Skip to content

Skip to table of contents

ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ

ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ

“ਤੁਸੀਂ ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ।”—1 ਪਤ. 2:9.

1. ‘ਪ੍ਰਭੂ ਦੇ ਭੋਜਨ’ ਨੂੰ ਯਾਦਗਾਰੀ ਸਮਾਰੋਹ ਵੀ ਕਿਉਂ ਕਿਹਾ ਜਾਂਦਾ ਹੈ ਤੇ ਇਹ ਕਿਉਂ ਮਨਾਇਆ ਜਾਂਦਾ ਹੈ?

ਨੀਸਾਨ 14, 33 ਈਸਵੀ ਦੀ ਰਾਤ ਨੂੰ ਯਿਸੂ ਤੇ ਉਸ 12 ਰਸੂਲਾਂ ਨੇ ਆਖ਼ਰੀ ਵਾਰ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਇਆ। ਧੋਖੇਬਾਜ਼ ਯਹੂਦਾ ਇਸਕਰਿਓਤੀ ਨੂੰ ਭੇਜਣ ਮਗਰੋਂ ਯਿਸੂ ਨੇ ਇਕ ਨਵੀਂ ਰੀਤ ਸ਼ੁਰੂ ਕੀਤੀ ਜਿਸ ਨੂੰ ਬਾਅਦ ਵਿਚ “ਪ੍ਰਭੂ ਦਾ ਭੋਜਨ” ਕਿਹਾ ਜਾਣ ਲੱਗਾ। (1 ਕੁਰਿੰ. 11:20) ਯਿਸੂ ਨੇ ਦੋ ਵਾਰੀ ਕਿਹਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” ਅੱਜ ਇਸ ਨੂੰ ਯਾਦਗਾਰੀ ਸਮਾਰੋਹ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਮਸੀਹ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। (1 ਕੁਰਿੰ. 11:24, 25) ਇਸ ਹੁਕਮ ਨੂੰ ਮੰਨਦੇ ਹੋਏ ਯਹੋਵਾਹ ਦੇ ਗਵਾਹ ਹਰ ਸਾਲ ਯਿਸੂ ਦੀ ਮੌਤ ਦੀ ਯਾਦ ਵਿਚ ਇਹ ਦਿਨ ਮਨਾਉਂਦੇ ਹਨ। ਸਾਲ 2012 ਵਿਚ ਯਿਸੂ ਦੀ ਮੌਤ ਦਾ ਦਿਨ ਵੀਰਵਾਰ, 5 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ।

2. ਯਿਸੂ ਨੇ ਜੋ ਰੋਟੀ ਤੇ ਦਾਖਰਸ ਵਰਤਿਆ ਸੀ, ਉਸ ਬਾਰੇ ਉਸ ਨੇ ਕੀ ਕਿਹਾ?

2 ਯਿਸੂ ਨੇ ਉਸ ਮੌਕੇ ’ਤੇ ਜੋ ਕੀਤਾ ਤੇ ਕਿਹਾ ਉਸ ਬਾਰੇ ਲੂਕਾ ਨੇ ਲਿਖਿਆ: “ਉਸ ਨੇ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: ‘ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’ ਇਸੇ ਤਰ੍ਹਾਂ, ਖਾਣਾ ਖਾਣ ਤੋਂ ਬਾਅਦ, ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਕਿਹਾ: ‘ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ।’” (ਲੂਕਾ 22:19, 20) ਰਸੂਲਾਂ ਨੇ ਇਨ੍ਹਾਂ ਸ਼ਬਦਾਂ ਨੂੰ ਕਿਵੇਂ ਸਮਝਿਆ?

3. ਰਸੂਲਾਂ ਨੇ ਯਿਸੂ ਵੱਲੋਂ ਵਰਤੀ ਗਈ ਰੋਟੀ ਤੇ ਦਾਖਰਸ ਦਾ ਕੀ ਮਤਲਬ ਸਮਝਿਆ?

3 ਯਹੂਦੀ ਹੋਣ ਕਰਕੇ ਰਸੂਲ ਯਰੂਸ਼ਲਮ ਦੇ ਮੰਦਰ ਵਿਚ ਪੁਜਾਰੀਆਂ ਵੱਲੋਂ ਪਰਮੇਸ਼ੁਰ ਨੂੰ ਚੜ੍ਹਾਈਆਂ ਜਾਂਦੀਆ ਜਾਨਵਰਾਂ ਦੀਆਂ ਬਲ਼ੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਇਹ ਬਲ਼ੀਆਂ ਪਰਮੇਸ਼ੁਰ ਦੀ ਮਿਹਰ ਤੇ ਪਾਪਾਂ ਦੀ ਮਾਫ਼ੀ ਪਾਉਣ ਲਈ ਚੜ੍ਹਾਈਆਂ ਜਾਂਦੀਆਂ ਸਨ। (ਲੇਵੀ. 1:4; 22:17-29) ਇਸ ਲਈ ਜਦੋਂ ਯਿਸੂ ਨੇ ਕਿਹਾ ਕਿ ਉਸ ਦਾ ਸਰੀਰ ‘ਉਨ੍ਹਾਂ ਲਈ ਕੁਰਬਾਨ ਕੀਤਾ ਜਾਣਾ ਸੀ’ ਤੇ ਲਹੂ ‘ਉਨ੍ਹਾਂ ਲਈ ਵਹਾਇਆ ਜਾਣਾ ਸੀ,’ ਤਾਂ ਰਸੂਲ ਸਮਝ ਗਏ ਕਿ ਉਹ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰਨ ਬਾਰੇ ਗੱਲ ਕਰ ਰਿਹਾ ਸੀ। ਇਸ ਕੁਰਬਾਨੀ ਦੀ ਕੀਮਤ ਜਾਨਵਰਾਂ ਦੀਆਂ ਬਲ਼ੀਆਂ ਤੋਂ ਕਿਤੇ ਜ਼ਿਆਦਾ ਸੀ।

4. ਯਿਸੂ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ “ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ”?

4 ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ ਕਿ “ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ”? ਰਸੂਲ ਨਵੇਂ ਇਕਰਾਰ ਬਾਰੇ ਕੀਤੀ ਗਈ ਭਵਿੱਖਬਾਣੀ ਨੂੰ ਜਾਣਦੇ ਸਨ ਜੋ ਕਿ ਯਿਰਮਿਯਾਹ 31:31-33 (ਪੜ੍ਹੋ।) ਵਿਚ ਦਰਜ ਹੈ। ਯਿਸੂ ਦੇ ਸ਼ਬਦ ਦਿਖਾਉਂਦੇ ਹਨ ਕਿ ਉਹ ਉਸ ਵੇਲੇ ਨਵੇਂ ਇਕਰਾਰ ਜਾਂ ਨੇਮ ਦੀ ਸ਼ੁਰੂਆਤ ਕਰ ਰਿਹਾ ਸੀ ਅਤੇ ਇਸ ਇਕਰਾਰ ਨੇ ਮੂਸਾ ਰਾਹੀਂ ਕੀਤੇ ਇਕਰਾਰ ਦੀ ਜਗ੍ਹਾ ਲੈ ਲੈਣੀ ਸੀ ਜੋ ਪਰਮੇਸ਼ੁਰ ਨੇ ਇਜ਼ਰਾਈਲੀਆਂ ਨਾਲ ਕੀਤਾ ਸੀ। ਕੀ ਇਨ੍ਹਾਂ ਦੋਨਾਂ ਇਕਰਾਰਾਂ ਦਾ ਆਪਸ ਵਿਚ ਕੋਈ ਸੰਬੰਧ ਸੀ?

5. ਮੂਸਾ ਰਾਹੀਂ ਕੀਤੇ ਗਏ ਇਕਰਾਰ ਕਰਕੇ ਇਜ਼ਰਾਈਲੀਆਂ ਨੂੰ ਕਿਹੜਾ ਸਨਮਾਨ ਮਿਲਣਾ ਸੀ?

5 ਜੀ ਹਾਂ, ਇਨ੍ਹਾਂ ਦੋਹਾਂ ਇਕਰਾਰਾਂ ਦਾ ਇੱਕੋ ਮਕਸਦ ਸੀ। ਜਦੋਂ ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨਾਲ ਮੂਸਾ ਰਾਹੀਂ ਇਕਰਾਰ ਕੀਤਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ ਤੇ ਤੁਸੀਂ ਮੇਰੇ ਲਈ ਜਾਜਕਾਂ [ਜਾਂ ਪੁਜਾਰੀਆਂ] ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਇਜ਼ਰਾਈਲੀਆਂ ਲਈ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ?

ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦਾ ਵਾਅਦਾ

6. ਕਿਸ ਵਾਅਦੇ ਨੂੰ ਪੂਰਾ ਕਰਨ ਲਈ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ ਗਿਆ ਸੀ?

6 ਇਜ਼ਰਾਈਲੀ ਇਕਰਾਰ ਸ਼ਬਦ ਨੂੰ ਸਮਝਦੇ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਪਿਓ-ਦਾਦਿਆਂ ਨੂਹ ਤੇ ਅਬਰਾਹਾਮ ਨਾਲ ਵੀ ਇਕਰਾਰ ਕੀਤੇ ਸਨ। (ਉਤ. 6:18; 9:8-17; 15:18; 17:1-9) ਅਬਰਾਹਾਮ ਨਾਲ ਇਕਰਾਰ ਕਰਦਿਆਂ ਯਹੋਵਾਹ ਨੇ ਵਾਅਦਾ ਕੀਤਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤ. 22:18) ਯਹੋਵਾਹ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਮੂਸਾ ਦਾ ਕਾਨੂੰਨ ਦੇ ਕੇ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ ਸੀ। ਇਸ ਇਕਰਾਰ ਦੇ ਆਧਾਰ ’ਤੇ ਇਜ਼ਰਾਈਲੀ ‘ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਨਿਜੀ ਪਰਜਾ’ ਬਣ ਸਕਦੀ ਸੀ। ਕਿਸ ਮਕਸਦ ਲਈ? ‘ਯਹੋਵਾਹ ਲਈ ਜਾਜਕਾਂ ਦੀ ਬਾਦਸ਼ਾਹੀ’ ਬਣਨ ਵਾਸਤੇ।

7. “ਜਾਜਕਾਂ ਦੀ ਬਾਦਸ਼ਾਹੀ” ਸ਼ਬਦਾਂ ਦਾ ਕੀ ਮਤਲਬ ਹੈ?

7 ਇਜ਼ਰਾਈਲੀ ਲੋਕ ਰਾਜਿਆਂ ਤੇ ਪੁਜਾਰੀਆਂ ਬਾਰੇ ਜਾਣਦੇ ਸਨ, ਪਰ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੀ ਮਿਹਰ ਨਾਲ ਮਲਕਿਸਿਦਕ ਹੀ ਰਾਜਾ ਹੋਣ ਦੇ ਨਾਲ-ਨਾਲ ਜਾਜਕ ਯਾਨੀ ਪੁਜਾਰੀ ਸੀ। (ਉਤ. 14:18) ਯਹੋਵਾਹ ਨੇ ਹੁਣ ਕੌਮ ਨੂੰ “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਦਿੱਤਾ। ਬਾਅਦ ਦੀਆਂ ਪਵਿੱਤਰ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਕੋਲ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਬਣਨ ਦਾ ਮੌਕਾ ਸੀ ਯਾਨੀ ਉਨ੍ਹਾਂ ਨੂੰ ਰਾਜੇ ਬਣਨ ਦੇ ਨਾਲ-ਨਾਲ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਸਨਮਾਨ ਵੀ ਮਿਲ ਸਕਦਾ ਸੀ।—1 ਪਤ. 2:9.

8. ਪਰਮੇਸ਼ੁਰ ਵੱਲੋਂ ਚੁਣੇ ਹੋਏ ਪੁਜਾਰੀ ਕਿਹੜੇ ਕੰਮ ਕਰਦੇ ਸਨ?

8 ਰਾਜੇ ਰਾਜ ਕਰਦੇ ਸਨ। ਪਰ ਪੁਜਾਰੀ ਕੀ ਕਰਦੇ ਸਨ? ਇਬਰਾਨੀਆਂ 5:1 ਵਿਚ ਲਿਖਿਆ ਹੈ: “ਹਰ ਇਨਸਾਨੀ ਮਹਾਂ ਪੁਜਾਰੀ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਇਨਸਾਨਾਂ ਦੀ ਮਦਦ ਕਰਨ ਵਾਸਤੇ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਪਾਪਾਂ ਲਈ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ।” ਇਸ ਲਈ ਪੁਜਾਰੀ ਯਹੋਵਾਹ ਵੱਲੋਂ ਚੁਣੇ ਜਾਂਦੇ ਸਨ। ਇਹ ਪੁਜਾਰੀ ਪਾਪੀ ਲੋਕਾਂ ਦੇ ਲਈ ਯਹੋਵਾਹ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ ਤੇ ਉਨ੍ਹਾਂ ਲਈ ਪਰਮੇਸ਼ੁਰ ਦੇ ਅੱਗੇ ਬੇਨਤੀ ਕਰਦੇ ਸਨ। ਨਾਲੇ ਯਹੋਵਾਹ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਸੀ ਕਿ ਉਹ ਲੋਕਾਂ ਨੂੰ ਉਸ ਦੇ ਕਾਨੂੰਨਾਂ ਦੀ ਸਿੱਖਿਆ ਦੇਣ। (ਲੇਵੀ. 10:8-11; ਮਲਾ. 2:7) ਇਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਚੁਣੇ ਹੋਏ ਪੁਜਾਰੀ ਲੋਕਾਂ ਦੀ ਪਰਮੇਸ਼ੁਰ ਨਾਲ ਸੁਲ੍ਹਾ ਕਰਾਉਂਦੇ ਸਨ।

9. (ੳ) “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਬਣਨ ਲਈ ਇਜ਼ਰਾਈਲੀਆਂ ਨੂੰ ਕਿਹੜੀ ਸ਼ਰਤ ਪੂਰੀ ਕਰਨੀ ਪੈਣੀ ਸੀ? (ਅ) ਯਹੋਵਾਹ ਨੇ ਇਜ਼ਰਾਈਲ ਵਿਚ ਪੁਜਾਰੀਆਂ ਦਾ ਕਿਉਂ ਪ੍ਰਬੰਧ ਕੀਤਾ ਸੀ? (ੲ) ਕਿਹੜੀ ਗੱਲ ਕਰਕੇ ਇਜ਼ਰਾਈਲੀ “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਨਹੀਂ ਬਣ ਸਕਦੇ ਸਨ?

9 ਮੂਸਾ ਦੇ ਰਾਹੀਂ ਕੀਤੇ ਗਏ ਇਕਰਾਰ ਨੇ ਇਜ਼ਰਾਈਲੀਆਂ ਨੂੰ ਮੌਕਾ ਦਿੱਤਾ ਕਿ ਉਹ “ਸਾਰੀਆਂ ਕੌਮਾਂ” ਨੂੰ ਬਰਕਤਾਂ ਦੇਣ ਲਈ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਬਣਨ। ਇਹ ਵਧੀਆ ਸਨਮਾਨ ਉਨ੍ਹਾਂ ਨੂੰ ਇਸ ਸ਼ਰਤ ’ਤੇ ਮਿਲਣਾ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ।” ਕੀ ਇਜ਼ਰਾਈਲੀ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰ ਸਕਦੇ ਸਨ? ਹਾਂ, ਪਰ ਪੂਰੀ ਤਰ੍ਹਾਂ ਨਹੀਂ। (ਰੋਮੀ. 3:19, 20) ਇਸੇ ਕਰਕੇ ਯਹੋਵਾਹ ਨੇ ਉਸ ਸਮੇਂ ਇਜ਼ਰਾਈਲ ਵਿਚ ਪੁਜਾਰੀਆਂ ਦਾ ਪ੍ਰਬੰਧ ਕੀਤਾ ਸੀ। ਉਹ ਇਜ਼ਰਾਈਲੀਆਂ ਉੱਤੇ ਰਾਜ ਨਹੀਂ ਕਰਦੇ ਸਨ, ਸਗੋਂ ਉਹ ਲੋਕਾਂ ਵੱਲੋਂ ਜਾਣੇ-ਅਣਜਾਣੇ ਵਿਚ ਕੀਤੇ ਪਾਪਾਂ ਲਈ ਬਲ਼ੀਆਂ ਚੜ੍ਹਾਉਂਦੇ ਸਨ। (ਲੇਵੀ. 4:1–6:7) ਇਨ੍ਹਾਂ ਵਿਚ ਪੁਜਾਰੀਆਂ ਵੱਲੋਂ ਕੀਤੇ ਪਾਪ ਵੀ ਸ਼ਾਮਲ ਸਨ। (ਇਬ. 5:1-3; 8:3) ਯਹੋਵਾਹ ਇਹੋ ਜਿਹੀਆਂ ਬਲ਼ੀਆਂ ਸਵੀਕਾਰ ਕਰਦਾ ਸੀ, ਪਰ ਇਹ ਬਲ਼ੀਆਂ ਲੋਕਾਂ ਦੇ ਪਾਪਾਂ ਨੂੰ ਪੂਰੀ ਤਰ੍ਹਾਂ ਮਿਟਾ ਨਹੀਂ ਸਕਦੀਆਂ ਸਨ। ਇਸ ਇਕਰਾਰ ਦੇ ਅਧੀਨ ਪੁਜਾਰੀ ਨੇਕਦਿਲ ਇਜ਼ਰਾਈਲੀਆਂ ਦੀ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਨਹੀਂ ਕਰਾ ਸਕਦੇ ਸਨ। ਪੌਲੁਸ ਨੇ ਇਸ ਬਾਰੇ ਲਿਖਿਆ: “ਬਲਦਾਂ ਤੇ ਬੱਕਰਿਆਂ ਦਾ ਲਹੂ ਪਾਪ ਨੂੰ ਖ਼ਤਮ ਨਹੀਂ ਕਰ ਸਕਦਾ।” (ਇਬ. 10:1-4) ਕਿਉਂਕਿ ਇਜ਼ਰਾਈਲੀਆਂ ਨੇ ਮੂਸਾ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਸ ਲਈ ਉਹ ਸਰਾਪ ਅਧੀਨ ਸਨ। (ਗਲਾ. 3:10) ਪਾਪੀ ਜਾਂ ਸਰਾਪੇ ਹੋਣ ਕਰਕੇ ਉਨ੍ਹਾਂ ਲਈ ਦੁਨੀਆਂ ਦੇ ਭਲੇ ਲਈ ਰਾਜ ਕਰਨ ਵਾਲੇ ਪੁਜਾਰੀਆਂ ਵਜੋਂ ਸੇਵਾ ਕਰਨੀ ਨਾਮੁਮਕਿਨ ਸੀ।

10. ਮੂਸਾ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ?

10 ਕੀ ਇਸ ਦਾ ਇਹ ਮਤਲਬ ਹੈ ਕਿ ਇਜ਼ਰਾਈਲੀਆਂ ਨੂੰ “ਜਾਜਕਾਂ ਦੀ ਬਾਦਸ਼ਾਹੀ” ਬਣਾਉਣ ਦਾ ਯਹੋਵਾਹ ਦਾ ਵਾਅਦਾ ਖੋਖਲਾ ਸੀ? ਬਿਲਕੁਲ ਨਹੀਂ। ਪਰ ਜੇ ਉਹ ਦਿਲੋਂ ਆਗਿਆ ਮੰਨਣ ਦੀ ਕੋਸ਼ਿਸ਼ ਕਰਦੇ, ਤਾਂ ਉਨ੍ਹਾਂ ਕੋਲ ਇਹ ਮੌਕਾ ਸੀ, ਪਰ ਮੂਸਾ ਦੇ ਕਾਨੂੰਨ ਅਧੀਨ ਨਹੀਂ। ਕਿਉਂ ਨਹੀਂ? (ਗਲਾਤੀਆਂ 3:19-25 ਪੜ੍ਹੋ।) ਇਸ ਨੂੰ ਸਮਝਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਮੂਸਾ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ। ਇਸ ਕਾਨੂੰਨ ਨੇ ਆਗਿਆਕਾਰ ਇਜ਼ਰਾਈਲੀਆਂ ਨੂੰ ਹੋਰ ਧਰਮਾਂ ਦੇ ਪ੍ਰਭਾਵ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਉਹ ਪਾਪੀ ਸਨ ਤੇ ਉਨ੍ਹਾਂ ਨੂੰ ਮਹਾਂ ਪੁਜਾਰੀ ਵੱਲੋਂ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਨਾਲੋਂ ਵੀ ਉੱਤਮ ਬਲ਼ੀ ਦੀ ਲੋੜ ਸੀ। ਇਹ ਕਾਨੂੰਨ ਉਨ੍ਹਾਂ ਦਾ ਰਖਵਾਲਾ ਸੀ ਜੋ ਉਨ੍ਹਾਂ ਨੂੰ ਮਸੀਹ ਕੋਲ ਲੈ ਗਿਆ। ਮਸੀਹ ਦਾ ਮਤਲਬ ਹੈ “ਚੁਣਿਆ ਹੋਇਆ।” ਮਸੀਹ ਨੇ ਆ ਕੇ ਯਿਰਮਿਯਾਹ ਵੱਲੋਂ ਦੱਸੇ ਗਏ ਨਵੇਂ ਇਕਰਾਰ ਨੂੰ ਸ਼ੁਰੂ ਕੀਤਾ ਸੀ। ਜਿਨ੍ਹਾਂ ਨੇ ਮਸੀਹ ਨੂੰ ਸਵੀਕਾਰ ਕੀਤਾ, ਉਨ੍ਹਾਂ ਨੂੰ ਇਸ ਨਵੇਂ ਇਕਰਾਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਨੇ “ਜਾਜਕਾਂ ਦੀ ਬਾਦਸ਼ਾਹੀ” ਬਣਨਾ ਸੀ। ਆਓ ਆਪਾਂ ਦੇਖੀਏ ਕਿਵੇਂ।

ਨਵੇਂ ਇਕਰਾਰ ਰਾਹੀਂ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ

11. ਯਿਸੂ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦੀ ਨੀਂਹ ਕਿਵੇਂ ਬਣਿਆ ਸੀ?

11 ਸੰਨ 29 ਈ. ਵਿਚ ਯਿਸੂ ਨਾਸਰੀ ਮਸੀਹ ਬਣਿਆ। 30 ਸਾਲ ਦੀ ਉਮਰ ਵਿਚ ਯਿਸੂ ਨੇ ਪਾਣੀ ਵਿਚ ਬਪਤਿਸਮਾ ਲੈ ਕੇ ਦਿਖਾਇਆ ਕਿ ਉਹ ਪਰਮੇਸ਼ੁਰ ਦਾ ਖ਼ਾਸ ਕੰਮ ਕਰਨ ਲਈ ਤਿਆਰ ਸੀ। ਯਹੋਵਾਹ ਨੇ ਐਲਾਨ ਕੀਤਾ ਕਿ ਯਿਸੂ ਉਸ ਦਾ “ਪਿਆਰਾ ਪੁੱਤਰ” ਹੈ। ਪਰਮੇਸ਼ੁਰ ਨੇ ਉਸ ਨੂੰ ਤੇਲ ਪਾ ਕੇ ਨਹੀਂ, ਪਰ ਪਵਿੱਤਰ ਸ਼ਕਤੀ ਨਾਲ ਚੁਣਿਆ। (ਮੱਤੀ 3:13-17; ਰਸੂ. 10:38) ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਤੋਂ ਬਾਅਦ ਉਹ ਵਿਸ਼ਵਾਸ ਕਰਨ ਵਾਲਿਆਂ ਲਈ ਮਹਾਂ ਪੁਜਾਰੀ ਬਣਿਆ ਤੇ ਉਸ ਨੂੰ ਭਵਿੱਖ ਵਿਚ ਰਾਜਾ ਬਣਨ ਲਈ ਚੁਣਿਆ ਗਿਆ। (ਇਬ. 1:8, 9; 5:5, 6) ਉਹ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦੀ ਨੀਂਹ ਬਣਿਆ ਸੀ।

12. ਯਿਸੂ ਦੀ ਕੁਰਬਾਨੀ ਨਾਲ ਕੀ ਸੰਭਵ ਹੋਇਆ?

12 ਮਹਾਂ ਪੁਜਾਰੀ ਦੇ ਤੌਰ ਤੇ ਯਿਸੂ ਕਿਹੜੀ ਬਲ਼ੀ ਚੜ੍ਹਾ ਸਕਦਾ ਸੀ ਜਿਸ ਨਾਲ ਵਿਸ਼ਵਾਸ ਕਰਨ ਵਾਲਿਆਂ ਦੇ ਪਾਪ ਪੂਰੀ ਤਰ੍ਹਾਂ ਮਾਫ਼ ਹੋ ਸਕਦੇ ਸਨ? ਉਸ ਨੇ ਆਪਣੀ ਮੌਤ ਦਾ ਦਿਨ ਮਨਾਉਣ ਦੀ ਰੀਤ ਸ਼ੁਰੂ ਕਰਨ ਵੇਲੇ ਦੱਸਿਆ ਸੀ ਕਿ ਉਹ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰੇਗਾ। (ਇਬਰਾਨੀਆਂ 9:11, 12 ਪੜ੍ਹੋ।) 29 ਈ. ਵਿਚ ਆਪਣੇ ਬਪਤਿਸਮੇ ਦੇ ਦਿਨ ਤੋਂ ਲੈ ਕੇ ਆਪਣੀ ਮੌਤ ਤਕ ਯਿਸੂ ਨੇ ਮਹਾਂ ਪੁਜਾਰੀ ਦੇ ਤੌਰ ਤੇ ਪਰੀਖਿਆਵਾਂ ਦਾ ਸਾਮ੍ਹਣਾ ਕੀਤਾ ਤੇ ਕਈ ਗੱਲਾਂ ਸਿੱਖੀਆਂ। (ਇਬ. 4:15; 5:7-10) ਜੀਉਂਦਾ ਹੋਣ ਤੋਂ ਬਾਅਦ ਉਹ ਸਵਰਗ ਨੂੰ ਗਿਆ ਤੇ ਉਸ ਨੇ ਆਪਣੀ ਕੁਰਬਾਨੀ ਦੀ ਕੀਮਤ ਯਹੋਵਾਹ ਨੂੰ ਪੇਸ਼ ਕੀਤੀ। (ਇਬ. 9:24) ਇਸ ਕਰਕੇ ਯਿਸੂ ਹੁਣ ਉਨ੍ਹਾਂ ਲੋਕਾਂ ਲਈ ਯਹੋਵਾਹ ਦੇ ਅੱਗੇ ਬੇਨਤੀ ਕਰ ਸਕਦਾ ਹੈ ਜੋ ਉਸ ਦੀ ਕੁਰਬਾਨੀ ’ਤੇ ਵਿਸ਼ਵਾਸ ਕਰਦੇ ਹਨ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। (ਇਬ. 7:25) ਉਸ ਦੀ ਕੁਰਬਾਨੀ ਨੇ ਨਵੇਂ ਇਕਰਾਰ ਨੂੰ ਪੱਕਾ ਕਰ ਦਿੱਤਾ।—ਇਬ. 8:6; 9:15.

13. ਨਵੇਂ ਇਕਰਾਰ ਵਿਚ ਸ਼ਾਮਲ ਮਸੀਹੀਆਂ ਕੋਲ ਕਿਹੜੇ ਸਨਮਾਨ ਹਨ?

13 ਜਿਨ੍ਹਾਂ ਨੂੰ ਨਵੇਂ ਇਕਰਾਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ, ਉਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ। (2 ਕੁਰਿੰ. 1:21) ਪਹਿਲਾਂ ਇਸ ਇਕਰਾਰ ਵਿਚ ਵਫ਼ਾਦਾਰ ਯਹੂਦੀ ਸ਼ਾਮਲ ਹੋਏ ਤੇ ਬਾਅਦ ਵਿਚ ਗ਼ੈਰ-ਯਹੂਦੀ। (ਅਫ਼. 3:5, 6) ਨਵੇਂ ਇਕਰਾਰ ਵਿਚ ਸ਼ਾਮਲ ਮਸੀਹੀਆਂ ਕੋਲ ਕਿਹੜੇ ਸਨਮਾਨ ਹਨ? ਉਨ੍ਹਾਂ ਨੂੰ ਆਪਣੇ ਪਾਪਾਂ ਦੀ ਪੂਰੀ ਤਰ੍ਹਾਂ ਮਾਫ਼ੀ ਮਿਲਦੀ ਹੈ। ਯਹੋਵਾਹ ਨੇ ਵਾਅਦਾ ਕੀਤਾ ਸੀ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” (ਯਿਰ. 31:34) ਪਾਪਾਂ ਦੀ ਮਾਫ਼ੀ ਮਿਲ ਜਾਣ ਨਾਲ ਉਹ “ਜਾਜਕਾਂ ਦੀ ਬਾਦਸ਼ਾਹੀ” ਬਣਨ ਦੇ ਯੋਗ ਹੋ ਜਾਂਦੇ ਹਨ। ਚੁਣੇ ਹੋਏ ਮਸੀਹੀਆਂ ਨਾਲ ਗੱਲ ਕਰਦੇ ਹੋਏ ਪਤਰਸ ਨੇ ਲਿਖਿਆ: “ਤੁਸੀਂ ‘ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ, ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣ ਗਾਓ’ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।” (1 ਪਤ. 2:9) ਪਤਰਸ ਨੇ ਇੱਥੇ ਯਹੋਵਾਹ ਦੇ ਉਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ ਸੀ ਜਿਹੜੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਦਿੰਦੇ ਹੋਏ ਕਹੇ ਸਨ। ਉਸ ਨੇ ਇਨ੍ਹਾਂ ਸ਼ਬਦਾਂ ਨੂੰ ਨਵੇਂ ਇਕਰਾਰ ਵਿਚ ਸ਼ਾਮਲ ਮਸੀਹੀਆਂ ’ਤੇ ਲਾਗੂ ਕੀਤਾ ਸੀ।—ਕੂਚ 19:5, 6.

ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਮਨੁੱਖਜਾਤੀ ਨੂੰ ਬਰਕਤਾਂ ਦਿੰਦੀ ਹੈ

14. ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਕਿੱਥੇ ਸੇਵਾ ਕਰਦੀ ਹੈ?

14 ਨਵੇਂ ਇਕਰਾਰ ਵਿਚ ਸ਼ਾਮਲ ਮਸੀਹੀ ਕਿੱਥੇ ਸੇਵਾ ਕਰਦੇ ਹਨ? ਧਰਤੀ ’ਤੇ ਉਹ ਯਹੋਵਾਹ ਦੇ ਪੁਜਾਰੀਆਂ ਦੇ ਤੌਰ ਤੇ ਸੇਵਾ ਕਰਦੇ ਹੋਏ ‘ਹਰ ਪਾਸੇ ਉਸ ਦੇ ਗੁਣ ਗਾਉਂਦੇ’ ਹਨ ਅਤੇ ਉਸ ਦਾ ਗਿਆਨ ਦਿੰਦੇ ਹਨ। (ਮੱਤੀ 24:45; 1 ਪਤ. 2:4, 5) ਆਪਣੀ ਮੌਤ ਤੋਂ ਬਾਅਦ ਉਹ ਦੁਬਾਰਾ ਜੀਉਂਦੇ ਹੋ ਕੇ ਸਵਰਗ ਜਾਂਦੇ ਹਨ ਅਤੇ ਉੱਥੇ ਮਸੀਹ ਨਾਲ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਂਦੇ ਹਨ। (ਲੂਕਾ 22:29; 1 ਪਤ. 1:3-5; ਪ੍ਰਕਾ. 1:6) ਰਸੂਲ ਯੂਹੰਨਾ ਨੇ ਇਕ ਦਰਸ਼ਨ ਦੇਖਿਆ ਸੀ ਜੋ ਇਸ ਗੱਲ ਨੂੰ ਪੱਕਾ ਕਰਦਾ ਹੈ। ਉਸ ਨੇ ਦੇਖਿਆ ਕਿ ਸਵਰਗ ਵਿਚ ਯਹੋਵਾਹ ਦੇ ਸਿੰਘਾਸਣ ਸਾਮ੍ਹਣੇ ਬਹੁਤ ਸਾਰੇ ਸਵਰਗੀ ਪ੍ਰਾਣੀ ਸਨ ਅਤੇ ਉਨ੍ਹਾਂ ਨੇ “ਲੇਲੇ” ਲਈ ਇਕ “ਨਵਾਂ ਗੀਤ” ਗਾਉਂਦੇ ਹੋਏ ਕਿਹਾ: “ਤੂੰ ਆਪਣੇ ਲਹੂ ਨਾਲ ਹਰ ਕਬੀਲੇ, ਭਾਸ਼ਾ, ਨਸਲ ਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ, ਅਤੇ ਤੂੰ ਉਨ੍ਹਾਂ ਨੂੰ ਰਾਜੇ ਅਤੇ ਪੁਜਾਰੀ ਬਣਾਇਆ ਤਾਂਕਿ ਉਹ ਸਾਡੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਹ ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨ।” (ਪ੍ਰਕਾ. 5:8-10) ਬਾਅਦ ਵਿਚ ਇਕ ਹੋਰ ਦਰਸ਼ਣ ਵਿਚ ਯੂਹੰਨਾ ਇਨ੍ਹਾਂ ਰਾਜਿਆਂ ਬਾਰੇ ਕਹਿੰਦਾ ਹੈ: “ਉਹ ਪੁਜਾਰੀ ਬਣ ਕੇ ਪਰਮੇਸ਼ੁਰ ਅਤੇ ਮਸੀਹ ਦੀ ਸੇਵਾ ਕਰਨਗੇ ਅਤੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।” (ਪ੍ਰਕਾ. 20:6) ਮਸੀਹ ਅਤੇ ਇਹ ਰਾਜੇ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਹਨ ਜਿਹੜੇ ਮਨੁੱਖਜਾਤੀ ਦੇ ਭਲੇ ਲਈ ਕੰਮ ਕਰਦੇ ਹਨ।

15, 16. ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਮਨੁੱਖਜਾਤੀ ਦੇ ਭਲੇ ਲਈ ਕਿਹੜੇ ਕੰਮ ਕਰੇਗੀ?

15 ਚੁਣੇ ਹੋਏ 1,44,000 ਮਸੀਹੀ ਮਨੁੱਖਜਾਤੀ ਦੇ ਭਲੇ ਲਈ ਕਿਹੜੇ ਕੰਮ ਕਰਨਗੇ? ਪ੍ਰਕਾਸ਼ ਦੀ ਕਿਤਾਬ ਦੇ 21ਵੇਂ ਅਧਿਆਇ ਵਿਚ ਉਨ੍ਹਾਂ ਨੂੰ ਸਵਰਗੀ ਸ਼ਹਿਰ ਨਵੇਂ ਯਰੂਸ਼ਲਮ ਵਜੋਂ ਦਰਸਾਇਆ ਗਿਆ ਹੈ ਜਿਸ ਨੂੰ “ਲੇਲੇ ਦੀ ਲਾੜੀ” ਕਿਹਾ ਗਿਆ ਹੈ। (ਪ੍ਰਕਾ. 21:9) ਆਇਤਾਂ 2 ਤੋਂ 4 ਵਿਚ ਲਿਖਿਆ ਹੈ: “ਮੈਂ ਪਵਿੱਤਰ ਸ਼ਹਿਰ ਨਵੇਂ ਯਰੂਸ਼ਲਮ ਨੂੰ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰਦੇ ਦੇਖਿਆ ਅਤੇ ਇਸ ਨੂੰ ਲਾੜੀ ਵਾਂਗ ਸਜਾਇਆ ਗਿਆ ਸੀ ਜਿਹੜੀ ਲਾੜੇ ਲਈ ਸ਼ਿੰਗਾਰੀ ਹੁੰਦੀ ਹੈ। ਅਤੇ ਮੈਂ ਸਿੰਘਾਸਣ ਤੋਂ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: ‘ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।’” ਕਿੰਨੀਆਂ ਹੀ ਵਧੀਆ ਬਰਕਤਾਂ! ਹੰਝੂ, ਸੋਗ, ਰੋਣਾ ਤੇ ਦੁੱਖ-ਦਰਦ ਸਭ ਕੁਝ ਖ਼ਤਮ ਹੋ ਜਾਵੇਗਾ ਕਿਉਂਕਿ ਇਨ੍ਹਾਂ ਦੀ ਜੜ੍ਹ ਮੌਤ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਫਿਰ ਵਫ਼ਾਦਾਰ ਮਨੁੱਖਜਾਤੀ ਮੁਕੰਮਲ ਬਣ ਜਾਵੇਗੀ ਅਤੇ ਉਨ੍ਹਾਂ ਦੀ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਹੋ ਜਾਵੇਗੀ।

16 ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਜਿਹੜੀਆਂ ਬਰਕਤਾਂ ਦੇਵੇਗੀ ਉਨ੍ਹਾਂ ਬਾਰੇ ਅੱਗੇ ਪ੍ਰਕਾਸ਼ 22:1, 2 ਵਿਚ ਹੋਰ ਦੱਸਿਆ ਗਿਆ ਹੈ: “ਦੂਤ ਨੇ ਮੈਨੂੰ ਅੰਮ੍ਰਿਤ ਜਲ ਦੀ ਸਾਫ਼ ਨਦੀ ਦਿਖਾਈ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ ਅਤੇ ਇਹ ਨਦੀ [ਨਵੇਂ ਯਰੂਸ਼ਲਮ] ਦੀ ਵੱਡੀ ਸੜਕ ਦੇ ਵਿਚਕਾਰ ਵਗ ਰਹੀ ਸੀ। ਇਸ ਨਦੀ ਦੇ ਦੋਹਾਂ ਪਾਸਿਆਂ ’ਤੇ ਜੀਵਨ ਦੇ ਦਰਖ਼ਤ ਲੱਗੇ ਹੋਏ ਸਨ। ਇਨ੍ਹਾਂ ਦਰਖ਼ਤਾਂ ਨੂੰ ਸਾਲ ਵਿਚ ਬਾਰਾਂ ਵਾਰ ਯਾਨੀ ਹਰ ਮਹੀਨੇ ਫਲ ਲੱਗਦਾ ਸੀ। ਅਤੇ ਇਨ੍ਹਾਂ ਦਰਖ਼ਤਾਂ ਦੇ ਪੱਤਿਆਂ ਨਾਲ ਕੌਮਾਂ ਦਾ ਇਲਾਜ ਹੁੰਦਾ ਸੀ।” ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ “ਕੌਮਾਂ” ਜਾਂ ਮਨੁੱਖਜਾਤੀ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਆਦਮ ਤੋਂ ਮਿਲੇ ਪਾਪਾਂ ਤੋਂ ਪੂਰੀ ਤਰ੍ਹਾਂ ਸ਼ੁੱਧ ਕੀਤਾ ਜਾਵੇਗਾ। ਫਿਰ ਇਹ ਸਾਰੀਆਂ “ਪੁਰਾਣੀਆਂ ਗੱਲਾਂ ਖ਼ਤਮ ਹੋ” ਜਾਣਗੀਆਂ।

ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਆਪਣਾ ਕੰਮ ਪੂਰਾ ਕਰਦੀ ਹੈ

17. ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਕਿਹੜਾ ਮਕਸਦ ਪੂਰਾ ਕਰ ਲਵੇਗੀ?

17 ਹਜ਼ਾਰ ਸਾਲ ਦੇ ਰਾਜ ਦੇ ਅੰਤ ਤਕ ਇਹ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਧਰਤੀ ’ਤੇ ਰਹਿਣ ਵਾਲੇ ਲੋਕਾਂ ਨੂੰ ਮੁਕੰਮਲ ਬਣਾ ਦੇਵੇਗੀ। ਫਿਰ ਮਹਾਂ ਪੁਜਾਰੀ ਤੇ ਰਾਜਾ ਯਿਸੂ ਮਸੀਹ ਸਾਰੀ ਮੁਕੰਮਲ ਮਨੁੱਖਜਾਤੀ ਯਹੋਵਾਹ ਨੂੰ ਸੌਂਪ ਦੇਵੇਗਾ। (1 ਕੁਰਿੰਥੀਆਂ 15:22-26 ਪੜ੍ਹੋ।) ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਉਦੋਂ ਆਪਣਾ ਮਕਸਦ ਪੂਰਾ ਕਰ ਲਵੇਗੀ।

18. ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਜਦੋਂ ਆਪਣਾ ਮਕਸਦ ਪੂਰਾ ਕਰ ਲਵੇਗੀ, ਤਾਂ ਉਸ ਤੋਂ ਬਾਅਦ ਯਹੋਵਾਹ ਉਸ ਨੂੰ ਕਿਹੜਾ ਕੰਮ ਦੇਵੇਗਾ?

18 ਇਸ ਤੋਂ ਬਾਅਦ ਯਹੋਵਾਹ ਮਸੀਹ ਦੇ ਇਨ੍ਹਾਂ ਸਾਥੀਆਂ ਨੂੰ ਕਿਹੜਾ ਕੰਮ ਦੇਵੇਗਾ? ਪ੍ਰਕਾਸ਼ 22:5 ਦੇ ਅਨੁਸਾਰ “ਉਹ ਰਾਜਿਆਂ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰਨਗੇ।” ਉਹ ਕਿਨ੍ਹਾਂ ’ਤੇ ਰਾਜ ਕਰਨਗੇ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਅਹਿਮੀਅਤ ਹਮੇਸ਼ਾ ਲਈ ਰਹੇਗੀ। ਉਹ ਅਮਰ ਤੇ ਅਵਿਨਾਸ਼ੀ ਹੋਣਗੇ ਅਤੇ ਉਨ੍ਹਾਂ ਕੋਲ ਨਾਮੁਕੰਮਲ ਮਨੁੱਖਜਾਤੀ ਦੀ ਮਦਦ ਕਰਨ ਦਾ ਤਜਰਬਾ ਹੋਵੇਗਾ। ਇਸ ਲਈ ਉਹ ਰਾਜਿਆਂ ਵਜੋਂ ਰਾਜ ਕਰਦੇ ਰਹਿਣਗੇ ਅਤੇ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ।

19. ਯਿਸੂ ਦੀ ਮੌਤ ਦਾ ਯਾਦਗਾਰੀ ਦਿਨ ਮਨਾਉਣ ਵਾਲਿਆਂ ਨੂੰ ਕਿਹੜੀਆਂ ਗੱਲਾਂ ਯਾਦ ਕਰਾਈਆਂ ਜਾਣਗੀਆਂ?

19 ਜਦੋਂ ਅਸੀਂ ਯਿਸੂ ਦੀ ਮੌਤ ਦਾ ਯਾਦਗਾਰੀ ਦਿਨ ਮਨਾਉਣ ਲਈ 5 ਅਪ੍ਰੈਲ 2012 ਨੂੰ ਇਕੱਠੇ ਹੋਵਾਂਗੇ, ਤਾਂ ਬਾਈਬਲ ਦੀਆਂ ਇਹ ਸਿੱਖਿਆਵਾਂ ਸਾਨੂੰ ਯਾਦ ਕਰਵਾਈਆਂ ਜਾਣਗੀਆਂ। ਧਰਤੀ ਉੱਤੇ ਰਹਿੰਦੇ ਬਾਕੀ ਚੁਣੇ ਹੋਏ ਮਸੀਹੀ ਅਖ਼ਮੀਰੀ ਰੋਟੀ ਖਾਣਗੇ ਤੇ ਲਾਲ ਦਾਖਰਸ ਪੀਣਗੇ ਜਿਸ ਤੋਂ ਪਤਾ ਲੱਗੇਗਾ ਕਿ ਉਹ ਨਵੇਂ ਇਕਰਾਰ ਦਾ ਹਿੱਸਾ ਹਨ। ਮਸੀਹ ਦੀ ਕੁਰਬਾਨੀ ਨੂੰ ਦਰਸਾਉਣ ਵਾਲੇ ਇਨ੍ਹਾਂ ਚਿੰਨ੍ਹਾਂ ਤੋਂ ਉਨ੍ਹਾਂ ਨੂੰ ਇਹ ਗੱਲ ਚੇਤੇ ਰਹੇਗੀ ਕਿ ਪਰਮੇਸ਼ੁਰ ਦੇ ਮਕਸਦ ਵਿਚ ਉਨ੍ਹਾਂ ਨੂੰ ਕਿੰਨਾ ਸਨਮਾਨ ਤੇ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਮਨੁੱਖਜਾਤੀ ਦੇ ਭਲੇ ਲਈ ਯਹੋਵਾਹ ਪਰਮੇਸ਼ੁਰ ਦੁਆਰਾ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦੇ ਪ੍ਰਬੰਧ ਦੀ ਦਿਲੋਂ ਕਦਰ ਕਰਦੇ ਹੋਏ ਆਓ ਆਪਾਂ ਇਹ ਦਿਨ ਮਨਾਈਏ।

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਮਨੁੱਖਜਾਤੀ ਨੂੰ ਬਰਕਤਾਂ ਦਿੰਦੀ ਹੈ