Skip to content

Skip to table of contents

‘ਜਾਗਦੇ ਰਹਿਣਾ’ ਇੰਨਾ ਜ਼ਰੂਰੀ ਕਿਉਂ ਹੈ?

‘ਜਾਗਦੇ ਰਹਿਣਾ’ ਇੰਨਾ ਜ਼ਰੂਰੀ ਕਿਉਂ ਹੈ?

‘ਜਾਗਦੇ ਰਹਿਣਾ’ ਇੰਨਾ ਜ਼ਰੂਰੀ ਕਿਉਂ ਹੈ?

“ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਇਸ ਸਵਾਲ ਦਾ ਜਵਾਬ ਦਿੰਦੇ ਹੋਏ, ਯਿਸੂ ਨੇ ਆਪਣੇ ਚੇਲਿਆਂ ਨੂੰ ਸਪੱਸ਼ਟ ਲੱਛਣ ਦੱਸੇ ਜੋ ਮੱਤੀ 24, ਮਰਕੁਸ 13 ਤੇ ਲੂਕਾ 21 ਵਿਚ ਦਰਜ ਹਨ। ਉਸ ਨੇ ਅੱਗੇ ਕਿਹਾ: “ਜਾਗਦੇ ਰਹੋ।”—ਮੱਤੀ 24:42.

ਜੇ ਇਹ ਲੱਛਣ ਇੰਨੇ ਹੀ ਸਪੱਸ਼ਟ ਸਨ, ਤਾਂ ਯਿਸੂ ਨੇ ਇਹ ਚੇਤਾਵਨੀ ਕਿਉਂ ਦਿੱਤੀ? ਇਨ੍ਹਾਂ ਦੋ ਗੱਲਾਂ ’ਤੇ ਵਿਚਾਰ ਕਰੋ। ਪਹਿਲੀ ਗੱਲ, ਕਈ ਸ਼ਾਇਦ ਸਮਾਂ ਬਰਬਾਦ ਕਰਨ ਵਾਲੇ ਕੰਮਾਂ ਵਿਚ ਇੰਨਾ ਰੁੱਝ ਜਾਂਦੇ ਹਨ ਕਿ ਉਹ ਇਨ੍ਹਾਂ ਲੱਛਣਾਂ ਵੱਲ ਧਿਆਨ ਨਹੀਂ ਦਿੰਦੇ। ਨਤੀਜੇ ਵਜੋਂ, ਉਹ ਸ਼ਾਇਦ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਣ ਤੇ ਜਾਗਦੇ ਨਾ ਰਹਿਣ। ਦੂਜੀ ਗੱਲ, ਇਕ ਮਸੀਹੀ ਸ਼ਾਇਦ ਇਨ੍ਹਾਂ ਖ਼ਾਸ ਲੱਛਣਾਂ ਨੂੰ ਪਛਾਣਦਾ ਹੋਵੇ, ਪਰ ਉਸ ਨੂੰ ਲੱਗੇ ਕਿ ਇਨ੍ਹਾਂ ਘਟਨਾਵਾਂ ਦਾ ਉਸ ਦੀ ਜ਼ਿੰਦਗੀ ਅਤੇ ਉਸ ਦੇ ਆਂਢ-ਗੁਆਂਢ ’ਤੇ ਕੋਈ ਅਸਰ ਨਹੀਂ ਪੈ ਰਿਹਾ। ਇਸ ਕਰਕੇ ਉਹ ਸ਼ਾਇਦ ਕਹੇ ਕਿ ਭਵਿੱਖਬਾਣੀ ਦੇ ਅਖ਼ੀਰ ਵਿਚ ਯਿਸੂ ਵੱਲੋਂ ਦੱਸਿਆ ਗਿਆ “ਵੱਡਾ ਕਸ਼ਟ” ਅਜੇ ਬਹੁਤ ਦੂਰ ਹੈ, ਇਸ ਲਈ ਉਸ ਨੂੰ ‘ਜਾਗਦੇ ਰਹਿਣ’ ਦੀ ਹਾਲੇ ਕੋਈ ਲੋੜ ਨਹੀਂ ਹੈ।—ਮੱਤੀ 24:21.

ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ

ਯਿਸੂ ਨੇ ਆਪਣੇ ਚੇਲਿਆਂ ਨੂੰ ਨੂਹ ਦੇ ਸਮੇਂ ਦੇ ਲੋਕਾਂ ਬਾਰੇ ਯਾਦ ਕਰਾਇਆ। ਨੂਹ ਵੱਲੋਂ ਕੀਤੇ ਪ੍ਰਚਾਰ ਦੇ ਕੰਮ, ਉਸ ਵੱਲੋਂ ਬਣਾਈ ਵਿਸ਼ਾਲ ਕਿਸ਼ਤੀ ਤੇ ਉਸ ਸਮੇਂ ਦੇ ਹਿੰਸਕ ਮਾਹੌਲ ਬਾਰੇ ਸਭ ਨੂੰ ਪਤਾ ਸੀ। ਫਿਰ ਵੀ ਬਹੁਤਿਆਂ ਨੇ ਕੋਈ ਧਿਆਨ ਨਾ ਦਿੱਤਾ। (ਮੱਤੀ 24:37-39) ਅੱਜ ਲੋਕਾਂ ਦਾ ਚੇਤਾਵਨੀਆਂ ਸੰਬੰਧੀ ਇਹੀ ਰਵੱਈਆ ਹੈ। ਮਿਸਾਲ ਲਈ, ਰਫ਼ਤਾਰ ਘਟਾਉਣ ਬਾਰੇ ਲਾਏ ਸਾਈਨ-ਬੋਰਡਾਂ ਤੋਂ ਕੁਝ ਨਾ ਕੁਝ ਪਤਾ ਲੱਗਦਾ ਹੈ, ਫਿਰ ਵੀ ਬਹੁਤ ਸਾਰੇ ਲੋਕ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਇਸ ਕਰਕੇ ਸਰਕਾਰਾਂ ਨੂੰ ਮਜਬੂਰਨ ਸੜਕਾਂ ’ਤੇ ਰਫ਼ਤਾਰ ਘਟਾਉਣ ਲਈ ਸਪੀਡ ਬ੍ਰੇਕਰ ਬਣਾਉਣੇ ਪੈਂਦੇ ਹਨ। ਇਸੇ ਤਰ੍ਹਾਂ ਇਕ ਮਸੀਹੀ ਸ਼ਾਇਦ ਅੰਤ ਦੇ ਦਿਨਾਂ ਦੇ ਲੱਛਣਾਂ ਨੂੰ ਜਾਣਦਾ ਹੋਵੇ, ਪਰ ਉਸ ਦੇ ਕੰਮ ਇਨ੍ਹਾਂ ਦੇ ਮੁਤਾਬਕ ਨਾ ਹੋਣ। ਪੱਛਮੀ ਅਫ਼ਰੀਕਾ ਦੀ ਨੌਜਵਾਨ ਅਰੀਲ ਨਾਲ ਇਸੇ ਤਰ੍ਹਾਂ ਹੋਇਆ।

ਅਰੀਲ ਟੀ. ਵੀ. ’ਤੇ ਹੈਂਡਬਾਲ ਦੇਖਣ ਦਾ ਮਜ਼ਾ ਲੈਂਦੀ ਹੁੰਦੀ ਸੀ। ਜਦੋਂ ਸਕੂਲ ਵਿਚ ਹੈਂਡਬਾਲ ਖੇਡਣ ਲਈ ਇਕ ਟੀਮ ਬਣਾਈ ਗਈ, ਤਾਂ ਖੇਡਣ ਦੀ ਖ਼ੁਸ਼ੀ ਵਿਚ ਉਹ ਇਹ ਗੱਲ ਭੁੱਲ ਗਈ ਕਿ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ’ਤੇ ਕੀ ਅਸਰ ਪਵੇਗਾ। ਉਸ ਨੂੰ ਗੋਲ-ਕੀਪਰ ਬਣਾਇਆ ਗਿਆ। ਇਸ ਤੋਂ ਬਾਅਦ ਕੀ ਹੋਇਆ? ਉਹ ਕਹਿੰਦੀ ਹੈ: “ਮੇਰੀ ਟੀਮ ਦੀਆਂ ਕੁਝ ਕੁੜੀਆਂ ਦੇ ਬੁਆਏ ਫ੍ਰੈਂਡ ਸਨ ਜੋ ਡ੍ਰੱਗਜ਼ ਲੈਂਦੇ ਸਨ ਤੇ ਸਿਗਰਟਾਂ ਪੀਂਦੇ ਸਨ। ਉਹ ਮੇਰਾ ਮਜ਼ਾਕ ਉਡਾਉਂਦੇ ਸਨ ਕਿ ਮੈਂ ਉਨ੍ਹਾਂ ਵਰਗੇ ਕੰਮ ਕਿਉਂ ਨਹੀਂ ਸੀ ਕਰਦੀ, ਪਰ ਮੈਂ ਸੋਚਿਆ ਕਿ ਮੈਂ ਆਸਾਨੀ ਨਾਲ ਉਨ੍ਹਾਂ ਦਾ ਸਾਮ੍ਹਣਾ ਕਰ ਸਕਦੀ ਸੀ। ਹੌਲੀ-ਹੌਲੀ ਇਸ ਖੇਡ ਕਰਕੇ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਕਮਜ਼ੋਰ ਹੋਣ ਲੱਗ ਪਿਆ। ਮੈਂ ਹਰ ਵੇਲੇ ਹੈਂਡਬਾਲ ਬਾਰੇ ਹੀ ਸੋਚਦੀ ਰਹਿੰਦੀ ਸੀ। ਇੱਥੋਂ ਤਕ ਕਿ ਮੀਟਿੰਗਾਂ ਦੌਰਾਨ ਵੀ ਮੇਰਾ ਧਿਆਨ ਕਿੰਗਡਮ ਹਾਲ ਤੋਂ ਹਟ ਕੇ ਹੈਂਡਬਾਲ ਦੀ ਗਰਾਊਂਡ ਵੱਲ ਚਲਾ ਜਾਂਦਾ ਸੀ। ਇਸ ਦਾ ਮੇਰੇ ਸੁਭਾਅ ਉੱਤੇ ਵੀ ਬੁਰਾ ਅਸਰ ਪਿਆ। ਪਹਿਲਾਂ ਤਾਂ ਸਿਰਫ਼ ਮੈਂ ਖੇਡਣਾ ਹੀ ਪਸੰਦ ਕਰਦੀ ਸੀ, ਪਰ ਹੁਣ ਮੇਰੇ ਉੱਤੇ ਜਿੱਤਣ ਦਾ ਭੂਤ ਸੁਆਰ ਸੀ। ਇਸ ਲਈ ਮੈਂ ਜਿੱਤਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਜਿਸ ਕਰਕੇ ਮੈਂ ਤਣਾਅ ਵਿਚ ਰਹਿਣ ਲੱਗ ਪਈ। ਇੱਥੋਂ ਤਕ ਕਿ ਮੈਂ ਆਪਣੇ ਦੋਸਤਾਂ ਨੂੰ ਵੀ ਛੱਡ ਦਿੱਤਾ।

“ਹੱਦ ਤਾਂ ਉਦੋਂ ਹੋ ਗਈ ਜਦ ਸਾਡੀ ਵਿਰੋਧੀ ਟੀਮ ਨੂੰ ਪੈਨਲਟੀ-ਸ਼ੋਟ ਕਰਨ ਦਾ ਮੌਕਾ ਮਿਲਿਆ। ਮੈਂ ਗੋਲ ਹੋਣ ਤੋਂ ਰੋਕਣਾ ਸੀ। ਇਸ ਲਈ ਬਿਨਾਂ ਸੋਚਿਆਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਗੋਲ ਨੂੰ ਰੋਕਣ ਵਿਚ ਮੇਰੀ ਮਦਦ ਕਰੇ! ਇਸ ਘਟਨਾ ਤੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਕਿੰਨਾ ਕਮਜ਼ੋਰ ਹੋ ਚੁੱਕਾ ਸੀ। ਇਸ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ਕਰਨ ਲਈ ਮੈਂ ਕੀ ਕੀਤਾ?

“ਮੈਂ ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ? * (ਅੰਗ੍ਰੇਜ਼ੀ) ਨਾਂ ਦੀ ਡੀ.ਵੀ.ਡੀ. ਤਾਂ ਪਹਿਲਾਂ ਦੇਖ ਚੁੱਕੀ ਸੀ। ਮੈਂ ਇਸ ਨੂੰ ਦੁਬਾਰਾ ਦੇਖਣ ਅਤੇ ਇਸ ’ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦਾ ਫ਼ੈਸਲਾ ਕੀਤਾ। ਦਰਅਸਲ ਮੇਰੀ ਹਾਲਤ ਡਰਾਮੇ ਵਿਚ ਨੌਜਵਾਨ ਆਂਡਰੇ ਵਰਗੀ ਸੀ। ਮੈਂ ਖ਼ਾਸ ਕਰਕੇ ਧਿਆਨ ਦਿੱਤਾ ਕਿ ਬਜ਼ੁਰਗ ਨੇ ਆਂਡਰੇ ਨੂੰ ਕੀ ਸਲਾਹ ਦਿੱਤੀ ਸੀ। ਉਸ ਨੇ ਉਸ ਨੂੰ ਫ਼ਿਲਿੱਪੀਆਂ 3:8 ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਲਈ ਕਿਹਾ। ਮੈਂ ਵੀ ਇਸ ਤਰ੍ਹਾਂ ਕੀਤਾ ਤੇ ਟੀਮ ਨੂੰ ਛੱਡ ਦਿੱਤਾ।

“ਟੀਮ ਛੱਡ ਕੇ ਮੈਨੂੰ ਬਹੁਤ ਫ਼ਾਇਦਾ ਹੋਇਆ! ਮੇਰੇ ਵਿਚ ਮੁਕਾਬਲੇ ਦੀ ਭਾਵਨਾ ਨਹੀਂ ਰਹੀ ਅਤੇ ਤਣਾਅ ਵੀ ਖ਼ਤਮ ਹੋ ਗਿਆ। ਮੈਂ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਰਹਿਣ ਲੱਗੀ ਤੇ ਕਲੀਸਿਯਾ ਦੇ ਦੋਸਤਾਂ ਨਾਲ ਮੇਰੀ ਦੋਸਤੀ ਗੂੜ੍ਹੀ ਹੋ ਗਈ। ਮੈਂ ਪਰਮੇਸ਼ੁਰੀ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣ ਲੱਗੀ। ਮੈਂ ਹੁਣ ਮੀਟਿੰਗਾਂ ਵਿਚ ਧਿਆਨ ਨਾਲ ਸੁਣਦੀ ਸੀ ਤੇ ਇਨ੍ਹਾਂ ਦਾ ਆਨੰਦ ਲੈਂਦੀ ਸੀ। ਮੈਂ ਪ੍ਰਚਾਰ ਦੇ ਮਾਮਲੇ ਵਿਚ ਵੀ ਸੁਧਾਰ ਕੀਤਾ। ਹੁਣ ਮੈਂ ਲਗਾਤਾਰ ਔਗਜ਼ੀਲਰੀ ਪਾਇਨੀਅਰਿੰਗ ਕਰਦੀ ਹਾਂ।”

ਜੇ ਕੋਈ ਗੱਲ ਤੁਹਾਨੂੰ ਯਿਸੂ ਵੱਲੋਂ ਦੱਸੇ ਗਏ ਲੱਛਣਾਂ ਉੱਤੇ ਧਿਆਨ ਦੇਣ ਤੋਂ ਰੋਕਦੀ ਹੈ, ਤਾਂ ਅਰੀਲ ਵਾਂਗ ਠੋਸ ਕਦਮ ਚੁੱਕੋ। ਤੁਸੀਂ ਇਨ੍ਹਾਂ ਕੁਝ ਸੁਝਾਵਾਂ ਨੂੰ ਲਾਗੂ ਕਰ ਸਕਦੇ ਹੋ।ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਪੜ੍ਹੋ ਕਿਉਂਕਿ ਇਸ ਨੂੰ ਗੁਪਤ ਖ਼ਜ਼ਾਨਿਆਂ ਦਾ ਨਕਸ਼ਾ ਕਿਹਾ ਜਾਂਦਾ ਹੈ। ਇਸ ਵਿਚ ਤੁਹਾਨੂੰ ਵਧੀਆ ਸਲਾਹ ਅਤੇ ਭੈਣਾਂ-ਭਰਾਵਾਂ ਦੇ ਤਜਰਬਿਆਂ ਬਾਰੇ ਰੈਫ਼ਰੈਂਸ ਮਿਲਣਗੇ, ਜਿਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੇ ਪਰਤਾਵਿਆਂ ਦਾ ਸਾਮ੍ਹਣਾ ਕਿਵੇਂ ਕੀਤਾ। ਮੀਟਿੰਗਾਂ ਦੀ ਚੰਗੀ ਤਿਆਰੀ ਕਰੋ ਅਤੇ ਮੀਟਿੰਗਾਂ ਦੌਰਾਨ ਨੋਟਸ ਲੈ ਕੇ ਇਨ੍ਹਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ। ਕਈਆਂ ਨੇ ਦੇਖਿਆ ਹੈ ਕਿ ਮੀਟਿੰਗਾਂ ਵਿਚ ਮੋਹਰਲੀਆਂ ਸੀਟਾਂ ’ਤੇ ਬੈਠ ਕੇ ਉਹ ਜ਼ਿਆਦਾ ਮਜ਼ਾ ਲੈ ਸਕਦੇ ਹਨ। ਜਦੋਂ ਹਾਜ਼ਰੀਨ ਤੋਂ ਸਵਾਲ ਪੁੱਛੇ ਜਾਣ, ਤਾਂ ਸ਼ੁਰੂ ਵਿਚ ਹੀ ਟਿੱਪਣੀ ਕਰਨ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ-ਨਾਲ ਜਾਗਦੇ ਰਹਿਣ ਲਈ “ਅੰਤ ਦਿਆਂ ਦਿਨਾਂ” ਦੇ ਲੱਛਣਾਂ ਨੂੰ ਤਾਜ਼ਾ ਖ਼ਬਰਾਂ ਨਾਲ ਜੋੜ ਕੇ ਦੇਖੋ।—2 ਤਿਮੋ. 3:1-5; 2 ਪਤ. 3:3, 4; ਪਰ. 6:1-8.

“ਤੁਸੀਂ ਵੀ ਤਿਆਰ ਰਹੋ”

ਅੰਤ ਦੇ ਦਿਨਾਂ ਦੇ ਲੱਛਣ “ਸਾਰੀ ਦੁਨੀਆ ਵਿੱਚ” ਦੇਖੇ ਜਾ ਸਕਦੇ ਹਨ। (ਮੱਤੀ 24:7, 14) ਲੱਖਾਂ-ਕਰੋੜਾਂ ਲੋਕ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਮਹਾਂਮਾਰੀਆਂ, ਕਾਲ, ਭੁਚਾਲ ਆ ਰਹੇ ਹਨ ਅਤੇ ਹੋਰ ਪਹਿਲਾਂ ਹੀ ਦੱਸੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਦੇ ਉਲਟ, ਕਈ ਲੋਕ ਉਨ੍ਹਾਂ ਥਾਵਾਂ ਤੇ ਰਹਿੰਦੇ ਹਨ ਜਿੱਥੇ ਕੁਝ ਹੱਦ ਤਕ ਸ਼ਾਂਤੀ ਹੈ। ਜੇ ਤੁਸੀਂ ਖ਼ੁਦ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਨਹੀਂ ਹੋਏ ਹੋ, ਤਾਂ ਕੀ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਵੱਡਾ ਕਸ਼ਟ ਆਉਣ ਵਿਚ ਹਾਲੇ ਬਹੁਤ ਸਮਾਂ ਰਹਿੰਦਾ ਹੈ? ਇੱਦਾਂ ਸੋਚਣਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ।

ਮਿਸਾਲ ਲਈ, ਯਿਸੂ ਦੀ ਇਸ ਗੱਲ ’ਤੇ ਵਿਚਾਰ ਕਰੋ। ਉਸ ਨੇ ਪਹਿਲਾਂ ਹੀ “ਕਾਲ ਅਤੇ ਮਰੀਆਂ” ਬਾਰੇ ਦੱਸਿਆ ਸੀ। (ਲੂਕਾ 21:11) ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੇ ਇਹ ਨਹੀਂ ਕਿਹਾ ਸੀ ਕਿ ਇਹ ਘਟਨਾਵਾਂ ਸਾਰੇ ਇਲਾਕਿਆਂ ਵਿਚ ਇੱਕੋ ਸਮੇਂ ਤੇ ਹੋਣਗੀਆਂ ਅਤੇ ਸਾਰਿਆਂ ਉੱਤੇ ਇੱਕੋ ਜਿਹਾ ਪ੍ਰਭਾਵ ਪਾਉਣਗੀਆਂ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਇਹ “ਥਾਂ ਥਾਂ” ਹੋਣਗੀਆਂ। ਇਸ ਲਈ ਅਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਇੱਕੋ ਜਿਹੀਆਂ ਘਟਨਾਵਾਂ ਸਾਰੀਆਂ ਥਾਵਾਂ ’ਤੇ ਇੱਕੋ ਸਮੇਂ ਹੋਣਗੀਆਂ। ਦੂਜੀ ਗੱਲ, ਕਾਲ ਬਾਰੇ ਦੱਸਣ ਤੋਂ ਥੋੜ੍ਹੀ ਦੇਰ ਬਾਅਦ ਹੀ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਹੱਦੋਂ ਵੱਧ ਨਾ ਖਾਣ ਬਾਰੇ ਚੇਤਾਵਨੀ ਦਿੱਤੀ। ਉਸ ਨੇ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ।” (ਲੂਕਾ 21:34) ਇਸ ਲਈ ਸਾਰੇ ਮਸੀਹੀਆਂ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਹਰੇਕ ਲੱਛਣ ਨੂੰ ਖ਼ੁਦ ਅਨੁਭਵ ਕਰਨਗੇ। ਇਸ ਦੀ ਬਜਾਇ ਯਿਸੂ ਨੇ ਕਿਹਾ: “ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।” (ਲੂਕਾ 21:31) ਟੈਲੀਵਿਯਨ, ਰੇਡੀਓ ਜਾਂ ਇੰਟਰਨੈੱਟ ਰਾਹੀਂ ਅਸੀਂ ਲੱਛਣਾਂ ਨੂੰ ਦੇਖ ਸਕਦੇ ਹਾਂ ਭਾਵੇਂ ਕਿ ਇਹ ਗੱਲਾਂ ਸਾਡੇ ਆਪਣੇ ਇਲਾਕਿਆਂ ਵਿਚ ਨਹੀਂ ਹੁੰਦੀਆਂ।

ਇਹ ਵੀ ਯਾਦ ਰੱਖੋ ਕਿ ਯਹੋਵਾਹ ਨੇ ਪਹਿਲਾਂ ਹੀ ਵੱਡੇ ਕਸ਼ਟ ਦਾ “ਦਿਨ ਅਤੇ ਘੜੀ” ਮਿਥ ਦਿੱਤੀ ਹੈ। (ਮੱਤੀ 24:36) ਧਰਤੀ ’ਤੇ ਹੋਣ ਵਾਲੀਆਂ ਘਟਨਾਵਾਂ ਭਾਵੇਂ ਜਿੰਨੀਆਂ ਮਰਜ਼ੀ ਵਧਦੀਆਂ ਜਾਣ, ਪਰ ਉਨ੍ਹਾਂ ਦੇ ਕਾਰਨ ਇਹ ਮਿਥਿਆ ਹੋਇਆ ਸਮਾਂ ਨਹੀਂ ਬਦਲੇਗਾ।

ਯਿਸੂ ਨੇ ਹਰ ਜਗ੍ਹਾ ਦੇ ਮਸੀਹੀਆਂ ਨੂੰ ਕਿਹਾ: “ਤਿਆਰ ਰਹੋ।” (ਮੱਤੀ 24:44) ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਹ ਸੱਚ ਹੈ ਕਿ ਅਸੀਂ ਪੂਰਾ ਦਿਨ ਪਰਮੇਸ਼ੁਰੀ ਕੰਮਾਂ ਵਿਚ ਨਹੀਂ ਲੱਗੇ ਰਹਿ ਸਕਦੇ। ਇਸ ਤੋਂ ਇਲਾਵਾ, ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਕਿ ਵੱਡਾ ਕਸ਼ਟ ਸ਼ੁਰੂ ਹੋਣ ਵੇਲੇ ਅਸੀਂ ਕੀ ਕਰ ਰਹੇ ਹੋਵਾਂਗੇ। ਕੁਝ ਸ਼ਾਇਦ ਖੇਤਾਂ ਵਿਚ ਕੰਮ ਕਰ ਰਹੇ ਹੋਣਗੇ ਜਾਂ ਕੁਝ ਘਰੇਲੂ ਕੰਮਾਂ ਵਿਚ ਲੱਗੇ ਹੋਏ ਹੋਣਗੇ। (ਮੱਤੀ 24:40, 41) ਸੋ ਅਸੀਂ ਆਪਣੇ ਆਪ ਨੂੰ ਤਿਆਰ ਕਰਨ ਲਈ ਕੀ ਕਰ ਸਕਦੇ ਹਾਂ?

ਏਮਾਨਵੈਲ ਤੇ ਵੀਕਟੋਰੀਨ ਆਪਣੀਆਂ ਛੇ ਧੀਆਂ ਨਾਲ ਅਫ਼ਰੀਕਾ ਦੇ ਉਸ ਇਲਾਕੇ ਵਿਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਲੱਛਣ ਵਿਚ ਦੱਸੀਆਂ ਸਾਰੀਆਂ ਘਟਨਾਵਾਂ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ। ਇਸ ਲਈ ਉਨ੍ਹਾਂ ਨੇ ਤਿਆਰ ਰਹਿਣ ਲਈ ਫ਼ੈਸਲਾ ਕੀਤਾ ਕਿ ਉਹ ਰੋਜ਼ ਪਰਮੇਸ਼ੁਰੀ ਗੱਲਾਂ ਉੱਤੇ ਚਰਚਾ ਕਰਿਆ ਕਰਨਗੇ। ਏਮਾਨਵੈਲ ਦੱਸਦਾ ਹੈ: “ਸਾਡੇ ਸਾਰਿਆਂ ਲਈ ਇੱਕੋ ਸਮੇਂ ’ਤੇ ਇਕੱਠਾ ਹੋਣਾ ਮੁਸ਼ਕਲ ਸੀ। ਅਖ਼ੀਰ ਅਸੀਂ ਸਵੇਰ ਦੇ ਛੇ ਤੋਂ ਸਾਢੇ ਛੇ ਵਜੇ ਤਕ ਚਰਚਾ ਕਰਨ ਦਾ ਸਮਾਂ ਰੱਖਿਆ। ਡੇਲੀ ਟੈਕਸਟ ’ਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਹਫ਼ਤੇ ਦੌਰਾਨ ਹੋਣ ਵਾਲੀ ਬਾਈਬਲ ਸਟੱਡੀ ਦੇ ਕੁਝ ਪੈਰਿਆਂ ਦੀ ਤਿਆਰੀ ਕਰਦੇ ਹਾਂ।” ਕੀ ਇਸ ਗੱਲ ਨੇ ਉਨ੍ਹਾਂ ਦੀ ਜਾਗਦੇ ਰਹਿਣ ਵਿਚ ਮਦਦ ਕੀਤੀ? ਬਿਲਕੁਲ! ਏਮਾਨਵੈਲ ਕਲੀਸਿਯਾ ਵਿਚ ਸਹਾਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਵੀਕਟੋਰੀਨ ਅਕਸਰ ਔਗਜ਼ੀਲਰੀ ਪਾਇਨੀਅਰਿੰਗ ਕਰਦੀ ਹੈ ਤੇ ਉਸ ਨੇ ਕਈਆਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ ਹੈ। ਉਨ੍ਹਾਂ ਦੀਆਂ ਧੀਆਂ ਵੀ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰ ਰਹੀਆਂ ਹਨ।

ਯਿਸੂ ਸਾਨੂੰ ਚੇਤਾਵਨੀ ਦਿੰਦਾ ਹੈ: “ਖਬਰਦਾਰ, ਜਾਗਦੇ ਰਹੋ।” (ਮਰ. 13:33) ਕਿਸੇ ਵੀ ਗੱਲ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੋੜਾ ਨਾ ਬਣਨ ਦਿਓ। ਇਸ ਦੀ ਬਜਾਇ ਤੁਸੀਂ ਵੀ ਅਰੀਲ ਵਾਂਗ ਪ੍ਰਕਾਸ਼ਨਾਂ ਤੇ ਮੀਟਿੰਗਾਂ ਤੋਂ ਮਿਲਦੀ ਵਧੀਆ ਸਲਾਹ ਵੱਲ ਧਿਆਨ ਦਿਓ। ਏਮਾਨਵੈਲ ਦੇ ਪਰਿਵਾਰ ਦੀ ਤਰ੍ਹਾਂ ਹਰ ਰੋਜ਼ ਤਿਆਰ ਰਹਿਣ ਤੇ ‘ਜਾਗਦੇ ਰਹਿਣ’ ਲਈ ਕੁਝ ਨਾ ਕੁਝ ਕਰਦੇ ਰਹੋ।

[ਫੁਟਨੋਟ]

^ ਪੈਰਾ 8 ਇਸ ਆਧੁਨਿਕ-ਡਰਾਮੇ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਸੀਹੀ ਨੌਜਵਾਨ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ।

[ਸਫ਼ਾ 4 ਉੱਤੇ ਤਸਵੀਰ]

ਰੋਜ਼ ਪਰਮੇਸ਼ੁਰੀ ਗੱਲਾਂ ’ਤੇ ਚਰਚਾ ਕਰਨ ਨਾਲ ਏਮਾਨਵੈਲ ਤੇ ਉਸ ਦੇ ਪਰਿਵਾਰ ਦੀ ‘ਤਿਆਰ ਰਹਿਣ’ ਵਿਚ ਮਦਦ ਹੋਈ