Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

60 ਸਾਲਾਂ ਤੋਂ ਜ਼ਿਆਦਾ ਉਮਰ ਦੀ ਇਕ ਔਰਤ ਨੇ ਮੂਰਤੀ-ਪੂਜਾ ਕਰਨੀ ਕਿਉਂ ਛੱਡ ਦਿੱਤੀ? ਸ਼ਿੰਟੋ ਧਰਮ ਦੇ ਇਕ ਪੁਜਾਰੀ ਨੇ ਮੰਦਰ ਵਿਚ ਕੰਮ ਕਰਨਾ ਛੱਡ ਕੇ ਮਸੀਹੀ ਧਰਮ ਕਿਉਂ ਅਪਣਾ ਲਿਆ? ਇਕ ਔਰਤ ਜਿਸ ਨੂੰ ਪੈਦਾ ਹੋਣ ਤੋਂ ਬਾਅਦ ਗੋਦ ਲੈ ਲਿਆ ਗਿਆ ਸੀ, ਉਹ ਠੁਕਰਾਏ ਜਾਣ ਦੇ ਅਹਿਸਾਸ ਤੋਂ ਬਾਹਰ ਕਿਵੇਂ ਨਿਕਲੀ? ਆਓ ਇਨ੍ਹਾਂ ਲੋਕਾਂ ਦੀ ਕਹਾਣੀ ਇਨ੍ਹਾਂ ਦੀ ਜ਼ਬਾਨੀ ਸੁਣੀਏ।

“ਹੁਣ ਮੈਂ ਮੂਰਤੀਆਂ ਦੀ ਗ਼ੁਲਾਮ ਨਹੀਂ।”—ਆਬਾ ਡਾਂਸੂ

ਜਨਮ: 1938

ਦੇਸ਼: ਬੇਨਿਨ

ਅਤੀਤ: ਮੂਰਤੀ-ਪੂਜਕ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਜਨਮ ਇਕ ਪਿੰਡ ਵਿਚ ਹੋਇਆ। ਇਹ ਇਕ ਝੀਲ ਦੇ ਕੰਢੇ ਦਲਦਲੀ ਇਲਾਕੇ ਵਿਚ ਪੈਂਦਾ ਹੈ। ਇਸ ਪਿੰਡ ਦੇ ਲੋਕ ਮੱਛੀਆਂ ਫੜਦੇ ਹਨ ਅਤੇ ਗਾਂਵਾਂ-ਬਲਦ, ਬੱਕਰੀਆਂ, ਭੇਡਾਂ, ਸੂਰ ਤੇ ਪੰਛੀ ਪਾਲਦੇ ਹਨ। ਇਸ ਇਲਾਕੇ ਵਿਚ ਸੜਕਾਂ ਨਹੀਂ ਹਨ, ਇਸ ਲਈ ਲੋਕ ਆਉਣ-ਜਾਣ ਲਈ ਕਿਸ਼ਤੀਆਂ ਵਰਤਦੇ ਹਨ। ਲੋਕ ਆਮ ਤੌਰ ਤੇ ਆਪਣੇ ਘਰ ਲੱਕੜ ਅਤੇ ਘਾਹ-ਫੂਸ ਦੇ ਬਣਾਉਂਦੇ ਹਨ, ਪਰ ਕੁਝ ਲੋਕ ਇੱਟਾਂ ਵੀ ਇਸਤੇਮਾਲ ਕਰਦੇ ਹਨ। ਇੱਥੋਂ ਦੇ ਜ਼ਿਆਦਾਤਰ ਲੋਕ ਗ਼ਰੀਬ ਹਨ। ਫਿਰ ਵੀ ਸ਼ਹਿਰ ਦੇ ਮੁਕਾਬਲੇ ਇੱਥੇ ਘੱਟ ਅਪਰਾਧ ਹੁੰਦੇ ਹਨ।

ਜਦੋਂ ਮੈਂ ਛੋਟੀ ਸੀ, ਤਾਂ ਮੇਰੇ ਡੈਡੀ ਨੇ ਮੈਨੂੰ ਤੇ ਮੇਰੀ ਭੈਣ ਨੂੰ ਉਸ ਸਕੂਲ ਭੇਜ ਦਿੱਤਾ ਜਿੱਥੇ ਸਾਡੇ ਰਵਾਇਤੀ ਵਿਸ਼ਵਾਸਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ। ਉੱਥੇ ਸਾਨੂੰ ਇੱਦਾਂ ਦੀਆਂ ਚੀਜ਼ਾਂ ਦੀ ਭਗਤੀ ਕਰਨੀ ਸਿਖਾਈ ਗਈ ਜਿਨ੍ਹਾਂ ਬਾਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਵਿਚ ਕੋਈ ਜਾਦੂਈ ਤਾਕਤ ਹੈ ਜਾਂ ਕੋਈ ਦੇਵੀ-ਦੇਵਤਾ ਸਮਾਇਆ ਹੋਇਆ ਹੈ। ਜਦੋਂ ਮੈਂ ਵੱਡੀ ਹੋਈ, ਤਾਂ ਮੈਂ ਡੂਡੂਆ (ਓਡੂਡੂਵਾ) ਦੇਵਤੇ ਦੀ ਪੂਜਾ ਕਰਨ ਲੱਗ ਪਈ ਜਿਸ ਨੂੰ ਯੋਰੱਬਾ ਸਭਿਆਚਾਰ ਦੇ ਲੋਕ ਮੰਨਦੇ ਹਨ। ਮੈਂ ਉਸ ਦੇਵਤੇ ਲਈ ਇਕ ਮੰਦਰ ਬਣਾਇਆ। ਮੈਂ ਇੱਥੇ ਬਾਕਾਇਦਾ ਸ਼ਕਰਕੰਦੀਆਂ, ਪਾਮ ਦਾ ਤੇਲ, ਘੋਗੇ, ਮੁਰਗੀਆਂ, ਘੁੱਗੀਆਂ ਅਤੇ ਹੋਰ ਜਾਨਵਰ ਚੜ੍ਹਾਉਂਦੀ ਸੀ। ਇਹ ਸਾਰਾ ਕੁਝ ਬਹੁਤ ਮਹਿੰਗਾ ਹੁੰਦਾ ਸੀ ਤੇ ਇਨ੍ਹਾਂ ਨੂੰ ਖ਼ਰੀਦਣ ਵਿਚ ਅਕਸਰ ਮੇਰੇ ਸਾਰੇ ਪੈਸੇ ਖ਼ਰਚ ਹੋ ਜਾਂਦੇ ਸਨ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਜਦੋਂ ਮੈਂ ਬਾਈਬਲ ਤੋਂ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਸਿੱਖਿਆ ਕਿ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਮੈਂ ਇਹ ਵੀ ਸਿੱਖਿਆ ਕਿ ਉਹ ਅਜਿਹੀ ਭਗਤੀ ਕਬੂਲ ਨਹੀਂ ਕਰਦਾ ਜਿਸ ਵਿਚ ਮੂਰਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। (ਕੂਚ 20:4, 5; 1 ਕੁਰਿੰਥੀਆਂ 10:14) ਮੈਂ ਸਮਝ ਗਈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਆਪਣੀਆਂ ਸਾਰੀਆਂ ਮੂਰਤੀਆਂ ਸੁੱਟ ਦਿੱਤੀਆਂ ਅਤੇ ਮੂਰਤੀ-ਪੂਜਾ ਨਾਲ ਜੁੜੀ ਹਰ ਚੀਜ਼ ਆਪਣੇ ਘਰੋਂ ਕੱਢ ਦਿੱਤੀ। ਮੈਂ ਪੁੱਛਾਂ ਪੁਆਉਣੀਆਂ ਬੰਦ ਕਰ ਦਿੱਤੀਆਂ ਅਤੇ ਮੌਤ ਤੋਂ ਬਾਅਦ ਕੀਤੇ ਜਾਂਦੇ ਰੀਤੀ-ਰਿਵਾਜ ਅਤੇ ਹੋਰ ਰਸਮਾਂ ਨਿਭਾਉਣੀਆਂ ਵੀ ਛੱਡ ਦਿੱਤੀਆਂ।

ਇੰਨੀ ਉਮਰ ਵਿਚ ਮੇਰੇ ਲਈ ਇੱਦਾਂ ਦੀਆਂ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਸਨ। ਮੇਰੇ ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਮੇਰਾ ਵਿਰੋਧ ਕੀਤਾ ਅਤੇ ਮੇਰਾ ਮਜ਼ਾਕ ਉਡਾਇਆ। ਪਰ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਹੀ ਰਾਹ ’ਤੇ ਚੱਲਣ ਵਿਚ ਮੇਰੀ ਮਦਦ ਕਰੇ। ਮੈਨੂੰ ਕਹਾਉਤਾਂ 18:10 ਵਿਚ ਲਿਖੀ ਇਸ ਗੱਲ ਤੋਂ ਬਹੁਤ ਹੌਸਲਾ ਮਿਲਿਆ: “ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ। ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।”

ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਨਾਲ ਵੀ ਮੇਰੀ ਬਹੁਤ ਮਦਦ ਹੋਈ। ਉੱਥੇ ਮੈਂ ਦੇਖਿਆ ਕਿ ਸਾਰੇ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਨਾਲੇ ਮੈਂ ਇਸ ਗੱਲੋਂ ਵੀ ਬਹੁਤ ਪ੍ਰਭਾਵਿਤ ਹੋਈ ਕਿ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹ ਸਭ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਸਿਰਫ਼ ਯਹੋਵਾਹ ਦੇ ਗਵਾਹਾਂ ਦਾ ਧਰਮ ਹੀ ਸੱਚਾ ਹੈ।

ਅੱਜ ਮੇਰੀ ਜ਼ਿੰਦਗੀ: ਬਾਈਬਲ ਦੇ ਅਸੂਲਾਂ ’ਤੇ ਚੱਲਣ ਕਰਕੇ ਅੱਜ ਮੇਰਾ ਆਪਣੇ ਬੱਚਿਆਂ ਨਾਲ ਵਧੀਆ ਰਿਸ਼ਤਾ ਹੈ। ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੇਰੇ ਮੋਢਿਆਂ ਤੋਂ ਭਾਰੀ ਬੋਝ ਲਹਿ ਗਿਆ ਹੋਵੇ। ਪਹਿਲਾਂ ਮੈਂ ਬੇਜਾਨ ਮੂਰਤੀਆਂ ’ਤੇ ਆਪਣਾ ਸਾਰਾ ਪੈਸਾ ਲਾ ਦਿੰਦੀ ਸੀ ਜਿਨ੍ਹਾਂ ਤੋਂ ਮੈਨੂੰ ਕੋਈ ਫ਼ਾਇਦਾ ਨਹੀਂ ਸੀ ਹੁੰਦਾ। ਪਰ ਹੁਣ ਮੈਂ ਯਹੋਵਾਹ ਦੀ ਭਗਤੀ ਕਰਦੀ ਹਾਂ ਜਿਸ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। (ਪ੍ਰਕਾਸ਼ ਦੀ ਕਿਤਾਬ 21:3, 4) ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੈਂ ਮੂਰਤੀਆਂ ਦੀ ਗ਼ੁਲਾਮ ਨਹੀਂ, ਸਗੋਂ ਯਹੋਵਾਹ ਦੀ ਗ਼ੁਲਾਮੀ ਕਰਦੀ ਹਾਂ। ਉਸ ਦੇ ਪਰਾਂ ਹੇਠ ਮੈਂ ਬਿਲਕੁਲ ਸੁਰੱਖਿਅਤ ਮਹਿਸੂਸ ਕਰਦੀ ਹਾਂ।

“ਮੈਂ ਬਚਪਨ ਤੋਂ ਹੀ ਰੱਬ ਨੂੰ ਲੱਭ ਰਿਹਾ ਸੀ।”​ਸ਼ਿੰਜੀ ਸਾਟੋ

ਜਨਮ: 1951

ਦੇਸ਼: ਜਪਾਨ

ਅਤੀਤ: ਸ਼ਿੰਟੋ ਧਰਮ ਦਾ ਪੁਜਾਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਫੂਕੂਔਕਾ ਇਲਾਕੇ ਦੇ ਇਕ ਪਿੰਡ ਵਿਚ ਵੱਡਾ ਹੋਇਆ। ਮੇਰੇ ਮਾਪੇ ਬਹੁਤ ਧਾਰਮਿਕ ਖ਼ਿਆਲਾਂ ਦੇ ਸਨ। ਉਨ੍ਹਾਂ ਨੇ ਬਚਪਨ ਤੋਂ ਹੀ ਮੈਨੂੰ ਸ਼ਿੰਟੋ ਧਰਮ ਦੇ ਦੇਵਤਿਆਂ ਦੀ ਭਗਤੀ ਕਰਨੀ ਸਿਖਾਈ। ਛੋਟੇ ਹੁੰਦਿਆਂ ਮੈਂ ਅਕਸਰ ਆਪਣੀ ਮੁਕਤੀ ਬਾਰੇ ਸੋਚਦਾ ਹੁੰਦਾ ਸੀ ਅਤੇ ਮੇਰੀ ਦਿਲੀ ਇੱਛਾ ਸੀ ਕਿ ਮੈਂ ਦੁੱਖਾਂ ਦੇ ਮਾਰੇ ਲੋਕਾਂ ਦੀ ਮਦਦ ਕਰਾਂ। ਮੈਨੂੰ ਯਾਦ ਹੈ ਜਦੋਂ ਮੈਂ ਪ੍ਰਾਇਮਰੀ ਸਕੂਲ ਵਿਚ ਸੀ, ਤਾਂ ਸਾਡੇ ਅਧਿਆਪਕ ਨੇ ਸਾਡੇ ਤੋਂ ਪੁੱਛਿਆ ਕਿ ਅਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹਾਂ। ਮੇਰੀ ਕਲਾਸ ਦੇ ਨਿਆਣਿਆਂ ਦੇ ਵੱਡੇ-ਵੱਡੇ ਸੁਪਨੇ ਸੀ ਜਿਵੇਂ ਵਿਗਿਆਨੀ ਬਣਨਾ ਵਗੈਰਾ। ਪਰ ਮੈਂ ਦੱਸਿਆ ਕਿ ਮੈਂ ਵੱਡਾ ਹੋ ਕੇ ਰੱਬ ਦੀ ਸੇਵਾ ਕਰਨੀ ਚਾਹੁੰਦਾ ਹਾਂ। ਇਹ ਸੁਣ ਕੇ ਸਾਰੇ ਜਣੇ ਮੇਰੇ ’ਤੇ ਹੱਸਣ ਲੱਗ ਪਏ।

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਇਕ ਸਕੂਲ ਵਿਚ ਦਾਖ਼ਲਾ ਲੈ ਲਿਆ ਜਿੱਥੇ ਧਾਰਮਿਕ ਸਿੱਖਿਅਕ ਬਣਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਉਸ ਦੌਰਾਨ ਮੈਂ ਸ਼ਿੰਟੋ ਧਰਮ ਦੇ ਇਕ ਪੁਜਾਰੀ ਨੂੰ ਮਿਲਿਆ ਜਿਹੜਾ ਆਪਣੇ ਵਿਹਲੇ ਸਮੇਂ ਵਿਚ ਕਾਲੀ ਜਿਲਦ ਵਾਲੀ ਇਕ ਕਿਤਾਬ ਪੜ੍ਹਦਾ ਹੁੰਦਾ ਸੀ। ਇਕ ਦਿਨ ਉਸ ਨੇ ਮੈਨੂੰ ਪੁੱਛਿਆ: “ਸਾਟੋ, ਤੈਨੂੰ ਪਤਾ ਇਹ ਕਿਹੜੀ ਕਿਤਾਬ ਆ?” ਮੈਂ ਕਿਤਾਬ ਦੀ ਜਿਲਦ ਦੇਖ ਲਈ ਸੀ, ਇਸ ਕਰਕੇ ਮੈਂ ਕਿਹਾ: “ਬਾਈਬਲ।” ਫਿਰ ਉਸ ਨੇ ਕਿਹਾ: “ਜੇ ਕੋਈ ਸ਼ਿੰਟੋ ਧਰਮ ਦਾ ਪੁਜਾਰੀ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।”

ਮੈਂ ਫਟਾਫਟ ਬਾਹਰ ਜਾ ਕੇ ਇਕ ਬਾਈਬਲ ਖ਼ਰੀਦ ਲਈ। ਫਿਰ ਮੈਂ ਇਸ ਨੂੰ ਆਪਣੀ ਕਿਤਾਬਾਂ ਵਾਲੀ ਸ਼ੈਲਫ ’ਤੇ ਬਿਲਕੁਲ ਸਾਮ੍ਹਣੇ ਟਿਕਾ ਕੇ ਰੱਖ ਲਿਆ। ਪਰ ਮੈਨੂੰ ਇਸ ਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਾ ਕਿਉਂਕਿ ਮੈਨੂੰ ਸਕੂਲ ਦੀ ਪੜ੍ਹਾਈ ਤੋਂ ਵਿਹਲ ਹੀ ਨਹੀਂ ਮਿਲਦੀ ਸੀ। ਜਦੋਂ ਮੈਂ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰ ਲਈ, ਤਾਂ ਮੈਂ ਸ਼ਿੰਟੋ ਧਰਮ ਦੇ ਇਕ ਮੰਦਰ ਵਿਚ ਪੁਜਾਰੀ ਵਜੋਂ ਸੇਵਾ ਕਰਨ ਲੱਗਾ। ਇੱਦਾਂ ਮੇਰਾ ਬਚਪਨ ਦਾ ਸੁਪਨਾ ਪੂਰਾ ਹੋ ਗਿਆ।

ਪਰ ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਸ਼ਿੰਟੋ ਧਰਮ ਦੇ ਪੁਜਾਰੀ ਉੱਦਾਂ ਦੇ ਕੰਮ ਨਹੀਂ ਕਰਦੇ ਸਨ ਜਿੱਦਾਂ ਮੈਂ ਸੋਚਿਆ ਸੀ। ਜ਼ਿਆਦਾਤਰ ਪੁਜਾਰੀ ਨਾ ਤਾਂ ਦੂਜਿਆਂ ਨਾਲ ਪਿਆਰ ਕਰਦੇ ਸਨ ਤੇ ਨਾ ਹੀ ਉਨ੍ਹਾਂ ਦੀ ਪਰਵਾਹ ਕਰਦੇ ਸਨ। ਬਹੁਤ ਸਾਰੇ ਪੁਜਾਰੀਆਂ ਵਿਚ ਨਿਹਚਾ ਦੀ ਘਾਟ ਸੀ। ਮੇਰੇ ਤੋਂ ਵੱਡੇ ਪੁਜਾਰੀ ਨੇ ਤਾਂ ਇੱਥੋਂ ਤਕ ਕਿਹਾ: “ਜੇ ਤੂੰ ਕਾਮਯਾਬ ਹੋਣਾ ਚਾਹੁੰਦਾ ਹੈ, ਤਾਂ ਤੈਨੂੰ ਸਿਰਫ਼ ਫ਼ਲਸਫ਼ਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ, ਧਰਮ ਬਾਰੇ ਗੱਲ ਕਰਨੀ ਮਨ੍ਹਾ ਹੈ।”

ਇਹ ਸਭ ਦੇਖ ਕੇ ਮੈਂ ਸ਼ਿੰਟੋ ਧਰਮ ਤੋਂ ਨਿਰਾਸ਼ ਹੋ ਗਿਆ। ਭਾਵੇਂ ਕਿ ਮੈਂ ਮੰਦਰ ਵਿਚ ਸੇਵਾ ਕਰਦਾ ਰਿਹਾ, ਪਰ ਇਸ ਦੇ ਨਾਲ-ਨਾਲ ਮੈਂ ਦੂਜੇ ਧਰਮਾਂ ਬਾਰੇ ਵੀ ਜਾਣਕਾਰੀ ਲੈਣ ਲੱਗ ਪਿਆ। ਪਰ ਉਹ ਸਾਰੇ ਵੀ ਤਕਰੀਬਨ ਸ਼ਿੰਟੋ ਧਰਮ ਵਰਗੇ ਹੀ ਸਨ। ਮੈਂ ਜਿੰਨੇ ਜ਼ਿਆਦਾ ਧਰਮਾਂ ਦੀ ਜਾਂਚ ਕੀਤੀ, ਮੈਂ ਉੱਨਾ ਹੀ ਨਿਰਾਸ਼ ਹੁੰਦਾ ਗਿਆ। ਮੈਨੂੰ ਲੱਗਾ ਕਿ ਕਿਸੇ ਵੀ ਧਰਮ ਵਿਚ ਸੱਚਾਈ ਨਹੀਂ ਹੈ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: 1988 ਵਿਚ ਮੈਂ ਬੁੱਧ ਧਰਮ ਦੇ ਇਕ ਆਦਮੀ ਨੂੰ ਮਿਲਿਆ ਜਿਸ ਨੇ ਮੈਨੂੰ ਬਾਈਬਲ ਪੜ੍ਹਨ ਲਈ ਕਿਹਾ। ਉਦੋਂ ਮੈਨੂੰ ਸ਼ਿੰਟੋ ਧਰਮ ਦਾ ਉਹ ਪੁਜਾਰੀ ਯਾਦ ਆਇਆ ਜਿਸ ਨੇ ਮੈਨੂੰ ਬਾਈਬਲ ਪੜ੍ਹਨ ਲਈ ਕਿਹਾ ਸੀ। ਇਸ ਲਈ ਮੈਂ ਬਾਈਬਲ ਪੜ੍ਹਨ ਦਾ ਫ਼ੈਸਲਾ ਕੀਤਾ। ਜਦੋਂ ਮੈਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਤਾਂ ਮੈਨੂੰ ਮਜ਼ਾ ਆਉਣ ਲੱਗਾ। ਕਦੀ-ਕਦੀ ਮੈਂ ਰਾਤ ਨੂੰ ਪੜ੍ਹਨਾ ਸ਼ੁਰੂ ਕਰਦਾ ਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਸਵੇਰ ਹੋ ਜਾਂਦੀ ਸੀ।

ਇਸ ਨੂੰ ਪੜ੍ਹ ਕੇ ਮੈਨੂੰ ਹੱਲਾਸ਼ੇਰੀ ਮਿਲੀ ਕਿ ਮੈਂ ਉਸ ਰੱਬ ਨੂੰ ਪ੍ਰਾਰਥਨਾ ਕਰਾਂ ਜਿਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ। ਸ਼ੁਰੂ-ਸ਼ੁਰੂ ਵਿਚ ਮੈਂ ਉਹ ਪ੍ਰਾਰਥਨਾ ਕਰਦਾ ਹੁੰਦਾ ਸੀ ਜਿਹੜੀ ਮੱਤੀ 6:9-13 ਵਿਚ ਲਿਖੀ ਹੈ। ਮੈਂ ਹਰ ਦੋ ਘੰਟਿਆਂ ਬਾਅਦ ਇਹ ਪ੍ਰਾਰਥਨਾ ਦੁਹਰਾਉਂਦਾ ਹੁੰਦਾ ਸੀ। ਉਦੋਂ ਵੀ ਜਦੋਂ ਮੈਂ ਮੰਦਰ ਵਿਚ ਕੰਮ ਕਰ ਰਿਹਾ ਹੁੰਦਾ ਸੀ।

ਮੈਂ ਜੋ ਕੁਝ ਪੜ੍ਹ ਰਿਹਾ ਸੀ, ਉਸ ਬਾਰੇ ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਸਨ। ਉਦੋਂ ਤਕ ਮੇਰਾ ਵਿਆਹ ਹੋ ਗਿਆ ਸੀ ਤੇ ਮੈਨੂੰ ਪਤਾ ਸੀ ਕਿ ਯਹੋਵਾਹ ਦੇ ਗਵਾਹ ਬਾਈਬਲ ਬਾਰੇ ਸਿਖਾਉਂਦੇ ਹਨ ਕਿਉਂਕਿ ਉਹ ਪਹਿਲਾਂ ਮੇਰੀ ਘਰਵਾਲੀ ਨੂੰ ਮਿਲਣ ਆਏ ਸਨ। ਮੈਂ ਇਕ ਯਹੋਵਾਹ ਦੀ ਗਵਾਹ ਨੂੰ ਲੱਭਿਆ ਅਤੇ ਉਸ ’ਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਮੈਂ ਇਹ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਕਿ ਉਸ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ। ਫਿਰ ਉਸ ਨੇ ਇੰਤਜ਼ਾਮ ਕੀਤਾ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਸਕਾਂ।

ਫਿਰ ਥੋੜ੍ਹੇ ਸਮੇਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸ ਵੇਲੇ ਅਹਿਸਾਸ ਨਹੀਂ ਹੋਇਆ, ਪਰ ਉੱਥੇ ਕੁਝ ਅਜਿਹੇ ਗਵਾਹ ਮੌਜੂਦ ਸਨ ਜਿਨ੍ਹਾਂ ਨੂੰ ਮੈਂ ਪਹਿਲਾਂ ਬੁਰਾ-ਭਲਾ ਕਿਹਾ ਸੀ। ਇਸ ਦੇ ਬਾਵਜੂਦ, ਉਹ ਮੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਏ ਅਤੇ ਮੇਰਾ ਸੁਆਗਤ ਕੀਤਾ।

ਉਨ੍ਹਾਂ ਮੀਟਿੰਗਾਂ ਵਿਚ ਮੈਂ ਸਿੱਖਿਆ ਕਿ ਰੱਬ ਚਾਹੁੰਦਾ ਹੈ ਕਿ ਪਤੀ ਆਪਣੇ ਪਰਿਵਾਰ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਣ। ਪਹਿਲਾਂ ਤਾਂ ਮੈਂ ਪੁਜਾਰੀ ਦੇ ਕੰਮ ਵਿਚ ਇੰਨਾ ਰੁੱਝਿਆ ਰਹਿੰਦਾ ਸੀ ਕਿ ਮੈਂ ਆਪਣੀ ਪਤਨੀ ਅਤੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਮੈਨੂੰ ਫ਼ੌਰਨ ਅਹਿਸਾਸ ਹੋ ਗਿਆ ਕਿ ਮੰਦਰ ਵਿਚ ਆਉਣ ਵਾਲੇ ਲੋਕਾਂ ਦੀਆਂ ਗੱਲਾਂ ਤਾਂ ਮੈਂ ਬੜੇ ਧਿਆਨ ਨਾਲ ਸੁਣਦਾ ਸੀ, ਪਰ ਮੈਂ ਆਪਣੀ ਪਤਨੀ ਦੇ ਦਿਲ ਦੀ ਗੱਲ ਕਦੀ ਨਹੀਂ ਸੁਣੀ।

ਜਿੱਦਾਂ-ਜਿੱਦਾਂ ਮੈਂ ਬਾਈਬਲ ਦੀ ਸਟੱਡੀ ਕੀਤੀ, ਮੈਂ ਯਹੋਵਾਹ ਪਰਮੇਸ਼ੁਰ ਬਾਰੇ ਬਹੁਤ ਕੁਝ ਸਿੱਖਿਆ ਜਿਸ ਕਰਕੇ ਮੈਂ ਉਸ ਦੇ ਹੋਰ ਵੀ ਨੇੜੇ ਹੁੰਦਾ ਗਿਆ। ਕੁਝ ਆਇਤਾਂ ਨੇ ਖ਼ਾਸ ਕਰਕੇ ਮੇਰੇ ਦਿਲ ਨੂੰ ਛੂਹ ਲਿਆ, ਜਿੱਦਾਂ ਕਿ ਰੋਮੀਆਂ 10:13 ਜਿੱਥੇ ਲਿਖਿਆ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” ਮੈਂ ਬਚਪਨ ਤੋਂ ਰੱਬ ਨੂੰ ਲੱਭ ਰਿਹਾ ਸੀ ਤੇ ਅਖ਼ੀਰ ਉਹ ਮੈਨੂੰ ਮਿਲ ਹੀ ਗਿਆ।

ਹੁਣ ਜਦੋਂ ਮੈਂ ਮੰਦਰ ਜਾਂਦਾ ਸੀ, ਤਾਂ ਮੈਨੂੰ ਸਾਰਾ ਕੁਝ ਅਜੀਬ ਜਿਹਾ ਲੱਗਦਾ ਸੀ। ਸ਼ੁਰੂ-ਸ਼ੁਰੂ ਵਿਚ ਮੈਂ ਇਹ ਸੋਚ ਕੇ ਪਰੇਸ਼ਾਨ ਹੁੰਦਾ ਸੀ ਕਿ ਜੇ ਮੈਂ ਸ਼ਿੰਟੋ ਧਰਮ ਛੱਡ ਦਿੱਤਾ, ਤਾਂ ਲੋਕ ਕੀ ਕਹਿਣਗੇ। ਪਰ ਮੈਂ ਹਮੇਸ਼ਾ ਤੋਂ ਆਪਣੇ ਆਪ ਨੂੰ ਇਹੀ ਕਹਿੰਦਾ ਆਇਆ ਸੀ ਕਿ ਜੇ ਮੈਨੂੰ ਸੱਚਾ ਧਰਮ ਮਿਲ ਗਿਆ, ਤਾਂ ਮੈਂ ਇਹ ਧਰਮ ਛੱਡ ਦੇਣਾ। ਇਸ ਲਈ 1989 ਦੀ ਬਸੰਤ ਵਿਚ ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੀ ਜ਼ਮੀਰ ਦੀ ਗੱਲ ਸੁਣਾਂਗਾ। ਮੈਂ ਮੰਦਰ ਛੱਡ ਦਿੱਤਾ ਤੇ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤਾ।

ਮੰਦਰ ਛੱਡਣਾ ਸੌਖਾ ਨਹੀਂ ਸੀ। ਮੇਰੇ ਤੋਂ ਵੱਡੇ ਪੁਜਾਰੀਆਂ ਨੇ ਮੈਨੂੰ ਝਿੜਕਿਆ ਅਤੇ ਮੇਰੇ ’ਤੇ ਜ਼ੋਰ ਪਾਇਆ ਕਿ ਮੈਂ ਮੰਦਰ ਨਾ ਛੱਡਾਂ। ਪਰ ਇਸ ਤੋਂ ਵੀ ਔਖਾ ਸੀ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਣਾ। ਜਦੋਂ ਮੈਂ ਉਨ੍ਹਾਂ ਦੇ ਘਰ ਜਾ ਰਿਹਾ ਸੀ, ਤਾਂ ਮੈਂ ਇੰਨਾ ਘਬਰਾਇਆ ਹੋਇਆ ਸੀ ਕਿ ਡਰ ਦੇ ਮਾਰੇ ਮੇਰੇ ਸੀਨੇ ਵਿਚ ਦਰਦ ਹੋ ਰਿਹਾ ਸੀ ਤੇ ਮੇਰੀਆਂ ਲੱਤਾਂ ਵਿਚ ਬਿਲਕੁਲ ਵੀ ਜਾਨ ਨਹੀਂ ਸੀ। ਮੈਂ ਰਾਹ ਵਿਚ ਕਈ ਵਾਰ ਰੁਕਿਆ ਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਹਿੰਮਤ ਦੇਵੇ।

ਜਦੋਂ ਮੈਂ ਆਪਣੇ ਮਾਪਿਆਂ ਦੇ ਘਰ ਪਹੁੰਚਿਆ, ਤਾਂ ਮੈਂ ਇਸ ਬਾਰੇ ਗੱਲ ਕਰਨੋਂ ਬਹੁਤ ਘਬਰਾ ਰਿਹਾ ਸੀ। ਕਈ ਘੰਟੇ ਲੰਘ ਗਏ। ਅਖ਼ੀਰ ਬੜੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਮੈਂ ਆਪਣੇ ਡੈਡੀ ਨੂੰ ਸਾਰਾ ਕੁਝ ਦੱਸ ਦਿੱਤਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਸੱਚਾ ਪਰਮੇਸ਼ੁਰ ਮਿਲ ਗਿਆ ਹੈ ਅਤੇ ਉਸ ਦੀ ਭਗਤੀ ਕਰਨ ਲਈ ਮੈਂ ਸ਼ਿੰਟੋ ਧਰਮ ਛੱਡ ਰਿਹਾ ਹਾਂ। ਮੇਰੇ ਡੈਡੀ ਨੂੰ ਇਸ ਗੱਲ ਦਾ ਧੱਕਾ ਲੱਗਾ ਅਤੇ ਉਹ ਬਹੁਤ ਦੁਖੀ ਹੋ ਗਏ। ਮੇਰੇ ਦੂਸਰੇ ਰਿਸ਼ਤੇਦਾਰ ਵੀ ਉੱਥੇ ਆ ਗਏ ਅਤੇ ਮੇਰਾ ਮਨ ਬਦਲਣ ਦੀ ਕੋਸ਼ਿਸ਼ ਕਰਨ ਲੱਗੇ। ਮੈਂ ਆਪਣੇ ਪਰਿਵਾਰ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਸੀ, ਪਰ ਮੈਨੂੰ ਇਹ ਵੀ ਪਤਾ ਸੀ ਕਿ ਮੈਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਸਹੀ ਕੰਮ ਕਰ ਰਿਹਾ ਹਾਂ। ਸਮੇਂ ਦੇ ਬੀਤਣ ਨਾਲ ਮੇਰਾ ਪਰਿਵਾਰ ਮੇਰੇ ਇਸ ਫ਼ੈਸਲੇ ਨਾਲ ਸਹਿਮਤ ਹੋ ਗਿਆ।

ਵੈਸੇ ਤਾਂ ਮੈਂ ਮੰਦਰ ਛੱਡ ਦਿੱਤਾ ਸੀ, ਪਰ ਇਸ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢਣਾ ਬਹੁਤ ਔਖਾ ਸੀ। ਮੇਰੀ ਸਾਰੀ ਜ਼ਿੰਦਗੀ ਇਸ ਦੇ ਦੁਆਲੇ ਹੀ ਘੁੰਮਦੀ ਸੀ। ਮੈਂ ਇਸ ਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਂ ਜਿੱਥੇ ਵੀ ਜਾਂਦਾ ਸੀ ਮੈਨੂੰ ਕੁਝ ਇੱਦਾਂ ਦਾ ਦਿਸਦਾ ਸੀ ਜਿਸ ਤੋਂ ਮੈਨੂੰ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਸਨ।

ਦੋ ਗੱਲਾਂ ਨੇ ਮੇਰੀ ਬਹੁਤ ਮਦਦ ਕੀਤੀ। ਇਕ ਤਾਂ ਇਹ ਕਿ ਮੈਂ ਆਪਣੇ ਘਰ ਵਿੱਚੋਂ ਸ਼ਿੰਟੋ ਧਰਮ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਕੱਢ ਦਿੱਤੀਆਂ। ਫਿਰ ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾੜ ਦਿੱਤਾ ਜਿਵੇਂ ਕਿਤਾਬਾਂ, ਤਸਵੀਰਾਂ, ਇੱਥੋਂ ਤਕ ਕਿ ਮਹਿੰਗੀਆਂ ਚੀਜ਼ਾਂ ਨੂੰ ਵੀ। ਦੂਸਰੀ ਗੱਲ ਜਿਸ ਨੇ ਮੇਰੀ ਮਦਦ ਕੀਤੀ, ਉਹ ਸੀ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਯਹੋਵਾਹ ਦੇ ਗਵਾਹਾਂ ਨਾਲ ਬਿਤਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਦੋਸਤੀ ਅਤੇ ਸਾਥ ਕਰਕੇ ਮੈਨੂੰ ਬਹੁਤ ਫ਼ਾਇਦਾ ਹੋਇਆ। ਹੌਲੀ-ਹੌਲੀ ਪੁਰਾਣੀਆਂ ਯਾਦਾਂ ਮਿਟਦੀਆਂ ਗਈਆਂ।

ਅੱਜ ਮੇਰੀ ਜ਼ਿੰਦਗੀ: ਮੈਂ ਆਪਣੀ ਪਤਨੀ ਤੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ ਜਿਸ ਕਰਕੇ ਉਹ ਬਹੁਤ ਇਕੱਲੇ ਮਹਿਸੂਸ ਕਰਦੇ ਸਨ। ਪਰ ਫਿਰ ਮੈਂ ਉਨ੍ਹਾਂ ਨਾਲ ਸਮਾਂ ਬਿਤਾਉਣ ਲੱਗਾ ਜਿਵੇਂ ਬਾਈਬਲ ਵਿਚ ਪਤੀਆਂ ਨੂੰ ਕਿਹਾ ਗਿਆ ਹੈ। ਇੱਦਾਂ ਅਸੀਂ ਸਾਰੇ ਇਕ-ਦੂਜੇ ਦੇ ਨੇੜੇ ਆਏ। ਕੁਝ ਸਮੇਂ ਬਾਅਦ ਮੇਰੀ ਪਤਨੀ ਵੀ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਲੱਗੀ। ਹੁਣ ਸਾਡਾ ਮੁੰਡਾ, ਕੁੜੀ ਅਤੇ ਜਵਾਈ ਸਾਡੇ ਨਾਲ ਮਿਲ ਕੇ ਸੱਚੀ ਭਗਤੀ ਕਰ ਰਹੇ ਹਨ।

ਬਚਪਨ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਰੱਬ ਦੀ ਸੇਵਾ ਕਰਾਂ ਅਤੇ ਲੋਕਾਂ ਦੀ ਮਦਦ ਕਰਾਂ। ਮੇਰਾ ਇਹ ਸੁਪਨਾ ਮੇਰੀ ਉਮੀਦ ਤੋਂ ਕਿਤੇ ਵਧ ਕੇ ਪੂਰਾ ਹੋ ਰਿਹਾ ਹੈ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਮੈਂ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹਾਂ!

“ਮੈਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਲੱਗਦੀ ਸੀ।”​—ਲੀਨੈੱਟ ਹੌਟਿੰਗ

ਜਨਮ: 1958

ਦੇਸ਼: ਦੱਖਣੀ ਅਫ਼ਰੀਕਾ

ਅਤੀਤ: ਠੁਕਰਾਏ ਜਾਣ ਦੇ ਅਹਿਸਾਸ ਦੀ ਸ਼ਿਕਾਰ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਜਨਮ ਜਰਮੀਸਟਨ ਸ਼ਹਿਰ ਵਿਚ ਹੋਇਆ ਸੀ। ਇੱਥੇ ਦੇ ਲੋਕ ਨਾ ਤਾਂ ਜ਼ਿਆਦਾ ਅਮੀਰ ਸਨ ਤੇ ਨਾ ਹੀ ਜ਼ਿਆਦਾ ਗ਼ਰੀਬ ਅਤੇ ਇੱਥੇ ਅਪਰਾਧ ਵੀ ਘੱਟ ਹੀ ਹੁੰਦੇ ਸਨ। ਮੇਰੇ ਮਾਪਿਆਂ ਨੂੰ ਲੱਗਾ ਕਿ ਉਹ ਮੇਰੀ ਪਰਵਰਿਸ਼ ਨਹੀਂ ਕਰ ਸਕਣਗੇ। ਇਸ ਲਈ ਉਨ੍ਹਾਂ ਨੇ ਮੈਨੂੰ ਗੋਦ ਦੇਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਸਿਰਫ਼ 14 ਦਿਨਾਂ ਦੀ ਹੀ ਸੀ, ਤਾਂ ਇਕ ਭਲੇਮਾਣਸ ਜੋੜੇ ਨੇ ਮੈਨੂੰ ਗੋਦ ਲੈ ਲਿਆ। ਮੈਂ ਉਨ੍ਹਾਂ ਨੂੰ ਹੀ ਆਪਣੇ ਮੰਮੀ-ਡੈਡੀ ਸਮਝਦੀ ਸੀ। ਪਰ ਜਦੋਂ ਮੈਨੂੰ ਸੱਚਾਈ ਪਤਾ ਲੱਗੀ, ਤਾਂ ਮੇਰੇ ਅੰਦਰ ਇਹ ਅਹਿਸਾਸ ਘਰ ਕਰ ਗਿਆ ਸੀ ਕਿ ਮੈਨੂੰ ਜਨਮ ਦੇਣ ਵਾਲੇ ਮਾਪਿਆਂ ਨੇ ਮੈਨੂੰ ਠੁਕਰਾ ਦਿੱਤਾ ਸੀ। ਮੈਨੂੰ ਇੱਦਾਂ ਲੱਗਣ ਲੱਗਾ ਕਿ ਜਿਨ੍ਹਾਂ ਨੇ ਮੈਨੂੰ ਗੋਦ ਲਿਆ, ਉਹ ਵੀ ਮੇਰੇ ਮਾਪੇ ਨਹੀਂ ਹਨ ਜਿਸ ਕਰਕੇ ਉਹ ਮੈਨੂੰ ਸਮਝਦੇ ਨਹੀਂ।

ਜਦੋਂ ਮੈਂ 16 ਕੁ ਸਾਲਾਂ ਦੀ ਸੀ, ਤਾਂ ਮੈਂ ਸ਼ਰਾਬਖ਼ਾਨਿਆਂ ਵਿਚ ਜਾਣ ਲੱਗ ਪਈ ਜਿੱਥੇ ਮੈਂ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਸੀ ਤੇ ਲਾਈਵ ਮਿਊਜ਼ਿਕ ਸੁਣਦੀ ਸੀ। 17 ਸਾਲਾਂ ਦੀ ਉਮਰ ਵਿਚ ਮੈਂ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ ਮਾਡਲਾਂ ਵਾਂਗ ਪਤਲੀ ਦਿੱਸਣਾ ਚਾਹੁੰਦੀ ਸੀ ਜਿਹੜੀਆਂ ਸਿਗਰਟਾਂ ਦੀਆਂ ਮਸ਼ਹੂਰੀਆਂ ਵਿਚ ਆਉਂਦੀਆਂ ਸਨ। ਜਦੋਂ ਮੈਂ 19 ਸਾਲਾਂ ਦੀ ਹੋਈ, ਤਾਂ ਮੈਂ ਜੋਹਾਨਸਬਰਗ ਵਿਚ ਕੰਮ ਕਰਨ ਲੱਗ ਪਈ। ਉੱਥੇ ਗਈ ਨੂੰ ਮੈਨੂੰ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਮੈਂ ਮਾੜੇ ਲੋਕਾਂ ਦੀ ਸੰਗਤ ਵਿਚ ਪੈ ਗਈ। ਮੈਂ ਗੰਦੀ ਬੋਲੀ ਬੋਲਣੀ, ਜ਼ਿਆਦਾ ਸਿਗਰਟਾਂ ਪੀਣੀਆਂ ਅਤੇ ਛੁੱਟੀ ਵਾਲੇ ਦਿਨ ਬੇਹਿਸਾਬੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਫਿਰ ਵੀ ਸਰੀਰਕ ਤੌਰ ਤੇ ਮੈਂ ਕਾਫ਼ੀ ਚੁਸਤ-ਦਰੁਸਤ ਸੀ। ਮੈਂ ਬਾਕਾਇਦਾ ਕਸਰਤ ਕਰਦੀ ਸੀ, ਫੁਟਬਾਲ ਅਤੇ ਹੋਰ ਖੇਡਾਂ ਖੇਡਦੀ ਸੀ। ਇਸ ਤੋਂ ਇਲਾਵਾ, ਮੈਂ ਬਹੁਤ ਮਿਹਨਤ ਕੀਤੀ ਅਤੇ ਕੰਪਿਊਟਰ ਦੀ ਦੁਨੀਆਂ ਵਿਚ ਨਾਂ ਕਮਾਇਆ। ਇਸ ਤਰ੍ਹਾਂ ਮੈਂ ਕਾਫ਼ੀ ਪੈਸਾ ਕਮਾ ਲਿਆ ਅਤੇ ਬਹੁਤ ਸਾਰੇ ਲੋਕ ਮੈਨੂੰ ਕਾਮਯਾਬ ਸਮਝਣ ਲੱਗ ਪਏ। ਪਰ ਮੈਂ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਸੀ। ਅੰਦਰੋਂ-ਅੰਦਰੀਂ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਤਾਂ ਕਮੀ ਹੈ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਜਦੋਂ ਮੈਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਸਿੱਖਿਆ ਕਿ ਯਹੋਵਾਹ ਪਿਆਰ ਦਾ ਪਰਮੇਸ਼ੁਰ ਹੈ। ਮੈਂ ਇਹ ਵੀ ਸਿੱਖਿਆ ਕਿ ਉਸ ਦਾ ਬਚਨ ਬਾਈਬਲ ਉਸ ਦੇ ਪਿਆਰ ਦਾ ਸਬੂਤ ਹੈ। ਇਹ ਬਿਲਕੁਲ ਇੱਦਾਂ ਹੈ ਜਿਵੇਂ ਉਸ ਨੇ ਸਹੀ ਰਾਹ ਦਿਖਾਉਣ ਲਈ ਨਿੱਜੀ ਤੌਰ ਤੇ ਸਾਨੂੰ ਚਿੱਠੀ ਲਿਖੀ ਹੋਵੇ। (ਯਸਾਯਾਹ 48:17, 18) ਮੈਂ ਸਮਝ ਗਈ ਕਿ ਜੇ ਮੈਂ ਯਹੋਵਾਹ ਦੀ ਸੇਧ ਤੋਂ ਫ਼ਾਇਦਾ ਲੈਣਾ ਚਾਹੁੰਦੀ ਹਾਂ, ਤਾਂ ਮੈਨੂੰ ਆਪਣੀ ਜ਼ਿੰਦਗੀ ਵਿਚ ਕੁਝ ਵੱਡੀਆਂ ਤਬਦੀਲੀਆਂ ਕਰਨੀਆਂ ਪੈਣੀਆਂ ਹਨ।

ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਮਾੜੇ ਦੋਸਤ ਛੱਡਣ ਦੀ ਲੋੜ ਸੀ। ਮੇਰੇ ’ਤੇ ਕਹਾਉਤਾਂ 13:20 ਵਿਚ ਲਿਖੀ ਗੱਲ ਦਾ ਬਹੁਤ ਗਹਿਰਾ ਅਸਰ ਪਿਆ: “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ, ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।” ਇਸ ਅਸੂਲ ਤੋਂ ਮੈਨੂੰ ਹੱਲਾਸ਼ੇਰੀ ਮਿਲੀ ਕਿ ਮੈਂ ਆਪਣੇ ਪੁਰਾਣੇ ਦੋਸਤਾਂ ਨੂੰ ਛੱਡ ਦੇਵਾਂ ਅਤੇ ਯਹੋਵਾਹ ਦੇ ਗਵਾਹਾਂ ਵਿਚ ਨਵੇਂ ਦੋਸਤ ਬਣਾਵਾਂ।

ਮੇਰੇ ਲਈ ਸਿਗਰਟ ਛੱਡਣੀ ਸਭ ਤੋਂ ਔਖੀ ਸੀ ਕਿਉਂਕਿ ਮੈਨੂੰ ਇਸ ਦੀ ਭੈੜੀ ਲਤ ਲੱਗੀ ਹੋਈ ਸੀ। ਮੈਂ ਹੌਲੀ-ਹੌਲੀ ਇਸ ਆਦਤ ਉੱਤੇ ਤਾਂ ਕਾਬੂ ਪਾ ਲਿਆ, ਪਰ ਇਕ ਹੋਰ ਮੁਸ਼ਕਲ ਖੜ੍ਹੀ ਹੋ ਗਈ। ਸਿਗਰਟ ਛੱਡਣ ਕਰਕੇ ਮੇਰਾ ਭਾਰ ਤਕਰੀਬਨ ਸਾਢੇ ਤੇਰ੍ਹਾਂ ਕਿਲੋ ਵਧ ਗਿਆ। ਇਸ ਕਰਕੇ ਮੇਰਾ ਆਤਮ-ਵਿਸ਼ਵਾਸ ਘੱਟ ਗਿਆ ਅਤੇ ਮੈਨੂੰ ਆਪਣਾ ਭਾਰ ਘਟਾਉਣ ਲਈ ਲਗਭਗ 10 ਸਾਲ ਲੱਗ ਗਏ। ਪਰ ਮੈਨੂੰ ਪਤਾ ਸੀ ਕਿ ਸਿਗਰਟ ਛੱਡ ਕੇ ਮੈਂ ਸਹੀ ਕੰਮ ਕੀਤਾ ਹੈ। ਮੈਂ ਯਹੋਵਾਹ ਨੂੰ ਬਾਕਾਇਦਾ ਪ੍ਰਾਰਥਨਾ ਕਰਦੀ ਰਹੀ ਅਤੇ ਉਸ ਨੇ ਮੇਰੀ ਮਦਦ ਕੀਤੀ ਤਾਂਕਿ ਮੈਂ ਆਪਣੀਆਂ ਕੋਸ਼ਿਸ਼ਾਂ ਵਿਚ ਕਾਮਯਾਬ ਹੋ ਸਕਾਂ।

ਅੱਜ ਮੇਰੀ ਜ਼ਿੰਦਗੀ: ਹੁਣ ਮੇਰੀ ਸਿਹਤ ਪਹਿਲਾਂ ਨਾਲੋਂ ਵਧੀਆ ਹੈ ਅਤੇ ਮੈਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ। ਹੁਣ ਮੈਂ ਉਸ ਖੋਖਲੀ ਖ਼ੁਸ਼ੀ ਪਿੱਛੇ ਨਹੀਂ ਭੱਜਦੀ ਜੋ ਦੁਨੀਆਂ ਵਿਚ ਪੈਸਾ ਜਾਂ ਨਾਂ ਕਮਾਉਣ ਤੋਂ ਮਿਲਦੀ ਹੈ। ਇਸ ਦੀ ਬਜਾਇ, ਮੈਨੂੰ ਦੂਜਿਆਂ ਨੂੰ ਬਾਈਬਲ ਤੋਂ ਸਿਖਾਉਣ ਨਾਲ ਖ਼ੁਸ਼ੀ ਮਿਲਦੀ ਹੈ। ਇਸ ਕਾਰਨ ਮੇਰੇ ਨਾਲ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਯਹੋਵਾਹ ਦੀਆਂ ਗਵਾਹ ਬਣ ਗਈਆਂ। ਮੇਰੇ ਪਤੀ ਵੀ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਮੇਰੇ ਜਿਨ੍ਹਾਂ ਮਾਪਿਆਂ ਨੇ ਮੈਨੂੰ ਗੋਦ ਲਿਆ ਸੀ, ਉਨ੍ਹਾਂ ਦੀ ਮੌਤ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਬਾਈਬਲ ਦੇ ਵਾਅਦੇ ਬਾਰੇ ਦੱਸਿਆ ਕਿ ਯਹੋਵਾਹ ਬਹੁਤ ਜਲਦ ਇਸ ਧਰਤੀ ਨੂੰ ਸੋਹਣੀ ਬਣਾ ਦੇਵੇਗਾ ਅਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।

ਯਹੋਵਾਹ ਦੇ ਨੇੜੇ ਜਾਣ ਕਰਕੇ ਮੈਂ ਠੁਕਰਾਏ ਜਾਣ ਦੇ ਅਹਿਸਾਸ ਵਿੱਚੋਂ ਨਿਕਲ ਸਕੀ ਹਾਂ। ਉਸ ਨੇ ਮੈਨੂੰ ਦੁਨੀਆਂ ਭਰ ਵਿਚ ਰਹਿੰਦੇ ਆਪਣੇ ਸੇਵਕਾਂ ਦੇ ਪਰਿਵਾਰ ਦਾ ਹਿੱਸਾ ਬਣਾ ਕੇ ਮੈਨੂੰ ਅਹਿਸਾਸ ਕਰਾਇਆ ਹੈ ਕਿ ਮੈਂ ਇਕੱਲੀ ਨਹੀਂ ਹਾਂ। ਇਸ ਪਰਿਵਾਰ ਵਿਚ ਮੈਨੂੰ ਬਹੁਤ ਸਾਰੀਆਂ ਮਾਵਾਂ, ਪਿਤਾ, ਭਰਾ ਅਤੇ ਭੈਣਾਂ ਮਿਲੀਆਂ ਹਨ।—ਮਰਕੁਸ 10:29, 30.

[ਤਸਵੀਰ]

ਯਹੋਵਾਹ ਦੇ ਗਵਾਹਾਂ ਵਿਚ ਮੈਨੂੰ ਸੱਚਾ ਪਿਆਰ ਮਿਲਿਆ

[ਤਸਵੀਰ]

ਸ਼ਿੰਟੋ ਧਰਮ ਦਾ ਮੰਦਰ ਜਿੱਥੇ ਮੈਂ ਪਹਿਲਾਂ ਪੂਜਾ ਕਰਦਾ ਹੁੰਦਾ ਸੀ