Skip to content

Skip to table of contents

ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?

ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?

ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?

‘ਯਹੋਵਾਹ ਆਪਣਿਆਂ ਨੂੰ ਜਾਣਦਾ ਹੈ।’—2 ਤਿਮੋ. 2:19.

1, 2. (ੳ) ਯਿਸੂ ਲਈ ਕਿਹੜੀ ਗੱਲ ਮਾਅਨੇ ਰੱਖਦੀ ਸੀ? (ਅ) ਸਾਨੂੰ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ?

ਇਕ ਦਿਨ ਇਕ ਫ਼ਰੀਸੀ ਨੇ ਯਿਸੂ ਨੂੰ ਪੁੱਛਿਆ: “ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਜਵਾਬ ਦਿੱਤਾ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।’ (ਮੱਤੀ 22:35-37) ਯਿਸੂ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਜਿਸ ਤਰੀਕੇ ਨਾਲ ਉਸ ਨੇ ਆਪਣੀ ਜ਼ਿੰਦਗੀ ਬਿਤਾਈ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਇਹ ਗੱਲ ਕਿੰਨੀ ਮਾਅਨੇ ਰੱਖਦੀ ਸੀ ਕਿ ਯਹੋਵਾਹ ਉਸ ਬਾਰੇ ਕੀ ਸੋਚਦਾ ਸੀ। ਇਸ ਲਈ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਾਰੇ ਕਹਿ ਸਕਿਆ: “ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।”—ਯੂਹੰ. 15:10.

2 ਅੱਜ ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਤੇ ਅਸੀਂ ਵੀ ਇਨ੍ਹਾਂ ਵਿਚ ਸ਼ਾਮਲ ਹਾਂ। ਪਰ ਸਾਨੂੰ ਕੁਝ ਜ਼ਰੂਰੀ ਸਵਾਲਾਂ ’ਤੇ ਗੌਰ ਕਰਨ ਦੀ ਲੋੜ ਹੈ: ‘ਕੀ ਪਰਮੇਸ਼ੁਰ ਮੈਨੂੰ ਜਾਣਦਾ ਹੈ? ਯਹੋਵਾਹ ਦੀਆਂ ਨਜ਼ਰਾਂ ਵਿਚ ਮੈਂ ਕਿਹੋ ਜਿਹਾ ਇਨਸਾਨ ਹਾਂ? ਕੀ ਉਹ ਮੈਨੂੰ ਆਪਣਾ ਸਮਝਦਾ ਹੈ?’ (2 ਤਿਮੋ. 2:19) ਇਹ ਸੋਚ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਾਂ!

3. ਕਈਆਂ ਵਾਸਤੇ ਇਹ ਮੰਨਣਾ ਕਿਉਂ ਔਖਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਆਪਣਾ ਸਮਝ ਸਕਦਾ ਹੈ ਅਤੇ ਇਸ ਸੋਚ ਨੂੰ ਬਦਲਣ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ?

3 ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਨ੍ਹਾਂ ਵਿੱਚੋਂ ਕੁਝ ਨੂੰ ਇਹ ਸਮਝਣਾ ਔਖਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਨ। ਕੁਝ ਮਹਿਸੂਸ ਕਰਦੇ ਹਨ ਕਿ ਉਹ ਪਰਮੇਸ਼ੁਰ ਦੀ ਦੋਸਤੀ ਦੇ ਲਾਇਕ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਆਪਣਾ ਨਹੀਂ ਸਮਝੇਗਾ। ਪਰ ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਕਿ ਯਹੋਵਾਹ ਸਾਡੇ ਬਾਰੇ ਇੱਦਾਂ ਨਹੀਂ ਸੋਚਦਾ! (1 ਸਮੂ. 16:7) ਇਸ ਬਾਰੇ ਸੋਚੋ: ਤੁਸੀਂ ਇਹ ਰਸਾਲਾ ਕਿਉਂ ਪੜ੍ਹ ਰਹੇ ਹੋ? ਤੁਸੀਂ ਆਪਣੇ ਪੂਰੇ ਦਿਲ, ਜਾਨ, ਬੁੱਧ ਅਤੇ ਤਾਕਤ ਨਾਲ ਯਹੋਵਾਹ ਦੀ ਸੇਵਾ ਕਿਉਂ ਕਰ ਰਹੇ ਹੋ? ਜੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਹੈ, ਤਾਂ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ? ਬਾਈਬਲ ਕਹਿੰਦੀ ਹੈ ਕਿ ਯਹੋਵਾਹ ਦਿਲਾਂ ਨੂੰ ਜਾਣਦਾ ਹੈ ਅਤੇ ਉਹ ਉਨ੍ਹਾਂ ਲੋਕਾਂ ਨੂੰ ਭਾਲਦਾ ਹੈ ਜਿਹੜੇ ਉਸ ਦੇ ਮਨ ਨੂੰ ਭਾਉਂਦੇ ਹਨ। ਫਿਰ ਯਹੋਵਾਹ ਉਨ੍ਹਾਂ ਨੂੰ ਦੋਸਤ ਬਣਨ ਲਈ ਆਪਣੇ ਵੱਲ ‘ਖਿੱਚਦਾ’ ਹੈ। (ਹੱਜਈ 2:7; ਯੂਹੰਨਾ 6:44 ਪੜ੍ਹੋ।) ਸੋ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਇਸ ਲਈ ਯਹੋਵਾਹ ਦੀ ਸੇਵਾ ਕਰ ਰਹੇ ਹੋ ਕਿਉਂਕਿ ਉਹ ਇਹੀ ਤੁਹਾਥੋਂ ਚਾਹੁੰਦਾ ਹੈ। ਜਿਨ੍ਹਾਂ ਨੂੰ ਉਸ ਨੇ ਆਪਣੇ ਦੋਸਤ ਬਣਨ ਲਈ ਆਪਣੇ ਵੱਲ ਖਿੱਚਿਆ ਹੈ, ਉਹ ਉਨ੍ਹਾਂ ਨੂੰ ਕਦੇ ਨਹੀਂ ਛੱਡੇਗਾ, ਬਸ਼ਰਤੇ ਉਹ ਉਸ ਦੇ ਵਫ਼ਾਦਾਰ ਰਹਿਣ। ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹਨ ਅਤੇ ਉਹ ਉਨ੍ਹਾਂ ਨਾਲ ਬਹੁਤ ਪਿਆਰ ਕਰਦਾ ਹੈ।—ਜ਼ਬੂ. 94:14.

4. ਸਾਨੂੰ ਹਮੇਸ਼ਾ ਇਹ ਕਿਉਂ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨਾਲ ਆਪਣੀ ਦੋਸਤੀ ਦੀ ਕਿੰਨੀ ਕੁ ਕਦਰ ਕਰਦੇ ਹਾਂ?

4 ਜੇ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੀਏ। (ਯਹੂਦਾਹ 20, 21 ਪੜ੍ਹੋ।) ਯਾਦ ਰੱਖੋ ਕਿ ਬਾਈਬਲ ਦੱਸਦੀ ਹੈ ਕੋਈ ਵੀ ਪਰਮੇਸ਼ੁਰ ਤੋਂ ਦੂਰ ਹੋ ਕੇ ਉਸ ਨਾਲ ਆਪਣੀ ਦੋਸਤੀ ਤੋੜ ਸਕਦਾ ਹੈ। (ਇਬ. 2:1; 3:12, 13) ਮਿਸਾਲ ਲਈ, 2 ਤਿਮੋਥਿਉਸ 2:19 ਦੇ ਸ਼ਬਦ ਲਿਖਣ ਤੋਂ ਪਹਿਲਾਂ ਪੌਲੁਸ ਰਸੂਲ ਨੇ ਹੁਮਿਨਾਯੁਸ ਅਤੇ ਫ਼ਿਲੇਤੁਸ ਦਾ ਜ਼ਿਕਰ ਕੀਤਾ। ਲੱਗਦਾ ਹੈ ਕਿ ਇਹ ਦੋ ਆਦਮੀ ਇਕ ਸਮੇਂ ਤੇ ਯਹੋਵਾਹ ਦੀ ਸੇਵਾ ਕਰਦੇ ਹੁੰਦੇ ਸਨ ਪਰ ਬਾਅਦ ਵਿਚ ਉਹ ਸੱਚਾਈ ਛੱਡ ਕੇ ਚਲੇ ਗਏ। (2 ਤਿਮੋ. 2:16-18) ਗਲਾਤਿਯਾ ਦੀਆਂ ਕਲੀਸਿਯਾਵਾਂ ਦੇ ਕੁਝ ਭੈਣਾਂ-ਭਰਾਵਾਂ ਨੇ ਵੀ ਸੱਚਾਈ ਛੱਡ ਦਿੱਤੀ। (ਗਲਾ. 4:9) ਇਸ ਲਈ ਸਾਨੂੰ ਪਰਮੇਸ਼ੁਰ ਨਾਲ ਆਪਣੀ ਦੋਸਤੀ ਨੂੰ ਕਦੇ ਐਵੇਂ ਨਹੀਂ ਸਮਝਣਾ ਚਾਹੀਦਾ।

5. (ੳ) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਜਾਣੇ, ਤਾਂ ਸਾਨੂੰ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਹੈ? (ਅ) ਅਸੀਂ ਕਿਹੜੀਆਂ ਕੁਝ ਮਿਸਾਲਾਂ ਉੱਤੇ ਗੌਰ ਕਰਾਂਗੇ?

5 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਜਾਣੇ, ਤਾਂ ਸਾਨੂੰ ਆਪਣੇ ਵਿਚ ਕੁਝ ਗੁਣ ਪੈਦਾ ਕਰਨ ਦੀ ਲੋੜ ਹੈ। (ਜ਼ਬੂ. 15:1-5; 1 ਪਤ. 3:4) ਇਨ੍ਹਾਂ ਵਿੱਚੋਂ ਦੋ ਗੁਣ ਹਨ ਨਿਹਚਾ ਅਤੇ ਨਿਮਰਤਾ। ਹੁਣ ਅਸੀਂ ਦੋ ਆਦਮੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਸੀ ਕਿਉਂਕਿ ਇਨ੍ਹਾਂ ਨੇ ਇਹ ਗੁਣ ਦਿਖਾਏ ਸਨ। ਅਸੀਂ ਅਜਿਹੇ ਆਦਮੀ ਬਾਰੇ ਵੀ ਗੱਲ ਕਰਾਂਗੇ ਜੋ ਘਮੰਡੀ ਹੋ ਗਿਆ ਅਤੇ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਤਿਆਗ ਦਿੱਤਾ। ਅਸੀਂ ਇਨ੍ਹਾਂ ਮਿਸਾਲਾਂ ਤੋਂ ਕਈ ਜ਼ਰੂਰੀ ਗੱਲਾਂ ਸਿੱਖ ਸਕਦੇ ਹਾਂ।

ਨਿਹਚਾ ਕਰਨ ਵਾਲਿਆਂ ਦਾ ਪਿਤਾ

6. (ੳ) ਯਹੋਵਾਹ ਦੇ ਵਾਅਦਿਆਂ ਵਿਚ ਨਿਹਚਾ ਰੱਖਣ ਕਰਕੇ ਅਬਰਾਹਾਮ ਨੇ ਕੀ ਕੀਤਾ? (ਅ) ਯਹੋਵਾਹ ਅਬਰਾਹਾਮ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਸੀ?

6 ਅਬਰਾਹਾਮ ਇਕ ਅਜਿਹਾ ਇਨਸਾਨ ਸੀ ਜਿਸ ਨੇ “ਯਹੋਵਾਹ ਦੀ ਪਰਤੀਤ ਕੀਤੀ।” ਉਸ ਨੂੰ ਸਾਰੇ ਨਿਹਚਾ ਕਰਨ ਵਾਲਿਆਂ ਦਾ ਪਿਤਾ ਸੱਦਿਆ ਗਿਆ ਹੈ। (ਉਤ. 15:6; ਰੋਮੀ. 4:11) ਨਿਹਚਾ ਹੋਣ ਕਰਕੇ ਅਬਰਾਹਾਮ ਆਪਣਾ ਘਰ, ਆਪਣੇ ਦੋਸਤ, ਆਪਣਾ ਕਾਰੋਬਾਰ ਅਤੇ ਆਪਣਾ ਸਭ ਕੁਝ ਛੱਡ ਕੇ ਕਿਸੇ ਦੂਰ ਪਰਾਏ ਦੇਸ਼ ਵੱਲ ਤੁਰ ਪਿਆ। (ਉਤ. 12:1-4; ਇਬ. 11:8-10) ਬਹੁਤ ਸਾਲਾਂ ਬਾਅਦ ਵੀ ਅਬਰਾਹਾਮ ਨੇ ਆਪਣੀ ਨਿਹਚਾ ਮਜ਼ਬੂਤ ਰੱਖੀ। ਉਸ ਦੀ ਨਿਹਚਾ ਦਾ ਸਬੂਤ ਇਸ ਤੋਂ ਮਿਲਿਆ ਜਦੋਂ ਯਹੋਵਾਹ ਦੇ ਹੁਕਮ ਅਨੁਸਾਰ ਉਹ ਆਪਣੇ ਪੁੱਤਰ ਇਸਹਾਕ ਨੂੰ ਬਲੀਦਾਨ ਵਜੋਂ ਯਹੋਵਾਹ ਨੂੰ ਚੜ੍ਹਾਉਣ ਲਈ ਤਿਆਰ ਹੋ ਗਿਆ। (ਇਬ. 11:17-19) ਅਬਰਾਹਾਮ ਨੇ ਯਹੋਵਾਹ ਦੇ ਵਾਅਦਿਆਂ ਵਿਚ ਨਿਹਚਾ ਕੀਤੀ ਜਿਸ ਕਰਕੇ ਉਹ ਪਰਮੇਸ਼ੁਰ ਦਾ ਦੋਸਤ ਬਣਿਆ। ਯਹੋਵਾਹ ਅਬਰਾਹਾਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ। (ਉਤਪਤ 18:19 ਪੜ੍ਹੋ।) ਇਸ ਦਾ ਮਤਲਬ ਹੈ ਕਿ ਯਹੋਵਾਹ ਸਿਰਫ਼ ਅਬਰਾਹਾਮ ਬਾਰੇ ਜਾਣਦਾ ਹੀ ਨਹੀਂ ਸੀ, ਸਗੋਂ ਉਸ ਨੂੰ ਪਿਆਰਾ ਦੋਸਤ ਸਮਝਦਾ ਸੀ।—ਯਾਕੂ. 2:22, 23.

7. ਅਬਰਾਹਾਮ ਯਹੋਵਾਹ ਦੇ ਵਾਅਦਿਆਂ ਬਾਰੇ ਕੀ ਜਾਣਦਾ ਸੀ ਅਤੇ ਉਸ ਨੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ?

7 ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ ਉਸ ਦੀ ਔਲਾਦ “ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ” ਅਤੇ ਉਹ “ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਵਧਣਗੇ। (ਉਤ. 22:17, 18) ਭਾਵੇਂ ਇਹ ਵਾਅਦੇ ਅਬਰਾਹਾਮ ਦੇ ਜੀਉਂਦੇ ਜੀ ਪੂਰੇ ਨਹੀਂ ਹੋਏ, ਫਿਰ ਵੀ ਉਸ ਦੀ ਯਹੋਵਾਹ ਵਿਚ ਨਿਹਚਾ ਪੱਕੀ ਰਹੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ ਅਤੇ ਉਸ ਨੇ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੱਤਾ। (ਇਬਰਾਨੀਆਂ 11:13 ਪੜ੍ਹੋ।) ਕੀ ਯਹੋਵਾਹ ਸਾਨੂੰ ਅਬਰਾਹਾਮ ਦੀ ਤਰ੍ਹਾਂ ਨਿਹਚਾ ਰੱਖਣ ਵਾਲਿਆਂ ਵਜੋਂ ਜਾਣਦਾ ਹੈ?

ਯਹੋਵਾਹ ’ਤੇ ਭਰੋਸਾ ਰੱਖਣਾ ਨਿਹਚਾ ਦਾ ਸਬੂਤ ਹੈ

8. ਜ਼ਿਆਦਾਤਰ ਲੋਕ ਕਿਹੜੀਆਂ ਖ਼ਾਹਸ਼ਾਂ ਰੱਖਦੇ ਹਨ?

8 ਜ਼ਿੰਦਗੀ ਵਿਚ ਕੁਝ ਖ਼ਾਹਸ਼ਾਂ ਹੁੰਦੀਆਂ ਹਨ ਜੋ ਅਸੀਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ ਜਿਵੇਂ ਵਿਆਹ ਕਰਨਾ, ਬੱਚੇ ਪੈਦਾ ਕਰਨੇ ਅਤੇ ਚੰਗੀ ਸਿਹਤ ਹੋਣੀ। ਅਜਿਹੀਆਂ ਇੱਛਾਵਾਂ ਰੱਖਣੀਆਂ ਕੋਈ ਮਾੜੀ ਗੱਲ ਨਹੀਂ ਹੈ। ਪਰ ਸਾਡੇ ਵਿੱਚੋਂ ਕਈਆਂ ਦੀਆਂ ਸ਼ਾਇਦ ਇਹ ਖ਼ਾਹਸ਼ਾਂ ਪੂਰੀਆਂ ਨਾ ਹੋਣ। ਜੇ ਸਾਡੇ ਬਾਰੇ ਵੀ ਇਹ ਗੱਲ ਸੱਚ ਹੈ, ਤਾਂ ਫਿਰ ਅਸੀਂ ਕੀ ਕਰਾਂਗੇ? ਇਸ ਹਾਲਾਤ ਵਿਚ ਜਿਸ ਤਰ੍ਹਾਂ ਦਾ ਰਵੱਈਆ ਅਸੀਂ ਦਿਖਾਵਾਂਗੇ, ਉਸ ਤੋਂ ਪਤਾ ਲੱਗੇਗਾ ਕਿ ਸਾਡੀ ਨਿਹਚਾ ਕਿੰਨੀ ਕੁ ਮਜ਼ਬੂਤ ਹੈ।

9, 10. (ੳ) ਕਈਆਂ ਨੇ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਲਈ ਕੀ ਕੁਝ ਕੀਤਾ ਹੈ? (ਅ) ਤੁਸੀਂ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

9 ਇਹ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਚੀਜ਼ਾਂ ਹਾਸਲ ਕਰਨ ਲਈ ਪਰਮੇਸ਼ੁਰ ਦੀ ਸੇਧ ਦੇ ਖ਼ਿਲਾਫ਼ ਜਾਂਦੇ ਹਾਂ। ਇੱਦਾਂ ਕਰਕੇ ਸਾਡਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਮਿਸਾਲ ਲਈ, ਕਈਆਂ ਨੇ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਅਜਿਹੇ ਇਲਾਜ ਚੁਣੇ ਹਨ ਜੋ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹਨ। ਦੂਸਰਿਆਂ ਨੇ ਅਜਿਹੀਆਂ ਨੌਕਰੀਆਂ ਸਵੀਕਾਰ ਕੀਤੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਕੋਲ ਆਪਣੇ ਪਰਿਵਾਰਾਂ ਅਤੇ ਮੀਟਿੰਗਾਂ ਲਈ ਕੋਈ ਸਮਾਂ ਨਹੀਂ ਬਚਦਾ। ਕਈਆਂ ਨੇ ਉਨ੍ਹਾਂ ਲੋਕਾਂ ਨਾਲ ਰੋਮਾਂਟਿਕ ਰਿਸ਼ਤਾ ਜੋੜਿਆ ਹੈ ਜੋ ਯਹੋਵਾਹ ਨੂੰ ਨਹੀਂ ਮੰਨਦੇ। ਜੇ ਇਕ ਮਸੀਹੀ ਇੱਦਾਂ ਕਰਦਾ ਹੈ, ਤਾਂ ਕੀ ਯਹੋਵਾਹ ਉਸ ਨੂੰ ਆਪਣਾ ਦੋਸਤ ਸਮਝੇਗਾ? ਸੋਚੋ ਕਿ ਜੇ ਅਬਰਾਹਾਮ ਨੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦੇਖਣ ਲਈ ਧੀਰਜ ਨਾ ਰੱਖਿਆ ਹੁੰਦਾ, ਤਾਂ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕਰਨਾ ਸੀ? ਉਦੋਂ ਕੀ ਹੁੰਦਾ ਜੇ ਅਬਰਾਹਾਮ ਦੁਬਾਰਾ ਇੱਕੋ ਥਾਂ ਤੇ ਟਿਕ ਕੇ ਰਹਿਣ ਲਈ ਆਪਣੇ ਤਰੀਕੇ ਨਾਲ ਸਭ ਕੁਝ ਕਰਦਾ? ਉਦੋਂ ਕੀ ਹੁੰਦਾ ਜੇ ਉਹ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਬਜਾਇ, ਆਪਣੇ ਲਈ ਨਾਂ ਕਮਾਉਂਦਾ? (ਹੋਰ ਜਾਣਕਾਰੀ ਲਈ ਉਤਪਤ 11:4 ਨਾਲ ਦੇਖੋ।) ਕੀ ਯਹੋਵਾਹ ਅਬਰਾਹਾਮ ਨੂੰ ਆਪਣਾ ਦੋਸਤ ਮੰਨਦਾ ਰਹਿੰਦਾ?

10 ਤੁਸੀਂ ਕਿਹੜੀਆਂ ਖ਼ਾਹਸ਼ਾਂ ਰੱਖਦੇ ਹੋ? ਕੀ ਤੁਹਾਨੂੰ ਯਹੋਵਾਹ ਉੱਤੇ ਨਿਹਚਾ ਹੈ ਕਿ ਉਹ ਤੁਹਾਡੀਆਂ ਇਹ ਖ਼ਾਹਸ਼ਾਂ ਪੂਰੀਆਂ ਕਰੇਗਾ? ਉਹ ਵਾਅਦਾ ਕਰਦਾ ਹੈ ਕਿ ਉਹ ‘ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’ (ਜ਼ਬੂ. 145:16) ਯਹੋਵਾਹ ਦੇ ਕੁਝ ਵਾਅਦੇ ਸ਼ਾਇਦ ਉੱਨੀ ਜਲਦੀ ਨਾ ਪੂਰੇ ਹੋਣ ਜਿੰਨੀ ਜਲਦੀ ਅਸੀਂ ਚਾਹੁੰਦੇ ਹਾਂ। ਪਰ ਜੇ ਅਸੀਂ ਉਸ ਤਰੀਕੇ ਨਾਲ ਜ਼ਿੰਦਗੀ ਬਿਤਾਈਏ ਜਿਸ ਤੋਂ ਨਜ਼ਰ ਆਵੇ ਕਿ ਸਾਡੀ ਨਿਹਚਾ ਅਬਰਾਹਾਮ ਵਰਗੀ ਹੈ, ਤਾਂ ਯਹੋਵਾਹ ਸਾਨੂੰ ਕਦੇ ਵੀ ਨਹੀਂ ਭੁੱਲੇਗਾ। ਉਹ ਸਾਨੂੰ ਬਰਕਤਾਂ ਦੇਵੇਗਾ।—ਇਬ. 11:6.

ਨਿਮਰਤਾ ਅਤੇ ਘਮੰਡ ਦੀਆਂ ਮਿਸਾਲਾਂ

11. ਕੋਰਹ ਨੇ ਕਈ ਸਾਲਾਂ ਤਾਈਂ ਕੀ ਕੀਤਾ?

11 ਯਹੋਵਾਹ ਦੇ ਪ੍ਰਬੰਧਾਂ ਅਤੇ ਫ਼ੈਸਲਿਆਂ ਲਈ ਕਦਰ ਦਿਖਾਉਣ ਸੰਬੰਧੀ ਮੂਸਾ ਤੇ ਕੋਰਹ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਉਨ੍ਹਾਂ ਨੇ ਜੋ ਕੁਝ ਕੀਤਾ ਉਸ ਤੋਂ ਪਤਾ ਲੱਗਿਆ ਕਿ ਯਹੋਵਾਹ ਉਨ੍ਹਾਂ ਬਾਰੇ ਕੀ ਸੋਚਦਾ ਸੀ। ਕੋਰਹ ਕਹਾਥੀ ਘਰਾਣੇ ਦਾ ਇਕ ਲੇਵੀ ਸੀ। ਸ਼ਾਇਦ ਉਸ ਨੇ ਯਹੋਵਾਹ ਨੂੰ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਾਉਂਦਿਆ ਦੇਖਿਆ ਹੋਵੇਗਾ। ਜਦੋਂ ਯਹੋਵਾਹ ਨੇ ਸੀਨਈ ਪਹਾੜ ’ਤੇ ਅਣਆਗਿਆਕਾਰ ਇਸਰਾਏਲੀਆਂ ਨੂੰ ਸਜ਼ਾ ਦਿੱਤੀ, ਉਦੋਂ ਕੋਰਹ ਨੇ ਯਹੋਵਾਹ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਉਸ ਨੇ ਨੇਮ ਦਾ ਸੰਦੂਕ ਲਿਜਾਣ ਵਿਚ ਵੀ ਮਦਦ ਕੀਤੀ ਸੀ। (ਕੂਚ 32:26-29; ਗਿਣ. 3:30, 31) ਲੱਗਦਾ ਹੈ ਕਿ ਉਹ ਕਈ ਸਾਲਾਂ ਤਾਈਂ ਯਹੋਵਾਹ ਦਾ ਵਫ਼ਾਦਾਰ ਰਿਹਾ ਸੀ ਜਿਸ ਕਰਕੇ ਬਹੁਤ ਸਾਰੇ ਇਸਰਾਏਲੀ ਉਸ ਦੀ ਇੱਜ਼ਤ ਕਰਦੇ ਸਨ।

12. ਜਿਵੇਂ ਸਫ਼ਾ 28 ’ਤੇ ਦਿਖਾਇਆ ਗਿਆ ਹੈ, ਘਮੰਡੀ ਹੋਣ ਕਰਕੇ ਕੋਰਹ ਦੀ ਪਰਮੇਸ਼ੁਰ ਨਾਲ ਦੋਸਤੀ ਦਾ ਕੀ ਬਣਿਆ?

12 ਵਾਅਦਾ ਕੀਤੇ ਹੋਏ ਦੇਸ਼ ਜਾਂਦੇ ਸਮੇਂ ਕੋਰਹ ਨੇ ਸੋਚਿਆ ਕਿ ਜਿਸ ਤਰੀਕੇ ਨਾਲ ਯਹੋਵਾਹ ਕੌਮ ਦੀ ਅਗਵਾਈ ਕਰ ਰਿਹਾ ਸੀ ਉਹ ਗ਼ਲਤ ਸੀ। ਇਸ ਲਈ ਉਹ ਤਬਦੀਲੀਆਂ ਲਿਆਉਣੀਆਂ ਚਾਹੁੰਦਾ ਸੀ। ਫਿਰ ਕੌਮ ਦੇ 250 ਬੰਦੇ ਕੋਰਹ ਨਾਲ ਰਲ ਗਏ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਸ ਦੀ ਮਿਹਰ ਉਨ੍ਹਾਂ ਉੱਤੇ ਸੀ। ਉਨ੍ਹਾਂ ਨੇ ਮੂਸਾ ਨੂੰ ਕਿਹਾ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ।” (ਗਿਣ. 16:1-3) ਕਿੰਨਾ ਘਮੰਡੀ ਰਵੱਈਆ! ਉਨ੍ਹਾਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ’ਤੇ ਹੱਦੋਂ ਵਧ ਭਰੋਸਾ ਸੀ। ਮੂਸਾ ਨੇ ਉਨ੍ਹਾਂ ਨੂੰ ਦੱਸਿਆ: “ਯਹੋਵਾਹ ਦੱਸੇਗਾ ਭਈ ਕੌਣ ਉਹ ਦਾ ਹੈ।” (ਗਿਣਤੀ 16:5 ਪੜ੍ਹੋ।) ਅਗਲੇ ਦਿਨ ਦੇ ਅਖ਼ੀਰ ਵਿਚ ਕੋਰਹ ਅਤੇ ਉਸ ਦੇ ਸਾਥੀ ਮਾਰੇ ਗਏ ਸਨ।—ਗਿਣ. 16:31-35.

13, 14. ਮੂਸਾ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਕਿ ਉਹ ਨਿਮਰ ਸੀ?

13 ਮੂਸਾ ਕੋਰਹ ਦੇ ਬਿਲਕੁਲ ਉਲਟ ਸੀ। ਉਹ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣ. 12:3) ਉਸ ਨੇ ਨਿਮਰ ਹੋ ਕੇ ਉਹੀ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ। (ਕੂਚ 7:6; 40:16) ਅਸੀਂ ਬਾਈਬਲ ਵਿਚ ਕਿਤੇ ਨਹੀਂ ਪੜ੍ਹਦੇ ਕਿ ਮੂਸਾ ਯਹੋਵਾਹ ਦੇ ਕੰਮ ਕਰਨ ਦੇ ਤਰੀਕਿਆਂ ’ਤੇ ਬਹਿਸ ਕਰਦਾ ਹੁੰਦਾ ਸੀ ਜਾਂ ਉਹ ਯਹੋਵਾਹ ਤੋਂ ਮਿਲੀਆਂ ਹਿਦਾਇਤਾਂ ਕਾਰਨ ਕਦੇ ਗੁੱਸੇ ਹੋਇਆ ਸੀ। ਮਿਸਾਲ ਲਈ, ਯਹੋਵਾਹ ਨੇ ਡੇਹਰਾ ਬਣਾਉਣ ਵਾਸਤੇ ਖ਼ਾਸ ਹਿਦਾਇਤਾਂ ਦਿੱਤੀਆਂ ਸਨ ਜਿਵੇਂ ਧਾਗੇ ਦਾ ਰੰਗ ਅਤੇ ਪਰਦੇ ਬਣਾਉਣ ਲਈ ਇਸਰਾਏਲੀਆਂ ਨੂੰ ਕਿੰਨੀਆਂ ਕੁੰਡੀਆਂ ਬਣਾਉਣੀਆਂ ਚਾਹੀਦੀਆਂ ਸਨ। (ਕੂਚ 26:1-6) ਜੇ ਅੱਜ ਇਕ ਨਿਗਾਹਬਾਨ ਪਰਮੇਸ਼ੁਰ ਦੇ ਸੰਗਠਨ ਵਿਚ ਤੁਹਾਨੂੰ ਕੁਝ ਕਰਨ ਲਈ ਖ਼ਾਸ ਹਿਦਾਇਤਾਂ ਦਿੰਦਾ ਹੈ, ਤਾਂ ਸ਼ਾਇਦ ਤੁਸੀਂ ਅੱਕ ਜਾਓ। ਪਰ ਯਹੋਵਾਹ ਇਸ ਤਰ੍ਹਾਂ ਦਾ ਨਿਗਾਹਬਾਨ ਨਹੀਂ ਹੈ। ਜਦੋਂ ਉਹ ਆਪਣੇ ਸੇਵਕਾਂ ਨੂੰ ਕੰਮ ਦਿੰਦਾ ਹੈ, ਤਾਂ ਉਹ ਭਰੋਸਾ ਰੱਖਦਾ ਹੈ ਕਿ ਉਹ ਇਹ ਕੰਮ ਚੰਗੀ ਤਰ੍ਹਾਂ ਕਰਨਗੇ। ਜਦੋਂ ਉਹ ਬਹੁਤ ਸਾਰੀਆਂ ਹਿਦਾਇਤਾਂ ਦਿੰਦਾ ਹੈ, ਤਾਂ ਇਸ ਦੇ ਪਿੱਛੇ ਚੰਗੇ ਕਾਰਨ ਹੀ ਹੁੰਦੇ ਹਨ। ਮੂਸਾ ਯਹੋਵਾਹ ਨਾਲ ਗੁੱਸੇ ਨਹੀਂ ਹੋਇਆ ਜਾਂ ਉਸ ਨੇ ਇਸ ਤਰ੍ਹਾਂ ਨਹੀਂ ਸੋਚਿਆ ਕਿ ਯਹੋਵਾਹ ਉਸ ਨੂੰ ਜ਼ਿਆਦਾ ਹਿਦਾਇਤਾਂ ਦੇ ਕੇ ਉਸ ਦਾ ਨਿਰਾਦਰ ਕਰ ਰਿਹਾ ਸੀ ਤੇ ਨਾ ਹੀ ਉਸ ਨੇ ਇਹ ਸੋਚਿਆ ਕਿ ਯਹੋਵਾਹ ਉਸ ਦੇ ਫ਼ੈਸਲੇ ਕਰਨ ਦਾ ਹੱਕ ਖੋਹ ਰਿਹਾ ਸੀ। ਮੂਸਾ ਨੇ ਕਾਮਿਆਂ ਨੂੰ ਉਸੇ ਤਰ੍ਹਾਂ ਕੰਮ ਕਰਨ ਲਈ ਕਿਹਾ ਜਿਸ ਤਰ੍ਹਾਂ ਯਹੋਵਾਹ ਨੇ ਹੁਕਮ ਦਿੱਤਾ ਸੀ। (ਕੂਚ 39:32) ਮੂਸਾ ਨੇ ਕਿੰਨਾ ਨਿਮਰ ਰਵੱਈਆ ਦਿਖਾਇਆ! ਉਹ ਜਾਣਦਾ ਸੀ ਕਿ ਇਹ ਕੰਮ ਯਹੋਵਾਹ ਦਾ ਹੈ ਅਤੇ ਯਹੋਵਾਹ ਉਸ ਨੂੰ ਵਰਤ ਕੇ ਇਸ ਨੂੰ ਪੂਰਾ ਕਰਾ ਰਿਹਾ ਹੈ।

14 ਜਦੋਂ ਮੂਸਾ ਕੋਲ ਨਿਰਾਸ਼ ਹੋਣ ਦੇ ਕਾਰਨ ਵੀ ਸਨ, ਉਦੋਂ ਵੀ ਉਸ ਨੇ ਨਿਮਰਤਾ ਦਿਖਾਈ। ਮਿਸਾਲ ਲਈ, ਜਦੋਂ ਲੋਕ ਬੁੜਬੜਾਉਣ ਲੱਗੇ ਕਿ ਉਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ ਹੈ, ਤਾਂ ਮੂਸਾ ਇੰਨਾ ਗੁੱਸੇ ਹੋਇਆ ਕਿ ਉਸ ਨੇ ਯਹੋਵਾਹ ਦੀ ਵਡਿਆਈ ਨਹੀਂ ਕੀਤੀ। ਇਸ ਕਰਕੇ ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਨਹੀਂ ਜਾਵੇਗਾ। (ਗਿਣ. 20:2-12) ਮੂਸਾ ਅਤੇ ਉਸ ਦਾ ਭਰਾ ਹਾਰੂਨ ਬਹੁਤ ਸਾਲਾਂ ਤਾਈਂ ਇਸਰਾਏਲੀਆਂ ਦੀਆਂ ਸ਼ਿਕਾਇਤਾਂ ਸੁਣਦੇ ਰਹੇ ਅਤੇ ਹੁਣ ਸਿਰਫ਼ ਇਕ ਗ਼ਲਤੀ ਕਰਕੇ ਮੂਸਾ ਨੂੰ ਉਹ ਕੁਝ ਨਹੀਂ ਮਿਲਣਾ ਸੀ ਜਿਸ ਦੀ ਉਸ ਨੇ ਬਹੁਤ ਸਾਲਾਂ ਤਾਈਂ ਉਡੀਕ ਕੀਤੀ ਸੀ! ਮੂਸਾ ਨੇ ਕੀ ਕੀਤਾ? ਕੋਈ ਸ਼ੱਕ ਨਹੀਂ ਕਿ ਉਹ ਨਿਰਾਸ਼ ਹੋਇਆ ਹੋਣਾ, ਪਰ ਉਸ ਨੇ ਨਿਮਰਤਾ ਨਾਲ ਯਹੋਵਾਹ ਦਾ ਫ਼ੈਸਲਾ ਕਬੂਲ ਕੀਤਾ। ਉਹ ਜਾਣਦਾ ਸੀ ਕਿ ਯਹੋਵਾਹ ਧਰਮੀ ਪਰਮੇਸ਼ੁਰ ਹੈ ਜਿਸ ਵਿਚ “ਬੁਰਿਆਈ ਹੈ ਨਹੀਂ।” (ਬਿਵ. 3:25-27; 32:4) ਅੱਜ ਜਦੋਂ ਅਸੀਂ ਮੂਸਾ ਬਾਰੇ ਸੋਚਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਉਸ ਨੂੰ ਜਾਣਦਾ ਸੀ।—ਕੂਚ 33:12, 13 ਪੜ੍ਹੋ।

ਯਹੋਵਾਹ ਦੇ ਅਧੀਨ ਰਹਿਣ ਲਈ ਨਿਮਰਤਾ ਦੀ ਲੋੜ ਹੈ

15. ਘਮੰਡੀ ਕੋਰਹ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15 ਅਸੀਂ ਤਾਈਂਓ ਯਹੋਵਾਹ ਦੀ ਮਿਹਰ ਪਾ ਸਕਦੇ ਹਾਂ ਜੇ ਅਸੀਂ ਸੰਗਠਨ ਵਿਚ ਹੋਈਆਂ ਤਬਦੀਲੀਆਂ ਨੂੰ ਸਵੀਕਾਰ ਕਰੀਏ। ਸਾਨੂੰ ਉਨ੍ਹਾਂ ਲਈ ਕਦਰ ਦਿਖਾਉਣ ਦੀ ਲੋੜ ਹੈ ਜਿਨ੍ਹਾਂ ਨੂੰ ਯਹੋਵਾਹ ਕਲੀਸਿਯਾ ਦੀ ਅਗਵਾਈ ਕਰਨ ਲਈ ਵਰਤ ਰਿਹਾ ਹੈ। ਅਸੀਂ ਉਦੋਂ ਕੀ ਕਰਦੇ ਹਾਂ ਜਦੋਂ ਅਗਵਾਈ ਕਰਨ ਵਾਲੇ ਫ਼ੈਸਲਾ ਕਰਦੇ ਹਨ ਜਾਂ ਕਲੀਸਿਯਾ ਵਿਚ ਕੰਮ ਕਰਨ ਦੇ ਤਰੀਕਿਆਂ ਨੂੰ ਬਦਲਦੇ ਹਨ? ਕੋਰਹ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਉੱਤੇ ਹੱਦੋਂ ਵੱਧ ਭਰੋਸਾ ਰੱਖ ਕੇ, ਘਮੰਡੀ ਹੋ ਕੇ ਅਤੇ ਨਿਹਚਾ ਦੀ ਘਾਟ ਦਿਖਾ ਕੇ ਯਹੋਵਾਹ ਤੋਂ ਮੂੰਹ ਮੋੜ ਲਿਆ। ਕੋਰਹ ਨੇ ਸੋਚਿਆ ਕਿ ਮੂਸਾ ਬਿਰਧ ਹੋਣ ਕਰਕੇ ਆਪਣੀ ਮਨ-ਮਰਜ਼ੀ ਕਰ ਰਿਹਾ ਸੀ, ਪਰ ਉਹ ਭੁੱਲ ਗਿਆ ਕਿ ਅਸਲ ਵਿਚ ਯਹੋਵਾਹ ਹੀ ਕੌਮ ਦੀ ਅਗਵਾਈ ਕਰ ਰਿਹਾ ਸੀ। ਨਤੀਜੇ ਵਜੋਂ ਕੋਰਹ ਨੇ ਉਨ੍ਹਾਂ ਲੋਕਾਂ ਪ੍ਰਤੀ ਕੋਈ ਵਫ਼ਾਦਾਰੀ ਨਹੀਂ ਦਿਖਾਈ ਜਿਨ੍ਹਾਂ ਨੂੰ ਪਰਮੇਸ਼ੁਰ ਵਰਤ ਰਿਹਾ ਸੀ। ਕਿੰਨਾ ਵਧੀਆ ਹੁੰਦਾ ਜੇ ਕੋਰਹ ਸਮਝ ਲਈ ਜਾਂ ਲੋੜੀਂਦੀਆਂ ਤਬਦੀਲੀਆਂ ਲਈ ਯਹੋਵਾਹ ਉੱਤੇ ਭਰੋਸਾ ਰੱਖਦਾ। ਅਖ਼ੀਰ ਵਿਚ ਕੋਰਹ ਨੇ ਘਮੰਡ ਵਿਚ ਆ ਕੇ ਵਫ਼ਾਦਾਰੀ ਨਾਲ ਕੀਤੀ ਸੇਵਾ ਨੂੰ ਮਿੱਟੀ ਵਿਚ ਮਿਲਾ ਦਿੱਤਾ!

16. ਮੂਸਾ ਦੀ ਨਿਮਰ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

16 ਕੋਰਹ ਨਾਲ ਜੋ ਕੁਝ ਹੋਇਆ, ਉਹ ਅੱਜ ਬਜ਼ੁਰਗਾਂ ਅਤੇ ਕਲੀਸਿਯਾ ਦੇ ਹੋਰਨਾਂ ਮੈਂਬਰਾਂ ਲਈ ਚੇਤਾਵਨੀ ਹੈ। ਯਹੋਵਾਹ ’ਤੇ ਭਰੋਸਾ ਰੱਖ ਕੇ ਅਤੇ ਕਲੀਸਿਯਾ ਦੀ ਅਗਵਾਈ ਕਰਨ ਵਾਲਿਆਂ ਦਾ ਕਹਿਣਾ ਮੰਨ ਕੇ ਸਾਨੂੰ ਨਿਮਰ ਬਣਨ ਦੀ ਲੋੜ ਹੈ। ਕੀ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮੂਸਾ ਵਾਂਗ ਨਿਮਰ ਹਾਂ? ਕੀ ਅਸੀਂ ਸਮਝਦੇ ਅਤੇ ਕਬੂਲ ਕਰਦੇ ਹਾਂ ਕਿ ਯਹੋਵਾਹ ਕਲੀਸਿਯਾ ਦੀ ਅਗਵਾਈ ਕਰਨ ਲਈ ਭਰਾਵਾਂ ਨੂੰ ਵਰਤ ਰਿਹਾ ਹੈ? ਕੀ ਅਸੀਂ ਉਨ੍ਹਾਂ ਦਾ ਕਹਿਣਾ ਮੰਨਦੇ ਹਾਂ? ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਕੀ ਅਸੀਂ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਦੇ ਹਾਂ? ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੇ ’ਤੇ ਯਹੋਵਾਹ ਦੀ ਮਿਹਰ ਹੋਵੇਗੀ। ਜੇ ਅਸੀਂ ਨਿਮਰ ਬਣ ਕੇ ਉਸ ਦਾ ਕਹਿਣਾ ਮੰਨਾਂਗੇ, ਤਾਂ ਅਸੀਂ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹੋਵਾਂਗੇ।

ਯਹੋਵਾਹ ਆਪਣਿਆਂ ਨੂੰ ਜਾਣਦਾ ਹੈ

17, 18. ਯਹੋਵਾਹ ਦੀ ਮਿਹਰ ਪਾਉਂਦੇ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

17 ਸਾਨੂੰ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ’ਤੇ ਗੌਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਸੀ ਅਤੇ ਆਪਣੇ ਦੋਸਤ ਸਮਝਦਾ ਸੀ। ਅਬਰਾਹਾਮ ਅਤੇ ਮੂਸਾ ਨਾਮੁਕੰਮਲ ਹੋਣ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਨ ਅਤੇ ਅਸੀਂ ਵੀ ਕਰਦੇ ਹਾਂ। ਇਸ ਦੇ ਬਾਵਜੂਦ ਯਹੋਵਾਹ ਉਨ੍ਹਾਂ ਨੂੰ ਆਪਣੇ ਸਮਝਦਾ ਸੀ। ਕੋਰਹ ਦੀ ਮਿਸਾਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ ਅਤੇ ਉਸ ਨਾਲ ਆਪਣੀ ਦੋਸਤੀ ਤੋੜ ਸਕਦੇ ਹਾਂ। ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਪੁੱਛੀਏ: ‘ਯਹੋਵਾਹ ਮੇਰੇ ਬਾਰੇ ਕੀ ਸੋਚਦਾ ਹੈ? ਮੈਂ ਇਨ੍ਹਾਂ ਬਾਈਬਲ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦਾ ਹਾਂ?’

18 ਇਹ ਜਾਣ ਕੇ ਸਾਨੂੰ ਬਹੁਤ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੇ ਸਮਝਦਾ ਹੈ। ਇਸ ਲਈ ਨਿਹਚਾ ਅਤੇ ਨਿਮਰਤਾ ਵਰਗੇ ਗੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੋ। ਜੇ ਅਸੀਂ ਇਹ ਗੁਣ ਪੈਦਾ ਕਰਾਂਗੇ, ਤਾਂ ਅਸੀਂ ਆਪਣੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਹੋਰ ਅਨਮੋਲ ਹੋਵਾਂਗੇ। ਯਹੋਵਾਹ ਵੱਲੋਂ ਜਾਣੇ ਜਾਣਾ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ। ਜਿਨ੍ਹਾਂ ਲੋਕਾਂ ’ਤੇ ਉਸ ਦੀ ਮਿਹਰ ਹੈ ਉਹ ਹੁਣ ਖ਼ੁਸ਼ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।—ਜ਼ਬੂ. 37:18.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਵੱਲੋਂ ਜਾਣੇ ਜਾਣ ਦਾ ਕੀ ਮਤਲਬ ਹੈ?

• ਤੁਸੀਂ ਅਬਰਾਹਾਮ ਦੀ ਨਿਹਚਾ ਦੀ ਕਿਵੇਂ ਰੀਸ ਕਰ ਸਕਦੇ ਹੋ?

• ਅਸੀਂ ਕੋਰਹ ਅਤੇ ਮੂਸਾ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਅਬਰਾਹਾਮ ਦੀ ਤਰ੍ਹਾਂ ਕੀ ਅਸੀਂ ਨਿਹਚਾ ਰੱਖਦੇ ਹਾਂ ਕਿ ਯਹੋਵਾਹ ਆਪਣੇ ਵਾਅਦਿਆਂ ਨੂੰ ਪੂਰਾ ਕਰੇਗਾ?

[ਸਫ਼ਾ 28 ਉੱਤੇ ਤਸਵੀਰ]

ਕੋਰਹ ਹਿਦਾਇਤਾਂ ਨੂੰ ਨਾ ਮੰਨ ਕੇ ਨਿਮਰ ਨਹੀਂ ਰਿਹਾ

[ਸਫ਼ਾ 29 ਉੱਤੇ ਤਸਵੀਰ]

ਕੀ ਯਹੋਵਾਹ ਤੁਹਾਨੂੰ ਨਿਮਰ ਅਤੇ ਕਹਿਣਾ ਮੰਨਣ ਵਾਲੇ ਇਨਸਾਨ ਵਜੋਂ ਜਾਣਦਾ ਹੈ?