Skip to content

Skip to table of contents

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

ਪਰਮੇਸ਼ੁਰ ਦੇ ਬਚਨ ਤੋਂ ਸਿੱਖੋ

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।

1. ਪਰਿਵਾਰ ਦੀ ਖ਼ੁਸ਼ੀ ਲਈ ਕਾਨੂੰਨੀ ਤੌਰ ਤੇ ਵਿਆਹ ਕਰਨਾ ਜ਼ਰੂਰੀ ਕਿਉਂ ਹੈ?

ਵਿਆਹ ਦੀ ਸ਼ੁਰੂਆਤ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਨੇ ਕੀਤੀ ਸੀ। ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਉਣ ਲਈ ਕਾਨੂੰਨੀ ਤੌਰ ਤੇ ਵਿਆਹ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਪਤੀ-ਪਤਨੀ ਨੂੰ ਇਕ-ਦੂਜੇ ਦਾ ਸਾਥ ਮਿਲਦਾ ਹੈ, ਸਗੋਂ ਬੱਚਿਆਂ ਦੀ ਪਰਵਰਿਸ਼ ਕਰਨ ਲਈ ਸੁਰੱਖਿਅਤ ਮਾਹੌਲ ਵੀ ਪੈਦਾ ਹੁੰਦਾ ਹੈ। ਪਰਮੇਸ਼ੁਰ ਵਿਆਹ ਦੇ ਬੰਧਨ ਨੂੰ ਕਿਵੇਂ ਵਿਚਾਰਦਾ ਹੈ? ਉਹ ਚਾਹੁੰਦਾ ਹੈ ਕਿ ਜਦ ਤੀਵੀਂ-ਆਦਮੀ ਵਿਚਕਾਰ ਇਹ ਬੰਧਨ ਬੱਝ ਜਾਂਦਾ ਹੈ, ਤਾਂ ਇਹ ਅਟੁੱਟ ਰਹੇ ਅਤੇ ਕਾਨੂੰਨੀ ਤੌਰ ਤੇ ਰਜਿਸਟਰ ਹੋਵੇ। (ਲੂਕਾ 2:1-5) ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ। (ਇਬਰਾਨੀਆਂ 13:4) ਯਹੋਵਾਹ ਪਰਮੇਸ਼ੁਰ ਮਸੀਹੀਆਂ ਨੂੰ ਤਲਾਕ ਦੇਣ ਅਤੇ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਤਾਂ ਹੀ ਦਿੰਦਾ ਹੈ ਜੇ ਕਿਸੇ ਮਸੀਹੀ ਦਾ ਜੀਵਨ-ਸਾਥੀ ਹਰਾਮਕਾਰੀ ਕਰਦਾ ਹੈ।—ਮੱਤੀ 19:3-6, 9 ਪੜ੍ਹੋ।

2. ਪਤੀ-ਪਤਨੀ ਨੂੰ ਇਕ-ਦੂਜੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਇਕ-ਦੂਜੇ ਦਾ ਸਾਥ ਨਿਭਾਉਣ ਲਈ ਸ੍ਰਿਸ਼ਟ ਕੀਤਾ ਸੀ। (ਉਤਪਤ 2:18) ਪਤੀ ਪਰਿਵਾਰ ਦਾ ਮੁਖੀ ਹੈ, ਇਸ ਲਈ ਉਸ ਨੂੰ ਪਰਿਵਾਰ ਦੇ ਜੀਆਂ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਵੀ ਸਿਖਾਉਣ ਦੀ ਲੋੜ ਹੈ। ਉਸ ਨੂੰ ਆਪਣੀ ਪਤਨੀ ਨਾਲ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਨਾ ਚਾਹੀਦਾ ਹੈ। ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਅਤੇ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ ਹੈ। ਵਿਆਹ ਦੋ ਨਾਮੁਕੰਮਲ ਇਨਸਾਨਾਂ ਦਾ ਮੇਲ ਹੈ, ਇਸ ਲਈ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਲਈ ਇਕ-ਦੂਜੇ ਨੂੰ ਮਾਫ਼ ਕਰਨਾ ਲਾਜ਼ਮੀ ਹੈ।—ਅਫ਼ਸੀਆਂ 4:31, 32; 5:22-25, 33; 1 ਪਤਰਸ 3:7 ਪੜ੍ਹੋ।

3. ਜੇ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਦੁਖੀ ਹੋ, ਤਾਂ ਕੀ ਤੁਹਾਨੂੰ ਆਪਣੇ ਜੀਵਨ-ਸਾਥੀ ਨੂੰ ਛੱਡ ਦੇਣਾ ਚਾਹੀਦਾ ਹੈ?

ਜੇ ਤੁਹਾਨੂੰ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਆ ਰਹੀਆਂ ਹਨ, ਤਾਂ ਤੁਹਾਨੂੰ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਲੋੜ ਹੈ। (1 ਕੁਰਿੰਥੀਆਂ 13:4, 5) ਪਰਮੇਸ਼ੁਰ ਦੇ ਬਚਨ ਵਿਚ ਇਹ ਸਲਾਹ ਨਹੀਂ ਦਿੱਤੀ ਗਈ ਕਿ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਆਉਣ ਤੇ ਤੁਸੀਂ ਇਕ-ਦੂਜੇ ਤੋਂ ਅੱਡ ਹੋ ਸਕਦੇ ਹੋ। ਪਰ ਕੁਝ ਗੰਭੀਰ ਹਾਲਾਤਾਂ ਵਿਚ ਇਕ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਪਵੇਗਾ ਕਿ ਅੱਡ ਹੋਣਾ ਚੰਗੀ ਗੱਲ ਹੈ ਜਾਂ ਨਹੀਂ।—1 ਕੁਰਿੰਥੀਆਂ 7:10-13 ਪੜ੍ਹੋ।

4. ਬੱਚਿਓ, ਪਰਮੇਸ਼ੁਰ ਤੁਹਾਡੇ ਲਈ ਕੀ ਚਾਹੁੰਦਾ ਹੈ?

ਯਹੋਵਾਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਉਹ ਤੁਹਾਨੂੰ ਆਪਣੀ ਜਵਾਨੀ ਵਿਚ ਖ਼ੁਸ਼ੀਆਂ ਪਾਉਣ ਲਈ ਸਭ ਤੋਂ ਵਧੀਆ ਸਲਾਹ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਮਾਤਾ-ਪਿਤਾ ਦੀ ਬੁੱਧ ਅਤੇ ਉਨ੍ਹਾਂ ਦੇ ਤਜਰਬੇ ਤੋਂ ਲਾਭ ਉਠਾਓ। (ਕੁਲੁੱਸੀਆਂ 3:20) ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਉਸ ਦਾ ਕਹਿਣਾ ਮੰਨ ਕੇ ਉਸ ਦਾ ਨਾਂ ਰੌਸ਼ਨ ਕਰਦੇ ਹੋ।—ਉਪਦੇਸ਼ਕ ਦੀ ਪੋਥੀ 11:9–12:1; ਮੱਤੀ 19:13-15; 21:15, 16 ਪੜ੍ਹੋ।

5. ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਕਿਵੇਂ ਭਰ ਸਕਦੇ ਹੋ?

ਆਪਣੇ ਬੱਚਿਆਂ ਲਈ ਰੋਟੀ, ਕੱਪੜੇ ਤੇ ਮਕਾਨ ਦਾ ਇੰਤਜ਼ਾਮ ਕਰਨ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। (1 ਤਿਮੋਥਿਉਸ 5:8) ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖ਼ੁਸ਼ੀਆਂ ਪਾਉਣ, ਤਾਂ ਉਨ੍ਹਾਂ ਨੂੰ ਸਿਖਾਓ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਨ ਅਤੇ ਉਸ ਕੋਲੋਂ ਸਿੱਖਿਆ ਲੈਣ। (ਅਫ਼ਸੀਆਂ 6:4) ਪਰਮੇਸ਼ੁਰ ਲਈ ਤੁਹਾਡੇ ਪਿਆਰ ਦਾ ਤੁਹਾਡੇ ਬੱਚੇ ਦੇ ਦਿਲ ’ਤੇ ਗਹਿਰਾ ਅਸਰ ਪਵੇਗਾ। ਆਪਣੇ ਬੱਚੇ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇ ਕੇ ਤੁਸੀਂ ਉਸ ਦੀ ਸੋਚਣੀ ਉੱਤੇ ਵਧੀਆ ਪ੍ਰਭਾਵ ਪਾਓਗੇ।—ਬਿਵਸਥਾ ਸਾਰ 6:4-7; ਕਹਾਉਤਾਂ 22:6 ਪੜ੍ਹੋ।

ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਉਤਸ਼ਾਹ ਦਿੰਦੇ ਹੋ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋ, ਤਾਂ ਉਨ੍ਹਾਂ ਦਾ ਹੌਸਲਾ ਵਧਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਤਾੜਨਾ ਅਤੇ ਅਨੁਸ਼ਾਸਨ ਦੀ ਵੀ ਲੋੜ ਹੈ। ਬੱਚਿਆਂ ਨੂੰ ਅਜਿਹੀ ਸਿਖਲਾਈ ਦੇ ਕੇ ਤੁਸੀਂ ਉਨ੍ਹਾਂ ਨੂੰ ਉਸ ਚਾਲ-ਚਲਣ ਤੋਂ ਦੂਰ ਰੱਖੋਗੇ ਜਿਸ ਕਾਰਨ ਉਹ ਆਪਣੀਆਂ ਖ਼ੁਸ਼ੀਆਂ ਗੁਆ ਸਕਦੇ ਹਨ। (ਕਹਾਉਤਾਂ 22:15) ਪਰ ਉਨ੍ਹਾਂ ਨੂੰ ਜ਼ਿਆਦਾ ਸਖ਼ਤੀ ਜਾਂ ਬੇਰਹਿਮੀ ਨਾਲ ਤਾੜਨਾ ਕਦੇ ਨਹੀਂ ਦੇਣੀ ਚਾਹੀਦੀ।—ਕੁਲੁੱਸੀਆਂ 3:21 ਪੜ੍ਹੋ।

ਯਹੋਵਾਹ ਦੇ ਗਵਾਹਾਂ ਨੇ ਕਈ ਕਿਤਾਬਾਂ ਛਾਪੀਆਂ ਹਨ ਜੋ ਖ਼ਾਸ ਕਰਕੇ ਮਾਪਿਆਂ ਤੇ ਬੱਚਿਆਂ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਬਾਈਬਲ ’ਤੇ ਆਧਾਰਿਤ ਹਨ।—ਜ਼ਬੂਰਾਂ ਦੀ ਪੋਥੀ 19:7, 11 ਪੜ੍ਹੋ। (w11-E 10/01)

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਚੌਦਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।