Skip to content

Skip to table of contents

ਅਬਰਾਹਾਮ—ਪਿਆਰ ਕਰਨ ਵਾਲਾ ਆਦਮੀ

ਅਬਰਾਹਾਮ—ਪਿਆਰ ਕਰਨ ਵਾਲਾ ਆਦਮੀ

ਅਬਰਾਹਾਮ​—ਪਿਆਰ ਕਰਨ ਵਾਲਾ ਆਦਮੀ

ਜਦੋਂ ਅਬਰਾਹਾਮ ਦੀ ਪਿਆਰੀ ਪਤਨੀ ਸਾਰਾਹ ਮੌਤ ਦੀ ਨੀਂਦ ਸੌਂ ਗਈ, ਤਾਂ ਅਬਰਾਹਾਮ ਲਈ ਉਸ ਦਾ ਵਿਛੋੜਾ ਝੱਲਣਾ ਬਹੁਤ ਔਖਾ ਸੀ। ਜਦ ਉਸ ਬਿਰਧ ਆਦਮੀ ਨੇ ਆਖ਼ਰੀ ਵਾਰ ਸਾਰਾਹ ਦਾ ਮੂੰਹ ਦੇਖਿਆ, ਤਾਂ ਉਸ ਦੇ ਮਨ ਵਿਚ ਮਿੱਠੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹ ਗਮ ਵਿਚ ਡੁੱਬ ਗਿਆ ਤੇ ਹੰਝੂ ਵਹਾ-ਵਹਾ ਕੇ ਰੋਣ ਲੱਗਾ। (ਉਤਪਤ 23:1, 2) ਰੋਣ ਵਿਚ ਉਸ ਨੂੰ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ, ਸਗੋਂ ਉਸ ਦੇ ਹੰਝੂ ਉਸ ਦੇ ਪਿਆਰ ਦਾ ਇਜ਼ਹਾਰ ਸਨ। ਹਾਂ, ਪਿਆਰ ਅਬਰਾਹਾਮ ਦੀ ਇਕ ਖੂਬੀ ਸੀ।

ਪਿਆਰ ਕੀ ਹੈ? ਪਿਆਰ ਦਾ ਮਤਲਬ ਹੈ ਕਿਸੇ ਨਾਲ ਗਹਿਰਾ ਲਗਾਉ ਜਾਂ ਮੋਹ ਹੋਣਾ। ਜੋ ਇਨਸਾਨ ਦੂਜਿਆਂ ਨਾਲ ਪਿਆਰ ਕਰਦਾ ਹੈ, ਉਹ ਆਪਣੇ ਕੰਮਾਂ ਰਾਹੀਂ ਇਸ ਦਾ ਸਬੂਤ ਦਿੰਦਾ ਹੈ, ਚਾਹੇ ਉਸ ਨੂੰ ਕੁਰਬਾਨੀਆਂ ਵੀ ਕਿਉਂ ਨਾ ਕਰਨੀਆਂ ਪੈਣ।

ਅਬਰਾਹਾਮ ਨੇ ਪਿਆਰ ਕਿਵੇਂ ਜ਼ਾਹਰ ਕੀਤਾ? ਅਬਰਾਹਾਮ ਨੇ ਦਿਖਾਇਆ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ। ਬਿਨਾਂ ਸ਼ੱਕ ਅਬਰਾਹਾਮ ਦੀ ਜ਼ਿੰਦਗੀ ਰੁਝੇਵਿਆਂ ਭਰੀ ਸੀ। ਪਰ ਫਿਰ ਵੀ ਉਸ ਨੇ ਆਪਣੇ ਪਰਿਵਾਰ ਦੀਆਂ ਜਜ਼ਬਾਤੀ ਲੋੜਾਂ ਪੂਰੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਗਿਆਨ ਦਿੱਤਾ। ਯਹੋਵਾਹ ਨੇ ਵੀ ਦੇਖਿਆ ਸੀ ਕਿ ਅਬਰਾਹਾਮ ਪਰਿਵਾਰ ਦੇ ਮੁਖੀ ਵਜੋਂ ਭਗਤੀ ਕਰਨ ਵਿਚ ਅਗਵਾਈ ਕਰਦਾ ਸੀ। (ਉਤਪਤ 18:19) ਨਾਲੇ ਯਹੋਵਾਹ ਨੇ ਖ਼ਾਸ ਕਰਕੇ ਅਬਰਾਹਾਮ ਦੇ ਪਿਆਰ ਦਾ ਜ਼ਿਕਰ ਕੀਤਾ ਸੀ। ਅਬਰਾਹਾਮ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਆਪਣੇ ‘ਇਕਲੌਤੇ ਪੁੱਤਰ’ ਇਸਹਾਕ ਨੂੰ ਬਹੁਤ ‘ਪਿਆਰ ਕਰਦਾ ਸੀ।’—ਉਤਪਤ 22:2.

ਅਬਰਾਹਾਮ ਨੇ ਆਪਣੀ ਪਿਆਰੀ ਪਤਨੀ ਸਾਰਾਹ ਦੀ ਮੌਤ ਹੋਣ ਤੇ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ। ਉਸ ਵੇਲੇ ਅਬਰਾਹਾਮ ਬਹੁਤ ਰੋਇਆ। ਤਕੜਾ ਤੇ ਹਿੰਮਤੀ ਬੰਦਾ ਹੋਣ ਦੇ ਬਾਵਜੂਦ ਉਹ ਆਪਣਾ ਦੁੱਖ ਜ਼ਾਹਰ ਕਰਨ ਤੋਂ ਡਰਿਆ ਨਹੀਂ। ਇਸ ਤਰ੍ਹਾਂ ਅਬਰਾਹਾਮ ਨੇ ਕਿੰਨੀ ਚੰਗੀ ਤਰ੍ਹਾਂ ਦਿਖਾਇਆ ਕਿ ਉਹ ਤਾਕਤਵਰ ਹੋਣ ਦੇ ਨਾਲ-ਨਾਲ ਕਿੰਨੇ ਨਰਮ ਸੁਭਾਅ ਦਾ ਇਨਸਾਨ ਸੀ।

ਅਬਰਾਹਾਮ ਨੇ ਦਿਖਾਇਆ ਕਿ ਉਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ। ਇਹ ਪਿਆਰ ਉਸ ਨੇ ਆਪਣੀ ਸਾਰੀ ਜ਼ਿੰਦਗੀ ਦਿਖਾਇਆ। ਉਹ ਕਿਵੇਂ? ਸਾਨੂੰ ਸ਼ਾਇਦ ਬਾਈਬਲ ਵਿਚ 1 ਯੂਹੰਨਾ 5:3 ਵਿਚ ਦੱਸੀ ਇਹ ਗੱਲ ਯਾਦ ਆਵੇ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।” ਅਬਰਾਹਾਮ ਇਨ੍ਹਾਂ ਸ਼ਬਦਾਂ ’ਤੇ ਬਿਲਕੁਲ ਖਰਾ ਉਤਰਿਆ ਅਤੇ ਉਸ ਨੇ ਪਰਮੇਸ਼ੁਰ ਨਾਲ ਪਿਆਰ ਕਰ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ।

ਯਹੋਵਾਹ ਜਦੋਂ ਵੀ ਅਬਰਾਹਾਮ ਨੂੰ ਕੋਈ ਹੁਕਮ ਦਿੰਦਾ ਸੀ, ਤਾਂ ਉਹ ਝੱਟ ਇਸ ਹੁਕਮ ਨੂੰ ਮੰਨ ਲੈਂਦਾ ਸੀ। (ਉਤਪਤ 12:4; 17:22, 23; 21:12-14; 22:1-3) ਅਬਰਾਹਾਮ ਲਈ ਇਹ ਗੱਲ ਇੰਨੀ ਮਾਅਨੇ ਨਹੀਂ ਸੀ ਰੱਖਦੀ ਕਿ ਇਹ ਹੁਕਮ ਮੰਨਣਾ ਔਖਾ ਸੀ ਜਾਂ ਸੌਖਾ। ਉਹ ਉਦੋਂ ਵੀ ਯਹੋਵਾਹ ਦਾ ਹੁਕਮ ਮੰਨਦਾ ਸੀ ਜਦੋਂ ਉਸ ਨੂੰ ਪਤਾ ਨਹੀਂ ਸੀ ਹੁੰਦਾ ਕਿ ਉਸ ਨੂੰ ਕਿਉਂ ਹੁਕਮ ਦਿੱਤਾ ਗਿਆ ਸੀ। ਹਾਂ, ਜੋ ਕੁਝ ਉਸ ਦਾ ਪਰਮੇਸ਼ੁਰ ਉਸ ਨੂੰ ਕਰਨ ਲਈ ਕਹਿੰਦਾ ਸੀ ਉਹ ਖ਼ੁਸ਼ੀ-ਖ਼ੁਸ਼ੀ ਕਰਦਾ ਸੀ। ਅਬਰਾਹਾਮ ਨੇ ਹਰ ਹੁਕਮ ਨੂੰ ਯਹੋਵਾਹ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਸਮਝਿਆ ਸੀ।

ਅਸੀਂ ਕੀ ਸਬਕ ਸਿੱਖਦੇ ਹਾਂ? ਅਸੀਂ ਦੂਜਿਆਂ ਲਈ, ਖ਼ਾਸ ਕਰਕੇ ਆਪਣੇ ਪਰਿਵਾਰ ਲਈ ਪਿਆਰ ਦਿਖਾ ਕੇ ਅਬਰਾਹਾਮ ਦੀ ਰੀਸ ਕਰ ਸਕਦੇ ਹਾਂ। ਸਾਨੂੰ ਆਪਣੇ ਕੰਮ-ਧੰਦਿਆਂ ਵਿਚ ਇੰਨੇ ਰੁੱਝੇ ਨਹੀਂ ਰਹਿਣਾ ਚਾਹੀਦਾ ਕਿ ਸਾਡੇ ਕੋਲ ਆਪਣੇ ਅਜ਼ੀਜ਼ਾਂ ਲਈ ਸਮਾਂ ਹੀ ਨਾ ਬਚੇ।

ਸਾਨੂੰ ਯਹੋਵਾਹ ਲਈ ਦਿਲੋਂ ਪਿਆਰ ਪੈਦਾ ਕਰਨ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ। ਇਸ ਪਿਆਰ ਦਾ ਸਾਡੀ ਜ਼ਿੰਦਗੀ ਉੱਤੇ ਬਹੁਤ ਵਧੀਆ ਅਸਰ ਪੈ ਸਕਦਾ ਹੈ। ਮਿਸਾਲ ਲਈ, ਇਹ ਪਿਆਰ ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਆਪਣੇ ਰਵੱਈਏ, ਬੋਲੀ ਅਤੇ ਚਾਲ-ਚਲਣ ਨੂੰ ਬਦਲਣ ਲਈ ਪ੍ਰੇਰ ਸਕਦਾ ਹੈ।—1 ਪਤਰਸ 1:14-16.

ਇਹ ਗੱਲ ਤਾਂ ਠੀਕ ਹੈ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਿਸ ਪਰਮੇਸ਼ੁਰ ਨੇ ਅਬਰਾਹਾਮ ਦੀ ਮਦਦ ਕੀਤੀ ਅਤੇ ਉਸ ਨੂੰ ਆਪਣਾ “ਦੋਸਤ” ਕਿਹਾ, ਉਹ ਸਾਡੀ ਵੀ ਮਦਦ ਕਰ ਸਕਦਾ ਹੈ। (ਯਸਾਯਾਹ 41:8) ਉਸ ਦੇ ਬਚਨ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ: “ਉਹੀ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਉਹੀ ਤੁਹਾਨੂੰ ਤਕੜਾ ਕਰੇਗਾ।” (1 ਪਤਰਸ 5:10) ਅਬਰਾਹਾਮ ਦੇ ਇਸ ਭਰੋਸੇਯੋਗ ਦੋਸਤ ਨੇ ਸਾਡੇ ਨਾਲ ਕਿੰਨਾ ਵਧੀਆ ਵਾਅਦਾ ਕੀਤਾ ਹੈ! (w12-E 01/01)

[ਸਫ਼ਾ 13 ਉੱਤੇ ਡੱਬੀ]

ਕੀ ਆਦਮੀਆਂ ਦਾ ਰੋਣਾ ਕਮਜ਼ੋਰੀ ਹੈ?

ਕਈ ਕਹਿਣਗੇ ਹਾਂ ਇਹ ਕਮਜ਼ੋਰੀ ਹੈ। ਉਹ ਸ਼ਾਇਦ ਇਹ ਜਾਣ ਕੇ ਹੈਰਾਨ ਹੋਣਗੇ ਕਿ ਅਬਰਾਹਾਮ ਉਨ੍ਹਾਂ ਤਾਕਤਵਰ ਅਤੇ ਵਫ਼ਾਦਾਰ ਆਦਮੀਆਂ ਵਿੱਚੋਂ ਇਕ ਸੀ ਜਿਨ੍ਹਾਂ ਬਾਰੇ ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਨੇ ਦੁੱਖਾਂ ਦੀਆਂ ਘੜੀਆਂ ਵਿਚ ਹੰਝੂ ਵਹਾਏ। ਯੂਸੁਫ਼, ਦਾਊਦ, ਪਤਰਸ ਰਸੂਲ, ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਅਤੇ ਯਿਸੂ ਨੇ ਵੀ ਹੰਝੂ ਵਹਾਏ ਸਨ। (ਉਤਪਤ 50:1; 2 ਸਮੂਏਲ 18:33; ਲੂਕਾ 22:61, 62; ਯੂਹੰਨਾ 11:35; ਰਸੂਲਾਂ ਦੇ ਕੰਮ 20:36-38) ਜ਼ਾਹਰ ਹੈ ਕਿ ਬਾਈਬਲ ਨਹੀਂ ਸਿਖਾਉਂਦੀ ਕਿ ਆਦਮੀਆਂ ਦਾ ਰੋਣਾ ਕਮਜ਼ੋਰੀ ਹੈ।