Skip to content

Skip to table of contents

ਪਰਮੇਸ਼ੁਰ ਦੇ ਹੁਕਮਾਂ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਪਰਮੇਸ਼ੁਰ ਦੇ ਹੁਕਮਾਂ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਪਰਮੇਸ਼ੁਰ ਦੇ ਬਚਨ ਤੋਂ ਸਿੱਖੋ

ਪਰਮੇਸ਼ੁਰ ਦੇ ਹੁਕਮਾਂ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।

1. ਸਾਨੂੰ ਪਰਮੇਸ਼ੁਰ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

ਪਰਮੇਸ਼ੁਰ ਸਾਡਾ ਸਿਰਜਣਹਾਰ ਹੈ, ਇਸ ਲਈ ਉਸ ਦਾ ਕਹਿਣਾ ਮੰਨਣਾ ਸਾਡਾ ਫ਼ਰਜ਼ ਬਣਦਾ ਹੈ। ਯਿਸੂ ਨੇ ਵੀ ਹਮੇਸ਼ਾ ਪਰਮੇਸ਼ੁਰ ਦਾ ਕਹਿਣਾ ਮੰਨਿਆ ਸੀ। (ਯੂਹੰਨਾ 6:38; ਪ੍ਰਕਾਸ਼ ਦੀ ਕਿਤਾਬ 4:11) ਪਰਮੇਸ਼ੁਰ ਦੇ ਹੁਕਮ ਮੰਨ ਕੇ ਅਸੀਂ ਸਾਬਤ ਕਰ ਸਕਦੇ ਹਾਂ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।—1 ਯੂਹੰਨਾ 5:3 ਪੜ੍ਹੋ।

ਯਹੋਵਾਹ ਪਰਮੇਸ਼ੁਰ ਦੇ ਸਾਰੇ ਹੁਕਮ ਸਾਡੇ ਭਲੇ ਲਈ ਹਨ। ਇਨ੍ਹਾਂ ਹੁਕਮਾਂ ਤੋਂ ਅਸੀਂ ਸਿੱਖਦੇ ਹਾਂ ਕਿ ਇਸ ਵੇਲੇ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਅਤੇ ਅਸੀਂ ਭਵਿੱਖ ਵਿਚ ਹਮੇਸ਼ਾ ਲਈ ਬਰਕਤਾਂ ਕਿਵੇਂ ਪਾ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 19:7, 11; ਯਸਾਯਾਹ 48:17, 18 ਪੜ੍ਹੋ।

2. ਪਰਮੇਸ਼ੁਰ ਦੇ ਹੁਕਮਾਂ ਦਾ ਸਾਡੀ ਸਿਹਤ ਉੱਤੇ ਵਧੀਆ ਅਸਰ ਕਿਵੇਂ ਪੈਂਦਾ ਹੈ?

ਜ਼ਿਆਦਾ ਸ਼ਰਾਬ ਨਾ ਪੀਣ ਬਾਰੇ ਦਿੱਤੇ ਪਰਮੇਸ਼ੁਰ ਦੇ ਹੁਕਮ ਨੂੰ ਮੰਨ ਕੇ ਅਸੀਂ ਜਾਨਲੇਵਾ ਬੀਮਾਰੀਆਂ ਅਤੇ ਹਾਦਸਿਆਂ ਤੋਂ ਆਪਣਾ ਬਚਾਅ ਕਰਦੇ ਹਾਂ। ਜ਼ਿਆਦਾ ਸ਼ਰਾਬ ਪੀਣ ਦੀ ਲਤ ਲੱਗ ਸਕਦੀ ਹੈ ਅਤੇ ਸ਼ਰਾਬੀ ਹੋ ਕੇ ਸਾਡੇ ਤੋਂ ਮੂਰਖਤਾ ਭਰੇ ਕੰਮ ਹੋ ਸਕਦੇ ਹਨ। (ਕਹਾਉਤਾਂ 23:20, 29, 30) ਯਹੋਵਾਹ ਸ਼ਰਾਬ ਪੀਣ ਤੋਂ ਸਾਨੂੰ ਮਨ੍ਹਾ ਨਹੀਂ ਕਰਦਾ, ਪਰ ਸਾਨੂੰ ਹਿਸਾਬ ਨਾਲ ਪੀਣੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 104:15; 1 ਕੁਰਿੰਥੀਆਂ 6:10 ਪੜ੍ਹੋ।

ਯਹੋਵਾਹ ਸਾਨੂੰ ਈਰਖਾ, ਬੇਕਾਬੂ ਗੁੱਸਾ ਅਤੇ ਹੋਰ ਇਹੋ ਜਿਹੇ ਔਗੁਣਾਂ ਖ਼ਿਲਾਫ਼ ਵੀ ਚੇਤਾਵਨੀ ਦਿੰਦਾ ਹੈ। ਜਿੰਨਾ ਜ਼ਿਆਦਾ ਅਸੀਂ ਉਸ ਦੀ ਸਲਾਹ ਉੱਤੇ ਚੱਲਾਂਗੇ, ਉੱਨਾ ਜ਼ਿਆਦਾ ਸਾਡੀ ਸਿਹਤ ’ਤੇ ਵਧੀਆ ਅਸਰ ਪਵੇਗਾ।—ਕਹਾਉਤਾਂ 14:30; 22:24, 25 ਪੜ੍ਹੋ।

3. ਪਰਮੇਸ਼ੁਰ ਦੇ ਹੁਕਮ ਸਾਡੀ ਰੱਖਿਆ ਕਿਵੇਂ ਕਰ ਸਕਦੇ ਹਨ?

ਪਰਮੇਸ਼ੁਰ ਹੁਕਮ ਦਿੰਦਾ ਹੈ ਕਿ ਸਾਨੂੰ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਜਿਨਸੀ ਸੰਬੰਧ ਨਹੀਂ ਕਾਇਮ ਕਰਨੇ ਚਾਹੀਦੇ। (ਇਬਰਾਨੀਆਂ 13:4) ਜਿਹੜੇ ਵਿਆਹੁਤਾ ਜੋੜੇ ਇਸ ਹੁਕਮ ਦੀ ਪਾਲਣਾ ਕਰਦੇ ਹਨ, ਉਹ ਜ਼ਿਆਦਾ ਸੁਰੱਖਿਅਤ ਰਹਿੰਦੇ ਹਨ ਅਤੇ ਬੱਚਿਆਂ ਦੀ ਪਰਵਰਿਸ਼ ਲਈ ਵਧੀਆ ਮਾਹੌਲ ਪੈਦਾ ਕਰਦੇ ਹਨ। ਦੂਜੇ ਪਾਸੇ, ਕਿਸੇ ਗ਼ੈਰ ਨਾਲ ਜਿਨਸੀ ਸੰਬੰਧ ਰੱਖਣ ਨਾਲ ਅਕਸਰ ਬੀਮਾਰੀਆਂ ਲੱਗਦੀਆਂ ਹਨ, ਤਲਾਕ ਹੁੰਦੇ ਹਨ, ਲੜਾਈ-ਝਗੜੇ ਹੁੰਦੇ ਹਨ, ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਅਤੇ ਇਕੱਲੀ ਮਾਂ ਜਾਂ ਬਾਪ ਨੂੰ ਬੱਚਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ।—ਕਹਾਉਤਾਂ 5:1-9 ਪੜ੍ਹੋ।

ਸਾਨੂੰ ਉਨ੍ਹਾਂ ਸਥਿਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਕਿਸੇ ਗ਼ੈਰ ਨਾਲ ਜਿਨਸੀ ਸੰਬੰਧ ਰੱਖਣ ਲਈ ਭਰਮਾ ਸਕਦੀਆਂ ਹਨ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਨੂੰ ਬਰਕਰਾਰ ਰੱਖਾਂਗੇ। ਨਾਲੇ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਂਗੇ।—1 ਥੱਸਲੁਨੀਕੀਆਂ 4:3-6 ਪੜ੍ਹੋ।

4. ਜ਼ਿੰਦਗੀ ਦੀ ਕਦਰ ਕਰਨ ਨਾਲ ਸਾਡਾ ਕਿਵੇਂ ਭਲਾ ਹੁੰਦਾ ਹੈ?

ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਦਾਤ ਹੈ। ਜਿਹੜੇ ਲੋਕ ਇਸ ਦਾਤ ਦੀ ਕਦਰ ਕਰਦੇ ਹਨ, ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ ਜਦੋਂ ਉਹ ਸਿਗਰਟ ਪੀਣੀ ਅਤੇ ਹੋਰ ਜਾਨਲੇਵਾ ਆਦਤਾਂ ਨੂੰ ਛੱਡ ਦਿੰਦੇ ਹਨ। (2 ਕੁਰਿੰਥੀਆਂ 7:1) ਪਰਮੇਸ਼ੁਰ ਤਾਂ ਮਾਂ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਜ਼ਿੰਦਗੀ ਨੂੰ ਵੀ ਅਨਮੋਲ ਸਮਝਦਾ ਹੈ। ਮਿਸਾਲ ਲਈ, ਬਾਈਬਲ ਦੇ ਸਮਿਆਂ ਵਿਚ ਜੇ ਦੋ ਬੰਦੇ ਲੜਦੇ-ਲੜਦੇ ਕਿਸੇ ਗਰਭਵਤੀ ਔਰਤ ਨੂੰ ਜ਼ਖ਼ਮੀ ਕਰ ਦਿੰਦੇ ਸਨ, ਤਾਂ ਗੁਨਾਹਗਾਰ ਨੂੰ ਜੁਰਮਾਨਾ ਭਰਨਾ ਪੈਂਦਾ ਸੀ। ਪਰ ਕਾਨੂੰਨ ਕਹਿੰਦਾ ਸੀ ਕਿ ਜੇ ਅਣਜੰਮਿਆ ਬੱਚਾ ਮਰ ਜਾਂਦਾ ਸੀ, ਤਾਂ ਜਿਸ ਨੇ ਮਾਰਿਆ ਉਸ ਨੂੰ ਆਪਣੀ ਜਾਨ ਦੇ ਕੇ ਇਹ ਕੀਮਤ ਚੁਕਾਉਣੀ ਪੈਣੀ ਸੀ। (ਕੂਚ 21:22, 23, NW) ਇਸ ਲਈ ਸਾਨੂੰ ਜਾਣ-ਬੁੱਝ ਕੇ ਅਣਜੰਮੇ ਬੱਚੇ ਦੀ ਜਾਨ ਨਹੀਂ ਲੈਣੀ ਚਾਹੀਦੀ। ਇਸ ਦੇ ਨਾਲ-ਨਾਲ ਜੋ ਜ਼ਿੰਦਗੀ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਦੀ ਕਦਰ ਕਰਦੇ ਹਨ, ਉਹ ਕੰਮ ਤੇ, ਘਰ ਵਿਚ ਅਤੇ ਕਾਰ ਵਿਚ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। (ਬਿਵਸਥਾ ਸਾਰ 22:8) ਇਸ ਤੋਂ ਇਲਾਵਾ, ਉਹ ਅਜਿਹੀਆਂ ਖੇਡਾਂ ਨਹੀਂ ਖੇਡਦੇ ਜਿਨ੍ਹਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਜੋਖਮ ਵਿਚ ਪੈ ਸਕਦੀ ਹੈ ਕਿਉਂਕਿ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਦਾਤ ਹੈ।—ਜ਼ਬੂਰਾਂ ਦੀ ਪੋਥੀ 36:9 ਪੜ੍ਹੋ।

5. ਲਹੂ ਨੂੰ ਪਵਿੱਤਰ ਸਮਝਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਲਹੂ ਪਵਿੱਤਰ ਹੈ ਕਿਉਂਕਿ ਪਰਮੇਸ਼ੁਰ ਕਹਿੰਦਾ ਹੈ ਕਿ ਲਹੂ ਕਿਸੇ ਜੀਵ ਦੀ ਜਾਨ ਨੂੰ ਦਰਸਾਉਂਦਾ ਹੈ। (ਉਤਪਤ 9:3, 4) ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਲਹੂ ਨੂੰ ਜ਼ਿੰਦਗੀ ਸਮਝਿਆ ਜਾਂਦਾ ਹੈ ਅਤੇ ਇਸ ਕਾਨੂੰਨ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ। ਕਿਵੇਂ? ਇਸ ਨਾਲ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ।—ਲੇਵੀਆਂ 17:11-13; ਇਬਰਾਨੀਆਂ 9:22 ਪੜ੍ਹੋ।

ਯਿਸੂ ਦਾ ਲਹੂ ਵਾਕਈ ਅਨਮੋਲ ਸੀ ਕਿਉਂਕਿ ਉਹ ਮੁਕੰਮਲ ਇਨਸਾਨ ਸੀ। ਯਿਸੂ ਨੇ ਮਨੁੱਖਜਾਤੀ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣੇ ਲਹੂ ਦੀ ਕੀਮਤ ਪਰਮੇਸ਼ੁਰ ਅੱਗੇ ਅਦਾ ਕੀਤੀ। (ਇਬਰਾਨੀਆਂ 9:12) ਉਸ ਦੇ ਵਹਾਏ ਗਏ ਲਹੂ ਸਦਕਾ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।—ਮੱਤੀ 26:28; ਯੂਹੰਨਾ 3:16 ਪੜ੍ਹੋ। (w11-E 11/01)

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਬਾਰ੍ਹਵਾਂ ਤੇ ਤੇਰ੍ਹਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।