Skip to content

Skip to table of contents

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦੇ ਬਚਨ ਤੋਂ ਸਿੱਖੋ

ਪਰਮੇਸ਼ੁਰ ਦਾ ਰਾਜ ਕੀ ਹੈ?

ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।

1. ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ। ਇਹ ਬਾਕੀ ਸਾਰੀਆਂ ਸਰਕਾਰਾਂ ਦੀ ਥਾਂ ਲੈ ਲਵੇਗਾ ਅਤੇ ਸਵਰਗ ਤੇ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਇਨਸਾਨਾਂ ਨੂੰ ਚੰਗੀ ਸਰਕਾਰ ਦੀ ਲੋੜ ਹੈ ਤੇ ਪਰਮੇਸ਼ੁਰ ਦਾ ਰਾਜ ਇਹ ਲੋੜ ਪੂਰੀ ਕਰੇਗਾ।ਦਾਨੀਏਲ 2:44; ਮੱਤੀ 6:9, 10 ਪੜ੍ਹੋ।

ਹਰੇਕ ਰਾਜ ਦਾ ਰਾਜਾ ਹੁੰਦਾ ਹੈ। ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਬਣਨ ਲਈ ਚੁਣਿਆ ਹੈ।ਲੂਕਾ 1:30-33 ਪੜ੍ਹੋ।

2. ਯਿਸੂ ਰਾਜ ਕਰਨ ਦੇ ਕਾਬਲ ਕਿਉਂ ਹੈ?

ਯਿਸੂ ਮਸੀਹ ਰਾਜ ਕਰਨ ਦੇ ਕਾਬਲ ਇਸ ਲਈ ਹੈ ਕਿਉਂਕਿ ਉਹ ਹਮਦਰਦ ਹੈ, ਹਮੇਸ਼ਾ ਸਹੀ ਕੰਮ ਕਰਦਾ ਹੈ ਤੇ ਉਸ ਕੋਲ ਲੋਕਾਂ ਦੀ ਮਦਦ ਕਰਨ ਦੀ ਤਾਕਤ ਹੈ। (ਮੱਤੀ 11:28-30) ਮੁਰਦਿਆਂ ਵਿੱਚੋਂ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਸਵਰਗ ਨੂੰ ਗਿਆ ਤੇ ਉੱਥੇ ਉਹ ਯਹੋਵਾਹ ਦੇ ਸੱਜੇ ਪਾਸੇ ਬੈਠ ਕੇ ਇੰਤਜ਼ਾਰ ਕਰਨ ਲੱਗਾ। (ਇਬਰਾਨੀਆਂ 10:12, 13) ਅਖ਼ੀਰ ਵਿਚ ਪਰਮੇਸ਼ੁਰ ਨੇ ਉਸ ਨੂੰ ਸਵਰਗੋਂ ਰਾਜ ਕਰਨ ਦੀ ਤਾਕਤ ਦਿੱਤੀ।ਦਾਨੀਏਲ 7:13, 14 ਪੜ੍ਹੋ।

3. ਯਿਸੂ ਨਾਲ ਹੋਰ ਕੌਣ ਰਾਜ ਕਰਨਗੇ?

ਪਰਮੇਸ਼ੁਰ ਨੇ ਕੁਝ ਇਨਸਾਨਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ। ਬਾਈਬਲ ਵਿਚ ਇਨ੍ਹਾਂ ਨੂੰ ‘ਸੰਤ’ ਜਾਂ ਪਵਿੱਤਰ ਸੇਵਕ ਕਿਹਾ ਗਿਆ ਹੈ। (ਦਾਨੀਏਲ 7:27) ਯਿਸੂ ਦੇ ਵਫ਼ਾਦਾਰ ਰਸੂਲ ਸਭ ਤੋਂ ਪਹਿਲੇ ਪਵਿੱਤਰ ਸੇਵਕ ਸਨ ਜੋ ਚੁਣੇ ਗਏ। ਯਹੋਵਾਹ ਨੇ ਉਦੋਂ ਤੋਂ ਲੈ ਕੇ ਹੁਣ ਤਕ ਕਈ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ ਪਵਿੱਤਰ ਸੇਵਕਾਂ ਵਜੋਂ ਚੁਣਿਆ ਹੈ। ਯਿਸੂ ਵਾਂਗ ਉਨ੍ਹਾਂ ਨੂੰ ਜੀਉਂਦਾ ਕਰ ਕੇ ਸਵਰਗੀ ਸਰੀਰ ਦਿੱਤਾ ਜਾਂਦਾ ਹੈ।ਯੂਹੰਨਾ 14:1-3; 1 ਕੁਰਿੰਥੀਆਂ 15:42-45 ਪੜ੍ਹੋ।

ਕਿੰਨੇ ਲੋਕ ਸਵਰਗ ਨੂੰ ਜਾਣਗੇ? ਯਿਸੂ ਨੇ ਉਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ ਸੀ। (ਲੂਕਾ 12:32) ਉਨ੍ਹਾਂ ਦੀ ਗਿਣਤੀ 1,44,000 ਹੈ ਤੇ ਉਹ ਯਿਸੂ ਨਾਲ ਧਰਤੀ ’ਤੇ ਰਾਜ ਕਰਨਗੇ।ਪ੍ਰਕਾਸ਼ ਦੀ ਕਿਤਾਬ 5:9, 10; 14:1 ਪੜ੍ਹੋ।

4. ਪਰਮੇਸ਼ੁਰ ਦਾ ਰਾਜ ਕਦੋਂ ਸ਼ੁਰੂ ਹੋਇਆ?

ਯਿਸੂ 1914 ਵਿਚ ਰਾਜਾ ਬਣਿਆ। * ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਸ਼ੈਤਾਨ ਤੇ ਉਸ ਦੇ ਦੂਤਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। (ਪ੍ਰਕਾਸ਼ ਦੀ ਕਿਤਾਬ 12:7-10, 12) ਉਸ ਸਮੇਂ ਤੋਂ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਵਧੀਆਂ ਹਨ। ਲੜਾਈਆਂ, ਭੁਚਾਲ਼, ਕਾਲ਼, ਮਹਾਂਮਾਰੀਆਂ ਅਤੇ ਬੁਰਾਈ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਜੋ ਲੋਕ ਪਰਮੇਸ਼ੁਰ ਦੇ ਰਾਜ ਵਿਚ ਬਰਕਤਾਂ ਪਾਉਣੀਆਂ ਚਾਹੁੰਦੇ ਹਨ, ਉਨ੍ਹਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਨਾ ਸਿੱਖਣਾ ਚਾਹੀਦਾ ਹੈ।ਲੂਕਾ 21:7, 10, 11, 31, 34, 35 ਪੜ੍ਹੋ।

5. ਪਰਮੇਸ਼ੁਰ ਦਾ ਰਾਜ ਕੀ-ਕੀ ਕਰ ਰਿਹਾ ਹੈ?

ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਾਰੀਆਂ ਕੌਮਾਂ ਤੋਂ ਲੱਖਾਂ ਹੀ ਲੋਕ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖ ਰਹੇ ਹਨ। (ਮੱਤੀ 24:14) ਜਦ ਇਸ ਦੁਨੀਆਂ ਦਾ ਅੰਤ ਕੀਤਾ ਜਾਵੇਗਾ, ਤਾਂ ਇਸ ਰਾਜ ਰਾਹੀਂ ਯਿਸੂ ਦੇ ਵਫ਼ਾਦਾਰ ਚੇਲਿਆਂ ਦੀ “ਇਕ ਵੱਡੀ ਭੀੜ” ਬਚਾਈ ਜਾਵੇਗੀ।ਪ੍ਰਕਾਸ਼ ਦੀ ਕਿਤਾਬ 7:9, 10, 13-17 ਪੜ੍ਹੋ।

1,000 ਸਾਲਾਂ ਦੌਰਾਨ ਇਹ ਰਾਜ ਪੂਰੀ ਧਰਤੀ ਨੂੰ ਸੁੰਦਰ ਬਣਾਵੇਗਾ ਤੇ ਸੁੱਖ-ਸ਼ਾਂਤੀ ਲਿਆਵੇਗਾ। ਫਿਰ ਯਿਸੂ ਇਹ ਰਾਜ ਆਪਣੇ ਪਿਤਾ ਨੂੰ ਵਾਪਸ ਸੌਂਪ ਦੇਵੇਗਾ। (1 ਕੁਰਿੰਥੀਆਂ 15:24-26) ਕੀ ਕੋਈ ਹੈ ਜਿਸ ਨੂੰ ਤੁਸੀਂ ਇਸ ਰਾਜ ਬਾਰੇ ਦੱਸਣਾ ਚਾਹੁੰਦੇ ਹੋ?ਜ਼ਬੂਰਾਂ ਦੀ ਪੋਥੀ 37:10, 11, 29 ਪੜ੍ਹੋ। (w11-E 07/01)

ਹੋਰ ਜਾਣਕਾਰੀ ਲਈ ਇਸ ਕਿਤਾਬ ਦਾ ਅੱਠਵਾਂ ਤੇ ਨੌਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਫੁਟਨੋਟ]

^ ਪੈਰਾ 13 ਇਹ ਦੇਖਣ ਲਈ ਕਿ ਬਾਈਬਲ ਵਿਚ ਪਹਿਲਾਂ ਹੀ ਕਿਵੇਂ ਦੱਸਿਆ ਗਿਆ ਸੀ ਕਿ 1914 ਇਕ ਖ਼ਾਸ ਸਾਲ ਹੋਵੇਗਾ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਸਫ਼ੇ 215-217 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।