Skip to content

Skip to table of contents

ਕੀ ਅਬਰਾਹਾਮ ਕੋਲ ਸੱਚ-ਮੁੱਚ ਊਠ ਸਨ?

ਕੀ ਅਬਰਾਹਾਮ ਕੋਲ ਸੱਚ-ਮੁੱਚ ਊਠ ਸਨ?

ਕੀ ਅਬਰਾਹਾਮ ਕੋਲ ਸੱਚ-ਮੁੱਚ ਊਠ ਸਨ?

ਬਾਈਬਲ ਕਹਿੰਦੀ ਹੈ ਕਿ ਅਬਰਾਹਾਮ ਨੂੰ ਫ਼ਿਰਊਨ ਤੋਂ ਜੋ ਪਾਲਤੂ ਪਸ਼ੂ ਮਿਲੇ ਸਨ, ਉਨ੍ਹਾਂ ਵਿਚ ਊਠ ਵੀ ਸਨ। (ਉਤ. 12:16) ਜਦੋਂ ਅਬਰਾਹਾਮ ਦਾ ਨੌਕਰ ਮੇਸੋਪੋਟੇਮੀਆ ਦੇ ਲੰਬੇ ਸਫ਼ਰ ’ਤੇ ਗਿਆ, ਤਾਂ ਉਹ ਆਪਣੇ ਨਾਲ ‘ਆਪਣੇ ਸਵਾਮੀ ਦੇ ਊਠਾਂ ਵਿੱਚੋਂ ਦਸ ਊਠ ਲੈਕੇ’ ਗਿਆ। ਸੋ ਬਾਈਬਲ ਸਾਫ਼ ਦੱਸਦੀ ਹੈ ਕਿ ਤਕਰੀਬਨ 4,000 ਸਾਲ ਪਹਿਲਾਂ ਅਬਰਾਹਾਮ ਕੋਲ ਆਪਣੇ ਊਠ ਸਨ।—ਉਤ. 24:10.

ਕੁਝ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ। ਦਾ ਨਿਊ ਇੰਟਰਨੈਸ਼ਨਲ ਵਰਯਨ ਆਰਕਿਲਾਜਿੱਕਲ ਸਟੱਡੀ ਬਾਈਬਲ ਰਿਪੋਰਟ ਦਿੰਦਾ ਹੈ: “ਵਿਦਵਾਨ ਬਹਿਸਬਾਜ਼ੀ ਕਰ ਰਹੇ ਸਨ ਕਿ ਊਠਾਂ ਬਾਰੇ ਕੀਤਾ ਇਹ ਇਤਿਹਾਸਕ ਜ਼ਿਕਰ ਸੱਚ ਨਹੀਂ ਹੈ ਕਿਉਂਕਿ ਬਹੁਤਿਆਂ ਦਾ ਮੰਨਣਾ ਹੈ ਕਿ ਇਹ ਜਾਨਵਰ ਜ਼ਿਆਦਾਤਰ ਘਰਾਂ ਵਿਚ ਪਾਲੇ ਨਹੀਂ ਜਾਂਦੇ ਸਨ। ਇਹ ਤਾਂ ਅਬਰਾਹਾਮ ਤੋਂ ਕਾਫ਼ੀ ਸਮਾਂ ਬਾਅਦ ਤਕਰੀਬਨ 1200 ਈਸਵੀ ਪੂਰਵ ਵਿਚ ਪਾਲੇ ਜਾਣ ਲੱਗੇ ਸਨ।” ਇਸ ਲਈ ਬਾਈਬਲ ਵਿਚ ਊਠਾਂ ਬਾਰੇ ਕੀਤਾ ਕੋਈ ਵੀ ਜ਼ਿਕਰ ਗ਼ਲਤ ਹੋਵੇਗਾ ਕਿਉਂਕਿ ਜਿਸ ਸਮੇਂ ਦੇ ਬਿਰਤਾਂਤਾਂ ਦੀ ਗੱਲ ਕੀਤੀ ਗਈ ਹੈ, ਉਸ ਵੇਲੇ ਘਰਾਂ ਵਿਚ ਊਠ ਨਹੀਂ ਪਾਲੇ ਜਾਂਦੇ ਸਨ।

ਪਰ ਹੋਰ ਵਿਦਵਾਨ ਬਹਿਸ ਕਰਦੇ ਹਨ ਕਿ ਭਾਵੇਂ ਕਿ ਤਕਰੀਬਨ 3,000 ਸਾਲ ਪਹਿਲਾਂ ਊਠਾਂ ਨੂੰ ਪਾਲਣਾ ਜ਼ਰੂਰੀ ਹੋ ਗਿਆ ਸੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਤੋਂ ਪਹਿਲਾਂ ਊਠ ਵਰਤੇ ਹੀ ਨਹੀਂ ਜਾਂਦੇ ਸਨ। ਸਿਵਲਾਈਜ਼ੇਸ਼ਨ ਆਫ਼ ਦਾ ਏਸ਼ੀਅੰਟ ਨੀਅਰ ਈਸਟ ਨਾਂ ਦੀ ਕਿਤਾਬ ਕਹਿੰਦੀ ਹੈ: “ਹਾਲ ਹੀ ਵਿਚ ਕੀਤੀ ਰਿਸਰਚ ਤੋਂ ਪਤਾ ਲੱਗਾ ਹੈ ਕਿ 4,000 ਤੋਂ ਜ਼ਿਆਦਾ ਸਾਲ ਪਹਿਲਾਂ ਦੱਖਣੀ-ਪੂਰਬੀ ਅਰਬ ਵਿਚ ਊਠ ਪਾਲੇ ਜਾਂਦੇ ਸਨ। ਪਹਿਲਾਂ-ਪਹਿਲਾਂ ਊਠਾਂ ਨੂੰ ਦੁੱਧ, ਵਾਲਾਂ, ਚਮੜੇ ਅਤੇ ਮੀਟ ਵਾਸਤੇ ਪੈਦਾ ਕੀਤਾ ਜਾਂਦਾ ਸੀ, ਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਊਠਾਂ ਨੂੰ ਭਾਰ ਢੋਹਣ ਲਈ ਵੀ ਵਰਤਿਆ ਜਾ ਸਕਦਾ ਸੀ।” ਹੱਡੀਆਂ ਦੇ ਮਿਲੇ ਟੁਕੜੇ ਅਤੇ ਹੋਰ ਖੋਜੀਆਂ ਚੀਜ਼ਾਂ ਇਸ ਗੱਲ ਦਾ ਸਬੂਤ ਦਿੰਦੀਆਂ ਜਾਪਦੀਆਂ ਹਨ ਕਿ ਅਬਰਾਹਾਮ ਤੋਂ ਪਹਿਲਾਂ ਦੇ ਇਸ ਸਮੇਂ ਵਿਚ ਊਠਾਂ ਦਾ ਇਸਤੇਮਾਲ ਹੁੰਦਾ ਸੀ।

ਲਿਖਤਾਂ ਵਿਚ ਵੀ ਸਬੂਤ ਮਿਲਦਾ ਹੈ। ਇਹੀ ਕਿਤਾਬ ਕਹਿੰਦੀ ਹੈ: “ਮੇਸੋਪੋਟੇਮੀਆ ਵਿਚ ਲਿਖਤਾਂ ਦੀਆਂ ਲਿਸਟਾਂ ਵਿਚ ਪਸ਼ੂ [ਊਠ] ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਈ ਮੋਹਰਾਂ ਉੱਤੇ ਊਠ ਦੀ ਤਸਵੀਰ ਵੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪਸ਼ੂ ਤਕਰੀਬਨ 4,000 ਸਾਲ ਪਹਿਲਾਂ ਮੇਸੋਪੋਟੇਮੀਆ ਵਿਚ ਪਹੁੰਚੇ ਹੋਣੇ” ਯਾਨੀ ਅਬਰਾਹਾਮ ਦੇ ਜ਼ਮਾਨੇ ਵਿਚ।

ਕੁਝ ਵਿਦਵਾਨ ਮੰਨਦੇ ਹਨ ਕਿ ਦੱਖਣੀ ਅਰਬ ਵਿਚ ਸੁਗੰਧਿਤ ਚੀਜ਼ਾਂ ਦੇ ਵਪਾਰੀ ਆਪਣਾ ਸਾਮਾਨ ਊਠਾਂ ਉੱਤੇ ਲੱਦ ਕੇ ਰੇਗਿਸਤਾਨ ਰਾਹੀਂ ਉੱਤਰ ਵੱਲ ਮਿਸਰ ਅਤੇ ਸੀਰੀਆ ਲੈ ਜਾਂਦੇ ਸਨ ਤੇ ਇਸ ਤਰ੍ਹਾਂ ਇਨ੍ਹਾਂ ਦੇਸ਼ਾਂ ਵਿਚ ਊਠ ਪ੍ਰਚਲਿਤ ਹੋ ਗਏ। ਇਹ ਵਪਾਰ 2,000 ਈਸਵੀ ਪੂਰਵ ਵਿਚ ਆਮ ਹੁੰਦਾ ਸੀ। ਦਿਲਚਸਪੀ ਦੀ ਗੱਲ ਹੈ ਕਿ ਉਤਪਤ 37:25-28 ਇਸਮਾਏਲੀ ਵਪਾਰੀਆਂ ਦਾ ਜ਼ਿਕਰ ਕਰਦਾ ਹੈ ਜੋ ਅਬਰਾਹਾਮ ਦੇ ਜ਼ਮਾਨੇ ਤੋਂ ਤਕਰੀਬਨ 100 ਸਾਲ ਬਾਅਦ ਊਠਾਂ ਰਾਹੀਂ ਸੁਗੰਧਿਤ ਚੀਜ਼ਾਂ ਮਿਸਰ ਲੈ ਜਾਂਦੇ ਸਨ।

ਹੋ ਸਕਦਾ ਹੈ ਕਿ 4,000 ਸਾਲ ਪਹਿਲਾਂ ਮੱਧ ਪੂਰਬ ਵਿਚ ਊਠ ਇੰਨੇ ਜ਼ਿਆਦਾ ਨਹੀਂ ਵਰਤੇ ਜਾਂਦੇ ਸਨ, ਪਰ ਮਿਲੇ ਸਬੂਤ ਤੋਂ ਪਤਾ ਚੱਲਦਾ ਹੈ ਕਿ ਲੋਕਾਂ ਨੂੰ ਊਠਾਂ ਬਾਰੇ ਥੋੜ੍ਹਾ-ਬਹੁਤਾ ਪਤਾ ਸੀ। ਇਸ ਲਈ ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਇਹ ਸਿੱਟਾ ਕੱਢਦਾ ਹੈ: “ਬਾਈਬਲ ਦੇ ਸ਼ੁਰੂ ਵਿਚ ਊਠਾਂ ਦੀ ਵਰਤੋਂ ਬਾਰੇ ਦਿੱਤੇ ਬਿਰਤਾਂਤਾਂ ਨੂੰ ਗ਼ਲਤ ਕਹਿਣਾ ਸਹੀ ਨਹੀਂ ਹੈ ਕਿਉਂਕਿ ਪੁਰਾਤੱਤਵ ਖੋਜਾਂ ਤੋਂ ਕਾਫ਼ੀ ਸਬੂਤ ਮਿਲਦਾ ਹੈ ਕਿ [ਅਬਰਾਹਾਮ] ਦੇ ਜ਼ਮਾਨੇ ਤੋਂ ਪਹਿਲਾਂ ਊਠ ਘਰਾਂ ਵਿਚ ਪਾਲੇ ਜਾਂਦੇ ਸਨ।”