Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਪਤੀ-ਪਤਨੀ ਵਜੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੋ

ਪਤੀ-ਪਤਨੀ ਵਜੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੋ

ਫਰੈੱਡਰਿਕ *: “ਜਦੋਂ ਸਾਡਾ ਪਹਿਲਾਂ-ਪਹਿਲਾਂ ਵਿਆਹ ਹੋਇਆ, ਤਾਂ ਮੈਂ ਆਪਣੀ ਪਤਨੀ ’ਤੇ ਜ਼ੋਰ ਪਾਇਆ ਕਿ ਅਸੀਂ ਦੋਵੇਂ ਇਕੱਠੇ ਬਾਈਬਲ ਸਟੱਡੀ ਕਰੀਏ। ਮੈਂ ਚਾਹੁੰਦਾ ਸੀ ਕਿ ਉਹ ਆਪਣਾ ਪੂਰਾ ਧਿਆਨ ਲਾ ਕੇ ਸਟੱਡੀ ਕਰੇ। ਪਰ ਲੀਐਨ ਕੋਲੋਂ ਟਿਕ ਕੇ ਬੈਠ ਨਹੀਂ ਸੀ ਹੁੰਦਾ। ਅਤੇ ਜਦੋਂ ਮੈਂ ਸਵਾਲ ਪੁੱਛਦਾ ਸੀ, ਤਾਂ ਉਹ ਸਿਰਫ਼ ਹਾਂ ਜਾਂ ਨਾਂਹ ਵਿਚ ਜਵਾਬ ਦਿੰਦੀ ਸੀ। ਉਸ ਦੇ ਜਵਾਬ ਸੁਣ ਕੇ ਮੈਂ ਸੋਚਿਆ ਕਿ ਇਹ ਵੀ ਕੋਈ ਬਾਈਬਲ ਸਟੱਡੀ ਕਰਨ ਦਾ ਤਰੀਕਾ ਹੈ।”

ਲੀਐਨ: “ਮੈਂ 18 ਸਾਲਾਂ ਦੀ ਸੀ ਜਦੋਂ ਫਰੈੱਡਰਿਕ ਨਾਲ ਮੇਰਾ ਵਿਆਹ ਹੋਇਆ। ਅਸੀਂ ਬਾਕਾਇਦਾ ਇਕੱਠੇ ਬਾਈਬਲ ਸਟੱਡੀ ਕਰਦੇ ਸਾਂ, ਪਰ ਫਰੈੱਡਰਿਕ ਸਟੱਡੀ ਦੌਰਾਨ ਹਰ ਵਾਰ ਮੇਰੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਖਿੱਚਦਾ ਸੀ ਕਿ ਮੈਨੂੰ ਪਤਨੀ ਵਜੋਂ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਇਹ ਸੁਣ ਕੇ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਸੀ ਤੇ ਮੈਂ ਨਿਰਾਸ਼ ਹੋ ਜਾਂਦੀ ਸੀ!”

ਤੁਹਾਨੂੰ ਕੀ ਲੱਗਦਾ ਹੈ ਕਿ ਫਰੈੱਡਰਿਕ ਅਤੇ ਲੀਐਨ ਦੇ ਰਿਸ਼ਤੇ ਵਿਚ ਕਿਹੜੀ ਗੱਲ ਦੀ ਕਮੀ ਸੀ? ਉਨ੍ਹਾਂ ਦੇ ਇਰਾਦੇ ਤਾਂ ਨੇਕ ਸਨ। ਉਹ ਦੋਵੇਂ ਪਰਮੇਸ਼ੁਰ ਨਾਲ ਪਿਆਰ ਕਰਦੇ ਸਨ। ਅਤੇ ਉਹ ਦੋਵੇਂ ਇਕੱਠੇ ਬਾਈਬਲ ਸਟੱਡੀ ਕਰਨੀ ਜ਼ਰੂਰੀ ਸਮਝਦੇ ਸਨ। ਬਾਈਬਲ ਦੀ ਸਟੱਡੀ ਕਰਨ ਨਾਲ ਤਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਸੀ, ਪਰ ਉਨ੍ਹਾਂ ਦੇ ਨਾਲ ਇਸ ਤੋਂ ਉਲਟ ਹੀ ਹੋਇਆ। ਬੇਸ਼ੱਕ ਉਹ ਇਕੱਠੇ ਸਟੱਡੀ ਕਰਦੇ ਸਨ, ਪਰ ਉਹ ਮਿਲ ਕੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਨਹੀਂ ਚੱਲ ਰਹੇ ਸਨ।

ਮਸੀਹੀਆਂ ਦਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ? ਵਿਆਹੇ ਲੋਕਾਂ ਨੂੰ ਅਜਿਹਾ ਰਵੱਈਆ ਕਿਉਂ ਰੱਖਣਾ ਚਾਹੀਦਾ ਹੈ? ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਆ ਸਕਦੀਆਂ ਹਨ ਅਤੇ ਉਹ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਮਸੀਹੀਆਂ ਦਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

ਬਾਈਬਲ ਵਿਚ ਵੱਖੋ-ਵੱਖਰੇ ਰਵੱਈਏ ਜਾਂ ਜੀਉਣ ਦੇ ਤੌਰ-ਤਰੀਕਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ। (ਯਹੂਦਾਹ 18, 19) ਮਿਸਾਲ ਲਈ, ਬਾਈਬਲ ਦਾ ਇਕ ਲੇਖਕ ਪੌਲੁਸ ਰਸੂਲ ਦੱਸਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਵਾਲੇ ਇਨਸਾਨ ਅਤੇ ਆਪਣੀਆਂ ਸਰੀਰਕ ਇੱਛਾਵਾਂ ਮੁਤਾਬਕ ਚੱਲਣ ਵਾਲੇ ਇਨਸਾਨ ਵਿਚ ਕੀ ਫ਼ਰਕ ਹੈ। ਉਹ ਦੱਸਦਾ ਹੈ ਕਿ ਜਿਹੜੇ ਇਨਸਾਨ ਸਰੀਰਕ ਇੱਛਾਵਾਂ ਮੁਤਾਬਕ ਚੱਲਦੇ ਹਨ, ਉਹ ਜ਼ਿਆਦਾਤਰ ਆਪਣੇ ਬਾਰੇ ਹੀ ਸੋਚਦੇ ਹਨ। ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੀ ਬਜਾਇ, ਉਹ ਉਹੀ ਕੰਮ ਕਰਦੇ ਹਨ ਜੋ ਉਨ੍ਹਾਂ ਨੂੰ ਸਹੀ ਲੱਗਦੇ ਹਨ।—1 ਕੁਰਿੰਥੀਆਂ 2:14; ਗਲਾਤੀਆਂ 5:19, 20.

ਇਸ ਤੋਂ ਉਲਟ ਜਿਹੜੇ ਇਨਸਾਨ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ ਉਹ ਉਸ ਦੇ ਮਿਆਰਾਂ ਦੀ ਕਦਰ ਕਰਦੇ ਹਨ। ਉਹ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਦੋਸਤ ਸਮਝਦੇ ਹਨ ਅਤੇ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। (ਅਫ਼ਸੀਆਂ 5:1) ਇਸ ਲਈ ਉਹ ਦੂਜਿਆਂ ਨਾਲ ਪਿਆਰ, ਦਇਆ ਅਤੇ ਨਰਮਾਈ ਨਾਲ ਪੇਸ਼ ਆਉਂਦੇ ਹਨ। (ਕੂਚ 34:6) ਨਾਲੇ ਉਹ ਉਸ ਵੇਲੇ ਵੀ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ ਜਦੋਂ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੁੰਦਾ। (ਜ਼ਬੂਰਾਂ ਦੀ ਪੋਥੀ 15:1, 4) ਬਲਵੀਰ, ਜੋ ਕੈਨੇਡਾ ਵਿਚ ਰਹਿੰਦਾ ਹੈ ਤੇ 35 ਸਾਲਾਂ ਤੋਂ ਵਿਆਹਿਆ ਹੋਇਆ ਹੈ, ਕਹਿੰਦਾ ਹੈ: “ਮੇਰੇ ਹਿਸਾਬ ਨਾਲ ਜੋ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਦਾ ਹੈ, ਉਹ ਹਮੇਸ਼ਾ ਧਿਆਨ ਰੱਖਦਾ ਹੈ ਕਿ ਉਸ ਦੀਆਂ ਗੱਲਾਂ ਤੇ ਉਸ ਦੇ ਕੰਮਾਂ ਦਾ ਪਰਮੇਸ਼ੁਰ ਨਾਲ ਉਸ ਦੀ ਦੋਸਤੀ ’ਤੇ ਕੀ ਅਸਰ ਪਵੇਗਾ।” ਉਸ ਦੀ ਪਤਨੀ ਸਰੋਜ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਜੋ ਤੀਵੀਂ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਦੀ ਹੈ, ਉਹ ਰੋਜ਼ ਆਪਣੇ ਵਿਚ ਪਰਮੇਸ਼ੁਰ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ।”—ਗਲਾਤੀਆਂ 5:22, 23.

ਇਹ ਜ਼ਰੂਰੀ ਨਹੀਂ ਕਿ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਲਈ ਇਨਸਾਨ ਵਿਆਹਿਆ ਹੋਣਾ ਚਾਹੀਦਾ ਹੈ। ਬਾਈਬਲ ਇਹ ਸਿਖਾਉਂਦੀ ਹੈ ਕਿ ਹਰ ਇਨਸਾਨ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਪਰਮੇਸ਼ੁਰ ਬਾਰੇ ਸਿੱਖੇ ਤੇ ਉਸ ਦੀ ਰੀਸ ਕਰੇ।—ਰਸੂਲਾਂ ਦੇ ਕੰਮ 17:26, 27.

ਪਤੀ-ਪਤਨੀ ਵਜੋਂ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਦੀ ਕਿਉਂ ਲੋੜ ਹੈ?

ਤਾਂ ਫਿਰ ਪਤੀ-ਪਤਨੀ ਨੂੰ ਮਿਲ ਕੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਦੀ ਕਿਉਂ ਲੋੜ ਹੈ? ਇਸ ਮਿਸਾਲ ’ਤੇ ਗੌਰ ਕਰੋ: ਦੋ ਮਾਲੀ ਮਿਲ ਕੇ ਇਕ ਪਲਾਟ ਖ਼ਰੀਦਦੇ ਹਨ ਜਿਸ ਵਿਚ ਉਹ ਸਬਜ਼ੀਆਂ ਉਗਾਉਣੀਆਂ ਚਾਹੁੰਦੇ ਹਨ। ਇਕ ਮਾਲੀ ਫ਼ੈਸਲਾ ਕਰਦਾ ਹੈ ਕਿ ਉਹ ਸਾਲ ਦੇ ਕਿਸੇ ਖ਼ਾਸ ਸਮੇਂ ਤੇ ਬੀ ਬੀਜੇਗਾ ਜਦ ਕਿ ਦੂਸਰਾ ਸੋਚਦਾ ਹੈ ਕਿ ਬੀ ਉਸ ਸਮੇਂ ਤੋਂ ਬਾਅਦ ਬੀਜੇ ਜਾਣੇ ਚਾਹੀਦੇ ਹਨ। ਇਕ ਕਿਸੇ ਖ਼ਾਸ ਕਿਸਮ ਦੀ ਖਾਦ ਪਾਉਣੀ ਚਾਹੁੰਦਾ ਹੈ, ਪਰ ਦੂਜਾ ਉਸ ਦੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੁੰਦਾ। ਉਹ ਸੋਚਦਾ ਹੈ ਕਿ ਪੌਦਿਆਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਕ ਜਣਾ ਹਰ ਰੋਜ਼ ਬਗ਼ੀਚੇ ਵਿਚ ਮਿਹਨਤ ਕਰਨੀ ਚਾਹੁੰਦਾ ਹੈ। ਦੂਜਾ ਕੰਮ ਕਰਨ ਦੀ ਬਜਾਇ ਹੱਥ ’ਤੇ ਹੱਥ ਧਰ ਕੇ ਬੈਠਾ ਰਹਿਣਾ ਚਾਹੁੰਦਾ ਹੈ। ਜੇ ਉਹ ਇਸ ਤਰ੍ਹਾਂ ਆਪੋ-ਆਪਣੀ ਮਰਜ਼ੀ ਕਰਨ, ਤਾਂ ਥੋੜ੍ਹੇ-ਬਹੁਤੇ ਚੰਗੇ ਨਤੀਜੇ ਨਿਕਲਣਗੇ, ਪਰ ਜੇ ਉਹ ਮਿਲ ਕੇ ਕੰਮ ਕਰਨ, ਤਾਂ ਹੋਰ ਵੀ ਵਧੀਆ ਨਤੀਜੇ ਨਿਕਲ ਸਕਦੇ ਹਨ।

ਇਕ ਪਤੀ ਤੇ ਪਤਨੀ ਉਨ੍ਹਾਂ ਮਾਲੀਆਂ ਵਰਗੇ ਹਨ। ਜੇ ਸਿਰਫ਼ ਇਕ ਜਣਾ ਪਰਮੇਸ਼ੁਰ ਦੀ ਸੇਧ ਵਿਚ ਚੱਲਦਾ ਹੈ, ਤਾਂ ਉਨ੍ਹਾਂ ਦਾ ਰਿਸ਼ਤਾ ਸ਼ਾਇਦ ਕੁਝ ਹੱਦ ਤਕ ਸੁਧਰ ਜਾਵੇ। (1 ਪਤਰਸ 3:1, 2) ਪਰ ਕਿੰਨਾ ਚੰਗਾ ਹੋਵੇਗਾ ਜੇ ਪਤੀ-ਪਤਨੀ ਮਿਲ ਕੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਅਤੇ ਪਰਮੇਸ਼ੁਰ ਦੀ ਸੇਵਾ ਕਰਦਿਆਂ ਇਕ-ਦੂਜੇ ਦਾ ਸਾਥ ਦੇਣ ਲਈ ਸਖ਼ਤ ਮਿਹਨਤ ਕਰਨ! ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ। ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਉਪਦੇਸ਼ਕ ਦੀ ਪੋਥੀ 4:9, 10.

ਤੁਸੀਂ ਸ਼ਾਇਦ ਦੋਵੇਂ ਮਿਲ ਕੇ ਪਰਮੇਸ਼ੁਰ ਬਾਰੇ ਸਿੱਖ ਕੇ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਬਣਾਉਣਾ ਚਾਹੁੰਦੇ ਹੋ। ਪਰ ਜਿਸ ਤਰ੍ਹਾਂ ਬਗ਼ੀਚੇ ਵਿਚ ਮਿਹਨਤ ਤੋਂ ਬਿਨਾਂ ਪੇੜ-ਪੌਦੇ ਨਹੀਂ ਉੱਗਦੇ, ਉਸੇ ਤਰ੍ਹਾਂ ਪਰਮੇਸ਼ੁਰ ਬਾਰੇ ਸਿੱਖਣ ਦੀ ਇੱਛਾ ਤੋਂ ਇਲਾਵਾ ਤੁਹਾਨੂੰ ਕੁਝ ਕਰਨ ਦੀ ਵੀ ਲੋੜ ਹੈ। ਦੋ ਚੁਣੌਤੀਆਂ ’ਤੇ ਗੌਰ ਕਰੋ ਜੋ ਤੁਹਾਨੂੰ ਆ ਸਕਦੀਆਂ ਹਨ ਅਤੇ ਦੇਖੋ ਕਿ ਤੁਸੀਂ ਉਨ੍ਹਾਂ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹੋ।

ਚੁਣੌਤੀ 1: ਸਾਡੇ ਕੋਲ ਸਮਾਂ ਨਹੀਂ।

ਸੁਸ਼ਮਾ, ਜਿਸ ਦਾ ਕੁਝ ਹੀ ਸਮੇਂ ਪਹਿਲਾਂ ਵਿਆਹ ਹੋਇਆ ਸੀ, ਕਹਿੰਦੀ ਹੈ: “ਮੇਰਾ ਪਤੀ ਸ਼ਾਮ ਨੂੰ 7:00 ਵਜੇ ਮੈਨੂੰ ਕੰਮ ਤੋਂ ਲੈਣ ਆਉਂਦਾ ਹੈ। ਜਦੋਂ ਅਸੀਂ ਘਰ ਆਉਂਦੇ ਹਾਂ, ਤਾਂ ਸਾਰੇ ਕੰਮ ਕਰਨ ਵਾਲੇ ਹੁੰਦੇ ਹਨ। ਥੱਕੇ-ਟੁੱਟੇ ਹੋਣ ਕਰਕੇ ਸਾਡੇ ਮਨ ਤੇ ਸਰੀਰ ਵਿਚ ਜੱਦੋ-ਜਹਿਦ ਚੱਲਦੀ ਰਹਿੰਦੀ ਹੈ। ਮਨ ਤਾਂ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਬਾਰੇ ਕੁਝ ਸਿੱਖੀਏ, ਪਰ ਸਰੀਰ ਜਵਾਬ ਦੇ ਦਿੰਦਾ ਹੈ।”

ਇਕ ਹੱਲ ਹੈ: ਕੁਝ ਤਬਦੀਲੀਆਂ ਕਰਨ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ ਦਾ ਜਤਨ ਕਰੋ। ਸੁਸ਼ਮਾ ਕਹਿੰਦੀ ਹੈ: “ਮੈਂ ਤੇ ਮੇਰੇ ਪਤੀ ਨੇ ਸਵੇਰੇ ਜਲਦੀ ਉੱਠ ਕੇ ਕੰਮ ਤੇ ਜਾਣ ਤੋਂ ਪਹਿਲਾਂ ਬਾਈਬਲ ਦਾ ਕੁਝ ਹਿੱਸਾ ਪੜ੍ਹਨ ਤੇ ਉਸ ਬਾਰੇ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ। ਉਹ ਘਰ ਦੇ ਕੰਮਾਂ ਵਿਚ ਵੀ ਮੇਰਾ ਹੱਥ ਵਟਾਉਂਦਾ ਹੈ ਤਾਂਕਿ ਮੈਂ ਉਸ ਨਾਲ ਬੈਠ ਕੇ ਥੋੜ੍ਹਾ ਸਮਾਂ ਬਿਤਾ ਸਕਾਂ।” ਇਹ ਜਤਨ ਕਰਨ ਨਾਲ ਕੀ ਫ਼ਾਇਦਾ ਹੋਇਆ? ਸੁਸ਼ਮਾ ਦਾ ਪਤੀ ਸੁਖਦੀਪ ਕਹਿੰਦਾ ਹੈ: “ਜਦੋਂ ਮੈਂ ਤੇ ਸੁਸ਼ਮਾ ਇਕੱਠੇ ਬਾਕਾਇਦਾ ਪਰਮੇਸ਼ੁਰ ਬਾਰੇ ਗੱਲਾਂ ਕਰਦੇ ਹਾਂ, ਤਾਂ ਅਸੀਂ ਵਧੀਆ ਤਰੀਕੇ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ ਅਤੇ ਇਸ ਨਾਲ ਸਾਡੀਆਂ ਚਿੰਤਾਵਾਂ ਘੱਟ ਜਾਂਦੀਆਂ ਹਨ।”

ਇਕ-ਦੂਜੇ ਨਾਲ ਗੱਲਬਾਤ ਕਰਨ ਦੇ ਨਾਲ-ਨਾਲ, ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਕੁਝ ਮਿੰਟਾਂ ਲਈ ਇਕੱਠੇ ਪ੍ਰਾਰਥਨਾ ਵੀ ਕਰੋ। ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ? ਨਰੇਸ਼, ਜੋ 16 ਸਾਲਾਂ ਤੋਂ ਵਿਆਹਿਆ ਹੋਇਆ ਹੈ, ਕਹਿੰਦਾ ਹੈ: “ਕੁਝ ਸਮਾਂ ਪਹਿਲਾਂ ਮੇਰੇ ਤੇ ਮੇਰੀ ਪਤਨੀ ਦੇ ਰਿਸ਼ਤੇ ਵਿਚ ਦਰਾੜ ਪੈ ਗਈ ਸੀ। ਪਰ ਅਸੀਂ ਸਮਾਂ ਕੱਢ ਕੇ ਇਕੱਠੇ ਹਰ ਰਾਤ ਪ੍ਰਾਰਥਨਾ ਕਰਦੇ ਸੀ ਅਤੇ ਪਰਮੇਸ਼ੁਰ ਅੱਗੇ ਆਪਣੇ ਦਿਲ ਖੋਲ੍ਹ ਦਿੰਦੇ ਸੀ। ਮੈਨੂੰ ਲੱਗਦਾ ਹੈ ਕਿ ਇਕੱਠੇ ਪ੍ਰਾਰਥਨਾ ਕਰਨ ਨਾਲ ਸਾਨੂੰ ਮੁਸ਼ਕਲਾਂ ਸੁਲਝਾਉਣ ਵਿਚ ਮਦਦ ਮਿਲੀ ਅਤੇ ਹੁਣ ਸਾਡਾ ਵਿਆਹੁਤਾ ਰਿਸ਼ਤਾ ਵਧੀਆ ਹੈ।”

ਸੁਝਾਅ: ਹਰ ਰੋਜ਼ ਸ਼ਾਮ ਨੂੰ ਕੁਝ ਮਿੰਟ ਕੱਢ ਕੇ ਇਕ-ਦੂਜੇ ਨਾਲ ਗੱਲਬਾਤ ਕਰੋ ਕਿ ਤੁਹਾਡੇ ਦੋਵਾਂ ਨਾਲ ਦਿਨ ਵਿਚ ਕਿਹੜੀਆਂ ਚੰਗੀਆਂ ਗੱਲਾਂ ਹੋਈਆਂ ਜਿਨ੍ਹਾਂ ਲਈ ਤੁਸੀਂ ਪਰਮੇਸ਼ੁਰ ਦਾ ਧੰਨਵਾਦ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਆਪਣੀਆਂ ਚੁਣੌਤੀਆਂ ਬਾਰੇ ਵੀ ਗੱਲ ਕਰੋ ਜਿਨ੍ਹਾਂ ਦਾ ਸਾਮ੍ਹਣਾ ਕਰਨ ਲਈ ਖ਼ਾਸ ਕਰਕੇ ਤੁਹਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਚੇਤਾਵਨੀ: ਇਸ ਮੌਕੇ ਤੇ ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ਦਾ ਜ਼ਿਕਰ ਨਾ ਕਰੋ। ਇਸ ਦੀ ਬਜਾਇ, ਜਦੋਂ ਤੁਸੀਂ ਇਕੱਠੇ ਪ੍ਰਾਰਥਨਾ ਕਰਦੇ ਹੋ, ਤਾਂ ਸਿਰਫ਼ ਉਨ੍ਹਾਂ ਗੱਲਾਂ ਦਾ ਜ਼ਿਕਰ ਕਰੋ ਜਿਨ੍ਹਾਂ ਨੂੰ ਤੁਹਾਨੂੰ ਮਿਲ ਕੇ ਸੁਲਝਾਉਣ ਦੀ ਲੋੜ ਹੈ। ਫਿਰ ਅਗਲੇ ਦਿਨ ਉਸੇ ਤਰ੍ਹਾਂ ਕਰੋ ਜੋ ਤੁਸੀਂ ਪ੍ਰਾਰਥਨਾ ਵਿਚ ਕਿਹਾ ਸੀ।

ਚੁਣੌਤੀ 2: ਸਾਡੀਆਂ ਕਾਬਲੀਅਤਾਂ ਵੱਖੋ-ਵੱਖਰੀਆਂ ਹਨ।

ਇੰਦਰ ਕਹਿੰਦਾ ਹੈ: “ਮੈਨੂੰ ਕਦੇ ਵੀ ਬੈਠ ਕੇ ਕਿਤਾਬ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਸੀ।” ਉਸ ਦੀ ਪਤਨੀ ਕਮਲ ਕਹਿੰਦੀ ਹੈ: “ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਤੇ ਸਿੱਖੀਆਂ ਗੱਲਾਂ ਬਾਰੇ ਗੱਲਬਾਤ ਕਰਨੀ ਵੀ ਚੰਗੀ ਲੱਗਦੀ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਇੰਦਰ ਮੇਰੇ ਕਰਕੇ ਘਬਰਾ ਜਾਂਦਾ ਹੈ ਜਦੋਂ ਅਸੀਂ ਬਾਈਬਲ ਦੇ ਵਿਸ਼ਿਆਂ ’ਤੇ ਗੱਲਬਾਤ ਕਰਦੇ ਹਾਂ।”

ਇਕ ਸੁਝਾਅ ਹੈ: ਸਾਥ ਦਿਓ, ਮੁਕਾਬਲਾ ਨਾ ਕਰੋ ਜਾਂ ਨੁਕਸ ਨਾ ਕੱਢੋ। ਆਪਣੇ ਸਾਥੀ ਦੀਆਂ ਖੂਬੀਆਂ ਦੀ ਤਾਰੀਫ਼ ਕਰੋ ਅਤੇ ਉਸ ਦਾ ਹੌਸਲਾ ਵਧਾਓ। ਇੰਦਰ ਕਹਿੰਦਾ ਹੈ: “ਮੇਰੀ ਪਤਨੀ ਬਾਈਬਲ ਦੇ ਵਿਸ਼ਿਆਂ ਉੱਤੇ ਗੱਲਾਂ ਕਰਨ ਵਿਚ ਕੁਝ ਜ਼ਿਆਦਾ ਜੋਸ਼ ਦਿਖਾਉਂਦੀ ਹੈ। ਪਹਿਲਾਂ-ਪਹਿਲਾਂ ਤਾਂ ਮੈਂ ਇਨ੍ਹਾਂ ਵਿਸ਼ਿਆਂ ’ਤੇ ਉਸ ਨਾਲ ਗੱਲ ਕਰਨ ਤੋਂ ਹਿਚਕਿਚਾਉਂਦਾ ਸੀ। ਪਰ ਕਮਲ ਨੇ ਮੇਰਿਆਂ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹੁਣ ਅਸੀਂ ਬਾਕਾਇਦਾ ਇਕੱਠੇ ਬਾਈਬਲ ਦੇ ਵਿਸ਼ਿਆਂ ’ਤੇ ਗੱਲਬਾਤ ਕਰਦੇ ਹਾਂ ਅਤੇ ਹੁਣ ਮੈਨੂੰ ਪਤਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ। ਇਨ੍ਹਾਂ ਵਿਸ਼ਿਆਂ ’ਤੇ ਉਸ ਨਾਲ ਗੱਲਬਾਤ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਹੁਣ ਅਸੀਂ ਬਿਨਾਂ ਝਿਜਕੇ ਇਕ-ਦੂਜੇ ਨਾਲ ਆਰਾਮ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਸਾਡੀ ਆਪਸ ਵਿਚ ਚੰਗੀ ਨਿਭਦੀ ਹੈ।”

ਕਈ ਜੋੜਿਆਂ ਨੇ ਦੇਖਿਆ ਹੈ ਕਿ ਜਦੋਂ ਉਹ ਹਰ ਹਫ਼ਤੇ ਇਕੱਠੇ ਬਾਈਬਲ ਪੜ੍ਹਨ ਤੇ ਸਟੱਡੀ ਕਰਨ ਲਈ ਸਮਾਂ ਕੱਢਦੇ ਹਨ, ਤਾਂ ਉਨ੍ਹਾਂ ਦਾ ਆਪਸ ਵਿਚ ਰਿਸ਼ਤਾ ਮਜ਼ਬੂਤ ਹੁੰਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ: ਬਾਈਬਲ ਤੋਂ ਮਿਲੀ ਕੋਈ ਵੀ ਸਲਾਹ ਆਪਣੇ ਆਪ ’ਤੇ ਲਾਗੂ ਕਰੋ, ਨਾ ਕਿ ਆਪਣੇ ਸਾਥੀ ’ਤੇ। (ਗਲਾਤੀਆਂ 6:4) ਨਾਜ਼ੁਕ ਵਿਸ਼ਿਆਂ ਬਾਰੇ, ਜਿਨ੍ਹਾਂ ਕਰਕੇ ਝਗੜਾ ਹੋ ਸਕਦਾ ਹੈ, ਕਿਸੇ ਹੋਰ ਸਮੇਂ ਗੱਲਬਾਤ ਕਰੋ, ਨਾ ਕਿ ਸਟੱਡੀ ਦੇ ਦੌਰਾਨ। ਕਿਉਂ?

ਇਸ ਗੱਲ ’ਤੇ ਗੌਰ ਕਰੋ: ਜੇ ਤੁਸੀਂ ਪਰਿਵਾਰ ਨਾਲ ਬੈਠ ਕੇ ਖਾਣਾ ਖਾ ਰਹੇ ਹੋ, ਤਾਂ ਕੀ ਤੁਸੀਂ ਉਸ ਸਮੇਂ ਰਿਸਦੇ ਜ਼ਖ਼ਮ ਉੱਤੇ ਪੱਟੀ ਬੰਨ੍ਹਣ ਬਾਰੇ ਸੋਚੋਗੇ? ਬਿਲਕੁਲ ਨਹੀਂ! ਇਹ ਦੇਖ ਕੇ ਸਾਰਿਆਂ ਦੀ ਭੁੱਖ ਮਰ ਜਾਵੇਗੀ। ਯਿਸੂ ਨੇ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖਣ ਤੇ ਉਸ ਨੂੰ ਪੂਰਾ ਕਰਨ ਦੀ ਤੁਲਨਾ ਖਾਣਾ ਖਾਣ ਨਾਲ ਕੀਤੀ ਸੀ। (ਮੱਤੀ 4:4; ਯੂਹੰਨਾ 4:34) ਜੇ ਤੁਸੀਂ ਹਰ ਵੇਲੇ ਬਾਈਬਲ ਖੋਲ੍ਹਣ ਤੇ ਦਿਲ ਦੇ ਜ਼ਖ਼ਮਾਂ ਬਾਰੇ ਗੱਲਬਾਤ ਛੇੜੋ, ਤਾਂ ਸ਼ਾਇਦ ਤੁਹਾਡੇ ਸਾਥੀ ਦੀ ਪਰਮੇਸ਼ੁਰ ਦੇ ਬਚਨ ਬਾਰੇ ਸਿੱਖਣ ਦੀ ਭੁੱਖ ਮਿਟ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਮੁਸ਼ਕਲਾਂ ਬਾਰੇ ਗੱਲਬਾਤ ਕਰਨ ਦੀ ਲੋੜ ਹੈ, ਪਰ ਉਨ੍ਹਾਂ ਦੀ ਚਰਚਾ ਉਸ ਸਮੇਂ ਤੇ ਕਰੋ ਜੋ ਤੁਸੀਂ ਇਸ ਮਕਸਦ ਲਈ ਰੱਖਿਆ ਹੈ।—ਕਹਾਉਤਾਂ 10:19; 15:23.

ਸੁਝਾਅ: ਆਪਣੇ ਸਾਥੀ ਦੇ ਦੋ ਜਾਂ ਤਿੰਨ ਵਧੀਆ ਗੁਣ ਲਿਖੋ ਜੋ ਤੁਹਾਨੂੰ ਸਭ ਤੋਂ ਚੰਗੇ ਲੱਗਦੇ ਹਨ। ਫਿਰ ਜਦੋਂ ਤੁਸੀਂ ਅਗਲੀ ਵਾਰ ਇਨ੍ਹਾਂ ਗੁਣਾਂ ਨਾਲ ਸੰਬੰਧਿਤ ਬਾਈਬਲ ਦੇ ਵਿਸ਼ਿਆਂ ਬਾਰੇ ਗੱਲਬਾਤ ਕਰੋਗੇ, ਤਾਂ ਤੁਸੀਂ ਆਪਣੇ ਸਾਥੀ ਨੂੰ ਦੱਸੋ ਕਿ ਤੁਹਾਨੂੰ ਉਸ ਵਿਚ ਇਹ ਗੁਣ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ।

ਜੋ ਤੁਸੀਂ ਬੀਜਦੇ ਹੋ, ਉਹੀ ਵੱਢਦੇ ਹੋ

ਜੇ ਤੁਸੀਂ ਮਿਲ ਕੇ ਪਰਮੇਸ਼ੁਰ ਬਾਰੇ ਸਿੱਖ ਕੇ ਉਸ ਦੇ ਸਿਧਾਂਤਾਂ ’ਤੇ ਚੱਲਦੇ ਹੋ, ਤਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ। ਅਸਲ ਵਿਚ ਪਰਮੇਸ਼ੁਰ ਦਾ ਬਚਨ ਗਾਰੰਟੀ ਦਿੰਦਾ ਹੈ ਕਿ “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”—ਗਲਾਤੀਆਂ 6:7.

ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਫਰੈੱਡਰਿਕ ਅਤੇ ਲੀਐਨ ਨਾਲ ਬਾਈਬਲ ਦੇ ਇਸ ਸਿਧਾਂਤ ਮੁਤਾਬਕ ਹੀ ਹੋਇਆ। ਉਨ੍ਹਾਂ ਨੂੰ ਵਿਆਹਿਆਂ ਨੂੰ ਹੁਣ 45 ਸਾਲ ਹੋ ਗਏ ਹਨ ਅਤੇ ਉਹ ਜਾਣਦੇ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਫਰੈੱਡਰਿਕ ਕਹਿੰਦਾ ਹੈ: “ਮੈਂ ਪਹਿਲਾਂ ਆਪਣੀ ਪਤਨੀ ਨੂੰ ਦੋਸ਼ ਦਿੰਦਾ ਹੁੰਦਾ ਸੀ ਕਿ ਉਹ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰਦੀ। ਪਰ ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਵੀ ਕੋਸ਼ਿਸ਼ ਕਰਨ ਦੀ ਲੋੜ ਸੀ।” ਲੀਐਨ ਕਹਿੰਦੀ ਹੈ: “ਜਿਸ ਗੱਲ ਨੇ ਸਾਡੀ ਮੁਸ਼ਕਲ ਘੜੀਆਂ ਵਿਚ ਮਦਦ ਕੀਤੀ, ਉਹ ਸੀ ਕਿ ਅਸੀਂ ਦੋਵੇਂ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਦੇ ਸੀ। ਸਾਲਾਂ ਤੋਂ ਅਸੀਂ ਬਾਕਾਇਦਾ ਇਕੱਠੇ ਸਟੱਡੀ ਤੇ ਪ੍ਰਾਰਥਨਾ ਕਰਦੇ ਆਏ ਹਾਂ। ਜਦੋਂ ਮੈਂ ਫਰੈੱਡਰਿਕ ਨੂੰ ਆਪਣੇ ਵਿਚ ਮਸੀਹੀ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦਿਆਂ ਦੇਖਦੀ ਹਾਂ, ਤਾਂ ਉਸ ਲਈ ਮੇਰੇ ਦਿਲ ਵਿਚ ਹੋਰ ਵੀ ਪਿਆਰ ਜਾਗ ਉੱਠਦਾ ਹੈ।” (w11-E 11/01)

^ ਪੈਰਾ 3 ਨਾਂ ਬਦਲੇ ਗਏ ਹਨ।

ਆਪਣੇ ਆਪ ਨੂੰ ਪੁੱਛੋ . . .

  • ਪਿਛਲੀ ਵਾਰ ਅਸੀਂ ਕਦੋਂ ਇਕੱਠਿਆਂ ਨੇ ਪ੍ਰਾਰਥਨਾ ਕੀਤੀ ਸੀ?

  • ਮੈਂ ਕੀ ਕਰ ਸਕਦਾ ਹਾਂ ਤਾਂਕਿ ਮੇਰੇ ਸਾਥੀ ਨੂੰ ਮੇਰੇ ਨਾਲ ਬਾਈਬਲ ਦੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦੀ ਹੱਲਾਸ਼ੇਰੀ ਮਿਲੇ?