Skip to content

Skip to table of contents

ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?

ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?

ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?

“ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।”—ਅਫ਼. 5:10.

1, 2. (ੳ) ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ? (ਅ) ਮਨੋਰੰਜਨ ਨੂੰ “ਪਰਮੇਸ਼ੁਰ ਦੀ ਦਾਤ” ਸਮਝਦੇ ਹੋਏ, ਅਸੀਂ ਕੀ ਕਰਨ ਲਈ ਪ੍ਰੇਰਿਤ ਹੋਵਾਂਗੇ?

ਬਾਈਬਲ ਪੜ੍ਹ ਕੇ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ 104:14, 15 ਵਿਚ ਦੱਸਿਆ ਹੈ ਕਿ ਯਹੋਵਾਹ ‘ਧਰਤੀ ਵਿੱਚੋਂ ਅਹਾਰ ਕੱਢਦਾ ਹੈ, ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।’ ਵਾਕਈ ਯਹੋਵਾਹ ਸਾਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਹੈ। ਉਹ ਫ਼ਸਲਾਂ ਨੂੰ ਵਧਾਉਂਦਾ ਹੈ ਤਾਂਕਿ ਸਾਨੂੰ ਕਣਕ, ਤੇਲ ਅਤੇ ਦਾਖਰਸ ਮਿਲ ਸਕੇ। ਭਾਵੇਂ ਕਿ ਜੀਣ ਲਈ ਦਾਖਰਸ ਜ਼ਰੂਰੀ ਨਹੀਂ, ਫਿਰ ਵੀ ਇਹ “ਦਿਲ ਨੂੰ ਅਨੰਦ ਕਰਦੀ ਹੈ।” (ਉਪ. 9:7; 10:19) ਜੀ ਹਾਂ, ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਾਡੇ ਦਿਲ “ਅਨੰਦ ਨਾਲ ਭਰਪੂਰ” ਰਹਿਣ।—ਰਸੂ. 14:16, 17.

2 ਜੇ ਅਸੀਂ ਆਪਣਾ ਕੁਝ ਸਮਾਂ “ਅਕਾਸ਼ ਦੇ ਪੰਛੀਆਂ” ਅਤੇ “ਜੰਗਲੀ ਸੋਸਨਾਂ” ਯਾਨੀ ਫੁੱਲਾਂ ਨੂੰ ਦੇਖਣ ਵਿਚ ਲਾਉਂਦੇ ਹਾਂ, ਤਾਂ ਗ਼ਲਤ ਨਹੀਂ ਹੈ। ਇੱਦਾਂ ਕਰ ਕੇ ਸਾਨੂੰ ਤਾਜ਼ਗੀ ਅਤੇ ਖ਼ੁਸ਼ੀ ਮਿਲਦੀ ਹੈ। (ਮੱਤੀ 6:26, 28; ਜ਼ਬੂ. 8:3, 4) ਖ਼ੁਸ਼ੀ ਭਰੀ ਜ਼ਿੰਦਗੀ “ਪਰਮੇਸ਼ੁਰ ਦੀ ਦਾਤ” ਹੈ। (ਉਪ. 3:12, 13) ਜਿਹੜਾ ਸਮਾਂ ਅਸੀਂ ਮਨੋਰੰਜਨ ਕਰਨ ਵਿਚ ਲਾਉਂਦੇ ਹਾਂ, ਉਹ ਵੀ ਪਰਮੇਸ਼ੁਰ ਵੱਲੋਂ ਮਿਲੀ ਦਾਤ ਦਾ ਇਕ ਹਿੱਸਾ ਹੈ। ਇਸ ਕਰਕੇ ਸਾਨੂੰ ਇਸ ਸਮੇਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਵਰਤਣਾ ਚਾਹੀਦਾ ਹੈ। *

ਵੱਖੋ-ਵੱਖਰਾ ਮਨੋਰੰਜਨ, ਪਰ ਹੱਦ ਵਿਚ ਰਹਿ ਕੇ ਕਰੋ

3. ਮਨੋਰੰਜਨ ਦੇ ਮਾਮਲੇ ਵਿਚ ਲੋਕ ਅਲੱਗ-ਅਲੱਗ ਚੋਣ ਕਿਉਂ ਕਰਦੇ ਹਨ?

3 ਮਨੋਰੰਜਨ ਬਾਰੇ ਸਹੀ ਨਜ਼ਰੀਆ ਰੱਖਣ ਵਾਲੇ ਜਾਣਦੇ ਹਨ ਕਿ ਉਨ੍ਹਾਂ ਨੂੰ ਚੋਣ ਕਰਨ ਦੀ ਆਜ਼ਾਦੀ ਹੈ। ਪਰ ਉਹ ਜਾਣਦੇ ਹਨ ਕਿ ਮਨੋਰੰਜਨ ਕਰਨ ਲਈ ਉਹ ਜੋ ਕੁਝ ਵੀ ਕਰਦੇ ਹਨ, ਉਸ ਦੀ ਇਕ ਹੱਦ ਹੈ। ਕਿਉਂ? ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਮਨੋਰੰਜਨ ਦੀ ਤੁਲਨਾ ਖਾਣੇ ਨਾਲ ਕਰੀਏ। ਜਿਸ ਤਰ੍ਹਾਂ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਅਲੱਗ-ਅਲੱਗ ਕਿਸਮ ਦਾ ਖਾਣਾ ਪਸੰਦ ਕਰਦੇ ਹਨ, ਉਸੇ ਤਰ੍ਹਾਂ ਵੱਖੋ-ਵੱਖਰੇ ਦੇਸ਼ਾਂ ਵਿਚ ਰਹਿੰਦੇ ਮਸੀਹੀ ਅਲੱਗ-ਅਲੱਗ ਕਿਸਮ ਦਾ ਮਨੋਰੰਜਨ ਕਰਨਾ ਪਸੰਦ ਕਰਦੇ ਹਨ। ਹੋ ਸਕਦਾ ਹੈ ਕਿ ਇੱਕੋ ਜਗ੍ਹਾ ਰਹਿੰਦੇ ਮਸੀਹੀ ਵੀ ਦਿਲਪਰਚਾਵੇ ਲਈ ਵੱਖੋ-ਵੱਖਰੀਆਂ ਚੀਜ਼ਾਂ ਕਰਨੀਆਂ ਪਸੰਦ ਕਰਨ। ਮਿਸਾਲ ਲਈ, ਇਕ ਜਣੇ ਨੂੰ ਸ਼ਾਇਦ ਕਿਤਾਬ ਪੜ੍ਹਨੀ ਚੰਗੀ ਲੱਗੇ, ਪਰ ਦੂਸਰੇ ਨੂੰ ਸ਼ਾਇਦ ਬੋਰਿੰਗ ਲੱਗੇ। ਕਈਆਂ ਨੂੰ ਸਾਈਕਲ ਚਲਾਉਣਾ ਚੰਗਾ ਲੱਗੇ, ਪਰ ਹੋਰਨਾਂ ਨੂੰ ਨਹੀਂ। ਜਿਵੇਂ ਲੋਕ ਆਪੋ-ਆਪਣੀ ਪਸੰਦ ਦਾ ਖਾਣਾ ਖਾਂਦੇ ਹਨ, ਉਸੇ ਤਰ੍ਹਾਂ ਉਹ ਅਲੱਗ-ਅਲੱਗ ਤਰ੍ਹਾਂ ਦਾ ਮਨੋਰੰਜਨ ਕਰਨਾ ਵੀ ਪਸੰਦ ਕਰਦੇ ਹਨ।—ਰੋਮੀ. 14:2-4.

4. ਮਨੋਰੰਜਨ ਦੀ ਚੋਣ ਕਰਦੇ ਸਮੇਂ ਸਾਨੂੰ ਹੱਦ ਵਿਚ ਰਹਿਣ ਦੀ ਕਿਉਂ ਲੋੜ ਹੈ? ਸਮਝਾਓ।

4 ਭਾਵੇਂ ਕਿ ਸਾਡੇ ਕੋਲ ਮਨੋਰੰਜਨ ਕਰਨ ਦੀ ਆਜ਼ਾਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਰ ਕਿਸਮ ਦਾ ਮਨੋਰੰਜਨ ਕਰੀਏ। ਫਿਰ ਤੋਂ ਭੋਜਨ ਖਾਣ ਦੀ ਮਿਸਾਲ ਬਾਰੇ ਸੋਚੋ। ਅਸੀਂ ਸ਼ਾਇਦ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣਾ ਪਸੰਦ ਕਰੀਏ, ਪਰ ਅਸੀਂ ਖ਼ਰਾਬ ਹੋਇਆ ਭੋਜਨ ਕਦੇ ਨਹੀਂ ਖਾਵਾਂਗੇ ਕਿਉਂਕਿ ਇਸ ਨੂੰ ਖਾ ਕੇ ਅਸੀਂ ਬੀਮਾਰ ਹੋ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਸ਼ਾਇਦ ਵੱਖੋ-ਵੱਖਰੇ ਤਰ੍ਹਾਂ ਦਾ ਸਹੀ ਮਨੋਰੰਜਨ ਕਰਨਾ ਚਾਹੀਏ, ਪਰ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਾਂਗੇ ਜੋ ਨੈਤਿਕ ਤੌਰ ਤੇ ਗ਼ਲਤ ਹੈ, ਜੋ ਹਿੰਸਕ ਹੈ ਜਾਂ ਜਿਸ ਨਾਲ ਸਾਡੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ। ਇਹੋ ਜਿਹੇ ਕੰਮ ਬਾਈਬਲ ਦੇ ਅਸੂਲਾਂ ਦੇ ਬਿਲਕੁਲ ਖ਼ਿਲਾਫ਼ ਹਨ ਤੇ ਇਹ ਯਹੋਵਾਹ ਨਾਲ ਸਾਡੇ ਰਿਸ਼ਤੇ ਅਤੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਾਨੂੰ ਬੜੇ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਤੇ ਫਿਰ ਉਹੀ ਮਨੋਰੰਜਨ ਚੁਣੀਏ ਜਿਸ ਤੋਂ ਸਾਨੂੰ ਫ਼ਾਇਦਾ ਹੋਵੇ ਅਤੇ ਜੋ ਯਹੋਵਾਹ ਨੂੰ ਵੀ ਖ਼ੁਸ਼ ਕਰੇ। (ਅਫ਼. 5:10) ਅਸੀਂ ਇਹ ਕਿਵੇਂ ਕਰ ਸਕਦੇ ਹਾਂ?

5. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡਾ ਮਨੋਰੰਜਨ ਯਹੋਵਾਹ ਨੂੰ ਖ਼ੁਸ਼ ਕਰਦਾ ਹੈ?

5 ਜੇ ਅਸੀਂ ਚਾਹੁੰਦੇ ਹਾਂ ਕਿ ਮਨੋਰੰਜਨ ਤੋਂ ਸਾਨੂੰ ਫ਼ਾਇਦਾ ਹੋਵੇ ਤੇ ਇਹ ਯਹੋਵਾਹ ਨੂੰ ਵੀ ਖ਼ੁਸ਼ ਕਰੇ, ਤਾਂ ਜ਼ਰੂਰੀ ਹੈ ਕਿ ਇਹ ਬਾਈਬਲ ਵਿਚ ਦਿੱਤੇ ਅਸੂਲਾਂ ਮੁਤਾਬਕ ਹੋਵੇ। (ਜ਼ਬੂ. 86:11) ਮਨੋਰੰਜਨ ਦੀ ਚੋਣ ਵਿਚ ਤੁਹਾਡੀ ਮਦਦ ਕਰਨ ਲਈ ਤੁਸੀਂ ਤਿੰਨ ਸਵਾਲਾਂ ’ਤੇ ਗੌਰ ਕਰ ਸਕਦੇ ਹੋ। ਉਹ ਹਨ ਕੀ? ਕਦੋਂ? ਅਤੇ ਕੌਣ? ਆਓ ਆਪਾਂ ਇਨ੍ਹਾਂ ’ਤੇ ਇਕ-ਇਕ ਕਰ ਕੇ ਵਿਚਾਰ ਕਰੀਏ।

ਇਸ ਵਿਚ ਕੀ ਕੁਝ ਸ਼ਾਮਲ ਹੈ?

6. ਅਸੀਂ ਕਿਹੋ ਜਿਹੇ ਮਨੋਰੰਜਨ ਤੋਂ ਦੂਰ ਰਹਾਂਗੇ ਤੇ ਕਿਉਂ?

6 ਕਿਸੇ ਵੀ ਮਨੋਰੰਜਨ ਦੀ ਚੋਣ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ‘ਜਿਹੜਾ ਮਨੋਰੰਜਨ ਮੈਨੂੰ ਪਸੰਦ ਹੈ, ਉਸ ਵਿਚ ਕੀ ਕੁਝ ਸ਼ਾਮਲ ਹੈ?’ ਯਾਦ ਰੱਖੋ ਕਿ ਮਨੋਰੰਜਨ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲੀ ਕਿਸਮ ਦਾ ਮਨੋਰੰਜਨ ਅਸੀਂ ਕਦੇ ਨਹੀਂ ਕਰਾਂਗੇ ਤੇ ਦੂਜੀ ਕਿਸਮ ਦਾ ਮਨੋਰੰਜਨ ਕਰਨ ਬਾਰੇ ਸ਼ਾਇਦ ਅਸੀਂ ਸੋਚੀਏ। ਪਹਿਲੀ ਕਿਸਮ ਦੇ ਮਨੋਰੰਜਨ ਵਿਚ ਕੀ ਸ਼ਾਮਲ ਹੈ? ਇਸ ਬੁਰੀ ਦੁਨੀਆਂ ਵਿਚ ਜ਼ਿਆਦਾਤਰ ਮਨੋਰੰਜਨ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੈ ਜਾਂ ਉਸ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। (1 ਯੂਹੰ. 5:19) ਸੱਚੇ ਮਸੀਹੀ ਇਸ ਤਰ੍ਹਾਂ ਦਾ ਮਨੋਰੰਜਨ ਕਦੇ ਨਹੀਂ ਚੁਣਨਗੇ। ਇਸ ਵਿਚ ਲੋਕਾਂ ਦਾ ਦਿਲ ਬਹਿਲਾਉਣ ਲਈ ਦੂਜਿਆਂ ਨੂੰ ਕੁੱਟਣਾ-ਮਾਰਨਾ, ਜਾਦੂ-ਟੂਣਾ, ਸਮਲਿੰਗਤਾ, ਪੋਰਨੋਗ੍ਰਾਫੀ, ਹਿੰਸਕ ਕੰਮ ਜਾਂ ਅਨੈਤਿਕ ਕੰਮਾਂ ਨੂੰ ਹੱਲਾਸ਼ੇਰੀ ਦੇਣਾ ਸ਼ਾਮਲ ਹੈ। (1 ਕੁਰਿੰ. 6:9, 10; ਪਰਕਾਸ਼ ਦੀ ਪੋਥੀ 21:8 ਪੜ੍ਹੋ।) ਅਸੀਂ ਭਾਵੇਂ ਇਕੱਲੇ ਹੋਈਏ ਜਾਂ ਦੂਜਿਆਂ ਨਾਲ ਹੋਈਏ, ਅਸੀਂ ਕਦੇ ਵੀ ਇਹੋ ਜਿਹਾ ਮਨੋਰੰਜਨ ਨਹੀਂ ਚੁਣਾਂਗੇ। ਅਸੀਂ ਯਹੋਵਾਹ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ “ਬੁਰਾਈ ਨੂੰ ਘ੍ਰਿਣਾ” ਕਰਦੇ ਹਾਂ।—ਰੋਮ 12:9, CL; 1 ਯੂਹੰ. 1:5, 6.

7, 8. ਮਨੋਰੰਜਨ ਦੀ ਸਹੀ ਚੋਣ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਸਮਝਾਓ।

7 ਦੂਜੀ ਕਿਸਮ ਦਾ ਮਨੋਰੰਜਨ ਚੁਣਨ ਤੋਂ ਪਹਿਲਾਂ ਸਾਨੂੰ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ। ਬਾਈਬਲ ਸ਼ਾਇਦ ਹਰ ਤਰ੍ਹਾਂ ਦੇ ਮਨੋਰੰਜਨ ਬਾਰੇ ਗੱਲ ਨਾ ਕਰੇ। ਪਰ ਬਾਈਬਲ ਦੇ ਅਸੂਲਾਂ ਦੀ ਮਦਦ ਨਾਲ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ। ਅਜਿਹਾ ਦਿਲਪਰਚਾਵਾ ਕਰਨ ਤੋਂ ਪਹਿਲਾਂ ਸਾਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਇਹ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਤਾਂ ਨਹੀਂ ਹੈ। (ਕਹਾ. 4:10, 11) ਫਿਰ ਸਾਨੂੰ ਅਜਿਹਾ ਫ਼ੈਸਲਾ ਕਰਨ ਦੀ ਲੋੜ ਹੈ ਜਿਸ ਨਾਲ ਸਾਡੀ ਜ਼ਮੀਰ ਸ਼ੁੱਧ ਰਹੇ। (ਗਲਾ. 6:5; 1 ਤਿਮੋ. 1:19) ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਭੋਜਨ ਦੀ ਮਿਸਾਲ ਬਾਰੇ ਦੁਬਾਰਾ ਸੋਚੋ: ਕੋਈ ਵੀ ਨਵਾਂ ਭੋਜਨ ਖਾਣ ਤੋਂ ਪਹਿਲਾਂ ਅਸੀਂ ਸ਼ਾਇਦ ਜਾਣਨਾ ਚਾਹਾਂਗੇ ਕਿ ਇਸ ਵਿਚ ਕੀ ਕੁਝ ਪਾਇਆ ਹੋਇਆ ਹੈ। ਇਸੇ ਤਰ੍ਹਾਂ, ਕੋਈ ਵੀ ਨਵੇਂ ਮਨੋਰੰਜਨ ਦੀ ਚੋਣ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਲਾਉਣ ਦੀ ਲੋੜ ਹੈ ਕਿ ਇਸ ਵਿਚ ਕੀ ਕੁਝ ਸ਼ਾਮਲ ਹੈ।—ਅਫ਼. 5:17.

8 ਮਿਸਾਲ ਲਈ, ਸ਼ਾਇਦ ਤੁਹਾਨੂੰ ਖੇਡਾਂ ਖੇਡਣੀਆਂ ਪਸੰਦ ਹੋਣ। ਬਹੁਤ ਸਾਰੇ ਲੋਕ ਖੇਡਣਾ ਪਸੰਦ ਕਰਦੇ ਹਨ ਕਿਉਂਕਿ ਖੇਡਾਂ ਖੇਡ ਕੇ ਮਜ਼ਾ ਆਉਂਦਾ ਹੈ। ਪਰ ਕੁਝ ਮੁਕਾਬਲੇਬਾਜ਼ੀ ਵਾਲੀਆਂ ਖੇਡਾਂ ਹਿੰਸਾ ਵਿਚ ਬਦਲ ਸਕਦੀਆਂ ਹਨ ਜਿਸ ਕਰਕੇ ਕਿਸੇ ਦੀ ਵੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ। ਕੁਝ ਖੇਡਾਂ ਖ਼ਤਰਨਾਕ ਹਨ ਤੇ ਇਨ੍ਹਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਸੱਟਾਂ ਵੀ ਲੱਗ ਸਕਦੀਆਂ ਹਨ। ਹੋਰ ਖੇਡਾਂ ਦੌਰਾਨ ਖ਼ੁਸ਼ੀਆਂ ਮਨਾਉਂਦੇ ਸਮੇਂ ਲੋਕ ਆਪਣੇ ਹੋਸ਼ ਗੁਆ ਬਹਿੰਦੇ ਹਨ ਤੇ ਉਹ ਸੋਚਣ ਲੱਗ ਪੈਂਦੇ ਹਨ ਕਿ ਉਨ੍ਹਾਂ ਦਾ ਦੇਸ਼ ਹੋਰਨਾਂ ਤੋਂ ਬਿਹਤਰ ਹੈ। ਤੁਸੀਂ ਕੀ ਕਰੋਗੇ ਜੇ ਤੁਹਾਡੀ ਮਨਪਸੰਦ ਦੀਆਂ ਖੇਡਾਂ ਵਿਚ ਇੱਦਾਂ ਦੀਆਂ ਗੱਲਾਂ ਹੁੰਦੀਆਂ ਹਨ? ਜਦੋਂ ਤੁਸੀਂ ਸੋਚਦੇ ਹੋ ਕਿ ਇਨ੍ਹਾਂ ਖੇਡਾਂ ਵਿਚ ਕੀ ਕੁਝ ਸ਼ਾਮਲ ਹੈ, ਤਾਂ ਤੁਸੀਂ ਸ਼ਾਇਦ ਫ਼ੈਸਲਾ ਕਰੋਗੇ ਕਿ ਅਜਿਹਾ ਮਨੋਰੰਜਨ ਯਹੋਵਾਹ ਦੀ ਸੋਚ ਮੁਤਾਬਕ ਠੀਕ ਨਹੀਂ ਹੈ ਜਾਂ ਇਹ ਮਨੋਰੰਜਨ ਸ਼ਾਂਤੀ ਤੇ ਪਿਆਰ ਦੇ ਸੰਦੇਸ਼ ਨਾਲ ਮੇਲ ਨਹੀਂ ਖਾਂਦਾ ਜਿਸ ਦਾ ਅਸੀਂ ਹੋਰਨਾਂ ਨੂੰ ਪ੍ਰਚਾਰ ਕਰਦੇ ਹਾਂ। (ਯਸਾ. 61:1; ਗਲਾ. 5:19-21) ਪਰ ਜੇ ਤੁਹਾਨੂੰ ਪੱਕਾ ਪਤਾ ਲੱਗ ਗਿਆ ਹੈ ਕਿ ਇਹ ਮਨੋਰੰਜਨ ਯਹੋਵਾਹ ਦੇ ਅਸੂਲਾਂ ਮੁਤਾਬਕ ਸਹੀ ਹੈ, ਤਾਂ ਇਸ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ ਤੇ ਤਾਜ਼ਗੀ ਮਿਲੇਗੀ।—ਗਲਾ. 5:22, 23; ਫ਼ਿਲਿੱਪੀਆਂ 4:8 ਪੜ੍ਹੋ।

ਮੈਂ ਕਦੋਂ ਮਨੋਰੰਜਨ ਕਰਾਂ?

9. ‘ਮੈਂ ਕਦੋਂ ਮਨੋਰੰਜਨ ਕਰਾਂ,’ ਸਵਾਲ ਦੇ ਜਵਾਬ ਤੋਂ ਸਾਡੇ ਬਾਰੇ ਕੀ ਪਤਾ ਲੱਗੇਗਾ?

9 ਆਪਣੇ ਆਪ ਤੋਂ ਦੂਜਾ ਸਵਾਲ ਪੁੱਛੋ ਕਿ ‘ਮੈਂ ਕਦੋਂ ਮਨੋਰੰਜਨ ਕਰਾਂਗਾ? ਮੈਂ ਇਸ ਵਿਚ ਕਿੰਨਾ ਕੁ ਸਮਾਂ ਲਾਵਾਂਗਾ?’ ਪੈਰਾ 6 ਵਿਚ ਪੁੱਛੇ ਸਵਾਲ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਕੀ ਪਸੰਦ ਹੈ ਤੇ ਕੀ ਨਹੀਂ। ਪਰ ਕਦੋਂ? ਸਵਾਲ ਦੇ ਜਵਾਬ ਤੋਂ ਪਤਾ ਲੱਗੇਗਾ ਕਿ ਅਸੀਂ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੰਦੇ ਹਾਂ ਤੇ ਕਿਨ੍ਹਾਂ ਨੂੰ ਨਹੀਂ। ਤਾਂ ਫਿਰ ਕਿਹੜੀ ਗੱਲ ਸਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰ ਸਕਦੀ ਹੈ ਕਿ ਮਨੋਰੰਜਨ ਸਾਡੀ ਜ਼ਿੰਦਗੀ ਵਿਚ ਕਿੰਨੀ ਕੁ ਅਹਿਮੀਅਤ ਰੱਖਦਾ ਹੈ?

10, 11. ਮੱਤੀ 6:33 ਵਿਚ ਯਿਸੂ ਦੇ ਸ਼ਬਦਾਂ ਤੋਂ ਸਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਹੋਵੇਗੀ ਕਿ ਅਸੀਂ ਮਨੋਰੰਜਨ ਕਰਨ ਵਿਚ ਕਿੰਨਾ ਕੁ ਸਮਾਂ ਲਾਵਾਂਗੇ?

10 ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।’ (ਮਰ. 12:30) ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਪਿਆਰ ਯਹੋਵਾਹ ਨੂੰ ਕਰਨਾ ਚਾਹੀਦਾ ਹੈ। ਇਹ ਪਿਆਰ ਅਸੀਂ ਯਿਸੂ ਦੀ ਇਸ ਸਲਾਹ ਉੱਤੇ ਚੱਲ ਕੇ ਦਿਖਾਉਂਦੇ ਹਾਂ: “ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਇਹ ਸਲਾਹ ਸਾਡੀ ਇਹ ਦੇਖਣ ਵਿਚ ਕਿਵੇਂ ਮਦਦ ਕਰ ਸਕਦੀ ਹੈ ਕਿ ਅਸੀਂ ਕਿੰਨਾ ਕੁ ਸਮਾਂ ਮਨੋਰੰਜਨ ਕਰਨ ਵਿਚ ਲਾਵਾਂਗੇ ਤੇ ਇਸ ਨੂੰ ਕਿੰਨੀ ਕੁ ਅਹਿਮੀਅਤ ਦੇਵਾਂਗੇ?

11 ਇਸ ਗੱਲ ਉੱਤੇ ਧਿਆਨ ਦਿਓ ਕਿ ਯਿਸੂ ਨੇ ਸਾਨੂੰ ਸਲਾਹ ਦਿੱਤੀ ਸੀ ਕਿ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।’ ਉਸ ਨੇ ਇਹ ਨਹੀਂ ਕਿਹਾ ਕਿ ਸਾਨੂੰ ‘ਸਿਰਫ਼ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਹੀ ਭਾਲਣਾ’ ਚਾਹੀਦਾ ਹੈ। ਯਿਸੂ ਜਾਣਦਾ ਸੀ ਕਿ ਜ਼ਿੰਦਗੀ ਵਿਚ ਰਾਜ ਨੂੰ ਭਾਲਣ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕਰਨੇ ਪੈਣਗੇ। ਸਾਨੂੰ ਰੋਟੀ, ਕੱਪੜਾ, ਮਕਾਨ ਦੇ ਨਾਲ-ਨਾਲ ਪੜ੍ਹਾਈ-ਲਿਖਾਈ, ਨੌਕਰੀ ਅਤੇ ਮਨੋਰੰਜਨ ਵਗੈਰਾ ਕਰਨ ਦੀ ਲੋੜ ਹੈ। ਭਾਵੇਂ ਕਿ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ, ਪਰ ਫਿਰ ਵੀ ਸਾਨੂੰ ਸਿਰਫ਼ ਰਾਜ ਨੂੰ ਅਹਿਮੀਅਤ ਦੇਣ ਦੀ ਲੋੜ ਹੈ। (1 ਕੁਰਿੰ. 7:29-31) ਜਦੋਂ ਸਾਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ, ਤਾਂ ਅਸੀਂ ਮਨੋਰੰਜਨ ਤੇ ਬਾਕੀ ਹੋਰ ਕੰਮ ਬਾਅਦ ਵਿਚ ਕਰਦੇ ਹਾਂ ਤੇ ਰਾਜ ਨੂੰ ਪਹਿਲ ਦਿੰਦੇ ਹਾਂ। ਇੱਦਾਂ ਕਰਨ ਨਾਲ ਸਾਨੂੰ ਮਨੋਰੰਜਨ ਤੋਂ ਫ਼ਾਇਦਾ ਹੋਵੇਗਾ।

12. ਲੂਕਾ 14:28 ਵਿਚ ਦਰਜ ਅਸੂਲ ਮਨੋਰੰਜਨ ਦੇ ਮਾਮਲੇ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

12 ਜਦੋਂ ਮਨੋਰੰਜਨ ਵਿਚ ਸਮਾਂ ਲਾਉਣ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਪਹਿਲਾਂ ਇਸ ਬਾਰੇ ਸੋਚਣਾ ਚਾਹੀਦਾ ਹੈ। (ਲੂਕਾ 14:28) ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦਾ ਦਿਲਪਰਚਾਵਾ ਕਰਨ ਵਿਚ ਸਾਡਾ ਕਿੰਨਾ ਕੁ ਸਮਾਂ ਲੱਗੇਗਾ। ਫਿਰ ਵਿਚਾਰ ਕਰੋ ਕਿ ਸਾਨੂੰ ਇਸ ਵਿਚ ਕਿੰਨਾ ਕੁ ਸਮਾਂ ਲਾਉਣ ਦੀ ਲੋੜ ਹੈ। ਜੇ ਦਿਲਪਰਚਾਵਾ ਕਰਨ ਲਈ ਅਸੀਂ ਬਾਈਬਲ ਸਟੱਡੀ, ਪਰਿਵਾਰਕ ਸਟੱਡੀ, ਮੀਟਿੰਗਾਂ ਤੇ ਜਾਣ ਜਾਂ ਪ੍ਰਚਾਰ ਵਿਚ ਹਿੱਸਾ ਲੈਣ ਵਰਗੇ ਜ਼ਰੂਰੀ ਕੰਮਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ। (ਮਰ. 8:36) ਪਰ ਜੇ ਮਨੋਰੰਜਨ ਕਰ ਕੇ ਸਾਨੂੰ ਯਹੋਵਾਹ ਦੇ ਕੰਮ ਕਰਨ ਵਿਚ ਮਦਦ ਮਿਲਦੀ ਹੈ, ਤਾਂ ਅਸੀਂ ਸ਼ਾਇਦ ਫ਼ੈਸਲਾ ਕਰੀਏ ਕਿ ਕਦੇ-ਕਦਾਈਂ ਮਨੋਰੰਜਨ ਕਰਨਾ ਠੀਕ ਹੈ।

ਮੈਂ ਕਿਨ੍ਹਾਂ ਨਾਲ ਮਨੋਰੰਜਨ ਕਰਦਾ ਹਾਂ?

13. ਸਾਨੂੰ ਕਿਉਂ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਨ੍ਹਾਂ ਨਾਲ ਮਨੋਰੰਜਨ ਕਰਾਂਗੇ?

13 ਆਪਣੇ ਆਪ ਤੋਂ ਤੀਜਾ ਸਵਾਲ ਪੁੱਛੋ ਕਿ ‘ਮੈਂ ਕਿਨ੍ਹਾਂ ਨਾਲ ਮਨੋਰੰਜਨ ਕਰਦਾ ਹਾਂ?’ ਇਸ ਗੱਲ ’ਤੇ ਗੌਰ ਕਰਨਾ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਨ੍ਹਾਂ ਲੋਕਾਂ ਨਾਲ ਅਸੀਂ ਮਿਲਦੇ-ਜੁਲਦੇ ਹਾਂ, ਉਹ ਸਾਡੀ ਮਨੋਰੰਜਨ ਦੀ ਚੋਣ ’ਤੇ ਅਸਰ ਪਾਉਂਦੇ ਹਨ। ਜਿਸ ਤਰ੍ਹਾਂ ਸਾਨੂੰ ਚੰਗੇ ਦੋਸਤਾਂ ਨਾਲ ਖਾਣਾ ਖਾ ਕੇ ਵਧੀਆ ਲੱਗਦਾ ਹੈ, ਉਸੇ ਤਰ੍ਹਾਂ ਚੰਗੇ ਦੋਸਤਾਂ ਨਾਲ ਮਿਲ ਕੇ ਮਨੋਰੰਜਨ ਕਰਨ ਦਾ ਜ਼ਿਆਦਾ ਮਜ਼ਾ ਆਉਂਦਾ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ, ਹੋਰਨਾਂ ਨਾਲ ਮਿਲ ਕੇ ਮਨੋਰੰਜਨ ਕਰਨ ਦਾ ਮਜ਼ਾ ਆਉਂਦਾ ਹੈ। ਪਰ ਮਨੋਰੰਜਨ ਦੀ ਚੋਣ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਅਸੀਂ ਕਿਨ੍ਹਾਂ ਨਾਲ ਮਨੋਰੰਜਨ ਕਰਾਂਗੇ ਤੇ ਕਿਨ੍ਹਾਂ ਨਾਲ ਨਹੀਂ। ਇੱਦਾਂ ਕਰ ਕੇ ਸਾਨੂੰ ਮਨੋਰੰਜਨ ਤੋਂ ਫ਼ਾਇਦਾ ਹੋਵੇਗਾ।—2 ਇਤ. 19:2; ਕਹਾਉਤਾਂ 13:20 ਪੜ੍ਹੋ; ਯਾਕੂ. 4:4.

14, 15. (ੳ) ਸਹੀ ਦੋਸਤਾਂ ਦੀ ਚੋਣ ਕਰਨ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ? (ਅ) ਆਪਣੇ ਦੋਸਤਾਂ ਦੀ ਚੋਣ ਕਰਨ ਦੇ ਮਾਮਲੇ ਵਿਚ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

14 ਦੋਸਤਾਂ ਦੀ ਚੋਣ ਕਰਦਿਆਂ ਯਿਸੂ ਦੀ ਮਿਸਾਲ ’ਤੇ ਚੱਲ ਕੇ ਸਾਡੀ ਮਦਦ ਹੋਵੇਗੀ। ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਯਿਸੂ ਇਨਸਾਨਾਂ ਨੂੰ ਪਿਆਰ ਕਰਦਾ ਆ ਰਿਹਾ ਹੈ। (ਕਹਾ. 8:31) ਧਰਤੀ ’ਤੇ ਹੁੰਦਿਆਂ ਉਸ ਨੇ ਸਾਰਿਆਂ ਲਈ ਪਿਆਰ ਅਤੇ ਆਦਰ ਦਿਖਾਇਆ। (ਮੱਤੀ 15:29-37) ਪਰ ਯਿਸੂ ਜਾਣਦਾ ਸੀ ਕਿ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਨ ਅਤੇ ਕਿਸੇ ਦਾ ਕਰੀਬੀ ਦੋਸਤ ਬਣਨ ਵਿਚ ਕਿੰਨਾ ਫ਼ਰਕ ਹੈ। ਭਾਵੇਂ ਕਿ ਉਹ ਸਾਰਿਆਂ ਨੂੰ ਬੁਲਾਉਂਦਾ ਸੀ, ਪਰ ਉਹ ਸਿਰਫ਼ ਉਨ੍ਹਾਂ ਦਾ ਕਰੀਬੀ ਦੋਸਤ ਬਣਿਆ ਜਿਹੜੇ ਕੁਝ ਖ਼ਾਸ ਗੱਲਾਂ ’ਤੇ ਪੂਰੇ ਉਤਰਦੇ ਸਨ। ਆਪਣੇ ਗਿਆਰਾਂ ਵਫ਼ਾਦਾਰ ਰਸੂਲਾਂ ਨਾਲ ਗੱਲ ਕਰਦਿਆਂ ਯਿਸੂ ਨੇ ਕਿਹਾ: ‘ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।’ (ਯੂਹੰ. 15:14; ਹੋਰ ਜਾਣਕਾਰੀ ਲਈ ਯੂਹੰਨਾ 13:27, 30 ਦੇਖੋ।) ਯਿਸੂ ਨੇ ਸਿਰਫ਼ ਉਨ੍ਹਾਂ ਨੂੰ ਆਪਣੇ ਦੋਸਤ ਸਮਝਿਆ ਜਿਹੜੇ ਉਸ ਦੀ ਮਿਸਾਲ ’ਤੇ ਚੱਲਦੇ ਸਨ ਅਤੇ ਯਹੋਵਾਹ ਦੀ ਸੇਵਾ ਕਰਦੇ ਸਨ।

15 ਕਿਸੇ ਨੂੰ ਆਪਣਾ ਕਰੀਬੀ ਦੋਸਤ ਬਣਾਉਣ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਅਸੀਂ ਯਿਸੂ ਦੀ ਗੱਲ ਯਾਦ ਰੱਖੀਏ। ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਇਹ ਇਨਸਾਨ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਉਂਦਾ ਹੈ ਕਿ ਉਹ ਯਹੋਵਾਹ ਅਤੇ ਯਿਸੂ ਦੇ ਹੁਕਮਾਂ ਨੂੰ ਮੰਨਦਾ ਹੈ? ਕੀ ਉਹ ਬਾਈਬਲ ਦੇ ਉਨ੍ਹਾਂ ਅਸੂਲਾਂ ’ਤੇ ਚੱਲਦਾ ਹੈ ਜਿਨ੍ਹਾਂ ’ਤੇ ਮੈਂ ਚੱਲਦਾ ਹਾਂ? ਕੀ ਉਸ ਨਾਲ ਦੋਸਤੀ ਕਰ ਕੇ ਮੈਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਰਾਜ ਨੂੰ ਪਹਿਲਾਂ ਭਾਲਣ ਤੇ ਉਸ ਦਾ ਵਫ਼ਾਦਾਰ ਸੇਵਕ ਬਣਨ ਦੀ ਹੱਲਾਸ਼ੇਰੀ ਮਿਲੇਗੀ?’ ਜੇ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਹਨ, ਤਾਂ ਤੁਹਾਨੂੰ ਇਕ ਵਧੀਆ ਦੋਸਤ ਮਿਲ ਗਿਆ ਹੈ ਜਿਸ ਨਾਲ ਤੁਸੀਂ ਮਨੋਰੰਜਨ ਦਾ ਆਨੰਦ ਮਾਣ ਸਕਦੇ ਹੋ।—ਜ਼ਬੂਰਾਂ ਦੀ ਪੋਥੀ 119:63 ਪੜ੍ਹੋ; 2 ਕੁਰਿੰ. 6:14; 2 ਤਿਮੋ. 2:22.

ਸਾਡੀ ਮਨੋਰੰਜਨ ਦੀ ਚੋਣ ਵਧੀਆ ਹੈ ਜਾਂ ਨਹੀਂ?

16. ਮਨੋਰੰਜਨ ਸੰਬੰਧੀ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

16 ਮਨੋਰੰਜਨ ਦੇ ਮਾਮਲੇ ਵਿਚ ਅਸੀਂ ਤਿੰਨ ਸਵਾਲਾਂ ’ਤੇ ਚਰਚਾ ਕੀਤੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ, ਕਿੰਨਾ ਕੁ ਅਤੇ ਕਿਨ੍ਹਾਂ ਨਾਲ ਮਨੋਰੰਜਨ ਕਰਾਂਗੇ। ਮਨੋਰੰਜਨ ਤੋਂ ਲਾਹਾ ਲੈਣ ਲਈ ਜ਼ਰੂਰੀ ਹੈ ਕਿ ਇਹ ਬਾਈਬਲ ਦੇ ਮਿਆਰਾਂ ਮੁਤਾਬਕ ਹੋਵੇ। ਜਦੋਂ ਅਸੀਂ ਕਿਸੇ ਤਰ੍ਹਾਂ ਦਾ ਮਨੋਰੰਜਨ ਕਰਨ ਬਾਰੇ ਸੋਚਦੇ ਹਾਂ, ਤਾਂ ਸਾਨੂੰ ਪਰਖਣ ਦੀ ਲੋੜ ਹੈ ਕਿ ‘ਇਸ ਵਿਚ ਕੀ ਕੁਝ ਸ਼ਾਮਲ ਹੈ? ਕੀ ਇਹ ਚੰਗਾ ਹੈ ਜਾਂ ਮਾੜਾ?’ (ਕਹਾ. 4:20-27) ਜਦੋਂ ਸਮੇਂ ਦੀ ਗੱਲ ਆਉਂਦੀ ਹੈ, ਤਾਂ ਆਪਣੇ ਆਪ ਤੋਂ ਪੁੱਛੋ: ‘ਮਨੋਰੰਜਨ ਕਰਨ ਵਿਚ ਮੈਂ ਕਿੰਨਾ ਕੁ ਸਮਾਂ ਲਾਵਾਂਗਾ? ਕੀ ਇੰਨਾ ਸਮਾਂ ਲਾਉਣਾ ਠੀਕ ਹੈ ਜਾਂ ਨਹੀਂ?’ (1 ਤਿਮੋ. 4:8) ਅਤੇ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ: ‘ਮੈਂ ਕਿਨ੍ਹਾਂ ਨਾਲ ਮਨੋਰੰਜਨ ਕਰਾਂਗਾ? ਕੀ ਉਹ ਦੋਸਤ ਚੰਗੇ ਹਨ ਜਾਂ ਮਾੜੇ?’—ਉਪ. 9:18; 1 ਕੁਰਿੰ. 15:33.

17, 18. (ੳ) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡਾ ਮਨੋਰੰਜਨ ਬਾਈਬਲ ਦੇ ਅਸੂਲਾਂ ਦੇ ਮੁਤਾਬਕ ਹੈ ਕਿ ਨਹੀਂ? (ਅ) ਮਨੋਰੰਜਨ ਦੀ ਚੋਣ ਕਰਨ ਵੇਲੇ ਤੁਸੀਂ ਕੀ ਕਰਨ ਦੀ ਠਾਣੀ ਹੈ?

17 ਜੇ ਇਨ੍ਹਾਂ ਤਿੰਨਾਂ ਪਹਿਲੂਆਂ ਵਿਚ ਸਾਡੇ ਮਨੋਰੰਜਨ ਦੀ ਚੋਣ ਬਾਈਬਲ ਦੇ ਅਸੂਲਾਂ ਅਨੁਸਾਰ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਮਨੋਰੰਜਨ ਸਾਡੇ ਲਈ ਠੀਕ ਨਹੀਂ ਹੈ। ਪਰ ਜੇ ਸਾਡੇ ਮਨੋਰੰਜਨ ਦੀ ਚੋਣ ਬਾਈਬਲ ਦੇ ਅਸੂਲਾਂ ਅਨੁਸਾਰ ਹੈ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ ਅਤੇ ਸਾਨੂੰ ਫ਼ਾਇਦਾ ਹੋਵੇਗਾ।—ਜ਼ਬੂ. 119:33-35.

18 ਸੋ ਜਦੋਂ ਮਨੋਰੰਜਨ ਕਰਨ ਦੀ ਗੱਲ ਆਉਂਦੀ ਹੈ, ਤਾਂ ਆਓ ਆਪਾਂ ਸਹੀ ਕੰਮ, ਸਹੀ ਸਮੇਂ ਉੱਤੇ ਅਤੇ ਸਹੀ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕਰੀਏ। ਤਾਂ ਫਿਰ ਆਓ ਆਪਾਂ ਸਾਰੇ ਬਾਈਬਲ ਦੀ ਇਸ ਸਲਾਹ ਨੂੰ ਦਿਲੋਂ ਮੰਨੀਏ ਕਿ “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰ. 10:31.

[ਫੁਟਨੋਟ]

^ ਪੈਰਾ 2 ਇਸ ਲੇਖ ਵਿਚ “ਮਨੋਰੰਜਨ” ਅਤੇ “ਦਿਲਪਰਚਾਵੇ” ਲਈ ਵਰਤੇ ਗਏ ਸ਼ਬਦ ਉਨ੍ਹਾਂ ਕੰਮਾਂ ਵਾਸਤੇ ਵਰਤੇ ਜਾਣਗੇ ਜਿਨ੍ਹਾਂ ਤੋਂ ਸਾਨੂੰ ਮਜ਼ਾ ਆਉਂਦਾ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

ਮਨੋਰੰਜਨ ਬਾਰੇ ਤੁਸੀਂ ਬਾਈਬਲ ਦਾ ਅਸੂਲ ਕਿਵੇਂ ਲਾਗੂ ਕਰ ਸਕਦੇ ਹੋ ਜੋ

ਫ਼ਿਲਿੱਪੀਆਂ 4:8 ਵਿਚ ਹੈ?

ਮੱਤੀ 6:33 ਵਿਚ ਹੈ?

ਕਹਾਉਤਾਂ 13:20 ਵਿਚ ਹੈ?

[ਸਵਾਲ]

[ਸਫ਼ਾ 9 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਕੀ

[ਸਫ਼ਾ 10 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਕਦੋਂ

[ਸਫ਼ਾ 12 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਕੌਣ

[ਸਫ਼ਾ 10 ਉੱਤੇ ਤਸਵੀਰ]

ਅਸੀਂ ਆਪਣੇ ਦੋਸਤ ਤੇ ਮਨੋਰੰਜਨ ਚੁਣਨ ਵੇਲੇ ਯਿਸੂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?