Skip to content

Skip to table of contents

‘ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ’

‘ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ’

‘ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ’

“ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।”—1 ਕੁਰਿੰ. 9:24.

1, 2. (ੳ) ਪੌਲੁਸ ਨੇ ਇਬਰਾਨੀ ਮਸੀਹੀਆਂ ਦਾ ਹੌਸਲਾ ਕਿਵੇਂ ਵਧਾਇਆ? (ਅ) ਪੌਲੁਸ ਨੇ ਸਾਨੂੰ ਕੀ ਕਰਨ ਲਈ ਕਿਹਾ?

ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਹੌਸਲਾ ਦੇਣ ਲਈ ਇਕ ਦੌੜ ਦੀ ਮਿਸਾਲ ਦਿੱਤੀ। ਆਪਣੀ ਚਿੱਠੀ ਵਿਚ ਉਸ ਨੇ ਉਨ੍ਹਾਂ ਨੂੰ ਲਿਖਿਆ ਕਿ ਉਹ ਦੌੜ ਵਿਚ ਸ਼ਾਮਲ ਹਨ। ਪਰ ਉਸ ਨੇ ਉਨ੍ਹਾਂ ਇਹ ਵੀ ਯਾਦ ਕਰਾਇਆ ਕਿ ਉਹ ਦੌੜ ਵਿਚ ਇਕੱਲੇ ਨਹੀਂ ਹਨ। ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਯਹੋਵਾਹ ਦੇ ਵਫ਼ਾਦਾਰ ਸੇਵਕ ਆਪਣੀ ਦੌੜ ਖ਼ਤਮ ਕਰ ਚੁੱਕੇ ਸਨ। ਪੌਲੁਸ ਨੇ ਇਨ੍ਹਾਂ ਦੀ ਤੁਲਨਾ ‘ਗਵਾਹਾਂ ਦੇ ਵੱਡੇ ਬੱਦਲ’ ਨਾਲ ਕੀਤੀ। ਜੇ ਇਬਰਾਨੀ ਮਸੀਹੀ ਉਨ੍ਹਾਂ ਪੁਰਾਣੇ ਸੇਵਕਾਂ ਦੇ ਕੰਮਾਂ ਅਤੇ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਰੱਖਦੇ, ਤਾਂ ਉਹ ਵੀ ਆਪਣੀ ਦੌੜ ਨੂੰ ਪੂਰਾ ਕਰ ਸਕਦੇ ਸਨ।

2 ਪਿਛਲੇ ਲੇਖ ਵਿਚ ਅਸੀਂ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਬਾਰੇ ਗੱਲ ਕੀਤੀ ਸੀ। ਪੱਕੀ ਨਿਹਚਾ ਕਰਕੇ ਉਹ ਮੌਤ ਤਾਈਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕੇ ਅਤੇ ਅੰਤ ਤਾਈਂ ਆਪਣੀ ਦੌੜ ਦੌੜਦੇ ਰਹੇ। ਅਸੀਂ ਵੀ ਉਨ੍ਹਾਂ ਵਾਂਗ ਆਪਣੀ ਦੌੜ ਕਿਵੇਂ ਪੂਰੀ ਕਰ ਸਕਦੇ ਹਾਂ? ਪੌਲੁਸ ਨੇ ਕਿਹਾ: “ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬ. 12:1.

3. ਯੂਨਾਨੀ ਦੌੜਾਕਾਂ ਬਾਰੇ ਪੌਲੁਸ ਨੇ ਜੋ ਕਿਹਾ ਉਸ ਤੋਂ ਅੱਜ ਮਸੀਹੀ ਕੀ ਸਿੱਖ ਸਕਦੇ ਹਨ?

3 ਪੌਲੁਸ ਨੇ ਸਾਨੂੰ ‘ਹਰੇਕ ਭਾਰ ਪਰੇ ਸੁੱਟਣ’ ਲਈ ਕਿਉਂ ਕਿਹਾ? ਇਕ ਕਿਤਾਬ, ਜੋ ਪੌਲੁਸ ਦੇ ਜ਼ਮਾਨੇ ਦੇ ਮਸੀਹੀਆਂ ਦੀ ਗੱਲ ਕਰਦੀ ਹੈ, ਦੱਸਦੀ ਹੈ ਕਿ ਉਸ ਸਮੇਂ ਦੇ ਦੌੜਾਕ ਕਿਸ ਤਰੀਕੇ ਨਾਲ ਦੌੜਦੇ ਸਨ। ਇਹ ਕਿਤਾਬ ਕਹਿੰਦੀ ਹੈ: “ਯੂਨਾਨੀ ਖਿਡਾਰੀ ਕਸਰਤ ਕਰਦੇ ਅਤੇ ਦੌੜਦੇ ਸਮੇਂ ਪੂਰੀ ਤਰ੍ਹਾਂ ਨੰਗੇ ਹੁੰਦੇ ਸਨ।” * ਇਸ ਤਰ੍ਹਾਂ ਦੌੜਨਾ ਅੱਜ ਸ਼ਾਇਦ ਠੀਕ ਨਾ ਹੋਵੇ, ਪਰ ਦੌੜਾਕ ਕੱਪੜਿਆਂ ਤੋਂ ਬਗੈਰ ਇਸ ਲਈ ਦੌੜਦੇ ਸਨ ਤਾਂਕਿ ਕੋਈ ਵੀ ਚੀਜ਼ ਉਨ੍ਹਾਂ ਨੂੰ ਇਨਾਮ ਜਿੱਤਣ ਤੋਂ ਰੋਕ ਨਾ ਸਕੇ। ਸੋ ਜਦੋਂ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ‘ਹਰੇਕ ਭਾਰ ਪਰੇ ਸੁੱਟਣ’ ਲਈ ਕਿਹਾ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਇਨਾਮ ਨੂੰ ਜਿੱਤਣ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਪਰੇ ਸੁੱਟਣਾ ਚਾਹੀਦਾ ਹੈ। ਇਹ ਉਨ੍ਹਾਂ ਮਸੀਹੀਆਂ ਵਾਸਤੇ ਵਧੀਆ ਸਲਾਹ ਸੀ ਅਤੇ ਅੱਜ ਸਾਡੇ ਲਈ ਵੀ ਹੈ। ਕਿਹੜੀਆਂ ਚੀਜ਼ਾਂ ਸਾਡੇ ਲਈ “ਭਾਰ” ਵਰਗੀਆਂ ਹਨ ਅਤੇ ਸਾਨੂੰ ਆਪਣੀ ਦੌੜ ਪੂਰੀ ਕਰਨ ਤੋਂ ਰੋਕ ਸਕਦੀਆਂ ਹਨ?

‘ਹਰੇਕ ਭਾਰ ਪਰੇ ਸੁੱਟੋ

4. ਨੂਹ ਦੇ ਜ਼ਮਾਨੇ ਵਿਚ ਲੋਕ ਕੀ ਕਰ ਰਹੇ ਸਨ?

4 ਪੌਲੁਸ ਨੇ ‘ਹਰੇਕ ਭਾਰ ਪਰੇ ਸੁੱਟਣ’ ਲਈ ਕਿਹਾ। ਇਸ ਭਾਰ ਵਿਚ ਉਹ ਸਭ ਕੁਝ ਸ਼ਾਮਲ ਹੈ ਜੋ ਸਾਨੂੰ ਪੂਰੇ ਧਿਆਨ ਨਾਲ ਦੌੜਨ ਅਤੇ ਇਸ ਦੌੜ ਨੂੰ ਪੂਰਾ ਕਰਨ ਤੋਂ ਰੋਕ ਸਕਦਾ ਹੈ। ਉਹ ਕਿਹੜੇ ਭਾਰ ਹੋ ਸਕਦੇ ਹਨ? ਇਸ ਬਾਰੇ ਜਾਣਨ ਵਿਚ ਯਿਸੂ ਨੇ ਸਾਡੀ ਮਦਦ ਕੀਤੀ ਹੈ। ਉਸ ਨੇ ਨੂਹ ਦੇ ਸਮੇਂ ਦੀ ਗੱਲ ਕੀਤੀ ਜੋ ਪੌਲੁਸ ਦੁਆਰਾ ਦੱਸੇ ਗਏ ਵਫ਼ਾਦਾਰ ਸੇਵਕਾਂ ਵਿੱਚੋਂ ਇਕ ਸੀ। ਯਿਸੂ ਨੇ ਦੱਸਿਆ: “ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ।” (ਲੂਕਾ 17:26) ਇਹ ਸੱਚ ਹੈ ਕਿ ਨੂਹ ਦੇ ਸਮੇਂ ਵਾਂਗ ਇਸ ਦੁਨੀਆਂ ਦਾ ਅੰਤ ਵੀ ਅਚਾਨਕ ਹੋਵੇਗਾ। ਪਰ ਯਿਸੂ ਨੇ ਸਮਝਾਇਆ ਕਿ ਜਿਵੇਂ ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਆਉਣ ਤੋਂ ਪਹਿਲਾਂ ਲੋਕ ਆਪਣੇ ਕੰਮ-ਧੰਦੇ ਕਰਦੇ ਸਨ, ਉਸੇ ਤਰ੍ਹਾਂ ਅੱਜ ਵੀ ਲੋਕ ਆਪਣੇ ਕੰਮ-ਧੰਦਿਆਂ ਵਿਚ ਰੁੱਝੇ ਰਹਿੰਦੇ ਹਨ। (ਮੱਤੀ 24:37-39 ਪੜ੍ਹੋ।) ਨੂਹ ਦੇ ਸਮੇਂ ਵਿਚ ਨਾ ਤਾਂ ਜ਼ਿਆਦਾਤਰ ਲੋਕ ਰੱਬ ਬਾਰੇ ਸਿੱਖਣਾ ਚਾਹੁੰਦੇ ਸਨ ਤੇ ਨਾ ਹੀ ਉਸ ਨੂੰ ਖ਼ੁਸ਼ ਕਰਨ ਵਿਚ ਦਿਲਚਸਪੀ ਰੱਖਦੇ ਸਨ। ਉਹ ਕੀ ਕਰ ਰਹੇ ਸਨ? ਉਹ ਖਾਣ-ਪੀਣ ਅਤੇ ਵਿਆਹ ਕਰਨ-ਕਰਵਾਉਣ ਵਰਗੇ ਆਮ ਕੰਮਾਂ ਵਿਚ ਲੱਗੇ ਹੋਏ ਸਨ। ਯਿਸੂ ਦੇ ਸ਼ਬਦਾਂ ਮੁਤਾਬਕ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ।

5. ਦੌੜ ਪੂਰੀ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

5 ਨੂਹ ਅਤੇ ਉਸ ਦੇ ਪਰਿਵਾਰ ਵਾਂਗ ਸਾਡੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ। ਸਾਨੂੰ ਪੈਸਾ ਕਮਾਉਣ ਲਈ ਕੰਮ ਕਰਨ ਦੀ ਲੋੜ ਹੈ ਤਾਂਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਸਕੀਏ। ਇੱਦਾਂ ਕਰਨ ਲਈ ਸਾਡਾ ਬਹੁਤ ਸਾਰਾ ਸਮਾਂ ਅਤੇ ਤਾਕਤ ਲੱਗ ਜਾਂਦੀ ਹੈ। ਪੈਸਿਆਂ ਦੀ ਤੰਗੀ ਹੋਣ ਕਰਕੇ ਅਸੀਂ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਫ਼ਿਕਰ ਵਿਚ ਪੈ ਸਕਦੇ ਹਾਂ। ਨਾਲੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਕਰਕੇ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ, ਜਿਵੇਂ ਕਿ ਪ੍ਰਚਾਰ ਕਰਨਾ, ਮੀਟਿੰਗਾਂ ਦੀ ਤਿਆਰੀ ਕਰਨੀ ਅਤੇ ਇਨ੍ਹਾਂ ਵਿਚ ਹਾਜ਼ਰ ਹੋਣਾ, ਪਰਿਵਾਰਕ ਸਟੱਡੀ ਕਰਨੀ ਅਤੇ ਨਿੱਜੀ ਅਧਿਐਨ ਕਰਨਾ। ਹਾਲਾਂਕਿ ਨੂਹ ਨੂੰ ਵੀ ਪਰਮੇਸ਼ੁਰ ਵੱਲੋਂ ਕਈ ਜ਼ਿੰਮੇਵਾਰੀਆਂ ਮਿਲੀਆਂ ਸਨ, ਫਿਰ ਵੀ “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22) ਜੇ ਤੁਸੀਂ ਨੂਹ ਵਾਂਗ ਯਹੋਵਾਹ ਦਾ ਹਰ ਹੁਕਮ ਮੰਨਦੇ ਹੋ, ਤਾਂ ਤੁਸੀਂ ਆਪਣੀ ਦੌੜ ਪੂਰੀ ਕਰ ਸਕੋਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਮਸੀਹੀ ਦੌੜ ਨੂੰ ਪੂਰਾ ਕਰਨ ਲਈ ਅਸੀਂ ਕਿਸੇ ਚੀਜ਼ ਨੂੰ ਵੀ ਰੁਕਾਵਟ ਨਾ ਬਣਨ ਦੇਈਏ।

6, 7. ਸਾਨੂੰ ਯਿਸੂ ਦੇ ਕਿਹੜੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ?

6 ਜਦੋਂ ਪੌਲੁਸ ਨੇ ‘ਹਰੇਕ ਭਾਰ ਨੂੰ ਪਰੇ ਸੁੱਟਣ’ ਲਈ ਕਿਹਾ, ਤਾਂ ਉਸ ਦਾ ਕੀ ਮਤਲਬ ਸੀ? ਇਹ ਸਹੀ ਹੈ ਕਿ ਅਸੀਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ। ਪਰ ਇਸ ਮਾਮਲੇ ਬਾਰੇ ਯਿਸੂ ਦੇ ਲਫ਼ਜ਼ਾਂ ਨੂੰ ਯਾਦ ਰੱਖੋ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” (ਮੱਤੀ 6:31, 32) ਯਿਸੂ ਸਾਡੀ ਇਹ ਸਮਝਣ ਵਿਚ ਮਦਦ ਕਰ ਰਿਹਾ ਸੀ ਕਿ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨੀ ਸਾਡੇ ਲਈ ਬੋਝ ਦਾ ਕਾਰਨ ਬਣ ਸਕਦੀਆਂ ਹਨ। ਇਹ ਸਾਨੂੰ ਆਪਣੀ ਦੌੜ ਦੌੜਨ ਤੋਂ ਰੋਕ ਸਕਦੀਆਂ ਹਨ।

7 ਯਿਸੂ ਦੀ ਗੱਲ ਯਾਦ ਰੱਖੋ: “ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” ਇਹ ਲਫ਼ਜ਼ ਦਿਖਾਉਂਦੇ ਹਨ ਕਿ ਸਾਡਾ ਪਿਤਾ ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਇੱਥੇ “ਸਭਨਾਂ ਵਸਤਾਂ” ਦਾ ਇਹ ਮਤਲਬ ਨਹੀਂ ਕਿ ਅਸੀਂ ਜੋ ਕੁਝ ਚਾਹੁੰਦੇ ਹਾਂ, ਉਹ ਸਾਨੂੰ ਮਿਲ ਜਾਵੇਗਾ। ਸੋ ਯਿਸੂ ਨੇ ਕਿਹਾ ਕਿ ਸਾਨੂੰ ਜ਼ਰੂਰੀ ਚੀਜ਼ਾਂ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਨਹੀਂ ਤਾਂ ਅਸੀਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗ ਬਣ ਜਾਵਾਂਗੇ ਜੋ ਇਨ੍ਹਾਂ “ਵਸਤਾਂ” ਨੂੰ ਭਾਲਦੇ ਹਨ। ਆਪਣੀਆਂ ਲੋੜਾਂ ਬਾਰੇ ਫ਼ਿਕਰ ਕਰਨਾ ਖ਼ਤਰਨਾਕ ਕਿਉਂ ਹੋ ਸਕਦਾ ਹੈ? ਯਿਸੂ ਨੇ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”—ਲੂਕਾ 21:34, 35.

8. ਸਾਨੂੰ ਅੱਜ ‘ਹਰੇਕ ਭਾਰ ਨੂੰ ਪਰੇ ਸੁੱਟਣ’ ਦੀ ਕਿਉਂ ਲੋੜ ਹੈ?

8 ਸਾਡੀ ਦੌੜ ਖ਼ਤਮ ਹੋਣ ਹੀ ਵਾਲੀ ਹੈ। ਅਸੀਂ ਆਪਣੀ ਦੌੜ ਖ਼ਤਮ ਕਰਨ ਲਈ ਕਿਸੇ ਵੀ ਗੱਲ ਜਾਂ ਚੀਜ਼ ਨੂੰ ਰੁਕਾਵਟ ਨਹੀਂ ਬਣਨ ਦੇਣਾ ਚਾਹੁੰਦੇ। ਇਸ ਲਈ ਸਾਨੂੰ ‘ਹਰੇਕ ਭਾਰ ਪਰੇ ਸੁੱਟਣ’ ਦੀ ਲੋੜ ਹੈ। ਸਾਨੂੰ ਜ਼ਰੂਰੀ ਚੀਜ਼ਾਂ ਨਾਲ ਹੀ ਸੰਤੁਸ਼ਟ ਹੋਣਾ ਚਾਹੀਦਾ ਹੈ। ਇਸ ਲਈ ਪੌਲੁਸ ਰਸੂਲ ਦੀ ਸਲਾਹ ਢੁਕਵੀਂ ਹੈ ਕਿ “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ” ਹੈ। (1 ਤਿਮੋ. 6:6) ਜੇ ਅਸੀਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਾਂਗੇ, ਤਾਂ ਸਾਡੇ ਲਈ ਇਨਾਮ ਹਾਸਲ ਕਰਨਾ ਹੋਰ ਵੀ ਮੁਮਕਿਨ ਹੋਵੇਗਾ।

‘ਉਹ ਪਾਪ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ’

9, 10. (ੳ) ਕਿਹੜਾ ਪਾਪ ਸਾਨੂੰ ਆਸਾਨੀ ਨਾਲ ਫਸਾ ਸਕਦਾ ਹੈ? (ਅ) ਇਕ ਮਸੀਹੀ ਦੀ ਨਿਹਚਾ ਕਿਵੇਂ ਕਮਜ਼ੋਰ ਹੋ ਸਕਦੀ ਹੈ?

9 ਉੱਪਰ ਦੱਸੀਆਂ ਗੱਲਾਂ ਤੋਂ ਇਲਾਵਾ ਪੌਲੁਸ ਨੇ ਸਾਨੂੰ ਕਿਹਾ ਕਿ “ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ” ਪਰੇ ਸੁੱਟਣ ਦੀ ਲੋੜ ਹੈ। ਯੂਨਾਨੀ ਸ਼ਬਦ ‘ਸਹਿਜ ਨਾਲ ਫਸਾਉਣਾ’ ਬਾਈਬਲ ਵਿਚ ਸਿਰਫ਼ ਇਕ ਹੀ ਵਾਰ ਵਰਤਿਆ ਗਿਆ ਹੈ। ਇਕ ਬਾਈਬਲ ਵਿਦਵਾਨ ਐਲਬਰਟ ਬਾਰਨਜ਼ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਦੌੜਾਕ ਅਜਿਹਾ ਕੋਈ ਕੱਪੜਾ ਨਹੀਂ ਪਾਉਂਦੇ ਸਨ ਜੋ ਆਸਾਨੀ ਨਾਲ ਉਨ੍ਹਾਂ ਦੀਆਂ ਲੱਤਾਂ ਵਿਚ ਫੱਸ ਕੇ ਉਨ੍ਹਾਂ ਨੂੰ ਡੇਗ ਸਕਦਾ ਸੀ। ਉਸੇ ਤਰ੍ਹਾਂ ਇਕ ਮਸੀਹੀ ਨੂੰ ਕਿਸੇ ਵੀ ਗੱਲ ਨੂੰ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ ਜਿਸ ਕਾਰਨ ਉਸ ਲਈ ਦੌੜਨਾ ਮੁਸ਼ਕਲ ਹੋ ਸਕਦਾ ਹੈ। ਉਸ ਨੂੰ ਕਿਸੇ ਵੀ ਕਾਰਨ ਆਪਣੀ ਨਿਹਚਾ ਕਮਜ਼ੋਰ ਨਹੀਂ ਹੋਣ ਦੇਣੀ ਚਾਹੀਦੀ। ਇਕ ਮਸੀਹੀ ਦੀ ਨਿਹਚਾ ਕਿਵੇਂ ਕਮਜ਼ੋਰ ਹੋ ਸਕਦੀ ਹੈ?

10 ਇਹ ਰਾਤੋ-ਰਾਤ ਨਹੀਂ ਹੁੰਦਾ, ਸਗੋਂ ਹੌਲੀ-ਹੌਲੀ ਹੁੰਦਾ ਹੈ ਅਤੇ ਸ਼ਾਇਦ ਉਸ ਨੂੰ ਪਤਾ ਵੀ ਨਾ ਲੱਗੇ ਕਿ ਉਸ ਦੀ ਨਿਹਚਾ ਘੱਟ ਰਹੀ ਹੈ। ਆਪਣੀ ਚਿੱਠੀ ਦੇ ਸ਼ੁਰੂ ਵਿਚ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਸੱਚਾਈ ਤੋਂ “ਦੂਰ” ਨਾ ਹੋ ਜਾਣ ਅਤੇ ਆਪਣੇ ਵਿਚ “ਬੇਪਰਤੀਤਾ ਬੁਰਾ ਦਿਲ” ਪੈਦਾ ਨਾ ਹੋਣ ਦੇਣ। (ਇਬ. 2:1; 3:12) ਜੇ ਦੌੜਾਕ ਦੇ ਕੱਪੜੇ ਉਸ ਦੀਆਂ ਲੱਤਾਂ ਵਿਚ ਫਸ ਜਾਣ, ਤਾਂ ਜ਼ਾਹਰ ਹੈ ਕਿ ਉਹ ਡਿੱਗ ਜਾਵੇਗਾ, ਇਸ ਲਈ ਉਸ ਵਾਸਤੇ ਸਹੀ ਕੱਪੜੇ ਪਾਉਣੇ ਬਹੁਤ ਜ਼ਰੂਰੀ ਹਨ। ਉਹ ਸ਼ਾਇਦ ਕਿਹੜੀ ਗੱਲ ਕਰਕੇ ਚੇਤਾਵਨੀ ਵੱਲ ਧਿਆਨ ਨਾ ਦੇਵੇ? ਉਹ ਸ਼ਾਇਦ ਲਾਪਰਵਾਹ ਹੋਵੇ, ਘਮੰਡੀ ਹੋਵੇ ਜਾਂ ਉਸ ਦਾ ਧਿਆਨ ਭਟਕ ਗਿਆ ਹੋਵੇ। ਅਸੀਂ ਪੌਲੁਸ ਦੀ ਸਲਾਹ ਤੋਂ ਕੀ ਸਿੱਖ ਸਕਦੇ ਹਾਂ?

11. ਕਿਨ੍ਹਾਂ ਗੱਲਾਂ ਕਰਕੇ ਅਸੀਂ ਸੱਚਾਈ ਤੋਂ ਦੂਰ ਹੋ ਸਕਦੇ ਹਾਂ?

11 ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਕ ਮਸੀਹੀ ਸੱਚਾਈ ਤੋਂ ਦੂਰ ਉਦੋਂ ਹੁੰਦਾ ਹੈ ਜਦੋਂ ਉਸ ਦਾ ਧਿਆਨ ਹੋਰ ਚੀਜ਼ਾਂ ’ਤੇ ਲੱਗਾ ਰਹਿੰਦਾ ਹੈ। ਇਕ ਹੋਰ ਵਿਦਵਾਨ ਨੇ “ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ” ਬਾਰੇ ਕਿਹਾ ਕਿ ਸਾਡੇ ਹਾਲਾਤਾਂ, ਆਲੇ-ਦੁਆਲੇ ਦੇ ਲੋਕਾਂ ਅਤੇ ਸਾਡੀਆਂ ਗ਼ਲਤ ਇੱਛਾਵਾਂ ਦਾ ਸਾਡੇ ’ਤੇ ਜ਼ਬਰਦਸਤ ਅਸਰ ਪੈਂਦਾ ਹੈ। ਇਹ ਗੱਲਾਂ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ ਜਾਂ ਫਿਰ ਸਾਨੂੰ ਸੱਚਾਈ ਤੋਂ ਦੂਰ ਕਰ ਸਕਦੀਆਂ ਹਨ।—ਮੱਤੀ 13:3-9.

12. ਜੇ ਅਸੀਂ ਸੱਚਾਈ ਤੋਂ ਦੂਰ ਨਹੀਂ ਹੋਣਾ ਚਾਹੁੰਦੇ, ਤਾਂ ਸਾਨੂੰ ਕਿਹੜੀਆਂ ਚੇਤਾਵਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ?

12 ਮਾਤਬਰ ਅਤੇ ਬੁੱਧਵਾਨ ਨੌਕਰ ਸਾਨੂੰ ਅਕਸਰ ਚੇਤਾਵਨੀਆਂ ਦਿੰਦੇ ਹਨ ਕਿ ਸਾਨੂੰ ਸੋਚ-ਸਮਝ ਕੇ ਫ਼ਿਲਮਾਂ ਅਤੇ ਗਾਣਿਆਂ ਦੀ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਸਾਡੀਆਂ ਸੋਚਾਂ ਅਤੇ ਇੱਛਾਵਾਂ ’ਤੇ ਅਸਰ ਪਾਉਂਦੀਆਂ ਹਨ। ਸਾਨੂੰ ਜ਼ਿਆਦਾ ਪੈਸੇ ਤੇ ਚੀਜ਼ਾਂ ਇਕੱਠੀਆਂ ਕਰਨ ਦੇ ਖ਼ਤਰੇ ਬਾਰੇ ਵੀ ਚੇਤਾਵਨੀ ਮਿਲੀ ਹੈ। ਜੇ ਅਸੀਂ ਮਨੋਰੰਜਨ ਨੂੰ ਪਿਆਰ ਕਰਦੇ ਹਾਂ ਜਾਂ ਨਵੀਆਂ-ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਖ਼ਰੀਦਣਾ ਚਾਹੁੰਦੇ ਹਾਂ, ਤਾਂ ਅਸੀਂ ਇਨ੍ਹਾਂ ਵਿਚ ਇੰਨਾ ਰੁੱਝ ਸਕਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਜ਼ਰੂਰੀ ਕੰਮਾਂ ਵਾਸਤੇ ਸਮਾਂ ਨਹੀਂ ਬਚੇਗਾ। ਜੇ ਅਸੀਂ ਸੋਚਦੇ ਹਾਂ ਕਿ ਇਹ ਸਲਾਹ ਮੰਨਣੀ ਔਖੀ ਹੈ ਜਾਂ ਇਹ ਸਾਡੇ ’ਤੇ ਨਹੀਂ ਸਿਰਫ਼ ਦੂਜਿਆਂ ’ਤੇ ਲਾਗੂ ਹੁੰਦੀ ਹੈ, ਤਾਂ ਇਹ ਬਹੁਤ ਵੱਡੀ ਗ਼ਲਤੀ ਹੋਵੇਗੀ। ਸ਼ਤਾਨ ਚਾਹੁੰਦਾ ਹੈ ਕਿ ਅਸੀਂ ਦੁਨੀਆਂ ਦੀ ਸੋਚ ਅਤੇ ਇੱਛਾਵਾਂ ਵਿਚ ਆ ਕੇ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਾ ਦੇਈਏ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਅਸੀਂ ਆਪਣੀ ਦੌੜ ਪੂਰੀ ਕਰੀਏ। ਕਈਆਂ ਨੇ ਲਾਪਰਵਾਹ ਹੋ ਕੇ, ਘਮੰਡੀ ਬਣ ਕੇ ਅਤੇ ਦੁਨੀਆਂ ਦੀਆਂ ਚੀਜ਼ਾਂ ’ਤੇ ਮਨ ਲਾ ਕੇ ਸੱਚਾਈ ਤੋਂ ਮੂੰਹ ਮੋੜ ਲਿਆ ਹੈ। ਜੇ ਅਸੀਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੰਦੇ, ਤਾਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਇਨਾਮ ਤੋਂ ਹੱਥ ਧੋ ਬੈਠ ਸਕਦੇ ਹਾਂ।—1 ਯੂਹੰ. 2:15-17.

13. ਲੋਕਾਂ ਦੀ ਗ਼ਲਤ ਸੋਚ ਤੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

13 ਹਰ ਰੋਜ਼ ਸ਼ਤਾਨ ਦੀ ਦੁਨੀਆਂ ਸਾਨੂੰ ਉਸ ਵਾਂਗ ਸੋਚਣ ਲਈ ਮਜਬੂਰ ਕਰਦੀ ਹੈ। ਲੋਕ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਵਾਂਗ ਜ਼ਿੰਦਗੀ ਬਿਤਾਈਏ। (ਅਫ਼ਸੀਆਂ 2:1, 2 ਪੜ੍ਹੋ।) ਪਰ ਫ਼ੈਸਲਾ ਸਾਡੇ ਹੱਥ ਹੈ ਕਿ ਅਸੀਂ ਦੁਨੀਆਂ ਦੀ ਸੋਚ ਮੁਤਾਬਕ ਖ਼ੁਦ ਨੂੰ ਢਾਲਾਂਗੇ ਜਾਂ ਨਹੀਂ। ਪੌਲੁਸ ਨੇ ਕਿਹਾ ਕਿ ਲੋਕਾਂ ਦੀ ਸੋਚ ਦੁਨੀਆਂ ਵਿਚ ਜ਼ਹਿਰੀਲੀ ਹਵਾ ਵਾਂਗ ਫੈਲੀ ਹੋਈ ਹੈ। ਜਿੱਦਾਂ ਅਸੀਂ ਇਸ ਜ਼ਹਿਰੀਲੀ ਹਵਾ ਨੂੰ ਆਪਣੇ ਅੰਦਰ ਨਹੀਂ ਜਾਣ ਦਿੰਦੇ, ਉੱਦਾਂ ਹੀ ਸਾਨੂੰ ਲੋਕਾਂ ਦੀ ਸੋਚ ਮੁਤਾਬਕ ਨਹੀਂ ਚੱਲਣਾ ਚਾਹੀਦਾ। ਦੌੜ ਦੌੜਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਇਸ ਦੀ ਸਭ ਤੋਂ ਵਧੀਆ ਮਿਸਾਲ ਯਿਸੂ ਦੀ ਹੈ ਕਿਉਂਕਿ ਉਸ ਨੇ ਮੌਤ ਤਾਈਂ ਆਪਣੀ ਦੌੜ ਪੂਰੀ ਕੀਤੀ ਅਤੇ ਅਸੀਂ ਵੀ ਉਸ ਦੀ ਰੀਸ ਕਰ ਸਕਦੇ ਹਾਂ। (ਇਬ. 12:2) ਪੌਲੁਸ ਰਸੂਲ ਨੇ ਵੀ ਆਪਣੀ ਵਧੀਆ ਮਿਸਾਲ ਰੱਖਦੇ ਹੋਏ ਆਪਣੀ ਦੌੜ ਪੂਰੀ ਕੀਤੀ ਅਤੇ ਉਸ ਨੇ ਆਪਣੇ ਮਸੀਹੀ ਭਰਾਵਾਂ ਨੂੰ ਆਪਣੀ ਮਿਸਾਲ ’ਤੇ ਚੱਲਣ ਦੀ ਹੱਲਾਸ਼ੇਰੀ ਦਿੱਤੀ।—1 ਕੁਰਿੰ. 10:33; ਫ਼ਿਲਿ. 3:14.

ਤੁਸੀਂ ਕਿਵੇਂ ਇਨਾਮ ਨੂੰ ਜਿੱਤ ਸਕਦੇ ਹੋ?

14. ਪੌਲੁਸ ਲਈ ਆਪਣੀ ਦੌੜ ਪੂਰੀ ਕਰਨੀ ਕਿੰਨੀ ਕੁ ਜ਼ਰੂਰੀ ਸੀ?

14 ਪੌਲੁਸ ਲਈ ਆਪਣੀ ਦੌੜ ਪੂਰੀ ਕਰਨੀ ਕਿੰਨੀ ਕੁ ਜ਼ਰੂਰੀ ਸੀ? ਉਸ ਨੇ ਅਫ਼ਸੁਸ ਦੇ ਬਜ਼ੁਰਗਾਂ ਨਾਲ ਆਖ਼ਰੀ ਵਾਰ ਗੱਲ ਕਰਦਿਆਂ ਕਿਹਾ: ‘ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪ੍ਰਭੁ ਯਿਸੂ ਤੋਂ ਪਾਈ ਸੀ।’ (ਰਸੂ. 20:24) ਸੋ ਆਪਣੀ ਦੌੜ ਨੂੰ ਪੂਰੀ ਕਰਨ ਲਈ ਪੌਲੁਸ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ, ਇੱਥੋਂ ਤਕ ਕੇ ਆਪਣੀ ਜ਼ਿੰਦਗੀ ਵੀ। ਉਸ ਨੇ ਪ੍ਰਚਾਰ ਕਰਨ ਵਿਚ ਸਖ਼ਤ ਮਿਹਨਤ ਕੀਤੀ। ਉਸ ਨੇ ਕਿਹਾ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ ਜੇ ਉਹ ਆਪਣੀ ਦੌੜ ਨੂੰ ਪੂਰੀ ਨਹੀਂ ਕਰੇਗਾ। ਉਸ ਨੂੰ ਪਤਾ ਸੀ ਕਿ ਉਸ ਨੇ ਅੰਤ ਤਕ ਸਖ਼ਤ ਮਿਹਨਤ ਕਰਨੀ ਸੀ ਅਤੇ ਉਸ ਨੇ ਇਹ ਨਹੀਂ ਸੋਚਿਆ ਕਿ ਉਸ ਨੂੰ ਇਨਾਮ ਮਿਲ ਚੁੱਕਾ ਸੀ। (ਫ਼ਿਲਿੱਪੀਆਂ 3:12, 13 ਪੜ੍ਹੋ।) ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।”—2 ਤਿਮੋ. 4:7.

15. ਪੌਲੁਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕੀ ਕਰਨ ਦੀ ਤਾਕੀਦ ਕੀਤੀ?

15 ਪੌਲੁਸ ਚਾਹੁੰਦਾ ਸੀ ਕਿ ਉਸ ਦੇ ਮਸੀਹੀ ਭੈਣ-ਭਰਾ ਵੀ ਆਪਣੀ ਦੌੜ ਪੂਰੀ ਕਰਨ। ਉਸ ਨੇ ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਮੁਕਤੀ ਲਈ ਜੱਦੋ-ਜਹਿਦ ਕਰਨ। ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੂੰ ‘ਜੀਵਨ ਦੇ ਬਚਨ’ ਨੂੰ ਫੜੀ ਰੱਖਣ ਦੀ ਲੋੜ ਸੀ। ਉਸ ਨੇ ਅੱਗੇ ਕਿਹਾ: “ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਭਈ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਥ ਨਹੀਂ ਗਈ।” (ਫ਼ਿਲਿ. 2:16) ਇਸੇ ਤਰ੍ਹਾਂ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।”—1 ਕੁਰਿੰ. 9:24.

16. ਸਾਨੂੰ ਇਨਾਮ ਜਿੱਤਣ ਬਾਰੇ ਕਿਉਂ ਸੋਚਦੇ ਰਹਿਣਾ ਚਾਹੀਦਾ ਹੈ?

16 ਹਾਲਾਂਕਿ ਮੈਰਾਥਨ ਦੌੜ ਵਿਚ ਦੌੜਾਕ ਆਪਣੀ ਮੰਜ਼ਲ ਨੂੰ ਅਖ਼ੀਰ ਤਕ ਦੇਖ ਨਹੀਂ ਸਕਦਾ, ਪਰ ਉਹ ਹਮੇਸ਼ਾ ਉੱਥੇ ਤਕ ਪਹੁੰਚਣ ਬਾਰੇ ਸੋਚਦਾ ਰਹਿੰਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਮੰਜ਼ਲ ਨੇੜੇ ਹੀ ਹੈ। ਮੰਜ਼ਲ ਦੇ ਹੋਰ ਨੇੜੇ ਪਹੁੰਚ ਕੇ ਦੌੜਾਕ ਆਪਣੀ ਪੂਰੀ ਤਾਕਤ ਲਾ ਕੇ ਦੌੜਦਾ ਹੈ। ਮਸੀਹੀਆਂ ਦੀ ਦੌੜ ਵੀ ਇਸੇ ਤਰ੍ਹਾਂ ਦੀ ਹੈ। ਜੇ ਸਾਨੂੰ ਯਕੀਨ ਹੈ ਕਿ ਸਾਨੂੰ ਇਨਾਮ ਜ਼ਰੂਰ ਮਿਲੇਗਾ, ਤਾਂ ਅਸੀਂ ਆਪਣੀ ਦੌੜ ਪੂਰੀ ਕਰਨ ਵਿਚ ਲੱਗੇ ਰਹਾਂਗੇ।

17. ਨਿਹਚਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਕਿ ਅਸੀਂ ਆਪਣੀ ਨਜ਼ਰ ਇਨਾਮ ’ਤੇ ਟਿਕਾਈ ਰੱਖੀਏ?

17 ਪੌਲੁਸ ਨੇ ਲਿਖਿਆ: “ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬ. 11:1) ਅਬਰਾਹਾਮ ਅਤੇ ਸਾਰਾਹ ਸਾਰੇ ਐਸ਼ੋ-ਆਰਾਮ ਛੱਡ ਕੇ ‘ਧਰਤੀ ਉੱਤੇ ਓਪਰੇ ਅਤੇ ਪਰਦੇਸੀਆਂ’ ਵਾਂਗ ਰਹਿਣ ਲਈ ਤਿਆਰ ਸਨ। ਉਹ ਇਹ ਕਿਵੇਂ ਕਰ ਸਕੇ? ਉਨ੍ਹਾਂ ਨੇ ਪਰਮੇਸ਼ੁਰ ਦੇ ਵਾਅਦਿਆਂ ਨੂੰ ‘ਦੂਰੋਂ ਵੇਖ ਕੇ’ ਉਨ੍ਹਾਂ ’ਤੇ ਯਕੀਨ ਕੀਤਾ। ਮੂਸਾ ਨੇ ‘ਥੋੜ੍ਹੇ ਚਿਰ ਲਈ ਪਾਪ ਦੇ ਭੋਗ ਬਿਲਾਸ ਅਤੇ ਮਿਸਰ ਦੇ ਖ਼ਜ਼ਾਨਿਆਂ’ ਨੂੰ ਠੁਕਰਾ ਦਿੱਤਾ। ਇਹ ਸਭ ਕੁਝ ਕਰਨ ਲਈ ਉਸ ਨੂੰ ਤਾਕਤ ਕਿੱਥੋਂ ਮਿਲੀ? ਬਾਈਬਲ ਕਹਿੰਦੀ ਹੈ ਕਿ ਉਸ ਦਾ ‘ਫਲ ਵੱਲ ਧਿਆਨ ਸੀ।’ (ਇਬ. 11:8-13, 24-26) ਪੌਲੁਸ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੇ “ਨਿਹਚਾ” ਤੋਂ ਕੰਮ ਲਿਆ। ਮਜ਼ਬੂਤ ਨਿਹਚਾ ਹੋਣ ਕਰਕੇ ਉਨ੍ਹਾਂ ਨੇ ਆਪਣੀ ਨਜ਼ਰ ਹਮੇਸ਼ਾ ਇਨਾਮ ’ਤੇ ਟਿਕਾਈ ਰੱਖੀ। ਉਨ੍ਹਾਂ ਨੇ ਆਪਣਾ ਧਿਆਨ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ’ਤੇ ਨਹੀਂ ਲਾਇਆ, ਸਗੋਂ ਇਹ ਦੇਖਿਆ ਕਿ ਪਰਮੇਸ਼ੁਰ ਉਨ੍ਹਾਂ ਦੇ ਲਈ ਕੀ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ।

18. ‘ਸਹਿਜ ਨਾਲ ਸਾਨੂੰ ਫਸਾਉਣ ਵਾਲੇ ਪਾਪ’ ਨੂੰ ਪਰੇ ਸੁੱਟਣ ਲਈ ਸਾਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ?

18ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਦਰਜ ਵਫ਼ਾਦਾਰ ਸੇਵਕਾਂ ਦੀ ਮਿਸਾਲ ’ਤੇ ਸੋਚ-ਵਿਚਾਰ ਕਰ ਕੇ ਅਸੀਂ ਉਨ੍ਹਾਂ ਦੀ ਰੀਸ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਵੀ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ ਅਤੇ ‘ਸਹਿਜ ਨਾਲ ਸਾਨੂੰ ਫਸਾਉਣ ਵਾਲੇ ਪਾਪ’ ਨੂੰ ਪਰੇ ਸੁੱਟ ਸਕਦੇ ਹਾਂ। (ਇਬ. 12:1) ਨਾਲੇ ਮੀਟਿੰਗਾਂ ਵਿਚ ਜਾ ਕੇ ਅਸੀਂ ਆਪਣੇ ਤੇ ਆਪਣੇ ਭੈਣਾਂ-ਭਰਾਵਾਂ ਦੇ ਵਿਸ਼ਵਾਸ ਨੂੰ ਵਧਾ ਸਕਦੇ ਹਾਂ ਅਤੇ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖ’ ਸਕਦੇ ਹਾਂ।—ਇਬ. 10:24.

19. ਇਹ ਕਿਉਂ ਜ਼ਰੂਰੀ ਹੈ ਅਸੀਂ ਦੌੜ ਦੌੜਦੇ ਰਹੀਏ?

19 ਅਸੀਂ ਆਪਣੀ ਦੌੜ ਦੇ ਅਖ਼ੀਰ ਵਿਚ ਪਹੁੰਚ ਗਏ ਹਾਂ ਤੇ ਅਸੀਂ ਆਪਣੀ ਮੰਜ਼ਲ ਦੇਖ ਸਕਦੇ ਹਾਂ। ਯਹੋਵਾਹ ਵਿਚ ਨਿਹਚਾ ਰੱਖ ਕੇ ਅਤੇ ਉਸ ਦੀ ਮਦਦ ਨਾਲ ਅਸੀਂ ਵੀ “ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ” ਸਕਾਂਗੇ। ਜੀ ਹਾਂ, ਅਸੀਂ ਆਪਣੀ ਦੌੜ ਦੌੜਦੇ ਰਹਿ ਸਕਦੇ ਹਾਂ ਅਤੇ ਉਹ ਇਨਾਮ ਪਾ ਸਕਦੇ ਹਾਂ ਜੋ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ।

[ਫੁਟਨੋਟ]

^ ਪੈਰਾ 3 ਪੁਰਾਣੇ ਸਮੇਂ ਦੇ ਯਹੂਦੀ ਲੋਕਾਂ ਨੂੰ ਇਹ ਗੱਲ ਜ਼ਰਾ ਵੀ ਚੰਗੀ ਨਹੀਂ ਲੱਗੀ। ਮੈਕਾਬੀਆਂ ਦੀ ਦੂਜੀ ਕਿਤਾਬ, ਜੋ ਬਾਈਬਲ ਦਾ ਹਿੱਸਾ ਹੋਣ ਦਾ ਦਾਅਵਾ ਕਰਦੀ ਹੈ, ਨੇ ਕਿਹਾ ਕਿ ਉਸ ਸਮੇਂ ਯਹੂਦੀ ਪ੍ਰਧਾਨ ਜਾਜਕ ਜੈਸਨ ਨਾਲ ਬਹੁਤ ਗੁੱਸੇ ਹੋਏ ਕਿਉਂਕਿ ਉਹ ਯੂਨਾਨੀਆਂ ਵਾਂਗ ਯਰੂਸ਼ਲਮ ਵਿਚ ਇਕ ਜਿਮਨੇਜ਼ੀਅਮ ਬਣਾਉਣਾ ਚਾਹੁੰਦਾ ਸੀ।—2 ਮੈਕਾਬੀ 4:7-17.

ਕੀ ਤੁਹਾਨੂੰ ਯਾਦ ਹੈ?

• “ਹਰੇਕ ਭਾਰ” ਨੂੰ ਪਰੇ ਸੁੱਟਣ ਦਾ ਕੀ ਮਤਲਬ ਹੈ?

• ਇਕ ਮਸੀਹੀ ਦੀ ਨਿਹਚਾ ਕਿਸ ਕਾਰਨ ਕਮਜ਼ੋਰ ਹੋ ਸਕਦੀ ਹੈ?

• ਸਾਨੂੰ ਆਪਣੀ ਨਜ਼ਰ ਇਨਾਮ ’ਤੇ ਕਿਉਂ ਟਿਕਾਈ ਰੱਖਣੀ ਚਾਹੀਦੀ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

‘ਸਹਿਜ ਨਾਲ ਫਸਾਉਣ ਵਾਲਾ ਪਾਪ’ ਕੀ ਹੈ ਅਤੇ ਇਹ ਸਾਨੂੰ ਕਿਵੇਂ ਫਸਾ ਸਕਦਾ ਹੈ?