Skip to content

Skip to table of contents

ਕੀ ਮਰੇ ਹੋਏ ਲੋਕਾਂ ਲਈ ਕੋਈ ਆਸ ਹੈ?

ਕੀ ਮਰੇ ਹੋਏ ਲੋਕਾਂ ਲਈ ਕੋਈ ਆਸ ਹੈ?

ਪਰਮੇਸ਼ੁਰ ਦੇ ਬਚਨ ਤੋਂ ਸਿੱਖੋ

ਕੀ ਮਰੇ ਹੋਏ ਲੋਕਾਂ ਲਈ ਕੋਈ ਆਸ ਹੈ?

ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।

1. ਮਰੇ ਹੋਏ ਲੋਕਾਂ ਲਈ ਕਿਹੜੀ ਆਸ ਹੈ?

ਜਦ ਯਿਸੂ ਯਰੂਸ਼ਲਮ ਨੇੜੇ ਬੈਤਅਨੀਆ ਨਾਂ ਦੇ ਪਿੰਡ ਪਹੁੰਚਿਆ, ਤਾਂ ਉਸ ਦੇ ਦੋਸਤ ਲਾਜ਼ਰ ਨੂੰ ਮਰੇ ਹੋਏ ਚਾਰ ਦਿਨ ਹੋ ਗਏ ਸਨ। ਯਿਸੂ ਉਸ ਦੀਆਂ ਭੈਣਾਂ, ਮਾਰਥਾ ਤੇ ਮਰਿਯਮ, ਨਾਲ ਉਸ ਦੀ ਕਬਰ ʼਤੇ ਗਿਆ। ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਜ਼ਰਾ ਸੋਚੋ: ਜਦ ਯਿਸੂ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤਾਂ ਉਸ ਦੀਆਂ ਭੈਣਾਂ ਕਿੰਨੀਆਂ ਖ਼ੁਸ਼ ਹੋਈਆਂ ਹੋਣੀਆਂ!​ਯੂਹੰਨਾ 11:20-24, 38-44 ਪੜ੍ਹੋ।

ਮਾਰਥਾ ਨੂੰ ਵਿਸ਼ਵਾਸ ਸੀ ਕਿ ਰੱਬ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ। ਪੁਰਾਣੇ ਜ਼ਮਾਨੇ ਤੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਜਾਣਦੇ ਆਏ ਹਨ ਕਿ ਭਵਿੱਖ ਵਿਚ ਰੱਬ ਮਰੇ ਹੋਏ ਲੋਕਾਂ ਨੂੰ ਧਰਤੀ ʼਤੇ ਦੁਬਾਰਾ ਜ਼ਿੰਦਾ ਕਰੇਗਾ।​ਅੱਯੂਬ 14:14, 15 ਪੜ੍ਹੋ।

2. ਮਰਨ ਤੋਂ ਬਾਅਦ ਕੀ ਹੁੰਦਾ ਹੈ?

ਜੀਵਨ ਦੇ ਸਾਹ ਕਰਕੇ ਹੀ ਇਨਸਾਨ ਅਤੇ ਜਾਨਵਰ ਜ਼ਿੰਦਾ ਰਹਿੰਦੇ ਹਨ। ਪਰ ਮੌਤ ਹੋਣ ਤੇ ਸਾਡੇ ਅੰਦਰ ਕੋਈ ਵੀ ਚੀਜ਼ ਜ਼ਿੰਦਾ ਨਹੀਂ ਰਹਿੰਦੀ। (ਉਪਦੇਸ਼ਕ ਦੀ ਪੋਥੀ 3:19; ਉਤਪਤ 7:21, 22) ਅਸੀਂ ਮਿੱਟੀ ਤੋਂ ਬਣੇ ਇਨਸਾਨ ਹਾਂ। (ਉਤਪਤ 2:7; 3:19) ਜਦ ਅਸੀਂ ਮਰ ਜਾਂਦੇ ਹਾਂ, ਤਾਂ ਸਾਡਾ ਦਿਮਾਗ਼ ਕੋਈ ਕੰਮ ਨਹੀਂ ਕਰ ਸਕਦਾ। ਇਸੇ ਕਰਕੇ ਲਾਜ਼ਰ ਨੇ ਜ਼ਿੰਦਾ ਹੋ ਜਾਣ ਤੋਂ ਬਾਅਦ ਮੌਤ ਬਾਰੇ ਕੁਝ ਨਹੀਂ ਦੱਸਿਆ। ਬਾਈਬਲ ਦੱਸਦੀ ਹੈ ਕਿ ਮਰੇ ਹੋਏ ਕੁਝ ਨਹੀਂ ਜਾਣਦੇ।​ਜ਼ਬੂਰਾਂ ਦੀ ਪੋਥੀ 146:4; ਉਪਦੇਸ਼ਕ ਦੀ ਪੋਥੀ 9:5, 10 ਪੜ੍ਹੋ।

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਰੇ ਹੋਏ ਕੋਈ ਵੀ ਦੁੱਖ ਨਹੀਂ ਸਹਿੰਦੇ। ਇਸ ਲਈ ਇਹ ਸਿੱਖਿਆ ਗ਼ਲਤ ਹੈ ਕਿ ਰੱਬ ਮਰੇ ਹੋਇਆਂ ਨੂੰ ਤਸੀਹੇ ਦਿੰਦਾ ਹੈ। ਅਜਿਹੀ ਸਿੱਖਿਆ ਰੱਬ ਨੂੰ ਬਦਨਾਮ ਕਰਦੀ ਹੈ। ਲੋਕਾਂ ਨੂੰ ਅੱਗ ਵਿਚ ਤਸੀਹੇ ਦੇਣ ਬਾਰੇ ਰੱਬ ਸੋਚ ਹੀ ਨਹੀਂ ਸਕਦਾ।​ਯਿਰਮਿਯਾਹ 7:31 ਪੜ੍ਹੋ।

3. ਕੀ ਅਸੀਂ ਮੁਰਦਿਆਂ ਨਾਲ ਗੱਲਾਂ ਕਰ ਸਕਦੇ ਹਾਂ?

ਮਰੇ ਹੋਏ ਲੋਕ ਬੋਲ ਨਹੀਂ ਸਕਦੇ। (ਜ਼ਬੂਰਾਂ ਦੀ ਪੋਥੀ 115:17) ਪਰ ਕਈ ਵਾਰ ਬੁਰੇ ਦੂਤ ਕਿਸੇ ਮਰੇ ਹੋਏ ਵਿਅਕਤੀ ਦੀ ਆਵਾਜ਼ ਕੱਢ ਕੇ ਲੋਕਾਂ ਨੂੰ ਧੋਖਾ ਦਿੰਦੇ ਹਨ। (ਯਹੂਦਾਹ 6) ਯਹੋਵਾਹ ਮਰੇ ਹੋਏ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਤੋਂ ਮਨ੍ਹਾ ਕਰਦਾ ਹੈ।​ਬਿਵਸਥਾ ਸਾਰ 18:10, 11 ਪੜ੍ਹੋ।

4. ਕਿਨ੍ਹਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ?

ਰੱਬ ਦੀ ਨਵੀਂ ਦੁਨੀਆਂ ਵਿਚ ਲੱਖਾਂ ਹੀ ਲੋਕਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ। ਉਨ੍ਹਾਂ ਵਿਚ ਕੁਝ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਨੇ ਯਹੋਵਾਹ ਨੂੰ ਨਾ ਜਾਣਦੇ ਹੋਏ ਬੁਰੇ ਕੰਮ ਕੀਤੇ ਸਨ।​2 ਪਤਰਸ 3:13; ਰਸੂਲਾਂ ਦੇ ਕਰਤੱਬ 24:15 ਪੜ੍ਹੋ।

ਅਜਿਹੇ ਲੋਕ ਰੱਬ ਬਾਰੇ ਸਿੱਖ ਸਕਣਗੇ ਤੇ ਯਿਸੂ ਦਾ ਕਹਿਣਾ ਮੰਨ ਕੇ ਉਸ ʼਤੇ ਨਿਹਚਾ ਰੱਖ ਸਕਣਗੇ। (ਪਰਕਾਸ਼ ਦੀ ਪੋਥੀ 20:11-13) ਜਿਹੜੇ ਲੋਕ ਚੰਗੇ ਕੰਮ ਕਰਨਗੇ ਉਹ ਧਰਤੀ ʼਤੇ ਹਮੇਸ਼ਾ ਲਈ ਜੀ ਸਕਣਗੇ। ਪਰ ਜਿਹੜੇ ਲੋਕ ਸਿੱਖਣ ਦੇ ਬਾਵਜੂਦ ਵੀ ਬੁਰੇ ਕੰਮ ਕਰਦੇ ਰਹਿਣਗੇ ਉਨ੍ਹਾਂ ਨੂੰ “ਨਿਆਉਂ ਦੀ ਕਿਆਮਤ” ਵਿਚ ਮੌਤ ਦੀ ਸਜ਼ਾ ਮਿਲੇਗੀ।​ਯੂਹੰਨਾ 5:28, 29 ਪੜ੍ਹੋ।

5. ਮੁਰਦਿਆਂ ਦੇ ਜੀ ਉੱਠਣ ਦੀ ਆਸ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

ਮਰੇ ਹੋਏ ਲੋਕਾਂ ਨੂੰ ਇਸ ਲਈ ਜ਼ਿੰਦਾ ਕੀਤਾ ਜਾ ਸਕਦਾ ਹੈ ਕਿਉਂਕਿ ਰੱਬ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਭੇਜਿਆ ਸੀ। ਇਸ ਤੋਂ ਅਸੀਂ ਯਹੋਵਾਹ ਦੇ ਪਿਆਰ ਤੇ ਅਪਾਰ ਕਿਰਪਾ ਬਾਰੇ ਸਿੱਖ ਸਕਦੇ ਹਾਂ।​ਯੂਹੰਨਾ 3:16; ਰੋਮੀਆਂ 6:23 ਪੜ੍ਹੋ। (w11-E 06/01)

ਹੋਰ ਜਾਣਕਾਰੀ ਲਈ ਇਸ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਛੇਵੇਂ ਅਤੇ ਸੱਤਵੇਂ ਅਧਿਆਏ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 20 ਉੱਤੇ ਤਸਵੀਰ]

ਆਦਮ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ