Skip to content

Skip to table of contents

ਪਾਠਕਾਂ ਦੇ ਸਵਾਲ

ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਉਂ ਕਿਹਾ ਸੀ?

ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਉਂ ਕਿਹਾ ਸੀ?

▪ ਬਾਈਬਲ ਵਿਚ ਉਤਪਤ ਦੀ ਕਿਤਾਬ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਚੜ੍ਹਾਉਣ ਲਈ ਕਿਹਾ ਸੀ। (ਉਤਪਤ 22:2) ਬਾਈਬਲ ਪੜ੍ਹਨ ਵਾਲੇ ਕੁਝ ਲੋਕਾਂ ਨੂੰ ਇਹ ਬਿਰਤਾਂਤ ਸਮਝਣ ਵਿਚ ਔਖਾ ਲੱਗਦਾ ਹੈ। ਕੈਰਲ ਨਾਂ ਦੀ ਪ੍ਰੋਫ਼ੈਸਰ ਕਹਿੰਦੀ ਹੈ: “ਛੋਟੇ ਹੁੰਦਿਆਂ ਜਦੋਂ ਮੈਂ ਇਹ ਕਹਾਣੀ ਪਹਿਲਾਂ-ਪਹਿਲ ਸੁਣੀ ਸੀ, ਤਾਂ ਮੈਨੂੰ ਗੁੱਸਾ ਆਇਆ। ਮੈਂ ਸੋਚਿਆ ਕਿ ਕਿਹੜਾ ਪਰਮੇਸ਼ੁਰ ਇਸ ਤਰ੍ਹਾਂ ਕਰਨ ਲਈ ਕਿਸੇ ਨੂੰ ਕਹੇਗਾ?” ਅਸੀਂ ਇਸ ਔਰਤ ਦੇ ਜਜ਼ਬਾਤਾਂ ਨੂੰ ਸਮਝ ਸਕਦੇ ਹਾਂ, ਪਰ ਚੰਗਾ ਹੋਵੇਗਾ ਕਿ ਅਸੀਂ ਦੋ ਗੱਲਾਂ ਧਿਆਨ ਵਿਚ ਰੱਖੀਏ।

ਪਹਿਲੀ, ਧਿਆਨ ਦਿਓ ਕਿ ਯਹੋਵਾਹ ਨੇ ਕੀ ਨਹੀਂ ਕੀਤਾ। ਉਸ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਨਹੀਂ ਦੇਣ ਦਿੱਤੀ ਭਾਵੇਂ ਕਿ ਅਬਰਾਹਾਮ ਇਸ ਤਰ੍ਹਾਂ ਕਰਨ ਲਈ ਤਿਆਰ ਸੀ। ਇਸ ਤੋਂ ਬਾਅਦ ਪਰਮੇਸ਼ੁਰ ਨੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਕਿਹਾ। ਯਹੋਵਾਹ ਚਾਹੁੰਦਾ ਹੈ ਕਿ ਬੱਚਿਆਂ ਸਮੇਤ ਉਸ ਦੇ ਸਾਰੇ ਭਗਤ ਖ਼ੁਸ਼ੀਆਂ ਭਰੀ ਲੰਬੀ ਜ਼ਿੰਦਗੀ ਜੀਉਣ।

ਦੂਜੀ, ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੇ ਇਕ ਖ਼ਾਸ ਕਾਰਨ ਕਰਕੇ ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਚੜ੍ਹਾਉਣ ਲਈ ਕਿਹਾ ਸੀ। ਪਰਮੇਸ਼ੁਰ ਜਾਣਦਾ ਸੀ ਕਿ ਕਈ ਸਦੀਆਂ ਬਾਅਦ ਸਾਡੀ ਖ਼ਾਤਰ ਉਹ ਆਪ ਆਪਣੇ ਪੁੱਤਰ * ਯਿਸੂ ਦੀ ਕੁਰਬਾਨੀ ਦੇਵੇਗਾ। (ਮੱਤੀ 20:28) ਯਹੋਵਾਹ ਸਾਨੂੰ ਦਿਖਾਉਣਾ ਚਾਹੁੰਦਾ ਸੀ ਕਿ ਇਹ ਕੁਰਬਾਨੀ ਦੇਣ ਨਾਲ ਉਸ ਨੂੰ ਕਿੰਨਾ ਦੁੱਖ ਸਹਿਣਾ ਪੈਣਾ ਸੀ! ਅਬਰਾਹਾਮ ਤੋਂ ਇਸਹਾਕ ਦੀ ਬਲ਼ੀ ਮੰਗ ਕੇ ਉਸ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਭਵਿੱਖ ਵਿਚ ਉਹ ਕਿਹੜੀ ਕੁਰਬਾਨੀ ਦੇਣ ਵਾਲਾ ਸੀ। ਉਹ ਕਿਵੇਂ?

ਅਬਰਾਹਾਮ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਵੱਲ ਧਿਆਨ ਦਿਓ: ‘ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।’ (ਉਤਪਤ 22:2) ਗੌਰ ਕਰੋ ਕਿ ਯਹੋਵਾਹ ਨੇ ਕਿਹਾ ਕਿ ਅਬਰਾਹਾਮ ਆਪਣੇ ਪੁੱਤਰ ਇਸਹਾਕ ਨੂੰ ‘ਪਿਆਰ ਕਰਦਾ ਸੀ।’ ਯਹੋਵਾਹ ਜਾਣਦਾ ਸੀ ਕਿ ਇਸਹਾਕ ਅਬਰਾਹਾਮ ਦੀ ਜਾਨ ਸੀ। ਪਰਮੇਸ਼ੁਰ ਇਹ ਵੀ ਜਾਣਦਾ ਸੀ ਕਿ ਉਹ ਆਪ ਆਪਣੇ ਪੁੱਤਰ ਯਿਸੂ ਨੂੰ ਕਿੰਨਾ ਪਿਆਰ ਕਰਦਾ ਸੀ। ਉਸ ਨੇ ਸਵਰਗੋਂ ਯਿਸੂ ਬਾਰੇ ਦੋ ਵਾਰੀ ਐਲਾਨ ਕੀਤਾ ਕਿ “ਇਹ ਮੇਰਾ ਪਿਆਰਾ ਪੁੱਤਰ ਹੈ।”—ਮਰਕੁਸ 1:11; 9:7.

ਇਹ ਵੀ ਧਿਆਨ ਵਿਚ ਰੱਖੋ ਕਿ ਯਹੋਵਾਹ ਨੇ ਅਬਰਾਹਾਮ ਤੋਂ ਬਲ਼ੀ ਦੀ ਮੰਗ ਕਰਦੇ ਸਮੇਂ ਮੂਲ ਇਬਰਾਨੀ ਭਾਸ਼ਾ ਵਿਚ “ਕਿਰਪਾ ਕਰ ਕੇ” ਸ਼ਬਦ ਵਰਤੇ ਸਨ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ ਪਰਮੇਸ਼ੁਰ ਵੱਲੋਂ ਵਰਤੇ ਇਨ੍ਹਾਂ ਸ਼ਬਦਾਂ ਦਾ ਭਾਵ ਹੈ ਕਿ “ਪ੍ਰਭੂ ਜਿਸ ਚੀਜ਼ ਦੀ ਮੰਗ ਕਰ ਰਿਹਾ ਸੀ, ਉਹ ਉਸ ਦੀ ਕੀਮਤ ਜਾਣਦਾ ਸੀ।” ਅਸੀਂ ਸਮਝ ਸਕਦੇ ਹਾਂ ਕਿ ਇਹ ਬੇਨਤੀ ਸੁਣ ਕੇ ਅਬਰਾਹਾਮ ਦਾ ਦਿਲ ਚੀਰਿਆ ਗਿਆ ਹੋਣਾ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਤੜਫਦਿਆਂ ਅਤੇ ਮਰਦਿਆਂ ਦੇਖਿਆ। ਉਹ ਇੰਨਾ ਦੁਖੀ ਹੋਇਆ ਹੋਣਾ ਜਿੰਨਾ ਉਹ ਪਹਿਲਾਂ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਵੇਗਾ।

ਭਾਵੇਂ ਕਿ ਸਾਨੂੰ ਇਹ ਗੱਲ ਬੁਰੀ ਲੱਗੇ ਕਿ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਹਾ ਸੀ, ਪਰ ਚੰਗਾ ਹੋਵੇਗਾ ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਨੇ ਉਸ ਵਫ਼ਾਦਾਰ ਪੂਰਵਜ ਨੂੰ ਬਲ਼ੀ ਦੇਣ ਤੋਂ ਰੋਕ ਦਿੱਤਾ ਸੀ। ਉਸ ਨੇ ਇਸਹਾਕ ਨੂੰ ਬਚਾ ਕੇ ਅਬਰਾਹਾਮ ਨੂੰ ਉਹ ਗਮ ਸਹਿਣ ਤੋਂ ਬਚਾ ਲਿਆ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮੌਤ ਹੋਣ ਤੇ ਹੁੰਦਾ ਹੈ। ਪਰ ਯਹੋਵਾਹ “ਆਪਣੇ ਪੁੱਤਰ ਨੂੰ” ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ, “ਸਗੋਂ ਉਸ ਨੂੰ ਸਾਡੇ ਲਈ ਵਾਰ ਦਿੱਤਾ।” (ਰੋਮੀਆਂ 8:32) ਯਹੋਵਾਹ ਨੇ ਆਪਣੇ ਆਪ ਨੂੰ ਇਸ ਦੁੱਖ ਦੀ ਘੜੀ ਵਿੱਚੋਂ ਕਿਉਂ ਗੁਜ਼ਰਨ ਦਿੱਤਾ? ਇਸ ਲਈ ਤਾਂਕਿ “ਸਾਨੂੰ ਜ਼ਿੰਦਗੀ ਮਿਲੇ।” (1 ਯੂਹੰਨਾ 4:9) ਇਸ ਤਰ੍ਹਾਂ ਯਹੋਵਾਹ ਨੇ ਸਾਨੂੰ ਯਾਦ ਦਿਲਾਇਆ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ! ਕੀ ਇਸ ਪਿਆਰ ਸਦਕਾ ਸਾਨੂੰ ਉਸ ਨਾਲ ਪਿਆਰ ਨਹੀਂ ਕਰਨਾ ਚਾਹੀਦਾ? * (w12-E 01/01)

[ਫੁਟਨੋਟ]

^ ਪੈਰਾ 5 ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ੁਰ ਕਿਸੇ ਤੀਵੀਂ ਦੇ ਜ਼ਰੀਏ ਯਿਸੂ ਦਾ ਪਿਤਾ ਬਣਿਆ ਸੀ। ਇਸ ਦੀ ਬਜਾਇ, ਯਹੋਵਾਹ ਨੇ ਇਕ ਦੂਤ ਬਣਾਇਆ ਜਿਸ ਨੂੰ ਉਸ ਨੇ ਬਾਅਦ ਵਿਚ ਧਰਤੀ ’ਤੇ ਭੇਜਿਆ ਤਾਂਕਿ ਉਹ ਕੁਆਰੀ ਮਰੀਅਮ ਦੀ ਕੁੱਖੋਂ ਜਨਮ ਲੈ ਸਕੇ। ਯਿਸੂ ਦਾ ਬਣਾਉਣ ਵਾਲਾ ਹੋਣ ਕਰਕੇ ਪਰਮੇਸ਼ੁਰ ਨੂੰ ਉਸ ਦਾ ਪਿਤਾ ਕਹਿਣਾ ਸਹੀ ਹੋਵੇਗਾ।

^ ਪੈਰਾ 8 ਇਹ ਜਾਣਨ ਲਈ ਕਿ ਯਿਸੂ ਨੂੰ ਕਿਉਂ ਮਰਨਾ ਪਿਆ ਅਤੇ ਅਸੀਂ ਉਸ ਦੀ ਕੁਰਬਾਨੀ ਲਈ ਆਪਣੀ ਕਦਰਦਾਨੀ ਕਿੱਦਾਂ ਦਿਖਾ ਸਕਦੇ ਹਾਂ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਪੰਜਵਾਂ ਅਧਿਆਇ ਦੇਖੋ।