Skip to content

Skip to table of contents

ਟੁੱਟੇ ਦਿਲ ਵਾਲਿਆਂ ਲਈ ਦਿਲਾਸਾ

ਟੁੱਟੇ ਦਿਲ ਵਾਲਿਆਂ ਲਈ ਦਿਲਾਸਾ

ਪਰਮੇਸ਼ੁਰ ਨੂੰ ਜਾਣੋ

ਟੁੱਟੇ ਦਿਲ ਵਾਲਿਆਂ ਲਈ ਦਿਲਾਸਾ

‘ਯਹੋਵਾਹ ਮੈਨੂੰ ਕਦੇ ਵੀ ਪਿਆਰ ਨਹੀਂ ਕਰ ਸਕਦਾ।’ ਇਹ ਗੱਲ ਇਕ ਔਰਤ ਨੇ ਕਹੀ ਜਿਸ ਨੂੰ ਕਈ ਸਾਲਾਂ ਤੋਂ ਡਿਪਰੈਸ਼ਨ ਦੀ ਬੀਮਾਰੀ ਰਹੀ ਹੈ। ਉਸ ਨੇ ਆਪਣੇ ਆਪ ਨੂੰ ਯਕੀਨ ਦਿਲਾ ਲਿਆ ਹੈ ਕਿ ਯਹੋਵਾਹ ਉਸ ਤੋਂ ਦੂਰ ਹੈ। ਕੀ ਯਹੋਵਾਹ ਸੱਚ-ਮੁੱਚ ਆਪਣੇ ਉਨ੍ਹਾਂ ਲੋਕਾਂ ਤੋਂ ਦੂਰ ਹੈ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹਨ? ਇਸ ਦਾ ਜਵਾਬ ਜ਼ਬੂਰ 34:18 ਵਿਚ ਦਾਊਦ ਦੇ ਸ਼ਬਦਾਂ ਤੋਂ ਮਿਲਦਾ ਹੈ।

ਦਾਊਦ ਜਾਣਦਾ ਸੀ ਕਿ ਯਹੋਵਾਹ ਦੇ ਕਿਸੇ ਭਗਤ ਉੱਤੇ ਬਿਪਤਾ ਅਤੇ ਦੁੱਖ ਦਾ ਕੀ ਅਸਰ ਪੈ ਸਕਦਾ ਹੈ। ਜਦੋਂ ਦਾਊਦ ਨੌਜਵਾਨ ਹੀ ਸੀ, ਤਾਂ ਰਾਜਾ ਸ਼ਾਊਲ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਇਸ ਲਈ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣਾ ਪਿਆ। ਦਾਊਦ ਨੇ ਗਥ ਸ਼ਹਿਰ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕੀਤੀ। ਇਹ ਸ਼ਹਿਰ ਫਲਿਸਤੀਆਂ ਦੇ ਇਲਾਕੇ ਵਿਚ ਸੀ ਤੇ ਸ਼ਾਇਦ ਦਾਊਦ ਨੇ ਸੋਚਿਆ ਹੋਣਾ ਕਿ ਸ਼ਾਊਲ ਉਸ ਨੂੰ ਇੱਥੇ ਲੱਭਣ ਨਹੀਂ ਆਵੇਗਾ। ਪਰ ਕੁਝ ਲੋਕਾਂ ਨੇ ਉਸ ਨੂੰ ਪਛਾਣ ਲਿਆ ਤੇ ਦਾਊਦ ਨੇ ਬਚਣ ਲਈ ਪਾਗਲਪਣ ਦਾ ਨਾਟਕ ਕੀਤਾ। ਦਾਊਦ ਜਾਣਦਾ ਸੀ ਕਿ ਉਸ ਨੂੰ ਬਚਾਉਣ ਵਾਲਾ ਰੱਬ ਸੀ ਤੇ ਇਸ ਤਜਰਬੇ ਤੋਂ ਬਾਅਦ ਉਸ ਨੇ 34ਵਾਂ ਜ਼ਬੂਰ ਲਿਖਿਆ।

ਕੀ ਦਾਊਦ ਮੰਨਦਾ ਸੀ ਕਿ ਰੱਬ ਉਨ੍ਹਾਂ ਤੋਂ ਦੂਰ ਹੈ ਜਿਨ੍ਹਾਂ ʼਤੇ ਬਿਪਤਾ ਆਉਂਦੀ ਹੈ, ਜਿਹੜੇ ਲੋਕ ਨਿਰਾਸ਼ ਹਨ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਰੱਬ ਦੇ ਪਿਆਰ ਦੇ ਕਾਬਲ ਨਹੀਂ ਹਨ? ਨਹੀਂ, ਕਿਉਂਕਿ ਉਸ ਨੇ ਲਿਖਿਆ: ‘ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲੇ ਹੋਏ ਲੋਕਾਂ ਨੂੰ ਬਚਾਉਂਦਾ ਹੈ।’ (ਆਇਤ 18) ਆਓ ਆਪਾਂ ਦੇਖੀਏ ਕਿ ਇਹ ਸ਼ਬਦ ਸਾਨੂੰ ਦਿਲਾਸਾ ਤੇ ਉਮੀਦ ਕਿਵੇਂ ਦੇ ਸਕਦੇ ਹਨ।

‘ਯਹੋਵਾਹ ਨੇੜੇ ਹੈ।’ ਇਕ ਕਿਤਾਬ ਕਹਿੰਦੀ ਹੈ ਕਿ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ “ਪ੍ਰਭੂ ਚੌਕਸ ਰਹਿੰਦਾ ਹੈ ਤੇ ਆਪਣੇ ਲੋਕਾਂ ਦਾ ਧਿਆਨ ਰੱਖਦਾ ਹੈ। ਉਹ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤੇ ਉਨ੍ਹਾਂ ਨੂੰ ਬਚਾਉਣਾ ਚਾਹੁੰਦਾ ਹੈ।” ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦਾ ਧਿਆਨ ਰੱਖਦਾ ਹੈ। ਉਹ ਜਾਣਦਾ ਹੈ ਕਿ ਇਨ੍ਹਾਂ ‘ਭੈੜੇ ਸਮਿਆਂ’ ਦੌਰਾਨ ਉਨ੍ਹਾਂ ʼਤੇ ਕੀ ਬੀਤਦੀ ਹੈ।​—2 ਤਿਮੋਥਿਉਸ 3:1; ਰਸੂਲਾਂ ਦੇ ਕਰਤੱਬ 17:27.

‘ਟੁੱਟੇ ਦਿਲ ਵਾਲੇ।’ ਕੁਝ ਸਭਿਆਚਾਰਾਂ ਵਿਚ ‘ਟੁੱਟੇ ਦਿਲ ਵਾਲੇ’ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪਿਆਰ ਦੇ ਬਦਲੇ ਪਿਆਰ ਨਹੀਂ ਮਿਲਦਾ। ਪਰ ਇਕ ਵਿਦਵਾਨ ਕਹਿੰਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਜ਼ਿੰਦਗੀ ਵਿਚ ਆਉਣ ਵਾਲੇ “ਆਮ ਦੁੱਖ ਤੇ ਗਮ” ਬਾਰੇ ਹਨ। ਜੀ ਹਾਂ, ਰੱਬ ਦੇ ਵਫ਼ਾਦਾਰ ਸੇਵਕ ਵੀ ਕਈ ਵਾਰੀ ਇੰਨੇ ਦੁੱਖ ਸਹਿੰਦੇ ਹਨ ਕਿ ਉਨ੍ਹਾਂ ਦੇ ਦਿਲ ਟੁੱਟ ਜਾਂਦੇ ਹਨ।

‘ਕੁਚਲੇ ਹੋਏ ਲੋਕ।’ ਦੁਖੀ ਲੋਕ ਕਈ ਵਾਰ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਹੌਸਲਾ ਹਾਰ ਬੈਠਦੇ ਹਨ। ਬਾਈਬਲ ਦੇ ਅਨੁਵਾਦਕਾਂ ਲਈ ਇਕ ਕਿਤਾਬ ਕਹਿੰਦੀ ਹੈ ਕਿ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ “ਉਹ ਲੋਕ ਜਿਨ੍ਹਾਂ ਨੂੰ ਕਿਸੇ ਗੱਲ ਦੀ ਉਮੀਦ ਨਹੀਂ ਹੈ।”

“ਟੁੱਟੇ ਦਿਲ ਵਾਲਿਆਂ” ਅਤੇ ‘ਕੁਚਲੇ ਹੋਏ ਲੋਕਾਂ’ ਨਾਲ ਯਹੋਵਾਹ ਕਿਵੇਂ ਪੇਸ਼ ਆਉਂਦਾ ਹੈ? ਕੀ ਉਹ ਉਨ੍ਹਾਂ ਤੋਂ ਇਹ ਸੋਚ ਕੇ ਦੂਰ ਰਹਿੰਦਾ ਹੈ ਕਿ ਉਹ ਉਸ ਦੇ ਪਿਆਰ ਦੇ ਕਾਬਲ ਨਹੀਂ ਹਨ? ਬਿਲਕੁਲ ਨਹੀਂ! ਜਿਵੇਂ ਇਕ ਮਾਂ ਆਪਣੇ ਦੁਖੀ ਬੱਚੇ ਨੂੰ ਗਲੇ ਲਾ ਕੇ ਹੌਸਲਾ ਦਿੰਦੀ ਹੈ ਉਵੇਂ ਹੀ ਯਹੋਵਾਹ ਆਪਣੇ ਸੇਵਕਾਂ ਦੇ ਨੇੜੇ ਹੈ ਜੋ ਉਸ ਨੂੰ ਦੁਹਾਈ ਦਿੰਦੇ ਹਨ। ਉਹ ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਤੇ ਕੁਚਲੇ ਹੋਏ ਲੋਕਾਂ ਨੂੰ ਸ਼ਾਂਤੀ ਦਿੰਦਾ ਹੈ। ਉਹ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਤਾਕਤ ਤੇ ਬੁੱਧ ਦੇ ਸਕਦਾ ਹੈ।​—2 ਕੁਰਿੰਥੀਆਂ 4:7; ਯਾਕੂਬ 1:5.

ਕਿਉਂ ਨਾ ਜਾਣੋ ਕਿ ਤੁਸੀਂ ਵੀ ਯਹੋਵਾਹ ਦੇ ਹੋਰ ਕਰੀਬ ਕਿਵੇਂ ਜਾ ਸਕਦੇ ਹੋ? ਯਹੋਵਾਹ ਦਇਆਵਾਨ ਹੈ ਅਤੇ ਉਹ ਵਾਅਦਾ ਕਰਦਾ ਹੈ: ‘ਮੈਂ ਉਨ੍ਹਾਂ ਲੋਕਾਂ ਨਾਲ ਰਹਿੰਦਾ ਹਾਂ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।’​—ਯਸਾਯਾਹ 57:15, ERV. (w11-E 06/01)