Skip to content

Skip to table of contents

‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ

“ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ।”—ਯੂਹੰ. 15:8.

1, 2. (ੳ) ਦੂਜਿਆਂ ਨੂੰ ਉਤਸ਼ਾਹ ਦੇਣ ਦੇ ਸਾਨੂੰ ਕਿਹੜੇ ਮੌਕੇ ਮਿਲਦੇ ਹਨ? (ਅ) ਯਹੋਵਾਹ ਤੋਂ ਮਿਲਦੇ ਕਿਹੜੇ ਤੋਹਫ਼ੇ ਨਾਲ ਉਸ ਦੀ ਸੇਵਾ ਕਰਨ ਦੀ ਸਾਡੀ ਕਾਬਲੀਅਤ ਸੁਧਰਦੀ ਹੈ?

ਦੋ ਹਾਲਾਤਾਂ ਉੱਤੇ ਗੌਰ ਕਰੋ: ਇਕ ਮਸੀਹੀ ਭੈਣ ਦੇਖਦੀ ਹੈ ਕਿ ਉਸ ਤੋਂ ਉਮਰ ਵਿਚ ਛੋਟੀ ਇਕ ਭੈਣ ਕਿਸੇ ਗੱਲੋਂ ਪਰੇਸ਼ਾਨ ਹੈ। ਉਹ ਉਸ ਨੂੰ ਆਪਣੇ ਨਾਲ ਪ੍ਰਚਾਰ ਕਰਨ ਲਈ ਕਹਿੰਦੀ ਹੈ। ਇਕ ਤੋਂ ਦੂਜੇ ਘਰ ਜਾਂਦਿਆਂ ਜਦ ਉਹ ਗੱਲਾਂ ਕਰ ਰਹੀਆਂ ਹਨ, ਤਾਂ ਨੌਜਵਾਨ ਭੈਣ ਦੱਸਣ ਲੱਗ ਪੈਂਦੀ ਹੈ ਕਿ ਉਹ ਕਿਹੜੀ ਗੱਲੋਂ ਪਰੇਸ਼ਾਨ ਹੈ। ਉਸੇ ਦਿਨ ਬਾਅਦ ਵਿਚ ਪ੍ਰਾਰਥਨਾ ਕਰਦਿਆਂ ਉਹ ਯਹੋਵਾਹ ਦਾ ਧੰਨਵਾਦ ਕਰਦੀ ਹੈ ਕਿ ਸਿਆਣੀ ਭੈਣ ਨੇ ਪਿਆਰ ਨਾਲ ਉਸ ਵਿਚ ਦਿਲਚਸਪੀ ਲੈ ਕੇ ਉਸ ਨਾਲ ਗੱਲ ਕੀਤੀ। ਉਸ ਨੂੰ ਇਸੇ ਦੀ ਲੋੜ ਸੀ। ਇਕ ਹੋਰ ਜਗ੍ਹਾ ਤੇ ਪਤੀ-ਪਤਨੀ ਕਿਸੇ ਹੋਰ ਦੇਸ਼ ਵਿਚ ਪ੍ਰਚਾਰ ਕਰ ਕੇ ਵਾਪਸ ਆਏ ਹਨ। ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਜਦੋਂ ਉਹ ਖ਼ੁਸ਼ੀ ਨਾਲ ਆਪਣਾ ਤਜਰਬਾ ਦੱਸਦੇ ਹਨ, ਤਾਂ ਇਕ ਨੌਜਵਾਨ ਭਰਾ ਚੁੱਪ-ਚਾਪ ਸੁਣਦਾ ਹੈ। ਕੁਝ ਸਾਲਾਂ ਬਾਅਦ ਜਦੋਂ ਉਹ ਭਰਾ ਆਪ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਲਈ ਤਿਆਰੀ ਕਰ ਰਿਹਾ ਹੈ, ਤਾਂ ਉਹ ਉਸ ਪਤੀ-ਪਤਨੀ ਬਾਰੇ ਅਤੇ ਉਸ ਗੱਲਬਾਤ ਬਾਰੇ ਸੋਚਦਾ ਹੈ ਜਿਸ ਕਾਰਨ ਉਸ ਦੇ ਦਿਲ ਵਿਚ ਮਿਸ਼ਨਰੀ ਬਣਨ ਦੀ ਖ਼ਾਹਸ਼ ਪੈਦਾ ਹੋਈ।

2 ਇਹ ਹਾਲਾਤ ਸ਼ਾਇਦ ਤੁਹਾਨੂੰ ਕਿਸੇ ਦੀ ਯਾਦ ਦਿਲਾਉਣ ਜਿਸ ਨੇ ਤੁਹਾਡੀ ਜ਼ਿੰਦਗੀ ਦਾ ਰੁਖ ਬਦਲਿਆ ਜਾਂ ਜਿਸ ਦੀ ਜ਼ਿੰਦਗੀ ਤੇ ਤੁਸੀਂ ਚੰਗਾ ਪ੍ਰਭਾਵ ਪਾਇਆ। ਇਹ ਸੱਚ ਹੈ ਕਿ ਬਹੁਤ ਹੀ ਘੱਟ ਸੁਣਨ ਨੂੰ ਮਿਲਦਾ ਹੈ ਕਿ ਇਕ ਗੱਲਬਾਤ ਨਾਲ ਕਿਸੇ ਦੀ ਜ਼ਿੰਦਗੀ ਬਦਲ ਗਈ, ਪਰ ਫਿਰ ਵੀ ਹਰ ਰੋਜ਼ ਸਾਨੂੰ ਦੂਜਿਆਂ ਨੂੰ ਉਤਸ਼ਾਹ ਤੇ ਹੌਸਲਾ ਦੇਣ ਦੇ ਮੌਕੇ ਮਿਲਦੇ ਹਨ। ਮੰਨ ਲਓ ਕਿ ਜੇ ਕੋਈ ਅਜਿਹੀ ਚੀਜ਼ ਹੁੰਦੀ ਜੋ ਤੁਹਾਡੀਆਂ ਕਾਬਲੀਅਤਾਂ ਸੁਧਾਰਦੀ ਅਤੇ ਗੁਣਾਂ ਨੂੰ ਨਿਖਾਰਦੀ, ਤਾਂ ਤੁਸੀਂ ਆਪਣੇ ਭੈਣਾਂ-ਭਰਾਵਾਂ ਅਤੇ ਪਰਮੇਸ਼ੁਰ ਦੇ ਹੋਰ ਵੀ ਕੰਮ ਆਉਂਦੇ। ਕੀ ਇਹ ਵਧੀਆ ਗੱਲ ਨਾ ਹੁੰਦੀ? ਦਰਅਸਲ ਯਹੋਵਾਹ ਸਾਨੂੰ ਅਜਿਹਾ ਹੀ ਇਕ ਤੋਹਫ਼ਾ ਦਿੰਦਾ ਹੈ। ਉਹ ਹੈ ਉਸ ਦੀ ਪਵਿੱਤਰ ਸ਼ਕਤੀ। (ਲੂਕਾ 11:13) ਜਿਉਂ-ਜਿਉਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀਆਂ ਜ਼ਿੰਦਗੀਆਂ ਉੱਤੇ ਅਸਰ ਕਰਦੀ ਹੈ, ਇਹ ਸਾਡੇ ਵਿਚ ਚੰਗੇ ਗੁਣ ਪੈਦਾ ਕਰਦੀ ਹੈ ਜਿਨ੍ਹਾਂ ਕਾਰਨ ਪਰਮੇਸ਼ੁਰ ਦੀ ਸੇਵਾ ਨਾਲ ਸੰਬੰਧਿਤ ਹਰ ਪਹਿਲੂ ਵਿਚ ਸੁਧਾਰ ਆਉਂਦਾ ਹੈ। ਕਿੰਨਾ ਹੀ ਸ਼ਾਨਦਾਰ ਤੋਹਫ਼ਾ!—ਗਲਾਤੀਆਂ 5:22, 23 ਪੜ੍ਹੋ।

3. (ੳ) ‘ਸ਼ਕਤੀ ਦਾ ਫਲ’ ਪੈਦਾ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਹੁੰਦੀ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

3 ਪਵਿੱਤਰ ਸ਼ਕਤੀ ਸਾਡੇ ਵਿਚ ਜੋ ਗੁਣ ਪੈਦਾ ਕਰਦੀ ਹੈ, ਉਨ੍ਹਾਂ ਤੋਂ ਇਸ ਸ਼ਕਤੀ ਦੇ ਸੋਮੇ ਯਹੋਵਾਹ ਪਰਮੇਸ਼ੁਰ ਦੀ ਸ਼ਖ਼ਸੀਅਤ ਝਲਕਦੀ ਹੈ। (ਕੁਲੁ. 3:9, 10) ਯਿਸੂ ਨੇ ਮੁੱਖ ਕਾਰਨ ਦੱਸਿਆ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੀ ਰੀਸ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ। ਉਸ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ।” * (ਯੂਹੰ. 15:8) ਜਿਉਂ-ਜਿਉਂ ਅਸੀਂ ‘ਸ਼ਕਤੀ ਦਾ ਫਲ’ ਪੈਦਾ ਕਰਦੇ ਹਾਂ, ਉਸ ਦੇ ਨਤੀਜੇ ਸਾਡੀ ਬੋਲ-ਚਾਲ ਤੋਂ ਸਪੱਸ਼ਟ ਨਜ਼ਰ ਆਉਂਦੇ ਹਨ ਜਿਸ ਕਾਰਨ ਸਾਡੇ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। (ਮੱਤੀ 5:16) ਕਿਨ੍ਹਾਂ ਤਰੀਕਿਆਂ ਨਾਲ ਸ਼ਕਤੀ ਦਾ ਫਲ ਸ਼ਤਾਨ ਦੀ ਦੁਨੀਆਂ ਦੇ ਗੁਣਾਂ ਨਾਲੋਂ ਵੱਖਰਾ ਹੈ? ਅਸੀਂ ਸ਼ਕਤੀ ਦਾ ਫਲ ਕਿਵੇਂ ਪੈਦਾ ਕਰ ਸਕਦੇ ਹਾਂ? ਇਸ ਤਰ੍ਹਾਂ ਕਰਨਾ ਕਿਉਂ ਔਖਾ ਲੱਗ ਸਕਦਾ ਹੈ? ਅਸੀਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ ਜਿਉਂ-ਜਿਉਂ ਅਸੀਂ ਸ਼ਕਤੀ ਦੇ ਫਲ ਦੇ ਪਹਿਲੇ ਤਿੰਨ ਪਹਿਲੂਆਂ—ਪ੍ਰੇਮ, ਆਨੰਦ ਅਤੇ ਸ਼ਾਂਤੀ—ਉੱਤੇ ਚਰਚਾ ਕਰਾਂਗੇ।

ਪਰਮੇਸ਼ੁਰ ਦੇ ਪਿਆਰ ਵਰਗਾ ਪਿਆਰ

4. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਸ ਤਰ੍ਹਾਂ ਦਾ ਪਿਆਰ ਕਰਨਾ ਸਿਖਾਇਆ ਸੀ?

4 ਜੋ ਪਿਆਰ ਪਵਿੱਤਰ ਸ਼ਕਤੀ ਪੈਦਾ ਕਰਦੀ ਹੈ, ਉਹ ਦੁਨੀਆਂ ਵਿਚ ਪ੍ਰਚਲਿਤ ਪਿਆਰ ਤੋਂ ਕਿਤੇ ਹੀ ਵੱਖਰਾ ਹੈ। ਉਹ ਕਿਵੇਂ? ਇਸ ਪਿਆਰ ਤੋਂ ਪਰਮੇਸ਼ੁਰ ਵਰਗਾ ਪਿਆਰ ਝਲਕਦਾ ਹੈ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਇਸ ਫ਼ਰਕ ਬਾਰੇ ਦੱਸਿਆ ਸੀ। (ਮੱਤੀ 5:43-48 ਪੜ੍ਹੋ।) ਉਸ ਨੇ ਦੇਖਿਆ ਕਿ ਪਾਪੀ ਵੀ ਜੈਸੇ ਨੂੰ ਤੈਸਾ ਵਾਲੀ ਨੀਤੀ ਉੱਤੇ ਚੱਲਦੇ ਹਨ। ਕਹਿਣ ਦਾ ਮਤਲਬ ਹੈ ਕਿ ਉਹ ਦੂਜਿਆਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰਦੇ ਹਨ ਜਿਸ ਤਰ੍ਹਾਂ ਦਾ ਦੂਜੇ ਉਨ੍ਹਾਂ ਨਾਲ ਕਰਦੇ ਹਨ। ਇਸ ਤਰ੍ਹਾਂ ਦਾ “ਪਿਆਰ” ਕਰਨ ਵਾਲਾ ਕੋਈ ਕੁਰਬਾਨੀ ਕਰਨ ਲਈ ਤਿਆਰ ਨਹੀਂ ਹੁੰਦਾ, ਪਰ ਜੇ ਕਿਸੇ ਨੇ ਉਸ ਉੱਤੇ ਕੋਈ ਮਿਹਰਬਾਨੀ ਕੀਤੀ ਹੈ, ਤਾਂ ਉਹ ਬਦਲੇ ਵਿਚ ਉਸ ਉੱਤੇ ਮਿਹਰਬਾਨੀ ਕਰਨ ਲਈ ਤਿਆਰ ਹੁੰਦਾ ਹੈ। ਪਰ ਸਾਨੂੰ ਵੱਖਰੇ ਬਣਨ ਦੀ ਲੋੜ ਹੈ ਜੇ ਅਸੀਂ ਆਪਣੇ ਆਪ ਨੂੰ “ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ” ਸਾਬਤ ਕਰਨਾ ਚਾਹੁੰਦੇ ਹਾਂ। ਦੂਜੇ ਸਾਡੇ ਨਾਲ ਜਿਸ ਤਰ੍ਹਾਂ ਪੇਸ਼ ਆਉਂਦੇ ਹਨ, ਉਨ੍ਹਾਂ ਨਾਲ ਉਸੇ ਤਰ੍ਹਾਂ ਕਰਨ ਦੀ ਬਜਾਇ ਸਾਨੂੰ ਯਹੋਵਾਹ ਵਾਂਗ ਪੇਸ਼ ਆਉਣ ਅਤੇ ਉਸ ਵਰਗਾ ਨਜ਼ਰੀਆ ਰੱਖਣ ਦੀ ਲੋੜ ਹੈ। ਪਰ ਯਿਸੂ ਦੇ ਹੁਕਮ ਅਨੁਸਾਰ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਨਾ ਕਿਵੇਂ ਮੁਮਕਿਨ ਹੈ?

5. ਅਸੀਂ ਆਪਣੇ ਸਤਾਉਣ ਵਾਲਿਆਂ ਨੂੰ ਕਿਵੇਂ ਪਿਆਰ ਦਿਖਾ ਸਕਦੇ ਹਾਂ?

5 ਬਾਈਬਲ ਦੀ ਇਕ ਮਿਸਾਲ ਉੱਤੇ ਗੌਰ ਕਰੋ। ਫ਼ਿਲਿੱਪੈ ਵਿਚ ਪ੍ਰਚਾਰ ਕਰਦਿਆਂ ਪੌਲੁਸ ਅਤੇ ਸੀਲਾਸ ਨੂੰ ਗਿਰਫ਼ਤਾਰ ਕਰ ਲਿਆ ਗਿਆ, ਬਹੁਤ ਕੁੱਟਿਆ ਗਿਆ ਅਤੇ ਅੰਦਰਲੀ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਜਿੱਥੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ ਗਿਆ। ਇਸ ਦੌਰਾਨ ਜੇਲ੍ਹਰ ਨੇ ਵੀ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਹੋਣਾ। ਜਦੋਂ ਭੁਚਾਲ ਦੇ ਕਾਰਨ ਅਚਾਨਕ ਉਹ ਆਜ਼ਾਦ ਹੋ ਗਏ, ਤਾਂ ਕੀ ਉਹ ਖ਼ੁਸ਼ ਹੋ ਗਏ ਸਨ ਕਿ ਹੁਣ ਉਹ ਉਸ ਆਦਮੀ ਤੋਂ ਬਦਲਾ ਲੈਣਗੇ? ਨਹੀਂ। ਉਹ ਉਸ ਆਦਮੀ ਦਾ ਭਲਾ ਚਾਹੁੰਦੇ ਸਨ। ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਨ ਦੀ ਖ਼ਾਤਰ ਉਨ੍ਹਾਂ ਨੇ ਫਟਾਫਟ ਇਸ ਆਦਮੀ ਦੀ ਮਦਦ ਕਰਨ ਦੀ ਸੋਚੀ ਜਿਸ ਕਰਕੇ ਉਹ ਜੇਲ੍ਹਰ ਅਤੇ ਉਸ ਦੇ ਸਾਰੇ ਟੱਬਰ ਲਈ ਪਰਮੇਸ਼ੁਰ ਦੇ ਭਗਤ ਬਣਨ ਦਾ ਰਾਹ ਖੁੱਲ੍ਹ ਗਿਆ। (ਰਸੂ. 16:19-34) ਆਧੁਨਿਕ ਸਮਿਆਂ ਵਿਚ ਵੀ ਸਾਡੇ ਕਈ ਭੈਣਾਂ-ਭਰਾਵਾਂ ਨੇ ਇਸੇ ਤਰ੍ਹਾਂ “ਆਪਣੇ ਦੁਖਦਾਈਆਂ ਨੂੰ ਅਸੀਸ” ਦਿੱਤੀ ਹੈ।—ਰੋਮੀ. 12:14.

6. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਨਾਲੋਂ ਜ਼ਿਆਦਾ ਪਿਆਰ ਆਪਣੇ ਭੈਣਾਂ-ਭਰਾਵਾਂ ਨੂੰ ਦਿਖਾ ਸਕਦੇ ਹਾਂ? (ਸਫ਼ਾ 21 ਉੱਤੇ ਡੱਬੀ ਦੇਖੋ।)

6 ਸਾਨੂੰ ਆਪਣੇ ਭੈਣ-ਭਰਾਵਾਂ ਨੂੰ ਇਸ ਤੋਂ ਵੀ ਵੱਧ ਪਿਆਰ ਕਰਨ ਦੀ ਲੋੜ ਹੈ। ਇਹ ਸਾਡਾ ਫ਼ਰਜ਼ ਬਣਦਾ ਹੈ “ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।” (1 ਯੂਹੰਨਾ 3:16-18 ਪੜ੍ਹੋ।) ਪਰ ਕਈ ਵਾਰੀ ਅਸੀਂ ਛੋਟੇ-ਛੋਟੇ ਤਰੀਕਿਆਂ ਨਾਲ ਪਿਆਰ ਦਿਖਾ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਕੁਝ ਅਜਿਹਾ ਕਹਿੰਦੇ ਹਾਂ ਜਾਂ ਕਰਦੇ ਹਾਂ ਜਿਸ ਨਾਲ ਕਿਸੇ ਭੈਣ-ਭਰਾ ਦੇ ਦਿਲ ਨੂੰ ਚੋਟ ਪਹੁੰਚਦੀ ਹੈ, ਤਾਂ ਅਸੀਂ ਸ਼ਾਂਤੀ ਬਣਾਉਣ ਵਿਚ ਪਹਿਲ ਕਰ ਕੇ ਪਿਆਰ ਦਿਖਾ ਸਕਦੇ ਹਾਂ। (ਮੱਤੀ 5:23, 24) ਪਰ ਫਿਰ ਕੀ ਜੇ ਕੋਈ ਸਾਨੂੰ ਚੋਟ ਪਹੁੰਚਾਉਂਦਾ ਹੈ? ਕੀ ਅਸੀਂ “ਮਾਫ਼ ਕਰਨ” ਲਈ ਤਿਆਰ ਰਹਿੰਦੇ ਹਾਂ ਜਾਂ ਕੀ ਅਸੀਂ ਕਦੇ-ਕਦੇ ਉਹ ਗੱਲ ਆਪਣੇ ਮਨ ਵਿਚ ਰੱਖਦੇ ਹਾਂ? (ਭਜਨ 86:5, CL) ਪਵਿੱਤਰ ਸ਼ਕਤੀ ਨਾਲ ਪੈਦਾ ਹੋਏ ਗੂੜ੍ਹੇ ਪਿਆਰ ਦੀ ਮਦਦ ਨਾਲ ਅਸੀਂ ਦੂਜਿਆਂ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਉੱਤੇ ਪਰਦਾ ਪਾ ਸਕਦੇ ਹਾਂ। ਅਸੀਂ ਦੂਜਿਆਂ ਨੂੰ ਮਾਫ਼ ਕਰ ਸਕਦੇ ਹਾਂ ‘ਜਿਵੇਂ ਯਹੋਵਾਹ ਨੇ ਸਾਨੂੰ ਮਾਫ਼ ਕੀਤਾ।’—ਕੁਲੁ. 3:13, 14; 1 ਪਤ. 4:8.

7, 8. (ੳ) ਲੋਕਾਂ ਨਾਲ ਸਾਡੇ ਪਿਆਰ ਉੱਤੇ ਪਰਮੇਸ਼ੁਰ ਨਾਲ ਸਾਡੇ ਪਿਆਰ ਦਾ ਕੀ ਅਸਰ ਪੈਂਦਾ ਹੈ? (ਅ) ਅਸੀਂ ਯਹੋਵਾਹ ਲਈ ਆਪਣੇ ਪਿਆਰ ਨੂੰ ਕਿਵੇਂ ਗੂੜ੍ਹਾ ਕਰ ਸਕਦੇ ਹਾਂ? (ਥੱਲੇ ਦਿੱਤੀ ਤਸਵੀਰ ਦੇਖੋ।)

7 ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਅਜਿਹਾ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ ਕਿ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਈਏ? ਪਰਮੇਸ਼ੁਰ ਲਈ ਆਪਣਾ ਪਿਆਰ ਗਹਿਰਾ ਕਰ ਕੇ। (ਅਫ਼. 5:1, 2; 1 ਯੂਹੰ. 4:9-11, 20, 21) ਯਹੋਵਾਹ ਨਾਲ ਸਮਾਂ ਬਿਤਾਉਣ ਲਈ ਜਦੋਂ ਅਸੀਂ ਬਾਈਬਲ ਪੜ੍ਹਦੇ, ਮਨਨ ਕਰਦੇ ਅਤੇ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਹੌਸਲਾ ਮਿਲਦਾ ਹੈ ਤੇ ਸਵਰਗੀ ਪਿਤਾ ਲਈ ਸਾਡਾ ਪਿਆਰ ਵਧਦਾ ਹੈ। ਫਿਰ ਵੀ ਪਰਮੇਸ਼ੁਰ ਦੇ ਨੇੜੇ ਜਾਣ ਲਈ ਸਾਨੂੰ ਸਮਾਂ ਕੱਢਣ ਦੀ ਲੋੜ ਹੈ।

8 ਮਿਸਾਲ ਲਈ, ਮੰਨ ਲਓ ਕਿ ਅਸੀਂ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨ, ਇਸ ਉੱਤੇ ਮਨਨ ਕਰਨ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਕੋਈ ਸਮਾਂ ਮਿਥਿਆ ਹੋਇਆ ਹੈ। ਕੀ ਤੁਸੀਂ ਉਸ ਸਮੇਂ ਨੂੰ ਬਚਾ ਕੇ ਨਹੀਂ ਰੱਖੋਗੇ ਤਾਂਕਿ ਕੋਈ ਵੀ ਕੰਮ ਉਸ ਸਮੇਂ ਵਿਚ ਅੜਿੱਕਾ ਨਾ ਬਣੇ? ਬੇਸ਼ੱਕ ਕੋਈ ਵੀ ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਅਸੀਂ ਸਾਰੇ ਜਦੋਂ ਵੀ ਚਾਹੀਏ ਬਾਈਬਲ ਪੜ੍ਹ ਸਕਦੇ ਹਾਂ। ਫਿਰ ਵੀ ਸ਼ਾਇਦ ਸਾਨੂੰ ਕੁਝ ਕਦਮ ਚੁੱਕਣ ਦੀ ਲੋੜ ਪਵੇ ਤਾਂਕਿ ਰੋਜ਼ਮੱਰਾ ਦੇ ਬਹੁਤ ਸਾਰੇ ਕੰਮ ਅਸੀਂ ਉਸ ਸਮੇਂ ਤੇ ਨਾ ਕਰੀਏ ਜੋ ਅਸੀਂ ਪਰਮੇਸ਼ੁਰ ਲਈ ਰੱਖਿਆ ਹੈ। ਯਹੋਵਾਹ ਦੇ ਨੇੜੇ ਜਾਣ ਲਈ ਜਿੰਨਾ ਹੋ ਸਕੇ, ਕੀ ਤੁਸੀਂ ਹਰ ਰੋਜ਼ ਉੱਨਾ ਸਮਾਂ ਕੱਢਦੇ ਹੋ?

‘ਪਵਿੱਤਰ ਸ਼ਕਤੀ ਦਾ ਆਨੰਦ’

9. ਪਵਿੱਤਰ ਸ਼ਕਤੀ ਨਾਲ ਪੈਦਾ ਹੋਏ ਆਨੰਦ ਦੀ ਕੀ ਖ਼ਾਸੀਅਤ ਹੈ?

9 ਆਨੰਦ ਪਵਿੱਤਰ ਸ਼ਕਤੀ ਦੇ ਫਲ ਦਾ ਦੂਜਾ ਪਹਿਲੂ ਹੈ। ਇਸ ਦੀ ਇਕ ਖ਼ਾਸੀਅਤ ਇਹ ਹੈ ਕਿ ਇਹ ਮੁਸ਼ਕਲਾਂ ਦੇ ਬਾਵਜੂਦ ਵੀ ਬਰਕਰਾਰ ਰਹਿ ਸਕਦਾ ਹੈ। ਆਨੰਦ ਇਕ ਮਜ਼ਬੂਤ ਪੌਦੇ ਦੀ ਤਰ੍ਹਾਂ ਹੈ ਜੋ ਖ਼ਰਾਬ ਵਾਤਾਵਰਣ ਵਿਚ ਵਧ-ਫੁੱਲ ਸਕਦਾ ਹੈ। ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਨੇ ‘ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਸ਼ਕਤੀ ਦੇ ਆਨੰਦ ਨਾਲ ਕਬੂਲ ਕੀਤਾ’ ਹੈ। (1 ਥੱਸ. 1:6) ਕਈਆਂ ਨੂੰ ਜ਼ਿੰਦਗੀ ਵਿਚ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਹ ਕਈ ਚੀਜ਼ਾਂ ਤੋਂ ਵਾਂਝੇ ਹੋ ਜਾਂਦੇ ਹਨ। ਪਰ ਯਹੋਵਾਹ ਆਪਣੀ ਸ਼ਕਤੀ ਦੇ ਜ਼ਰੀਏ ਉਨ੍ਹਾਂ ਨੂੰ ਤਾਕਤ ਦਿੰਦਾ ਹੈ ਤਾਂਕਿ ਉਹ ‘ਆਨੰਦ ਨਾਲ’ ਸਹਿਣ ਅਤੇ ‘ਧੀਰਜ ਕਰਨ।’ (ਕੁਲੁ. 1:11) ਇਹ ਆਨੰਦ ਮਿਲਦਾ ਕਿੱਥੋਂ ਹੈ?

10. ਕਿਹੜੀਆਂ ਗੱਲਾਂ ਸਾਡੇ ਆਨੰਦ ਦਾ ਕਾਰਨ ਹਨ?

10 ਸ਼ਤਾਨ ਦੀ ਦੁਨੀਆਂ ਦੇ “ਧਨ” ਦਾ ਕੋਈ ਭਰੋਸਾ ਨਹੀਂ ਹੈ। ਇਸ ਦੇ ਉਲਟ ਯਹੋਵਾਹ ਤੋਂ ਮਿਲੇ ਖ਼ਜ਼ਾਨੇ ਹਮੇਸ਼ਾ ਲਈ ਰਹਿਣਗੇ। (1 ਤਿਮੋ. 6:17; ਮੱਤੀ 6:19, 20) ਉਹ ਸਾਨੂੰ ਸੁਨਹਿਰੇ ਭਵਿੱਖ ਦੀ ਉਮੀਦ ਦਿੰਦਾ ਹੈ ਜਦੋਂ ਸਾਨੂੰ ਬੇਅੰਤ ਖ਼ੁਸ਼ੀਆਂ ਮਿਲਣਗੀਆਂ। ਅਸੀਂ ਵਿਸ਼ਵ-ਵਿਆਪੀ ਮਸੀਹੀ ਭਾਈਚਾਰੇ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ਇਸ ਤੋਂ ਵੀ ਜ਼ਰੂਰੀ ਗੱਲ ਹੈ ਕਿ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਸਾਡੇ ਆਨੰਦ ਦਾ ਆਧਾਰ ਹੈ। ਸਾਡੇ ਜਜ਼ਬਾਤ ਦਾਊਦ ਵਰਗੇ ਹਨ ਜਿਸ ਨੂੰ ਭਗੌੜੇ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੋਣਾ ਪਿਆ। ਉਸ ਨੇ ਭਜਨ ਵਿਚ ਯਹੋਵਾਹ ਦੀ ਵਡਿਆਈ ਕਰਦੇ ਹੋਏ ਕਿਹਾ: “ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ। ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ।” (ਜ਼ਬੂ. 63:3, 4) ਜਦੋਂ ਅਸੀਂ ਕਠਿਨਾਈਆਂ ਦਾ ਸਾਮ੍ਹਣਾ ਕਰਦੇ ਹਾਂ, ਉਦੋਂ ਵੀ ਅਸੀਂ ਦਿਲੋਂ ਆਨੰਦ ਨਾਲ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ।

11. ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਆਨੰਦ ਨਾਲ ਕਰੀਏ?

11 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।” (ਫ਼ਿਲਿ. 4:4) ਮਸੀਹੀਆਂ ਲਈ ਇਹ ਕਿਉਂ ਮਹੱਤਵਪੂਰਣ ਹੈ ਕਿ ਉਹ ਆਨੰਦ ਨਾਲ ਯਹੋਵਾਹ ਦੀ ਸੇਵਾ ਕਰਨ? ਕਿਉਂਕਿ ਸ਼ਤਾਨ ਨੇ ਯਹੋਵਾਹ ਦੀ ਹਕੂਮਤ ਨਾਲ ਸੰਬੰਧਿਤ ਮੁੱਦਾ ਖੜ੍ਹਾ ਕੀਤਾ ਸੀ। ਸ਼ਤਾਨ ਦਾਅਵਾ ਕਰਦਾ ਹੈ ਕਿ ਕੋਈ ਵੀ ਇਨਸਾਨ ਦਿਲੋਂ ਪਰਮੇਸ਼ੁਰ ਦੀ ਸੇਵਾ ਨਹੀਂ ਕਰਦਾ। (ਅੱਯੂ. 1:9-11) ਜੇ ਅਸੀਂ ਯਹੋਵਾਹ ਦੀ ਸੇਵਾ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦੇ ਹਾਂ, ਪਰ ਖ਼ੁਸ਼ੀ ਨਾਲ ਨਹੀਂ ਕਰਦੇ, ਤਾਂ ਸਾਡੀ ਉਸਤਤ ਦਾ ਬਲੀਦਾਨ ਅਧੂਰਾ ਹੋਵੇਗਾ। ਇਸ ਲਈ ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਦਿੱਤੀ ਹੱਲਾਸ਼ੇਰੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ: “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ ਜੈ ਕਾਰ ਕਰਦੇ ਹੋਏ ਉਹ ਦੀ ਹਜ਼ੂਰੀ ਵਿੱਚ ਆਓ।” (ਜ਼ਬੂ. 100:2) ਦਿਲੋਂ ਖ਼ੁਸ਼ੀ ਨਾਲ ਕੀਤੀ ਸੇਵਾ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।

12, 13. ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਉੱਤੇ ਕਾਬੂ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

12 ਇਹ ਸੱਚ ਹੈ ਕਿ ਯਹੋਵਾਹ ਦੇ ਸਮਰਪਿਤ ਸੇਵਕ ਵੀ ਕਦੇ-ਕਦੇ ਹੌਸਲਾ ਢਾਹ ਬੈਠਦੇ ਹਨ ਅਤੇ ਸਹੀ ਨਜ਼ਰੀਆ ਬਰਕਰਾਰ ਰੱਖਣ ਲਈ ਸੰਘਰਸ਼ ਕਰਦੇ ਹਨ। (ਫ਼ਿਲਿ. 2:25-30) ਇਨ੍ਹਾਂ ਘੜੀਆਂ ਦੌਰਾਨ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਅਫ਼ਸੀਆਂ 5:18, 19 ਕਹਿੰਦਾ ਹੈ: ‘ਸ਼ਕਤੀ ਨਾਲ ਭਰਪੂਰ ਹੋ ਜਾਓ। ਅਤੇ ਜ਼ਬੂਰ ਅਤੇ ਭਜਨ ਅਤੇ ਆਤਮਕ ਗੀਤ ਗਾ ਕੇ ਇੱਕ ਦੂਏ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਭੁ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ।’ ਅਸੀਂ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

13 ਜਦੋਂ ਸਾਡੇ ਦਿਲ ਵਿਚ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਆਉਂਦੀਆਂ ਹਨ, ਤਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਸ਼ੋਭਾ ਦੇਣ ਵਾਲੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। (ਫ਼ਿਲਿੱਪੀਆਂ 4:6-9 ਪੜ੍ਹੋ।) ਕੁਝ ਨੇ ਦੇਖਿਆ ਹੈ ਕਿ ਪਰਮੇਸ਼ੁਰ ਦੇ ਰਾਜ ਸੰਬੰਧੀ ਗੀਤਾਂ ਦੀਆਂ ਰਿਕਾਰਡਿੰਗਜ਼ ਦੇ ਨਾਲ-ਨਾਲ ਗੁਣਗੁਣਾਉਣ ਨਾਲ ਉਨ੍ਹਾਂ ਨੂੰ ਖ਼ੁਸ਼ੀ ਅਤੇ ਚੰਗੀਆਂ ਗੱਲਾਂ ਬਾਰੇ ਸੋਚਣ ਵਿਚ ਮਦਦ ਮਿਲਦੀ ਹੈ। ਇਕ ਭਰਾ ਇਕ ਸਖ਼ਤ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਕਰਕੇ ਅਕਸਰ ਮਾਯੂਸ ਅਤੇ ਨਿਰਾਸ਼ ਰਹਿੰਦਾ ਸੀ। ਉਹ ਚੇਤੇ ਕਰਦਾ ਹੈ: “ਦਿਲੋਂ ਬਾਕਾਇਦਾ ਪ੍ਰਾਰਥਨਾ ਕਰਨ ਦੇ ਨਾਲ-ਨਾਲ ਮੈਂ ਕੁਝ ਗੀਤ ਯਾਦ ਕਰ ਲਏ। ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਜਦੋਂ ਮੈਂ ਉੱਚੀ ਆਵਾਜ਼ ਵਿਚ ਜਾਂ ਮਨ ਹੀ ਮਨ ਵਿਚ ਯਹੋਵਾਹ ਦੀ ਉਸਤਤ ਦੇ ਇਹ ਸੋਹਣੇ ਗੀਤ ਗਾਉਂਦਾ ਸੀ। ਉਸੇ ਸਮੇਂ ਯਹੋਵਾਹ ਦੇ ਨੇੜੇ ਰਹੋ ਕਿਤਾਬ ਰਿਲੀਜ਼ ਹੋਈ ਸੀ। ਅਗਲੇ ਸਾਲ ਦੌਰਾਨ ਮੈਂ ਇਸ ਨੂੰ ਦੋ ਵਾਰ ਪੜ੍ਹਿਆ। ਮੇਰੇ ਲਈ ਇਹ ਕਿਤਾਬ ਦਿਲ ਨੂੰ ਠੰਢਕ ਪਹੁੰਚਾਉਣ ਵਾਲੀ ਮਲ੍ਹਮ ਵਾਂਗ ਸੀ। ਮੈਨੂੰ ਪਤਾ ਹੈ ਕਿ ਯਹੋਵਾਹ ਨੇ ਮੇਰੇ ਜਤਨਾਂ ਉੱਪਰ ਬਰਕਤ ਪਾਈ ਸੀ।”

‘ਮਿਲਾਪ ਦਾ ਬੰਧ’

14. ਪਵਿੱਤਰ ਸ਼ਕਤੀ ਨਾਲ ਪੈਦਾ ਹੋਈ ਸ਼ਾਂਤੀ ਦਾ ਕਿਹੜਾ ਪਹਿਲੂ ਦੇਖਣ ਨੂੰ ਮਿਲਦਾ ਹੈ?

14 ਸਾਡੇ ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਵੱਖੋ-ਵੱਖਰੇ ਪਿਛੋਕੜਾਂ ਦੇ ਭੈਣ-ਭਰਾ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ। ਉਨ੍ਹਾਂ ਨੂੰ ਇਕੱਠਿਆਂ ਦੇਖ ਕੇ ਸ਼ਾਂਤੀ ਦਾ ਇਕ ਪਹਿਲੂ ਨਜ਼ਰ ਆਉਂਦਾ ਹੈ ਜਿਸ ਦਾ ਪਰਮੇਸ਼ੁਰ ਦੇ ਲੋਕ ਅੱਜ ਆਨੰਦ ਮਾਣਦੇ ਹਨ। ਉਹ ਹੈ ਦੁਨੀਆਂ ਭਰ ਵਿਚ ਉਨ੍ਹਾਂ ਦੀ ਏਕਤਾ। ਅਕਸਰ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ ਜਦੋਂ ਉਹ ਅਜਿਹੇ ਲੋਕਾਂ ਨੂੰ ਇਕੱਠਿਆਂ ਦੇਖਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਹਿਸਾਬ ਨਾਲ ਦੁਸ਼ਮਣੀ ਹੋਣੀ ਚਾਹੀਦੀ ਹੈ। ਉਹ “ਮਿਲਾਪ ਦੇ ਬੰਧ ਵਿੱਚ” ਪਵਿੱਤਰ ਸ਼ਕਤੀ ਦੀ ਮਦਦ ਨਾਲ ਏਕਤਾ ਨਾਲ ਰਹਿਣ ਦਾ ਜਤਨ ਕਰਦੇ ਹਨ। (ਅਫ਼. 4:3) ਇਹ ਏਕਤਾ ਕਮਾਲ ਦੀ ਗੱਲ ਹੈ ਕਿਉਂਕਿ ਕਈਆਂ ਨੇ ਆਪਣੇ ਦਿਲਾਂ ਵਿਚ ਪਏ ਫ਼ਰਕ ਨੂੰ ਮਿਟਾਇਆ ਹੈ।

15, 16. (ੳ) ਪਤਰਸ ਦਾ ਪਿਛੋਕੜ ਕੀ ਸੀ ਅਤੇ ਇਸ ਕਾਰਨ ਉਸ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ? (ਅ) ਯਹੋਵਾਹ ਨੇ ਪਤਰਸ ਦਾ ਰਵੱਈਆ ਬਦਲਣ ਵਿਚ ਉਸ ਦੀ ਕਿਵੇਂ ਮਦਦ ਕੀਤੀ?

15 ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨੂੰ ਇਕ ਕਰਨਾ ਸੱਚ-ਮੁੱਚ ਚੁਣੌਤੀ ਹੈ। ਇਹ ਏਕਤਾ ਬਣਾਉਣ ਲਈ ਜਿਨ੍ਹਾਂ ਗੱਲਾਂ ਉੱਤੇ ਕਾਬੂ ਪਾਉਣ ਦੀ ਲੋੜ ਹੈ, ਉਨ੍ਹਾਂ ਬਾਰੇ ਦੇਖਣ ਲਈ ਆਓ ਆਪਾਂ ਪਹਿਲੀ ਸਦੀ ਦੀ ਇਕ ਮਿਸਾਲ ਉੱਤੇ ਗੌਰ ਕਰੀਏ। ਉਹ ਹੈ ਪਤਰਸ ਰਸੂਲ। ਗ਼ੈਰ-ਸੁੰਨਤੀ ਲੋਕਾਂ ਬਾਰੇ ਉਸ ਦਾ ਜੋ ਨਜ਼ਰੀਆ ਸੀ, ਉਸ ਬਾਰੇ ਸਾਨੂੰ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗ ਸਕਦਾ ਹੈ: “ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ ਮਿਲਾਪ ਰੱਖਣਾ ਯਾ ਉਹ ਦੇ ਘਰ ਜਾਣਾ ਮਨਾ ਹੈ ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਭਈ ਮੈਂ ਕਿਸੇ ਮਨੁੱਖ ਨੂੰ ਅਸ਼ੁੱਧ ਯਾ ਭਰਿਸ਼ਟ ਨਾ ਕਹਾਂ।” (ਰਸੂ. 10:24-29; 11:1-3) ਉਸ ਜ਼ਮਾਨੇ ਦੇ ਹਿਸਾਬ ਨਾਲ ਪਤਰਸ ਇਸ ਵਿਸ਼ਵਾਸ ਨਾਲ ਵੱਡਾ ਹੋਇਆ ਸੀ ਕਿ ਬਿਵਸਥਾ ਅਨੁਸਾਰ ਉਸ ਨੇ ਸਿਰਫ਼ ਯਹੂਦੀਆਂ ਨਾਲ ਹੀ ਪਿਆਰ ਕਰਨਾ ਸੀ। ਉਸ ਨੂੰ ਇਹ ਗੱਲ ਪੂਰੀ ਤਰ੍ਹਾਂ ਸਹੀ ਜਾਪਦੀ ਹੋਣੀ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਨਾਲ ਨਫ਼ਰਤ ਕਰਨੀ ਚਾਹੀਦੀ ਸੀ। *

16 ਜ਼ਰਾ ਕਲਪਨਾ ਕਰੋ ਕਿ ਪਤਰਸ ਨੂੰ ਕਿੰਨਾ ਅਜੀਬ ਲੱਗਾ ਹੋਣਾ ਜਦੋਂ ਉਹ ਕੁਰਨੇਲਿਯੁਸ ਦੇ ਘਰ ਅੰਦਰ ਵੜਿਆ ਹੋਣਾ। ਕੀ ਉਹ ਕਦੇ ਪਰਾਈਆਂ ਕੌਮਾਂ ਦੇ ਲੋਕਾਂ ਨਾਲ “ਮਿਲਾਪ ਦੇ ਬੰਧ ਵਿੱਚ” “ਇੱਕ ਸੰਗ ਮਿਲ ਕੇ” ਰਹੇਗਾ ਜਿਨ੍ਹਾਂ ਬਾਰੇ ਉਹ ਪਹਿਲਾਂ ਗ਼ਲਤ ਨਜ਼ਰੀਆ ਰੱਖਦਾ ਸੀ?(ਅਫ਼. 4:3, 16) ਹਾਂ, ਕਿਉਂਕਿ ਕੁਝ ਦਿਨ ਪਹਿਲਾਂ ਪਰਮੇਸ਼ੁਰ ਦੀ ਸ਼ਕਤੀ ਨੇ ਪਤਰਸ ਦਾ ਦਿਲ ਖੋਲ੍ਹ ਦਿੱਤਾ ਸੀ ਜਿਸ ਕਰਕੇ ਉਸ ਨੇ ਆਪਣਾ ਰਵੱਈਆ ਬਦਲਣਾ ਅਤੇ ਪੱਖਪਾਤ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਯਹੋਵਾਹ ਨੇ ਦਰਸ਼ਣ ਦੇ ਜ਼ਰੀਏ ਉਸ ਨੂੰ ਸਪੱਸ਼ਟ ਕਰ ਦਿੱਤਾ ਕਿ ਪਰਮੇਸ਼ੁਰ ਨਸਲ ਜਾਂ ਕੌਮ ਨੂੰ ਦੇਖ ਕੇ ਲੋਕਾਂ ਬਾਰੇ ਆਪਣਾ ਨਜ਼ਰੀਆ ਤੈਅ ਨਹੀਂ ਕਰਦਾ। (ਰਸੂ. 10:10-15) ਇਸ ਲਈ ਪਤਰਸ ਕੁਰਨੇਲਿਯੁਸ ਨੂੰ ਕਹਿ ਸਕਿਆ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂ. 10:34, 35) ਪਤਰਸ ਹੁਣ ਬਦਲ ਗਿਆ ਸੀ ਅਤੇ ਉਹ “ਭਾਈਆਂ” ਦੀ ਏਕਤਾ ਦੇ ਬੰਧਨ ਵਿਚ ਬੱਝ ਗਿਆ ਸੀ।—1 ਪਤ. 2:17.

17. ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਕਮਾਲ ਦੀ ਗੱਲ ਕਿਉਂ ਹੈ?

17 ਪਤਰਸ ਦੇ ਤਜਰਬੇ ਦੀ ਮਦਦ ਨਾਲ ਅਸੀਂ ਅੱਜ ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਹਨ। (ਯਸਾਯਾਹ 2:3, 4 ਪੜ੍ਹੋ।) “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਲੱਖਾਂ ਹੀ ਲੋਕਾਂ ਨੇ ਆਪਣੀ ਸੋਚ ਬਦਲ ਕੇ ਇਸ ਨੂੰ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ” ਅਨੁਸਾਰ ਢਾਲਿਆ ਹੈ। (ਪਰ. 7:9; ਰੋਮੀ. 12:2) ਇਨ੍ਹਾਂ ਵਿੱਚੋਂ ਕਈ ਜਣੇ ਇਕ ਸਮੇਂ ਤੇ ਸ਼ਤਾਨ ਦੀ ਦੁਨੀਆਂ ਦੀਆਂ ਨਫ਼ਰਤਾਂ, ਦੁਸ਼ਮਣੀਆਂ ਅਤੇ ਫੁੱਟਾਂ ਤੋਂ ਪ੍ਰਭਾਵਿਤ ਸਨ। ਪਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੇ “ਓਹਨਾਂ ਗੱਲਾਂ ਦਾ ਪਿੱਛਾ” ਕਰਨਾ ਸਿੱਖਿਆ ਹੈ “ਜਿਨ੍ਹਾਂ ਤੋਂ ਮਿਲਾਪ” ਹੁੰਦਾ ਹੈ। (ਰੋਮੀ. 14:19) ਇਸ ਕਾਰਨ ਉਨ੍ਹਾਂ ਦੀ ਏਕਤਾ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।

18, 19. (ੳ) ਸਾਡੇ ਵਿੱਚੋਂ ਹਰੇਕ ਜਣਾ ਕਿਵੇਂ ਕਲੀਸਿਯਾ ਦੀ ਸ਼ਾਂਤੀ ਅਤੇ ਏਕਤਾ ਵਿਚ ਯੋਗਦਾਨ ਪਾ ਸਕਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਉੱਤੇ ਚਰਚਾ ਕਰਾਂਗੇ?

18 ਸਾਡੇ ਵਿੱਚੋਂ ਕਿਵੇਂ ਹਰੇਕ ਜਣਾ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਅਤੇ ਏਕਤਾ ਵਿਚ ਯੋਗਦਾਨ ਪਾ ਸਕਦਾ ਹੈ? ਕਈ ਕਲੀਸਿਯਾਵਾਂ ਵਿਚ ਅਜਿਹੇ ਭੈਣ-ਭਰਾ ਹਨ ਜੋ ਦੂਸਰੇ ਦੇਸ਼ਾਂ ਤੋਂ ਆਏ ਹਨ। ਕੁਝ ਭੈਣਾਂ-ਭਰਾਵਾਂ ਦੇ ਰੀਤੀ-ਰਿਵਾਜ ਸ਼ਾਇਦ ਸਾਡੇ ਤੋਂ ਵੱਖਰੇ ਹੋਣ ਜਾਂ ਉਹ ਸਾਡੀ ਭਾਸ਼ਾ ਚੰਗੀ ਤਰ੍ਹਾਂ ਨਾ ਜਾਣਦੇ ਹੋਣ। ਕੀ ਅਸੀਂ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ? ਪਰਮੇਸ਼ੁਰ ਦਾ ਬਚਨ ਸਾਨੂੰ ਇਸ ਤਰ੍ਹਾਂ ਕਰਨ ਦੀ ਸਲਾਹ ਦਿੰਦਾ ਹੈ। ਪੌਲੁਸ ਨੇ ਰੋਮ ਦੀ ਕਲੀਸਿਯਾ, ਜਿਸ ਵਿਚ ਯਹੂਦੀ ਅਤੇ ਪਰਾਈਆਂ ਕੌਮਾਂ ਵਿੱਚੋਂ ਆਏ ਮਸੀਹੀ ਸਨ, ਨੂੰ ਕਿਹਾ: “ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ।” (ਰੋਮੀ. 15:7) ਕੀ ਤੁਹਾਡੀ ਕਲੀਸਿਯਾ ਵਿਚ ਅਜਿਹਾ ਭੈਣ-ਭਰਾ ਹੈ ਜਿਸ ਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹੋ?

19 ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਪਵਿੱਤਰ ਸ਼ਕਤੀ ਸਾਡੀਆਂ ਜ਼ਿੰਦਗੀਆਂ ਉੱਤੇ ਅਸਰ ਪਾਵੇ? ਅਗਲੇ ਲੇਖ ਵਿਚ ਇਸ ਸਵਾਲ ਉੱਤੇ ਚਰਚਾ ਕੀਤੀ ਜਾਵੇਗੀ ਜਿਉਂ-ਜਿਉਂ ਅਸੀਂ ਪਵਿੱਤਰ ਸ਼ਕਤੀ ਦੇ ਫਲ ਦੇ ਬਾਕੀ ਪਹਿਲੂਆਂ ਉੱਤੇ ਗੌਰ ਕਰਾਂਗੇ।

[ਫੁਟਨੋਟ]

^ ਪੈਰਾ 3 ਜਿਸ ਫਲ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਸ ਵਿਚ ‘ਸ਼ਕਤੀ ਦਾ ਫਲ’ ਅਤੇ “ਬੁੱਲ੍ਹਾਂ ਦਾ ਫਲ” ਸ਼ਾਮਲ ਹੈ ਜੋ ਰਾਜ ਦਾ ਪ੍ਰਚਾਰ ਕਰਨ ਦੇ ਜ਼ਰੀਏ ਮਸੀਹੀ ਪਰਮੇਸ਼ੁਰ ਨੂੰ ਚੜ੍ਹਾਉਂਦੇ ਹਨ।—ਇਬ. 13:15.

^ ਪੈਰਾ 15 ਲੇਵੀਆਂ 19:18 ਕਹਿੰਦਾ ਹੈ: “ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” ਯਹੂਦੀ ਧਾਰਮਿਕ ਆਗੂ ਮੰਨਦੇ ਸਨ ਕਿ ‘ਆਪਣੇ ਲੋਕਾਂ ਦਾ ਪਰਿਵਾਰ’ ਅਤੇ “ਆਪਣੇ ਗਵਾਂਢੀ” ਸਿਰਫ਼ ਯਹੂਦੀ ਸਨ। ਬਿਵਸਥਾ ਮੰਗ ਕਰਦੀ ਸੀ ਕਿ ਇਸਰਾਏਲੀ ਦੂਜੀਆਂ ਕੌਮਾਂ ਤੋਂ ਅਲੱਗ ਰਹਿਣ। ਪਰ ਇਸ ਨੇ ਪਹਿਲੀ ਸਦੀ ਦੇ ਧਾਰਮਿਕ ਆਗੂਆਂ ਦੇ ਨਜ਼ਰੀਏ ਦਾ ਸਮਰਥਨ ਨਹੀਂ ਕੀਤਾ ਕਿ ਸਾਰੇ ਗ਼ੈਰ-ਯਹੂਦੀ ਦੁਸ਼ਮਣ ਸਨ ਅਤੇ ਉਨ੍ਹਾਂ ਨਾਲ ਨਫ਼ਰਤ ਕਰਨੀ ਚਾਹੀਦੀ ਸੀ।

ਤੁਸੀਂ ਕਿਵੇਂ ਜਵਾਬ ਦਿਓਗੇ?

• ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਿਵੇਂ ਕਰ ਸਕਦੇ ਹਾਂ?

• ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਆਨੰਦ ਨਾਲ ਕਰੀਏ?

• ਅਸੀਂ ਕਲੀਸਿਯਾ ਦੀ ਸ਼ਾਂਤੀ ਅਤੇ ਏਕਤਾ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ?

[ਸਵਾਲ]

[ਸਫ਼ਾ 21 ਉੱਤੇ ਡੱਬੀ]

“ਇਹ ਹਨ ਸੱਚੇ ਮਸੀਹੀ”

ਇਕ ਕਿਤਾਬ (Between Resistance and Martyrdom​—Jehovah’s Witnesses in the Third Reich) ਵਿਚ ਇਕ ਨੌਜਵਾਨ ਯਹੂਦੀ ਕੈਦੀ ਦੀਆਂ ਟਿੱਪਣੀਆਂ ਦਿੱਤੀਆਂ ਗਈਆਂ ਹਨ। ਉਸ ਨੇ ਦੱਸਿਆ ਕਿ ਨੋਯੰਗਾਮਾ ਨਜ਼ਰਬੰਦੀ ਕੈਂਪ ਵਿਚ ਪਹੁੰਚਣ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੂੰ ਪਹਿਲੀ ਵਾਰ ਮਿਲਣ ਵੇਲੇ ਕੀ ਹੋਇਆ:

“ਡਾਖਾਓ ਕੈਂਪ ਤੋਂ ਅਸੀਂ ਯਹੂਦੀ ਜਿਉਂ ਹੀ ਕੈਂਪ ਦੇ ਬਲਾਕ ਵਿਚ ਪਹੁੰਚੇ, ਦੂਜੇ ਯਹੂਦੀਆਂ ਨੇ ਸਭ ਕੁਝ ਲੁਕੋਣਾ ਸ਼ੁਰੂ ਕਰ ਦਿੱਤਾ ਜੋ ਕੁਝ ਵੀ ਉਨ੍ਹਾਂ ਕੋਲ ਸੀ ਤਾਂਕਿ ਉਨ੍ਹਾਂ ਨੂੰ ਇਹ ਸਾਡੇ ਨਾਲ ਸਾਂਝਾ ਨਾ ਕਰਨਾ ਪਵੇ। . . . [ਨਜ਼ਰਬੰਦੀ ਕੈਂਪ] ਤੋਂ ਬਾਹਰ ਹੁੰਦਿਆਂ ਅਸੀਂ ਇਕ-ਦੂਜੇ ਦੀ ਮਦਦ ਕੀਤੀ ਸੀ। ਪਰ ਇੱਥੇ ਜਦੋਂ ਅਸੀਂ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਖੜ੍ਹੇ ਸਾਂ, ਤਾਂ ਹਰ ਕਿਸੇ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ ਤੇ ਦੂਜਿਆਂ ਬਾਰੇ ਭੁੱਲ ਗਏ ਸਨ। ਪਰ ਸੋਚੋ ਕਿ ਬਾਈਬਲ ਸਟੂਡੈਂਟਸ ਕੀ ਕਰ ਰਹੇ ਸਨ। ਉਸ ਵੇਲੇ ਉਨ੍ਹਾਂ ਨੂੰ ਪਾਣੀ ਦੇ ਪਾਈਪਾਂ ਦੀ ਮੁਰੰਮਤ ਕਰਨ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਸੀ। ਠੰਢ ਬਹੁਤ ਸੀ ਅਤੇ ਉਹ ਸਾਰਾ ਦਿਨ ਬਰਫ਼ ਜਿੰਨੇ ਠੰਢੇ ਪਾਣੀ ਵਿਚ ਖੜ੍ਹੇ ਸਨ। ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਇਹ ਸਭ ਕਿਵੇਂ ਸਹਾਰ ਪਾਏ। ਉਨ੍ਹਾਂ ਨੇ ਕਿਹਾ ਕਿ ਯਹੋਵਾਹ ਉਨ੍ਹਾਂ ਨੂੰ ਤਾਕਤ ਦਿੰਦਾ ਹੈ। ਉਨ੍ਹਾਂ ਨੂੰ ਵੀ ਸਾਡੇ ਵਾਂਗ ਰੋਟੀ ਦੀ ਸਖ਼ਤ ਲੋੜ ਸੀ ਕਿਉਂਕਿ ਉਹ ਭੁੱਖੇ ਸਨ। ਪਰ ਉਹ ਕੀ ਕਰ ਰਹੇ ਸਨ? ਉਨ੍ਹਾਂ ਕੋਲ ਜਿੰਨੀਆਂ ਰੋਟੀਆਂ ਸਨ, ਉਨ੍ਹਾਂ ਨੇ ਇਕੱਠੀਆਂ ਕਰ ਲਈਆਂ। ਸਾਰਿਆਂ ਨੇ ਅੱਧੀ-ਅੱਧੀ ਰੋਟੀ ਆਪ ਖਾ ਲਈ ਅਤੇ ਅੱਧੀ-ਅੱਧੀ ਦੂਜੇ ਭੈਣਾਂ-ਭਰਾਵਾਂ ਨੂੰ ਦੇ ਦਿੱਤੀ ਜੋ ਹੁਣੇ-ਹੁਣੇ ਡਾਖਾਓ ਤੋਂ ਆਏ ਸਨ। ਉਨ੍ਹਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਉਨ੍ਹਾਂ ਨੂੰ ਚੁੰਮਿਆ। ਖਾਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਾਰਥਨਾ ਕੀਤੀ। ਬਾਅਦ ਵਿਚ ਸਾਰੇ ਸੰਤੁਸ਼ਟ ਤੇ ਖ਼ੁਸ਼ ਸਨ। ਉਨ੍ਹਾਂ ਨੇ ਕਿਹਾ ਕਿ ਉਹ ਰੱਜ ਗਏ ਸਨ। ਇਹ ਦੇਖ ਕੇ ਮੈਂ ਸੋਚਿਆ: ਇਹ ਹਨ ਸੱਚੇ ਮਸੀਹੀ।”

[ਸਫ਼ਾ 19 ਉੱਤੇ ਤਸਵੀਰਾਂ]

ਕੀ ਤੁਸੀਂ ਯਹੋਵਾਹ ਦੇ ਨੇੜੇ ਜਾਣ ਲਈ ਦੂਜਿਆਂ ਕੰਮਾਂ ਵਿੱਚੋਂ ਹਰ ਰੋਜ਼ ਸਮਾਂ ਕੱਢਦੇ ਹੋ?