Skip to content

Skip to table of contents

ਕੀ ਤੁਸੀਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਮੰਨੋਗੇ?

ਕੀ ਤੁਸੀਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਮੰਨੋਗੇ?

ਕੀ ਤੁਸੀਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਮੰਨੋਗੇ?

“ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾ. 30:21.

1, 2. ਸ਼ਤਾਨ ਕੀ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਬਾਈਬਲ ਸਾਡੀ ਕਿਵੇਂ ਮਦਦ ਕਰਦੀ ਹੈ?

ਜਦੋਂ ਤੁਸੀਂ ਸੜਕ ਉੱਤੇ ਜਾ ਰਹੇ ਹੁੰਦੇ ਹੋ, ਤਾਂ ਗ਼ਲਤ ਦਿਸ਼ਾ ਵੱਲ ਸੰਕੇਤ ਕਰਦਾ ਸਾਈਨ ਤੁਹਾਨੂੰ ਗ਼ਲਤ ਰਸਤੇ ਪਾ ਸਕਦਾ ਹੈ। ਇਹ ਖ਼ਤਰਨਾਕ ਹੋ ਸਕਦਾ ਹੈ। ਮੰਨ ਲਓ ਕਿ ਇਕ ਦੋਸਤ ਨੇ ਤੁਹਾਨੂੰ ਦੱਸਿਆ ਹੈ ਕਿ ਇਕ ਬੁਰੇ ਆਦਮੀ ਨੇ ਇਕ ਸਾਈਨ ਬਦਲ ਦਿੱਤਾ ਹੈ ਜੋ ਲੋਕਾਂ ਨੂੰ ਭਟਕਾਉਣਾ ਚਾਹੁੰਦਾ ਹੈ। ਤੁਸੀਂ ਜ਼ਰੂਰ ਆਪਣੇ ਦੋਸਤ ਦੀ ਚੇਤਾਵਨੀ ਮੰਨੋਗੇ।

2 ਸ਼ਤਾਨ ਸਾਨੂੰ ਉਸ ਬੁਰੇ ਆਦਮੀ ਵਾਂਗ ਕੁਰਾਹੇ ਪਾਉਣ ’ਤੇ ਤੁਲਿਆ ਹੋਇਆ ਹੈ। (ਪਰ. 12:9) ਪਿਛਲੇ ਲੇਖ ਵਿਚ ਅਸੀਂ ਕੁਝ ਖ਼ਤਰੇ ਦੇਖੇ ਸਨ ਜਿਨ੍ਹਾਂ ਰਾਹੀਂ ਸ਼ਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਅਤੇ ਜ਼ਿੰਦਗੀ ਦੇ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ। (ਮੱਤੀ 7:13, 14) ਪਰ ਅਸੀਂ ਇਹ ਵੀ ਸਿੱਖਿਆ ਸੀ ਕਿ ਸਾਡਾ ਦੋਸਤ ਯਹੋਵਾਹ ਪਰਮੇਸ਼ੁਰ ਸਾਨੂੰ ਸ਼ਤਾਨ ਦੀਆਂ ਚਾਲਾਂ ਤੋਂ ਚੁਕੰਨੇ ਕਰਦਾ ਹੈ। ਹੁਣ ਅਸੀਂ ਦੇਖਾਂਗੇ ਕਿ ਸ਼ਤਾਨ ਹੋਰ ਕਿਹੜੀਆਂ ਤਿੰਨ ਚੀਜ਼ਾਂ ਵਰਤਦਾ ਹੈ ਅਤੇ ਇਨ੍ਹਾਂ ਤੋਂ ਦੂਰ ਰਹਿਣ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰਦੀ ਹੈ। ਬਾਈਬਲ ਪੜ੍ਹਦਿਆਂ ਕਲਪਨਾ ਕਰੋ ਕਿ ਯਹੋਵਾਹ ਸਾਡੇ ਪਿੱਛੇ-ਪਿੱਛੇ ਤੁਰਦਿਆਂ ਇਹ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਇਨ੍ਹਾਂ ਚੇਤਾਵਨੀਆਂ ਉੱਤੇ ਗੌਰ ਕਰਨ ਨਾਲ ਯਹੋਵਾਹ ਦਾ ਕਹਿਣਾ ਮੰਨਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।

‘ਝੂਠੇ ਗੁਰੂਆਂ’ ਦੇ ਮਗਰ ਨਾ ਲੱਗੋ

3, 4. (ੳ) ਝੂਠੇ ਗੁਰੂ ਸੁੱਕੇ ਖੂਹ ਵਰਗੇ ਕਿਉਂ ਹਨ? (ਅ) ਜ਼ਿਆਦਾਤਰ ਝੂਠੇ ਗੁਰੂ ਕਿੱਥੋਂ ਆਉਂਦੇ ਹਨ ਅਤੇ ਕੀ ਕਰਨਾ ਚਾਹੁੰਦੇ ਹਨ?

3 ਮੰਨ ਲਓ ਕਿ ਸਫ਼ਰ ਕਰਦਿਆਂ ਤੁਸੀਂ ਰੇਗਿਸਤਾਨ ਵਿੱਚੋਂ ਦੀ ਲੰਘ ਰਹੇ ਹੋ ਅਤੇ ਤੁਹਾਨੂੰ ਪਿਆਸ ਲੱਗ ਜਾਂਦੀ ਹੈ। ਦੂਰੋਂ ਤੁਹਾਨੂੰ ਇਕ ਖੂਹ ਨਜ਼ਰ ਆਉਂਦਾ ਹੈ। ਤੁਸੀਂ ਸੋਚਦੇ ਹੋ ਕਿ ਉਸ ਵਿਚ ਪਾਣੀ ਹੋਵੇਗਾ, ਇਸ ਲਈ ਤੁਸੀਂ ਉੱਧਰ ਨੂੰ ਤੁਰ ਪੈਂਦੇ ਹੋ। ਪਰ ਖੂਹ ’ਤੇ ਪਹੁੰਚ ਕੇ ਤੁਸੀਂ ਦੇਖਦੇ ਹੋ ਕਿ ਉਹ ਸੁੱਕਾ ਹੈ। ਤੁਸੀਂ ਬਹੁਤ ਨਿਰਾਸ਼ ਹੋ ਜਾਂਦੇ ਹੋ! ਅਸੀਂ ਕਹਿ ਸਕਦੇ ਹਾਂ ਕਿ ਸੱਚਾਈ ਪਾਣੀ ਵਾਂਗ ਹੈ ਅਤੇ ਝੂਠੇ ਗੁਰੂ ਸੁੱਕੇ ਖੂਹ ਵਰਗੇ ਹਨ। ਜਿਹੜੇ ਲੋਕ ਸੋਚਦੇ ਹਨ ਕਿ ਇਨ੍ਹਾਂ ਗੁਰੂਆਂ ਕੋਲ ਸੱਚਾਈ ਹੈ, ਉਹ ਨਿਰਾਸ਼ ਹੋਣਗੇ। ਪੌਲੁਸ ਅਤੇ ਪਤਰਸ ਰਸੂਲ ਰਾਹੀਂ ਯਹੋਵਾਹ ਸਾਨੂੰ ਇਨ੍ਹਾਂ ਝੂਠੇ ਗੁਰੂਆਂ ਤੋਂ ਚੁਕੰਨੇ ਕਰਦਾ ਹੈ। (ਰਸੂਲਾਂ ਦੇ ਕਰਤੱਬ 20:29, 30; 2 ਪਤਰਸ 2:1-3 ਪੜ੍ਹੋ।) ਇਹ ਝੂਠੇ ਗੁਰੂ ਕੌਣ ਹਨ? ਪੌਲੁਸ ਅਤੇ ਪਤਰਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਝੂਠੇ ਗੁਰੂ ਕਿੱਥੋਂ ਆਉਂਦੇ ਹਨ ਅਤੇ ਉਹ ਲੋਕਾਂ ਨੂੰ ਕਿਵੇਂ ਬੇਵਕੂਫ਼ ਬਣਾਉਂਦੇ ਹਨ।

4 ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਹਾ: “ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ।” ਪਤਰਸ ਨੇ ਕਈ ਕਲੀਸਿਯਾਵਾਂ ਨੂੰ ਚਿੱਠੀ ਵਿਚ ਲਿਖਿਆ: “ਤੁਹਾਡੇ ਵਿੱਚ ਭੀ ਝੂਠੇ ਗੁਰੂ ਹੋਣਗੇ।” ਇਸ ਲਈ ਝੂਠੇ ਗੁਰੂ ਕਲੀਸਿਯਾ ਵਿੱਚੋਂ ਉੱਠ ਸਕਦੇ ਹਨ। ਇਹ ਝੂਠੇ ਗੁਰੂ ਧਰਮ-ਤਿਆਗੀ ਹਨ। * ਉਹ ਕੀ ਚਾਹੁੰਦੇ ਹਨ? ਪੌਲੁਸ ਨੇ ਕਿਹਾ ਕਿ ਜਦੋਂ ਉਹ ਯਹੋਵਾਹ ਦੇ ਸੰਗਠਨ ਨੂੰ ਛੱਡ ਦਿੰਦੇ ਹਨ, ਤਾਂ ਉਹ ‘ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣਾ’ ਚਾਹੁੰਦੇ ਹਨ। ਪੌਲੁਸ ਇੱਥੇ ਯਿਸੂ ਮਸੀਹ ਦੇ ਚੇਲਿਆਂ ਦੀ ਗੱਲ ਕਰ ਰਿਹਾ ਸੀ। ਇਹ ਝੂਠੇ ਗੁਰੂ ਕਲੀਸਿਯਾ ਤੋਂ ਬਾਹਰ ਜਾ ਕੇ ਚੇਲੇ ਨਹੀਂ ਬਣਾਉਂਦੇ, ਸਗੋਂ ਕਲੀਸਿਯਾ ਵਿੱਚੋਂ ਚੇਲੇ ਚੁਰਾਉਣ ਦੀ ਕੋਸ਼ਿਸ਼ ਕਰਦੇ ਹਨ। ਯਿਸੂ ਨੇ ਕਿਹਾ ਕਿ ਧਰਮ-ਤਿਆਗੀ ਭੇਡਾਂ ਖਾ ਜਾਣ ਵਾਲੇ ਬਘਿਆੜ ਵਰਗੇ ਹਨ। ਧਰਮ-ਤਿਆਗੀ ਕਲੀਸਿਯਾ ਦੇ ਮੈਂਬਰਾਂ ਦੀ ਨਿਹਚਾ ਤਬਾਹ ਕਰਨੀ ਚਾਹੁੰਦੇ ਹਨ ਤਾਂਕਿ ਉਹ ਸੱਚਾਈ ਛੱਡ ਦੇਣ।—ਮੱਤੀ 7:15; 2 ਤਿਮੋ. 2:18.

5. ਝੂਠੇ ਗੁਰੂ ਲੋਕਾਂ ਨੂੰ ਕਿਵੇਂ ਬੇਵਕੂਫ਼ ਬਣਾਉਂਦੇ ਹਨ?

5 ਝੂਠੇ ਗੁਰੂ ਲੋਕਾਂ ਨੂੰ ਕਿਵੇਂ ਬੇਵਕੂਫ਼ ਬਣਾਉਂਦੇ ਹਨ? ਉਹ ਬੜੀ ਚਲਾਕੀ ਨਾਲ ਇੱਦਾਂ ਕਰਦੇ ਹਨ। ਧਰਮ-ਤਿਆਗੀ “ਚੋਰੀ” ਯਾਨੀ ਚੁੱਪ-ਚਾਪ ਕਲੀਸਿਯਾ ਅੰਦਰ ਆਪਣੇ ਵਿਚਾਰ ਲਿਆਉਂਦੇ ਹਨ ਜਿਵੇਂ ਸਮਗਲਰ ਚੋਰੀ-ਛਿਪੇ ਚੀਜ਼ਾਂ ਦੇਸ਼ ਵਿਚ ਲਿਆਉਂਦੇ ਹਨ। ਉਹ “ਬਣਾਉਟ ਦੀਆਂ ਗੱਲਾਂ” ਵਰਤਦੇ ਹਨ ਯਾਨੀ ਉਨ੍ਹਾਂ ਦੀਆਂ ਗੱਲਾਂ ਸੱਚੀਆਂ ਲੱਗ ਸਕਦੀਆਂ ਹਨ ਜਿਵੇਂ ਨਕਲੀ ਪਾਸਪੋਰਟ ਦੇਖਣ ਨੂੰ ਅਸਲੀ ਲੱਗਦਾ ਹੈ। ਉਨ੍ਹਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਉੱਤੇ ਵਿਸ਼ਵਾਸ ਕਰਨ। ਪਤਰਸ ਨੇ ਇਹ ਵੀ ਕਿਹਾ ਕਿ ਉਹ ਹਵਾਲਿਆਂ ਨੂੰ “ਮਰੋੜਦੇ” ਹਨ। ਉਹ ਦੂਜਿਆਂ ਨੂੰ ਆਪਣੀਆਂ ਗੱਲਾਂ ਦਾ ਯਕੀਨ ਦਿਵਾਉਣ ਲਈ ਬਾਈਬਲ ਦੀਆਂ ਆਇਤਾਂ ਗ਼ਲਤ ਤਰੀਕੇ ਨਾਲ ਸਮਝਾਉਂਦੇ ਹਨ। (2 ਪਤ. 2:1, 3, 13; 3:16) ਧਰਮ-ਤਿਆਗੀਆਂ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਜੇ ਅਸੀਂ ਉਨ੍ਹਾਂ ਮਗਰ ਲੱਗ ਗਏ, ਤਾਂ ਅਸੀਂ ਸਦਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠਾਂਗੇ।

6. ਝੂਠੇ ਗੁਰੂਆਂ ਬਾਰੇ ਬਾਈਬਲ ਸਾਨੂੰ ਕਿਹੜੀ ਚੇਤਾਵਨੀ ਦਿੰਦੀ ਹੈ?

6 ਅਸੀਂ ਝੂਠੇ ਗੁਰੂਆਂ ਤੋਂ ਕਿਵੇਂ ਬਚ ਸਕਦੇ ਹਾਂ? ਬਾਈਬਲ ਚੇਤਾਵਨੀ ਦਿੰਦੀ ਹੈ: “ਓਹਨਾਂ ਤੋਂ ਲਾਂਭੇ ਰਹੋ।” (ਰੋਮੀਆਂ 16:17; 2 ਯੂਹੰਨਾ 9-11 ਪੜ੍ਹੋ।) ਕਦੀ-ਕਦੀ ਡਾਕਟਰ ਸਾਨੂੰ ਉਸ ਆਦਮੀ ਤੋਂ ਦੂਰ ਰਹਿਣ ਲਈ ਕਹਿੰਦਾ ਹੈ ਜਿਸ ਨੂੰ ਛੂਤ ਦੀ ਬੀਮਾਰੀ ਲੱਗੀ ਹੈ। ਉਹ ਜਾਣਦਾ ਹੈ ਕਿ ਜੇ ਇਹ ਬੀਮਾਰੀ ਤੁਹਾਨੂੰ ਲੱਗ ਗਈ, ਤਾਂ ਤੁਸੀਂ ਮਰ ਜਾਵੋਗੇ। ਤੁਸੀਂ ਉਸ ਦਾ ਕਹਿਣਾ ਜ਼ਰੂਰ ਮੰਨੋਗੇ। ਇਸ ਤਰ੍ਹਾਂ ਬਾਈਬਲ ਕਹਿੰਦੀ ਹੈ ਕਿ “ਬਿਮਾਰ” ਇਨਸਾਨ ਵਰਗੇ ਇਹ ਧਰਮ-ਤਿਆਗੀ ਆਪਣੀਆਂ ਸਿੱਖਿਆਵਾਂ ਫੈਲਾਉਂਦੇ ਹਨ ਤਾਂਕਿ ਦੂਸਰੇ ਲੋਕ ਵੀ ਉਨ੍ਹਾਂ ਵਾਂਗ ਸੋਚਣ। (1 ਤਿਮੋ. 6:3, 4) ਯਹੋਵਾਹ ਉਸ ਚੰਗੇ ਡਾਕਟਰ ਵਾਂਗ ਸਾਨੂੰ ਝੂਠੇ ਗੁਰੂਆਂ ਤੋਂ ਦੂਰ ਰਹਿਣ ਲਈ ਖ਼ਬਰਦਾਰ ਕਰਦਾ ਹੈ। ਸਾਨੂੰ ਉਸ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ।

7, 8. (ੳ) ਸਾਨੂੰ ਝੂਠੇ ਗੁਰੂਆਂ ਤੋਂ ਦੂਰ ਰਹਿਣ ਲਈ ਕੀ ਕਰਨਾ ਚਾਹੀਦਾ ਹੈ? (ਅ) ਤੁਸੀਂ ਝੂਠੇ ਗੁਰੂਆਂ ਤੋਂ ਦੂਰ ਰਹਿਣ ਦੀ ਕਿਉਂ ਠਾਣੀ ਹੋਈ ਹੈ?

7 ਸਾਨੂੰ ਝੂਠੇ ਗੁਰੂਆਂ ਤੋਂ ਦੂਰ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਅਸੀਂ ਨਾ ਤਾਂ ਉਨ੍ਹਾਂ ਨਾਲ ਗੱਲ ਕਰਦੇ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਹਾਂ। ਨਾ ਅਸੀਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ, ਨਾ ਉਨ੍ਹਾਂ ਨੂੰ ਟੀ. ਵੀ. ’ਤੇ ਦੇਖਦੇ, ਨਾ ਇੰਟਰਨੈੱਟ ’ਤੇ ਉਨ੍ਹਾਂ ਦੀਆਂ ਲਿਖੀਆਂ ਗੱਲਾਂ ਪੜ੍ਹਦੇ ਜਾਂ ਇਨ੍ਹਾਂ ਬਾਰੇ ਆਪਣੀ ਰਾਇ ਦਿੰਦੇ। ਅਸੀਂ ਉਨ੍ਹਾਂ ਤੋਂ ਦੂਰ ਰਹਿਣ ਦੀ ਕਿਉਂ ਠਾਣੀ ਹੋਈ ਹੈ? ਕਿਉਂਕਿ ਸਾਨੂੰ “ਸਚਿਆਈ ਦੇ ਪਰਮੇਸ਼ੁਰ” ਨਾਲ ਪਿਆਰ ਹੈ। ਇਸ ਲਈ ਅਸੀਂ ਝੂਠੀਆਂ ਸਿੱਖਿਆਵਾਂ ਨੂੰ ਨਹੀਂ ਸੁਣਨਾ ਚਾਹੁੰਦੇ ਜੋ ਪਰਮੇਸ਼ੁਰ ਦੇ ਬਚਨ ਵਿਚਲੀ ਸੱਚਾਈ ਦੇ ਉਲਟ ਹਨ। (ਜ਼ਬੂ. 31:5; ਯੂਹੰ. 17:17) ਅਸੀਂ ਯਹੋਵਾਹ ਦੇ ਸੰਗਠਨ ਨਾਲ ਵੀ ਪਿਆਰ ਕਰਦੇ ਹਾਂ ਜੋ ਸਾਨੂੰ ਸ਼ਾਨਦਾਰ ਸੱਚਾਈਆਂ ਸਿਖਾਉਂਦਾ ਹੈ। ਯਹੋਵਾਹ ਦੇ ਸੰਗਠਨ ਨੇ ਹੀ ਸਾਨੂੰ ਯਹੋਵਾਹ ਦੇ ਨਾਂ, ਇਸ ਦੇ ਮਤਲਬ, ਧਰਤੀ ਬਾਰੇ ਉਸ ਦੇ ਮਕਸਦ, ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਮੁੜ ਜੀ ਉੱਠਣ ਦੀ ਆਸ ਬਾਰੇ ਸਿਖਾਇਆ ਹੈ। ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਪਹਿਲਾਂ-ਪਹਿਲਾਂ ਇਹ ਸੱਚਾਈਆਂ ਸਿੱਖੀਆਂ ਸਨ? ਤੁਸੀਂ ਕਿੰਨੇ ਖ਼ੁਸ਼ ਸੀ। ਤਾਂ ਫਿਰ ਝੂਠੇ ਗੁਰੂਆਂ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਉਸ ਸੰਗਠਨ ਵਿਰੁੱਧ ਨਾ ਜਾਓ ਜਿਸ ਨੇ ਤੁਹਾਨੂੰ ਇਹ ਸੱਚਾਈਆਂ ਸਿਖਾਈਆਂ ਸਨ।—ਯੂਹੰ. 6:66-69.

8 ਕੋਈ ਸ਼ੱਕ ਨਹੀਂ ਕਿ ਅਸੀਂ ਝੂਠੇ ਗੁਰੂਆਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੁੰਦੇ। ਸਾਡੇ ਕੋਲ ਇਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਨ ਦਾ ਕੋਈ ਕਾਰਨ ਨਹੀਂ ਹੈ ਜੋ ਸੁੱਕੇ ਖੂਹ ਵਰਗੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣਨ ਵਾਲੇ ਨਿਰਾਸ਼ ਹੀ ਹੋਣਗੇ। ਅਸੀਂ ਯਹੋਵਾਹ ਤੇ ਉਸ ਦੇ ਸੰਗਠਨ ਦੇ ਵਫ਼ਾਦਾਰ ਰਹਿਣ ਦੀ ਠਾਣੀ ਹੋਈ ਹੈ। ਇਸ ਸੰਗਠਨ ਨੇ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ ਅਤੇ ਹਮੇਸ਼ਾ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਦਾ ਬਹੁਤ ਸਾਰਾ ਸ਼ੁੱਧ ਪਾਣੀ ਦਿੱਤਾ ਹੈ।—ਯਸਾ. 55:1-3; ਮੱਤੀ 24:45-47.

ਝੂਠੀਆਂ ‘ਕਹਾਣੀਆਂ ਉੱਤੇ ਚਿੱਤ ਨਾ ਲਾਓ’

9, 10. ਪੌਲੁਸ ਨੇ ਝੂਠੀਆਂ ਕਹਾਣੀਆਂ ਬਾਰੇ ਤਿਮੋਥਿਉਸ ਨੂੰ ਕਿਹੜੀ ਚੇਤਾਵਨੀ ਦਿੱਤੀ ਅਤੇ ਉਹ ਕਿਹੜੀਆਂ ਕਹਾਣੀਆਂ ਬਾਰੇ ਸੋਚ ਰਿਹਾ ਸੀ? (ਫੁਟਨੋਟ ਵੀ ਦੇਖੋ।)

9 ਸੜਕ ਉੱਤੇ ਗ਼ਲਤ ਦਿਸ਼ਾ ਵੱਲ ਕੀਤੇ ਸਾਈਨ ਕਾਰਨ ਅਸੀਂ ਬੇਵਕੂਫ਼ ਬਣ ਸਕਦੇ ਹਾਂ। ਕਦੇ-ਕਦੇ ਸੌਖਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਈਨ ਗ਼ਲਤ ਦਿਸ਼ਾ ਵੱਲ ਨੂੰ ਹੈ, ਪਰ ਹੋਰਨਾਂ ਸਮਿਆਂ ਤੇ ਇੰਨੀ ਆਸਾਨੀ ਨਾਲ ਪਤਾ ਨਹੀਂ ਲੱਗਦਾ। ਸ਼ਤਾਨ ਦੀਆਂ ਝੂਠੀਆਂ ਗੱਲਾਂ ਬਾਰੇ ਵੀ ਇਹ ਸੱਚ ਹੈ। ਜੇ ਅਸੀਂ ਧਿਆਨ ਨਾ ਦਿੱਤਾ, ਤਾਂ ਅਸੀਂ ਆਸਾਨੀ ਨਾਲ ਉਸ ਦੀਆਂ ਕੁਝ ਝੂਠੀਆਂ ਗੱਲਾਂ ਵਿਚ ਆ ਸਕਦੇ ਹਾਂ। ਪੌਲੁਸ ਰਸੂਲ ਸਾਨੂੰ ਇਨ੍ਹਾਂ ਝੂਠੀਆਂ ਗੱਲਾਂ ਜਾਂ “ਕਹਾਣੀਆਂ” ਤੋਂ ਚੁਕੰਨੇ ਕਰਦਾ ਹੈ। (1 ਤਿਮੋਥਿਉਸ 1:3, 4 ਪੜ੍ਹੋ।) ਇਹ ਕਿਹੜੀਆਂ ਝੂਠੀਆਂ ਕਹਾਣੀਆਂ ਹਨ ਅਤੇ ਅਸੀਂ ਇਨ੍ਹਾਂ ਵੱਲ ਧਿਆਨ ਦੇਣ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ ਤਾਂਕਿ ਅਸੀਂ ਸਦਾ ਦੀ ਜ਼ਿੰਦਗੀ ਨੂੰ ਜਾਂਦੇ ਰਾਹ ’ਤੇ ਚੱਲਦੇ ਰਹੀਏ।

10 ਪੌਲੁਸ ਨੇ ਤਿਮੋਥਿਉਸ ਨੂੰ ਲਿਖੀ ਪਹਿਲੀ ਚਿੱਠੀ ਵਿਚ ਝੂਠੀਆਂ ਕਹਾਣੀਆਂ ਬਾਰੇ ਚੇਤਾਵਨੀ ਦਿੱਤੀ ਸੀ। ਪੌਲੁਸ ਨੇ ਉਸ ਨੂੰ ਕਿਹਾ ਕਿ ਉਹ ਕਲੀਸਿਯਾ ਨੂੰ ਸ਼ੁੱਧ ਰੱਖੇ ਅਤੇ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰੇ। (1 ਤਿਮੋ. 1:18, 19) ਪੌਲੁਸ ਨੇ ਝੂਠੀਆਂ “ਕਹਾਣੀਆਂ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ, ਉਸ ਦਾ ਮਤਲਬ ਹੈ “ਝੂਠ” ਜਾਂ “ਮਨ-ਘੜਤ ਕਹਾਣੀ।” ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਝੂਠੀ ਕਹਾਣੀ ਧਾਰਮਿਕ ਕਥਾ ਹੁੰਦੀ ਹੈ ਜਿਸ ਦਾ ਹਕੀਕਤ ਨਾਲ ਕੋਈ ਨਾਤਾ ਨਹੀਂ ਹੁੰਦਾ। ਪੌਲੁਸ ਸ਼ਾਇਦ ਲੋਕਾਂ ਦੀਆਂ ਪੁਰਾਣੀਆਂ ਮਨ-ਘੜਤ ਕਥਾ-ਕਹਾਣੀਆਂ ਤੋਂ ਆਈਆਂ ਝੂਠੀਆਂ ਧਾਰਮਿਕ ਗੱਲਾਂ ਬਾਰੇ ਸੋਚ ਰਿਹਾ ਸੀ ਜਿਨ੍ਹਾਂ ਨੂੰ ਜਾਣਨ ਲਈ ਕਈ ਲੋਕ ਉਤਸੁਕ ਸਨ। * ਪੌਲੁਸ ਨੇ ਕਿਹਾ ਕਿ ਇਨ੍ਹਾਂ ਕਹਾਣੀਆਂ ਕਾਰਨ ਕਈ ‘ਸਵਾਲ’ ਖੜ੍ਹੇ ਹੁੰਦੇ ਹਨ ਅਤੇ ਫਿਰ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਿਚ ਆਪਣਾ ਸਮਾਂ ਬਰਬਾਦ ਕਰਦੇ ਹਨ। ਸ਼ਤਾਨ ਦੀਆਂ ਮਨ-ਘੜਤ ਕਹਾਣੀਆਂ ਅਤੇ ਝੂਠੀਆਂ ਧਾਰਮਿਕ ਗੱਲਾਂ ਵਿਚ ਆ ਕੇ ਲੋਕ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਭੁੱਲ ਜਾਂਦੇ ਹਨ। ਪੌਲੁਸ ਦੇ ਸ਼ਬਦ ਸਾਫ਼ ਹਨ: ਝੂਠੀਆਂ ਕਹਾਣੀਆਂ ਉੱਤੇ ਚਿੱਤ ਨਾ ਲਾਓ!

11. ਲੋਕਾਂ ਨੂੰ ਭਰਮਾਉਣ ਲਈ ਸ਼ਤਾਨ ਝੂਠਾ ਧਰਮ ਕਿਵੇਂ ਵਰਤਦਾ ਹੈ? ਸਾਨੂੰ ਕਿਹੜੀ ਚੇਤਾਵਨੀ ਮੰਨਣੀ ਚਾਹੀਦੀ ਹੈ?

11 ਜੇ ਅਸੀਂ ਧਿਆਨ ਨਾ ਰੱਖਿਆ, ਤਾਂ ਕਿਹੜੀਆਂ ਝੂਠੀਆਂ ਕਹਾਣੀਆਂ ਕਾਰਨ ਅਸੀਂ ਬੇਵਕੂਫ਼ ਬਣ ਸਕਦੇ ਹਾਂ? ਝੂਠੀ ਕਹਾਣੀ ਕੋਈ ਵੀ ਧਾਰਮਿਕ ਸਿੱਖਿਆ ਹੈ ਜਿਸ ਕਾਰਨ ਅਸੀਂ “ਸਚਿਆਈ” ਤੋਂ ਕੰਨ ਫੇਰ ਸਕਦੇ ਹਾਂ। (2 ਤਿਮੋ. 4:3, 4) ਸ਼ਤਾਨ ਬੜਾ ਚਲਾਕ ਹੈ। ਉਹ ਝੂਠਾ ਧਰਮ ਵਰਤ ਕੇ ਲੋਕਾਂ ਨੂੰ ਭਰਮਾਉਂਦਾ ਹੈ। ਨਾਲੇ ਬਾਈਬਲ ਕਹਿੰਦੀ ਹੈ ਕਿ ਉਹ ‘ਚਾਨਣ ਦਾ ਦੂਤ’ ਹੋਣ ਦਾ ਢੌਂਗ ਕਰਦਾ ਹੈ। (2 ਕੁਰਿੰ. 11:14) ਮਿਸਾਲ ਲਈ, ਚਰਚਾਂ ਵਾਲੇ ਮਸੀਹ ਦੇ ਮਗਰ ਚੱਲਣ ਦਾ ਦਾਅਵਾ ਕਰਦੇ ਹਨ, ਪਰ ਉਹ ਤ੍ਰਿਏਕ ਅਤੇ ਨਰਕ ਵਰਗੀਆਂ ਝੂਠੀਆਂ ਸਿੱਖਿਆਵਾਂ ਦਿੰਦੇ ਹਨ। ਉਹ ਇਹ ਵੀ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ। ਕਈ ਸੋਚਦੇ ਹਨ ਕਿ ਕ੍ਰਿਸਮਸ ਅਤੇ ਈਸਟਰ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ, ਪਰ ਇਨ੍ਹਾਂ ਤਿਉਹਾਰਾਂ ਦੌਰਾਨ ਲੋਕ ਜੋ ਕੰਮ ਕਰਦੇ ਹਨ, ਉਹ ਝੂਠੀ ਭਗਤੀ ਨਾਲ ਜੁੜੇ ਹੋਏ ਹਨ। ਜੇ ਅਸੀਂ ਖ਼ੁਦ ਨੂੰ ਝੂਠੇ ਧਰਮ ਤੋਂ ਵੱਖਰਾ ਰੱਖੀਏ ਤੇ “ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ” ਲਾਈਏ, ਤਾਂ ਝੂਠੀਆਂ ਕਹਾਣੀਆਂ ਸਾਨੂੰ ਬੇਵਕੂਫ਼ ਨਹੀਂ ਬਣਾ ਸਕਣਗੀਆਂ।—2 ਕੁਰਿੰ. 6:14-17.

12, 13. (ੳ) ਸ਼ਤਾਨ ਦੇ ਕਿਹੜੇ ਤਿੰਨ ਝੂਠ ਹਨ? ਇਨ੍ਹਾਂ ਝੂਠਾਂ ਬਾਰੇ ਸੱਚਾਈ ਕੀ ਹੈ? (ਅ) ਜੇ ਅਸੀਂ ਸ਼ਤਾਨ ਦੀਆਂ ਝੂਠੀਆਂ ਕਹਾਣੀਆਂ ਨਾਲ ਬੇਵਕੂਫ਼ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

12 ਧਿਆਨ ਨਾ ਰੱਖਣ ਕਾਰਨ ਅਸੀਂ ਸ਼ਤਾਨ ਦੀਆਂ ਹੋਰ ਵੀ ਕੁਝ ਝੂਠੀਆਂ ਗੱਲਾਂ ਵਿਚ ਆ ਸਕਦੇ ਹਾਂ। ਆਓ ਆਪਾਂ ਤਿੰਨ ਝੂਠ ਦੇਖੀਏ। ਪਹਿਲਾ ਝੂਠ ਹੈ: ਤੁਸੀਂ ਆਪਣੀ ਮਰਜ਼ੀ ਨਾਲ ਫ਼ੈਸਲਾ ਕਰੋ ਕਿ ਕੀ ਸਹੀ ਤੇ ਕੀ ਗ਼ਲਤ ਹੈ। ਅਸੀਂ ਅਕਸਰ ਇਹ ਟੈਲੀਵਿਯਨ, ਫਿਲਮਾਂ, ਰਸਾਲਿਆਂ, ਅਖ਼ਬਾਰਾਂ ਵਿਚ ਅਤੇ ਇੰਟਰਨੈੱਟ ’ਤੇ ਦੇਖਦੇ-ਪੜ੍ਹਦੇ ਹਾਂ। ਅਸੀਂ ਹਰ ਵਕਤ ਇਹੀ ਝੂਠ ਸੁਣਦੇ ਹਾਂ, ਇਸ ਲਈ ਅਸੀਂ ਸੌਖਿਆਂ ਹੀ ਇੱਦਾਂ ਸੋਚਣਾ ਤੇ ਦੁਨੀਆਂ ਦੇ ਗੰਦੇ ਖ਼ਿਆਲਾਂ ਅਨੁਸਾਰ ਚੱਲਣਾ ਸ਼ੁਰੂ ਕਰ ਸਕਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਸਾਨੂੰ ਪਰਮੇਸ਼ੁਰ ਤੋਂ ਸੁਣਨ ਦੀ ਲੋੜ ਹੈ ਕਿ ਕੀ ਸਹੀ ਤੇ ਕੀ ਗ਼ਲਤ ਹੈ। (ਯਿਰ. 10:23) ਦੂਜਾ ਝੂਠ ਹੈ: ਪਰਮੇਸ਼ੁਰ ਧਰਤੀ ਦੇ ਹਾਲਾਤ ਕਦੇ ਨਹੀਂ ਬਦਲੇਗਾ। ਇਸ ਕਾਰਨ ਲੋਕ ਸਿਰਫ਼ ਅੱਜ ਬਾਰੇ ਹੀ ਸੋਚਦੇ ਹਨ। ਉਨ੍ਹਾਂ ਨੂੰ ਭਵਿੱਖ ਦੀ ਜਾਂ ਪਰਮੇਸ਼ੁਰ ਦੀ ਕੋਈ ਪਰਵਾਹ ਨਹੀਂ। ਅਸੀਂ ਸ਼ਾਇਦ ਉਨ੍ਹਾਂ ਵਾਂਗ ਸੋਚਣ ਲੱਗ ਪਈਏ ਅਤੇ ਫਿਰ ਪਰਮੇਸ਼ੁਰ ਦੀ ਸੇਵਾ ਵਿਚ ‘ਆਲਸੀ ਅਤੇ ਨਿਸਫਲ’ ਹੋ ਜਾਈਏ। (2 ਪਤ. 1:8) ਸੱਚਾਈ ਤਾਂ ਇਹ ਹੈ ਕਿ ਯਹੋਵਾਹ ਜਲਦੀ ਹੀ ਧਰਤੀ ਉਤਲੇ ਹਾਲਾਤ ਬਦਲ ਦੇਵੇਗਾ ਅਤੇ ਸਾਨੂੰ ਆਪਣੀ ਜ਼ਿੰਦਗੀ ਤੋਂ ਦਿਖਾਉਣਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ੁਰ ਦੀ ਇਸ ਗੱਲ ’ਤੇ ਵਿਸ਼ਵਾਸ ਹੈ। (ਮੱਤੀ 24:44) ਤੀਜਾ ਝੂਠ ਹੈ: ਪਰਮੇਸ਼ੁਰ ਤੁਹਾਡੀ ਪਰਵਾਹ ਨਹੀਂ ਕਰਦਾ। ਸ਼ਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਅਸੀਂ ਇੰਨੇ ਚੰਗੇ ਨਹੀਂ ਹਾਂ ਕਿ ਪਰਮੇਸ਼ੁਰ ਸਾਨੂੰ ਪਿਆਰ ਕਰੇ। ਜੇ ਅਸੀਂ ਸ਼ਤਾਨ ਦੇ ਇਸ ਝੂਠ ’ਤੇ ਵਿਸ਼ਵਾਸ ਕਰ ਲਿਆ, ਤਾਂ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਸਕਦੇ ਹਾਂ। ਸੱਚਾਈ ਤਾਂ ਇਹ ਹੈ ਕਿ ਯਹੋਵਾਹ ਆਪਣੇ ਹਰ ਸੇਵਕ ਨੂੰ ਪਿਆਰ ਕਰਦਾ ਹੈ ਅਤੇ ਅਨਮੋਲ ਸਮਝਦਾ ਹੈ।—ਮੱਤੀ 10:29-31.

13 ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸ਼ਤਾਨ ਦੀ ਦੁਨੀਆਂ ਦੇ ਲੋਕਾਂ ਵਾਂਗ ਨਾ ਸੋਚੀਏ। ਕਦੇ-ਕਦੇ ਲੱਗਦਾ ਹੈ ਕਿ ਉਹ ਜੋ ਕਹਿੰਦੇ ਅਤੇ ਸੋਚਦੇ ਹਨ, ਉਹ ਵਾਕਈ ਸੱਚ ਹੈ। ਪਰ ਯਾਦ ਰੱਖੋ ਕਿ ਇਹ ਸ਼ਤਾਨ ਦੀ ਸੋਚ ਹੈ ਅਤੇ ਉਹ ਸਾਨੂੰ ਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਿਚ ਮਾਹਰ ਹੈ। ਜੇ ਅਸੀਂ ਸ਼ਤਾਨ ਦੀਆਂ ਝੂਠੀਆਂ ਕਹਾਣੀਆਂ ਵਿਚ ਨਹੀਂ ਆਉਣਾ ਚਾਹੁੰਦੇ, ਤਾਂ ਸਾਨੂੰ ਬਾਈਬਲ ਵਿਚ ਦਿੱਤੀਆਂ ਚੇਤਾਵਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।—2 ਪਤ. 1:16.

“ਸ਼ਤਾਨ ਦੇ ਮਗਰ” ਨਾ ਲੱਗੋ

14. ਕੁਝ ਜਵਾਨ ਵਿਧਵਾਵਾਂ ਨੂੰ ਪੌਲੁਸ ਨੇ ਕਿਹੜੀ ਚੇਤਾਵਨੀ ਦਿੱਤੀ? ਸਾਨੂੰ ਸਾਰਿਆਂ ਨੂੰ ਇਸ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ?

14 ਮੰਨ ਲਓ ਕਿ ਸੜਕ ’ਤੇ ਲੱਗੇ ਸਾਈਨ ਉੱਤੇ ਲਿਖਿਆ ਹੈ: “ਸ਼ਤਾਨ ਮਗਰ ਜਾਣ ਦਾ ਰਾਹ।” ਬਿਨਾਂ ਸ਼ੱਕ ਕੋਈ ਵੀ ਮਸੀਹੀ ਇਸ ਰਾਹ ’ਤੇ ਨਹੀਂ ਜਾਣਾ ਚਾਹੇਗਾ। ਪਰ ਸੱਚੇ ਮਸੀਹੀ ਵੀ “ਸ਼ਤਾਨ ਦੇ ਮਗਰ” ਲੱਗ ਸਕਦੇ ਹਨ। ਪੌਲੁਸ ਨੇ ਸਾਨੂੰ ਚੁਕੰਨੇ ਕੀਤਾ ਕਿ ਇਹ ਕਿਵੇਂ ਹੋ ਸਕਦਾ ਹੈ। (1 ਤਿਮੋਥਿਉਸ 5:11-15 ਪੜ੍ਹੋ।) ਉਸ ਨੇ ਉਸ ਜ਼ਮਾਨੇ ਦੀ ਕਲੀਸਿਯਾ ਦੀਆਂ ਕੁਝ ਜਵਾਨ ਵਿਧਵਾਵਾਂ ਬਾਰੇ ਲਿਖਿਆ, ਪਰ ਉਸ ਦੀਆਂ ਗੱਲਾਂ ਤੋਂ ਅਸੀਂ ਸਾਰੇ ਹੀ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਵਿਧਵਾਵਾਂ ਦੇ ਭਾਣੇ ਉਨ੍ਹਾਂ ਦੀ ਸੋਚਣੀ ਠੀਕ ਸੀ, ਪਰ ਉਨ੍ਹਾਂ ਦੇ ਕੰਮਾਂ ਅਤੇ ਗੱਲਾਂ ਤੋਂ ਜ਼ਾਹਰ ਹੋਇਆ ਕਿ ਉਹ ਸ਼ਤਾਨ ਮਗਰ ਲੱਗ ਰਹੀਆਂ ਸਨ। ਅਸੀਂ ਅਣਜਾਣੇ ਵਿਚ ਸ਼ਤਾਨ ਦੇ ਮਗਰ ਲੱਗਣ ਤੋਂ ਕਿਵੇਂ ਬਚ ਸਕਦੇ ਹਾਂ? ਆਓ ਆਪਾਂ ਦੂਜਿਆਂ ਬਾਰੇ ਚੁਗ਼ਲੀਆਂ ਕਰਨ ਸੰਬੰਧੀ ਪੌਲੁਸ ਦੀ ਚੇਤਾਵਨੀ ਦੇਖੀਏ।

15. ਸ਼ਤਾਨ ਕੀ ਚਾਹੁੰਦਾ ਹੈ? ਪੌਲੁਸ ਅਨੁਸਾਰ ਸ਼ਤਾਨ ਕਿਹੜੇ ਕੰਮ ਕਰਵਾ ਕੇ ਸਾਡੇ ਤੋਂ ਆਪਣੀ ਮਰਜ਼ੀ ਪੂਰੀ ਕਰਵਾਉਂਦਾ ਹੈ?

15 ਸ਼ਤਾਨ ਨਹੀਂ ਚਾਹੁੰਦਾ ਕਿ ਅਸੀਂ ਸੱਚਾਈ ਬਾਰੇ ਗੱਲ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਬੰਦ ਕਰ ਦੇਈਏ। (ਪਰ. 12:17) ਉਹ ਚਾਹੁੰਦਾ ਹੈ ਕਿ ਅਸੀਂ ਮੂਰਖਤਾ ਭਰੇ ਕੰਮ ਕਰੀਏ ਜਿਨ੍ਹਾਂ ਵਿਚ ਸਾਡਾ ਸਮਾਂ ਬਰਬਾਦ ਹੁੰਦਾ ਹੈ ਜਾਂ ਜਿਨ੍ਹਾਂ ਕਾਰਨ ਯਹੋਵਾਹ ਦੇ ਲੋਕਾਂ ਵਿਚ ਫੁੱਟ ਪੈਂਦੀ ਹੈ। ਪੌਲੁਸ ਨੇ ਕੁਝ ਕੰਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਸ਼ਤਾਨ ਸਾਡੇ ਤੋਂ ਆਪਣੀ ਮਰਜ਼ੀ ਪੂਰੀ ਕਰਵਾਉਂਦਾ ਹੈ। ਪੌਲੁਸ ਨੇ ਕਿਹਾ ਕਿ ਉਸ ਦੇ ਜ਼ਮਾਨੇ ਦੀਆਂ ਵਿਧਵਾਵਾਂ ‘ਘਰ ਘਰ ਫਿਰ ਕੇ ਆਲਸਣਾਂ’ ਬਣ ਗਈਆਂ ਸਨ। ਇਹ ਵਿਧਵਾਵਾਂ ਆਪਣਾ ਜ਼ਿਆਦਾਤਰ ਸਮਾਂ ਆਪਣੀਆਂ ਸਹੇਲੀਆਂ ਨੂੰ ਮਿਲਣ ਅਤੇ ਫ਼ਜ਼ੂਲ ਗੱਲਾਂ ਕਰਨ ਵਿਚ ਗੁਆ ਦਿੰਦੀਆਂ ਸਨ। ਸਾਨੂੰ ਇੱਦਾਂ ਕਰਨ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ। ਮਿਸਾਲ ਲਈ, ਸਾਡਾ ਤੇ ਦੂਜਿਆਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਗੱਲਾਂ ਬਾਰੇ ਈ-ਮੇਲ ਪੜ੍ਹਨ ਅਤੇ ਭੇਜਣ ਵਿਚ ਬਰਬਾਦ ਹੋ ਸਕਦਾ ਹੈ ਜੋ ਇੰਨੀਆਂ ਜ਼ਰੂਰੀ ਨਹੀਂ ਅਤੇ ਕਦੇ-ਕਦੇ ਸੱਚ ਨਹੀਂ ਹੁੰਦੀਆਂ। ਪੌਲੁਸ ਨੇ ਇਹ ਵੀ ਕਿਹਾ ਕਿ ਵਿਧਵਾਵਾਂ‘ਬੁੜ ਬੁੜ’ ਯਾਨੀ ਚੁਗ਼ਲੀਆਂ ਕਰਦੀਆਂ ਸਨ। ਚੁਗ਼ਲਖ਼ੋਰ ਇਨਸਾਨ ਹੋਰਨਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦਾ ਹੈ ਜਿਸ ਨਾਲ ਦੂਜਿਆਂ ਦੀ ਬਦਨਾਮੀ ਹੁੰਦੀ ਹੈ ਅਤੇ ਇਸ ਕਾਰਨ ਅਕਸਰ ਝਗੜੇ ਵੀ ਸ਼ੁਰੂ ਹੋ ਜਾਂਦੇ ਹਨ। (ਕਹਾ. 26:20) ਦੂਜਿਆਂ ਬਾਰੇ ਝੂਠ ਫੈਲਾਉਣ ਵਾਲੇ ਇਬਲੀਸ ਯਾਨੀ ਸ਼ਤਾਨ ਵਰਗੇ ਹਨ ਭਾਵੇਂ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ। * ਅੱਗੇ ਪੌਲੁਸ ਨੇ ਕਿਹਾ ਕਿ ਵਿਧਵਾਵਾਂ ‘ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ’ ਸਨ। ਉਹ ਦੂਜਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੀਆਂ ਸਨ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਸੀ। ਪਰ ਇਹ ਦੱਸਣ ਦਾ ਹੱਕ ਕਿਸੇ ਕੋਲ ਨਹੀਂ। ਇਨ੍ਹਾਂ ਸਾਰੇ ਖ਼ਤਰਿਆਂ ਕਾਰਨ ਅਸੀਂ ਯਹੋਵਾਹ ਦੇ ਦਿੱਤੇ ਜ਼ਰੂਰੀ ਕੰਮ ਬਾਰੇ ਸੋਚਣਾ ਛੱਡ ਸਕਦੇ ਹਾਂ। ਸਾਨੂੰ ਆਪਣਾ ਸਮਾਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਵਿਚ ਲਾਉਣਾ ਚਾਹੀਦਾ ਹੈ। ਜੇ ਅਸੀਂ ਪ੍ਰਚਾਰ ਕਰਨਾ ਬੰਦ ਕਰ ਦਿੱਤਾ, ਤਾਂ ਅਸੀਂ ਸ਼ਤਾਨ ਮਗਰ ਲੱਗ ਜਾਵਾਂਗੇ। ਜੇ ਅਸੀਂ ਸ਼ਤਾਨ ਵੱਲ ਹਾਂ, ਤਾਂ ਅਸੀਂ ਯਹੋਵਾਹ ਦੇ ਖ਼ਿਲਾਫ਼ ਹਾਂ। ਸੋ ਸਾਨੂੰ ਸਾਰਿਆਂ ਨੂੰ ਦੋਨਾਂ ਵਿੱਚੋਂ ਕਿਸੇ ਇਕ ਜਣੇ ਦਾ ਪੱਖ ਲੈਣਾ ਪਵੇਗਾ।—ਮੱਤੀ 12:30.

16. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਸ਼ਤਾਨ ਮਗਰ ਨਹੀਂ ਲੱਗਣਾ ਚਾਹੁੰਦੇ?

16 ਜੇ ਅਸੀਂ ਬਾਈਬਲ ਦੀਆਂ ਗੱਲਾਂ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਸ਼ਤਾਨ ਮਗਰ ਨਹੀਂ ਲੱਗਾਂਗੇ। ਪੌਲੁਸ ਨੇ ਕੁਝ ਗੱਲਾਂ ਦੱਸੀਆਂ ਜੋ ਸਾਡੀ ਮਦਦ ਕਰਨਗੀਆਂ। ਉਸ ਨੇ ਕਿਹਾ ਕਿ ਸਾਨੂੰ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ’ ਰਹਿਣਾ ਚਾਹੀਦਾ ਹੈ। (1 ਕੁਰਿੰ. 15:58) ਯਹੋਵਾਹ ਲਈ ਸਖ਼ਤ ਮਿਹਨਤ ਕਰਦਿਆਂ ਸਾਡੇ ਕੋਲ ਉਨ੍ਹਾਂ ਗ਼ੈਰ-ਜ਼ਰੂਰੀ ਚੀਜ਼ਾਂ ਲਈ ਸਮਾਂ ਨਹੀਂ ਬਚਦਾ ਜੋ ਸਾਡੇ ਲਈ ਖ਼ਤਰਨਾਕ ਹੋ ਸਕਦੀਆਂ ਹਨ। (ਮੱਤੀ 6:33) ਪੌਲੁਸ ਨੇ ਇਹ ਵੀ ਕਿਹਾ ਕਿ ਸਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਦੂਜਿਆਂ ਦੀ ‘ਉੱਨਤੀ ਲਈ ਚੰਗੀਆਂ ਹੋਣ।’ (ਅਫ਼. 4:29) ਚੁਗ਼ਲੀਆਂ ਨਾ ਕਰੋ ਅਤੇ ਨਾ ਹੀ ਚੁਗ਼ਲਖ਼ੋਰਾਂ ਦੀ ਸੁਣੋ। (“ਹਵਾ ਵਿਚ ਖੰਭ ਖਿਲਾਰਨੇ” ਨਾਂ ਦੀ ਡੱਬੀ ਦੇਖੋ।) ਆਪਣੇ ਭੈਣਾਂ-ਭਰਾਵਾਂ ’ਤੇ ਵਿਸ਼ਵਾਸ਼ ਕਰੋ ਅਤੇ ਉਨ੍ਹਾਂ ਦੀ ਇੱਜ਼ਤ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਹਮੇਸ਼ਾ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕਹੋਗੇ। ਪੌਲੁਸ ਨੇ ਇਹ ਵੀ ਦੱਸਿਆ ਕਿ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ ਅਤੇ ਕਿਹਾ: ‘ਆਪੋ ਆਪਣੇ ਕੰਮ ਧੰਦੇ ਕਰੋ।’ (1 ਥੱਸ. 4:11) ਦਿਖਾਓ ਕਿ ਤੁਹਾਨੂੰ ਦੂਜਿਆਂ ਦੀ ਪਰਵਾਹ ਹੈ, ਪਰ ਇੱਜ਼ਤ ਨਾਲ। ਯਾਦ ਰੱਖੋ ਕਿ ਕੁਝ ਭੈਣ-ਭਰਾ ਆਪਣੇ ਹਰ ਮਾਮਲੇ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ ਅਤੇ ਨਾ ਹੀ ਉਹ ਚਾਹੁੰਦੇ ਹਨ ਕਿ ਦੂਜੇ ਇਨ੍ਹਾਂ ਗੱਲਾਂ ਨੂੰ ਜਾਣਨ। ਇਹ ਵੀ ਯਾਦ ਰੱਖੋ ਕਿ ਸਾਨੂੰ ਦੂਜਿਆਂ ਲਈ ਫ਼ੈਸਲੇ ਨਹੀਂ ਕਰਨੇ ਚਾਹੀਦੇ ਕਿਉਂਕਿ ਫ਼ੈਸਲੇ ਕਰਨ ਦਾ ਹੱਕ ਉਨ੍ਹਾਂ ਦਾ ਆਪਣਾ ਬਣਦਾ ਹੈ।—ਗਲਾ. 6:5.

17. (ੳ) ਯਹੋਵਾਹ ਸਾਨੂੰ ਚੇਤਾਵਨੀਆਂ ਕਿਉਂ ਦਿੰਦਾ ਹੈ? (ਅ) ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?

17 ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਨੂੰ ਸਾਫ਼ ਦੱਸਦਾ ਹੈ ਕਿ ਸਾਨੂੰ ਕਿਸ ਮਗਰ ਨਹੀਂ ਲੱਗਣਾ ਚਾਹੀਦਾ! ਯਾਦ ਰੱਖੋ ਕਿ ਪਿਆਰ ਕਰਕੇ ਯਹੋਵਾਹ ਸਾਨੂੰ ਚੇਤਾਵਨੀਆਂ ਦਿੰਦਾ ਹੈ। ਉਹ ਨਹੀਂ ਚਾਹੁੰਦਾ ਕਿ ਸ਼ਤਾਨ ਸਾਨੂੰ ਧੋਖਾ ਦੇਵੇ ਤੇ ਅਸੀਂ ਦੁੱਖ ਝੱਲੀਏ। ਯਹੋਵਾਹ ਦਾ ਦੱਸਿਆ ਰਾਹ ਔਖਾ ਤਾਂ ਹੈ, ਪਰ ਇਹੀ ਸਦਾ ਦੀ ਜ਼ਿੰਦਗੀ ਨੂੰ ਜਾਂਦਾ ਹੈ। (ਮੱਤੀ 7:14) ਆਓ ਯਹੋਵਾਹ ਦਾ ਇਹ ਕਹਿਣਾ ਮੰਨਣ ਦਾ ਪੱਕਾ ਇਰਾਦਾ ਕਰੀਏ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾ. 30:21.

[ਫੁਟਨੋਟ]

^ ਪੈਰਾ 4 ਧਰਮ-ਤਿਆਗ ਦਾ ਮਤਲਬ ਹੈ ਸੱਚੀ ਭਗਤੀ ਖ਼ਿਲਾਫ਼ ਬਗਾਵਤ ਅਤੇ ਇਸ ਨੂੰ ਛੱਡਣਾ।

^ ਪੈਰਾ 10 ਪੌਲੁਸ ਦੇ ਜ਼ਮਾਨੇ ਦੀ ਟੋਬਿਟ ਜਾਂ ਟੋਬਾਇਸ ਨਾਂ ਦੀ ਕਿਤਾਬ ਝੂਠੀਆਂ ਕਹਾਣੀਆਂ ਦੀ ਇਕ ਮਿਸਾਲ ਹੈ ਜਿਸ ਨੂੰ ਕੁਝ ਲੋਕ ਬਾਈਬਲ ਦਾ ਹਿੱਸਾ ਸਮਝਦੇ ਹਨ। ਇਹ ਕਿਤਾਬ ਤਕਰੀਬਨ ਤੀਜੀ ਸਦੀ ਈਸਵੀ ਪੂਰਵ ਵਿਚ ਲਿਖੀ ਗਈ ਸੀ। ਇਹ ਝੂਠੇ ਵਿਸ਼ਵਾਸਾਂ ਅਤੇ ਜਾਦੂਗਰੀ ਦੀਆਂ ਕਹਾਣੀਆਂ ਨਾਲ ਭਰੀ ਪਈ ਹੈ। ਇਹ ਸਰਾਸਰ ਝੂਠੀਆਂ ਕਹਾਣੀਆਂ ਹਨ।—ਇਨਸਾਈਟ ਓਨ ਦ ਸਕ੍ਰਿਪਚਰਚਜ਼, ਭਾਗ 1, ਸਫ਼ਾ 122 ਦੇਖੋ।

^ ਪੈਰਾ 15 ਯੂਨਾਨੀ ਭਾਸ਼ਾ ਵਿਚ “ਇਬਲੀਸ” ਦਾ ਮਤਲਬ ਹੈ “ਉਹ ਸ਼ਖ਼ਸ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਬਾਰੇ ਝੂਠ ਬੋਲਦਾ ਹੈ।” ਇਹ ਸ਼ਬਦ ਸ਼ਤਾਨ ਲਈ ਵਰਤਿਆ ਗਿਆ ਹੈ ਜੋ ਝੂਠ ਬੋਲਣ ਵਾਲਾ ਪਹਿਲਾ ਸ਼ਖ਼ਸ ਸੀ।—ਯੂਹੰ. 8:44; ਪਰ. 12:9,10.

ਤੁਹਾਡਾ ਕੀ ਜਵਾਬ ਹੈ?

ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਇਨ੍ਹਾਂ ਆਇਤਾਂ ਵਿਚਲੀਆਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਹੋ?

2 ਪਤਰਸ 2:1-3

1 ਤਿਮੋਥਿਉਸ 1:3, 4

1 ਤਿਮੋਥਿਉਸ 5:11-15

[ਸਵਾਲ]

[ਸਫ਼ਾ 19 ਉੱਤੇ ਡੱਬੀ/ਤਸਵੀਰਾਂ]

ਹਵਾ ਵਿਚ ਖੰਭ ਖਿਲਾਰਨੇ

ਇਕ ਪੁਰਾਣੀ ਯਹੂਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਨੁਕਸਾਨਦੇਹ ਗੱਲਾਂ ਫੈਲਾਉਣ ਦੇ ਕਿਹੜੇ ਨਤੀਜੇ ਨਿਕਲਦੇ ਹਨ।

ਇਕ ਆਦਮੀ ਨੇ ਆਪਣੇ ਪਿੰਡ ਦੇ ਸਭ ਤੋਂ ਅਕਲਮੰਦ ਆਦਮੀ ਬਾਰੇ ਕਈ ਲੋਕਾਂ ਨੂੰ ਝੂਠੀਆਂ ਗੱਲਾਂ ਦੱਸੀਆਂ। ਕੁਝ ਸਮੇਂ ਬਾਅਦ ਝੂਠ ਬੋਲਣ ਵਾਲਾ ਆਦਮੀ ਚਾਹੁੰਦਾ ਸੀ ਕਿ ਅਕਲਮੰਦ ਆਦਮੀ ਉਸ ਨੂੰ ਮਾਫ਼ ਕਰ ਦੇਵੇ। ਇਸ ਲਈ ਉਸ ਨੇ ਅਕਲਮੰਦ ਆਦਮੀ ਨੂੰ ਪੁੱਛਿਆ: “ਮੈਂ ਕੀ ਕਰਾਂ ਜਿਸ ਤੋਂ ਦਿਸੇ ਕਿ ਮੈਂ ਤੁਹਾਡੇ ਬਾਰੇ ਜੋ ਕਿਹਾ ਹੈ, ਮੈਨੂੰ ਉਸ ਦਾ ਪਛਤਾਵਾ ਹੈ?” ਅਕਲਮੰਦ ਆਦਮੀ ਨੇ ਉਸ ਨੂੰ ਕਿਹਾ: “ਤੂੰ ਇਕ ਕੰਮ ਕਰ ਸਕਦਾ ਹੈਂ। ਖੰਭਾਂ ਨਾਲ ਭਰਿਆ ਇਕ ਸਰ੍ਹਾਣਾ ਲੈ ਤੇ ਇਸ ਨੂੰ ਪਾੜ ਦੇ। ਫਿਰ ਖੰਭ ਹਵਾ ਵਿਚ ਉਡਾ ਦੇ।” ਆਦਮੀ ਨੂੰ ਇਸ ਦਾ ਕਾਰਨ ਨਹੀਂ ਪਤਾ ਸੀ, ਪਰ ਉਸ ਨੇ ਅਕਲਮੰਦ ਆਦਮੀ ਦੀ ਗੱਲ ਅਨੁਸਾਰ ਕੀਤਾ। ਬਾਅਦ ਵਿਚ ਅਕਲਮੰਦ ਆਦਮੀ ਕੋਲ ਆ ਕੇ ਉਸ ਨੇ ਪੁੱਛਿਆ: “ਕੀ ਹੁਣ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਹੈ?” ਅਕਲਮੰਦ ਆਦਮੀ ਨੇ ਕਿਹਾ: “ਪਹਿਲਾਂ ਜਾ ਕੇ ਸਾਰੇ ਖੰਭ ਲੱਭ।” ਆਦਮੀ ਨੇ ਕਿਹਾ: “ਇਹ ਤਾਂ ਬਹੁਤ ਮੁਸ਼ਕਲ ਹੈ। ਹਵਾ ਕਾਰਨ ਖੰਭ ਸਾਰੇ ਪਾਸੇ ਖਿੱਲਰ ਗਏ। ਮੈਂ ਉਨ੍ਹਾਂ ਨੂੰ ਨਹੀਂ ਲੱਭ ਸਕਦਾ।” ਫਿਰ ਅਕਲਮੰਦ ਆਦਮੀ ਨੇ ਕਿਹਾ: “ਜਿਵੇਂ ਖੰਭ ਕਈ ਥਾਵਾਂ ਤੇ ਖਿੱਲਰ ਗਏ, ਉਸੇ ਤਰ੍ਹਾਂ ਤੇਰੀਆਂ ਝੂਠੀਆਂ ਗੱਲਾਂ ਕਈ ਲੋਕਾਂ ਵਿਚ ਫੈਲ ਗਈਆਂ ਹਨ। ਜਿਵੇਂ ਤੂੰ ਖੰਭ ਨਹੀਂ ਲੱਭ ਸਕਦਾ, ਉਵੇਂ ਲੋਕੀ ਤੇਰੀਆਂ ਗੱਲਾਂ ਨਹੀਂ ਭੁਲਾ ਸਕਦੇ।”

ਗੱਲ ਸਾਫ਼ ਹੈ। ਅਸੀਂ ਕਹੀ ਗਈ ਗੱਲ ਨੂੰ ਬਦਲ ਨਹੀਂ ਸਕਦੇ ਅਤੇ ਨਾ ਹੀ ਕਦੇ-ਕਦੇ ਆਪਣੀਆਂ ਗੱਲਾਂ ਦੇ ਬੁਰੇ ਅੰਜਾਮ ਨੂੰ ਬਦਲ ਸਕਦੇ ਹਾਂ। ਸੋ ਦੂਜਿਆਂ ਬਾਰੇ ਕੁਝ ਬੁਰਾ ਕਹਿਣ ਤੋਂ ਪਹਿਲਾਂ ਯਾਦ ਰੱਖਣਾ ਚੰਗਾ ਹੋਵੇਗਾ ਕਿ ਸਾਡੇ ਬੋਲ ਹਵਾ ਵਿਚ ਖੰਭਾਂ ਦੇ ਉੱਡਣ ਵਾਂਗ ਹਨ।

[ਸਫ਼ਾ 16 ਉੱਤੇ ਤਸਵੀਰ]

ਕੁਝ ਆਪਣੇ ਘਰ ਧਰਮ-ਤਿਆਗੀਆਂ ਨੂੰ ਕਿਵੇਂ ਬੁਲਾ ਸਕਦੇ ਹਨ?