Skip to content

Skip to table of contents

‘ਆਪਣੇ ਮਾਰਗ ਨੂੰ ਸਫ਼ਲ ਬਣਾਓ’—ਕਿਵੇਂ?

‘ਆਪਣੇ ਮਾਰਗ ਨੂੰ ਸਫ਼ਲ ਬਣਾਓ’—ਕਿਵੇਂ?

‘ਆਪਣੇ ਮਾਰਗ ਨੂੰ ਸਫ਼ਲ ਬਣਾਓ’​—ਕਿਵੇਂ?

“ਸਫ਼ਲਤਾ” ਸ਼ਬਦ ਸਾਰਿਆਂ ਦਾ ਧਿਆਨ ਖਿੱਚਦਾ ਹੈ! ਕਈਆਂ ਨੇ ਚੰਗਾ ਨਾਂ ਕਮਾਉਣ ਅਤੇ ਅਮੀਰ ਬਣਨ ਲਈ ਸਫ਼ਲਤਾ ਦੀਆਂ ਪੌੜੀਆਂ ਚੜ੍ਹੀਆਂ ਹਨ। ਦੂਜਿਆਂ ਨੇ ਸਫ਼ਲਤਾ ਦੇ ਸੁਪਨੇ ਲਏ ਹਨ, ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।

ਕਾਫ਼ੀ ਹੱਦ ਤਕ ਸਫ਼ਲਤਾ ਇਸ ਗੱਲ ’ਤੇ ਨਿਰਭਰ ਹੁੰਦੀ ਹੈ ਕਿ ਤੁਸੀਂ ਜ਼ਿੰਦਗੀ ਵਿਚ ਕਿਸ ਕੰਮ ਨੂੰ ਪਹਿਲ ਦਿੰਦੇ ਹੋ। ਦੋ ਹੋਰ ਗੱਲਾਂ ਉੱਤੇ ਵੀ ਨਿਰਭਰ ਹੈ। ਇਕ ਤਾਂ ਹੈ ਕਿ ਤੁਸੀਂ ਆਪਣਾ ਸਮਾਂ ਤੇ ਤਾਕਤ ਕਿਸ ਤਰ੍ਹਾਂ ਵਰਤਦੇ ਹੋ ਅਤੇ ਦੂਜੀ ਇਹ ਕਿ ਤੁਸੀਂ ਖ਼ੁਦ ਪਹਿਲ ਕਰ ਕੇ ਕੁਝ ਕਰਦੇ ਹੋ।

ਬਹੁਤ ਸਾਰੇ ਮਸੀਹੀਆਂ ਨੇ ਦੇਖਿਆ ਹੈ ਕਿ ਪੂਰੀ ਵਾਹ ਲਾ ਕੇ ਪ੍ਰਚਾਰ ਕਰਨ ਨਾਲ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ। ਪਾਇਨੀਅਰਿੰਗ ਨੂੰ ਆਪਣਾ ਕੈਰੀਅਰ ਬਣਾਉਣ ਨਾਲ ਛੋਟੇ ਅਤੇ ਵੱਡੇ ਭੈਣਾਂ-ਭਰਾਵਾਂ ਨੂੰ ਸਫ਼ਲ ਹੋਣ ਵਿਚ ਮਦਦ ਮਿਲੀ ਹੈ। ਫਿਰ ਵੀ ਕੁਝ ਜਣਿਆਂ ਨੂੰ ਪ੍ਰਚਾਰ ਦਾ ਕੰਮ ਬੋਰਿੰਗ ਲੱਗਦਾ ਹੈ ਅਤੇ ਉਹ ਇਸ ਨੂੰ ਜ਼ਿੰਦਗੀ ਵਿਚ ਦੂਜਾ ਦਰਜਾ ਦਿੰਦੇ ਹਨ ਕਿਉਂਕਿ ਉਹ ਦੂਸਰੇ ਟੀਚੇ ਹਾਸਲ ਕਰਨ ਵਿਚ ਲੱਗ ਜਾਂਦੇ ਹਨ। ਇਸ ਤਰ੍ਹਾਂ ਕਿਉਂ ਹੋ ਸਕਦਾ ਹੈ? ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਮਹੱਤਵਪੂਰਣ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰੋ? ਅਤੇ ਤੁਸੀਂ ਕਿਸ ਤਰ੍ਹਾਂ ‘ਆਪਣੇ ਮਾਰਗ ਨੂੰ ਸਫ਼ਲ ਬਣਾ’ ਸਕਦੇ ਹੋ?—ਯਹੋ. 1:8.

ਪੜ੍ਹਾਈ ਤੋਂ ਬਾਅਦ ਹੋਰ ਕੰਮ ਅਤੇ ਸ਼ੌਕ

ਮਸੀਹੀ ਨੌਜਵਾਨਾਂ ਨੂੰ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਹੋਰ ਕੰਮਾਂ ਵਿਚ ਸੰਤੁਲਨ ਰੱਖਣ ਦੀ ਲੋੜ ਹੈ। ਜੋ ਇਸ ਤਰ੍ਹਾਂ ਕਰਦੇ ਹਨ, ਉਹ ਜ਼ਿੰਦਗੀ ਵਿੱਚ ਸਫ਼ਲਤਾ ਵੱਲ ਵਧ ਰਹੇ ਹਨ ਅਤੇ ਤਾਰੀਫ਼ ਦੇ ਕਾਬਲ ਹਨ।

ਪਰ ਕੁਝ ਨੌਜਵਾਨ ਮਸੀਹੀ ਸਕੂਲ ਦੇ ਹੋਰ ਕੰਮਾਂ ਅਤੇ ਸ਼ੌਕ ਪੂਰੇ ਕਰਨ ਵਿਚ ਬਹੁਤ ਰੁੱਝ ਜਾਂਦੇ ਹਨ। ਇਹ ਕੰਮ ਆਪਣੇ ਆਪ ਵਿਚ ਸ਼ਾਇਦ ਗ਼ਲਤ ਨਾ ਹੋਣ। ਪਰ ਨੌਜਵਾਨ ਮਸੀਹੀਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਇਨ੍ਹਾਂ ਕੰਮਾਂ ਵਿਚ ਮੇਰਾ ਕਿੰਨਾ ਸਮਾਂ ਲੱਗ ਸਕਦਾ ਹੈ? ਸੰਗਤ ਬਾਰੇ ਕੀ? ਇਹ ਕੰਮ ਕਰਦਿਆਂ ਕਿਹੋ ਜਿਹਾ ਰਵੱਈਆ ਰੱਖਣ ਵਾਲੇ ਲੋਕਾਂ ਨਾਲ ਮੇਰਾ ਵਾਹ ਪੈਂਦਾ ਹੈ? ਕਿਹੜੀਆਂ ਚੀਜ਼ਾਂ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਸਕਦੀਆਂ ਹਨ?’ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਵਿਅਕਤੀ ਇਨ੍ਹਾਂ ਕੰਮਾਂ ਵਿਚ ਇੰਨਾ ਰੁੱਝ ਜਾਂਦਾ ਹੈ, ਉਸ ਕੋਲ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਲਈ ਬਹੁਤ ਘੱਟ ਸਮਾਂ ਜਾਂ ਤਾਕਤ ਬਚਦੀ ਹੈ। ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਤੈਅ ਕਰਨਾ ਕਿੰਨਾ ਜ਼ਰੂਰੀ ਹੈ ਕਿ ਅਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹਾਂ।—ਅਫ਼. 5:15-17.

ਵਿਕਟਰ ਦੀ ਮਿਸਾਲ ਉੱਤੇ ਗੌਰ ਕਰੋ। * ਉਹ ਕਹਿੰਦਾ ਹੈ: “ਜਦੋਂ ਮੈਂ 12 ਸਾਲ ਦਾ ਸੀ ਤਾਂ ਮੈਂ ਵਾਲੀਬਾਲ ਕਲੱਬ ਦਾ ਮੈਂਬਰ ਬਣ ਗਿਆ। ਸਮੇਂ ਦੇ ਬੀਤਣ ਨਾਲ ਮੈਂ ਕਈ ਇਨਾਮ ਜਿੱਤੇ। ਮੇਰੇ ਕੋਲ ਸਟਾਰ ਬਣਨ ਦਾ ਮੌਕਾ ਸੀ।” ਪਰ ਸਮੇਂ ਦੇ ਬੀਤਣ ਨਾਲ ਵਿਕਟਰ ਪਰੇਸ਼ਾਨ ਹੋ ਗਿਆ ਕਿ ਉਸ ਦੀ ਖੇਡ ਦਾ ਅਸਰ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਉੱਤੇ ਪੈ ਰਿਹਾ ਸੀ। ਇਕ ਦਿਨ ਜਦੋਂ ਉਹ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਪੜ੍ਹਦਾ-ਪੜ੍ਹਦਾ ਸੌਂ ਗਿਆ। ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਪ੍ਰਚਾਰ ਕਰ ਕੇ ਉਸ ਨੂੰ ਇੰਨੀ ਖ਼ੁਸ਼ੀ ਨਹੀਂ ਸੀ ਮਿਲਦੀ। “ਮੇਰੀ ਸਾਰੀ ਤਾਕਤ ਤਾਂ ਖੇਡਣ ਵਿਚ ਹੀ ਚਲੀ ਜਾਂਦੀ ਸੀ ਅਤੇ ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇਸ ਕਾਰਨ ਪਰਮੇਸ਼ੁਰ ਦੀ ਸੇਵਾ ਵਿਚ ਮੇਰਾ ਜੋਸ਼ ਵੀ ਠੰਢਾ ਪੈ ਰਿਹਾ ਸੀ। ਮੈਨੂੰ ਪਤਾ ਸੀ ਕਿ ਮੈਂ ਉਹ ਕੁਝ ਨਹੀਂ ਕਰ ਰਿਹਾ ਸੀ ਜੋ ਕੁਝ ਮੈਂ ਕਰ ਸਕਦਾ ਸੀ।”

ਉੱਚ ਸਿੱਖਿਆ?

ਬਾਈਬਲ ਦੱਸਦੀ ਹੈ ਕਿ ਇਕ ਮਸੀਹੀ ਦਾ ਫ਼ਰਜ਼ ਹੈ ਕਿ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰੇ ਜਿਸ ਵਿਚ ਉਸ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਹਨ। (1 ਤਿਮੋ. 5:8) ਪਰ ਕੀ ਇਸ ਤਰ੍ਹਾਂ ਕਰਨ ਲਈ ਸੱਚ-ਮੁੱਚ ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਹੈ?

ਇਹ ਸੋਚ-ਵਿਚਾਰ ਕਰਨਾ ਚੰਗੀ ਗੱਲ ਹੋਵੇਗੀ ਕਿ ਉੱਚ ਸਿੱਖਿਆ ਲੈਣ ਨਾਲ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਕੀ ਅਸਰ ਪੈ ਸਕਦਾ ਹੈ। ਆਓ ਆਪਾਂ ਇਹ ਗੱਲ ਸਮਝਣ ਲਈ ਬਾਈਬਲ ਦੀ ਇਕ ਮਿਸਾਲ ਦੇਖੀਏ।

ਬਾਰੂਕ ਯਿਰਮਿਯਾਹ ਨਬੀ ਦਾ ਸੈਕਟਰੀ ਸੀ। ਇਕ ਸਮੇਂ ਤੇ ਬਾਰੂਕ ਯਹੋਵਾਹ ਦੀ ਸੇਵਾ ਵਿਚ ਮਿਲੇ ਸਨਮਾਨਾਂ ਨੂੰ ਧਿਆਨ ਵਿਚ ਰੱਖਣ ਦੀ ਬਜਾਇ ਵੱਡੀਆਂ-ਵੱਡੀਆਂ ਚੀਜ਼ਾਂ ਭਾਲਣ ਲੱਗ ਪਿਆ। ਯਹੋਵਾਹ ਨੇ ਇਹ ਦੇਖਿਆ ਅਤੇ ਯਿਰਮਿਯਾਹ ਦੇ ਰਾਹੀਂ ਉਸ ਨੂੰ ਚੇਤਾਵਨੀ ਦਿੱਤੀ: “ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।”—ਯਿਰ. 45:5.

ਬਾਰੂਕ ਕਿਹੜੀਆਂ “ਵੱਡੀਆਂ ਚੀਜ਼ਾਂ” ਭਾਲਣ ਲੱਗ ਪਿਆ ਸੀ? ਉਸ ਨੂੰ ਸ਼ਾਇਦ ਯਹੂਦੀ ਸਮਾਜ ਵਿਚ ਆਪਣਾ ਨਾਂ ਉੱਚਾ ਕਰਨ ਦਾ ਲਾਲਚ ਆ ਗਿਆ ਸੀ। ਜਾਂ ਇਹ ਵੱਡੀਆਂ ਚੀਜ਼ਾਂ ਧਨ ਦੌਲਤ ਹੋ ਸਕਦੀਆਂ ਸਨ। ਕੁਝ ਵੀ ਹੋਵੇ, ਉਸ ਨੇ ਜ਼ਰੂਰੀ ਗੱਲਾਂ ਤੋਂ ਆਪਣਾ ਧਿਆਨ ਹਟਾ ਲਿਆ ਸੀ ਜਿਨ੍ਹਾਂ ਕਾਰਨ ਯਹੋਵਾਹ ਨਾਲ ਉਸ ਦਾ ਰਿਸ਼ਤਾ ਬਣਿਆ ਸੀ। (ਫ਼ਿਲਿ. 1:10) ਪਰ ਬਾਅਦ ਵਿਚ ਬਾਰੂਕ ਨੇ ਯਿਰਮਿਯਾਹ ਰਾਹੀਂ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਅਤੇ ਇਸ ਤਰ੍ਹਾਂ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਗਿਆ।—ਯਿਰ. 43:6.

ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ? ਬਾਰੂਕ ਨੂੰ ਮਿਲੀ ਤਾੜਨਾ ਤੋਂ ਪਤਾ ਲੱਗਦਾ ਹੈ ਕਿ ਉਹ ਕੁਝ ਗ਼ਲਤ ਕਰ ਰਿਹਾ ਸੀ। ਉਹ ਆਪਣੇ ਲਈ ਵੱਡੀਆਂ-ਵੱਡੀਆਂ ਚੀਜ਼ਾਂ ਭਾਲ ਰਿਹਾ ਸੀ। ਜੇ ਤੁਹਾਡੇ ਕੋਲ ਆਪਣਾ ਖ਼ਰਚਾ ਚਲਾਉਣ ਦਾ ਸਾਧਨ ਹੈ, ਤਾਂ ਫਿਰ ਕੀ ਤੁਹਾਨੂੰ ਹੋਰ ਉੱਚ ਸਿੱਖਿਆ ਹਾਸਲ ਕਰਨ ਲਈ ਵਾਕਈ ਆਪਣਾ ਸਮਾਂ, ਪੈਸਾ ਅਤੇ ਤਾਕਤ ਲਾਉਣ ਦੀ ਲੋੜ ਹੈ ਤਾਂਕਿ ਤੁਸੀਂ ਆਪਣੀ, ਆਪਣੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਦੀ ਤਮੰਨਾ ਪੂਰੀ ਕਰ ਸਕੋ?

ਇਕ ਕੰਪਿਊਟਰ ਪ੍ਰੋਗ੍ਰਾਮਰ ਜੇਗੋਸ਼ ਦੀ ਮਿਸਾਲ ’ਤੇ ਗੌਰ ਕਰੋ। ਆਪਣੇ ਨਾਲ ਦੇ ਕੰਮ ਕਰਨ ਵਾਲਿਆਂ ਦੀਆਂ ਗੱਲਾਂ ਵਿਚ ਆ ਕੇ ਉਹ ਹੋਰ ਖ਼ਾਸ ਸਿੱਖਿਆ ਲੈਣ ਲਈ ਇਕ ਕੋਰਸ ਕਰਨ ਲੱਗ ਪਿਆ ਜਿਸ ਲਈ ਉਸ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਈ। ਉਸ ਕੋਲ ਪਰਮੇਸ਼ੁਰੀ ਕੰਮਾਂ ਲਈ ਭੋਰਾ ਵੀ ਸਮਾਂ ਨਹੀਂ ਬਚਿਆ। ਉਹ ਕਹਿੰਦਾ ਹੈ: “ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਮੇਰੀ ਜ਼ਮੀਰ ਮੈਨੂੰ ਕੋਸਦੀ ਸੀ ਕਿਉਂਕਿ ਮੈਂ ਉਨ੍ਹਾਂ ਟੀਚਿਆਂ ਤਾਈਂ ਪਹੁੰਚ ਨਹੀਂ ਸਕਿਆ ਜੋ ਮੈਂ ਪਰਮੇਸ਼ੁਰ ਦੀ ਸੇਵਾ ਕਰਨ ਲਈ ਰੱਖੇ ਸਨ।”

ਨੌਕਰੀ ਕਰਨ ਵਿਚ ਰੁੱਝੇ ਰਹਿਣਾ

ਪਰਮੇਸ਼ੁਰ ਦਾ ਬਚਨ ਸੱਚੇ ਮਸੀਹੀਆਂ ਨੂੰ ਮਿਹਨਤ ਕਰਨ, ਜ਼ਿੰਮੇਵਾਰ ਕਾਮੇ ਅਤੇ ਮਾਲਕ ਬਣਨ ਦੀ ਹੱਲਾਸ਼ੇਰੀ ਦਿੰਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ [ਯਹੋਵਾਹ] ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” (ਕੁਲੁ. 3:22, 23) ਭਾਵੇਂ ਸਖ਼ਤ ਮਿਹਨਤ ਕਰਨੀ ਚੰਗੀ ਗੱਲ ਹੈ, ਪਰ ਇਸ ਤੋਂ ਵੀ ਜ਼ਰੂਰੀ ਹੈ ਆਪਣੇ ਸਿਰਜਣਹਾਰ ਨਾਲ ਚੰਗਾ ਰਿਸ਼ਤਾ ਹੋਣਾ। (ਉਪ. 12:13) ਜੇ ਇਕ ਮਸੀਹੀ ਨੌਕਰੀ ਕਰਨ ਵਿਚ ਰੁੱਝ ਗਿਆ, ਤਾਂ ਉਹ ਸੌਖਿਆਂ ਹੀ ਪਰਮੇਸ਼ੁਰੀ ਕੰਮਾਂ ਨੂੰ ਦੂਜਾ ਦਰਜਾ ਦੇਣ ਲੱਗ ਪਵੇਗਾ।

ਆਪਣੇ ਕੰਮ ਵਿਚ ਇੰਨਾ ਰੁੱਝਿਆ ਹੋਣ ਕਾਰਨ ਉਸ ਕੋਲ ਕੋਈ ਤਾਕਤ ਨਹੀਂ ਬਚੇਗੀ ਜਿਸ ਕਰਕੇ ਉਸ ਕੋਲੋਂ ਨਾ ਤਾਂ ਚੰਗੀ ਤਰ੍ਹਾਂ ਪਰਮੇਸ਼ੁਰ ਦੇ ਕੰਮ ਹੋਣਗੇ ਅਤੇ ਨਾ ਹੀ ਉਹ ਆਪਣੇ ਪਰਿਵਾਰ ਦੀ ਮਦਦ ਕਰ ਸਕੇਗਾ। ਰਾਜਾ ਸੁਲੇਮਾਨ ਨੇ ਦੇਖਿਆ ਕਿ ‘ਦੋਵੇਂ ਹੱਥ ਮਿਹਨਤ ਵਿਚ ਰੁੱਝੇ ਰਹਿਣਾ’ ਅਕਸਰ “ਹਵਾ ਨੂੰ ਫੜਨ ਦੇ ਬਰਾਬਰ” ਹੁੰਦਾ ਹੈ। (ਉਪ. 4:6, CL) ਜੇ ਇਕ ਮਸੀਹੀ ਹੱਦੋਂ ਵੱਧ ਸਮਾਂ ਕੰਮ ਤੇ ਹੀ ਲਾਉਣ ਲੱਗ ਪਵੇ, ਤਾਂ ਉਹ ਲੰਬੇ ਸਮੇਂ ਲਈ ਬਹੁਤ ਜ਼ਿਆਦਾ ਤਣਾਅ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹਾ ਇਨਸਾਨ ਆਪਣੇ ਕੰਮ ਵਿਚ ਇਸ ਹੱਦ ਤਕ ਰੁੱਝ ਜਾਂਦਾ ਹੈ ਕਿ ਉਸ ਵਿਚ ਕੁਝ ਹੋਰ ਕਰਨ ਦੀ ਜਾਨ ਹੀ ਨਹੀਂ ਰਹਿੰਦੀ। ਜੇ ਉਸ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਉਹ ਸੱਚ-ਮੁੱਚ “ਅਨੰਦ” ਕਰ ਸਕਦਾ ਅਤੇ ‘ਆਪਣੇ ਧੰਦੇ ਦਾ ਲਾਭ ਭੋਗ’ ਸਕਦਾ? (ਉਪ. 3:12, 13) ਇਸ ਤੋਂ ਵੀ ਜ਼ਰੂਰੀ ਹੈ ਕਿ ਕੀ ਉਸ ਕੋਲ ਪਰਿਵਾਰ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਪਰਮੇਸ਼ੁਰ ਦੇ ਕੰਮ ਕਰਨ ਲਈ ਕਾਫ਼ੀ ਸਰੀਰਕ ਅਤੇ ਭਾਵਾਤਮਕ ਤਾਕਤ ਬਚੇਗੀ?

ਯਾਨੂਸ਼, ਜੋ ਪੂਰਬੀ ਯੂਰਪ ਵਿਚ ਰਹਿੰਦਾ ਹੈ, ਆਪਣੇ ਬਾਗ਼ਬਾਨੀ ਦੇ ਕਾਰੋਬਾਰ ਵਿਚ ਬਹੁਤ ਰੁੱਝ ਗਿਆ। ਉਹ ਯਾਦ ਕਰਦਾ ਹੈ: “ਦੁਨਿਆਵੀ ਲੋਕ ਮੇਰੀ ਵਾਹ-ਵਾਹ ਕਰਦੇ ਸਨ ਕਿਉਂਕਿ ਮੈਂ ਹਰ ਕੰਮ ਬੜੀ ਹੁਸ਼ਿਆਰੀ ਨਾਲ ਪੂਰਾ ਕਰ ਲੈਂਦਾ ਸੀ ਤੇ ਕਿਸੇ ਨੂੰ ਕਹਿਣਾ ਨਹੀਂ ਸੀ ਪੈਂਦਾ ਕਿ ਮੈਂ ਕੰਮ ਕਰਾਂ। ਪਰ ਇਸ ਕਾਰਨ ਮੇਰੀ ਨਿਹਚਾ ਘੱਟ ਗਈ ਅਤੇ ਮੈਂ ਪ੍ਰਚਾਰ ਕਰਨਾ ਛੱਡ ਦਿੱਤਾ। ਜਲਦੀ ਹੀ ਮੈਂ ਮੀਟਿੰਗਾਂ ਤੇ ਜਾਣਾ ਬੰਦ ਕਰ ਦਿੱਤਾ। ਮੈਂ ਇੰਨਾ ਘਮੰਡੀ ਹੋ ਗਿਆ ਕਿ ਮੈਂ ਬਜ਼ੁਰਗਾਂ ਤੋਂ ਮਿਲੀ ਸਲਾਹ ਨੂੰ ਸਵੀਕਾਰ ਨਹੀਂ ਕੀਤਾ ਅਤੇ ਮੈਂ ਕਲੀਸਿਯਾ ਤੋਂ ਦੂਰ ਹੋ ਗਿਆ।”

ਤੁਸੀਂ ਆਪਣੀ ਜ਼ਿੰਦਗੀ ਸਫ਼ਲ ਬਣਾ ਸਕਦੇ ਹੋ

ਅਸੀਂ ਤਿੰਨ ਚੀਜ਼ਾਂ ਦੇਖੀਆਂ ਹਨ ਜਿਨ੍ਹਾਂ ਵਿਚ ਇਕ ਮਸੀਹੀ ਇੰਨਾ ਬਿਜ਼ੀ ਹੋ ਸਕਦਾ ਹੈ ਕਿ ਉਸ ਕੋਲੋਂ ਪਰਮੇਸ਼ੁਰ ਦੇ ਕੰਮ ਛੁੱਟ ਸਕਦੇ ਹਨ। ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਇਕ ਵਿਚ ਰੁੱਝੇ ਹੋਏ ਹੋ? ਜੇ ਹਾਂ, ਤਾਂ ਅੱਗੇ ਦੱਸੇ ਸਵਾਲਾਂ, ਹਵਾਲਿਆਂ ਅਤੇ ਟਿੱਪਣੀਆਂ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਸੱਚ-ਮੁੱਚ ਸਫ਼ਲਤਾ ਦੇ ਰਾਹ ’ਤੇ ਹੋ ਜਾਂ ਨਹੀਂ।

ਪੜ੍ਹਾਈ ਇਲਾਵਾ ਹੋਰ ਕੰਮ ਅਤੇ ਸ਼ੌਕ: ਤੁਸੀਂ ਇਨ੍ਹਾਂ ਚੀਜ਼ਾਂ ਵਿਚ ਕਿੰਨੇ ਕੁ ਰੁੱਝੇ ਹੋਏ ਹੋ? ਕੀ ਤੁਸੀਂ ਇਨ੍ਹਾਂ ਵਿਚ ਉਹ ਸਮਾਂ ਲਾ ਰਹੇ ਹੋ ਜੋ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਕੰਮਾਂ ਵਿਚ ਲਾਉਂਦੇ ਸੀ? ਕੀ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਕਰਨ ਵਿਚ ਇੰਨਾ ਮਜ਼ਾ ਨਹੀਂ ਆਉਂਦਾ ਜਿੰਨਾ ਪਹਿਲਾਂ ਆਉਂਦਾ ਸੀ? ਜੇ ਇਸ ਤਰ੍ਹਾਂ ਹੈ, ਤਾਂ ਕਿਉਂ ਨਾ ਰਾਜਾ ਦਾਊਦ ਦੀ ਰੀਸ ਕਰੋ ਜਿਸ ਨੇ ਯਹੋਵਾਹ ਨੂੰ ਦੁਆ ਕੀਤੀ ਸੀ: “ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।”—ਜ਼ਬੂ. 143:8.

ਇਕ ਸਫ਼ਰੀ ਨਿਗਾਹਬਾਨ ਨੇ ਵਿਕਟਰ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੀ ਮਦਦ ਕੀਤੀ। ਨਿਗਾਹਬਾਨ ਨੇ ਉਸ ਨੂੰ ਕਿਹਾ: “ਤੂੰ ਆਪਣੇ ਵਾਲੀਬਾਲ ਦੇ ਕੈਰੀਅਰ ਬਾਰੇ ਬੜੇ ਜੋਸ਼ ਨਾਲ ਗੱਲ ਕਰਦਾ।” ਵਿਕਟਰ ਕਹਿੰਦਾ ਹੈ: “ਇਹ ਗੱਲ ਸੁਣ ਕੇ ਮੈਂ ਹਿੱਲ ਗਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨੀ ਦੂਰ ਚਲਾ ਗਿਆ ਸੀ। ਜਲਦੀ ਹੀ ਮੈਂ ਕਲੱਬ ਵਿਚ ਦੁਨਿਆਵੀ ਯਾਰਾਂ-ਦੋਸਤਾਂ ਤੋਂ ਨਾਤਾ ਤੋੜ ਲਿਆ ਅਤੇ ਕਲੀਸਿਯਾ ਵਿਚ ਦੋਸਤ ਬਣਾਏ।” ਅੱਜ ਵਿਕਟਰ ਆਪਣੀ ਕਲੀਸਿਯਾ ਵਿਚ ਬੜੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਉਹ ਸਲਾਹ ਦਿੰਦਾ ਹੈ: “ਆਪਣੇ ਦੋਸਤਾਂ, ਮਾਪਿਆਂ ਜਾਂ ਕਲੀਸਿਯਾ ਦੇ ਬਜ਼ੁਰਗਾਂ ਤੋਂ ਪੁੱਛੋ ਕਿ ਉਨ੍ਹਾਂ ਦੇ ਹਿਸਾਬ ਨਾਲ ਕੀ ਸਕੂਲ ਵਿਚ ਖੇਡਾਂ ਅਤੇ ਸ਼ੌਕ ਤੁਹਾਨੂੰ ਯਹੋਵਾਹ ਦੇ ਨੇੜੇ ਲਿਆ ਰਹੇ ਹਨ ਜਾਂ ਦੂਰ ਕਰ ਰਹੇ ਹਨ।”

ਕਿਉਂ ਨਾ ਆਪਣੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਦਿਖਾਓ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਅੱਗੇ ਵਧਣਾ ਚਾਹੁੰਦੇ ਹੋ? ਕੀ ਤੁਸੀਂ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ ਜਿਹੜੇ ਚਾਹੁੰਦੇ ਹਨ ਕਿ ਕੋਈ ਬੈਠ ਕੇ ਉਨ੍ਹਾਂ ਨਾਲ ਗੱਲ ਕਰੇ ਜਾਂ ਉਨ੍ਹਾਂ ਦੀ ਮਦਦ ਕਰੇ? ਸ਼ਾਇਦ ਤੁਸੀਂ ਸੌਦਾ-ਪੱਤਾ ਖ਼ਰੀਦਣ ਜਾਂ ਘਰ ਦੇ ਕੰਮਾਂ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਤੁਹਾਡੀ ਉਮਰ ਜੋ ਵੀ ਹੋਵੇ, ਤੁਸੀਂ ਸ਼ਾਇਦ ਪਾਇਨੀਅਰਿੰਗ ਕਰ ਸਕਦੇ ਹੋ ਅਤੇ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰ ਸਕਦੇ ਹੋ।

ਉੱਚ ਸਿੱਖਿਆ: ਯਿਸੂ ਨੇ ‘ਆਪਣੀ ਵਡਿਆਈ ਚਾਹੁਣ’ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। (ਯੂਹੰ. 7:18) ਤੁਸੀਂ ਜਿੰਨੀ ਮਰਜ਼ੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ ਹੈ, ਕੀ ਤੁਸੀਂ “ਚੰਗ ਚੰਗੇਰੀਆਂ ਗੱਲਾਂ” ਨੂੰ ਅਹਿਮੀਅਤ ਦਿੱਤੀ ਹੈ?—ਫ਼ਿਲਿ. 1:9, 10.

ਕੰਪਿਊਟਰ ਪ੍ਰੋਗ੍ਰਾਮਰ ਜੇਗੋਸ਼ ਨੇ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕੀਤੀਆਂ। ਉਸ ਨੇ ਕਿਹਾ: “ਮੈਂ ਬਜ਼ੁਰਗਾਂ ਦੀ ਸਲਾਹ ਨੂੰ ਗੰਭੀਰਤਾ ਨਾਲ ਲਿਆ ਅਤੇ ਆਪਣੀ ਜ਼ਿੰਦਗੀ ਸਾਦੀ ਕੀਤੀ। ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਹੋਰ ਜ਼ਿਆਦਾ ਪੜ੍ਹਾਈ ਕਰਨ ਦੀ ਲੋੜ ਨਹੀਂ ਸੀ। ਇਹ ਸਿਰਫ਼ ਮੇਰਾ ਸਮਾਂ ਅਤੇ ਤਾਕਤ ਹੀ ਜਾਇਆ ਕਰੇਗੀ।” ਜੇਗੋਸ਼ ਨੇ ਆਪਣੇ ਆਪ ਨੂੰ ਕਲੀਸਿਯਾ ਦੇ ਕੰਮਾਂ ਵਿਚ ਰੁਝਾ ਲਿਆ। ਸਮੇਂ ਦੇ ਬੀਤਣ ਨਾਲ ਉਸ ਨੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਤੋਂ ਸਿਖਲਾਈ ਲਈ ਜਿਸ ਨੂੰ ਹੁਣ ਕੁਆਰੇ ਭਰਾਵਾਂ ਲਈ ਬਾਈਬਲ ਸਕੂਲ ਕਿਹਾ ਜਾਂਦਾ ਹੈ। ਜੀ ਹਾਂ, ਉਸ ਨੇ ਅੱਗੋਂ ਪਰਮੇਸ਼ੁਰ ਦੀ ਸਿੱਖਿਆ ਲੈਣ ਲਈ ‘ਸਮੇਂ ਨੂੰ ਲਾਭਦਾਇਕ ਕੀਤਾ।’—ਅਫ਼. 5:16.

ਨੌਕਰੀ: ਕੀ ਤੁਸੀਂ ਆਪਣੇ ਕੰਮ ਵਿਚ ਇੰਨੇ ਰੁੱਝ ਗਏ ਹੋ ਕਿ ਪਰਮੇਸ਼ੁਰ ਦੇ ਕੰਮਾਂ ਵਾਸਤੇ ਤੁਹਾਡੇ ਕੋਲ ਸਮਾਂ ਨਹੀਂ ਹੈ? ਕੀ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰਨ ਲਈ ਕਾਫ਼ੀ ਸਮਾਂ ਕੱਢਦੇ ਹੋ? ਕਲੀਸਿਯਾ ਵਿਚ ਕੀ ਤੁਸੀਂ ਆਪਣੀ ਭਾਸ਼ਣ ਦੇਣ ਦੀ ਕਲਾ ਨੂੰ ਸੁਧਾਰ ਰਹੇ ਹੋ? ਦੂਜਿਆਂ ਨਾਲ ਉਤਸ਼ਾਹ ਭਰੀ ਗੱਲਬਾਤ ਕਰਨ ਬਾਰੇ ਕੀ? ‘ਪਰਮੇਸ਼ੁਰ ਕੋਲੋਂ ਡਰੋ ਅਤੇ ਉਹ ਦੀਆਂ ਆਗਿਆਂ ਨੂੰ ਮੰਨੋ।’ ਇਸ ਕਾਰਨ ਤੁਹਾਡੇ ਉੱਤੇ ਯਹੋਵਾਹ ਦੀ ਬਰਕਤ ਹੋਵੇਗੀ ਤੇ ਤੁਸੀਂ ‘ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਓਗੇ।’—ਉਪ. 2:24; 12:13.

ਯਾਨੂਸ਼, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਨੂੰ ਬਾਗ਼ਬਾਨੀ ਦੇ ਕਾਰੋਬਾਰ ਵਿਚ ਇੰਨੀ ਸਫ਼ਲਤਾ ਨਹੀਂ ਮਿਲੀ। ਉਸ ਦਾ ਕਾਰੋਬਾਰ ਫੇਲ੍ਹ ਹੋ ਗਿਆ ਜਿਸ ਕਰਕੇ ਉਸ ਨੂੰ ਕੋਈ ਕਮਾਈ ਨਹੀਂ ਹੁੰਦੀ ਸੀ ਅਤੇ ਉਹ ਕਰਜ਼ੇ ਵਿਚ ਡੁੱਬ ਗਿਆ। ਇਸ ਮੰਦੀ ਹਾਲਤ ਵਿਚ ਉਹ ਯਹੋਵਾਹ ਵੱਲ ਮੁੜ ਆਇਆ। ਯਾਨੂਸ਼ ਨੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕੀਤੇ ਅਤੇ ਹੁਣ ਉਹ ਰੈਗੂਲਰ ਪਾਇਨੀਅਰ ਅਤੇ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਹ ਕਹਿੰਦਾ ਹੈ: “ਜਦੋਂ ਮੈਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਨਾਲ ਸੰਤੁਸ਼ਟ ਹੁੰਦਾ ਹਾਂ ਅਤੇ ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਕੰਮਾਂ ਵਿਚ ਆਪਣੀ ਤਾਕਤ ਲਾਉਂਦਾ ਹਾਂ, ਤਾਂ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ।”—ਫ਼ਿਲਿ. 4:6, 7.

ਕੁਝ ਸਮਾਂ ਕੱਢ ਕੇ ਈਮਾਨਦਾਰੀ ਨਾਲ ਜਾਂਚ ਕਰੋ ਕਿ ਤੁਹਾਡੇ ਕੀ ਉਦੇਸ਼ ਹਨ ਅਤੇ ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ। ਯਹੋਵਾਹ ਦੀ ਸੇਵਾ ਕਰਨ ਨਾਲ ਤੁਸੀਂ ਸਾਰੀ ਉਮਰ ਸਫ਼ਲ ਰਹੋਗੇ। ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਪਹਿਲੀ ਥਾਂ ਦਿਓ।

ਤੁਹਾਨੂੰ ਸ਼ਾਇਦ ਕੁਝ ਤਬਦੀਲੀਆਂ ਕਰਨੀਆਂ ਪੈਣ, ਇੱਥੋਂ ਤਕ ਕਿ ਬੇਲੋੜੀਆਂ ਚੀਜ਼ਾਂ ਛੱਡਣੀਆਂ ਪੈਣ, ਤਾਂਕਿ ਤੁਸੀਂ ਜਾਣ ਸਕੋ ਕਿ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀ. 12:2) ਪਰ ਤੁਸੀਂ ਆਪਣੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਕੇ ‘ਆਪਣੇ ਮਾਰਗ ਨੂੰ ਸਫ਼ਲ ਬਣਾ’ ਸਕਦੇ ਹੋ।

[ਫੁਟਨੋਟ]

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 31 ਉੱਤੇ ਡੱਬੀ/ਤਸਵੀਰ]

ਤੁਸੀਂ ਆਪਣਾ ਮਾਰਗ ਕਿਵੇਂ ਸਫ਼ਲ ਬਣਾ ਸਕਦੇ ਹੋ?

ਕਈ ਚੀਜ਼ਾਂ ਤੁਹਾਡਾ ਧਿਆਨ ਭਟਕਾ ਸਕਦੀਆਂ ਹਨ, ਫਿਰ ਵੀ ਤੁਸੀਂ ਜ਼ਰੂਰੀ ਗੱਲਾਂ ਉੱਤੇ ਆਪਣੀ ਨਿਗਾਹ ਕਿਵੇਂ ਟਿਕਾਈ ਰੱਖ ਸਕਦੇ ਹੋ? ਥੱਲੇ ਦਿੱਤੇ ਸਵਾਲਾਂ ਉੱਤੇ ਸੋਚ-ਵਿਚਾਰ ਕਰ ਕੇ ਦੇਖੋ ਕਿ ਤੁਹਾਡੇ ਕੀ ਉਦੇਸ਼ ਹਨ ਅਤੇ ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ:

ਪੜ੍ਹਾਈ ਤੋਂ ਬਾਅਦ ਹੋਰ ਕੰਮ ਅਤੇ ਸ਼ੌਕ

▪ ਇਹ ਕੰਮ ਕਰਦਿਆਂ ਕਿਹੋ ਜਿਹੇ ਰਵੱਈਏ ਵਾਲੇ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਹੈ?

▪ ਇਨ੍ਹਾਂ ਵਿਚ ਤੁਹਾਡਾ ਕਿੰਨਾ ਸਮਾਂ ਲੱਗ ਸਕਦਾ ਹੈ?

▪ ਕੀ ਇਹ ਤੁਹਾਡੀ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਸਕਦੇ ਹਨ?

▪ ਕੀ ਇਨ੍ਹਾਂ ਵਿਚ ਤੁਸੀਂ ਉਹ ਸਮਾਂ ਲਾ ਰਹੇ ਹੋ ਜੋ ਪਹਿਲਾਂ ਤੁਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਲਾਉਂਦੇ ਸੀ?

▪ ਸੰਗਤ ਬਾਰੇ ਕੀ?

▪ ਕੀ ਤੁਹਾਨੂੰ ਇਹ ਦੋਸਤ ਆਪਣੇ ਭੈਣਾਂ-ਭਰਾਵਾਂ ਨਾਲੋਂ ਜ਼ਿਆਦਾ ਚੰਗੇ ਲੱਗਦੇ ਹਨ?

ਉੱਚ ਸਿੱਖਿਆ

▪ ਜੇ ਤੁਹਾਡੇ ਕੋਲ ਆਪਣਾ ਗੁਜ਼ਾਰਾ ਤੋਰਨ ਦਾ ਸਾਧਨ ਹੈ, ਤਾਂ ਕੀ ਤੁਹਾਨੂੰ ਹੋਰ ਸਿੱਖਿਆ ਲੈਣ ਲਈ ਵਾਕਈ ਆਪਣਾ ਸਮਾਂ, ਪੈਸਾ ਅਤੇ ਤਾਕਤ ਲਾਉਣ ਦੀ ਲੋੜ ਹੈ?

▪ ਆਪਣਾ ਗੁਜ਼ਾਰਾ ਤੋਰਨ ਲਈ ਕੀ ਤੁਹਾਡੇ ਵਾਸਤੇ ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਲੈਣੀ ਜ਼ਰੂਰੀ ਹੈ?

▪ ਮੀਟਿੰਗਾਂ ਵਿਚ ਤੁਹਾਡੀ ਹਾਜ਼ਰੀ ਉੱਤੇ ਕੀ ਅਸਰ ਪਵੇਗਾ?

▪ ਕੀ ਤੁਸੀਂ ‘ਚੰਗ ਚੰਗੇਰੀਆਂ ਗੱਲਾਂ’ ਨੂੰ ਅਹਿਮੀਅਤ ਦਿੱਤੀ ਹੈ?

▪ ਕੀ ਤੁਹਾਨੂੰ ਆਪਣਾ ਇਹ ਭਰੋਸਾ ਪੱਕਾ ਕਰਨ ਦੀ ਲੋੜ ਹੈ ਕਿ ਯਹੋਵਾਹ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ?

ਨੌਕਰੀ

▪ ਕੀ ਨੌਕਰੀ ਤੋਂ ਬਾਅਦ ਤੁਹਾਡੇ ਕੋਲ “ਅਨੰਦ” ਕਰਨ ਅਤੇ ‘ਆਪੋ ਆਪਣੇ ਧੰਦੇ ਦਾ ਲਾਭ ਭੋਗਣ’ ਲਈ ਸਮਾਂ ਬਚਦਾ ਹੈ?

▪ ਕੀ ਤੁਹਾਡੇ ਕੋਲ ਪਰਿਵਾਰ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਪਰਮੇਸ਼ੁਰ ਦੇ ਕੰਮ ਕਰਨ ਲਈ ਕਾਫ਼ੀ ਸਰੀਰਕ ਤੇ ਭਾਵਾਤਮਕ ਤਾਕਤ ਬਚਦੀ ਹੈ?

▪ ਕੀ ਤੁਸੀਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਕਾਫ਼ੀ ਸਮਾਂ ਕੱਢਦੇ ਹੋ?

▪ ਕੀ ਤੁਸੀਂ ਕੰਮ ਵਿਚ ਇੰਨਾ ਰੁੱਝ ਗਏ ਹੋ ਕਿ ਪਰਮੇਸ਼ੁਰ ਦੇ ਕੰਮਾਂ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਹੈ?

▪ ਕੀ ਇਸ ਦਾ ਤੁਹਾਡੇ ਭਾਸ਼ਣਾਂ ਦੀ ਕੁਆਲਿਟੀ ਉੱਤੇ ਕੋਈ ਅਸਰ ਪਿਆ ਹੈ?

[ਸਫ਼ਾ 30 ਉੱਤੇ ਤਸਵੀਰ]

ਯਹੋਵਾਹ ਨੇ ਬਾਰੂਕ ਨੂੰ ਚੇਤਾਵਨੀ ਦਿੱਤੀ ਕਿ ਉਹ ਵੱਡੀਆਂ-ਵੱਡੀਆਂ ਚੀਜ਼ਾਂ ਨਾ ਭਾਲੇ