Skip to content

Skip to table of contents

ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਹਨ

ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਹਨ

“ਤੇਰਾ ਬਚਨ ਹੀ ਸੱਚਾਈ ਹੈ।”​—ਯੂਹੰਨਾ 17:17.

1. ਤੁਸੀਂ ਯਹੋਵਾਹ ਦੇ ਗਵਾਹਾਂ ਬਾਰੇ ਜੋ ਜਾਣਦੇ ਹੋ, ਉਸ ਦੇ ਆਧਾਰ ’ਤੇ ਦੱਸੋ ਕਿ ਉਨ੍ਹਾਂ ਵਿਚ ਅਤੇ ਦੂਸਰੇ ਧਰਮਾਂ ਵਿਚ ਇਕ ਖ਼ਾਸ ਫ਼ਰਕ ਕੀ ਹੈ?

ਉਸ ਸਮੇਂ ਨੂੰ ਯਾਦ ਕਰੋ ਜਦੋਂ ਤੁਸੀਂ ਪਹਿਲੀ ਵਾਰ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕੀਤੀ ਸੀ। ਤੁਹਾਨੂੰ ਕਿਹੜੀ ਗੱਲ ਯਾਦ ਹੈ? ਕਈ ਕਹਿਣਗੇ, ‘ਮੈਨੂੰ ਇਹ ਗੱਲ ਚੰਗੀ ਲੱਗੀ ਸੀ ਕਿ ਉਸ ਗਵਾਹ ਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਸਨ।’ ਤੁਹਾਨੂੰ ਕਈ ਗੱਲਾਂ ਜਾਣ ਕੇ ਖ਼ੁਸ਼ੀ ਹੋਈ ਹੋਣੀ ਜਿਵੇਂ ਕਿ ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ, ਮਰੇ ਹੋਏ ਕਿਸ ਹਾਲਤ ਵਿਚ ਹਨ ਅਤੇ ਸਾਡੇ ਮਰੇ ਹੋਏ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ਲਈ ਕੀ ਉਮੀਦ ਹੈ।

2. ਕਿਹੜੇ ਕੁਝ ਕਾਰਨਾਂ ਕਰਕੇ ਤੁਸੀਂ ਬਾਈਬਲ ਦਾ ਆਦਰ ਕਰਦੇ ਹੋ?

2 ਪਰ ਬਾਈਬਲ ਦਾ ਹੋਰ ਅਧਿਐਨ ਕਰ ਕੇ ਸਾਨੂੰ ਪਤਾ ਲੱਗਾ ਹੈ ਕਿ ਇਹ ਜ਼ਿੰਦਗੀ, ਮੌਤ ਅਤੇ ਭਵਿੱਖ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੱਸਦੀ ਹੈ। ਸਾਨੂੰ ਪਤਾ ਲੱਗਾ ਕਿ ਜੋ ਫ਼ਾਇਦੇਮੰਦ ਸਲਾਹ ਬਾਈਬਲ ਵਿਚ ਦਿੱਤੀ ਗਈ ਹੈ, ਉਹ ਦੁਨੀਆਂ ਦੀ ਕਿਸੇ ਹੋਰ ਕਿਤਾਬ ਵਿਚ ਨਹੀਂ ਪਾਈ ਜਾਂਦੀ। ਇਸ ਦੀ ਸਲਾਹ ਹਰ ਜ਼ਮਾਨੇ ਦੇ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋਈ ਹੈ ਅਤੇ ਜਿਹੜੇ ਇਸ ਦੀ ਸਲਾਹ ਉੱਤੇ ਧਿਆਨ ਨਾਲ ਚੱਲਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀਆਂ ਅਤੇ ਕਾਮਯਾਬੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।) ਸੱਚੇ ਮਸੀਹੀਆਂ ਨੇ ਹਮੇਸ਼ਾ ਬਾਈਬਲ ਨੂੰ “ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ, ਜੋ ਕਿ ਇਹ ਸੱਚ-ਮੁੱਚ ਹੈ।” (1 ਥੱਸ. 2:13) ਪੁਰਾਣੇ ਜ਼ਮਾਨੇ ਵਿਚ ਲੋਕਾਂ ਨੇ ਜਾਂ ਤਾਂ ਬਾਈਬਲ ਨੂੰ ਇਸਤੇਮਾਲ ਕੀਤਾ ਜਾਂ ਫਿਰ ਇਸ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਬਾਰੇ ਵਿਚਾਰ ਕਰ ਕੇ ਇਹ ਪਤਾ ਲੱਗੇਗਾ ਕਿ ਪਰਮੇਸ਼ੁਰ ਦੇ ਬਚਨ ਦਾ ਸੱਚ-ਮੁੱਚ ਆਦਰ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਵਿਚ ਕੀ ਫ਼ਰਕ ਹੈ।

ਮੁਸ਼ਕਲ ਮਸਲਾ ਹੱਲ ਹੋਇਆ

3. ਪਹਿਲੀ ਸਦੀ ਦੀ ਮਸੀਹੀ ਮੰਡਲੀ ਦੀ ਏਕਤਾ ਨੂੰ ਕਿਹੜਾ ਖ਼ਤਰਾ ਸੀ ਅਤੇ ਇਸ ਮਸਲੇ ਨੂੰ ਹੱਲ ਕਰਨਾ ਮੁਸ਼ਕਲ ਕਿਉਂ ਸੀ?

3 ਪਹਿਲੇ ਬੇਸੁੰਨਤੇ ਗ਼ੈਰ-ਯਹੂਦੀ ਕੁਰਨੇਲੀਅਸ ਉੱਤੇ ਪਵਿੱਤਰ ਸ਼ਕਤੀ ਆਉਣ ਤੋਂ ਬਾਅਦ 13 ਸਾਲ ਤਕ ਇਕ ਮਸਲਾ ਭਖਦਾ ਰਿਹਾ ਜਿਸ ਕਰਕੇ ਮਸੀਹੀ ਮੰਡਲੀ ਦੀ ਏਕਤਾ ਖ਼ਤਰੇ ਵਿਚ ਪੈ ਗਈ। ਗ਼ੈਰ-ਯਹੂਦੀ ਲੋਕ ਮਸੀਹੀ ਧਰਮ ਵਿਚ ਆ ਰਹੇ ਸਨ। ਇਸ ਲਈ ਸਵਾਲ ਖੜ੍ਹਾ ਹੋਇਆ: ਕੀ ਗ਼ੈਰ-ਯਹੂਦੀ ਆਦਮੀਆਂ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਯਹੂਦੀ ਰੀਤ ਅਨੁਸਾਰ ਆਪਣੀ ਸੁੰਨਤ ਕਰਾਉਣੀ ਚਾਹੀਦੀ ਹੈ? ਕਿਸੇ ਵੀ ਯਹੂਦੀ ਲਈ ਇਸ ਸਵਾਲ ਦਾ ਜਵਾਬ ਦੇਣਾ ਆਸਾਨ ਨਹੀਂ ਸੀ। ਮੂਸਾ ਦੇ ਕਾਨੂੰਨ ਉੱਤੇ ਚੱਲਣ ਵਾਲੇ ਯਹੂਦੀਆਂ ਲਈ ਕਿਸੇ ਗ਼ੈਰ-ਯਹੂਦੀ ਨੂੰ ਮਿਲਣਾ-ਗਿਲਣਾ ਤਾਂ ਦੂਰ ਦੀ ਗੱਲ ਸੀ, ਉਹ ਤਾਂ ਉਸ ਦੇ ਘਰ ਪੈਰ ਵੀ ਨਹੀਂ ਪਾਉਂਦੇ ਸਨ। ਯਹੂਦੀ ਧਰਮ ਨੂੰ ਛੱਡਣ ਕਰਕੇ ਜਿਹੜੇ ਲੋਕ ਮਸੀਹੀ ਬਣੇ ਸਨ, ਉਨ੍ਹਾਂ ਉੱਤੇ ਪਹਿਲਾਂ ਹੀ ਬੇਰਹਿਮੀ ਨਾਲ ਅਤਿਆਚਾਰ ਕੀਤੇ ਜਾ ਰਹੇ ਸਨ। ਨਾਲੇ ਜੇ ਉਹ ਬੇਸੁੰਨਤੇ ਗ਼ੈਰ-ਯਹੂਦੀਆਂ ਨਾਲ ਮਿਲਣ-ਗਿਲਣ ਲੱਗ ਪੈਂਦੇ, ਤਾਂ ਯਹੂਦੀਆਂ ਅਤੇ ਮਸੀਹੀਆਂ ਵਿਚ ਪਾੜ ਹੋਰ ਵਧ ਜਾਣਾ ਸੀ ਅਤੇ ਮਸੀਹੀਆਂ ਉੱਤੇ ਹੋਰ ਜ਼ਿਆਦਾ ਅਤਿਆਚਾਰ ਹੋਣ ਲੱਗ ਪੈਣੇ ਸਨ।​—ਗਲਾ. 2:11-14.

4. ਇਸ ਮਸਲੇ ਉੱਤੇ ਕਿਨ੍ਹਾਂ ਨੇ ਗੱਲ ਕੀਤੀ ਅਤੇ ਬਾਕੀ ਲੋਕਾਂ ਦੇ ਮਨਾਂ ਵਿਚ ਇਸ ਮਸਲੇ ਸੰਬੰਧੀ ਕਿਹੜੇ ਸਵਾਲ ਖੜ੍ਹੇ ਹੋਏ ਹੋਣੇ?

4 ਸੰਨ 49 ਈ. ਵਿਚ ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ, ਜਿਹੜੇ ਯਹੂਦੀ ਸਨ ਤੇ ਜਿਨ੍ਹਾਂ ਦੀ ਸੁੰਨਤ ਹੋਈ ਸੀ, “ਇਸ ਮਸਲੇ ਉੱਤੇ ਗੱਲ ਕਰਨ ਲਈ ਇਕੱਠੇ ਹੋਏ।” (ਰਸੂ. 15:6) ਉਹ ਇਕੱਠੇ ਹੋ ਕੇ ਫ਼ਜ਼ੂਲ ਗੱਲਾਂ ’ਤੇ ਬਹਿਸ ਕਰਨ ਵਿਚ ਨਹੀਂ ਲੱਗੇ ਰਹੇ, ਸਗੋਂ ਉਨ੍ਹਾਂ ਨੇ ਬੜੇ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਚਰਚਾ ਕੀਤੀ। ਸਾਰਿਆਂ ਨੇ ਇਸ ਮਸਲੇ ਉੱਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਬਾਕੀ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਖੜ੍ਹੇ ਹੋਏ ਹੋਣੇ: ਕੀ ਇਸ ਮਸਲੇ ਦਾ ਹੱਲ ਜ਼ਿੰਮੇਵਾਰ ਬਜ਼ੁਰਗਾਂ ਦੇ ਆਪਣੇ ਵਿਚਾਰਾਂ ਦੇ ਆਧਾਰ ’ਤੇ ਕੱਢਿਆ ਜਾਵੇਗਾ? ਕੀ ਉਹ ਉਦੋਂ ਤਕ ਇਸ ਫ਼ੈਸਲੇ ਨੂੰ ਟਾਲ ਦੇਣਗੇ ਜਦੋਂ ਤਕ ਯਹੂਦੀਆਂ ਦਾ ਮਸੀਹੀਆਂ ਪ੍ਰਤੀ ਰਵੱਈਆ ਨਰਮ ਨਹੀਂ ਪੈ ਜਾਂਦਾ? ਜਾਂ ਕੀ ਸਾਰਿਆਂ ਨੂੰ ਖ਼ੁਸ਼ ਕਰਨ ਲਈ ਕੋਈ ਸਮਝੌਤਾ ਕਰ ਲਿਆ ਜਾਵੇਗਾ?

5. ਸੰਨ 49 ਈ. ਵਿਚ ਯਰੂਸ਼ਲਮ ਵਿਚ ਹੋਈ ਸਭਾ ਅਤੇ ਅੱਜ ਹੁੰਦੀਆਂ ਚਰਚਾਂ ਦੀਆਂ ਸਭਾਵਾਂ ਵਿਚ ਕਿਹੜੇ ਅਹਿਮ ਫ਼ਰਕ ਹਨ?

5 ਅੱਜ ਚਰਚ ਦੀਆਂ ਸਭਾਵਾਂ ਵਿਚ ਚਰਚ ਦੇ ਆਗੂ ਕਈ ਮਸਲਿਆਂ ਬਾਰੇ ਫ਼ੈਸਲੇ ਕਰਨ ਵੇਲੇ ਸਮਝੌਤਾ ਕਰਨ ਜਾਂ ਦੂਜਿਆਂ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਯਰੂਸ਼ਲਮ ਵਿਚ ਹੋਈ ਸਭਾ ਵਿਚ ਇਸ ਤਰ੍ਹਾਂ ਨਹੀਂ ਹੋਇਆ, ਸਗੋਂ ਸਾਰਿਆਂ ਨੇ ਸਹਿਮਤ ਹੋ ਕੇ ਫ਼ੈਸਲਾ ਲਿਆ। ਉਨ੍ਹਾਂ ਨੇ ਸਹਿਮਤੀ ਨਾਲ ਫ਼ੈਸਲਾ ਕਿਵੇਂ ਲਿਆ? ਭਾਵੇਂ ਸਾਰਿਆਂ ਦੇ ਇਸ ਮਸਲੇ ਬਾਰੇ ਆਪੋ-ਆਪਣੇ ਵਿਚਾਰ ਸਨ, ਪਰ ਸਾਰੇ ਜਣੇ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਸਨ ਅਤੇ ਉਨ੍ਹਾਂ ਨੇ ਇਸ ਮਸਲੇ ਦਾ ਹੱਲ ਕੱਢਣ ਲਈ ਪਵਿੱਤਰ ਲਿਖਤਾਂ ਨੂੰ ਵਰਤਿਆ।​ਜ਼ਬੂਰਾਂ ਦੀ ਪੋਥੀ 119:97-101 ਪੜ੍ਹੋ।

6, 7. ਪਵਿੱਤਰ ਲਿਖਤਾਂ ਦੇ ਆਧਾਰ ’ਤੇ ਸੁੰਨਤ ਦੇ ਮਸਲੇ ਦਾ ਹੱਲ ਕਿਵੇਂ ਕੱਢਿਆ ਗਿਆ?

6 ਆਮੋਸ 9:11, 12 ਵਿਚ ਲਿਖੀ ਗੱਲ ਨੇ ਇਸ ਮਸਲੇ ਦਾ ਹੱਲ ਕੱਢਣ ਵਿਚ ਰਸੂਲਾਂ ਅਤੇ ਬਜ਼ੁਰਗਾਂ ਦੀ ਮਦਦ ਕੀਤੀ। ਇਨ੍ਹਾਂ ਆਇਤਾਂ ਦਾ ਰਸੂਲਾਂ ਦੇ ਕੰਮ 15:16, 17 ਵਿਚ ਇਸ ਤਰ੍ਹਾਂ ਹਵਾਲਾ ਦਿੱਤਾ ਗਿਆ ਹੈ: “ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਮੁੜ ਬਣਾਵਾਂਗਾ, ਤਾਂਕਿ ਇਸ ਕੌਮ ਦੇ ਬਚੇ ਹੋਏ ਲੋਕ ਸਾਰੀਆਂ ਕੌਮਾਂ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਮੈਂ ਆਪਣਾ ਨਾਂ ਦਿਆਂਗਾ, ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ।”

7 ਪਰ ਸ਼ਾਇਦ ਕੋਈ ਕਹੇ, ‘ਇਨ੍ਹਾਂ ਆਇਤਾਂ ਵਿਚ ਇਹ ਤਾਂ ਨਹੀਂ ਕਿਹਾ ਗਿਆ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਹੈ।’ ਹਾਂ ਇਹ ਸੱਚ ਹੈ, ਪਰ ਜਿਹੜੇ ਯਹੂਦੀ ਮਸੀਹੀ ਬਣੇ ਸਨ, ਉਹ ਇਸ ਆਇਤ ਦਾ ਮਤਲਬ ਸਮਝ ਗਏ ਹੋਣੇ। ਯਹੂਦੀ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ‘ਕੌਮਾਂ ਦੇ ਲੋਕ’ ਨਹੀਂ ਸਮਝਦੇ ਸਨ ਜਿਨ੍ਹਾਂ ਨੇ ਸੁੰਨਤ ਕਰਾਈ ਹੋਈ ਸੀ, ਸਗੋਂ ਉਨ੍ਹਾਂ ਨੂੰ ਆਪਣੇ ਭਰਾ ਸਮਝਦੇ ਸਨ। (ਕੂਚ 12:48, 49) ਮਿਸਾਲ ਲਈ, ਇਕ ਹੋਰ ਬਾਈਬਲ ਵਿਚ ਅਸਤਰ 8:17 ਵਿਚ ਲਿਖਿਆ ਹੈ: “ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਸੁੰਨਤ ਕਰਾ ਕੇ ਯਹੂਦੀ ਬਣ ਗਏ।” (ਬੈਗਸਟਰਸ ਦਾ ਸੈਪਟੁਜਿੰਟ ਵਰਯਨ) ਪਵਿੱਤਰ ਲਿਖਤਾਂ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਜ਼ਰਾਈਲ ਦੇ ਬਚੇ ਹੋਏ ਲੋਕਾਂ (ਯਾਨੀ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ) ਦੇ ਨਾਲ-ਨਾਲ “ਸਾਰੀਆਂ ਕੌਮਾਂ ਦੇ ਲੋਕਾਂ” (ਯਾਨੀ ਬੇਸੁੰਨਤੇ ਗ਼ੈਰ-ਯਹੂਦੀਆਂ) ਨੂੰ ਪਰਮੇਸ਼ੁਰ ਦਾ ਨਾਂ ਦਿੱਤਾ ਜਾਵੇਗਾ। ਇਸ ਤੋਂ ਮਸੀਹੀਆਂ ਨੂੰ ਇਹ ਗੱਲ ਸਮਝ ਆ ਗਈ ਕਿ ਜਿਹੜੇ ਗ਼ੈਰ-ਯਹੂਦੀ ਲੋਕ ਮਸੀਹੀ ਬਣਨਾ ਚਾਹੁੰਦੇ ਸਨ, ਉਨ੍ਹਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਨਹੀਂ ਸੀ।

8. ਮਸਲੇ ਬਾਰੇ ਹੋਏ ਫ਼ੈਸਲੇ ਨੂੰ ਮੰਨਣ ਲਈ ਯਹੂਦੀ ਮਸੀਹੀਆਂ ਨੂੰ ਦਲੇਰ ਬਣਨ ਦੀ ਕਿਉਂ ਲੋੜ ਸੀ?

8 ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਸੱਚੇ ਮਸੀਹੀਆਂ ਨੇ “ਸਹਿਮਤ ਹੋ ਕੇ ਫ਼ੈਸਲਾ” ਲਿਆ। (ਰਸੂ. 15:25) ਭਾਵੇਂ ਕਿ ਉਨ੍ਹਾਂ ਦੇ ਫ਼ੈਸਲੇ ਕਰਕੇ ਯਹੂਦੀ ਮਸੀਹੀਆਂ ਉੱਤੇ ਅਤਿਆਚਾਰਾਂ ਦਾ ਖ਼ਤਰਾ ਹੋਰ ਵਧ ਜਾਣਾ ਸੀ, ਪਰ ਵਫ਼ਾਦਾਰ ਮਸੀਹੀਆਂ ਨੇ ਬਾਈਬਲ ਦੇ ਆਧਾਰ ’ਤੇ ਕੀਤੇ ਗਏ ਇਸ ਫ਼ੈਸਲੇ ਦਾ ਪੂਰਾ ਸਮਰਥਨ ਕੀਤਾ।​—ਰਸੂ. 16:4, 5.

ਜ਼ਮੀਨ-ਆਸਮਾਨ ਦਾ ਫ਼ਰਕ

9. ਕਿਹੜੇ ਇਕ ਅਹਿਮ ਕਾਰਨ ਕਰਕੇ ਮਸੀਹੀ ਧਰਮ ਵਿਚ ਗ਼ਲਤ ਸਿੱਖਿਆਵਾਂ ਆ ਗਈਆਂ ਅਤੇ ਕਿਹੜੀ ਇਕ ਖ਼ਾਸ ਸਿੱਖਿਆ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ?

9 ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਰਸੂਲਾਂ ਦੇ ਮਰਨ ਤੋਂ ਬਾਅਦ ਮਸੀਹੀ ਧਰਮ ਵਿਚ ਗ਼ਲਤ ਸਿੱਖਿਆਵਾਂ ਆ ਜਾਣਗੀਆਂ। (2 ਥੱਸਲੁਨੀਕੀਆਂ 2:3, 7 ਪੜ੍ਹੋ।) ਉਸ ਨੇ ਦੱਸਿਆ ਸੀ ਕਿ ਮੰਡਲੀ ਦੇ ਕੁਝ ਜ਼ਿੰਮੇਵਾਰ ਮਸੀਹੀ ਵੀ “ਸਹੀ ਸਿੱਖਿਆ” ਨੂੰ ਬਰਦਾਸ਼ਤ ਨਹੀਂ ਕਰਨਗੇ। (2 ਤਿਮੋ. 4:3) ਉਸ ਨੇ ਉਸ ਵੇਲੇ ਦੇ ਬਜ਼ੁਰਗਾਂ ਨੂੰ ਚੇਤਾਵਨੀ ਦਿੱਤੀ ਸੀ: “ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।” (ਰਸੂ. 20:30) ਇਕ ਕਿਤਾਬ ਅਨੁਸਾਰ ਮਸੀਹੀ ਧਰਮ ਵਿਚ ਗ਼ਲਤ ਸਿੱਖਿਆ ਆ ਜਾਣ ਦਾ ਮੁੱਖ ਕਾਰਨ ਇਹ ਸੀ: “ਜਿਹੜੇ ਮਸੀਹੀਆਂ ਨੇ ਯੂਨਾਨੀ ਫ਼ਲਸਫ਼ੇ ਦਾ ਗਿਆਨ ਲਿਆ ਹੋਇਆ ਸੀ, ਉਨ੍ਹਾਂ ਨੇ ਆਪਣੀਆਂ ਮਸੀਹੀ ਸਿੱਖਿਆਵਾਂ ਨੂੰ ਇਸ ਫ਼ਲਸਫ਼ੇ ਮੁਤਾਬਕ ਸਮਝਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਵੱਡੇ ਵਿਦਵਾਨ ਸਨ ਅਤੇ ਸੋਚਦੇ ਸਨ ਕਿ ਇਸ ਤਰ੍ਹਾਂ ਉਹ ਹੋਰ ਧਰਮਾਂ ਦੇ ਪੜ੍ਹੇ-ਲਿਖੇ ਲੋਕਾਂ ਨੂੰ ਮਸੀਹੀ ਬਣਾ ਸਕਦੇ ਸਨ।” ਮਿਸਾਲ ਲਈ, ਉਨ੍ਹਾਂ ਨੇ ਯੂਨਾਨੀ ਫ਼ਲਸਫ਼ੇ ਮੁਤਾਬਕ ਯਿਸੂ ਮਸੀਹ ਦੀ ਪਛਾਣ ਬਾਰੇ ਗ਼ਲਤ ਸਿੱਖਿਆ ਦਿੱਤੀ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਪਰ ਯੂਨਾਨੀ ਫ਼ਲਸਫ਼ੇ ਨੂੰ ਮੰਨਣ ਵਾਲੇ ਲੋਕ ਇਸ ਸਿੱਖਿਆ ’ਤੇ ਅੜੇ ਰਹੇ ਕਿ ਯਿਸੂ ਹੀ ਪਰਮੇਸ਼ੁਰ ਹੈ।

10. ਮਸੀਹ ਦੀ ਪਛਾਣ ਦੇ ਮਸਲੇ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਸੀ?

10 ਇਸ ਮਸਲੇ ਬਾਰੇ ਚਰਚ ਦੀਆਂ ਕਈ ਸਭਾਵਾਂ ਵਿਚ ਬਹਿਸ ਹੋਈ। ਇਸ ਮਸਲੇ ਦਾ ਹੱਲ ਆਸਾਨੀ ਨਾਲ ਕੱਢਿਆ ਜਾ ਸਕਦਾ ਸੀ ਜੇ ਸਾਰਿਆਂ ਨੇ ਬਾਈਬਲ ’ਤੇ ਵਿਚਾਰ ਕੀਤਾ ਹੁੰਦਾ, ਪਰ ਜ਼ਿਆਦਾ ਜਣਿਆਂ ਨੇ ਇਸ ਤਰ੍ਹਾਂ ਨਹੀਂ ਕੀਤਾ। ਅਸਲ ਵਿਚ ਜ਼ਿਆਦਾ ਜਣਿਆਂ ਨੇ ਸਭਾਵਾਂ ਵਿਚ ਆਉਣ ਤੋਂ ਪਹਿਲਾਂ ਹੀ ਇਸ ਮਸਲੇ ਬਾਰੇ ਆਪਣੀ ਰਾਇ ਕਾਇਮ ਕਰ ਲਈ ਸੀ ਅਤੇ ਸਭਾਵਾਂ ਤੋਂ ਬਾਅਦ ਉਹ ਆਪਣੇ ਵਿਚਾਰਾਂ ’ਤੇ ਹੋਰ ਵੀ ਪੱਕੇ ਹੋ ਗਏ ਸਨ। ਉਨ੍ਹਾਂ ਸਭਾਵਾਂ ਵਿਚ ਜੋ ਵੀ ਫ਼ੈਸਲੇ ਕੀਤੇ ਗਏ, ਉਹ ਬਾਈਬਲ ਦੇ ਆਧਾਰ ’ਤੇ ਨਹੀਂ ਕੀਤੇ ਗਏ।

11. ਚਰਚ ਦੇ ਮੋਢੀਆਂ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਕਿਉਂ?

11 ਉਨ੍ਹਾਂ ਸਭਾਵਾਂ ਵਿਚ ਬਾਈਬਲ ਉੱਤੇ ਚੰਗੀ ਤਰ੍ਹਾਂ ਵਿਚਾਰ ਕਿਉਂ ਨਹੀਂ ਕੀਤਾ ਗਿਆ? ਵਿਦਵਾਨ ਚਾਰਲਜ਼ ਫ੍ਰੀਮਨ ਇਸ ਦਾ ਜਵਾਬ ਦਿੰਦਾ ਹੈ ਕਿ ਜਿਹੜੇ ਲੋਕ ਵਿਸ਼ਵਾਸ ਕਰਦੇ ਸਨ ਕਿ ਯਿਸੂ ਪਰਮੇਸ਼ੁਰ ਹੈ, ਉਨ੍ਹਾਂ ਲਈ “ਯਿਸੂ ਦੀਆਂ ਉਹ ਗੱਲਾਂ ਗ਼ਲਤ ਸਾਬਤ ਕਰਨੀਆਂ ਔਖੀਆਂ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਿਤਾ ਪਰਮੇਸ਼ੁਰ ਤੋਂ ਛੋਟਾ ਹੈ।” ਇਸ ਕਰਕੇ ਉਨ੍ਹਾਂ ਲਈ ਚਰਚ ਦੇ ਵਿਸ਼ਵਾਸ ਅਤੇ ਇਨਸਾਨਾਂ ਦੇ ਵਿਚਾਰ ਬਾਈਬਲ ਨਾਲੋਂ ਜ਼ਿਆਦਾ ਮਹੱਤਵਪੂਰਣ ਹੋ ਗਏ। ਅੱਜ ਵੀ ਬਹੁਤ ਸਾਰੇ ਪਾਦਰੀ ਚਰਚ ਦੇ ਮੋਢੀਆਂ ਦੀਆਂ ਗੱਲਾਂ ਨੂੰ ਪਰਮੇਸ਼ੁਰ ਦੇ ਬਚਨ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ। ਜੇ ਕਦੇ ਤੁਸੀਂ ਪਾਦਰੀ ਬਣਨ ਲਈ ਟ੍ਰੇਨਿੰਗ ਲੈਣ ਵਾਲੇ ਕਿਸੇ ਬੰਦੇ ਨਾਲ ਗੱਲ ਕੀਤੀ ਹੈ, ਤਾਂ ਤੁਸੀਂ ਇਹ ਗੱਲ ਦੇਖੀ ਹੋਣੀ।

12. ਰਾਜਾ ਕਾਂਸਟੰਟੀਨ ਨੇ ਚਰਚ ਦੀਆਂ ਸਭਾਵਾਂ ਉੱਤੇ ਕਿਵੇਂ ਗ਼ਲਤ ਪ੍ਰਭਾਵ ਪਾਇਆ?

12 ਉਨ੍ਹਾਂ ਸਭਾਵਾਂ ਉੱਤੇ ਰੋਮੀ ਰਾਜਿਆਂ ਨੇ ਵੀ ਪ੍ਰਭਾਵ ਪਾਇਆ। ਇਸ ਸੰਬੰਧੀ ਇਕ ਪ੍ਰੋਫ਼ੈਸਰ ਨੇ ਨਾਈਸੀਆ ਦੀ ਸਭਾ ਬਾਰੇ ਲਿਖਿਆ: “ਨਵੇਂ ਰਾਜੇ ਕਾਂਸਟੰਟੀਨ ਨੇ ਬਿਸ਼ਪਾਂ ਉੱਤੇ ਮਿਹਰਬਾਨ ਹੋ ਕੇ ਉਨ੍ਹਾਂ ਨੂੰ ਧਨ ਨਾਲ ਮਾਲਾਮਾਲ ਕਰ ਦਿੱਤਾ। ਇਕ ਸਾਲ ਦੇ ਅੰਦਰ-ਅੰਦਰ ਉਸ ਰਾਜੇ ਨੇ ਉਨ੍ਹਾਂ ਦੇ ਤਕਰੀਬਨ ਸਾਰੇ ਚਰਚ ਵਾਪਸ ਕਰ ਦਿੱਤੇ ਸਨ ਜਾਂ ਦੁਬਾਰਾ ਬਣਵਾ ਦਿੱਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੇ ਰੁਤਬੇ ਵੀ ਵਾਪਸ ਦੇ ਦਿੱਤੇ . . .। ਉਸ ਨੇ ਪਾਦਰੀਆਂ ਨੂੰ ਉਹੀ ਸਨਮਾਨ ਬਖ਼ਸ਼ਿਆ ਜਿਹੜਾ ਹੋਰਨਾਂ ਧਰਮਾਂ ਦੇ ਪੁਜਾਰੀਆਂ ਨੂੰ ਦਿੱਤਾ ਗਿਆ ਸੀ।” ਇਸ ਕਰਕੇ, “ਕਾਂਸਟੰਟੀਨ ਨੇ ਨਾਈਸੀਆ ਦੀ ਸਭਾ ਉੱਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ, ਨਾਲੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਕੀ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।” ਚਾਰਲਜ਼ ਫ੍ਰੀਮਨ ਨੇ ਲਿਖਿਆ: “ਰਾਜੇ ਨੇ ਨਾ ਸਿਰਫ਼ ਚਰਚ ਦੀ ਤਾਕਤ ਵਧਾ ਦਿੱਤੀ, ਸਗੋਂ ਇਸ ਦੀਆਂ ਸਿੱਖਿਆਵਾਂ ਸੰਬੰਧੀ ਫ਼ੈਸਲਿਆਂ ਉੱਤੇ ਵੀ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਸੀ।”​ਯਾਕੂਬ 4:4 ਪੜ੍ਹੋ।

13. ਤੁਹਾਡੇ ਖ਼ਿਆਲ ਵਿਚ ਚਰਚ ਦੇ ਆਗੂਆਂ ਨੇ ਬਾਈਬਲ ਦੀਆਂ ਸਾਫ਼ ਤੇ ਸਪੱਸ਼ਟ ਸਿੱਖਿਆਵਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ?

13 ਭਾਵੇਂ ਚਰਚ ਦੇ ਆਗੂਆਂ ਲਈ ਯਿਸੂ ਮਸੀਹ ਦੀ ਪਛਾਣ ਦੇ ਮਸਲੇ ਨੂੰ ਹੱਲ ਕਰਨਾ ਔਖਾ ਸੀ, ਪਰ ਬਹੁਤ ਸਾਰੇ ਆਮ ਲੋਕਾਂ ਨੂੰ ਇਸ ਵਿਚ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਨੂੰ ਰਾਜੇ ਦੀ ਧਨ-ਦੌਲਤ ਨਾਲ ਆਪਣੀਆਂ ਜੇਬਾਂ ਭਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਜਾਂ ਫਿਰ ਉਹ ਚਰਚ ਵਿਚ ਉੱਚੀਆਂ-ਉੱਚੀਆਂ ਪਦਵੀਆਂ ਹਾਸਲ ਨਹੀਂ ਕਰਨੀਆਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਸ ਮਾਮਲੇ ਵਿਚ ਬਾਈਬਲ ਦੀਆਂ ਗੱਲਾਂ ਉੱਤੇ ਵਿਚਾਰ ਕੀਤਾ। ਉਸ ਸਮੇਂ ਦੇ ਵਿਦਵਾਨ ਿਨੱਸਾ ਦੇ ਗ੍ਰੈਗਰੀ ਨੇ ਆਮ ਲੋਕਾਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਨ ਲਈ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਿਹਾ: “ਕੱਪੜੇ ਦੇ ਵਪਾਰੀ, ਪੈਸਿਆਂ ਦੇ ਦਲਾਲ, ਦੁਕਾਨਦਾਰ, ਸਾਰੇ ਵਿਦਵਾਨ ਬਣੇ ਬੈਠੇ ਹਨ। ਜੇ ਤੁਸੀਂ ਉਨ੍ਹਾਂ ਤੋਂ ਪੁੱਛੋ ਕਿ ਪੈਸੇ ਦਾ ਕੀ ਭਾਅ ਹੈ, ਤਾਂ ਕੋਈ ਕਹਿੰਦਾ ਹੈ ਕਿ ਪਿਤਾ ਅਤੇ ਪੁੱਤਰ ਵਿਚ ਕੀ ਫ਼ਰਕ ਹੈ। ਜੇ ਰੋਟੀ ਦਾ ਭਾਅ ਪੁੱਛੋ, ਤਾਂ ਜਵਾਬ ਮਿਲਦਾ ਕਿ ਪਿਤਾ ਪੁੱਤਰ ਨਾਲੋਂ ਮਹਾਨ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਨਹਾਉਣ ਲਈ ਪਾਣੀ ਗਰਮ ਹੈ ਜਾਂ ਨਹੀਂ, ਤਾਂ ਤੁਹਾਨੂੰ ਜਵਾਬ ਮਿਲੇਗਾ ਕਿ ਪੁੱਤਰ ਪਹਿਲਾਂ ਹੋਂਦ ਵਿਚ ਨਹੀਂ ਸੀ, ਉਸ ਨੂੰ ਸ੍ਰਿਸ਼ਟ ਕੀਤਾ ਗਿਆ ਸੀ।” ਜੀ ਹਾਂ, ਚਰਚ ਦੇ ਆਗੂਆਂ ਤੋਂ ਉਲਟ ਬਹੁਤ ਸਾਰੇ ਆਮ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਦੇ ਆਧਾਰ ’ਤੇ ਇਸ ਮਸਲੇ ਦਾ ਹੱਲ ਕੱਢਿਆ। ਗ੍ਰੈਗਰੀ ਅਤੇ ਉਸ ਦੇ ਸਾਥੀਆਂ ਨੂੰ ਉਨ੍ਹਾਂ ਆਮ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀ!

“ਕਣਕ” ਤੇ “ਜੰਗਲੀ ਬੂਟੀ” ਇਕੱਠੀ ਵਧੀ

14. ਅਸੀਂ ਇਹ ਸਿੱਟਾ ਕਿਉਂ ਕੱਢ ਸਕਦੇ ਹਾਂ ਕਿ ਪਹਿਲੀ ਸਦੀ ਤੋਂ ਧਰਤੀ ਉੱਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਸੱਚੇ ਮਸੀਹੀ ਹਮੇਸ਼ਾ ਰਹੇ ਹਨ?

14 ਇਕ ਮਿਸਾਲ ਵਿਚ ਯਿਸੂ ਨੇ ਦੱਸਿਆ ਸੀ ਕਿ ਪਹਿਲੀ ਸਦੀ ਤੋਂ ਧਰਤੀ ਉੱਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਸੱਚੇ ਮਸੀਹੀ ਹਮੇਸ਼ਾ ਹੋਣਗੇ। ਉਸ ਨੇ ਉਨ੍ਹਾਂ ਦੀ ਤੁਲਨਾ “ਕਣਕ” ਨਾਲ ਕੀਤੀ ਸੀ ਜੋ “ਜੰਗਲੀ ਬੂਟੀ” ਦੇ ਨਾਲ-ਨਾਲ ਵਧੀ। (ਮੱਤੀ 13:29, 30) ਅਸੀਂ ਪੱਕੇ ਤੌਰ ਤੇ ਇਹ ਨਹੀਂ ਦੱਸ ਸਕਦੇ ਕਿ ਕਿਹੜੇ ਵਿਅਕਤੀ ਚੁਣੇ ਹੋਏ ਮਸੀਹੀ ਸਨ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਅਜਿਹੇ ਲੋਕ ਹਮੇਸ਼ਾ ਰਹੇ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਦੇ ਪੱਖ ਵਿਚ ਖੜ੍ਹਨ ਅਤੇ ਚਰਚ ਦੀਆਂ ਗ਼ਲਤ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕਰਨ ਦੀ ਦਲੇਰੀ ਦਿਖਾਈ ਹੈ। ਆਓ ਆਪਾਂ ਕੁਝ ਵਿਅਕਤੀਆਂ ਬਾਰੇ ਗੱਲ ਕਰੀਏ।

15, 16. ਕੁਝ ਲੋਕਾਂ ਦੇ ਨਾਂ ਦੱਸੋ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਖੜ੍ਹੇ ਹੋਏ।

15 ਫਰਾਂਸ ਦੇ ਲੀਅਨਜ਼ ਸ਼ਹਿਰ ਦੇ ਆਰਚਬਿਸ਼ਪ ਐਗੋਬਾਡ (779-840 ਈ.) ਨੇ ਮੂਰਤੀ-ਪੂਜਾ, ਸੰਤਾਂ ਲਈ ਬਣਾਏ ਗਏ ਚਰਚਾਂ ਅਤੇ ਚਰਚ ਦੀਆਂ ਗ਼ਲਤ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਦੀ ਨਿੰਦਿਆ ਕੀਤੀ। ਉਸ ਦੇ ਜ਼ਮਾਨੇ ਦੇ ਹੀ ਬਿਸ਼ਪ ਕਲੌਡਿਅਸ ਨੇ ਵੀ ਚਰਚ ਦੇ ਵਿਸ਼ਵਾਸਾਂ ਨੂੰ ਤਿਆਗ ਦਿੱਤਾ ਅਤੇ ਸੰਤਾਂ ਨੂੰ ਪ੍ਰਾਰਥਨਾ ਕਰਨ ਅਤੇ ਚੀਜ਼ਾਂ ਦੀ ਪੂਜਾ ਕਰਨ ’ਤੇ ਇਤਰਾਜ਼ ਕੀਤਾ। ਗਿਆਰਵੀਂ ਸਦੀ ਵਿਚ ਤੂਰ ਦੇ ਉਪਬਿਸ਼ਪ ਬੈਰਿੰਗਾਰੀਅਸ ਨੂੰ ਚਰਚ ਵਿੱਚੋਂ ਛੇਕ ਦਿੱਤਾ ਗਿਆ ਕਿਉਂਕਿ ਉਸ ਨੇ ਇਸ ਕੈਥੋਲਿਕ ਸਿੱਖਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਕਿ ਰੋਟੀ ਖਾਣ ਤੇ ਦਾਖਰਸ ਪੀਣ ਨਾਲ ਇਹ ਯਿਸੂ ਦੇ ਮਾਸ ਅਤੇ ਲਹੂ ਵਿਚ ਬਦਲ ਜਾਂਦੇ ਹਨ। ਉਸ ਨੇ ਚਰਚ ਦੀਆਂ ਸਿੱਖਿਆਵਾਂ ਨਾਲੋਂ ਬਾਈਬਲ ਨੂੰ ਅਹਿਮੀਅਤ ਦਿੱਤੀ।

16 ਬਾਰ੍ਹਵੀਂ ਸਦੀ ਵਿਚ ਦੋ ਖ਼ਾਸ ਆਦਮੀ ਬਾਈਬਲ ਦੀ ਸੱਚਾਈ ਨਾਲ ਪਿਆਰ ਕਰਦੇ ਸਨ। ਉਹ ਸਨ ਬਰੂਈ ਦਾ ਰਹਿਣ ਵਾਲਾ ਪੀਟਰ ਅਤੇ ਲੋਜ਼ਾਨ ਦਾ ਰਹਿਣ ਵਾਲਾ ਹੈਨਰੀ। ਪੀਟਰ ਨੇ ਚਰਚ ਵਿਚ ਪਾਦਰੀ ਦੀ ਪਦਵੀ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਉਸ ਲਈ ਕਈ ਕੈਥੋਲਿਕ ਸਿੱਖਿਆਵਾਂ ਨੂੰ ਮੰਨਣਾ ਔਖਾ ਸੀ, ਜਿਵੇਂ ਕਿ ਬੱਚਿਆਂ ਨੂੰ ਬਪਤਿਸਮਾ ਦੇਣਾ, ਰੋਟੀ ਅਤੇ ਦਾਖਰਸ ਦਾ ਯਿਸੂ ਦੇ ਮਾਸ ਅਤੇ ਲਹੂ ਵਿਚ ਬਦਲ ਜਾਣਾ, ਮਰੇ ਲੋਕਾਂ ਲਈ ਪ੍ਰਾਰਥਨਾਵਾਂ ਕਰਨੀਆਂ ਅਤੇ ਕ੍ਰਾਸ ਦੀ ਪੂਜਾ ਕਰਨੀ। ਇਸ ਕਰਕੇ ਸੰਨ 1140 ਵਿਚ ਪੀਟਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਈਸਾਈ ਮੱਠਵਾਸੀ ਹੈਨਰੀ ਵੀ ਚਰਚ ਦੇ ਗ਼ਲਤ ਕੰਮਾਂ ਅਤੇ ਸਿੱਖਿਆਵਾਂ ਦੇ ਖ਼ਿਲਾਫ਼ ਬੋਲਿਆ ਸੀ। ਉਸ ਨੂੰ ਸੰਨ 1148 ਵਿਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਕੱਟੀ।

17. ਵਾਲਡੋ ਅਤੇ ਉਸ ਦੇ ਚੇਲਿਆਂ ਨੇ ਕਿਹੜੇ ਅਹਿਮ ਫ਼ੈਸਲੇ ਕੀਤੇ?

17 ਜਿਸ ਸਮੇਂ ਬਰੂਈ ਦੇ ਰਹਿਣ ਵਾਲੇ ਪੀਟਰ ਨੂੰ ਚਰਚ ਦੀ ਆਲੋਚਨਾ ਕਰਨ ਕਰਕੇ ਜੀਉਂਦਾ ਸਾੜ ਦਿੱਤਾ ਗਿਆ ਸੀ, ਉਦੋਂ ਇਕ ਵਿਅਕਤੀ ਦਾ ਜਨਮ ਹੋਇਆ ਜਿਸ ਕਰਕੇ ਬਾਈਬਲ ਦੀ ਸੱਚਾਈ ਦੂਰ-ਦੂਰ ਤਕ ਫੈਲੀ। ਉਸ ਦਾ ਗੋਤ ਵਲਡੇਸ ਜਾਂ ਵਾਲਡੋ ਸੀ। * ਉਹ ਬਰੂਈ ਦੇ ਰਹਿਣ ਵਾਲੇ ਪੀਟਰ ਤੇ ਲੋਜ਼ਾਨ ਦੇ ਰਹਿਣ ਵਾਲੇ ਹੈਨਰੀ ਵਾਂਗ ਪਾਦਰੀ ਜਾਂ ਮੱਠਵਾਸੀ ਨਹੀਂ ਸੀ, ਸਗੋਂ ਆਮ ਇਨਸਾਨ ਸੀ। ਫਿਰ ਵੀ ਉਸ ਨੂੰ ਪਰਮੇਸ਼ੁਰ ਦੇ ਬਚਨ ਦੀ ਇੰਨੀ ਕਦਰ ਸੀ ਕਿ ਉਸ ਨੇ ਆਪਣੀ ਧਨ-ਦੌਲਤ ਤਿਆਗ ਦਿੱਤੀ ਅਤੇ ਆਪਣਾ ਪੈਸਾ ਖ਼ਰਚ ਕਰ ਕੇ ਬਾਈਬਲ ਦੇ ਕੁਝ ਹਿੱਸਿਆਂ ਦਾ ਉਸ ਬੋਲੀ ਵਿਚ ਅਨੁਵਾਦ ਕਰਾਇਆ ਜੋ ਦੱਖਣ-ਪੂਰਬੀ ਫਰਾਂਸ ਵਿਚ ਬੋਲੀ ਜਾਂਦੀ ਸੀ। ਕੁਝ ਲੋਕ ਆਪਣੀ ਬੋਲੀ ਵਿਚ ਬਾਈਬਲ ਦਾ ਸੰਦੇਸ਼ ਪੜ੍ਹ ਕੇ ਇੰਨੇ ਖ਼ੁਸ਼ ਹੋਏ ਕਿ ਉਨ੍ਹਾਂ ਨੇ ਵੀ ਦੂਜਿਆਂ ਨੂੰ ਆਪਣਾ ਸਾਰਾ ਕੁਝ ਦਾਨ ਕਰ ਕੇ ਆਪਣੀ ਪੂਰੀ ਜ਼ਿੰਦਗੀ ਬਾਈਬਲ ਦੀਆਂ ਸੱਚਾਈਆਂ ਦਾ ਪ੍ਰਚਾਰ ਕਰਨ ਵਿਚ ਲਾ ਦਿੱਤੀ। ਚਰਚ ਇਸ ਗੱਲੋਂ ਖ਼ੁਸ਼ ਨਹੀਂ ਸੀ। ਸੰਨ 1184 ਵਿਚ ਉਨ੍ਹਾਂ ਜੋਸ਼ੀਲੇ ਆਦਮੀਆਂ ਤੇ ਤੀਵੀਆਂ ਨੂੰ ਪੋਪ ਨੇ ਛੇਕ ਦਿੱਤਾ ਅਤੇ ਬਿਸ਼ਪ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਦਿੱਤਾ। (ਇਹ ਲੋਕ ਵਾਲਡੈਂਸੀਜ਼ ਨਾਂ ਨਾਲ ਮਸ਼ਹੂਰ ਹੋਏ।) ਪਰ ਇਸ ਨਾਲ ਬਾਈਬਲ ਦਾ ਸੰਦੇਸ਼ ਹੋਰ ਇਲਾਕਿਆਂ ਵਿਚ ਵੀ ਫੈਲਿਆ। ਬਾਅਦ ਵਿਚ ਵਾਲਡੋ, ਬਰੂਈ ਦੇ ਰਹਿਣ ਵਾਲੇ ਪੀਟਰ ਤੇ ਲੋਜ਼ਾਨ ਦੇ ਰਹਿਣ ਵਾਲੇ ਹੈਨਰੀ ਦੇ ਚੇਲੇ ਅਤੇ ਚਰਚ ਦਾ ਵਿਰੋਧ ਕਰਨ ਵਾਲੇ ਹੋਰ ਲੋਕ ਯੂਰਪ ਦੇ ਕਈ ਦੇਸ਼ਾਂ ਵਿਚ ਸਨ। ਅਗਲੀਆਂ ਸਦੀਆਂ ਵਿਚ ਹੋਰ ਕਈ ਲੋਕ ਬਾਈਬਲ ਦੀ ਸੱਚਾਈ ਦੇ ਪੱਖ ਵਿਚ ਖੜ੍ਹੇ ਹੋਏ, ਜਿਵੇਂ ਕਿ ਜੌਨ ਵਿੱਕਲਿਫ਼ (ਲਗਭਗ 1330-1384 ਈ.), ਵਿਲਿਅਮ ਟਿੰਡੇਲ (ਲਗਭਗ 1494-1536 ਈ.), ਹੈਨਰੀ ਗਰੂ (1781-1862) ਤੇ ਜੌਰਜ ਸਟੋਰਜ਼ (1796-1879)।

“ਪਰਮੇਸ਼ੁਰ ਦੇ ਬਚਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ”

18. ਦੱਸੋ ਕਿ ਉੱਨੀਵੀਂ ਸਦੀ ਵਿਚ ਕੁਝ ਲੋਕਾਂ ਨੇ ਬਾਈਬਲ ਦਾ ਅਧਿਐਨ ਕਰਨ ਦਾ ਕਿਹੜਾ ਤਰੀਕਾ ਵਰਤਿਆ ਸੀ ਅਤੇ ਇਹ ਤਰੀਕਾ ਵਧੀਆ ਕਿਉਂ ਸੀ।

18 ਬਾਈਬਲ ਦੀ ਸੱਚਾਈ ਦੇ ਦੁਸ਼ਮਣਾਂ ਨੇ ਭਾਵੇਂ ਲੱਖ ਕੋਸ਼ਿਸ਼ਾਂ ਕੀਤੀਆਂ, ਪਰ ਉਹ ਇਸ ਨੂੰ ਹਰ ਪਾਸੇ ਫੈਲਣ ਤੋਂ ਰੋਕ ਨਹੀਂ ਸਕੇ। 2 ਤਿਮੋਥਿਉਸ 2:9 ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਬਚਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ।” ਸੰਨ 1870 ਵਿਚ ਕੁਝ ਲੋਕਾਂ ਨੇ ਇਕੱਠੇ ਹੋ ਕੇ ਬਾਈਬਲ ਦੀ ਮਦਦ ਨਾਲ ਸੱਚਾਈ ਦੀ ਭਾਲ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦਾ ਅਧਿਐਨ ਕਰਨ ਦਾ ਤਰੀਕਾ ਕੀ ਸੀ? ਕੋਈ ਜਣਾ ਸਵਾਲ ਪੁੱਛਦਾ ਸੀ। ਸਾਰੇ ਜਣੇ ਇਸ ਬਾਰੇ ਗੱਲ ਕਰਦੇ ਸਨ ਅਤੇ ਇਸ ਸੰਬੰਧੀ ਬਾਈਬਲ ਵਿੱਚੋਂ ਸਾਰੀਆਂ ਆਇਤਾਂ ਦੇਖਦੇ ਸਨ। ਫਿਰ ਜਦੋਂ ਇਨ੍ਹਾਂ ਆਇਤਾਂ ਮੁਤਾਬਕ ਉਨ੍ਹਾਂ ਨੂੰ ਜਵਾਬ ਮਿਲ ਜਾਂਦਾ ਸੀ, ਤਾਂ ਉਹ ਇਸ ਨੂੰ ਲਿਖ ਲੈਂਦੇ ਸਨ। ਕੀ ਇਸ ਤੋਂ ਸਾਨੂੰ ਇਹ ਭਰੋਸਾ ਨਹੀਂ ਮਿਲਦਾ ਕਿ ਪਹਿਲੀ ਸਦੀ ਦੇ ਰਸੂਲਾਂ ਅਤੇ ਬਜ਼ੁਰਗਾਂ ਵਾਂਗ ਇਹ ਵਫ਼ਾਦਾਰ ਲੋਕ ਵੀ ਧਿਆਨ ਰੱਖਦੇ ਸਨ ਕਿ ਉਨ੍ਹਾਂ ਦੇ ਵਿਸ਼ਵਾਸਾਂ ਦਾ ਆਧਾਰ ਬਾਈਬਲ ਹੋਵੇ?

19. ਸਾਲ 2012 ਲਈ ਬਾਈਬਲ ਦਾ ਹਵਾਲਾ ਕੀ ਹੈ ਅਤੇ ਇਹ ਢੁਕਵਾਂ ਕਿਉਂ ਹੈ?

19 ਅੱਜ ਵੀ ਸਾਡੇ ਵਿਸ਼ਵਾਸਾਂ ਦਾ ਆਧਾਰ ਬਾਈਬਲ ਹੈ। ਇਸ ਕਰਕੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ 2012 ਲਈ ਬਾਈਬਲ ਦੇ ਹਵਾਲੇ ਦੇ ਤੌਰ ਤੇ ਯਿਸੂ ਦੀ ਇਸ ਗੱਲ ਨੂੰ ਚੁਣਿਆ ਹੈ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਪਰਮੇਸ਼ੁਰ ਦੀ ਮਿਹਰ ਪਾਉਣ ਦੀ ਇੱਛਾ ਰੱਖਣ ਵਾਲੇ ਹਰ ਇਨਸਾਨ ਨੂੰ ਸੱਚਾਈ ਉੱਤੇ ਚੱਲਣ ਦੀ ਲੋੜ ਹੈ। ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਬਚਨ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਰਹੀਏ।

[ਫੁਟਨੋਟ]

^ ਪੈਰਾ 17 ਵਲਡੇਸ ਨੂੰ ਪੀਐਰ ਵਲਡੇਸ ਜਾਂ ਪੀਟਰ ਵਾਲਡੋ ਨਾਂ ਵੀ ਦਿੱਤਾ ਗਿਆ ਹੈ, ਪਰ ਉਸ ਦੇ ਪਹਿਲੇ ਨਾਂ ਬਾਰੇ ਪੱਕਾ ਪਤਾ ਨਹੀਂ ਹੈ।

[ਸਵਾਲ]

[ਸਫ਼ਾ 8 ਉੱਤੇ ਸੁਰਖੀ]

ਸਾਲ 2012 ਲਈ ਬਾਈਬਲ ਦਾ ਹਵਾਲਾ ਹੈ: “ਤੇਰਾ ਬਚਨ ਹੀ ਸੱਚਾਈ ਹੈ।”​—ਯੂਹੰਨਾ 17:17

[ਸਫ਼ਾ 7 ਉੱਤੇ ਤਸਵੀਰ]

ਵਾਲਡੋ

[ਸਫ਼ਾ 7 ਉੱਤੇ ਤਸਵੀਰ]

ਵਿੱਕਲਿਫ਼

[ਸਫ਼ਾ 7 ਉੱਤੇ ਤਸਵੀਰ]

ਟਿੰਡੇਲ

[ਸਫ਼ਾ 7 ਉੱਤੇ ਤਸਵੀਰ]

ਗਰੂ

[ਸਫ਼ਾ 7 ਉੱਤੇ ਤਸਵੀਰ]

ਸਟੋਰਜ਼