜ਼ਬੂਰਾਂ ਦੀ ਪੋਥੀ 15:1, 2, 4 ਪੜ੍ਹੋ।) ਪਰ ਜ਼ਿਆਦਾਤਰ ਫ਼ੈਸਲੇ ਇੰਨੇ ਵੱਡੇ ਨਹੀਂ ਹੁੰਦੇ। ਇਕ ਅਕਲਮੰਦ ਵਿਅਕਤੀ ਸਮੇਂ-ਸਮੇਂ ਤੇ ਆਪਣੇ ਕੀਤੇ ਫ਼ੈਸਲਿਆਂ ਉੱਤੇ ਮੁੜ ਵਿਚਾਰ ਕਰੇਗਾ। ਉਹ ਘਮੰਡ ਜਾਂ ਜ਼ਿੱਦ ਕਾਰਨ ਆਪਣੇ ਫ਼ੈਸਲੇ ਵਿਚ ਫੇਰ-ਬਦਲ ਕਰਨ ਜਾਂ ਇਸ ਫ਼ੈਸਲੇ ਨੂੰ ਰੱਦਣ ਤੋਂ ਪਿੱਛੇ ਨਹੀਂ ਹਟੇਗਾ। (ਕਹਾ. 16:18) ਉਸ ਨੂੰ ਜ਼ਿਆਦਾ ਪਰਵਾਹ ਇਸ ਗੱਲ ਦੀ ਹੈ ਕਿ ਉਹ ਆਪਣੇ ਜੀਵਨ-ਢੰਗ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਰਹੇਗਾ।

ਦੂਸਰਿਆਂ ਨੂੰ ਉਹ ਫ਼ੈਸਲੇ ਕਰਨੇ ਸਿਖਾਓ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

18. ਮਾਪੇ ਆਪਣੇ ਬੱਚਿਆਂ ਨੂੰ ਚੰਗੇ ਫ਼ੈਸਲੇ ਕਰਨੇ ਕਿੱਦਾਂ ਸਿਖਾ ਸਕਦੇ ਹਨ?

18 ਮਾਪੇ ਬੱਚਿਆਂ ਦੀ ਮਦਦ ਕਰਨ ਲਈ ਕਾਫ਼ੀ ਕੁਝ ਕਰ ਸਕਦੇ ਹਨ ਤਾਂਕਿ ਉਹ ਅਜਿਹੇ ਫ਼ੈਸਲੇ ਕਰਨੇ ਸਿੱਖਣ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਮਾਪੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣ ਕੇ ਉਨ੍ਹਾਂ ਨੂੰ ਸਿਖਾ ਸਕਦੇ ਹਨ। (ਲੂਕਾ 6:40) ਜਦੋਂ ਢੁਕਵਾਂ ਹੋਵੇ, ਮਾਪੇ ਬੱਚਿਆਂ ਨੂੰ ਸਮਝਾ ਸਕਦੇ ਹਨ ਕਿ ਉਨ੍ਹਾਂ ਨੇ ਖ਼ੁਦ ਕੋਈ ਫ਼ੈਸਲਾ ਕਰਨ ਲੱਗਿਆਂ ਕਿਹੜੇ ਕਦਮ ਚੁੱਕੇ ਸਨ। ਉਹ ਸ਼ਾਇਦ ਇਹ ਵੀ ਚਾਹੁਣ ਕਿ ਉਨ੍ਹਾਂ ਦੇ ਬੱਚੇ ਆਪ ਕੁਝ ਫ਼ੈਸਲੇ ਕਰਨ ਅਤੇ ਫਿਰ ਉਨ੍ਹਾਂ ਨੂੰ ਸ਼ਾਬਾਸ਼ ਦੇਣ ਜਦੋਂ ਉਹ ਚੰਗਾ ਫ਼ੈਸਲਾ ਕਰਦੇ ਹਨ। ਪਰ ਫਿਰ ਕੀ ਜੇ ਬੱਚਾ ਗ਼ਲਤ ਫ਼ੈਸਲਾ ਕਰਦਾ ਹੈ? ਮਾਪਿਆਂ ਦਾ ਪਹਿਲਾਂ ਝੁਕਾਅ ਸ਼ਾਇਦ ਬੱਚੇ ਨੂੰ ਮਾੜੇ ਅੰਜਾਮ ਤੋਂ ਬਚਾਉਣਾ ਹੋਵੇ, ਪਰ ਇਸ ਤਰ੍ਹਾਂ ਕਰਨਾ ਹਮੇਸ਼ਾ ਬੱਚੇ ਲਈ ਫ਼ਾਇਦੇਮੰਦ ਨਹੀਂ ਹੁੰਦਾ। ਮਿਸਾਲ ਲਈ, ਮਾਪੇ ਸ਼ਾਇਦ ਬੱਚੇ ਨੂੰ ਡਰਾਈਵਿੰਗ ਲਾਈਸੈਂਸ ਲੈਣ ਦੀ ਇਜਾਜ਼ਤ ਦੇਣ। ਮੰਨ ਲਓ ਕਿ ਬੱਚਾ ਟ੍ਰੈਫਿਕ ਨਿਯਮ ਤੋੜ ਦਿੰਦਾ ਹੈ ਤੇ ਉਸ ਨੂੰ ਜੁਰਮਾਨਾ ਹੋ ਜਾਂਦਾ ਹੈ। ਮਾਪੇ ਜੁਰਮਾਨਾ ਭਰ ਸਕਦੇ ਹਨ। ਪਰ ਜੇ ਬੱਚੇ ਨੂੰ ਜੁਰਮਾਨਾ ਭਰਨ ਲਈ ਕੰਮ ਆਪ ਕਰਨਾ ਪਵੇ, ਤਾਂ ਉਹ ਆਪਣੇ ਕੰਮਾਂ ਲਈ ਜ਼ਿੰਮੇਵਾਰ ਬਣਨਾ ਸਿੱਖੇਗਾ।—ਰੋਮੀ. 13:4.

19. ਆਪਣੇ ਬਾਈਬਲ ਵਿਦਿਆਰਥੀਆਂ ਨੂੰ ਕੀ ਸਿਖਾਉਣਾ ਚਾਹੀਦਾ ਹੈ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ?

19 ਯਿਸੂ ਨੇ ਆਪਣੇ ਚੇਲਿਆਂ ਨੂੰ ਦੂਜਿਆਂ ਨੂੰ ਸਿੱਖਿਆ ਦੇਣ ਲਈ ਕਿਹਾ ਸੀ। (ਮੱਤੀ 28:20) ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਭ ਤੋਂ ਜ਼ਰੂਰੀ ਗੱਲ ਇਹ ਸਿਖਾ ਸਕਦੇ ਹਾਂ ਕਿ ਉਹ ਚੰਗੇ ਫ਼ੈਸਲੇ ਕਿਵੇਂ ਕਰ ਸਕਦੇ ਹਨ। ਅਸਰਕਾਰੀ ਤਰੀਕੇ ਨਾਲ ਸਿਖਾਉਣ ਲਈ ਅਸੀਂ ਉਨ੍ਹਾਂ ਨੂੰ ਇਹ ਦੱਸਣ ਤੋਂ ਪਰਹੇਜ਼ ਕਰਾਂਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਬਾਈਬਲ ਦੇ ਸਿਧਾਂਤਾਂ ਉੱਤੇ ਤਰਕ ਕਰਨਾ ਸਿਖਾਉਣਾ ਬਹੁਤ ਵਧੀਆ ਗੱਲ ਹੋਵੇਗੀ ਤਾਂਕਿ ਉਹ ਆਪ ਫ਼ੈਸਲਾ ਕਰਨ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਅਸਲ ਵਿਚ “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀ. 14:12) ਇਸ ਲਈ ਸਾਡੇ ਸਾਰਿਆਂ ਕੋਲ ਅਜਿਹੇ ਫ਼ੈਸਲੇ ਕਰਨ ਦਾ ਜ਼ਬਰਦਸਤ ਕਾਰਨ ਹੈ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।

[ਫੁਟਨੋਟ]

^ ਪੈਰਾ 4 ਇਸ ਵਿਸ਼ੇ ਬਾਰੇ ਜਾਣਕਾਰੀ ਲਈ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 3-6 ਉੱਤੇ ਅੰਤਰ-ਪੱਤਰ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਕਿਉਂ ਲੋੜ ਹੈ ਕਿ ਅਸੀਂ ਫ਼ੈਸਲੇ ਕਰਨੇ ਸਿੱਖੀਏ?

• ਸਾਡੇ ਉੱਤੇ ਡਰ ਦਾ ਕੀ ਅਸਰ ਪੈ ਸਕਦਾ ਹੈ ਅਤੇ ਇਸ ਡਰ ਉੱਤੇ ਅਸੀਂ ਕਿਵੇਂ ਕਾਬੂ ਪਾ ਸਕਦੇ ਹਾਂ?

• ਅਸੀਂ ਇਹ ਪੱਕਾ ਕਰਨ ਲਈ ਕਿਹੜੇ ਛੇ ਕਦਮ ਚੁੱਕ ਸਕਦੇ ਹਾਂ ਕਿ ਸਾਡੇ ਫ਼ੈਸਲਿਆਂ ਕਾਰਨ ਪਰਮੇਸ਼ੁਰ ਦੀ ਵਡਿਆਈ ਹੋਵੇ?

[ਸਵਾਲ]

[ਸਫ਼ਾ 16 ਉੱਤੇ ਡੱਬੀ/ਤਸਵੀਰ]

ਚੰਗੇ ਫ਼ੈਸਲੇ ਕਰਨ ਲਈ ਕਦਮ

1 ਹੰਕਾਰੀ ਨਾ ਬਣੋ

2 ਖੋਜਬੀਨ ਕਰੋ

3 ਬੁੱਧ ਲਈ ਪ੍ਰਾਰਥਨਾ ਕਰੋ

4 ਫ਼ੈਸਲਾ ਕਰੋ

5 ਫ਼ੈਸਲੇ ਅਨੁਸਾਰ ਚੱਲੋ

6 ਮੁੜ ਵਿਚਾਰ ਕਰੋ ਅਤੇ ਤਬਦੀਲੀਆਂ ਕਰੋ

[ਸਫ਼ਾ 15 ਉੱਤੇ ਤਸਵੀਰ]

ਦੁਚਿੱਤਾ ਇਨਸਾਨ ਤੂਫ਼ਾਨੀ ਸਮੁੰਦਰ ਵਿਚ ਬੇਮੁਹਾਰੀ ਛੱਡੀ ਕਿਸ਼ਤੀ ਵਿਚਲੇ ਬੰਦੇ ਵਰਗਾ ਹੈ