Skip to content

Skip to table of contents

ਅਬਰਾਹਾਮ—ਇਕ ਦਲੇਰ ਆਦਮੀ

ਅਬਰਾਹਾਮ—ਇਕ ਦਲੇਰ ਆਦਮੀ

ਅਬਰਾਹਾਮ—ਇਕ ਦਲੇਰ ਆਦਮੀ

ਅਬਰਾਹਾਮ ਆਪਣੇ ਨੌਕਰਾਂ ਅਤੇ ਪਰਿਵਾਰ ਨੂੰ ਕਨਾਨ ਜਾਣ ਦੀਆਂ ਤਿਆਰੀਆਂ ਕਰਦਿਆਂ ਦੇਖਦਾ ਹੈ। (ਉਤਪਤ 12:1-5) ਇਹ ਸਾਰੇ ਜਣੇ ਗੁਜ਼ਾਰੇ ਲਈ ਉਸ ʼਤੇ ਨਿਰਭਰ ਕਰਦੇ ਹਨ। ਅਬਰਾਹਾਮ ਜਾਣਦਾ ਹੈ ਕਿ ਉਸ ʼਤੇ ਇਨ੍ਹਾਂ ਲੋਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਕ ਅਣਜਾਣ ਦੇਸ਼ ਵਿਚ ਉਹ ਇੰਨੇ ਸਾਰੇ ਲੋਕਾਂ ਦੀਆਂ ਲੋੜਾਂ ਕਿੱਦਾਂ ਪੂਰੀਆਂ ਕਰੇਗਾ? ਊਰ ਵਰਗੇ ਖ਼ੁਸ਼ਹਾਲ ਸ਼ਹਿਰ ਵਿਚ ਸ਼ਾਇਦ ਇੱਦਾਂ ਕਰਨਾ ਸੌਖਾ ਹੈ ਜਿੱਥੇ ਵੱਡੀਆਂ-ਵੱਡੀਆਂ ਚਰਾਂਦਾਂ, ਉਪਜਾਊ ਜ਼ਮੀਨ ਅਤੇ ਭਰਪੂਰ ਪਾਣੀ ਹੈ। ਉਦੋਂ ਕੀ ਜੇ ਉਹ ਉਸ ਨਵੇਂ ਦੇਸ਼ ਵਿਚ ਬੀਮਾਰ ਹੋ ਗਿਆ ਜਾਂ ਉਸ ਦੀ ਮੌਤ ਹੋ ਗਈ? ਫਿਰ ਉਸ ਦੇ ਪਰਿਵਾਰ ਦਾ ਖ਼ਿਆਲ ਕੌਣ ਰੱਖੇਗਾ? ਜੇ ਅਬਰਾਹਾਮ ਨੂੰ ਇੱਦਾਂ ਦੀਆਂ ਗੱਲਾਂ ਦੀ ਚਿੰਤਾ ਹੁੰਦੀ ਵੀ ਹੈ, ਤਾਂ ਵੀ ਉਹ ਇਨ੍ਹਾਂ ਨੂੰ ਆਪਣੇ ʼਤੇ ਹਾਵੀ ਹੋਣ ਨਹੀਂ ਦਿੰਦਾ। ਉਸ ਨੇ ਠਾਣਿਆ ਹੋਇਆ ਹੈ ਕਿ ਉਹ ਹਰ ਹਾਲ ਵਿਚ ਪਰਮੇਸ਼ੁਰ ਦੇ ਹੁਕਮ ਮੰਨੇਗਾ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਇਕ ਦਲੇਰ ਆਦਮੀ ਹੈ।

ਦਲੇਰ ਹੋਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ, ਹਿੰਮਤੀ ਤੇ ਬਹਾਦਰ ਹੋਣਾ। ਇਹ ਗੁਣ ਡਰ ਅਤੇ ਕਾਇਰਤਾ ਤੋਂ ਬਿਲਕੁਲ ਉਲਟ ਹੈ। ਦਲੇਰ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕਦੇ ਡਰ ਨਹੀਂ ਲੱਗਦਾ, ਸਗੋਂ ਇਸ ਦਾ ਮਤਲਬ ਹੈ ਕਿ ਜਿਸ ਇਨਸਾਨ ਨੂੰ ਪਰਮੇਸ਼ੁਰ ਦਲੇਰ ਬਣਾਉਂਦਾ ਹੈ, ਉਹ ਡਰ ਲੱਗਣ ਦੇ ਬਾਵਜੂਦ ਕਦਮ ਚੁੱਕਦਾ ਹੈ।

ਅਬਰਾਹਾਮ ਨੇ ਦਲੇਰੀ ਕਿਵੇਂ ਦਿਖਾਈ? ਅਬਰਾਹਾਮ ਭੀੜ ਮਗਰ ਨਹੀਂ ਲੱਗਾ। ਉਹ ਅਜਿਹੇ ਮਾਹੌਲ ਵਿਚ ਜੰਮਿਆ-ਪਲ਼ਿਆ ਸੀ ਜਿੱਥੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਅਤੇ ਮੂਰਤੀਆਂ ਦੀ ਪੂਜਾ ਕਰਦੇ ਸਨ। ਫਿਰ ਵੀ ਉਹ ਦੂਜਿਆਂ ਦੇ ਡਰੋਂ ਸਹੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਿਆ। ਅਬਰਾਹਾਮ ਨੇ ਦਲੇਰੀ ਦਿਖਾਈ ਅਤੇ ਉਸ ਨੇ ਇੱਕੋ-ਇਕ ਸੱਚੇ ਪਰਮੇਸ਼ੁਰ ਯਾਨੀ “ਅੱਤ ਮਹਾਨ ਪਰਮੇਸ਼ੁਰ” ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ।​—ਉਤਪਤ 14:21, 22.

ਅਬਰਾਹਾਮ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਸੱਚੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੰਦਾ ਸੀ। ਉਸ ਨੇ ਪੂਰਾ ਭਰੋਸਾ ਰੱਖਿਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਇਸ ਕਰਕੇ ਉਹ ਊਰ ਸ਼ਹਿਰ ਵਿਚ ਆਪਣੀ ਆਰਾਮਦਾਇਕ ਜ਼ਿੰਦਗੀ ਛੱਡ ਕੇ ਉਜਾੜ ਵਿਚ ਜਾਣ ਲਈ ਤਿਆਰ ਸੀ। ਜਿੱਦਾਂ-ਜਿੱਦਾਂ ਸਾਲ ਬੀਤਦੇ ਗਏ, ਸ਼ਾਇਦ ਅਬਰਾਹਾਮ ਨੇ ਊਰ ਸ਼ਹਿਰ ਦੀਆਂ ਕੁਝ ਸੁੱਖ-ਸਹੂਲਤਾਂ ਬਾਰੇ ਸੋਚਿਆ ਹੋਣਾ। ਪਰ ਅਬਰਾਹਾਮ ਨੂੰ ਯਕੀਨ ਸੀ ਕਿ ਯਹੋਵਾਹ ਉਸ ਦੀਆਂ ਅਤੇ ਉਸ ਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇਗਾ। ਅਬਰਾਹਾਮ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦਿੰਦਾ ਸੀ ਜਿਸ ਕਰਕੇ ਉਸ ਨੇ ਦਲੇਰੀ ਨਾਲ ਯਹੋਵਾਹ ਦੇ ਹੁਕਮ ਮੰਨੇ।

ਅਸੀਂ ਕੀ ਸਿੱਖਦੇ ਹਾਂ? ਅਸੀਂ ਵੀ ਅਬਰਾਹਾਮ ਵਾਂਗ ਦਲੇਰ ਬਣ ਕੇ ਯਹੋਵਾਹ ਦਾ ਕਹਿਣਾ ਮੰਨ ਸਕਦੇ ਹਾਂ, ਭਾਵੇਂ ਸਾਡੇ ਆਲੇ-ਦੁਆਲੇ ਦੇ ਲੋਕ ਇੱਦਾਂ ਨਹੀਂ ਵੀ ਕਰਦੇ। ਉਦਾਹਰਣ ਲਈ, ਬਾਈਬਲ ਦੱਸਦੀ ਹੈ ਕਿ ਜਿਹੜੇ ਲੋਕ ਯਹੋਵਾਹ ਪਰਮੇਸ਼ੁਰ ʼਤੇ ਨਿਹਚਾ ਹੋਣ ਕਰਕੇ ਉਸ ਦੇ ਪੱਖ ਵਿਚ ਖੜ੍ਹਦੇ ਹਨ, ਸ਼ਾਇਦ ਉਨ੍ਹਾਂ ਦਾ ਵਿਰੋਧ ਹੋਵੇ। ਹੋ ਸਕਦਾ ਹੈ ਕਿ ਇਹ ਵਿਰੋਧ ਉਨ੍ਹਾਂ ਦਾ ਭਲਾ ਚਾਹੁਣ ਵਾਲੇ ਦੋਸਤਾਂ ਅਤੇ ਘਰਦਿਆਂ ਵੱਲੋਂ ਹੋਵੇ। (ਯੂਹੰਨਾ 15:20) ਜਦੋਂ ਸਾਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਅਸੀਂ ਯਹੋਵਾਹ ਬਾਰੇ ਜੋ ਸਿੱਖਿਆ ਹੈ, ਉਹ ਬਿਲਕੁਲ ਸਹੀ ਹੈ, ਤਾਂ ਅਸੀਂ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਖੜ੍ਹਦੇ ਹਾਂ। ਪਰ ਅਸੀਂ ਇੱਦਾਂ ਪੂਰੇ ਆਦਰ ਨਾਲ ਕਰਦੇ ਹਾਂ।​—1 ਪਤਰਸ 3:15.

ਅਸੀਂ ਵੀ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਉਸ ʼਤੇ ਨਿਹਚਾ ਕਰਨ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰੇਗਾ। ਇਸੇ ਭਰੋਸੇ ਕਰਕੇ ਅਸੀਂ ਦਲੇਰ ਬਣਦੇ ਹਾਂ ਅਤੇ ਚੀਜ਼ਾਂ ਦੀ ਬਜਾਇ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ। (ਮੱਤੀ 6:33) ਗੌਰ ਕਰੋ ਕਿ ਇਕ ਪਰਿਵਾਰ ਨੇ ਇੱਦਾਂ ਕਿਵੇਂ ਕੀਤਾ।

ਡਗ ਅਤੇ ਬੈਕੀ ਦੇ ਦੋ ਛੋਟੇ ਮੁੰਡੇ ਸਨ, ਫਿਰ ਵੀ ਉਹ ਉਸ ਦੇਸ਼ ਜਾਣਾ ਚਾਹੁੰਦੇ ਸਨ ਜਿੱਥੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਧਿਆਨ ਨਾਲ ਖੋਜਬੀਨ ਅਤੇ ਦਿਲੋਂ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਜਾਣ ਦਾ ਫ਼ੈਸਲਾ ਕੀਤਾ। ਡਗ ਦੱਸਦਾ ਹੈ: “ਆਪਣੇ ਬੱਚਿਆਂ ਨੂੰ ਲੈ ਕੇ ਕਿਸੇ ਦੂਜੇ ਦੇਸ਼ ਜਾਣ ਲਈ ਸੱਚ-ਮੁੱਚ ਦਲੇਰੀ ਦੀ ਲੋੜ ਸੀ ਕਿਉਂਕਿ ਸਾਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਹੋਣਾ ਹੈ। ਪਰ ਜਦੋਂ ਅਸੀਂ ਉੱਥੇ ਜਾਣ ਬਾਰੇ ਸੋਚ ਹੀ ਰਹੇ ਸੀ, ਤਾਂ ਅਸੀਂ ਅਬਰਾਹਾਮ ਅਤੇ ਸਾਰਾਹ ਦੀ ਮਿਸਾਲ ʼਤੇ ਚਰਚਾ ਕੀਤੀ। ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਉਨ੍ਹਾਂ ਨੇ ਯਹੋਵਾਹ ʼਤੇ ਕਿੱਦਾਂ ਭਰੋਸਾ ਰੱਖਿਆ ਅਤੇ ਯਹੋਵਾਹ ਨੇ ਕਿਵੇਂ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕੀਤੀ। ਇੱਦਾਂ ਕਰਨ ਨਾਲ ਸਾਡੀ ਬਹੁਤ ਮਦਦ ਹੋਈ।”

ਦੂਜੇ ਦੇਸ਼ ਵਿਚ ਆਪਣੀ ਜ਼ਿੰਦਗੀ ਬਾਰੇ ਡਗ ਦੱਸਦਾ ਹੈ: “ਸਾਨੂੰ ਸ਼ਾਨਦਾਰ ਬਰਕਤ ਮਿਲੀ ਹੈ। ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ ਜਿਸ ਕਰਕੇ ਅਸੀਂ ਪਰਿਵਾਰ ਵਜੋਂ ਇਕ-ਦੂਜੇ ਨਾਲ ਕਾਫ਼ੀ ਸਮਾਂ ਬਿਤਾ ਪਾਉਂਦੇ ਹਾਂ, ਜਿੱਦਾਂ ਕਿ ਅਸੀਂ ਇਕੱਠੇ ਪ੍ਰਚਾਰ ʼਤੇ ਜਾਂਦੇ ਹਾਂ, ਇਕ-ਦੂਜੇ ਨਾਲ ਗੱਲਾਂ ਕਰਦੇ ਹਾਂ ਅਤੇ ਮੁੰਡਿਆਂ ਨਾਲ ਖੇਡਦੇ ਹਾਂ। ਇਸ ਕਰਕੇ ਅਸੀਂ ਬਹੁਤ ਖ਼ੁਸ਼ ਹਾਂ ਅਤੇ ਅਸੀਂ ਇਸ ਖ਼ੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।”

ਬਿਨਾਂ ਸ਼ੱਕ, ਸਾਰਿਆਂ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਜਿਸ ਕਰਕੇ ਸਾਰੇ ਜਣੇ ਆਪਣੀ ਜ਼ਿੰਦਗੀ ਵਿਚ ਇੰਨੇ ਵੱਡੇ-ਵੱਡੇ ਬਦਲਾਅ ਨਹੀਂ ਕਰ ਸਕਦੇ। ਫਿਰ ਵੀ ਅਸੀਂ ਅਬਰਾਹਾਮ ਦੀ ਰੀਸ ਕਰਦਿਆਂ ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਸਕਦੇ ਹਾਂ ਅਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡਾ ਖ਼ਿਆਲ ਰੱਖੇਗਾ। ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਬਾਈਬਲ ਦੀ ਸਲਾਹ ਮੰਨਦਿਆਂ “ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।’”​—ਇਬਰਾਨੀਆਂ 13:5, 6.

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਜਿਸ ਇਨਸਾਨ ਨੂੰ ਪਰਮੇਸ਼ੁਰ ਦਲੇਰ ਬਣਾਉਂਦਾ ਹੈ, ਉਹ ਡਰ ਲੱਗਣ ਦੇ ਬਾਵਜੂਦ ਕਦਮ ਚੁੱਕਦਾ ਹੈ

[ਡੱਬੀ/ਤਸਵੀਰ]

ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਤੇ ਇਕ ਚੰਗੀ ਪਤਨੀ

ਸਾਰਾਹ ਦਾ ਵਿਆਹ ਇਕ ਅਜਿਹੇ ਆਦਮੀ ਨਾਲ ਹੋਇਆ ਸੀ ਜੋ ਪਰਮੇਸ਼ੁਰ ʼਤੇ ਬਹੁਤ ਨਿਹਚਾ ਰੱਖਦਾ ਸੀ। ਪਰ ਸਾਰਾਹ ਨੇ ਖ਼ੁਦ ਵੀ ਇਕ ਬਹੁਤ ਵਧੀਆ ਮਿਸਾਲ ਰੱਖੀ। ਦਰਅਸਲ, ਬਾਈਬਲ ਵਿਚ ਤਿੰਨ ਵਾਰ ਸਾਰਾਹ ਦਾ ਜ਼ਿਕਰ ਇਕ ਅਜਿਹੀ ਔਰਤ ਵਜੋਂ ਕੀਤਾ ਗਿਆ ਹੈ ਜਿਸ ਦੀ ਮਿਸਾਲ ʼਤੇ ਵਫ਼ਾਦਾਰ ਔਰਤਾਂ ਨੂੰ ਚੱਲਣਾ ਚਾਹੀਦਾ ਹੈ। (ਯਸਾਯਾਹ 51:1, 2; ਇਬਰਾਨੀਆਂ 11:11; 1 ਪਤਰਸ 3:3-6) ਚਾਹੇ ਕਿ ਬਾਈਬਲ ਵਿਚ ਇਸ ਬੇਮਿਸਾਲ ਔਰਤ ਬਾਰੇ ਥੋੜ੍ਹਾ-ਬਹੁਤ ਹੀ ਦੱਸਿਆ ਗਿਆ ਹੈ, ਫਿਰ ਵੀ ਸਾਨੂੰ ਇਸ ਤੋਂ ਝਲਕ ਮਿਲਦੀ ਹੈ ਕਿ ਉਸ ਵਿਚ ਕਿੰਨੇ ਵਧੀਆ ਗੁਣ ਸਨ।

ਉਦਾਹਰਣ ਲਈ, ਜਦੋਂ ਅਬਰਾਹਾਮ ਨੇ ਸਾਰਾਹ ਨੂੰ ਦੱਸਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਊਰ ਸ਼ਹਿਰ ਛੱਡ ਕੇ ਜਾਣ ਲਈ ਕਿਹਾ ਹੈ, ਤਾਂ ਸਾਰਾਹ ਨੂੰ ਪਹਿਲਾਂ-ਪਹਿਲ ਕਿੱਦਾਂ ਲੱਗਾ। ਕੀ ਉਸ ਨੇ ਇਹ ਸੋਚਿਆ ਕਿ ਉਨ੍ਹਾਂ ਨੇ ਊਰ ਸ਼ਹਿਰ ਛੱਡ ਕੇ ਕਿੱਥੇ ਜਾਣਾ ਸੀ ਅਤੇ ਕਿਉਂ? ਕੀ ਉਸ ਨੂੰ ਇਹ ਚਿੰਤਾ ਸੀ ਕਿ ਉਨ੍ਹਾਂ ਦੀਆਂ ਲੋੜਾਂ ਕਿੱਦਾਂ ਪੂਰੀਆਂ ਹੋਣਗੀਆਂ? ਕੀ ਉਹ ਇਹ ਸੋਚ ਕੇ ਦੁਖੀ ਹੋ ਗਈ ਕਿ ਉਸ ਨੂੰ ਆਪਣੇ ਦੋਸਤਾਂ ਅਤੇ ਘਰਦਿਆਂ ਨੂੰ ਛੱਡਣਾ ਪੈਣਾ ਅਤੇ ਪਤਾ ਨਹੀਂ ਕਿ ਉਹ ਉਨ੍ਹਾਂ ਨੂੰ ਦੁਬਾਰਾ ਕਦੇ ਮਿਲ ਸਕੇਗੀ ਜਾਂ ਨਹੀਂ? ਬਿਨਾਂ ਸ਼ੱਕ, ਉਸ ਦੇ ਮਨ ਵਿਚ ਇਹ ਸਾਰੇ ਖ਼ਿਆਲ ਆਏ ਹੋਣੇ। ਫਿਰ ਵੀ ਉਹ ਊਰ ਸ਼ਹਿਰ ਛੱਡਣ ਲਈ ਤਿਆਰ ਸੀ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਕਹਿਣਾ ਮੰਨਣ ਕਰਕੇ ਯਹੋਵਾਹ ਉਸ ਨੂੰ ਬਰਕਤ ਦੇਵੇਗਾ।​—ਰਸੂਲਾਂ ਦੇ ਕੰਮ 7:2, 3.

ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਹੋਣ ਦੇ ਨਾਲ-ਨਾਲ ਸਾਰਾਹ ਇਕ ਚੰਗੀ ਪਤਨੀ ਵੀ ਸੀ। ਉਸ ਨੇ ਪਰਿਵਾਰ ਦੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਣ ਲਈ ਆਪਣੇ ਪਤੀ ਨਾਲ ਮੁਕਾਬਲਾ ਨਹੀਂ ਕੀਤਾ, ਸਗੋਂ ਉਹ ਦਿਲੋਂ ਉਸ ਦਾ ਆਦਰ ਕਰਦੀ ਸੀ। ਨਾਲੇ ਪਰਿਵਾਰ ਦੀ ਅਗਵਾਈ ਕਰਨ ਵਿਚ ਪਿਆਰ ਨਾਲ ਉਸ ਦਾ ਸਾਥ ਦਿੰਦੀ ਸੀ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਿਆ ਯਾਨੀ ਆਪਣੇ ਵਿਚ ਚੰਗੇ ਗੁਣ ਪੈਦਾ ਕੀਤੇ।​—1 ਪਤਰਸ 3:1-6.

ਸਾਰਾਹ ਦੀ ਮਿਸਾਲ ਤੋਂ ਅੱਜ ਪਤਨੀਆਂ ਕੀ ਸਿੱਖ ਸਕਦੀਆਂ? ਜਿੱਲ ਨਾਂ ਦੀ ਔਰਤ ਦੇ ਵਿਆਹ ਨੂੰ 30 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਉਹ ਦੱਸਦੀ ਹੈ: “ਸਾਰਾਹ ਦੀ ਮਿਸਾਲ ਤੋਂ ਮੈਂ ਸਿੱਖਿਆ ਕਿ ਮੈਨੂੰ ਆਪਣੇ ਪਤੀ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਆਪਣੀ ਰਾਇ ਦੱਸਣੀ ਚਾਹੀਦੀ ਹੈ। ਪਰ ਇਸ ਦੇ ਨਾਲ-ਨਾਲ ਮੈਂ ਇਹ ਵੀ ਯਾਦ ਰੱਖਦੀ ਹਾਂ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਆਖ਼ਰੀ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਮੇਰੇ ਪਤੀ ਦੀ ਹੈ। ਜਦੋਂ ਉਹ ਕੋਈ ਫ਼ੈਸਲਾ ਲੈਂਦਾ ਹੈ, ਤਾਂ ਮੈਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਉਸ ਨੂੰ ਸਫ਼ਲ ਬਣਾਵਾਂ।”

ਅਸੀਂ ਸਾਰਾਹ ਤੋਂ ਇਕ ਹੋਰ ਅਹਿਮ ਸਬਕ ਸਿੱਖ ਸਕਦੇ ਹਾਂ। ਚਾਹੇ ਕਿ ਸਾਰਾਹ ਬਹੁਤ ਸੋਹਣੀ-ਸੁਨੱਖੀ ਸੀ, ਪਰ ਉਸ ਨੇ ਆਪਣੀ ਸੁੰਦਰਤਾ ʼਤੇ ਘਮੰਡ ਨਹੀਂ ਕੀਤਾ। (ਉਤਪਤ 12:10-13) ਉਸ ਨੇ ਜ਼ਿੰਦਗੀ ਦੇ ਚੰਗੇ-ਮਾੜੇ ਹਾਲਾਤਾਂ ਵਿਚ ਨਿਮਰਤਾ ਨਾਲ ਆਪਣੇ ਪਤੀ ਦਾ ਸਾਥ ਦਿੱਤਾ। ਬਿਨਾਂ ਸ਼ੱਕ, ਅਬਰਾਹਾਮ ਤੇ ਸਾਰਾਹ ਵਫ਼ਾਦਾਰ ਤੇ ਨਿਮਰ ਸਨ ਅਤੇ ਉਹ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਹਾਂ, ਸੱਚ-ਮੁੱਚ ਉਹ ਇਕ-ਦੂਜੇ ਲਈ ਬਰਕਤ ਸਨ।