Skip to content

Skip to table of contents

3. ਬੀਮਾਰੀ

3. ਬੀਮਾਰੀ

3. ਬੀਮਾਰੀ

“ਮਹਾਂਮਾਰੀਆਂ ਫੈਲਣਗੀਆਂ।”​—ਲੂਕਾ 21:11.

● ਬੋਨਜ਼ਾਲੀ ਇਕ ਸਿਹਤ ਅਧਿਕਾਰੀ ਸੀ। ਉਹ ਅਫ਼ਰੀਕਾ ਦੇ ਇਕ ਅਜਿਹੇ ਦੇਸ਼ ਵਿਚ ਰਹਿੰਦਾ ਸੀ ਜਿੱਥੇ ਘਰੇਲੂ ਯੁੱਧ ਚੱਲ ਰਿਹਾ ਸੀ। ਉੱਥੇ ਮਾਰਬਰਗ ਵਾਇਰਸ * ਵੀ ਫੈਲ ਗਿਆ ਸੀ। ਉੱਥੇ ਇਕ ਖਾਣ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਹ ਵਾਇਰਸ ਹੋ ਗਿਆ। ਇਸ ਲਈ ਬੋਨਜ਼ਾਲੀ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ। ਉਸ ਨੇ ਵੱਡੇ ਸ਼ਹਿਰ ਦੇ ਅਧਿਕਾਰੀਆਂ ਤੋਂ ਮਦਦ ਮੰਗੀ, ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਚਾਰ ਮਹੀਨਿਆਂ ਬਾਅਦ ਉਨ੍ਹਾਂ ਅਧਿਕਾਰੀਆਂ ਨੇ ਮਦਦ ਭੇਜੀ। ਪਰ ਉਦੋਂ ਤਕ ਹਾਲਾਤ ਬਹੁਤ ਵਿਗੜ ਚੁੱਕੇ ਸਨ। ਇਸ ਵਾਇਰਸ ਕਰਕੇ ਬੋਨਜ਼ਾਲੀ ਦੀ ਵੀ ਮੌਤ ਹੋ ਚੁੱਕੀ ਸੀ।

ਅੰਕੜੇ ਕੀ ਦੱਸਦੇ ਹਨ? ਨਮੂਨੀਆ, ਦਸਤ, ਏਡਜ਼, ਟੀ.ਬੀ. ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਕਰਕੇ ਹਰ ਸਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਾਲ 2004 ਦੀ ਗੱਲ ਕਰੀਏ, ਤਾਂ ਸਿਰਫ਼ ਇਨ੍ਹਾਂ ਪੰਜ ਬੀਮਾਰੀਆਂ ਕਰਕੇ ਹੀ 1 ਕਰੋੜ 7 ਲੱਖ ਲੋਕਾਂ ਦੀ ਜਾਨ ਚਲੀ ਗਈ ਯਾਨੀ ਹਰ ਤਿੰਨ ਸੈਕਿੰਡ ਵਿਚ ਇਕ ਵਿਅਕਤੀ ਦੀ ਮੌਤ ਹੋਈ।

ਲੋਕ ਕੀ ਕਹਿੰਦੇ ਹਨ? ‘ਦੁਨੀਆਂ ਦੀ ਆਬਾਦੀ ਵਧਦੀ ਹੀ ਜਾ ਰਹੀ ਹੈ, ਤਾਂ ਫਿਰ ਸਿੱਧੀ ਜਿਹੀ ਗੱਲ ਹੈ ਕਿ ਲੋਕ ਵੀ ਜ਼ਿਆਦਾ ਹੀ ਬੀਮਾਰ ਹੋਣਗੇ।’

ਕੀ ਇਹ ਗੱਲ ਸੱਚ ਹੈ? ਭਾਵੇਂ ਕਿ ਦੁਨੀਆਂ ਦੀ ਆਬਾਦੀ ਵਧਦੀ ਜਾ ਰਹੀ ਹੈ, ਪਰ ਇਲਾਜ ਕਰਨ ਦੇ ਨਵੇਂ-ਨਵੇਂ ਤਰੀਕੇ ਵੀ ਨਿਕਲੇ ਹਨ। ਤਾਂ ਫਿਰ ਇਸ ਹਿਸਾਬ ਨਾਲ ਬੀਮਾਰੀਆਂ ਘਟਣੀਆਂ ਚਾਹੀਦੀਆਂ ਹਨ, ਪਰ ਬੀਮਾਰੀਆਂ ਤਾਂ ਵਧਦੀਆਂ ਹੀ ਜਾ ਰਹੀਆਂ ਹਨ।

ਤੁਹਾਨੂੰ ਕੀ ਲੱਗਦਾ ਹੈ? ਕੀ ਬਾਈਬਲ ਵਿਚ ਲਿਖੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਕੀ ਅੱਜ ਮਹਾਂਮਾਰੀਆਂ ਫੈਲ ਰਹੀਆਂ ਹਨ?

ਭੁਚਾਲ਼, ਕਾਲ਼ ਅਤੇ ਬੀਮਾਰੀਆਂ ਕਰਕੇ ਅੱਜ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਪਰ ਲੋਕ ਇਕ ਹੋਰ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ। ਇਕ ਵਿਅਕਤੀ ਜਿਨ੍ਹਾਂ ਲੋਕਾਂ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ ਉਹੀ ਉਸ ਨਾਲ ਮਾੜਾ ਸਲੂਕ ਕਰਦੇ ਹਨ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਵਿਚ ਇਸ ਬਾਰੇ ਕੀ ਦੱਸਿਆ ਗਿਆ ਹੈ।

[ਫੁਟਨੋਟ]

^ ਪੈਰਾ 3 ਮਾਰਬਰਗ ਵਾਇਰਸ ਈਬੋਲਾ ਵਰਗਾ ਹੀ ਇਕ ਵਾਇਰਸ ਹੈ।

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਡਾਕਟਰ ਮਾਈਕਲ ਓਸਟਰਹੋਮ ਨੇ ਕਿਹਾ: “ਜਦੋਂ ਤੁਹਾਨੂੰ ਕੋਈ ਵੱਡੀ ਬੀਮਾਰੀ ਲੱਗ ਜਾਂਦੀ ਹੈ, ਤਾਂ ਇਹ ਉੱਨਾ ਹੀ ਖ਼ੌਫ਼ਨਾਕ ਹੁੰਦਾ ਹੈ ਜਿੰਨਾ ਕਿਸੇ ਜੰਗਲੀ ਜਾਨਵਰ ਦਾ ਵਾਰ। ਪਰ ਜਦ ਤੁਸੀਂ ਦੇਖਦੇ ਹੋ ਕਿ ਤੁਹਾਡੇ ਆਲੇ-ਦੁਆਲੇ ਲੋਕ ਬੀਮਾਰੀਆਂ ਨਾਲ ਤੜਫ਼ ਰਹੇ ਹਨ, ਤਾਂ ਉਸ ਨੂੰ ਦੇਖਣਾ ਹੋਰ ਵੀ ਔਖਾ ਹੁੰਦਾ ਹੈ।”

[ਤਸਵੀਰ ਦੀ ਕ੍ਰੈਡਿਟ ਲਾਈਨ]

© William Daniels/Panos Pictures