Skip to content

Skip to table of contents

ਯਿਫ਼ਤਾਹ ਦੀ ਧੀ ਵਰਗੀ ਮੈਂ ਬਣਨਾ ਚਾਹੁੰਦੀ ਸੀ

ਯਿਫ਼ਤਾਹ ਦੀ ਧੀ ਵਰਗੀ ਮੈਂ ਬਣਨਾ ਚਾਹੁੰਦੀ ਸੀ

ਯਿਫ਼ਤਾਹ ਦੀ ਧੀ ਵਰਗੀ ਮੈਂ ਬਣਨਾ ਚਾਹੁੰਦੀ ਸੀ

ਜੋਆਨ ਸੋਨਸ ਦੀ ਜ਼ਬਾਨੀ

ਜਦੋਂ ਮੈਂ ਅਜੇ ਅੱਲ੍ਹੜ ਉਮਰ ਦੀ ਸੀ, ਤਾਂ ਮੇਰੇ ਅੰਦਰ ਯਿਫ਼ਤਾਹ ਦੀ ਧੀ ਵਰਗੀ ਬਣਨ ਦੀ ਗਹਿਰੀ ਇੱਛਾ ਪੈਦਾ ਹੋਈ। ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਸੋਚ ਰਹੀ ਸੀ ਅਤੇ ਅਖ਼ੀਰ ਵਿਚ ਮੈਂ ਉਸ ਵਰਗੀ ਕਿਵੇਂ ਬਣੀ।

ਸੰਨ 1956 ਵਿਚ ਮੈਂ ਪਹਿਲੀ ਵਾਰ ਭਾਰਤ ਦੇ ਸ਼ਹਿਰ ਬੰਬਈ (ਹੁਣ ਮੁੰਬਈ) ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਈ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਸੰਮੇਲਨ ਵਿਚ ਯਿਫ਼ਤਾਹ ਦੀ ਧੀ ਬਾਰੇ ਭਾਸ਼ਣ ਸੁਣ ਕੇ ਮੈਂ ਬਹੁਤ ਪ੍ਰਭਾਵਿਤ ਹੋਈ।

ਤੁਸੀਂ ਬਾਈਬਲ ਵਿਚ ਯਿਫ਼ਤਾਹ ਦੀ ਧੀ ਬਾਰੇ ਪੜ੍ਹਿਆ ਹੋਵੇਗਾ ਕਿ ਉਸ ਨੇ ਆਪਣੀ ਅੱਲ੍ਹੜ ਉਮਰ ਵਿਚ ਫ਼ੈਸਲਾ ਕੀਤਾ ਸੀ ਕਿ ਉਹ ਵਿਆਹ ਨਹੀਂ ਕਰਾਵੇਗੀ। ਇਸ ਕਾਰਨ ਉਸ ਦਾ ਪਿਤਾ ਉਹ ਸੁੱਖਣਾ ਪੂਰੀ ਕਰ ਸਕਿਆ ਜੋ ਉਸ ਨੇ ਯਹੋਵਾਹ ਅੱਗੇ ਸੁੱਖੀ ਸੀ। ਯਿਫ਼ਤਾਹ ਦੀ ਧੀ ਨੇ ਯਹੋਵਾਹ ਦੇ ਘਰ ਜਾਂ ਮੰਦਰ ਵਿਚ ਸਾਰੀ ਉਮਰ ਕੁਆਰੀ ਰਹਿ ਕੇ ਸੇਵਾ ਕੀਤੀ।—ਨਿਆਈਆਂ 11:28-40.

ਉਸ ਵਾਂਗ ਬਣਨ ਦੀ ਮੇਰੀ ਬੜੀ ਤਮੰਨਾ ਸੀ! ਪਰ ਇਸ ਤਰ੍ਹਾਂ ਕਰਨਾ ਮੇਰੇ ਲਈ ਬਹੁਤ ਔਖਾ ਸੀ ਕਿਉਂਕਿ ਉਸ ਸਮੇਂ ਕੁਆਰੇ ਰਹਿਣਾ ਭਾਰਤ ਦੇ ਸਭਿਆਚਾਰ ਦੇ ਬਿਲਕੁਲ ਉਲਟ ਸੀ।

ਮੇਰਾ ਪਰਿਵਾਰਕ ਪਿਛੋਕੜ

ਮੈਂ ਭਾਰਤ ਦੇ ਪੱਛਮੀ ਤਟ ਉੱਤੇ ਸਥਿਤ ਉਡੁਪੀ ਸ਼ਹਿਰ ਵਿਚ ਬੈਂਜਾਮਿਨ ਅਤੇ ਮਾਰਸੇਲੀਨਾ ਸੋਨਸ ਦੇ ਘਰ ਪੈਦਾ ਹੋਈ ਅਤੇ ਪਰਿਵਾਰ ਵਿਚ ਮੈਂ ਆਪਣੇ ਛੇ ਭੈਣਾਂ-ਭਰਾਵਾਂ ਵਿੱਚੋਂ 5ਵੇਂ ਨੰਬਰ ਤੇ ਸੀ। ਸਾਡੀ ਮਾਂ-ਬੋਲੀ ਤੁਲੁ ਸੀ ਜਿਸ ਨੂੰ ਤਕਰੀਬਨ 20 ਲੱਖ ਲੋਕ ਬੋਲਦੇ ਹਨ। ਪਰ ਉਡੁਪੀ ਦੇ ਦੂਸਰੇ ਲੋਕਾਂ ਦੀ ਤਰ੍ਹਾਂ ਸਾਡੀ ਪੜ੍ਹਾਈ-ਲਿਖਾਈ ਕੰਨੜ ਭਾਸ਼ਾ ਵਿਚ ਹੋਈ।

ਵਿਆਹ ਕਰਾਉਣਾ ਅਤੇ ਬੱਚੇ ਪੈਦਾ ਕਰਨੇ ਇੱਥੋਂ ਦੇ ਲੋਕ ਬਹੁਤ ਜ਼ਰੂਰੀ ਸਮਝਦੇ ਸਨ। ਮੈਂ ਕਦੇ ਤੁਲੁ ਭਾਸ਼ਾ ਵਿਚ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਸੀ ਕਿ ਉਹ ਖ਼ੁਸ਼ ਨਹੀਂ ਸੀ ਕਿਉਂਕਿ ਉਹ ਕੁਆਰਾ ਸੀ, ਇਕੱਲਾ ਮਹਿਸੂਸ ਕਰਦਾ ਸੀ ਜਾਂ ਉਸ ਨੂੰ ਘਰ ਦੀ ਯਾਦ ਆਉਂਦੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਗੱਲਾਂ ਮੇਰੇ ਸਭਿਆਚਾਰ ਵਿਚ ਹੁੰਦੀਆਂ ਹੀ ਨਹੀਂ ਸਨ। ਮਿਸਾਲ ਲਈ, ਸਾਡੇ ਘਰ ਵਿਚ ਦਾਦਾ-ਦਾਦੀ, ਨਾਨਾ-ਨਾਨੀ, ਮਾਮੇ, ਇਕ ਫੁੱਫੜ ਅਤੇ ਭੂਆ, ਮਾਸੀਆਂ ਅਤੇ ਉਨ੍ਹਾਂ ਦੇ ਬੱਚੇ ਰਹਿੰਦੇ ਸਨ!

ਪਰੰਪਰਾ ਅਨੁਸਾਰ ਬੱਚਿਆਂ ਨੂੰ ਮਾਂ ਦੇ ਪਰਿਵਾਰ ਦਾ ਹਿੱਸਾ ਸਮਝਿਆ ਜਾਂਦਾ ਸੀ। ਮਾਂ ਦੇ ਜ਼ਰੀਏ ਖ਼ਾਨਦਾਨ ਦਾ ਪਤਾ ਲਾਇਆ ਜਾਂਦਾ ਸੀ ਅਤੇ ਧੀਆਂ ਨੂੰ ਜਾਇਦਾਦ ਦਾ ਵੱਡਾ ਹਿੱਸਾ ਮਿਲਦਾ ਸੀ। ਕਈ ਤੁਲੁ ਬਰਾਦਰੀਆਂ ਵਿਚ ਧੀ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਅਤੇ ਉਸ ਦਾ ਪਤੀ ਉਸ ਦੇ ਘਰ ਆ ਕੇ ਰਹਿੰਦਾ ਸੀ।

ਅਸੀਂ ਸਾਰੇ ਈਸਾਈ ਬਣ ਗਏ ਸਾਂ ਜਿਸ ਕਰਕੇ ਸਾਡਾ ਪਰਿਵਾਰ ਕੁਝ ਗੱਲਾਂ ਵਿਚ ਵੱਖਰਾ ਸੀ। ਹਰ ਸ਼ਾਮ ਨੂੰ ਮੇਰੇ ਦਾਦਾ ਜੀ ਸਾਰੇ ਪਰਿਵਾਰ ਨਾਲ ਭਗਤੀ ਕਰਨ ਵਿਚ ਅਗਵਾਈ ਕਰਦੇ ਸਨ। ਉਹ ਸਾਡੇ ਨਾਲ ਪ੍ਰਾਰਥਨਾ ਕਰਦੇ ਸਨ ਅਤੇ ਉੱਚੀ ਆਵਾਜ਼ ਵਿਚ ਤੁਲੁ ਬਾਈਬਲ ਪੜ੍ਹਦੇ ਸਨ। ਜਦੋਂ ਵੀ ਉਹ ਪੜ੍ਹਨ ਲਈ ਫਟੀ-ਪੁਰਾਣੀ ਬਾਈਬਲ ਖੋਲ੍ਹਦੇ ਸਨ, ਤਾਂ ਇੰਜ ਲੱਗਦਾ ਸੀ ਜਿਵੇਂ ਉਹ ਗਹਿਣਿਆਂ ਦੇ ਡੱਬੇ ਨੂੰ ਖੋਲ੍ਹ ਰਹੇ ਹੋਣ। ਅਸੀਂ ਸੁਣਨ ਲਈ ਬੜੇ ਉਤਾਵਲੇ ਹੁੰਦੇ ਸਾਂ! ਜ਼ਬੂਰਾਂ ਦੀ ਪੋਥੀ 23:1 ਦੇ ਸ਼ਬਦ ਸੁਣ ਕੇ ਮੈਂ ਉਲਝਣ ਵਿਚ ਪੈ ਗਈ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” ਮੈਂ ਸੋਚਿਆ ਕਿ ‘ਯਹੋਵਾਹ ਕੌਣ ਹੈ ਅਤੇ ਉਸ ਨੂੰ ਅਯਾਲੀ ਕਿਉਂ ਕਿਹਾ ਜਾਂਦਾ ਹੈ?’

ਮੇਰੀਆਂ ਅੱਖਾਂ ਤੋਂ “ਛਿਲਕੇ” ਡਿਗੇ

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਆਰਥਿਕ ਮੁਸ਼ਕਲਾਂ ਕਰਕੇ ਅਸੀਂ ਆਪਣੇ ਘਰ ਤੋਂ 900 ਕਿਲੋਮੀਟਰ ਦੂਰ ਬੰਬਈ ਚਲੇ ਗਏ। ਉੱਥੇ 1945 ਵਿਚ ਦੋ ਯਹੋਵਾਹ ਦੇ ਗਵਾਹ ਮੇਰੇ ਪਿਤਾ ਜੀ ਨੂੰ ਮਿਲਣ ਆਏ ਅਤੇ ਉਨ੍ਹਾਂ ਨੇ ਪਿਤਾ ਜੀ ਨੂੰ ਇਕ ਬਾਈਬਲ-ਆਧਾਰਿਤ ਪੁਸਤਿਕਾ ਦਿੱਤੀ। ਪਿਤਾ ਜੀ ਨੇ ਇਸ ਵਿਚਲੇ ਸੰਦੇਸ਼ ਨੂੰ ਫ਼ੌਰਨ ਹੀ ਸਵੀਕਾਰ ਕਰ ਲਿਆ ਜਿਵੇਂ ਸੁੱਕੀ ਜ਼ਮੀਨ ਮੀਂਹ ਦੇ ਪਾਣੀ ਨੂੰ ਸੋਖ ਲੈਂਦੀ ਹੈ। ਉਨ੍ਹਾਂ ਨੇ ਕੰਨੜ ਬੋਲਣ ਵਾਲੇ ਹੋਰ ਲੋਕਾਂ ਨੂੰ ਇਸ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। 1950 ਦੇ ਸ਼ੁਰੂ ਵਿਚ ਬੰਬਈ ਵਿਚ ਇਕ ਛੋਟਾ ਜਿਹਾ ਸਟੱਡੀ ਗਰੁੱਪ ਕੰਨੜ ਭਾਸ਼ਾ ਦੀ ਪਹਿਲੀ ਮੰਡਲੀ ਬਣ ਗਿਆ।

ਸਾਡੇ ਮਾਤਾ-ਪਿਤਾ ਨੇ ਸਾਨੂੰ ਸਿਖਾਇਆ ਕਿ ਅਸੀਂ ਲਗਨ ਨਾਲ ਬਾਈਬਲ ਪੜ੍ਹੀਏ ਅਤੇ ਚੰਗੇ ਸਿੱਖਿਅਕ ਬਣੀਏ। ਹਰ ਦਿਨ ਉਹ ਮੌਕਾ ਭਾਲ ਕੇ ਸਾਡੇ ਨਾਲ ਪ੍ਰਾਰਥਨਾ ਕਰਦੇ ਅਤੇ ਬਾਈਬਲ ਪੜ੍ਹਦੇ ਸਨ। (ਬਿਵਸਥਾ ਸਾਰ 6:6, 7; 2 ਤਿਮੋਥਿਉਸ 3:14-16) ਇਕ ਦਿਨ ਜਦੋਂ ਮੈਂ ਬਾਈਬਲ ਪੜ੍ਹ ਰਹੀ ਸੀ, ਤਾਂ ਮੇਰੀਆਂ ਅੱਖਾਂ ਤੋਂ ਮਾਨੋ ਛਿਲਕੇ ਡਿਗ ਗਏ ਹੋਣ। ਮੈਨੂੰ ਪਤਾ ਲੱਗਾ ਕਿ ਯਹੋਵਾਹ ਇਕ ਅਯਾਲੀ ਦੀ ਤਰ੍ਹਾਂ ਇਸ ਲਈ ਹੈ ਕਿਉਂਕਿ ਉਹ ਆਪਣੇ ਭਗਤਾਂ ਦੀ ਅਗਵਾਈ ਕਰਦਾ ਹੈ, ਉਨ੍ਹਾਂ ਨੂੰ ਆਪਣੇ ਗਿਆਨ ਨਾਲ ਰਜਾਉਂਦਾ ਹੈ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।—ਜ਼ਬੂਰਾਂ ਦੀ ਪੋਥੀ 23:1-6; 83:18.

ਯਹੋਵਾਹ ਨੇ ਮੇਰਾ ਹੱਥ ਫੜੀ ਰੱਖਿਆ

1956 ਦੇ ਯਾਦਗਾਰੀ ਸੰਮੇਲਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੈਂ ਬਪਤਿਸਮਾ ਲੈ ਲਿਆ। ਇਸ ਤੋਂ ਛੇ ਮਹੀਨਿਆਂ ਬਾਅਦ ਮੈਂ ਆਪਣੇ ਵੱਡੇ ਭਰਾ ਪ੍ਰਭਾਕਰ ਦੀ ਮਿਸਾਲ ਉੱਤੇ ਚੱਲਦਿਆਂ ਪਾਇਨੀਅਰਿੰਗ ਕਰਨ ਲੱਗ ਪਈ ਯਾਨੀ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਣ ਲੱਗ ਪਈ। ਭਾਵੇਂ ਮੈਂ ਦੂਜਿਆਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕਰਨ ਲਈ ਉਤਾਵਲੀ ਹੁੰਦੀ ਸੀ, ਪਰ ਜਿਉਂ ਹੀ ਮੈਂ ਆਪਣੇ ਵਿਸ਼ਵਾਸਾਂ ਬਾਰੇ ਬੋਲਣਾ ਸ਼ੁਰੂ ਕਰਦੀ ਸੀ, ਤਾਂ ਮੇਰਾ ਮੂੰਹ ਸੁੱਕ ਜਾਂਦਾ ਸੀ। ਮੈਂ ਥਥਲਾਉਣ ਲੱਗ ਜਾਂਦੀ ਸੀ ਅਤੇ ਮੇਰੀ ਆਵਾਜ਼ ਕੰਬਣ ਲੱਗ ਪੈਂਦੀ ਸੀ। ਮੈਂ ਰੋ-ਰੋ ਕੇ ਆਪਣੇ ਆਪ ਨੂੰ ਕਹਿੰਦੀ ਹੁੰਦੀ ਸੀ: ‘ਮੈਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਇਹ ਕੰਮ ਕਰ ਸਕਦੀ ਹਾਂ!’

ਯਹੋਵਾਹ ਨੇ ਕੈਨੇਡਾ ਤੋਂ ਹੋਮਰ ਅਤੇ ਰੂਥ ਮਕੇ ਨਾਂ ਦੇ ਮਿਸ਼ਨਰੀਆਂ ਨੂੰ ਭੇਜ ਕੇ ਮੇਰੀ ਮਦਦ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ 1947 ਨੂੰ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀ ਸਕੂਲ ਵਿਚ ਸਿਖਲਾਈ ਲਈ ਸੀ। ਉਨ੍ਹਾਂ ਨੇ ਮਾਨੋ ਮੇਰਾ ਹੱਥ ਫੜ ਲਿਆ ਜਿਉਂ ਹੀ ਮੈਂ ਪਹਿਲੇ ਲੜਖੜਾਉਂਦੇ ਕਦਮਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਰੂਥ ਲਗਾਤਾਰ ਮੇਰੇ ਨਾਲ ਘਰ-ਘਰ ਪ੍ਰਚਾਰ ਕਰਨ ਲਈ ਪੇਸ਼ਕਾਰੀਆਂ ਦੀ ਪ੍ਰੈਕਟਿਸ ਕਰਦੀ ਸੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੀ ਘਬਰਾਹਟ ਨੂੰ ਕਿਵੇਂ ਦੂਰ ਕਰਨਾ ਹੈ। ਉਹ ਮੇਰੇ ਕੰਬਦੇ ਹੋਏ ਹੱਥਾਂ ਨੂੰ ਫੜ ਕੇ ਕਹਿੰਦੀ ਹੁੰਦੀ ਸੀ: “ਪੁੱਤ, ਫ਼ਿਕਰ ਨਾ ਕਰ। ਚੱਲ ਆਪਾਂ ਅਗਲੇ ਘਰ ਕੋਸ਼ਿਸ਼ ਕਰਦੇ ਹਾਂ।” ਉਸ ਦੇ ਸ਼ਬਦ ਸੁਣ ਕੇ ਮੇਰੀ ਹਿੰਮਤ ਵਧ ਜਾਂਦੀ ਸੀ।

ਇਕ ਦਿਨ ਮੈਨੂੰ ਦੱਸਿਆ ਗਿਆ ਕਿ ਮੇਰੇ ਨਾਲ ਇਕ ਬਿਰਧ ਭੈਣ ਐਲਿਜ਼ਬਥ ਚਕਰਨਰਾਇਣ ਪ੍ਰਚਾਰ ਕਰੇਗੀ ਜੋ ਬਾਈਬਲ ਦੀ ਤਜਰਬੇਕਾਰ ਸਿੱਖਿਅਕ ਸੀ। ਪਹਿਲਾਂ-ਪਹਿਲਾਂ ਮੈਂ ਸੋਚਿਆ: ‘ਮੈਂ ਇਸ ਭੈਣ ਨਾਲ ਕਿਵੇਂ ਰਹਾਂਗੀ? ਉਹ ਤਾਂ ਮੇਰੇ ਨਾਲੋਂ ਉਮਰ ਵਿਚ ਬਹੁਤ ਵੱਡੀ ਹੈ!’ ਪਰ ਪ੍ਰਚਾਰ ਕਰਨ ਲਈ ਮੈਨੂੰ ਇਹੋ ਜਿਹੀ ਸਾਥਣ ਦੀ ਹੀ ਲੋੜ ਸੀ।

“ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ”

ਸਾਨੂੰ ਪਹਿਲੀ ਵਾਰ ਪੂਰਬੀ ਬੰਬਈ ਤੋਂ ਕੁਝ 400 ਕਿਲੋਮੀਟਰ ਦੀ ਦੂਰੀ ਤੇ ਇਕ ਇਤਿਹਾਸਕ ਸ਼ਹਿਰ ਔਰੰਗਾਬਾਦ ਭੇਜਿਆ ਗਿਆ। ਸਾਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਤਕਰੀਬਨ 10 ਲੱਖ ਲੋਕਾਂ ਵਾਲੇ ਇਸ ਸ਼ਹਿਰ ਵਿਚ ਸਿਰਫ਼ ਅਸੀਂ ਹੀ ਦੋ ਗਵਾਹ ਸਾਂ। ਇਸ ਤੋਂ ਇਲਾਵਾ, ਮੈਨੂੰ ਇਸ ਸ਼ਹਿਰ ਵਿਚ ਬੋਲੀ ਜਾਣ ਵਾਲੀ ਮੁੱਖ ਭਾਸ਼ਾ ਮਰਾਠੀ ਸਿੱਖਣੀ ਪਈ।

ਕਦੇ-ਕਦੇ ਮੈਂ ਇਕੱਲਾਪਣ ਮਹਿਸੂਸ ਕਰਦੀ ਸੀ ਅਤੇ ਮਾਂ ਤੋਂ ਬਗੈਰ ਬੱਚੇ ਵਾਂਗ ਸਿਸਕੀਆਂ ਭਰਦੀ ਸੀ। ਪਰ ਐਲਿਜ਼ਬਥ ਮੈਨੂੰ ਮਾਂ ਵਾਂਗ ਹੌਸਲਾ ਦਿੰਦੀ ਸੀ। ਉਹ ਕਹਿੰਦੀ ਹੁੰਦੀ ਸੀ, “ਅਸੀਂ ਸ਼ਾਇਦ ਕਦੇ-ਕਦੇ ਇਕੱਲੇ ਮਹਿਸੂਸ ਕਰੀਏ, ਪਰ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ। ਭਾਵੇਂ ਤੂੰ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਬਹੁਤ ਦੂਰ ਹੈਂ, ਪਰ ਯਹੋਵਾਹ ਹਮੇਸ਼ਾ ਤੇਰੇ ਨਾਲ ਹੈ। ਉਸ ਨੂੰ ਆਪਣਾ ਦੋਸਤ ਬਣਾ ਅਤੇ ਤੇਰਾ ਇਕੱਲਾਪਣ ਜਲਦੀ ਹੀ ਦੂਰ ਹੋ ਜਾਵੇਗਾ।” ਮੈਂ ਅੱਜ ਤਕ ਉਸ ਦੀ ਇਹ ਸਲਾਹ ਭੁੱਲੀ ਨਹੀਂ।

ਸਾਡੇ ਕੋਲ ਆਉਣ-ਜਾਣ ਵਾਸਤੇ ਪੈਸੇ ਘੱਟ ਹੁੰਦੇ ਸਨ, ਇਸ ਲਈ ਅਸੀਂ ਹਰ ਰੋਜ਼ ਮਿੱਟੀ-ਘੱਟੇ, ਚਿੱਕੜ, ਗਰਮੀ ਅਤੇ ਸਰਦੀ ਵਿਚ 20 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦੀਆਂ ਸਾਂ। ਗਰਮੀਆਂ ਵਿਚ ਆਮ ਤੌਰ ਤੇ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਸੀ। ਮੌਨਸੂਨ ਦੇ ਮੌਸਮ ਵਿਚ ਸਾਡੇ ਇਲਾਕੇ ਵਿਚ ਮਹੀਨਿਆਂ ਤਾਈਂ ਚਿੱਕੜ ਰਹਿੰਦਾ ਸੀ। ਪਰ ਸਾਡੇ ਲਈ ਮੌਸਮ ਨਾਲੋਂ ਵੱਡੀ ਚੁਣੌਤੀ ਹੁੰਦੀ ਸੀ ਲੋਕਾਂ ਦੇ ਸਭਿਆਚਾਰਕ ਵਿਚਾਰ।

ਉਸ ਸਮੇਂ ਔਰਤਾਂ ਖੁੱਲ੍ਹੇ-ਆਮ ਕਿਸੇ ਆਦਮੀ ਨਾਲ ਗੱਲ ਨਹੀਂ ਕਰਦੀਆਂ ਸਨ। ਉਹ ਤਾਂ ਹੀ ਗੱਲ ਕਰਦੀਆਂ ਸਨ ਜੇ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ-ਨਾਤਾ ਹੁੰਦਾ ਸੀ ਅਤੇ ਔਰਤਾਂ ਘੱਟ ਹੀ ਆਦਮੀਆਂ ਨੂੰ ਸਿੱਖਿਆ ਦਿੰਦੀਆਂ ਸਨ। ਇਸ ਲਈ ਲੋਕ ਸਾਡਾ ਮਜ਼ਾਕ ਉਡਾਉਂਦੇ ਸਨ ਅਤੇ ਸਾਡੀ ਬੇਇੱਜ਼ਤੀ ਕਰਦੇ ਸਨ। ਪਹਿਲੇ ਛੇ ਮਹੀਨਿਆਂ ਤਾਈਂ ਹਰ ਹਫ਼ਤੇ ਹੁੰਦੀਆਂ ਬਾਈਬਲ-ਆਧਾਰਿਤ ਮੀਟਿੰਗਾਂ ਵਿਚ ਅਸੀਂ ਦੋਵੇਂ ਹੁੰਦੀਆਂ ਸਾਂ। ਸਮੇਂ ਦੇ ਬੀਤਣ ਨਾਲ ਕੁਝ ਹੋਰ ਲੋਕ ਮੀਟਿੰਗਾਂ ਵਿਚ ਆਉਣ ਲੱਗ ਪਏ ਜੋ ਹੋਰ ਸਿੱਖਣਾ ਚਾਹੁੰਦੇ ਸਨ। ਜਲਦੀ ਹੀ ਇਕ ਛੋਟਾ ਜਿਹਾ ਗਰੁੱਪ ਬਣ ਗਿਆ। ਕੁਝ ਕੁ ਤਾਂ ਸਾਡੇ ਨਾਲ ਪ੍ਰਚਾਰ ਵਿਚ ਹਿੱਸਾ ਵੀ ਲੈਣ ਲੱਗ ਪਏ।

“ਆਪਣੇ ਹੁਨਰ ਨੂੰ ਨਿਖਾਰਦੀ ਰਹੀਂ”

ਢਾਈ ਸਾਲਾਂ ਬਾਅਦ ਸਾਨੂੰ ਫਿਰ ਬੰਬਈ ਵਿਚ ਭੇਜਿਆ ਗਿਆ। ਐਲਿਜ਼ਬਥ ਪ੍ਰਚਾਰ ਦੇ ਕੰਮ ਵਿਚ ਲੱਗੀ ਰਹੀ ਤੇ ਮੈਨੂੰ ਆਪਣੇ ਪਿਤਾ ਦੀ ਮਦਦ ਕਰਨ ਲਈ ਕਿਹਾ ਗਿਆ ਜੋ ਕੰਨੜ ਭਾਸ਼ਾ ਵਿਚ ਬਾਈਬਲ-ਆਧਾਰਿਤ ਸਾਹਿੱਤ ਦੇ ਇੱਕੋ-ਇਕ ਅਨੁਵਾਦਕ ਸਨ। ਉਨ੍ਹਾਂ ਨੂੰ ਮੇਰੀ ਮਦਦ ਦੀ ਲੋੜ ਸੀ ਕਿਉਂਕਿ ਉਨ੍ਹਾਂ ਕੋਲ ਮੰਡਲੀ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ।

ਸੰਨ 1966 ਵਿਚ ਮੇਰੇ ਮਾਤਾ-ਪਿਤਾ ਨੇ ਆਪਣੇ ਘਰ ਉਡੁਪੀ ਵਾਪਸ ਜਾਣ ਦਾ ਫ਼ੈਸਲਾ ਕੀਤਾ। ਬੰਬਈ ਤੋਂ ਜਾਣ ਲੱਗਿਆਂ ਪਿਤਾ ਜੀ ਨੇ ਮੈਨੂੰ ਕਿਹਾ: “ਮੇਰੀਏ ਧੀਏ, ਆਪਣੇ ਹੁਨਰ ਨੂੰ ਨਿਖਾਰਦੀ ਰਹੀਂ। ਅਨੁਵਾਦ ਸੌਖਾ ਅਤੇ ਸਪੱਸ਼ਟ ਕਰੀਂ। ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਨਾ ਰੱਖੀਂ ਅਤੇ ਨਿਮਰ ਰਹੀਂ। ਯਹੋਵਾਹ ਉੱਤੇ ਭਰੋਸਾ ਰੱਖੀਂ।” ਇਹ ਮੈਨੂੰ ਉਨ੍ਹਾਂ ਦੀ ਆਖ਼ਰੀ ਸਲਾਹ ਸੀ ਕਿਉਂਕਿ ਉਡੁਪੀ ਪਹੁੰਚਣ ਤੋਂ ਕੁਝ ਚਿਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਹੁਣ ਤਕ ਮੈਂ ਆਪਣੇ ਅਨੁਵਾਦ ਦਾ ਕੰਮ ਉਸੇ ਤਰ੍ਹਾਂ ਕਰ ਰਹੀ ਹਾਂ।

“ਕੀ ਤੂੰ ਆਪਣਾ ਘਰ ਨਹੀਂ ਵਸਾਉਣਾ ਚਾਹੁੰਦੀ?”

ਪਰੰਪਰਾ ਅਨੁਸਾਰ ਭਾਰਤੀ ਮਾਤਾ-ਪਿਤਾ ਛੋਟੀ ਉਮਰ ਵਿਚ ਆਪਣੇ ਧੀਆਂ-ਪੁੱਤਰਾਂ ਦਾ ਰਿਸ਼ਤਾ ਤੈਅ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਬਣਾਉਣ ਦੀ ਹੱਲਾਸ਼ੇਰੀ ਦਿੰਦੇ ਹਨ। ਇਸ ਲਈ ਮੈਨੂੰ ਹਮੇਸ਼ਾ ਪੁੱਛਿਆ ਜਾਂਦਾ ਸੀ: “ਕੀ ਤੂੰ ਆਪਣਾ ਘਰ ਨਹੀਂ ਵਸਾਉਣਾ ਚਾਹੁੰਦੀ? ਬੁਢਾਪੇ ਵਿਚ ਕੌਣ ਤੇਰੀ ਦੇਖ-ਭਾਲ ਕਰੇਗਾ? ਤੂੰ ਇਕੱਲੀ ਮਹਿਸੂਸ ਨਹੀਂ ਕਰੇਂਗੀ?”

ਵਾਰ-ਵਾਰ ਕਹੀਆਂ ਅਜਿਹੀਆਂ ਗੱਲਾਂ ਸੁਣ ਕੇ ਮੈਂ ਰੋਣਹਾਕੀ ਹੋ ਜਾਂਦੀ ਸੀ। ਭਾਵੇਂ ਮੈਂ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਤੋਂ ਛੁਪਾ ਕੇ ਰੱਖਦੀ ਸੀ, ਪਰ ਜਦੋਂ ਵੀ ਮੈਂ ਇਕੱਲੀ ਹੁੰਦੀ ਸੀ, ਤਾਂ ਮੈਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੰਦੀ ਸੀ। ਮੈਨੂੰ ਇਹ ਜਾਣ ਕੇ ਹੌਸਲਾ ਮਿਲਦਾ ਸੀ ਕਿ ਉਹ ਮੇਰੇ ਬਾਰੇ ਇੱਦਾਂ ਨਹੀਂ ਸੀ ਸੋਚਦਾ ਕਿ ਕੁਆਰੀ ਹੋਣ ਕਰਕੇ ਮੇਰੇ ਵਿਚ ਕੋਈ ਕਮੀ ਸੀ। ਬਿਨਾਂ ਧਿਆਨ ਭਟਕੇ ਉਸ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰਨ ਲਈ ਮੈਂ ਯਿਫ਼ਤਾਹ ਦੀ ਧੀ ਅਤੇ ਯਿਸੂ ਬਾਰੇ ਸੋਚਦੀ ਸੀ ਜੋ ਕੁਆਰੇ ਰਹੇ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਰਹੇ।—ਯੂਹੰਨਾ 4:34.

ਯਹੋਵਾਹ ਵੱਲੋਂ ਇਕ ਤੋਹਫ਼ਾ

ਐਲਿਜ਼ਬਥ ਅਤੇ ਮੈਂ ਤਕਰੀਬਨ 50 ਸਾਲਾਂ ਤਾਈਂ ਪੱਕੀਆਂ ਸਹੇਲੀਆਂ ਰਹੀਆਂ। 2005 ਵਿਚ 98 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਨਜ਼ਰ ਕਮਜ਼ੋਰ ਹੋਣ ਕਾਰਨ ਬਾਈਬਲ ਨਹੀਂ ਪੜ੍ਹ ਸਕਦੀ ਸੀ। ਇਸ ਲਈ ਉਹ ਹਰ ਰੋਜ਼ ਆਪਣਾ ਜ਼ਿਆਦਾਤਰ ਸਮਾਂ ਪਰਮੇਸ਼ੁਰ ਨਾਲ ਗੱਲਾਂ ਕਰਨ ਵਿਚ ਲਾਉਂਦੀ ਸੀ। ਕਦੇ-ਕਦੇ ਮੈਂ ਸੋਚਦੀ ਸੀ ਕਿ ਉਹ ਆਪਣੇ ਕਮਰੇ ਵਿਚ ਕਿਸੇ ਨਾਲ ਕਿਸੇ ਹਵਾਲੇ ਬਾਰੇ ਗੱਲ ਕਰ ਰਹੀ ਸੀ। ਪਰ ਜਦੋਂ ਮੈਂ ਅੰਦਰ ਜਾ ਕੇ ਦੇਖਦੀ ਸੀ, ਤਾਂ ਉਹ ਯਹੋਵਾਹ ਨਾਲ ਗੱਲਾਂ ਕਰ ਰਹੀ ਹੁੰਦੀ ਸੀ। ਯਹੋਵਾਹ ਉਸ ਲਈ ਅਸਲੀ ਸੀ ਅਤੇ ਉਹ ਇਸ ਤਰ੍ਹਾਂ ਜੀ ਰਹੀ ਸੀ ਜਿਵੇਂ ਉਹ ਸੱਚ-ਮੁੱਚ ਯਹੋਵਾਹ ਦੀ ਹਜ਼ੂਰੀ ਵਿਚ ਸੀ। ਮੈਨੂੰ ਪਤਾ ਲੱਗਾ ਕਿ ਯਿਫ਼ਤਾਹ ਦੀ ਧੀ ਵਾਂਗ ਦ੍ਰਿੜ੍ਹਤਾ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦਾ ਇਹ ਰਾਜ਼ ਸੀ। ਮੈਂ ਯਹੋਵਾਹ ਦੀ ਬਹੁਤ ਧੰਨਵਾਦੀ ਹਾਂ ਜਿਸ ਨੇ ਮੇਰੀ ਜਵਾਨੀ ਦੇ ਦਿਨਾਂ ਵਿਚ ਅਤੇ ਮੇਰੇ ਸਾਰੇ ਸੰਘਰਸ਼ਾਂ ਦੌਰਾਨ ਮੈਨੂੰ ਸਿਖਾਉਣ ਅਤੇ ਹੌਸਲਾ ਦੇਣ ਲਈ ਇਕ ਜ਼ਿਆਦਾ ਉਮਰ ਦੀ ਤਜਰਬੇਕਾਰ ਭੈਣ ਭੇਜੀ।—ਉਪਦੇਸ਼ਕ ਦੀ ਪੋਥੀ 4:9, 10.

ਮੈਨੂੰ ਯਿਫ਼ਤਾਹ ਦੀ ਧੀ ਵਾਂਗ ਯਹੋਵਾਹ ਦੀ ਸੇਵਾ ਕਰ ਕੇ ਕਿੰਨੀਆਂ ਬਰਕਤਾਂ ਮਿਲੀਆਂ! ਕੁਆਰੀ ਰਹਿ ਕੇ ਅਤੇ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਮੈਨੂੰ ਜ਼ਿੰਦਗੀ ਵਿਚ ਬਹੁਤ ਖ਼ੁਸ਼ੀਆਂ ਮਿਲੀਆਂ ਹਨ। ਇਸ ਦੇ ਨਾਲ-ਨਾਲ ਮੈਂ ‘ਹਮੇਸ਼ਾ ਪੂਰਾ ਧਿਆਨ ਲਾ ਕੇ ਲਗਨ ਨਾਲ ਪ੍ਰਭੂ ਦੀ ਸੇਵਾ ਕਰ’ ਸਕੀ ਹਾਂ।—1 ਕੁਰਿੰਥੀਆਂ 7:35. (w11-E 12/01)

[ਸਫ਼ਾ 28 ਉੱਤੇ ਤਸਵੀਰ]

ਸੰਨ 1950 ਦੇ ਦਹਾਕੇ ਵਿਚ ਮੇਰੇ ਪਿਤਾ ਜੀ ਬੰਬਈ ਵਿਚ ਭਾਸ਼ਣ ਦਿੰਦੇ ਹੋਏ

[ਸਫ਼ਾ 28 ਉੱਤੇ ਤਸਵੀਰ]

ਐਲਿਜ਼ਬਥ ਨਾਲ ਉਸ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ

[ਸਫ਼ਾ 29 ਉੱਤੇ ਤਸਵੀਰ]

ਸੰਨ 1960 ਨੂੰ ਬੰਬਈ ਵਿਚ ਭਾਸ਼ਣ ਦਾ ਐਲਾਨ ਕਰਦੇ ਹੋਏ

[ਸਫ਼ਾ 29 ਉੱਤੇ ਤਸਵੀਰ]

ਟ੍ਰਾਂਸਲੇਸ਼ਨ ਆਫ਼ਿਸ ਵਿਚ ਨਾਲ ਦੇ ਕੰਮ ਕਰਨ ਵਾਲਿਆਂ ਨਾਲ