Skip to content

Skip to table of contents

ਨਾਥਾਨ ਯਹੋਵਾਹ ਦਾ ਵਫ਼ਾਦਾਰ ਸੇਵਕ

ਨਾਥਾਨ ਯਹੋਵਾਹ ਦਾ ਵਫ਼ਾਦਾਰ ਸੇਵਕ

ਨਾਥਾਨ ਯਹੋਵਾਹ ਦਾ ਵਫ਼ਾਦਾਰ ਸੇਵਕ

ਕਿਸੇ ਸ਼ਕਤੀਸ਼ਾਲੀ ਆਦਮੀ ਨੂੰ ਇਹ ਦੱਸਣਾ ਸੌਖਾ ਨਹੀਂ ਹੁੰਦਾ ਕਿ ਉਸ ਦੇ ਰਾਹ ਗ਼ਲਤ ਹਨ ਤੇ ਉਸ ਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ। ਕੀ ਤੁਸੀਂ ਉਸ ਆਦਮੀ ਨੂੰ ਇਹ ਦੱਸਣ ਦਾ ਹੌਸਲਾ ਕਰੋਗੇ ਜਿਸ ਬਾਰੇ ਤੁਹਾਨੂੰ ਪਤਾ ਹੈ ਕਿ ਉਸ ਨੇ ਆਪਣੀ ਇੱਜ਼ਤ ਬਚਾਉਣ ਦੀ ਖ਼ਾਤਰ ਇਕ ਆਦਮੀ ਦਾ ਕਤਲ ਕੀਤਾ ਸੀ?

ਪ੍ਰਾਚੀਨ ਇਜ਼ਰਾਈਲ ਦੇ ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਜਿਸ ਕਰਕੇ ਉਹ ਗਰਭਵਤੀ ਹੋ ਗਈ। ਆਪਣੇ ਪਾਪ ਨੂੰ ਲੁਕਾਉਣ ਲਈ ਦਾਊਦ ਨੇ ਉਸ ਦੇ ਪਤੀ ਨੂੰ ਮਰਵਾ ਦਿੱਤਾ ਤੇ ਬਥ-ਸ਼ਬਾ ਨਾਲ ਵਿਆਹ ਕਰਵਾ ਲਿਆ। ਦਾਊਦ ਨੇ ਮਹੀਨਿਆਂ ਤਾਈਂ ਆਪਣੇ ਪਾਪਾਂ ’ਤੇ ਪਰਦਾ ਪਾਈ ਰੱਖਿਆ ਤੇ ਆਪਣੇ ਰਾਜ ਦੇ ਕੰਮ ਕਰਦਾ ਰਿਹਾ। ਪਰ ਯਹੋਵਾਹ ਦੀਆਂ ਨਜ਼ਰਾਂ ਤੋਂ ਰਾਜੇ ਦੇ ਪਾਪ ਲੁਕੇ ਹੋਏ ਨਹੀਂ ਸਨ। ਇਸ ਲਈ ਉਸ ਨੇ ਆਪਣੇ ਨਬੀ ਨਾਥਾਨ ਨੂੰ ਦਾਊਦ ਨਾਲ ਗੱਲ ਕਰਨ ਲਈ ਭੇਜਿਆ।

ਇਹ ਬਹੁਤ ਹੀ ਮੁਸ਼ਕਲ ਕੰਮ ਸੀ। ਆਪਣੇ ਆਪ ਨੂੰ ਨਾਥਾਨ ਦੀ ਜਗ੍ਹਾ ਰੱਖ ਕੇ ਦੇਖੋ। ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ ਤੇ ਉਸ ਦੇ ਅਸੂਲਾਂ ’ਤੇ ਚੱਲਦਾ ਸੀ। ਇਸ ਕਰਕੇ ਹੀ ਉਹ ਦਾਊਦ ਨੂੰ ਉਸ ਦੇ ਪਾਪਾਂ ਬਾਰੇ ਦੱਸਣ ਲਈ ਗਿਆ। ਨਾਥਾਨ ਨਬੀ ਇਹ ਕਿਵੇਂ ਕਰ ਸਕਿਆ ਤੇ ਉਸ ਨੇ ਰਾਜੇ ਨੂੰ ਇਸ ਗੱਲ ਦਾ ਅਹਿਸਾਸ ਕਿਵੇਂ ਕਰਵਾਇਆ ਕਿ ਉਸ ਨੂੰ ਤੋਬਾ ਕਰਨ ਦੀ ਲੋੜ ਸੀ?

ਸਮਝਦਾਰ ਸਿੱਖਿਅਕ

ਕਿਉਂ ਨਾ 2 ਸਮੂਏਲ 12:1-25 ਪੜ੍ਹੋ? ਕਲਪਨਾ ਕਰੋ ਕਿ ਨਾਥਾਨ ਦੀ ਜਗ੍ਹਾ ਤੁਸੀਂ ਦਾਊਦ ਨੂੰ ਇਹ ਕਹਾਣੀ ਸੁਣਾ ਰਹੇ ਹੋ: ‘ਇੱਕ ਸ਼ਹਿਰ ਵਿੱਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ। ਉਸ ਧਨਵਾਨ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ। ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਖੁਣੋਂ ਹੋਰ ਕੁਝ ਨਹੀਂ ਸੀ। ਉਸ ਨੂੰ ਉਹ ਨੇ ਮੁੱਲ ਲਿਆ ਸੀ ਅਤੇ ਪਾਲਿਆ ਸੀ ਅਤੇ ਉਹ ਉਸ ਦੇ ਅਤੇ ਉਸ ਦੇ ਬਾਲਕਾਂ ਦੇ ਕੋਲ ਵਧੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ, ਉਸੇ ਦੇ ਕਟੋਰੇ ਵਿੱਚੋਂ ਪੀਂਦੀ, ਉਸੇ ਦੀ ਝੋਲੀ ਵਿੱਚ ਸੌਂਦੀ ਅਤੇ ਉਸ ਦੀ ਧੀ ਦੇ ਥਾਂ ਸੀ। ਇੱਕ ਰਾਹੀ ਉਸ ਧਨਵਾਨ ਕੋਲ ਆਇਆ ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਵੱਗ ਨੂੰ ਬਚਾ ਰੱਖਿਆ ਅਤੇ ਉਸ ਰਾਹੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ ਸਗੋਂ ਉਸ ਕੰਗਾਲ ਦੀ ਲੇਲੀ ਖੋਹ ਲਈ ਅਤੇ ਉਸ ਪਰਾਹੁਣੇ ਦੇ ਲਈ ਤਿਆਰ ਕੀਤੀ।’—2 ਸਮੂ. 12:1-4.

ਦਾਊਦ ਨੇ, ਜੋ ਆਪ ਪਹਿਲਾਂ ਇਕ ਚਰਵਾਹਾ ਹੁੰਦਾ ਸੀ, ਇਸ ਕਹਾਣੀ ਨੂੰ ਸੱਚ ਮੰਨਿਆ। ਇਕ ਲੇਖਕ ਕਹਿੰਦਾ ਹੈ: “ਹੋ ਸਕਦਾ ਹੈ ਕਿ ਪਹਿਲਾਂ ਵੀ ਨਾਥਾਨ ਦੁਖੀ ਲੋਕਾਂ ਦੀਆਂ ਫ਼ਰਿਆਦਾਂ ਲੈ ਕੇ ਰਾਜੇ ਕੋਲ ਆਉਂਦਾ ਹੋਣਾ ਜੋ ਆਪ ਰਾਜੇ ਦੇ ਸਾਮ੍ਹਣੇ ਨਹੀਂ ਆ ਸਕਦੇ ਸਨ। ਹੁਣ ਵੀ ਦਾਊਦ ਨੂੰ ਇੱਦਾਂ ਹੀ ਲੱਗਾ।” ਜੇ ਇੱਦਾਂ ਹੁੰਦਾ ਵੀ ਸੀ, ਤਾਂ ਵੀ ਰਾਜੇ ਨਾਲ ਗੱਲ ਕਰਨ ਲਈ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਤੇ ਦਲੇਰੀ ਦੀ ਲੋੜ ਸੀ। ਨਾਥਾਨ ਦੀ ਕਹਾਣੀ ਸੁਣ ਕੇ ਰਾਜੇ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਕਿਹਾ: “ਜੀਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!” ਫਿਰ ਨਾਥਾਨ ਨੇ ਸਾਫ਼-ਸਾਫ਼ ਦੱਸਿਆ: “ਉਹ ਮਨੁੱਖ ਤੂੰ ਹੀ ਤਾਂ ਹੈਂ!”—2 ਸਮੂ. 12:5-7.

ਗੌਰ ਕਰੋ ਕਿ ਨਾਥਾਨ ਨੇ ਦਾਊਦ ਨੂੰ ਉਸ ਦੀ ਗ਼ਲਤੀ ਬਾਰੇ ਸਿੱਧਾ ਨਹੀਂ ਦੱਸਿਆ। ਜਦੋਂ ਕੋਈ ਕਿਸੇ ਨੂੰ ਪਿਆਰ ਕਰਨ ਲੱਗ ਪੈਂਦਾ ਹੈ, ਤਾਂ ਉਸ ਲਈ ਆਪਣੇ ਹਾਲਾਤਾਂ ਨੂੰ ਸਹੀ ਨਜ਼ਰੀਏ ਤੋਂ ਦੇਖਣਾ ਸੌਖਾ ਨਹੀਂ ਹੁੰਦਾ। ਸਾਡਾ ਸਾਰਿਆਂ ਦਾ ਸੁਭਾਅ ਹੈ ਕਿ ਜੇ ਸਾਡੇ ਕੰਮ ਸਹੀ ਨਹੀਂ ਹਨ, ਤਾਂ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਹਾਨੇ ਬਣਾਉਂਦੇ ਹਾਂ। ਪਰ ਨਾਥਾਨ ਦੀ ਕਹਾਣੀ ਨੇ ਦਾਊਦ ਨੂੰ ਅੰਦਰੋਂ ਇੰਨਾ ਝੰਜੋੜਿਆ ਕਿ ਉਸ ਨੇ ਆਪ ਹੀ ਅਣਜਾਣੇ ਵਿਚ ਆਪਣੇ ਕੰਮਾਂ ਨੂੰ ਗ਼ਲਤ ਕਿਹਾ। ਰਾਜੇ ਨੇ ਸਾਫ਼ ਦੇਖਿਆ ਕਿ ਅਮੀਰ ਬੰਦੇ ਨੇ ਜੋ ਕੀਤਾ ਸੀ, ਬਹੁਤ ਬੁਰਾ ਕੀਤਾ ਸੀ। ਦਾਊਦ ਦੇ ਜਵਾਬ ਤੋਂ ਬਾਅਦ ਹੀ ਨਾਥਾਨ ਨੇ ਕਿਹਾ ਕਿ ਇਹ ਕਹਾਣੀ ਰਾਜੇ ’ਤੇ ਲਾਗੂ ਹੁੰਦੀ ਹੈ। ਹੁਣ ਦਾਊਦ ਦੇਖ ਸਕਦਾ ਸੀ ਕਿ ਉਸ ਦਾ ਪਾਪ ਕਿੰਨਾ ਗੰਭੀਰ ਸੀ। ਇਸ ਨੇ ਉਸ ਦੇ ਮਨ ਨੂੰ ਤਿਆਰ ਕੀਤਾ ਕਿ ਉਹ ਸਜ਼ਾ ਸਵੀਕਾਰ ਕਰ ਸਕੇ। ਉਸ ਨੂੰ ਅਹਿਸਾਸ ਹੋਇਆ ਕਿ ਬਥ-ਸ਼ਬਾ ਨਾਲ ਗ਼ਲਤ ਕੰਮ ਕਰ ਕੇ ਉਸ ਨੇ ਯਹੋਵਾਹ ਨੂੰ “ਤੁੱਛ” ਸਮਝਿਆ ਸੀ ਤੇ ਉਸ ਨੇ ਸਜ਼ਾ ਕਬੂਲ ਕੀਤੀ।—2 ਸਮੂ. 12:9-14; ਜ਼ਬੂ. 51 ਦਾ ਸਿਰਲੇਖ।

ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਬਾਈਬਲ ਦੀ ਸਿੱਖਿਆ ਦੇਣ ਵਾਲੇ ਦਾ ਉਦੇਸ਼ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸੁਣਨ ਵਾਲਿਆਂ ਨੂੰ ਦਲੀਲਾਂ ਦੇ ਕੇ ਸਮਝਾਉਣ ਤਾਂਕਿ ਉਹ ਆਪ ਦੇਖ ਸਕਣ ਕਿ ਸਹੀ ਕੀ ਹੈ। ਨਾਥਾਨ ਦਾਊਦ ਦਾ ਆਦਰ ਕਰਦਾ ਸੀ, ਇਸ ਕਰਕੇ ਉਸ ਨੇ ਦਾਊਦ ਨਾਲ ਸਮਝਦਾਰੀ ਨਾਲ ਗੱਲ ਕੀਤੀ। ਨਾਥਾਨ ਜਾਣਦਾ ਸੀ ਕਿ ਦਾਊਦ ਧਾਰਮਿਕਤਾ ਤੇ ਨਿਆਂ ਨਾਲ ਪਿਆਰ ਕਰਦਾ ਹੈ। ਇਨ੍ਹਾਂ ਗੁਣਾਂ ਨੂੰ ਧਿਆਨ ਵਿਚ ਰੱਖ ਕੇ ਹੀ ਉਸ ਨੇ ਕਹਾਣੀ ਸੁਣਾਈ। ਅਸੀਂ ਵੀ ਨੇਕਦਿਲ ਲੋਕਾਂ ਦੀ ਯਹੋਵਾਹ ਦੇ ਨਜ਼ਰੀਏ ਨੂੰ ਸਮਝਣ ਵਿਚ ਮਦਦ ਕਰ ਸਕਦੇ ਹਾਂ। ਕਿਵੇਂ? ਆਮ ਤੌਰ ਤੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਹੀ ਤੇ ਗ਼ਲਤ ਕੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਗੱਲ ਸਮਝਾਉਣੀ ਚਾਹੀਦੀ ਹੈ। ਪਰ ਸਾਨੂੰ ਇਹ ਬਿਨਾਂ ਘਮੰਡ ਤੋਂ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਨਹੀਂ ਸਮਝਣਾ ਚਾਹੀਦਾ। ਆਪਣੇ ਵਿਚਾਰ ਦੱਸਣ ਦੀ ਬਜਾਇ ਸਾਨੂੰ ਬਾਈਬਲ ਵਿੱਚੋਂ ਦੱਸਣਾ ਚਾਹੀਦਾ ਹੈ ਕਿ ਸਹੀ ਤੇ ਗ਼ਲਤ ਕੀ ਹੈ।

ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਕਰਕੇ ਹੀ ਨਾਥਾਨ ਸ਼ਕਤੀਸ਼ਾਲੀ ਰਾਜੇ ਨੂੰ ਤਾੜਨਾ ਦੇ ਸਕਿਆ। (2 ਸਮੂ. 12:1) ਨਾਥਾਨ ਵਾਂਗ ਯਹੋਵਾਹ ਪ੍ਰਤੀ ਵਫ਼ਾਦਾਰ ਹੋਣ ਕਰਕੇ ਅਸੀਂ ਵੀ ਦਲੇਰੀ ਨਾਲ ਯਹੋਵਾਹ ਦੇ ਧਰਮੀ ਅਸੂਲਾਂ ’ਤੇ ਚੱਲਦੇ ਰਹਾਂਗੇ।

ਸੱਚੀ ਭਗਤੀ ਨੂੰ ਸਮਰਥਨ ਦੇਣ ਵਾਲਾ

ਲੱਗਦਾ ਹੈ ਕਿ ਨਾਥਾਨ ਤੇ ਦਾਊਦ ਚੰਗੇ ਦੋਸਤ ਸਨ ਕਿਉਂਕਿ ਦਾਊਦ ਨੇ ਆਪਣੇ ਇਕ ਮੁੰਡੇ ਦਾ ਨਾਂ ਨਾਥਾਨ ਰੱਖਿਆ ਸੀ। (1 ਇਤ. 3:1, 5) ਨਾਥਾਨ ਦਾ ਜਦੋਂ ਪਹਿਲੀ ਵਾਰ ਬਾਈਬਲ ਵਿਚ ਜ਼ਿਕਰ ਕੀਤਾ ਗਿਆ, ਤਾਂ ਉਹ ਦਾਊਦ ਨਾਲ ਸੀ। ਦੋਵੇਂ ਯਹੋਵਾਹ ਨੂੰ ਪਿਆਰ ਕਰਦੇ ਸਨ। ਰਾਜੇ ਨੂੰ ਨਾਥਾਨ ’ਤੇ ਭਰੋਸਾ ਸੀ, ਇਸ ਕਰਕੇ ਉਸ ਨੇ ਯਹੋਵਾਹ ਲਈ ਮੰਦਰ ਬਣਾਉਣ ਦੀ ਇੱਛਾ ਬਾਰੇ ਨਾਥਾਨ ਨੂੰ ਦੱਸਿਆ। ਦਾਊਦ ਨੇ ਕਿਹਾ: “ਵੇਖ, ਜੋ ਮੈਂ ਦਿਆਰ ਦੀਆਂ ਲੱਕੜੀਆਂ ਦੇ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਪੜਦਿਆਂ ਦੇ ਵਿਚਕਾਰ ਰਹਿੰਦਾ ਹੈ। ਤਦ ਨਾਥਾਨ ਨੇ ਪਾਤਸ਼ਾਹ ਨੂੰ ਆਖਿਆ, ਜਾਹ, ਜੋ ਕੁਝ ਤੇਰੇ ਮਨ ਵਿੱਚ ਹੈ ਸਭ ਕਰ ਕਿਉਂ ਜੋ ਯਹੋਵਾਹ ਤੇਰੇ ਨਾਲ ਹੈ।”—2 ਸਮੂ. 7:2, 3.

ਯਹੋਵਾਹ ਦਾ ਸੱਚਾ ਭਗਤ ਹੋਣ ਕਰਕੇ ਨਾਥਾਨ ਨੇ ਦਾਊਦ ਦਾ ਸਮਰਥਨ ਕੀਤਾ ਕਿ ਉਹ ਸੱਚੀ ਭਗਤੀ ਲਈ ਮੰਦਰ ਬਣਾਵੇ ਜਿੱਥੇ ਲੋਕ ਆ ਕੇ ਯਹੋਵਾਹ ਦੀ ਭਗਤੀ ਕਰ ਸਕਣ। ਇਸ ਮੌਕੇ ’ਤੇ ਨਾਥਾਨ ਨੇ ਜੋ ਵੀ ਕਿਹਾ ਉਹ ਯਹੋਵਾਹ ਵੱਲੋਂ ਨਹੀਂ ਸੀ, ਪਰ ਉਸ ਦੇ ਆਪਣੇ ਵਿਚਾਰ ਸਨ। ਉਸੇ ਰਾਤ ਯਹੋਵਾਹ ਨੇ ਆਪਣੇ ਨਬੀ ਨੂੰ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕਿਹਾ ਕਿ ਦਾਊਦ ਯਹੋਵਾਹ ਲਈ ਮੰਦਰ ਨਹੀਂ ਬਣਾਵੇਗਾ, ਸਗੋਂ ਇਹ ਕੰਮ ਦਾਊਦ ਦਾ ਇਕ ਪੁੱਤਰ ਕਰੇਗਾ। ਨਾਲੇ ਨਾਥਾਨ ਨੇ ਦੱਸਿਆ ਕਿ ਪਰਮੇਸ਼ੁਰ ਨੇ ਦਾਊਦ ਨਾਲ ਇਕਰਾਰ ਕੀਤਾ ਹੈ ਕਿ ਉਸ ਦੀ ਰਾਜ-ਗੱਦੀ “ਸਦਾ ਅਟੱਲ ਰਹੇਗੀ।”—2 ਸਮੂ. 7:4-16.

ਮੰਦਰ ਬਣਾਉਣ ਦੇ ਮਾਮਲੇ ਵਿਚ ਯਹੋਵਾਹ ਦਾ ਫ਼ੈਸਲਾ ਨਾਥਾਨ ਦੇ ਵਿਚਾਰਾਂ ਨਾਲੋਂ ਵੱਖਰਾ ਸੀ। ਬੁੜਬੁੜਾਉਣ ਦੀ ਬਜਾਇ ਇਸ ਨਿਮਰ ਨਬੀ ਨੇ ਯਹੋਵਾਹ ਦੇ ਫ਼ੈਸਲੇ ਨੂੰ ਮੰਨਿਆ ਤੇ ਇਸ ਦਾ ਸਮਰਥਨ ਕੀਤਾ। ਜਦ ਪਰਮੇਸ਼ੁਰ ਸਾਨੂੰ ਸੁਧਾਰਦਾ ਹੈ, ਤਾਂ ਸਾਡੇ ਲਈ ਨਾਥਾਨ ਦੀ ਮਿਸਾਲ ਉੱਤੇ ਚੱਲਣਾ ਕਿੰਨਾ ਵਧੀਆ ਹੈ! ਨਬੀ ਵਜੋਂ ਨਾਥਾਨ ਦੇ ਕੰਮ ਦਿਖਾਉਂਦੇ ਹਨ ਕਿ ਉਸ ’ਤੇ ਹਮੇਸ਼ਾ ਪਰਮੇਸ਼ੁਰ ਦੀ ਮਿਹਰ ਰਹੀ। ਯਹੋਵਾਹ ਨੇ ਨਾਥਾਨ ਤੇ ਗਾਦ ਨੂੰ ਪ੍ਰੇਰਿਆ ਕਿ ਉਹ ਦਾਊਦ ਨੂੰ ਕਹਿਣ ਕਿ ਮੰਦਰ ਵਿਚ 4,000 ਗਾਉਣ ਵਾਲਿਆਂ ਨੂੰ ਤੇ ਸਾਜ਼ ਵਜਾਉਣ ਵਾਲਿਆਂ ਨੂੰ ਰੱਖਿਆ ਜਾਵੇ।—1 ਇਤ. 23:1-5; 2 ਇਤ. 29:25.

ਰਾਜ-ਗੱਦੀ ਬਚਾਉਣ ਵਾਲਾ

ਨਾਥਾਨ ਜਾਣਦਾ ਸੀ ਕਿ ਦਾਊਦ ਤੋਂ ਬਾਅਦ ਸੁਲੇਮਾਨ ਨੇ ਰਾਜਾ ਬਣਨਾ ਸੀ। ਸੋ ਜਦੋਂ ਅਦੋਨੀਯਾਹ ਨੇ ਦਾਊਦ ਦੇ ਬੁਢਾਪੇ ਵਿਚ ਉਸ ਦਾ ਰਾਜ ਹੜੱਪਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਨਾਥਾਨ ਨੇ ਉਸ ਨੂੰ ਰੋਕਣ ਲਈ ਕਦਮ ਚੁੱਕੇ। ਨਾਥਾਨ ਨੇ ਉਸ ਵੇਲੇ ਆਪਣੀ ਸਮਝਦਾਰੀ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ। ਪਹਿਲਾਂ ਨਾਥਾਨ ਨੇ ਬਥ-ਸ਼ਬਾ ਨੂੰ ਕਿਹਾ ਕਿ ਉਹ ਦਾਊਦ ਨੂੰ ਯਾਦ ਕਰਾਵੇ ਕਿ ਉਸ ਨੇ ਉਸ ਦੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਉਣ ਦੀ ਸਹੁੰ ਖਾਧੀ ਸੀ। ਫਿਰ ਨਾਥਾਨ ਨੇ ਵੀ ਆ ਕੇ ਦਾਊਦ ਨੂੰ ਪੁੱਛਿਆ ਕਿ ਕੀ ਉਸ ਨੇ ਅਦੋਨੀਯਾਹ ਨੂੰ ਰਾਜਾ ਬਣਾਉਣ ਦਾ ਹੁਕਮ ਦਿੱਤਾ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜੇ ਨੇ ਨਾਥਾਨ ਤੇ ਹੋਰ ਵਫ਼ਾਦਾਰ ਸੇਵਕਾਂ ਨੂੰ ਕਿਹਾ ਕਿ ਉਹ ਸੁਲੇਮਾਨ ਨੂੰ ਰਾਜਾ ਬਣਾ ਕੇ ਇਸ ਦਾ ਐਲਾਨ ਕਰ ਦੇਣ। ਇਸ ਤਰ੍ਹਾਂ ਰਾਜ-ਗੱਦੀ ’ਤੇ ਕਬਜ਼ਾ ਕਰਨ ਦੀ ਅਦੋਨੀਯਾਹ ਦੀ ਚਾਲ ਨਹੀਂ ਚੱਲੀ।—1 ਰਾਜ. 1:5-53.

ਨਿਮਰ ਇਤਿਹਾਸਕਾਰ

ਮੰਨਿਆ ਜਾਂਦਾ ਹੈ ਕਿ ਪਹਿਲਾ ਸਮੂਏਲ ਦੇ ਅਧਿਆਇ 25 ਤੋਂ 31 ਅਤੇ ਦੂਜਾ ਸਮੂਏਲ ਦੀ ਕਿਤਾਬ ਨਾਥਾਨ ਤੇ ਗਾਦ ਨੇ ਲਿਖੀ ਸੀ। ਯਹੋਵਾਹ ਨੇ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਇਤਿਹਾਸ ਲਿਖਵਾਇਆ ਸੀ, ਉਸ ਬਾਰੇ ਕਿਹਾ ਗਿਆ ਹੈ: “ਦਾਊਦ ਪਾਤਸ਼ਾਹ ਦਾ ਵਿਰਤਾਂਤ ਆਦ ਤੋਂ ਲੈ ਕੇ ਅੰਤ ਤੀਕਰ, ਵੇਖੋ, ਉਹ ਸਮੂਏਲ ਅਗੰਮ ਗਿਆਨੀ ਦੇ ਇਤਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਹਾਸ ਵਿੱਚ ਅਤੇ ਗਾਦ ਅਗੰਮ ਗਿਆਨੀ ਦੇ ਇਤਹਾਸ ਵਿੱਚ ਲਿਖਿਆ ਹੈ।” (1 ਇਤ. 29:29) ਨਾਥਾਨ ਨੇ ‘ਸੁਲੇਮਾਨ ਦੇ ਕੰਮਾਂ’ ਬਾਰੇ ਵੀ ਲਿਖਿਆ ਸੀ। (2 ਇਤ. 9:29) ਇਸ ਤੋਂ ਪਤਾ ਲੱਗਦਾ ਹੈ ਕਿ ਦਾਊਦ ਦੀ ਮੌਤ ਤੋਂ ਬਾਅਦ ਵੀ ਨਾਥਾਨ ਰਾਜ ਦੇ ਕੰਮ ਕਰਦਾ ਰਿਹਾ।

ਅਸੀਂ ਨਾਥਾਨ ਬਾਰੇ ਜੋ ਵੀ ਜਾਣਦੇ ਹਾਂ ਉਹ ਸ਼ਾਇਦ ਉਸ ਨੇ ਆਪ ਹੀ ਲਿਖਿਆ ਸੀ। ਜਿਨ੍ਹਾਂ ਗੱਲਾਂ ਬਾਰੇ ਉਸ ਨੇ ਨਹੀਂ ਲਿਖਿਆ ਉਨ੍ਹਾਂ ਤੋਂ ਵੀ ਸਾਨੂੰ ਉਸ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ। ਨਾਥਾਨ ਇਕ ਨਿਮਰ ਇਤਿਹਾਸਕਾਰ ਸੀ ਜੋ ਆਪਣਾ ਨਾਂ ਉੱਚਾ ਨਹੀਂ ਕਰਨਾ ਚਾਹੁੰਦਾ ਸੀ। ਬਾਈਬਲ ਸੰਬੰਧੀ ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ ਬਾਈਬਲ ਵਿਚ ਜਦੋਂ ਉਸ ਦਾ ਜ਼ਿਕਰ ਆਉਂਦਾ ਹੈ, ਤਾਂ ਉਸ ਬਾਰੇ ਜਾਂ ਉਸ ਦੇ ਪਰਿਵਾਰ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਸਾਨੂੰ ਨਾਥਾਨ ਦੀ ਵੰਸ਼ਾਵਲੀ ਬਾਰੇ ਜਾਂ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਪਤਾ ਨਹੀਂ ਹੈ।

ਪਰਮੇਸ਼ੁਰ ਪ੍ਰਤੀ ਵਫ਼ਾਦਾਰ

ਬਾਈਬਲ ਵਿਚ ਸਾਨੂੰ ਨਾਥਾਨ ਬਾਰੇ ਜਿੰਨੀ ਕੁ ਜਾਣਕਾਰੀ ਮਿਲਦੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਮਰ ਸੀ, ਪਰ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਹਿਮਾਇਤੀ ਸੀ। ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ। ਨਾਥਾਨ ਦੇ ਗੁਣਾਂ ’ਤੇ ਮਨਨ ਕਰੋ ਜਿਵੇਂ ਕਿ ਪਰਮੇਸ਼ੁਰ ਪ੍ਰਤੀ ਉਸ ਦੀ ਵਫ਼ਾਦਾਰੀ ਤੇ ਉਸ ਦੇ ਅਸੂਲਾਂ ਲਈ ਗਹਿਰੀ ਕਦਰ। ਇਸ ਤਰ੍ਹਾਂ ਦੇ ਗੁਣ ਆਪਣੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕਰੋ।

ਤੁਹਾਨੂੰ ਸ਼ਾਇਦ ਇਸ ਤਰ੍ਹਾਂ ਦੇ ਬੁਰੇ ਰਾਜੇ ਨੂੰ ਤਾੜਨ ਦੀ ਲੋੜ ਨਾ ਪਵੇ ਜਾਂ ਕਿਸੇ ਸਾਜ਼ਸ਼ ਨੂੰ ਨਾ ਰੋਕਣਾ ਪਵੇ। ਪਰਮੇਸ਼ੁਰ ਦੀ ਮਦਦ ਨਾਲ ਤੁਸੀਂ ਉਸ ਪ੍ਰਤੀ ਵਫ਼ਾਦਾਰ ਰਹਿ ਸਕਦੇ ਹੋ ਤੇ ਉਸ ਦੇ ਧਰਮੀ ਮਿਆਰਾਂ ’ਤੇ ਚੱਲ ਸਕਦੇ ਹੋ। ਤੁਸੀਂ ਵੀ ਦਲੇਰੀ ਤੇ ਸਮਝਦਾਰੀ ਨਾਲ ਸੱਚਾਈ ਦੀ ਸਿੱਖਿਆ ਦੇ ਸਕਦੇ ਹੋ ਤੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਸਕਦੇ ਹੋ।

[ਸਫ਼ਾ 25 ਉੱਤੇ ਤਸਵੀਰ]

ਰਾਜ-ਗੱਦੀ ਨੂੰ ਬਚਾਉਣ ਲਈ ਨਾਥਾਨ ਨੇ ਬਥ-ਸ਼ਬਾ ਨਾਲ ਸਮਝਦਾਰੀ ਨਾਲ ਗੱਲ ਕੀਤੀ