Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਇਕ ਜੁਆਰੀ ਅਤੇ ਚੋਰ ਨੂੰ ਆਪਣੀ ਬੁਰੀ ਆਦਤ ਛੱਡਣ ਅਤੇ ਜ਼ਿੰਦਗੀ ਬਦਲਣ ਲਈ ਕਿਸ ਗੱਲ ਨੇ ਪ੍ਰੇਰਿਆ? ਆਓ ਦੇਖੀਏ ਕਿ ਉਸ ਦਾ ਕੀ ਕਹਿਣਾ ਹੈ।

“ਮੈਂ ਘੋੜੇ ਅਤੇ ਘੋੜਿਆਂ ਦੀਆਂ ਦੌੜਾਂ ਦੇਖਣ ਦਾ ਬਹੁਤ ਸ਼ੌਕੀਨ ਸੀ।”​—ਰਿਚਰਡ ਸਟੂਅਰਟ

ਉਮਰ: 1965

ਦੇਸ਼: ਜਮੈਕਾ

ਮੈਂ ਜੁਆਰੀ ਅਤੇ ਮੁਜਰਮ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਜਮੈਕਾ ਦੀ ਰਾਜਧਾਨੀ ਕਿੰਗਸਟੋਨ ਦੀ ਸੰਘਣੀ ਆਬਾਦੀ ਵਾਲੇ ਗ਼ਰੀਬ ਇਲਾਕੇ ਵਿਚ ਪੈਦਾ ਹੋਇਆ। ਉੱਥੇ ਬਹੁਤ ਬੇਰੋਜ਼ਗਾਰੀ ਸੀ ਅਤੇ ਜੁਰਮ ਦਾ ਬੋਲਬਾਲਾ ਸੀ। ਗੁੰਡਿਆਂ ਕਰਕੇ ਲੋਕ ਡਰ-ਡਰ ਕੇ ਜੀਉਂਦੇ ਸਨ। ਮੈਂ ਤਕਰੀਬਨ ਹਰ ਰੋਜ਼ ਗੋਲੀਆਂ ਚੱਲਣ ਦੀ ਆਵਾਜ਼ ਸੁਣਦਾ ਸੀ।

ਮੇਰੇ ਮਿਹਨਤੀ ਮਾਤਾ ਜੀ ਨੇ ਮੇਰੀ ਅਤੇ ਮੇਰੇ ਇਕ ਛੋਟੇ ਭਰਾ ਤੇ ਭੈਣ ਦੀ ਪਰਵਰਿਸ਼ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਨੂੰ ਚੰਗੀ ਤਰ੍ਹਾਂ ਪੜ੍ਹਾਇਆ-ਲਿਖਾਇਆ। ਪਰ ਮੈਨੂੰ ਸਕੂਲ ਜਾਣ ਦਾ ਇੰਨਾ ਸ਼ੌਕ ਨਹੀਂ ਸੀ ਜਿੰਨਾ ਸ਼ੌਕ ਮੈਨੂੰ ਘੋੜਿਆਂ ਦੀਆਂ ਦੌੜਾਂ ਦੇਖਣ ਦਾ ਸੀ। ਇਸ ਲਈ ਮੈਂ ਸਕੂਲ ਜਾਣ ਦੀ ਬਜਾਇ ਘੋੜਦੌੜ ਦੇ ਮੈਦਾਨ ਵਿਚ ਚਲੇ ਜਾਂਦਾ ਸੀ। ਮੈਂ ਤਾਂ ਆਪ ਵੀ ਘੋੜੇ ਦੌੜਾਏ ਸਨ।

ਜਲਦੀ ਹੀ ਮੈਨੂੰ ਘੋੜਿਆਂ ਦੀਆਂ ਦੌੜਾਂ ’ਤੇ ਪੈਸੇ ਲਾਉਣ ਦੀ ਆਦਤ ਪੈ ਗਈ। ਮੈਂ ਔਰਤਾਂ ਪਿੱਛੇ ਭੱਜਦਾ ਤੇ ਬਦਚਲਣ ਜ਼ਿੰਦਗੀ ਜੀਉਂਦਾ ਸੀ। ਮੈਂ ਭੰਗ ਪੀਣ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਚੋਰੀਆਂ ਕਰਨ ਲੱਗ ਪਿਆ। ਮੇਰੇ ਕੋਲ ਬਹੁਤ ਸਾਰੀਆਂ ਬੰਦੂਕਾਂ ਸਨ, ਪਰ ਹੁਣ ਮੈਂ ਸ਼ੁਕਰ ਕਰਦਾ ਹਾਂ ਕਿ ਉਸ ਵੇਲੇ ਮੇਰੇ ਵੱਲੋਂ ਮਾਰੇ ਅਣਗਿਣਤ ਡਾਕਿਆਂ ਦੌਰਾਨ ਗੋਲੀ ਨਾਲ ਮੇਰੇ ਹੱਥੋਂ ਕਿਸੇ ਦੀ ਮੌਤ ਨਹੀਂ ਹੋਈ।

ਅਖ਼ੀਰ, ਮੈਂ ਪੁਲਿਸ ਦੇ ਹੱਥ ਆ ਗਿਆ ਅਤੇ ਆਪਣੇ ਜ਼ੁਲਮਾਂ ਕਰਕੇ ਮੈਨੂੰ ਜੇਲ੍ਹ ਦੀ ਹਵਾ ਖਾਣੀ ਪਈ। ਰਿਹਾ ਹੋਣ ਤੋਂ ਬਾਅਦ ਵੀ ਮੈਂ ਸੁਧਰਿਆ ਨਹੀਂ, ਸਗੋਂ ਉਹੀ ਕੁਝ ਕਰਨ ਲੱਗ ਪਿਆ ਜੋ ਮੈਂ ਪਹਿਲਾਂ ਕਰਦਾ ਸੀ। ਅਸਲ ਵਿਚ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜ ਗਿਆ ਸੀ। ਭਾਵੇਂ ਮੇਰਾ ਚਿਹਰਾ ਦੇਖਣ ਨੂੰ ਭੋਲਾ-ਭਾਲਾ ਲੱਗਦਾ ਸੀ, ਪਰ ਮੈਂ ਬੜਾ ਅੜਬ, ਗੁੱਸੇਖ਼ੋਰ ਅਤੇ ਜ਼ਾਲਮ ਸੀ। ਮੈਨੂੰ ਕਿਸੇ ਦਾ ਫ਼ਿਕਰ ਨਹੀਂ ਸੀ, ਮੈਂ ਸਿਰਫ਼ ਆਪਣੇ ਬਾਰੇ ਹੀ ਸੋਚਦਾ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਮੇਰੀ ਜ਼ਿੰਦਗੀ ਵਿਚ ਮਚੀ ਇਸ ਹਲਚਲ ਦੌਰਾਨ ਮੇਰੇ ਮਾਤਾ ਜੀ ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਦੇ ਗਵਾਹ ਬਣ ਗਏ ਸਨ। ਮੈਂ ਉਨ੍ਹਾਂ ਵਿਚ ਕਈ ਚੰਗੀਆਂ ਤਬਦੀਲੀਆਂ ਦੇਖੀਆਂ ਅਤੇ ਮੈਂ ਜਾਣਨਾ ਚਾਹਿਆ ਕਿ ਉਨ੍ਹਾਂ ਨੇ ਕਿਉਂ ਆਪਣੇ ਵਿਚ ਇਹ ਤਬਦੀਲੀਆਂ ਕੀਤੀਆਂ ਸਨ। ਇਹ ਜਾਣਨ ਲਈ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ।

ਮੈਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਹੋਰਨਾਂ ਧਰਮਾਂ ਨਾਲੋਂ ਵੱਖਰੀਆਂ ਹਨ ਅਤੇ ਗਵਾਹ ਜੋ ਵੀ ਕਹਿੰਦੇ ਹਨ, ਬਾਈਬਲ ਦੇ ਆਧਾਰ ਤੇ ਹੀ ਕਹਿੰਦੇ ਹਨ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਿਰਫ਼ ਉਹੀ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ। (ਮੱਤੀ 28:19; ਰਸੂਲਾਂ ਦੇ ਕੰਮ 20:20) ਜਦੋਂ ਮੈ ਗਵਾਹਾਂ ਨੂੰ ਇਕ-ਦੂਜੇ ਨਾਲ ਦਿਲੋਂ ਪਿਆਰ ਕਰਦੇ ਦੇਖਿਆ, ਤਾਂ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਸੱਚਾ ਧਰਮ ਮਿਲ ਗਿਆ ਹੈ।—ਯੂਹੰਨਾ 13:35.

ਬਾਈਬਲ ਵਿੱਚੋਂ ਜੋ ਵੀ ਮੈਂ ਸਿੱਖਿਆ, ਉਸ ਤੋਂ ਮੈਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਮਹਿਸੂਸ ਹੋਈ। ਮੈਨੂੰ ਪਤਾ ਲੱਗਾ ਕਿ ਯਹੋਵਾਹ ਹਰਾਮਕਾਰੀ ਤੋਂ ਘਿਣ ਕਰਦਾ ਹੈ ਅਤੇ ਜੇ ਮੈਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਤਾਂ ਮੈਨੂੰ ਉਨ੍ਹਾਂ ਕੰਮਾਂ ਨੂੰ ਛੱਡਣਾ ਪਵੇਗਾ ਜੋ ਮੇਰੇ ਸਰੀਰ ਨੂੰ ਅਸ਼ੁੱਧ ਕਰਦੇ ਹਨ। (2 ਕੁਰਿੰਥੀਆਂ 7:1; ਇਬਰਾਨੀਆਂ 13:4) ਜਦੋਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੀਆਂ ਵੀ ਭਾਵਨਾਵਾਂ ਹਨ ਅਤੇ ਮੇਰੇ ਕੰਮ ਉਸ ਦੇ ਦਿਲ ਨੂੰ ਠੇਸ ਪਹੁੰਚਾ ਸਕਦੇ ਹਨ ਜਾਂ ਉਸ ਨੂੰ ਖ਼ੁਸ਼ ਕਰ ਸਕਦੇ ਹਨ, ਤਾਂ ਇਸ ਦਾ ਮੇਰੇ ’ਤੇ ਗਹਿਰਾ ਪ੍ਰਭਾਵ ਪਿਆ। (ਕਹਾਉਤਾਂ 27:11) ਇਸ ਲਈ ਮੈਂ ਭੰਗ ਨਾ ਪੀਣ ਅਤੇ ਬੰਦੂਕਾਂ ਨੂੰ ਸੁੱਟ ਦੇਣ ਦਾ ਫ਼ੈਸਲਾ ਕੀਤਾ ਤੇ ਮੈਂ ਆਪਣੇ ਆਪ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਬਦਚਲਣ ਜ਼ਿੰਦਗੀ ਅਤੇ ਜੂਏ ਨੂੰ ਛੱਡਣਾ ਮੇਰੇ ਲਈ ਸਭ ਤੋਂ ਜ਼ਿਆਦਾ ਮੁਸ਼ਕਲ ਸੀ।

ਪਹਿਲਾਂ-ਪਹਿਲਾਂ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਦੋਸਤਾਂ ਨੂੰ ਪਤਾ ਲੱਗੇ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਸੀ। ਪਰ ਮੇਰੀ ਸੋਚ ਉਦੋਂ ਬਦਲ ਗਈ ਜਦੋਂ ਮੈਂ ਮੱਤੀ 10:33 ਪੜ੍ਹਿਆ ਜਿਸ ਵਿਚ ਲਿਖਿਆ ਸੀ: “ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਨਹੀਂ ਕਰਾਂਗਾ।” ਇਨ੍ਹਾਂ ਸ਼ਬਦਾਂ ਨੇ ਮੈਨੂੰ ਆਪਣੇ ਦੋਸਤਾਂ ਨੂੰ ਇਹ ਦੱਸਣ ਲਈ ਪ੍ਰੇਰਿਆ ਕਿ ਮੈਂ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਿਹਾ ਸਾਂ। ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਮੇਰੇ ਵਰਗਾ ਇਨਸਾਨ ਮਸੀਹੀ ਬਣਨਾ ਚਾਹੁੰਦਾ ਹੈ। ਪਰ ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਮੇਰਾ ਆਪਣੀ ਪਿਛਲੀ ਜ਼ਿੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਅੱਜ ਮੇਰੀ ਜ਼ਿੰਦਗੀ: ਮੈਨੂੰ ਬਾਈਬਲ ਦੇ ਅਸੂਲਾਂ ਅਨੁਸਾਰ ਚੱਲਦਿਆਂ ਦੇਖ ਕੇ ਮੇਰੇ ਮਾਤਾ ਜੀ ਨੂੰ ਬਹੁਤ ਖ਼ੁਸ਼ੀ ਹੋਈ। ਹੁਣ ਉਨ੍ਹਾਂ ਨੂੰ ਇਹ ਫ਼ਿਕਰ ਨਹੀਂ ਹੈ ਕਿ ਮੈਂ ਕਿਹੜਾ ਬੁਰਾ ਕੰਮ ਕਰਦਾ ਹੋਵਾਂਗਾ। ਅਸੀਂ ਦੋਵੇਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਤੇ ਇਸ ਬਾਰੇ ਗੱਲਬਾਤ ਕਰਦੇ ਹਾਂ। ਕਈ ਵਾਰ ਜਦੋਂ ਮੈਂ ਆਪਣੇ ਅਤੀਤ ਵੱਲ ਦੇਖਦਾ ਹਾਂ, ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਆਪ ਨੂੰ ਕਿੰਨਾ ਬਦਲ ਲਿਆ ਹੈ। ਹੁਣ ਮੈਨੂੰ ਬਦਚਲਣ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਦੀ ਕੋਈ ਚਾਹਤ ਨਹੀਂ ਰਹੀ।

ਜੇ ਮੈਂ ਬਾਈਬਲ ਦੇ ਸੰਦੇਸ਼ ਨੂੰ ਨਾ ਸਵੀਕਾਰਿਆ ਹੁੰਦਾ, ਤਾਂ ਅੱਜ ਮੈਂ ਜਾਂ ਤਾਂ ਮਰ ਗਿਆ ਹੁੰਦਾ ਜਾਂ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ। ਹੁਣ ਮੇਰਾ ਬਹੁਤ ਵਧੀਆ ਅਤੇ ਖ਼ੁਸ਼ੀਆਂ ਨਾਲ ਭਰਿਆ ਪਰਿਵਾਰ ਹੈ। ਮੈਨੂੰ ਆਪਣੀ ਚੰਗੀ ਪਤਨੀ ਅਤੇ ਆਗਿਆਕਾਰ ਧੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਮੈਂ ਯਹੋਵਾਹ ਦਾ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਮਸੀਹੀ ਭਾਈਚਾਰੇ ਦਾ ਹਿੱਸਾ ਬਣਨ ਦਿੱਤਾ ਹੈ। ਮੈਂ ਇਸ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਨੇ ਮੈਨੂੰ ਬਾਈਬਲ ਦੀ ਸਿੱਖਿਆ ਦੇਣ ਲਈ ਮਿਹਨਤ ਕੀਤੀ। ਮੈਂ ਦੂਜਿਆਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਦੱਸਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਂਦਾ ਹਾਂ। ਮੈਂ ਖ਼ਾਸਕਰ ਯਹੋਵਾਹ ਪਰਮੇਸ਼ੁਰ ਦਾ ਧੰਨਵਾਦੀ ਹਾਂ ਜਿਸ ਨੇ ਮੇਰੇ ’ਤੇ ਅਪਾਰ ਕਿਰਪਾ ਕਰ ਕੇ ਮੈਨੂੰ ਆਪਣੇ ਵੱਲ ਖਿੱਚਿਆ ਹੈ। (w11-E 11/01)

[ਸਫ਼ਾ 15 ਉੱਤੇ ਸੁਰਖੀ]

“ਮੈਨੂੰ ਪਤਾ ਲੱਗਾ ਕਿ ਯਹੋਵਾਹ ਦੀਆਂ ਵੀ ਭਾਵਨਾਵਾਂ ਹਨ ਅਤੇ ਮੈਂ ਉਸ ਦੇ ਦਿਲ ਨੂੰ ਠੇਸ ਪਹੁੰਚਾ ਸਕਦਾ ਹਾਂ ਜਾਂ ਉਸ ਨੂੰ ਖ਼ੁਸ਼ ਕਰ ਸਕਦਾ ਹਾਂ”

[ਸਫ਼ਾ 15 ਉੱਤੇ ਤਸਵੀਰ]

ਆਪਣੀ ਪਤਨੀ ਅਤੇ ਧੀ ਨਾਲ

[ਸਫ਼ਾ 15 ਉੱਤੇ ਤਸਵੀਰ]

ਮੈਂ ਆਪਣੀ ਮਾਤਾ ਜੀ ਵਿਚ ਚੰਗੀਆਂ ਤਬਦੀਲੀਆਂ ਦੇਖੀਆਂ