Skip to content

Skip to table of contents

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ

“ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ।”—1 ਥੱਸ. 5:12.

1, 2. (ੳ) ਜਦੋਂ ਪੌਲੁਸ ਨੇ ਥੱਸਲੁਨੀਕਾ ਦੀ ਕਲੀਸਿਯਾ ਨੂੰ ਪਹਿਲੀ ਚਿੱਠੀ ਲਿਖੀ ਸੀ, ਤਾਂ ਉਨ੍ਹਾਂ ਦੀ ਕਿਹੋ ਜਿਹੀ ਹਾਲਤ ਸੀ? (ਅ) ਪੌਲੁਸ ਨੇ ਥੱਸਲੁਨੀਕਾ ਦੇ ਭੈਣਾਂ-ਭਰਾਵਾਂ ਨੂੰ ਕੀ ਕਰਨ ਦਾ ਉਤਸ਼ਾਹ ਦਿੱਤਾ?

ਕਲਪਨਾ ਕਰੋ ਕਿ ਤੁਸੀਂ ਪਹਿਲੀ ਸਦੀ ਦੀ ਉਸ ਥੱਸਲੁਨੀਕਾ ਕਲੀਸਿਯਾ ਦੇ ਮੈਂਬਰ ਹੋ ਜੋ ਯੂਰਪ ਵਿਚ ਸਭ ਤੋਂ ਪਹਿਲਾਂ ਸਥਾਪਿਤ ਹੋਈਆਂ ਕਲੀਸਿਯਾਵਾਂ ਵਿੱਚੋਂ ਇਕ ਹੈ। ਪੌਲੁਸ ਰਸੂਲ ਨੇ ਉੱਥੇ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਵਿਚ ਕਾਫ਼ੀ ਸਮਾਂ ਲਗਾਇਆ। ਉਸ ਨੇ ਸ਼ਾਇਦ ਹੋਰਨਾਂ ਕਲੀਸਿਯਾਵਾਂ ਦੀ ਤਰ੍ਹਾਂ ਇਸ ਵਿਚ ਵੀ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਹੋਵੇਗਾ। (ਰਸੂ. 14:23) ਪਰ ਕਲੀਸਿਯਾ ਦੇ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ, ਯਹੂਦੀਆਂ ਨੇ ਕੁਝ ਲੋਕ ਇਕੱਠੇ ਕੀਤੇ ਤਾਂਕਿ ਉਹ ਪੌਲੁਸ ਅਤੇ ਸੀਲਾਸ ਨੂੰ ਸ਼ਹਿਰੋਂ ਬਾਹਰ ਕੱਢ ਸਕਣ। ਸ਼ਹਿਰ ਵਿਚ ਰਹਿੰਦੇ ਮਸੀਹੀਆਂ ਨੇ ਸ਼ਾਇਦ ਮਹਿਸੂਸ ਕੀਤਾ ਹੋਣਾ ਕਿ ਉਹ ਇਕੱਲੇ ਰਹਿ ਗਏ ਸਨ ਜਾਂ ਸ਼ਾਇਦ ਸਹਿਮ ਗਏ ਹੋਣੇ।

2 ਅਸੀਂ ਸਮਝ ਸਕਦੇ ਹਾਂ ਕਿ ਥੱਸਲੁਨੀਕਾ ਛੱਡਣ ਤੋਂ ਬਾਅਦ, ਪੌਲੁਸ ਨੂੰ ਇਸ ਨਵੀਂ ਕਲੀਸਿਯਾ ਦਾ ਫ਼ਿਕਰ ਕਿਉਂ ਸੀ। ਉਸ ਨੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਪਰ ‘ਸ਼ਤਾਨ ਨੇ ਉਸ ਨੂੰ ਡੱਕ ਲਿਆ ਸੀ।’ ਇਸ ਲਈ ਪੌਲੁਸ ਨੇ ਤਿਮੋਥਿਉਸ ਨੂੰ ਕਲੀਸਿਯਾ ਦਾ ਹੌਸਲਾ ਵਧਾਉਣ ਲਈ ਘੱਲਿਆ। (1 ਥੱਸ 2:18; 3:2) ਜਦ ਤਿਮੋਥਿਉਸ ਨੇ ਵਾਪਸ ਆ ਕੇ ਕਲੀਸਿਯਾ ਦੀ ਚੰਗੀ ਰਿਪੋਰਟ ਦਿੱਤੀ, ਤਾਂ ਪੌਲੁਸ ਥੱਸਲੁਨੀਕਾ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਇਕ ਚਿੱਠੀ ਲਿਖਣ ਲਈ ਪ੍ਰੇਰਿਤ ਹੋਇਆ। ਹੋਰਨਾਂ ਗੱਲਾਂ ਦੇ ਨਾਲ-ਨਾਲ, ਪੌਲੁਸ ਨੇ ਉਨ੍ਹਾਂ ਨੂੰ ਉਤਸ਼ਾਹ ਦਿੱਤਾ ਕਿ ‘ਜਿਹੜੇ ਪ੍ਰਭੁ ਵਿੱਚ ਉਨ੍ਹਾਂ ਦੇ ਆਗੂ ਹਨ,’ ਉਹ ਉਨ੍ਹਾਂ ਦਾ ਆਦਰ ਕਰਨ।—1 ਥੱਸਲੁਨੀਕੀਆਂ 5:12, 13 ਪੜ੍ਹੋ।

3. ਥੱਸਲੁਨੀਕਾ ਦੇ ਭੈਣਾਂ-ਭਰਾਵਾਂ ਕੋਲ ਬਜ਼ੁਰਗਾਂ ਦਾ ਬਹੁਤਾ ਆਦਰ ਕਰਨ ਦੇ ਕਿਹੜੇ ਚੰਗੇ ਕਾਰਨ ਸਨ?

3 ਥੱਸਲੁਨੀਕਾ ਦੀ ਕਲੀਸਿਯਾ ਵਿਚ ਅਗਵਾਈ ਕਰ ਰਹੇ ਭਰਾ ਪੌਲੁਸ ਅਤੇ ਉਸ ਦੇ ਨਾਲ ਸਫ਼ਰ ਕਰਨ ਵਾਲੇ ਭਰਾਵਾਂ ਦੀ ਤਰ੍ਹਾਂ ਤਜਰਬੇਕਾਰ ਨਹੀਂ ਸਨ। ਉਹ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਸਨ ਅਤੇ ਉਹ ਯਰੂਸ਼ਲਮ ਦੇ ਬਜ਼ੁਰਗਾਂ ਦੀ ਤਰ੍ਹਾਂ ਨਹੀਂ ਸਨ ਜੋ ਉਨ੍ਹਾਂ ਤੋਂ ਬਹੁਤ ਚਿਰ ਪਹਿਲਾਂ ਮਸੀਹੀ ਬਣੇ ਸਨ। ਕਲੀਸਿਯਾ ਬਣੀ ਨੂੰ ਇਕ ਸਾਲ ਹੀ ਹੋਇਆ ਸੀ! ਫਿਰ ਵੀ ਕਲੀਸਿਯਾ ਦੇ ਭੈਣਾਂ-ਭਰਾਵਾਂ ਕੋਲ ਬਜ਼ੁਰਗਾਂ ਦੀ ਕਦਰ ਕਰਨ ਦੇ ਕਾਰਨ ਸਨ ਕਿਉਂਕਿ ਉਹ ਕਲੀਸਿਯਾ ਵਿਚ “ਮਿਹਨਤ” ਕਰਦੇ ਸਨ ਅਤੇ ‘ਆਗੂਆਂ’ ਵਜੋਂ ਭਰਾਵਾਂ ਨੂੰ ‘ਚਿਤਾਰ’ ਰਹੇ ਸਨ। ਵਾਕਈ, ਉਨ੍ਹਾਂ ਕੋਲ ਬਜ਼ੁਰਗਾਂ ਦਾ ‘ਬਹੁਤਾ ਹੀ ਆਦਰ ਕਰਨ’ ਦੇ ਚੰਗੇ ਕਾਰਨ ਸਨ। ਇਹ ਗੱਲ ਕਹਿਣ ਤੋਂ ਬਾਅਦ ਪੌਲੁਸ ਨੇ ‘ਆਪੋ ਵਿੱਚ ਮੇਲ ਰੱਖਣ’ ਦੀ ਸਲਾਹ ਦਿੱਤੀ। ਜੇ ਤੁਸੀਂ ਥੱਸਲੁਨੀਕਾ ਵਿਚ ਹੁੰਦੇ, ਤਾਂ ਕੀ ਤੁਸੀਂ ਬਜ਼ੁਰਗਾਂ ਦੇ ਕੰਮਾਂ ਵਾਸਤੇ ਗਹਿਰੀ ਕਦਰ ਦਿਖਾਉਂਦੇ? ਪਰਮੇਸ਼ੁਰ ਵੱਲੋਂ ਮਸੀਹ ਦੇ ਜ਼ਰੀਏ ਕਲੀਸਿਯਾ ਵਿਚ ਮਨੁੱਖਾਂ ਦੇ ਰੂਪ ਵਿਚ ਦਿੱਤੇ ਦਾਨਾਂ ਨੂੰ ਤੁਸੀਂ ਕਿਵੇਂ ਵਿਚਾਰਦੇ ਹੋ?—ਅਫ਼. 4:8.

‘ਮਿਹਨਤ ਕਰਦੇ’ ਹਨ

4, 5. ਪੌਲੁਸ ਦੇ ਜ਼ਮਾਨੇ ਵਿਚ ਕਲੀਸਿਯਾ ਨੂੰ ਸਿਖਾਉਣਾ ਬਜ਼ੁਰਗਾਂ ਲਈ ਸਖ਼ਤ ਮਿਹਨਤ ਦਾ ਕੰਮ ਕਿਉਂ ਸੀ ਅਤੇ ਅੱਜ ਵੀ ਇਸ ਤਰ੍ਹਾਂ ਕਿਉਂ ਹੈ?

4 ਪੌਲੁਸ ਅਤੇ ਸੀਲਾਸ ਨੂੰ ਬਰਿਯਾ ਭੇਜਣ ਤੋਂ ਬਾਅਦ ਥੱਸਲੁਨੀਕਾ ਦੇ ਬਜ਼ੁਰਗ ਕਿਵੇਂ ਸਖ਼ਤ ‘ਮਿਹਨਤ ਕਰ ਰਹੇ’ ਸਨ? ਪੌਲੁਸ ਦੀ ਰੀਸ ਕਰਦਿਆਂ ਉਹ ਬਿਨਾਂ ਸ਼ੱਕ ਸ਼ਾਸਤਰਾਂ ਨੂੰ ਵਰਤ ਕੇ ਕਲੀਸਿਯਾ ਨੂੰ ਸਿੱਖਿਆ ਦਿੰਦੇ ਸਨ। ਤੁਸੀਂ ਸ਼ਾਇਦ ਸੋਚੋ, ‘ਕੀ ਥੱਸਲੁਨੀਕਾ ਦੇ ਮਸੀਹੀ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਸਨ?’ ਬਾਈਬਲ ਕਹਿੰਦੀ ਹੈ ਕਿ ਬਰਿਯਾ ਦੇ ਲੋਕ “ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ . . . ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ।” (ਰਸੂ. 17:11) ਇੱਥੇ ਸੱਚਾਈ ਅਪਣਾਉਣ ਵਾਲੇ ਬਰਿਯਾ ਦੇ ਬਹੁਤ ਸਾਰੇ ਯਹੂਦੀਆਂ ਦੀ ਤੁਲਨਾ ਥੱਸਲੁਨੀਕਾ ਦੇ ਸੱਚਾਈ ਨਾ ਅਪਣਾਉਣ ਵਾਲੇ ਯਹੂਦੀਆਂ ਨਾਲ ਕੀਤੀ ਗਈ ਹੈ। ਥੱਸਲੁਨੀਕਾ ਦੇ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਕੀਤਾ, ਉਨ੍ਹਾਂ ਨੇ ‘ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।’ (1 ਥੱਸ. 2:13) ਇਨ੍ਹਾਂ ਲੋਕਾਂ ਨੂੰ ਸਿਖਾਉਣ ਲਈ ਬਜ਼ੁਰਗਾਂ ਨੇ ਸਖ਼ਤ ਮਿਹਨਤ ਕੀਤੀ ਹੋਵੇਗੀ।

5 ਅੱਜ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਪਰਮੇਸ਼ੁਰ ਦੇ ਇੱਜੜ ਨੂੰ ‘ਵੇਲੇ ਸਿਰ ਰਸਤ’ ਦੇ ਰਿਹਾ ਹੈ। (ਮੱਤੀ 24:45) ਇਸ ਨੌਕਰ ਦੇ ਨਿਰਦੇਸ਼ਨ ਅਧੀਨ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਨੂੰ ਸਿਖਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਕਲੀਸਿਯਾ ਦੇ ਭੈਣਾਂ-ਭਰਾਵਾਂ ਕੋਲ ਸ਼ਾਇਦ ਕਾਫ਼ੀ ਮਾਤਰਾ ਵਿਚ ਬਾਈਬਲ-ਆਧਾਰਿਤ ਸਾਹਿੱਤ ਹੋਵੇ ਅਤੇ ਕੁਝ ਭਾਸ਼ਾਵਾਂ ਵਿਚ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਅਤੇ ਸੀ.ਡੀ.-ਰੋਮ ਉੱਤੇ ਵਾਚਟਾਵਰ ਲਾਇਬ੍ਰੇਰੀ ਉਪਲਬਧ ਹਨ। ਕਲੀਸਿਯਾ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ ਬਜ਼ੁਰਗ ਘੰਟਿਆਂ-ਬੱਧੀ ਮੀਟਿੰਗਾਂ ਦੇ ਭਾਗ ਤਿਆਰ ਕਰਨ ਵਿਚ ਲੱਗੇ ਰਹਿੰਦੇ ਹਨ ਤਾਂਕਿ ਉਹ ਜਾਣਕਾਰੀ ਨੂੰ ਅਸਰਕਾਰੀ ਤਰੀਕੇ ਨਾਲ ਪੇਸ਼ ਕਰ ਸਕਣ। ਕੀ ਤੁਸੀਂ ਸੋਚਿਆ ਹੈ ਕਿ ਬਜ਼ੁਰਗ ਮੀਟਿੰਗਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਪੇਸ਼ ਕਰਨ ਲਈ ਮਿਲੇ ਆਪਣੇ ਭਾਗ ਨੂੰ ਤਿਆਰ ਕਰਨ ਵਿਚ ਕਿੰਨਾ ਸਮਾਂ ਲਗਾਉਂਦੇ ਹਨ?

6, 7. (ੳ) ਪੌਲੁਸ ਨੇ ਥੱਸਲੁਨੀਕਾ ਦੇ ਬਜ਼ੁਰਗਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ? (ਅ) ਅੱਜ ਬਜ਼ੁਰਗਾਂ ਲਈ ਪੌਲੁਸ ਦੀ ਰੀਸ ਕਰਨੀ ਸ਼ਾਇਦ ਔਖੀ ਕਿਉਂ ਹੋਵੇ?

6 ਥੱਸਲੁਨੀਕਾ ਦੇ ਬਜ਼ੁਰਗਾਂ ਨੇ ਪੌਲੁਸ ਦੀ ਵਧੀਆ ਮਿਸਾਲ ਚੇਤੇ ਰੱਖੀ ਜੋ ਉਸ ਨੇ ਇੱਜੜ ਦੀ ਚਰਵਾਹੀ ਕਰ ਕੇ ਕਾਇਮ ਕੀਤੀ ਸੀ। ਇਹ ਕੰਮ ਉਹ ਸਿਰਫ਼ ਆਪਣਾ ਫ਼ਰਜ਼ ਸਮਝ ਕੇ ਨਹੀਂ ਕਰਦਾ ਸੀ, ਸਗੋਂ ਪਿਆਰ ਦੇ ਕਾਰਨ ਕਰਦਾ ਸੀ। ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਪੌਲੁਸ “ਮਾਤਾ” ਵਾਂਗ ਕੋਮਲ ਸੀ “ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।” (1 ਥੱਸਲੁਨੀਕੀਆਂ 2:7, 8 ਪੜ੍ਹੋ।) ਉਹ ਤਾਂ ਆਪਣੀ “ਜਾਨ” ਵੀ ਦੇਣ ਲਈ ਤਿਆਰ ਸੀ! ਚਰਵਾਹੀ ਕਰਦਿਆਂ ਬਜ਼ੁਰਗਾਂ ਨੇ ਉਸ ਵਰਗੇ ਬਣਨਾ ਸੀ।

7 ਮਸੀਹੀ ਚਰਵਾਹੇ ਅੱਜ ਪੌਲੁਸ ਵਾਂਗ ਇੱਜੜ ਦਾ ਖ਼ਿਆਲ ਰੱਖਦੇ ਹਨ। ਕੁਝ ਭੇਡਾਂ ਸ਼ਾਇਦ ਦਿਆਲੂ ਅਤੇ ਦੋਸਤਾਨਾ ਸੁਭਾਅ ਦੀਆਂ ਨਾ ਹੋਣ। ਫਿਰ ਵੀ ਬਜ਼ੁਰਗ ਉਨ੍ਹਾਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦੇ ਹਨ ਅਤੇ ਉਨ੍ਹਾਂ ਵਿਚ ਕੁਝ “ਭਲਾ” ਦੇਖਣ ਦੀ ਕੋਸ਼ਿਸ਼ ਕਰਦੇ ਹਨ। (ਕਹਾ. 16:20) ਇਹ ਸੱਚ ਹੈ ਕਿ ਨਾਮੁਕੰਮਲ ਹੋਣ ਕਰਕੇ ਇਕ ਬਜ਼ੁਰਗ ਨੂੰ ਸ਼ਾਇਦ ਹਰ ਭੇਡ ਬਾਰੇ ਸਹੀ ਨਜ਼ਰੀਆ ਰੱਖਣ ਲਈ ਜੱਦੋ-ਜਹਿਦ ਕਰਨੀ ਪਵੇ। ਪਰ ਜਿਉਂ-ਜਿਉਂ ਉਹ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆ ਕੇ ਮਸੀਹ ਅਧੀਨ ਚੰਗਾ ਚਰਵਾਹਾ ਬਣਨ ਦੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ, ਤਾਂ ਕੀ ਸਾਨੂੰ ਉਸ ਦੀ ਤਾਰੀਫ਼ ਨਹੀਂ ਕਰਨੀ ਚਾਹੀਦੀ?

8, 9. ਕਿਹੜੇ ਕੁਝ ਤਰੀਕਿਆਂ ਨਾਲ ਅੱਜ ਬਜ਼ੁਰਗ ‘ਸਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ’?

8 ਸਾਡੇ ਸਾਰਿਆਂ ਕੋਲ ਬਜ਼ੁਰਗਾਂ ਦੇ “ਅਧੀਨ” ਹੋਣ ਦਾ ਕਾਰਨ ਹੈ। ਪੌਲੁਸ ਨੇ ਲਿਖਿਆ ਸੀ ਕਿ ‘ਓਹ ਸਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ।’ (ਇਬ. 13:17) ਇਹ ਗੱਲ ਸਾਨੂੰ ਉਸ ਚਰਵਾਹੇ ਦੀ ਯਾਦ ਦਿਲਾਉਂਦੀ ਹੈ ਜੋ ਆਪਣੇ ਇੱਜੜ ਦੀ ਰਾਖੀ ਕਰਨ ਲਈ ਆਪਣੀ ਨੀਂਦ ਕੁਰਬਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਅੱਜ ਬਜ਼ੁਰਗਾਂ ਨੂੰ ਸ਼ਾਇਦ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣੀ ਕੁਝ ਨੀਂਦ ਕੁਰਬਾਨ ਕਰਨੀ ਪਵੇ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜੋ ਪਰੇਸ਼ਾਨ ਹਨ ਜਾਂ ਜਿਨ੍ਹਾਂ ਨੂੰ ਬਾਈਬਲ ਦੇ ਅਸੂਲ ਲਾਗੂ ਕਰਨੇ ਔਖੇ ਲੱਗਦੇ ਹਨ। ਮਿਸਾਲ ਲਈ ਹਸਪਤਾਲ ਸੰਪਰਕ ਕਮੇਟੀਆਂ ਦੇ ਭਰਾਵਾਂ ਨੂੰ ਮੈਡੀਕਲ ਐਮਰਜੈਂਸੀ ਆਉਣ ਤੇ ਨੀਂਦ ਤੋਂ ਜਾਗਣਾ ਪਿਆ ਹੈ। ਪਰ ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਦੋਂ ਉਹ ਅਜਿਹੇ ਹਾਲਾਤ ਪੈਦਾ ਹੋਣ ਤੇ ਸਾਡੀ ਮਦਦ ਕਰਦੇ ਹਨ!

9 ਉਸਾਰੀ ਦਾ ਕੰਮ ਕਰਨ ਵਾਲੀਆਂ ਕਮੇਟੀਆਂ ਅਤੇ ਰਿਲੀਫ ਕਮੇਟੀਆਂ ਦੇ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਸਾਨੂੰ ਉਨ੍ਹਾਂ ਦਾ ਦਿਲੋਂ ਸਹਿਯੋਗ ਦੇਣਾ ਚਾਹੀਦਾ ਹੈ! ਧਿਆਨ ਦਿਓ ਕਿ 2008 ਵਿਚ ਮਨਮਾਰ ਵਿਚ ਨਰਗਿਸ ਨਾਂ ਦੇ ਆਏ ਤੂਫ਼ਾਨ ਤੋਂ ਬਾਅਦ ਰਾਹਤ ਪਹੁੰਚਾਉਣ ਲਈ ਕਿਹੜੇ ਜਤਨ ਕੀਤੇ ਗਏ ਸਨ। ਤੂਫ਼ਾਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਰਾਵਦੀ ਨਦੀ ਵਾਲੇ ਇਲਾਕੇ ਦੀ ਬੋਥਿੰਗੋਨ ਕਲੀਸਿਯਾ ਤਕ ਪਹੁੰਚਣ ਲਈ ਰਿਲੀਫ ਟੀਮ ਨੂੰ ਉਨ੍ਹਾਂ ਤਹਿਸ-ਨਹਿਸ ਹੋਏ ਇਲਾਕਿਆਂ ਵਿੱਚੋਂ ਦੀ ਲੰਘਣਾ ਪਿਆ ਜੋ ਲਾਸ਼ਾਂ ਨਾਲ ਭਰੇ ਪਏ ਸਨ। ਜਦੋਂ ਸਥਾਨਕ ਭਰਾਵਾਂ ਨੇ ਦੇਖਿਆ ਕਿ ਬੋਥਿੰਗੋਨ ਪਹੁੰਚਣ ਵਾਲੀ ਪਹਿਲੀ ਰਿਲੀਫ ਟੀਮ ਵਿਚ ਉਨ੍ਹਾਂ ਦਾ ਸਾਬਕਾ ਸਰਕਟ ਨਿਗਾਹਬਾਨ ਵੀ ਸੀ, ਤਾਂ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਦੇਖੋ! ਸਾਡਾ ਸਰਕਟ ਨਿਗਾਹਬਾਨ! ਯਹੋਵਾਹ ਨੇ ਸਾਨੂੰ ਬਚਾ ਲਿਆ!” ਕੀ ਤੁਸੀਂ ਕਦਰ ਕਰਦੇ ਹੋ ਕਿ ਬਜ਼ੁਰਗ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹਨ? ਕੁਝ ਬਜ਼ੁਰਗਾਂ ਨੂੰ ਔਖੀਆਂ ਜੁਡੀਸ਼ਲ ਸਮੱਸਿਆਵਾਂ ਸੁਲਝਾਉਣ ਲਈ ਖ਼ਾਸ ਕਮੇਟੀਆਂ ਵਿਚ ਨਿਯੁਕਤ ਕੀਤਾ ਗਿਆ ਹੈ। ਇਹ ਬਜ਼ੁਰਗ ਫੜ੍ਹਾਂ ਨਹੀਂ ਮਾਰਦੇ ਕਿ ਉਹ ਕੀ ਕੁਝ ਪੂਰਾ ਕਰਦੇ ਹਨ। ਪਰ ਜਿਨ੍ਹਾਂ ਨੂੰ ਉਨ੍ਹਾਂ ਦੀ ਸੇਵਾ ਤੋਂ ਫ਼ਾਇਦਾ ਹੁੰਦਾ ਹੈ, ਉਹ ਉਨ੍ਹਾਂ ਦੇ ਸੱਚ-ਮੁੱਚ ਸ਼ੁਕਰਗੁਜ਼ਾਰ ਹੁੰਦੇ ਹਨ।—ਮੱਤੀ 6:2-4.

10. ਬਜ਼ੁਰਗ ਕਿਹੜੇ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਦੂਜਿਆਂ ਨੂੰ ਇੰਨਾ ਪਤਾ ਨਹੀਂ?

10 ਅੱਜ ਬਹੁਤ ਸਾਰੇ ਬਜ਼ੁਰਗ ਪੇਪਰ-ਵਰਕ ਵੀ ਕਰਦੇ ਹਨ। ਮਿਸਾਲ ਲਈ, ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਹਫ਼ਤੇ ਵਿਚ ਹੋਣ ਵਾਲੀਆਂ ਮੀਟਿੰਗਾਂ ਦਾ ਪ੍ਰੋਗ੍ਰਾਮ ਤਿਆਰ ਕਰਦਾ ਹੈ। ਕਲੀਸਿਯਾ ਦਾ ਸੈਕਟਰੀ ਹਰ ਮਹੀਨੇ ਅਤੇ ਸਾਲਾਨਾ ਰਿਪੋਰਟਾਂ ਦਾ ਰਿਕਾਰਡ ਰੱਖਦਾ ਹੈ। ਸਕੂਲ ਨਿਗਾਹਬਾਨ ਧਿਆਨ ਨਾਲ ਸੋਚ-ਵਿਚਾਰ ਕਰਦਾ ਹੈ ਕਿ ਸਕੂਲ ਦੇ ਪ੍ਰੋਗ੍ਰਾਮ ਦੇ ਕਿਹੜੇ ਭਾਗ ਕੌਣ ਪੇਸ਼ ਕਰੇਗਾ। ਹਰ ਤਿੰਨ ਮਹੀਨੇ ਬਾਅਦ ਕਲੀਸਿਯਾ ਦੇ ਅਕਾਊਂਟ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ। ਬਜ਼ੁਰਗ ਬ੍ਰਾਂਚ ਆਫ਼ਿਸ ਤੋਂ ਆਈਆਂ ਚਿੱਠੀਆਂ ਪੜ੍ਹਦੇ ਹਨ ਅਤੇ ਨਿਹਚਾ ਵਿਚ ਇਕਮੁੱਠ ਹੋਣ ਲਈ ਦਿੱਤੀ ਗਈ ਸੇਧ ਲਾਗੂ ਕਰਦੇ ਹਨ। (ਅਫ਼. 4:3, 13) ਸਖ਼ਤ ਮਿਹਨਤ ਕਰਨ ਵਾਲੇ ਅਜਿਹੇ ਬਜ਼ੁਰਗਾਂ ਦੇ ਜਤਨਾਂ ਕਾਰਨ ‘ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੁੰਦੀਆਂ ਹਨ।’—1 ਕੁਰਿੰ. 14:40.

“ਤੁਹਾਡੇ ਆਗੂ ਹਨ”

11, 12. ਕਲੀਸਿਯਾ ਦੀ ਅਗਵਾਈ ਕੌਣ ਕਰਦੇ ਹਨ ਅਤੇ ਅਗਵਾਈ ਕਰਨ ਵਿਚ ਕੀ ਕੁਝ ਸ਼ਾਮਲ ਹੈ?

11 ਪੌਲੁਸ ਨੇ ਥੱਸਲੁਨੀਕਾ ਦੇ ਮਿਹਨਤ ਕਰਨ ਵਾਲੇ ਬਜ਼ੁਰਗਾਂ ਨੂੰ ਕਲੀਸਿਯਾ ਦੇ “ਆਗੂ” ਕਿਹਾ ਸੀ। ਯੂਨਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਹੈ “ਅੱਗੇ ਖੜ੍ਹੇ ਹੋਣਾ” ਅਤੇ ਇਸ ਦਾ ਅਨੁਵਾਦ “ਨਿਰਦੇਸ਼ਨ ਦੇਣਾ” ਅਤੇ “ਅਗਵਾਈ ਕਰਨੀ” ਵੀ ਕੀਤਾ ਜਾ ਸਕਦਾ ਹੈ। (1 ਥੱਸ. 5:12) ਉਹ ਇਕ ਬਜ਼ੁਰਗ ਦੀ ਗੱਲ ਨਹੀਂ ਸੀ ਕਰ ਰਿਹਾ ਜੋ ਸਾਰਿਆਂ ਦਾ “ਆਗੂ” ਜਾਂ ਪ੍ਰਧਾਨ ਹੋਵੇ, ਸਗੋਂ ਕਲੀਸਿਯਾ ਦੇ ਸਾਰੇ ਬਜ਼ੁਰਗਾਂ ਦੀ ਗੱਲ ਕਰ ਰਿਹਾ ਸੀ। ਅੱਜ ਸਾਰੇ ਬਜ਼ੁਰਗ ਕਲੀਸਿਯਾ ਦੇ ਮੋਹਰੇ ਖੜ੍ਹੇ ਹੋ ਕੇ ਮੀਟਿੰਗਾਂ ਚਲਾਉਂਦੇ ਹਨ। ਹਾਲ ਹੀ ਵਿਚ ਕੀਤੀ ਗਈ ਤਬਦੀਲੀ ਮੁਤਾਬਕ “ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ” ਨਾਂ ਤੋਂ ਸਾਨੂੰ ਇਹ ਦੇਖਣ ਵਿਚ ਮਦਦ ਮਿਲਦੀ ਹੈ ਕਿ ਸਾਰੇ ਬਜ਼ੁਰਗ ਇਕ ਸਮਾਨ ਹਨ ਤੇ ਕਿਸੇ ਦੀ ਪਦਵੀ ਵੱਡੀ ਜਾਂ ਛੋਟੀ ਨਹੀਂ।

12 ਅਗਵਾਈ ਕਰਨ ਦਾ ਮਤਲਬ ਕਲੀਸਿਯਾ ਵਿਚ ਸਿਰਫ਼ ਸਿੱਖਿਆ ਦੇਣਾ ਨਹੀਂ ਹੈ। ਯੂਨਾਨੀ ਭਾਸ਼ਾ ਵਿਚ 1 ਤਿਮੋਥਿਉਸ 3:4 ਵਿਚ “ਅਗਵਾਈ ਕਰਨੀ” ਸ਼ਬਦ ਵਰਤੇ ਗਏ ਹਨ। ਪੌਲੁਸ ਨੇ ਕਿਹਾ ਕਿ ਨਿਗਾਹਬਾਨ ‘ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ ਹੋਣਾ’ ਚਾਹੀਦਾ ਹੈ। ਇੱਥੇ “ਪਰਬੰਧ ਕਰਨ” ਯਾਨੀ ਅਗਵਾਈ ਕਰਨ ਦਾ ਮਤਲਬ ਨਾ ਸਿਰਫ਼ ਆਪਣੇ ਬੱਚਿਆ ਨੂੰ ਸਿੱਖਿਆ ਦੇਣਾ ਹੈ, ਸਗੋਂ ਆਪਣੇ ਪਰਿਵਾਰ ਨੂੰ ਨਿਰਦੇਸ਼ਨ ਦੇਣਾ ਅਤੇ ‘ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣਾ’ ਵੀ ਹੈ। ਹਾਂ, ਬਜ਼ੁਰਗ ਕਲੀਸਿਯਾ ਵਿਚ ਅਗਵਾਈ ਕਰਦੇ ਹਨ ਅਤੇ ਯਹੋਵਾਹ ਦੇ ਅਧੀਨ ਹੋਣ ਵਿਚ ਸਾਰਿਆਂ ਦੀ ਮਦਦ ਕਰਦੇ ਹਨ।—1 ਤਿਮੋ. 3:5.

13. ਬਜ਼ੁਰਗਾਂ ਦੀ ਮੀਟਿੰਗ ਵਿਚ ਕੋਈ ਫ਼ੈਸਲਾ ਕਰਨ ਵਿਚ ਸ਼ਾਇਦ ਸਮਾਂ ਕਿਉਂ ਲੱਗੇ?

13 ਇੱਜੜ ਦੀ ਚੰਗੀ ਤਰ੍ਹਾਂ ਅਗਵਾਈ ਕਰਨ ਲਈ ਬਜ਼ੁਰਗ ਆਪਸ ਵਿਚ ਕਲੀਸਿਯਾ ਦੀਆਂ ਲੋੜਾਂ ਬਾਰੇ ਗੱਲਬਾਤ ਕਰਦੇ ਹਨ। ਇਹ ਗੱਲ ਸ਼ਾਇਦ ਚੰਗੀ ਜਾਪੇ ਕਿ ਜੇ ਇੱਕੋ ਹੀ ਬਜ਼ੁਰਗ ਸਾਰੇ ਫ਼ੈਸਲੇ ਕਰੇ, ਤਾਂ ਕੰਮ ਫਟਾਫਟ ਹੋਣਗੇ। ਪਰ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੀ ਰੀਸ ਕਰਦੇ ਹੋਏ ਅੱਜ ਬਜ਼ੁਰਗਾਂ ਦੇ ਸਮੂਹ ਮਾਮਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ ਅਤੇ ਬਾਈਬਲ ਦੀ ਸੇਧ ਭਾਲਦੇ ਹਨ। ਉਨ੍ਹਾਂ ਦਾ ਟੀਚਾ ਕਲੀਸਿਯਾ ਦੀਆਂ ਲੋੜਾਂ ਦੀ ਚਰਚਾ ਕਰਦੇ ਵੇਲੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨਾ ਹੈ। ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਤਾਹੀਓਂ ਹੋਵੇਗਾ ਜੇ ਹਰ ਬਜ਼ੁਰਗ ਬਜ਼ੁਰਗਾਂ ਦੀਆਂ ਮੀਟਿੰਗਾਂ ਦੀ ਤਿਆਰੀ ਕਰਦੇ ਵੇਲੇ ਬਾਈਬਲ ਤੇ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਦੀਆਂ ਹਿਦਾਇਤਾਂ ਉੱਤੇ ਸੋਚ-ਵਿਚਾਰ ਕਰੇ। ਹਾਂ, ਇਸ ਤਰ੍ਹਾਂ ਕਰਨ ਵਿਚ ਸਮਾਂ ਲੱਗਦਾ ਹੈ। ਸਾਰਿਆਂ ਦੀ ਆਪੋ-ਆਪਣੀ ਰਾਇ ਹੋ ਸਕਦੀ ਹੈ ਜਿਵੇਂ ਸੁੰਨਤ ਦੇ ਮਾਮਲੇ ਉੱਤੇ ਚਰਚਾ ਕਰਦਿਆਂ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਦੀ ਸੀ। ਇਸ ਲਈ ਬਾਈਬਲ ਉੱਤੇ ਆਧਾਰਿਤ ਫ਼ੈਸਲਾ ਕਰਨ ਲਈ ਸ਼ਾਇਦ ਜ਼ਿਆਦਾ ਸਮਾਂ ਲੱਗੇ ਅਤੇ ਰਿਸਰਚ ਕਰਨੀ ਪਵੇ ਤਾਂਕਿ ਸਾਰੇ ਬਜ਼ੁਰਗ ਫ਼ੈਸਲੇ ਨਾਲ ਸਹਿਮਤ ਹੋਣ।—ਰਸੂ. 15:2, 6, 7, 12-14, 28.

14. ਕੀ ਤੁਸੀਂ ਇਸ ਗੱਲ ਦੀ ਕਦਰ ਕਰਦੇ ਹੋ ਕਿ ਬਜ਼ੁਰਗਾਂ ਦਾ ਸਮੂਹ ਇਕ-ਮੁੱਠ ਹੋ ਕੇ ਕੰਮ ਕਰਦਾ ਹੈ? ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ?

14 ਕੀ ਹੋ ਸਕਦਾ ਹੈ ਜੇ ਇਕ ਬਜ਼ੁਰਗ ਆਪਣੀ ਜ਼ਿੱਦ ’ਤੇ ਅੜਿਆ ਰਹਿੰਦਾ ਹੈ ਜਾਂ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕਰਦਾ ਹੈ? ਜਾਂ ਉਦੋਂ ਕੀ ਜੇ ਪਹਿਲੀ ਸਦੀ ਦੇ ਦਿਯੁਤ੍ਰਿਫੇਸ ਦੀ ਤਰ੍ਹਾਂ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਕਰੇ? (3 ਯੂਹੰ. 9, 10) ਸਾਰੀ ਕਲੀਸਿਯਾ ਨੂੰ ਜ਼ਰੂਰ ਨੁਕਸਾਨ ਹੋਵੇਗਾ। ਜੇ ਸ਼ਤਾਨ ਨੇ ਪਹਿਲੀ ਸਦੀ ਦੀ ਕਲੀਸਿਯਾ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਕੀਨਨ ਸ਼ਤਾਨ ਅੱਜ ਵੀ ਕਲੀਸਿਯਾ ਦੀ ਸ਼ਾਂਤੀ ਭੰਗ ਕਰਨੀ ਚਾਹੁੰਦਾ ਹੈ। ਉਹ ਇਨਸਾਨ ਦੀਆਂ ਸੁਆਰਥੀ ਇੱਛਾਵਾਂ ਦਾ ਫ਼ਾਇਦਾ ਉਠਾ ਸਕਦਾ ਹੈ ਜਿਵੇਂ ਕਿ ਉੱਚੀ ਪਦਵੀ ਪਾਉਣ ਦੀ ਖ਼ਾਹਸ਼। ਇਸ ਲਈ ਬਜ਼ੁਰਗਾਂ ਨੂੰ ਨਿਮਰ ਹੋਣ ਅਤੇ ਇਕ-ਮੁੱਠ ਹੋ ਕੇ ਕੰਮ ਕਰਨ ਦੀ ਲੋੜ ਹੈ। ਅਸੀਂ ਬਜ਼ੁਰਗਾਂ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਨਿਮਰਤਾ ਨਾਲ ਇਕ-ਦੂਜੇ ਨੂੰ ਸਹਿਯੋਗ ਦਿੰਦੇ ਹਨ!

“ਤੁਹਾਨੂੰ ਚਿਤਾਰਦੇ ਹਨ”

15. ਬਜ਼ੁਰਗ ਕਿਸ ਮਕਸਦ ਨਾਲ ਕਿਸੇ ਭਰਾ ਜਾਂ ਭੈਣ ਨੂੰ ਚਿਤਾਰਦੇ ਹਨ?

15 ਫਿਰ ਪੌਲੁਸ ਨੇ ਬਜ਼ੁਰਗਾਂ ਦੇ ਇਕ ਔਖੇ ਪਰ ਜ਼ਰੂਰੀ ਕੰਮ ਬਾਰੇ ਦੱਸਿਆ: ਇੱਜੜ ਨੂੰ ਚਿਤਾਰਨਾ। ਬਾਈਬਲ ਦੇ ਯੂਨਾਨੀ ਹਿੱਸੇ ਵਿਚ ਸਿਰਫ਼ ਪੌਲੁਸ ਨੇ ਅਜਿਹਾ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਅਨੁਵਾਦ “ਚਿਤਾਰਨਾ” ਕੀਤਾ ਗਿਆ ਹੈ। ਇਸ ਸ਼ਬਦ ਤੋਂ ਸਖ਼ਤ ਤਾੜਨਾ ਦਾ ਭਾਵ ਨਿਕਲ ਸਕਦਾ ਹੈ, ਦੁਸ਼ਮਣੀ ਦਾ ਨਹੀਂ। (ਰਸੂ. 20:31; 2 ਥੱਸ. 3:15) ਮਿਸਾਲ ਲਈ ਪੌਲੁਸ ਨੇ ਕੁਰਿੰਥੀਆਂ ਨੂੰ ਲਿਖਿਆ: “ਮੈਂ ਏਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਂਙੁ ਸਮਝਾਉਣ [ਚਿਤਾਰਨ] ਲਈ ਲਿਖਦਾ ਹਾਂ।” (1 ਕੁਰਿੰ. 4:14) ਉਸ ਨੂੰ ਦੂਜਿਆਂ ਦੀ ਪਰਵਾਹ ਸੀ ਜਿਸ ਕਰਕੇ ਉਹ ਉਨ੍ਹਾਂ ਨੂੰ ਚਿਤਾਰਦਾ ਸੀ।

16. ਦੂਜਿਆਂ ਨੂੰ ਚਿਤਾਰਨ ਵੇਲੇ ਬਜ਼ੁਰਗ ਕਿਹੜੀ ਗੱਲ ਧਿਆਨ ਵਿਚ ਰੱਖਦੇ ਹਨ?

16 ਬਜ਼ੁਰਗ ਚੇਤੇ ਰੱਖਦੇ ਹਨ ਕਿ ਦੂਜਿਆਂ ਨੂੰ ਚਿਤਾਰਨ ਦਾ ਕਿਹੜਾ ਤਰੀਕਾ ਵਧੀਆ ਹੈ। ਉਹ ਕੋਮਲਤਾ ਤੇ ਪਿਆਰ ਨਾਲ ਮਦਦ ਕਰਨ ਦੁਆਰਾ ਪੌਲੁਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। (1 ਥੱਸਲੁਨੀਕੀਆਂ 2:11, 12 ਪੜ੍ਹੋ।) ਪਰ ਇਸ ਦੇ ਨਾਲ ਹੀ ਬਜ਼ੁਰਗ ‘ਨਿਹਚਾ ਜੋਗ ਬਚਨ ਨੂੰ ਫੜੀ ਰੱਖਦੇ ਹਨ ਭਈ ਉਹ ਖਰੀ ਸਿੱਖਿਆ ਨਾਲ ਉਪਦੇਸ਼ ਕਰਨ।’—ਤੀਤੁ. 1:5-9.

17, 18. ਜੇ ਤੁਹਾਨੂੰ ਬਜ਼ੁਰਗ ਤੋਂ ਤਾੜਨਾ ਮਿਲਦੀ ਹੈ, ਤਾਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

17 ਇਹ ਸੱਚ ਹੈ ਕਿ ਬਜ਼ੁਰਗ ਨਾਮੁਕੰਮਲ ਹਨ ਜਿਸ ਕਰਕੇ ਉਨ੍ਹਾਂ ਦੇ ਮੂੰਹੋਂ ਸ਼ਾਇਦ ਅਜਿਹੀਆਂ ਗੱਲਾਂ ਨਿਕਲ ਜਾਣ ਜਿਨ੍ਹਾਂ ਕਾਰਨ ਉਹ ਬਾਅਦ ਵਿਚ ਪਛਤਾਉਂਦੇ ਹਨ। (1 ਰਾਜ. 8:46; ਯਾਕੂ. 3:8) ਬਜ਼ੁਰਗ ਇਹ ਵੀ ਜਾਣਦੇ ਹਨ ਕਿ ਭੈਣਾਂ-ਭਰਾਵਾਂ ਲਈ ਤਾੜਨਾ ਆਮ ਤੌਰ ਤੇ “ਅਨੰਦ ਦੀ ਨਹੀਂ ਸਗੋਂ ਸੋਗ” ਦੀ ਗੱਲ ਹੁੰਦੀ ਹੈ। (ਇਬ. 12:11) ਕਿਸੇ ਨੂੰ ਤਾੜਨ ਜਾਂ ਚਿਤਾਰਨ ਤੋਂ ਪਹਿਲਾਂ ਬਜ਼ੁਰਗ ਕਾਫ਼ੀ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਦਾ ਹੈ। ਜੇ ਤੁਹਾਨੂੰ ਤਾੜਨਾ ਦਿੱਤੀ ਗਈ ਹੈ, ਤਾਂ ਕੀ ਤੁਸੀਂ ਇਸ ਗੱਲੋਂ ਬਜ਼ੁਰਗ ਦੀ ਕਦਰ ਕਰਦੇ ਹੋ ਕਿ ਉਸ ਨੂੰ ਤੁਹਾਡੀ ਪਰਵਾਹ ਹੈ?

18 ਮੰਨ ਲਓ ਕਿ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਜੋ ਤੁਹਾਨੂੰ ਸਮਝਾਉਣੀ ਨਹੀਂ ਆਉਂਦੀ। ਡਾਕਟਰ ਸਮਝ ਜਾਂਦਾ ਹੈ ਕਿ ਤੁਹਾਨੂੰ ਕਿਹੜੀ ਸਮੱਸਿਆ ਹੈ, ਪਰ ਤੁਹਾਨੂੰ ਯਕੀਨ ਕਰਨਾ ਔਖਾ ਲੱਗਦਾ ਹੈ ਕਿ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ। ਕੀ ਤੁਸੀਂ ਉਸ ਡਾਕਟਰ ਨਾਲ ਗੁੱਸੇ ਹੋ ਜਾਵੋਗੇ? ਬਿਲਕੁਲ ਨਹੀਂ! ਜੇ ਉਹ ਤੁਹਾਨੂੰ ਓਪਰੇਸ਼ਨ ਕਰਾਉਣ ਲਈ ਵੀ ਕਹਿੰਦਾ ਹੈ, ਤਾਂ ਤੁਸੀਂ ਇਸ ਵਾਸਤੇ ਰਾਜ਼ੀ ਹੋ ਜਾਵੋਗੇ ਕਿਉਂਕਿ ਤੁਹਾਨੂੰ ਯਕੀਨ ਹੈ ਕਿ ਇਹ ਤੁਹਾਡੇ ਭਲੇ ਲਈ ਹੈ। ਡਾਕਟਰ ਨੇ ਜਿਸ ਤਰੀਕੇ ਨਾਲ ਤੁਹਾਨੂੰ ਗੱਲ ਦੱਸੀ, ਉਹ ਸੁਣ ਕੇ ਤੁਹਾਨੂੰ ਸ਼ਾਇਦ ਠੇਸ ਪਹੁੰਚੀ ਹੋਵੇ। ਪਰ ਕੀ ਤੁਸੀਂ ਇਹ ਧਿਆਨ ਵਿਚ ਰੱਖ ਕੇ ਫ਼ੈਸਲਾ ਕਰੋਗੇ ਕਿ ਤੁਸੀਂ ਓਪਰੇਸ਼ਨ ਕਰਾਉਣਾ ਹੈ ਜਾਂ ਨਹੀਂ? ਬਿਲਕੁਲ ਨਹੀਂ। ਇਸੇ ਤਰ੍ਹਾਂ ਬਜ਼ੁਰਗਾਂ ਨੇ ਜਿਸ ਤਰੀਕੇ ਨਾਲ ਤੁਹਾਨੂੰ ਤਾੜਨਾ ਦਿੱਤੀ ਹੈ, ਉਸ ਕਾਰਨ ਉਨ੍ਹਾਂ ਦੀ ਗੱਲ ਅਣਸੁਣੀ ਨਾ ਕਰੋ। ਹੋ ਸਕਦਾ ਕਿ ਯਹੋਵਾਹ ਤੇ ਯਿਸੂ ਉਨ੍ਹਾਂ ਨੂੰ ਵਰਤ ਕੇ ਤੁਹਾਨੂੰ ਦੱਸ ਰਿਹਾ ਹੋਵੇ ਕਿ ਤੁਸੀਂ ਕਿਵੇਂ ਸੱਚਾਈ ਵਿਚ ਤਰੱਕੀ ਕਰ ਸਕਦੇ ਹੋ ਜਾਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਦੇ ਹੋ।

ਯਹੋਵਾਹ ਵੱਲੋਂ ਬਜ਼ੁਰਗਾਂ ਦੇ ਕੀਤੇ ਪ੍ਰਬੰਧ ਦੀ ਕਦਰ ਕਰੋ

19, 20. ਮਨੁੱਖਾਂ ਦੇ ਰੂਪ ਵਿਚ ਦਾਨ ਲਈ ਤੁਸੀਂ ਕਿਵੇਂ ਕਦਰਦਾਨੀ ਦਿਖਾ ਸਕਦੇ ਹੋ?

19 ਤੁਸੀਂ ਕੀ ਕਰੋਗੇ ਜੇ ਤੁਹਾਨੂੰ ਅਜਿਹਾ ਤੋਹਫ਼ਾ ਮਿਲੇ ਜੋ ਖ਼ਾਸਕਰ ਤੁਹਾਡੇ ਲਈ ਬਣਾਇਆ ਗਿਆ ਹੈ? ਕੀ ਤੁਸੀਂ ਇਸ ਨੂੰ ਵਰਤ ਕੇ ਆਪਣੀ ਕਦਰਦਾਨੀ ਦਿਖਾਓਗੇ? ਯਹੋਵਾਹ ਨੇ ਯਿਸੂ ਮਸੀਹ ਦੇ ਜ਼ਰੀਏ ਤੁਹਾਡੇ ਲਈ ਮਨੁੱਖਾਂ ਦੇ ਰੂਪ ਵਿਚ ਦਾਨ ਦਿੱਤੇ ਹਨ। ਇਸ ਦਾਨ ਜਾਂ ਤੋਹਫ਼ੇ ਲਈ ਕਦਰਦਾਨੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਤੁਸੀਂ ਬਜ਼ੁਰਗਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਵੱਲੋਂ ਦੱਸੇ ਨੁਕਤਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਮੀਟਿੰਗਾਂ ਵਿਚ ਵਧੀਆ ਟਿੱਪਣੀਆਂ ਕਰ ਕੇ ਵੀ ਆਪਣੀ ਕਦਰਦਾਨੀ ਦਿਖਾ ਸਕਦੇ ਹੋ। ਉਸ ਕੰਮ ਦਾ ਸਮਰਥਨ ਕਰੋ ਜਿਸ ਕੰਮ ਵਿਚ ਬਜ਼ੁਰਗ ਅਗਵਾਈ ਕਰ ਰਹੇ ਹਨ ਜਿਵੇਂ ਪ੍ਰਚਾਰ। ਜੇ ਤੁਹਾਨੂੰ ਕਿਸੇ ਬਜ਼ੁਰਗ ਤੋਂ ਮਿਲੀ ਸਲਾਹ ਤੋਂ ਫ਼ਾਇਦਾ ਹੋਇਆ ਹੈ, ਤਾਂ ਕਿਉਂ ਨਾ ਉਸ ਨੂੰ ਦੱਸੋ? ਇਸ ਦੇ ਨਾਲ-ਨਾਲ ਕਿਉਂ ਨਾ ਬਜ਼ੁਰਗਾਂ ਦੇ ਪਰਿਵਾਰਾਂ ਲਈ ਵੀ ਕਦਰ ਦਿਖਾਓ? ਯਾਦ ਰੱਖੋ ਕਿ ਬਜ਼ੁਰਗਾਂ ਵੱਲੋਂ ਕਲੀਸਿਯਾ ਵਿਚ ਸਖ਼ਤ ਮਿਹਨਤ ਕਰਦੇ ਰਹਿਣ ਲਈ ਉਨ੍ਹਾਂ ਦੇ ਪਰਿਵਾਰ ਉਹ ਸਮਾਂ ਕੁਰਬਾਨ ਕਰ ਰਹੇ ਹਨ ਜੋ ਉਹ ਇਕੱਠੇ ਗੁਜ਼ਾਰ ਸਕਦੇ ਸਨ।

20 ਹਾਂ, ਅਸੀਂ ਕਈ ਕਾਰਨਾਂ ਕਰਕੇ ਬਜ਼ੁਰਗਾਂ ਲਈ ਕਦਰਦਾਨੀ ਦਿਖਾ ਸਕਦੇ ਹਾਂ ਜੋ ਕਲੀਸਿਯਾ ਵਿਚ ਸਖ਼ਤ ਮਿਹਨਤ ਕਰਦੇ ਹਨ, ਸਾਡੀ ਅਗਵਾਈ ਕਰਦੇ ਹਨ ਅਤੇ ਸਾਨੂੰ ਚਿਤਾਰਦੇ ਹਨ। ਮਨੁੱਖਾਂ ਦੇ ਰੂਪ ਵਿਚ ਇਹ ਦਾਨ ਵਾਕਈ ਯਹੋਵਾਹ ਵੱਲੋਂ ਵਧੀਆ ਤੋਹਫ਼ਾ ਹੈ!

ਕੀ ਤੁਹਾਨੂੰ ਯਾਦ ਹੈ?

• ਥੱਸਲੁਨੀਕਾ ਦੇ ਮਸੀਹੀ ਕਿਹੜੇ ਕਾਰਨਾਂ ਕਰਕੇ ਅਗਵਾਈ ਕਰਨ ਵਾਲਿਆਂ ਲਈ ਕਦਰਦਾਨੀ ਦਿਖਾ ਸਕਦੇ ਸਨ?

• ਤੁਹਾਡੀ ਕਲੀਸਿਯਾ ਦੇ ਬਜ਼ੁਰਗ ਤੁਹਾਡੇ ਲਈ ਕਿਵੇਂ ਮਿਹਨਤ ਕਰਦੇ ਹਨ?

• ਤੁਹਾਨੂੰ ਬਜ਼ੁਰਗਾਂ ਦੀ ਅਗਵਾਈ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ?

• ਜੇ ਤੁਹਾਨੂੰ ਬਜ਼ੁਰਗ ਤਾੜਨਾ ਦਿੰਦਾ ਹੈ, ਤਾਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ਾ 27 ਉੱਤੇ ਤਸਵੀਰ]

ਕੀ ਤੁਸੀਂ ਕਦਰ ਕਰਦੇ ਹੋ ਕਿ ਬਜ਼ੁਰਗ ਕਈ ਤਰੀਕਿਆਂ ਨਾਲ ਕਲੀਸਿਯਾ ਦੀ ਚਰਵਾਹੀ ਕਰਦੇ ਹਨ?