Skip to content

Skip to table of contents

ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ?

ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ?

ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ?

“ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.

1, 2. (ੳ) ਗਲਾਤੀਆਂ 6:16 ਮੁਤਾਬਕ ‘ਪਰਮੇਸ਼ੁਰ ਦਾ ਇਸਰਾਏਲ’ ਕੌਣ ਹੈ? (ਅ) ਮੱਤੀ 19:28 ਵਿਚ ਦੱਸੇ ‘ਇਸਰਾਏਲ ਦੇ ਬਾਰਾਂ ਗੋਤ’ ਕੌਣ ਹਨ?

ਜਦੋਂ ਤੁਸੀਂ ਬਾਈਬਲ ਵਿਚ ਇਸਰਾਏਲ ਸ਼ਬਦ ਪੜ੍ਹਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੀ ਤੁਸੀਂ ਇਸਹਾਕ ਦੇ ਮੁੰਡੇ ਯਾਕੂਬ ਬਾਰੇ ਸੋਚਦੇ ਹੋ ਜਿਸ ਦਾ ਨਾਂ ਬਾਅਦ ਵਿਚ ਇਸਰਾਏਲ ਰੱਖਿਆ ਗਿਆ ਸੀ? ਜਾਂ ਕੀ ਤੁਸੀਂ ਉਸ ਦੀ ਔਲਾਦ ਯਾਨੀ ਇਸਰਾਏਲੀ ਕੌਮ ਬਾਰੇ ਸੋਚਦੇ ਹੋ? ਬਾਈਬਲ “ਪਰਮੇਸ਼ੁਰ ਦੇ ਇਸਰਾਏਲ” ਬਾਰੇ ਜ਼ਿਕਰ ਕਰਦੀ ਹੈ। ਇਹ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਹੋਏ 1,44,000 ਮਸੀਹੀ ਹਨ ਜੋ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ। (ਗਲਾ. 6:16; ਪਰ. 7:4; 21:12) ਪਰ ਇਸਰਾਏਲ ਸ਼ਬਦ ਦਾ ਇਕ ਹੋਰ ਖ਼ਾਸ ਮਤਲਬ ਹੈ, ਆਓ ਆਪਾਂ ਇਸ ਬਾਰੇ ਮੱਤੀ 19:28 ਵਿੱਚੋਂ ਪੜ੍ਹੀਏ।

2 ਯਿਸੂ ਨੇ ਕਿਹਾ: “ਜਦ ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” ਇਸ ਆਇਤ ਵਿਚ ‘ਇਸਰਾਏਲ ਦੇ ਬਾਰਾਂ ਗੋਤ’ ਉਹ ਲੋਕ ਹਨ ਜਿਹੜੇ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਜੀਣਗੇ। ਇਹ 1,44,000 ਮਸੀਹੀ, ਜਾਜਕਾਂ ਅਤੇ ਨਿਆਈਆਂ ਵਜੋਂ ਧਰਤੀ ਉੱਤੇ ਰਾਜ ਕਰਨਗੇ।

3, 4. ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀ ਕਿਹੜੀ ਚੰਗੀ ਮਿਸਾਲ ਕਾਇਮ ਕਰਦੇ ਹਨ?

3 ਪੁਰਾਣੇ ਜ਼ਮਾਨੇ ਦੇ ਜਾਜਕਾਂ ਅਤੇ ਲੇਵੀਆਂ ਵਾਂਗ ਅੱਜ ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੀ ਸੇਵਾ ਨੂੰ ਬਹੁਮੁੱਲਾ ਸਨਮਾਨ ਸਮਝਦੇ ਹਨ। (ਗਿਣ. 18:20) ਮਸਹ ਕੀਤੇ ਹੋਏ ਇਹ ਉਮੀਦ ਨਹੀਂ ਰੱਖਦੇ ਕਿ ਉਨ੍ਹਾਂ ਦਾ ਧਰਤੀ ’ਤੇ ਕੋਈ ਘਰ-ਬਾਰ ਹੋਵੇਗਾ। ਇਸ ਦੀ ਬਜਾਇ, ਪਰਕਾਸ਼ ਦੀ ਪੋਥੀ 4:10, 11 ਵਿਚ ਦੱਸਿਆ ਗਿਆ ਹੈ ਕਿ ਉਹ ਯਿਸੂ ਮਸੀਹ ਦੇ ਨਾਲ ਰਾਜਿਆਂ ਅਤੇ ਜਾਜਕਾਂ ਵਜੋਂ ਸਵਰਗ ਵਿਚ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ।—ਹਿਜ਼. 44:28.

4 ਧਰਤੀ ਉੱਤੇ ਰਹਿੰਦੇ ਹੋਏ ਵੀ ਮਸਹ ਕੀਤੇ ਹੋਇਆਂ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਉਹ ਯਹੋਵਾਹ ਨੂੰ ਆਪਣਾ ਸਭ ਤੋਂ ਕੁਝ ਮੰਨਦੇ ਹਨ। ਉਹ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ। ਪਤਰਸ ਰਸੂਲ ਨੇ ਕਿਹਾ: “ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਭੀ ਜਤਨ ਕਰੋ।” (2 ਪਤ. 1:10) ਮਸਹ ਕੀਤੇ ਹੋਏ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਅਤੇ ਉਸ ਦੀ ਮਿਸਾਲ ਉੱਤੇ ਚੱਲ ਕੇ ਇੱਦਾਂ ਕਰਦੇ ਹਨ। ਇਨ੍ਹਾਂ ਸਾਰਿਆਂ ਵਿਚ ਵੱਖੋ-ਵੱਖਰੀ ਕਾਬਲੀਅਤ ਹੈ ਅਤੇ ਇਨ੍ਹਾਂ ਦੀ ਜ਼ਿੰਦਗੀ ਦੇ ਹਾਲਾਤ ਵੀ ਵੱਖੋ-ਵੱਖਰੇ ਹਨ, ਪਰ ਉਹ ਆਪਣੇ ਹਾਲਾਤਾਂ ਕਰਕੇ ਬਹਾਨੇ ਨਹੀਂ ਬਣਾਉਂਦੇ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ। ਉਹ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਪੂਰੀ ਵਾਹ ਲਾ ਕੇ ਕਰਦੇ ਹਨ। ਉਹ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਲਈ ਚੰਗੀ ਮਿਸਾਲ ਕਾਇਮ ਕਰਦੇ ਹਨ।

5. ਇਕ ਮਸੀਹੀ ਯਹੋਵਾਹ ਨੂੰ ਆਪਣਾ ਹਿੱਸਾ ਕਿਵੇਂ ਬਣਾ ਸਕਦਾ ਹੈ ਅਤੇ ਇੱਦਾਂ ਕਰਨਾ ਕਦੇ-ਕਦੇ ਔਖਾ ਕਿਉਂ ਲੱਗ ਸਕਦਾ ਹੈ?

5 ਯਿਸੂ ਨੇ ਕਿਹਾ ਸੀ ਕਿ ਹਰ ਮਸੀਹੀ ਨੂੰ, ਚਾਹੇ ਉਸ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੋਵੇ ਜਾਂ ਸਵਰਗ ਵਿਚ ਰਹਿਣ ਦੀ, ਉਸ ਨੂੰ ‘ਆਪਣੇ ਆਪ ਦਾ ਇਨਕਾਰ ਕਰਨਾ ਪਵੇਗਾ ਅਤੇ ਆਪਣੀ ਸਲੀਬ ਚੁੱਕ ਕੇ’ ਉਸ ਦੇ ਪਿੱਛੇ-ਪਿੱਛੇ ਚੱਲਣਾ ਪਵੇਗਾ। (ਮੱਤੀ 16:24) ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੱਖਾਂ ਲੋਕ ਇੱਦਾਂ ਹੀ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ ਤੇ ਮਸੀਹ ਦੇ ਪਿੱਛੇ-ਪਿੱਛੇ ਚੱਲ ਰਹੇ ਹਨ। ਉਹ ਪਰਮੇਸ਼ੁਰ ਦੀ ਸੇਵਾ ਵਿਚ ਥੋੜ੍ਹਾ-ਬਹੁਤ ਨਹੀਂ, ਸਗੋਂ ਬਹੁਤ ਕੁਝ ਕਰਨ ਲਈ ਤਿਆਰ ਰਹਿੰਦੇ ਹਨ। ਬਹੁਤ ਸਾਰੇ ਆਪਣੀ ਜ਼ਿੰਦਗੀ ਨੂੰ ਸਾਦੀ ਬਣਾ ਕੇ ਰੈਗੂਲਰ ਪਾਇਨੀਅਰਿੰਗ ਕਰ ਸਕੇ ਹਨ। ਕੁਝ ਭੈਣ-ਭਰਾ ਸਾਲ ਵਿਚ ਕੁਝ ਮਹੀਨਿਆਂ ਵਾਸਤੇ ਪਾਇਨੀਅਰਿੰਗ ਕਰਦੇ ਹਨ। ਜਿਹੜੇ ਪਾਇਨੀਅਰਿੰਗ ਨਹੀਂ ਕਰ ਸਕਦੇ, ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੇ ਹਨ। ਉਹ ਮਰਿਯਮ ਵਰਗੇ ਹਨ ਜਿਸ ਨੇ ਯਿਸੂ ਦੇ ਸਿਰ ’ਤੇ ਮਹਿੰਗਾ ਅਤਰ ਮਲਿਆ ਸੀ। ਯਿਸੂ ਨੇ ਕਿਹਾ: ‘ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਜੋ ਕੁਝ ਉਸ ਤੋਂ ਬਣ ਪਿਆ ਉਸ ਨੇ ਕੀਤਾ।’ (ਮਰ. 14:6-8) ਹਾਲਾਂਕਿ ਅਸੀਂ ਸ਼ਤਾਨ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਕਰਕੇ ਅਸੀਂ ਉਹ ਸਭ ਕੁਝ ਨਹੀਂ ਕਰ ਪਾਉਂਦੇ ਜੋ ਅਸੀਂ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਸਖ਼ਤ ਮਿਹਨਤ ਕਰਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਆਓ ਆਪਾਂ ਹੁਣ ਚਾਰ ਤਰੀਕਿਆਂ ’ਤੇ ਗੌਰ ਕਰੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲੋ

6. (ੳ) ਦੁਨੀਆਂ ਦੇ ਲੋਕ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਲਈ ਅੱਜ ਦੀ ਜ਼ਿੰਦਗੀ ਸਭ ਕੁਝ ਹੈ? (ਅ) ਸਾਡੇ ਲਈ ਦਾਊਦ ਦੀ ਰੀਸ ਕਰਨੀ ਕਿਉਂ ਚੰਗੀ ਗੱਲ ਹੈ?

6 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਭਾਲਣ। ਦੁਨੀਆਂ ਦੇ ਲੋਕ ਮਤਲਬੀ ਹਨ ਅਤੇ ਬਾਰੇ ਪਹਿਲਾਂ ਸੋਚਦੇ ਹਨ। ਬਾਈਬਲ ਇਨ੍ਹਾਂ ਨੂੰ ‘ਸੰਸਾਰੀ ਫਾਨੀ’ ਯਾਨੀ ਇਸ ਦੁਨੀਆਂ ਦੇ ਲੋਕ ਕਹਿੰਦੀ ਹੈ “ਜਿਨ੍ਹਾਂ ਦਾ ਹਿੱਸਾ ਇਸੇ ਜੀਉਣ ਵਿੱਚ ਹੈ।” (ਜ਼ਬੂਰਾਂ ਦੀ ਪੋਥੀ 17:1, 13-15 ਪੜ੍ਹੋ।) ਇਹ ਲੋਕ ਯਹੋਵਾਹ ਦੀ ਕੋਈ ਪਰਵਾਹ ਨਹੀਂ, ਸਗੋਂ ਪੈਸਾ ਕਮਾਉਣਾ ਅਤੇ ਬੱਚਿਆਂ ਦੀ ਪਰਵਰਿਸ਼ ਵਿਚ ਰੁੱਝੇ ਰਹਿੰਦੇ ਹਨ ਤਾਂਕਿ ਆਪਣੇ ਬੱਚਿਆਂ ਲਈ ਵਿਰਾਸਤ ਵਿਚ ਕੁਝ ਛੱਡ ਕੇ ਜਾ ਸਕਣ। ਇਨ੍ਹਾਂ ਲਈ ਅੱਜ ਦੀ ਜ਼ਿੰਦਗੀ ਹੀ ਸਭ ਕੁਝ ਹੈ। ਪਰ ਜੇ ਅਸੀਂ ਦਾਊਦ ਦੀ ਗੱਲ ਕਰੀਏ, ਤਾਂ ਉਹ ਇਨ੍ਹਾਂ ਲੋਕਾਂ ਤੋਂ ਬਿਲਕੁਲ ਵੱਖਰਾ ਸੀ। ਉਹ ਯਹੋਵਾਹ ਨਾਲ “ਨੇਕਨਾਮੀ” ਖੱਟਣਾ ਚਾਹੁੰਦਾ ਸੀ। (ਉਪ. 7:1) ਆਸਾਫ਼ ਵਾਂਗ ਦਾਊਦ ਲਈ ਜ਼ਿੰਦਗੀ ਵਿਚ ਹੋਰ ਕਿਸੇ ਵੀ ਚੀਜ਼ ਨਾਲੋਂ ਅਹਿਮ ਅਤੇ ਖ਼ੁਸ਼ੀ ਦੀ ਗੱਲ ਸੀ: ਯਹੋਵਾਹ ਨਾਲ ਦੋਸਤੀ ਕਰਨੀ। ਸਾਡੇ ਜ਼ਮਾਨੇ ਵਿਚ ਵੀ ਕਈ ਮਸੀਹੀਆਂ ਨੇ ਦਿਖਾਇਆ ਹੈ ਕਿ ਕੰਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਯਹੋਵਾਹ ਦੇ ਕੰਮ ਕਰਨੇ।

7. ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣ ਕਾਰਨ ਇਕ ਭਰਾ ਨੂੰ ਕਿਹੜੀ ਬਰਕਤ ਮਿਲੀ?

7 ਮੱਧ ਅਫ਼ਰੀਕਨ ਗਣਰਾਜ ਵਿਚ ਰਹਿਣ ਵਾਲਾ ਜ਼ੌਂ-ਕਲੋਡ ਨਾਂ ਦੇ ਬਜ਼ੁਰਗ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਦੇ ਤਿੰਨ ਬੱਚੇ ਹਨ। ਇਸ ਦੇਸ਼ ਵਿਚ ਨੌਕਰੀ ਲੱਭਣੀ ਬਹੁਤ ਮੁਸ਼ਕਲ ਹੈ ਅਤੇ ਜ਼ਿਆਦਾਤਰ ਲੋਕ ਆਪਣੀ ਨੌਕਰੀ ’ਤੇ ਟਿਕੇ ਰਹਿਣ ਲਈ ਕੁਝ ਵੀ ਕਰਨ ਲਈ ਤਿਆਰ ਹਨ। ਇਕ ਦਿਨ ਮੈਨੇਜਰ ਨੇ ਜ਼ੌਂ-ਕਲੋਡ ਨੂੰ ਰਾਤ ਨੂੰ ਕੰਮ ਕਰਨ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਉਸ ਨੂੰ ਹਫ਼ਤੇ ਦੇ ਸਾਰੇ ਦਿਨ ਸ਼ਾਮ ਨੂੰ ਸਾਢੇ ਛੇ ਵਜੇ ਕੰਮ ਸ਼ੁਰੂ ਕਰਨਾ ਪਵੇਗਾ। ਭਰਾ ਨੇ ਉਸ ਨੂੰ ਦੱਸਿਆ ਕਿ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਮੀਟਿੰਗਾਂ ਤੇ ਜਾਣਾ ਬਹੁਤ ਜ਼ਰੂਰੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਵੀ ਹਨ। ਮੈਨੇਜਰ ਨੇ ਉਸ ਨੂੰ ਕਿਹਾ: “ਤੈਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਹੈ ਕਿ ਤੇਰੇ ਕੋਲ ਨੌਕਰੀ ਹੈ। ਆਪਣੀ ਤੀਵੀਂ, ਆਪਣੇ ਬੱਚੇ ਅਤੇ ਆਪਣੀਆਂ ਸਮੱਸਿਆਵਾਂ ਨੂੰ ਹੁਣ ਭੁੱਲ ਜਾ। ਆਪਣਾ ਸਾਰਾ ਧਿਆਨ ਕੰਮ ਉੱਤੇ ਲਾ। ਫ਼ੈਸਲਾ ਤੇਰੇ ਹੱਥ ਹੈ, ਜਾਂ ਤਾਂ ਤੂੰ ਆਪਣੇ ਰੱਬ ਨੂੰ ਚੁਣ ਲੈ ਜਾਂ ਆਪਣੇ ਕੰਮ ਨੂੰ।” ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਕੀ ਕਰਦੇ? ਭਰਾ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਸੀ ਕਿ ਜੇ ਉਸ ਦੀ ਨੌਕਰੀ ਚਲੀ ਗਈ, ਤਾਂ ਪਰਮੇਸ਼ੁਰ ਉਸ ਦੀ ਦੇਖ-ਭਾਲ ਕਰੇਗਾ। ਪਰ ਉਹ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਕੁਝ ਕਰ ਸਕਦਾ ਸੀ। ਸੋ ਉਹ ਆਪਣੇ ਪਰਿਵਾਰ ਨਾਲ ਮੀਟਿੰਗ ’ਤੇ ਚਲਾ ਗਿਆ। ਮੀਟਿੰਗ ਤੋਂ ਬਾਅਦ ਉਹ ਕੰਮ ’ਤੇ ਜਾਣ ਲਈ ਤਿਆਰ ਹੋ ਗਿਆ ਭਾਵੇਂ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਨੌਕਰੀ ’ਤੇ ਰੱਖਿਆ ਜਾਵੇਗਾ ਜਾਂ ਨਹੀਂ। ਫਿਰ ਅਚਾਨਕ ਉਸ ਨੂੰ ਇਕ ਫ਼ੋਨ ਆਇਆ। ਉਸ ਨੂੰ ਪਤਾ ਲੱਗਾ ਕਿ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਪਰ ਸਾਡੇ ਭਰਾ ਨੂੰ ਕੰਮ ’ਤੇ ਬੁਲਾ ਲਿਆ ਗਿਆ ਸੀ।

8, 9. ਅਸੀਂ ਜਾਜਕਾਂ ਅਤੇ ਲੇਵੀਆਂ ਵਾਂਗ ਯਹੋਵਾਹ ਨੂੰ ਆਪਣਾ ਸਭ ਕੁਝ ਕਿਵੇਂ ਮੰਨ ਸਕਦੇ ਹਾਂ?

8 ਤੁਹਾਡੇ ਵਿੱਚੋਂ ਸ਼ਾਇਦ ਕਈਆਂ ਦੇ ਨਾਲ ਇੱਦਾਂ ਹੀ ਹੋਇਆ ਹੋਵੇ। ਤੁਸੀਂ ਸ਼ਾਇਦ ਸੋਚਿਆ ਹੋਵੇ ਕਿ ਜੇ ਤੁਹਾਡੀ ਨੌਕਰੀ ਚੱਲੀ ਗਈ, ਤਾਂ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। (1 ਤਿਮੋ. 5:8) ਪਰ ਤੁਸੀਂ ਆਪਣੇ ਤਜਰਬੇ ਤੋਂ ਕਹਿ ਸਕਦੇ ਹੋ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਦੀ ਨਹੀਂ ਛੱਡਦਾ ਜਿਹੜੇ ਉਸ ਨੂੰ ਆਪਣਾ ਸਭ ਕੁਝ ਮੰਨਦੇ ਹਨ ਅਤੇ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜੇ ਉਹ ਪਹਿਲਾਂ ਰਾਜ ਨੂੰ ਭਾਲਦੇ ਰਹਿਣਗੇ, ਤਾਂ ਪਰਮੇਸ਼ੁਰ ਉਨ੍ਹਾਂ ਦੀਆਂ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।—ਮੱਤੀ 6:33.

9 ਜ਼ਰਾ ਲੇਵੀਆਂ ਬਾਰੇ ਸੋਚੋ ਜਿਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲੀ। ਉਨ੍ਹਾਂ ਨੇ ਬਾਕੀ ਸਾਰੀ ਕੌਮ ਨੂੰ ਯਹੋਵਾਹ ਦੀ ਭਗਤੀ ਕਰਨੀ ਸਿਖਾਉਣੀ ਸੀ। ਇਸ ਲਈ ਜੇ ਉਹ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ, ਤਾਂ ਉਹ ਉਨ੍ਹਾਂ ਦੀ ਹਰ ਲੋੜ ਪੂਰੀ ਕਰਦਾ। (ਗਿਣ. 18:20) ਭਾਵੇਂ ਕਿ ਅੱਜ ਅਸੀਂ ਸੱਚੀ-ਮੁੱਚੀ ਦੇ ਮੰਦਰ ਵਿਚ ਯਹੋਵਾਹ ਦੀ ਸੇਵਾ ਨਹੀਂ ਕਰਦੇ ਜਿਵੇਂ ਕਿ ਜਾਜਕ ਅਤੇ ਲੇਵੀ ਕਰਦੇ ਸਨ, ਫਿਰ ਵੀ ਅਸੀਂ ਉਨ੍ਹਾਂ ਵਾਂਗ ਉਸ ਉੱਤੇ ਪੂਰਾ-ਪੂਰਾ ਭਰੋਸਾ ਰੱਖ ਸਕਦੇ ਹਾਂ। ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾਂਦਾ ਹੈ, ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ’ਤੇ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਰੱਖੀਏ।—ਪਰ. 13:17.

ਪਰਮੇਸ਼ੁਰ ਦੇ ਧਰਮ ਨੂੰ ਭਾਲੋ

10, 11. ਨੌਕਰੀ ਦੇ ਮਾਮਲੇ ਵਿਚ ਕੁਝ ਜਣਿਆਂ ਨੇ ਕਿਵੇਂ ਯਹੋਵਾਹ ਉੱਤੇ ਭਰੋਸਾ ਰੱਖਿਆ ਹੈ? ਮਿਸਾਲ ਦੇ ਕੇ ਸਮਝਾਓ।

10 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ‘ਪਹਿਲਾਂ ਪਰਮੇਸ਼ੁਰ ਦੇ ਧਰਮ ਨੂੰ ਭਾਲਣ।’ (ਮੱਤੀ 6:33) ਇਸ ਦਾ ਮਤਲਬ ਹੈ ਕਿ ਅਸੀਂ ਸਹੀ-ਗ਼ਲਤ ਦਾ ਫ਼ੈਸਲਾ ਯਹੋਵਾਹ ਦੇ ਮੁਤਾਬਕ ਕਰਦੇ ਹਾਂ ਨਾ ਕਿ ਲੋਕਾਂ ਦੇ ਪਿੱਛੇ ਲੱਗੇ ਕੇ। (ਯਸਾਯਾਹ 55:8, 9 ਪੜ੍ਹੋ।) ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਕਈ ਲੋਕ ਤਮਾਖੂ ਉਗਾਉਂਦੇ ਸਨ ਜਾਂ ਤਮਾਖੂ ਵਾਲੀਆਂ ਚੀਜ਼ਾਂ ਵੇਚਦੇ ਸਨ, ਯੁੱਧ ਲੜਨ ਵਾਸਤੇ ਦੂਜਿਆਂ ਨੂੰ ਸਿਖਲਾਈ ਦਿੰਦੇ ਸਨ ਅਤੇ ਹਥਿਆਰ ਬਣਾਉਂਦੇ ਤੇ ਵੇਚਦੇ ਸਨ। ਪਰ ਸੱਚਾਈ ਸਿੱਖਣ ਤੋਂ ਬਾਅਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਇਹ ਕੰਮ ਛੱਡ ਦਿੱਤੇ ਅਤੇ ਬਪਤਿਸਮਾ ਲੈ ਲਿਆ।—ਯਸਾ. 2:4; 2 ਕੁਰਿੰ. 7:1; ਗਲਾ. 5:14.

11 ਐਂਡਰੂ ਨਾਂ ਦੇ ਭਰਾ ਨੇ ਕੁਝ ਇੱਦਾਂ ਹੀ ਕੀਤਾ। ਜਦੋਂ ਉਸ ਨੇ ਅਤੇ ਉਸ ਦੀ ਪਤਨੀ ਨੇ ਯਹੋਵਾਹ ਬਾਰੇ ਜਾਣਿਆ, ਤਾਂ ਉਨ੍ਹਾਂ ਦੋਵਾਂ ਨੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਐਂਡਰੂ ਨੂੰ ਆਪਣੀ ਨੌਕਰੀ ਬੜੀ ਪਿਆਰੀ ਸੀ, ਪਰ ਯਹੋਵਾਹ ਦੇ ਅਸੂਲਾਂ ’ਤੇ ਚੱਲਦੇ ਹੋਏ ਉਸ ਨੇ ਨੌਕਰੀ ਛੱਡ ਦਿੱਤੀ। ਕਿਉਂ? ਕਿਉਂਕਿ ਜਿਸ ਕੰਪਨੀ ਵਿਚ ਉਹ ਕੰਮ ਕਰਦਾ ਸੀ, ਉੱਥੇ ਯੁੱਧ ਵਾਸਤੇ ਚੀਜ਼ਾਂ ਬਣਾਈਆਂ ਜਾਂਦੀਆਂ ਸਨ। ਨੌਕਰੀ ਛੱਡਣ ਸਮੇਂ ਉਸ ਦੇ ਦੋ ਬੱਚੇ ਸਨ ਤੇ ਉਸ ਕੋਲ ਕੁਝ ਮਹੀਨਿਆਂ ਤਾਈਂ ਆਪਣਾ ਗੁਜ਼ਾਰਾ ਤੋਰਨ ਲਈ ਕੁਝ ਪੈਸੇ ਸਨ। ਇੱਦਾਂ ਲੱਗਦਾ ਸੀ ਕਿ ਲੇਵੀਆਂ ਵਾਂਗ ਉਸ ਕੋਲ ਕੋਈ ਵਿਰਾਸਤ ਨਹੀਂ ਬਚੀ। ਫਿਰ ਵੀ ਉਸ ਨੇ ਪਰਮੇਸ਼ੁਰ ’ਤੇ ਭਰੋਸਾ ਰੱਖਦੇ ਹੋਏ ਨਵੀਂ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਜਦੋਂ ਐਂਡਰੂ ਅਤੇ ਉਸ ਦਾ ਪਰਿਵਾਰ ਉਸ ਸਮੇਂ ਨੂੰ ਯਾਦ ਕਰਦਾ ਹੈ, ਤਾਂ ਉਹ ਕਹਿ ਸਕਦੇ ਹਨ: “ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ।” (ਯਸਾ. 59:1) ਆਪਣੀ ਜ਼ਿੰਦਗੀ ਨੂੰ ਸਾਦਾ ਰੱਖ ਕੇ ਐਂਡਰੂ ਅਤੇ ਉਸ ਦੀ ਪਤਨੀ ਪਾਇਨੀਅਰਿੰਗ ਕਰ ਸਕੇ। ਉਹ ਕਹਿੰਦਾ ਹੈ ਕਿ ‘ਉਹ ਵੀ ਕਦੇ-ਕਦੇ ਪੈਸੇ-ਧੇਲੇ, ਮਕਾਨ, ਸਿਹਤ ਅਤੇ ਬੁਢਾਪੇ ਕਾਰਨ ਚਿੰਤਾ ਕਰਨ ਲੱਗ ਪੈਂਦੇ ਹਨ, ਪਰ ਯਹੋਵਾਹ ਨੇ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਹੈ।’ ਉਹ ਅਤੇ ਉਸ ਦਾ ਪਰਿਵਾਰ ਕਹਿੰਦਾ ਹੈ ਕਿ ‘ਇਹ ਇਨਸਾਨਾਂ ਵਾਸਤੇ ਕਿੰਨੇ ਮਾਣ ਵਾਲੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣੀ ਸੇਵਾ ਕਰਨ ਲਈ ਚੁਣਿਆ ਹੈ।’—ਉਪ. 12:13.

12. ਪਰਮੇਸ਼ੁਰ ਦੇ ਮਿਆਰਾਂ ਨੂੰ ਪਹਿਲ ਦੇਣ ਲਈ ਸਾਨੂੰ ਕਿਹੜਾ ਗੁਣ ਪੈਦਾ ਕਰਨ ਦੀ ਲੋੜ ਹੈ? ਮਿਸਾਲ ਦੇ ਕੇ ਸਮਝਾਓ।

12 ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।” (ਮੱਤੀ 17:20) ਕੀ ਤੁਸੀਂ ਪਰਮੇਸ਼ੁਰ ਦੇ ਮਿਆਰਾਂ ਨੂੰ ਪਹਿਲ ਦੇਵੋਗੇ ਭਾਵੇਂ ਇਸ ਕਾਰਨ ਤੁਹਾਨੂੰ ਮੁਸ਼ਕਲਾਂ ਹੀ ਕਿਉਂ ਨਾ ਆਉਣ? ਜੇ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਤਾਂ ਆਪਣੀ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਨਾਲ ਗੱਲ ਕਰੋ। ਉਨ੍ਹਾਂ ਦੇ ਤਜਰਬੇ ਸੁਣ ਕੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ ਕਿ ਯਹੋਵਾਹ ਨੇ ਉਨ੍ਹਾਂ ਦੀ ਕਿੱਦਾਂ-ਕਿੱਦਾਂ ਮਦਦ ਕੀਤੀ ਸੀ।

ਯਹੋਵਾਹ ਦੇ ਇੰਤਜ਼ਾਮਾਂ ਦਾ ਧੰਨਵਾਦ ਕਰੋ

13. ਜਦੋਂ ਅਸੀਂ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਦੇ ਹਾਂ, ਤਾਂ ਸਾਨੂੰ ਕਿਹੜਾ ਭਰੋਸਾ ਰੱਖਣਾ ਚਾਹੀਦਾ ਹੈ?

13 ਜੇ ਤੁਸੀਂ ਯਹੋਵਾਹ ਦੀ ਸੇਵਾ ਕਰਨ ਨੂੰ ਬਹੁਮੁੱਲਾ ਸਨਮਾਨ ਸਮਝਦੇ ਹੋ, ਤਾਂ ਭਰੋਸਾ ਰੱਖੋ ਕਿ ਜਿਵੇਂ ਉਸ ਨੇ ਲੇਵੀਆਂ ਦੀ ਹਰ ਲੋੜ ਪੂਰੀ ਕੀਤੀ ਸੀ, ਉਸੇ ਤਰ੍ਹਾਂ ਉਹ ਤੁਹਾਡੀ ਵੀ ਹਰ ਲੋੜ ਪੂਰੀ ਕਰੇਗਾ। ਜ਼ਰਾ ਦਾਊਦ ਬਾਰੇ ਸੋਚੋ। ਗੁਫ਼ਾ ਵਿਚ ਲੁਕੇ ਹੋਣ ਦੇ ਬਾਵਜੂਦ ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਉਸ ਦੀ ਮਦਦ ਕਰੇਗਾ। ਜੇ ਸਾਨੂੰ ਲੱਗਦਾ ਹੈ ਕਿ ਕੋਈ ਸਾਡੀ ਮਦਦ ਨਹੀਂ ਕਰ ਸਕਦਾ, ਤਾਂ ਉਦੋਂ ਵੀ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਯਾਦ ਰੱਖੋ ਕਿ ‘ਪਰਮੇਸ਼ੁਰ ਦੇ ਪਵਿੱਤਰ ਅਸਥਾਨ ਵਿੱਚ’ ਜਾ ਕੇ ਹੀ ਆਸਾਫ਼ ਸਮਝ ਪਾਇਆ ਕਿ ਅਸਲ ਵਿਚ ਉਸ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਸੀ। (ਜ਼ਬੂ. 73:17) ਆਪਣਾ ਰਿਸ਼ਤਾ ਯਹੋਵਾਹ ਨਾਲ ਮਜ਼ਬੂਤ ਬਣਾਈ ਰੱਖਣ ਲਈ ਸਾਨੂੰ ਉਸ ਵੱਲ ਤੱਕਦੇ ਰਹਿਣਾ ਚਾਹੀਦਾ ਹੈ। ਇਸ ਤੋਂ ਪਤਾ ਲੱਗੇਗਾ ਕਿ ਚਾਹੇ ਸਾਡੇ ਹਾਲਾਤ ਕਿਹੋ ਜਿਹੇ ਵੀ ਹੋਣ, ਅਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ ਅਤੇ ਉਹ ਸਾਡਾ ਸਭ ਕੁਝ ਹੈ।

14, 15. ਜੇ ਕੋਈ ਬਾਈਬਲ ਦੀ ਸਿੱਖਿਆ ਸਾਨੂੰ ਨਵੇਂ ਢੰਗ ਨਾਲ ਸਮਝਾਈ ਜਾਂਦੀ ਹੈ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

14 ਕੀ ਤੁਸੀਂ ਉਦੋਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋ ਜਦੋਂ ਉਹ ਸਾਨੂੰ ਬਾਈਬਲ ਵਿਚ ਪਾਈਆਂ ਜਾਂਦੀਆਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਸਮਝਣ ਵਿਚ ਮਦਦ ਦਿੰਦਾ ਹੈ? (1 ਕੁਰਿੰ. 2:10-13) ਪਤਰਸ ਰਸੂਲ ਨੇ ਇਸ ਮਾਮਲੇ ਵਿਚ ਸਾਡੇ ਸਾਮ੍ਹਣੇ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਯਿਸੂ ਨੇ ਯਹੂਦੀਆਂ ਨੂੰ ਕਿਹਾ: “ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।” ਕਈ ਚੇਲਿਆਂ ਨੇ ਸੋਚਿਆ ਕਿ ਯਿਸੂ ਸੱਚੀ-ਮੁੱਚੀ ਆਪਣਾ ਮਾਸ ਅਤੇ ਲਹੂ ਖਾਣ ਲਈ ਕਹਿ ਰਿਹਾ ਸੀ। ਉਨ੍ਹਾਂ ਨੇ ਕਿਹਾ: “ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?” ਉਹ “ਪਿਛਾਹਾਂ ਨੂੰ ਫਿਰ ਗਏ।” ਪਰ ਪਤਰਸ ਨੇ ਕਿਹਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।”—ਯੂਹੰ. 6:53, 60, 66, 68.

15 ਹਾਲਾਂਕਿ ਪਤਰਸ ਯਿਸੂ ਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਇਆ, ਪਰ ਉਸ ਨੂੰ ਇੰਨਾ ਪਤਾ ਸੀ ਕਿ ਯਹੋਵਾਹ ਯਿਸੂ ਦੇ ਜ਼ਰੀਏ ਲੋਕਾਂ ਨੂੰ ਸੱਚਾਈ ਸਮਝਾ ਰਿਹਾ ਸੀ। ਜਦੋਂ ਅੱਜ ਕੋਈ ਬਾਈਬਲ ਦੀ ਸਿੱਖਿਆ ਸਾਨੂੰ ਨਵੇਂ ਢੰਗ ਨਾਲ ਸਮਝਾਈ ਜਾਂਦੀ ਹੈ, ਤਾਂ ਕੀ ਅਸੀਂ ਉਸ ਦੇ ਪਿੱਛੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ? (ਕਹਾ. 4:18) ਪਹਿਲੀ ਸਦੀ ਵਿਚ ਬਰੀਆ ਦੇ ਲੋਕਾਂ ਨੇ “ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ।” (ਰਸੂ. 17:11) ਜੇ ਤੁਸੀਂ ਉਨ੍ਹਾਂ ਦੀ ਮਿਸਾਲ ’ਤੇ ਚੱਲੋਗੇ, ਤਾਂ ਤੁਸੀਂ ਵੀ ਪਰਮੇਸ਼ੁਰ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਆਪਣੀ ਸੇਵਾ ਕਰਨ ਦੇ ਸਨਮਾਨ ਦੀ ਦਿਲੋਂ ਕਦਰ ਕਰੋਗੇ।

ਸਿਰਫ਼ ਪ੍ਰਭੂ ਵਿੱਚ ਵਿਆਹ ਕਰੋ

16. ਪਹਿਲਾ ਕੁਰਿੰਥੀਆਂ 7:39 ਦੇ ਮੁਤਾਬਕ ਕੁਆਰੇ ਭੈਣ-ਭਰਾ ਯਹੋਵਾਹ ਨੂੰ ਆਪਣਾ ਸਭ ਕੁਝ ਕਿਵੇਂ ਮੰਨ ਸਕਦੇ ਹਨ?

16 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਸੀਹੀ ਸਿਰਫ਼ ‘ਪ੍ਰਭੂ ਵਿੱਚ ਵਿਆਹ’ ਕਰਵਾਉਣ। (1 ਕੁਰਿੰ. 7:39) ਇਸ ਹੁਕਮ ਨੂੰ ਮੰਨ ਕੇ ਉਹ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਦੇ ਮਕਸਦਾਂ ਨੂੰ ਧਿਆਨ ਵਿਚ ਰੱਖਦੇ ਹਨ। ਇਸ ਹੁਕਮ ਨੂੰ ਮੰਨਦੇ ਹੋਏ ਕਈਆਂ ਨੇ ਆਪਣੀ ਮਰਜ਼ੀ ਨਾਲ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਕੁਆਰੇ ਭੈਣ-ਭਰਾ ਉਸ ਦੀਆਂ ਨਜ਼ਰਾਂ ਵਿਚ ਬੜੇ ਅਨਮੋਲ ਹਨ। ਕੀ ਤੁਹਾਨੂੰ ਪਤਾ ਹੈ ਕਿ ਦਾਊਦ ਨੇ ਇਕੱਲਾਪਣ ਮਹਿਸੂਸ ਕਰਨ ਤੇ ਕੀ ਕੀਤਾ? ਉਸ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ। ਉਸ ਨੇ ਕਿਹਾ: ‘ਨਢਾਲ ਹੋਣ ਤੇ ਮੈਂ ਆਪਣੀ ਫ਼ਰਿਆਦ ਉਹ ਦੇ ਅੱਗੇ ਫੋਲਦਾ ਹਾਂ, ਮੈਂ ਆਪਣਾ ਦੁਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ।’ (ਜ਼ਬੂ. 142:1-3) ਯਿਰਮਿਯਾਹ ਨੇ ਕੁਆਰਾ ਰਹਿ ਕੇ ਬਹੁਤ ਸਾਲਾਂ ਤਾਈਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਉਸ ਨੇ ਵੀ ਸ਼ਾਇਦ ਇਕੱਲਾਪਣ ਮਹਿਸੂਸ ਕੀਤਾ ਹੋਣਾ।

17. ਜਦੋਂ ਇਕ ਕੁਆਰੀ ਭੈਣ ਇਕੱਲਾਪਣ ਮਹਿਸੂਸ ਕਰਦੀ ਹੈ, ਤਾਂ ਉਦੋਂ ਉਹ ਕੀ ਕਰਦੀ ਹੈ?

17 ਅਮਰੀਕਾ ਵਿਚ ਰਹਿਣ ਵਾਲੀ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ। ਭਾਵੇਂ ਕਿ ਉਸ ਨੇ ਕਦੇ ਵੀ ਕੁਆਰੇ ਰਹਿਣ ਦਾ ਫ਼ੈਸਲਾ ਨਹੀਂ ਕੀਤਾ, ਪਰ ਉਸ ਨੂੰ ਅਜੇ ਵੀ ਸਹੀ ਜੀਵਨ-ਸਾਥੀ ਦੀ ਉਡੀਕ ਹੈ। ਉਸ ਦੀ ਮਾਂ ਯਹੋਵਾਹ ਦੀ ਗਵਾਹ ਨਹੀਂ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਦੀ ਧੀ ਕਿਸੇ ਵੀ ਮੁੰਡੇ ਨਾਲ ਵਿਆਹ ਕਰ ਲਵੇ। ਸਾਡੀ ਭੈਣ ਨੇ ਆਪਣੀ ਮਾਂ ਨੂੰ ਕਿਹਾ ਕਿ ਜੇ ਕਲ੍ਹ ਨੂੰ ਉਸ ਨੇ ਵਿਆਹ ਕਰਾ ਵੀ ਲਿਆ ਅਤੇ ਉਸ ਦਾ ਵਿਆਹ ਟੁੱਟ ਗਿਆ, ਤਾਂ ਕੀ ਉਹ ਇਸ ਦੀ ਜ਼ਿੰਮੇਵਾਰੀ ਲਵੇਗੀ? ਪਰ ਜਦੋਂ ਮਾਂ ਨੇ ਦੇਖਿਆ ਕਿ ਉਸ ਦੀ ਧੀ ਇਕ ਵਧੀਆ ਨੌਕਰੀ ਕਰਦੀ ਸੀ ਅਤੇ ਉਹ ਖ਼ੁਸ਼ ਸੀ, ਤਾਂ ਉਸ ਨੇ ਭੈਣ ਉੱਤੇ ਦਬਾਅ ਪਾਉਣਾ ਬੰਦ ਕਰ ਦਿੱਤਾ। ਉਹ ਭੈਣ ਕਦੇ-ਕਦੇ ਇਕੱਲਾਪਣ ਮਹਿਸੂਸ ਕਰਦੀ ਹੈ। ਪਰ ਉਹ ਕਹਿੰਦੀ ਹੈ: “ਮੈਨੂੰ ਯਹੋਵਾਹ ’ਤੇ ਪੂਰਾ ਭਰੋਸਾ ਹੈ ਕਿ ਉਹ ਮੈਨੂੰ ਕਦੇ ਨਹੀਂ ਛੱਡੇਗਾ।” ਕਿਸ ਗੱਲ ਨੇ ਉਸ ਨੂੰ ਯਹੋਵਾਹ ’ਤੇ ਭਰੋਸਾ ਰੱਖਣ ਵਿਚ ਮਦਦ ਕੀਤੀ ਹੈ? ਉਹ ਜਵਾਬ ਦਿੰਦੀ ਹੈ: “ਪ੍ਰਾਰਥਨਾ ਦੇ ਜ਼ਰੀਏ ਮੇਰਾ ਰਿਸ਼ਤਾ ਯਹੋਵਾਹ ਨਾਲ ਪੱਕਾ ਹੋਇਆ ਹੈ ਤੇ ਉਸ ਨੇ ਮੈਨੂੰ ਇਕੱਲਾ ਕਦੇ ਨਹੀਂ ਛੱਡਿਆ। ਇਸ ਦੁਨੀਆਂ ਦਾ ਸਿਰਜਣਹਾਰ ਮੇਰੀ ਪ੍ਰਾਰਥਨਾ ਸੁਣ ਰਿਹਾ ਹੈ, ਤਾਂ ਫਿਰ ਮੈਂ ਖ਼ੁਸ਼ ਕਿਉਂ ਨਾ ਹੋਵਾਂ?” ਉਸ ਨੂੰ ਬਾਈਬਲ ਦੀ ਇਸ ਗੱਲ ਵਿਚ ਪੂਰਾ ਯਕੀਨ ਹੈ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” ਇਸ ਲਈ ਉਹ ਸਾਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ ਅਤੇ ਬਦਲੇ ਵਿਚ ਕਿਸੇ ਕੋਲੋਂ ਕੋਈ ਆਸ ਨਹੀਂ ਰੱਖਦੀ। ਉਹ ਅੱਗੇ ਕਹਿੰਦੀ ਹੈ ਕਿ “ਕਿਸੇ ਦੀ ਮਦਦ ਕਰਨ ਬਾਰੇ ਸੋਚ ਕੇ ਹੀ ਮੈਨੂੰ ਬੜੀ ਖ਼ੁਸ਼ੀ ਹੁੰਦੀ ਹੈ।” (ਰਸੂ. 20:35) ਉਸ ਨੇ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਿਆ ਹੈ ਤੇ ਉਹ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਦੀ ਹੈ।

18. ਯਹੋਵਾਹ ਤੁਹਾਡਾ ਹਿੱਸਾ ਕਿਵੇਂ ਬਣ ਸਕਦਾ ਹੈ?

18 ਤੁਹਾਡੇ ਹਾਲਾਤ ਚਾਹੇ ਜੋ ਵੀ ਹੋਣ, ਤੁਸੀਂ ਪਰਮੇਸ਼ੁਰ ਨੂੰ ਆਪਣਾ ਸਭ ਕੁਝ ਮੰਨ ਸਕਦੇ ਹੋ। ਇੱਦਾਂ ਕਰਕੇ ਤੁਹਾਨੂੰ ਸੱਚ-ਮੁੱਚ ਖ਼ੁਸ਼ੀ ਮਿਲੇਗੀ। (2 ਕੁਰਿੰ. 6:16, 17) ਜਿਵੇਂ ਯਹੋਵਾਹ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਨੇ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਿਆ ਸੀ, ਤੁਸੀਂ ਵੀ ਇੱਦਾਂ ਕਰ ਸਕਦੇ ਹੋ। (ਬਿਵਸਥਾ ਸਾਰ 32:9, 10 ਪੜ੍ਹੋ।) ਨਾਲੇ ਜਿਵੇਂ ਸਿਰਫ਼ ਇਸਰਾਏਲੀ ਕੌਮ ਹੀ ਪਰਮੇਸ਼ੁਰ ਦਾ ਹਿੱਸਾ ਬਣੀ ਸੀ, ਉਸੇ ਤਰ੍ਹਾਂ ਪਰਮੇਸ਼ੁਰ ਤੁਹਾਨੂੰ ਆਪਣਾ ਹਿੱਸਾ ਬਣਾਵੇਗਾ ਅਤੇ ਤੁਹਾਡੀ ਹਰ ਲੋੜ ਪੂਰੀ ਕਰੇਗਾ।—ਜ਼ਬੂ. 17:8.

ਤੁਸੀਂ ਕਿਵੇਂ ਜਵਾਬ ਦਿਓਗੇ?

ਦੱਸੋ ਕਿ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਕਿਵੇਂ ਬਣਾ ਸਕਦੇ ਹੋ ਜਦੋਂ ਤੁਸੀਂ

• ਉਸ ਦੇ ਰਾਜ ਅਤੇ ਧਰਮ ਨੂੰ ਪਹਿਲ ਦਿੰਦੇ ਹੋ?

• ਉਸ ਦੇ ਇੰਤਜ਼ਾਮਾਂ ਲਈ ਕਦਰ ਦਿਖਾਉਂਦੇ ਹੋ?

• ਸਿਰਫ਼ ਪ੍ਰਭੂ ਵਿਚ ਵਿਆਹ ਕਰਾਉਣ ਦੇ ਹੁਕਮ ਨੂੰ ਮੰਨਦੇ ਹੋ?

[ਸਵਾਲ]

[ਸਫ਼ਾ 13 ਉੱਤੇ ਸੁਰਖੀ]

ਯਹੋਵਾਹ ਸਾਡਾ ਹਿੱਸਾ ਬਣਦਾ ਹੈ ਜਦੋਂ ਅਸੀਂ ਜ਼ਿੰਦਗੀ ਵਿਚ ਉਸ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ

[ਸਫ਼ਾ 15 ਉੱਤੇ ਤਸਵੀਰ]

ਯਿਰਮਿਯਾਹ ਦੀ ਵਧੀਆ ਮਿਸਾਲ ਸਾਡਾ ਹੌਸਲਾ ਵਧਾਉਂਦੀ ਹੈ