Skip to content

Skip to table of contents

ਜਾਦੂਗਰੀ ਵਿਚ ਕੀ ਖ਼ਰਾਬੀ ਹੈ?

ਜਾਦੂਗਰੀ ਵਿਚ ਕੀ ਖ਼ਰਾਬੀ ਹੈ?

ਜਾਦੂਗਰੀ ਵਿਚ ਕੀ ਖ਼ਰਾਬੀ ਹੈ?

ਜਵਾਨੀ ਤੋਂ ਹੀ ਬਾਰਬਰਾ * ਸੁਪਨੇ ਦੇਖਦੀ ਸੀ ਤੇ ਆਵਾਜ਼ਾਂ ਸੁਣਦੀ ਸੀ ਜਿਸ ਕਰਕੇ ਉਸ ਨੂੰ ਯਕੀਨ ਹੋ ਗਿਆ ਕਿ ਉਹ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਨਾਲ ਗੱਲ ਕਰਦੀ ਸੀ। ਉਹ ਅਤੇ ਉਸ ਦਾ ਪਤੀ ਯੋਆਕਿਮ ਜਾਦੂਗਰੀ ਬਾਰੇ ਕਿਤਾਬਾਂ ਪੜ੍ਹਦੇ ਸਨ ਅਤੇ ਉਹ ਟੈਰੋ ਕਾਰਡਾਂ ਨੂੰ ਪੜ੍ਹਨ ਵਿਚ ਮਾਹਰ ਹੋ ਗਏ। ਇਨ੍ਹਾਂ ਕਾਰਡਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਾਫ਼ੀ ਪੈਸਾ ਕਮਾਉਣਗੇ ਅਤੇ ਵਾਕਈ ਉਨ੍ਹਾਂ ਨੇ ਆਪਣੇ ਧੰਦੇ ਵਿਚ ਬਹੁਤ ਪੈਸਾ ਕਮਾਇਆ। ਇਕ ਦਿਨ ਕਾਰਡਾਂ ਤੋਂ ਉਨ੍ਹਾਂ ਨੂੰ ਚੇਤਾਵਨੀ ਮਿਲੀ ਕਿ ਖ਼ਤਰਨਾਕ ਲੋਕ ਉਨ੍ਹਾਂ ਦੇ ਘਰ ਆਉਣਗੇ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਪਣੀ ਰੱਖਿਆ ਕਿਵੇਂ ਕਰ ਸਕਦੇ ਸਨ।

ਭਾਵੇਂ ਜਾਦੂਗਰੀ ਵਿਚ ਵਿਸ਼ਵਾਸ ਕਰਨਾ ਪੁਰਾਣਾ ਖ਼ਿਆਲ ਲੱਗੇ, ਫਿਰ ਵੀ ਭੂਤ-ਪ੍ਰੇਤਾਂ ਵਿਚ ਹਰ ਜਗ੍ਹਾ ਦੇ ਲੋਕ ਦਿਲਚਸਪੀ ਰੱਖਦੇ ਹਨ। ਦੁਨੀਆਂ ਭਰ ਵਿਚ ਲੋਕ ਤਵੀਤ ਪਾਉਂਦੇ ਹਨ, ਵੀਜਾ ਬੋਰਡ (ਭਵਿੱਖਬਾਣੀ ਪਤਾ ਲਗਾਉਣ ਦਾ ਫੱਟਾ) ਵਰਤਦੇ ਹਨ ਅਤੇ ਚੇਲੇ-ਚਾਂਟਿਆਂ ਕੋਲ ਜਾ ਕੇ ਆਪਣੇ ਭਵਿੱਖ ਬਾਰੇ ਜਾਂ ਕਿਸੇ ਦੀ ਬੁਰੀ ਨਜ਼ਰ ਤੋਂ ਬਚਣ ਦਾ ਉਪਾਅ ਪੁੱਛਦੇ ਹਨ। ਫੋਕਸ ਨਾਂ ਦੇ ਜਰਮਨ ਰਸਾਲੇ ਨੇ ਇਕ ਲੇਖ “ਲੈਪਟਾਪ ਤੇ ਇਬਲੀਸ” ਵਿਚ ਕਿਹਾ: “ਇੰਟਰਨੈੱਟ ਕਰਕੇ ਜਾਦੂਗਰੀ ਵਿਚ ਲੋਕਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ।”

ਕੀ ਤੁਹਾਨੂੰ ਪਤਾ ਹੈ ਕਿ ਬਾਈਬਲ ਜਾਦੂਗਰੀ ਬਾਰੇ ਗੱਲ ਕਰਦੀ ਹੈ? ਬਾਈਬਲ ਇਸ ਬਾਰੇ ਜੋ ਕਹਿੰਦੀ ਹੈ ਉਸ ਬਾਰੇ ਜਾਣ ਕੇ ਤੁਸੀਂ ਸ਼ਾਇਦ ਹੈਰਾਨ ਹੋ ਜਾਵੋਗੇ।

ਬਾਈਬਲ ਜਾਦੂਗਰੀ ਬਾਰੇ ਕੀ ਦੱਸਦੀ ਹੈ?

ਪ੍ਰਾਚੀਨ ਇਜ਼ਰਾਈਲ ਦੇ ਲੋਕਾਂ ਨੂੰ ਜੋ ਕਾਨੂੰਨ ਪਰਮੇਸ਼ੁਰ ਨੇ ਦਿੱਤਾ ਸੀ ਉਸ ਵਿਚ ਕਿਹਾ ਗਿਆ ਸੀ: ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ . . . ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।’ (ਬਿਵਸਥਾ ਸਾਰ 18:10-12) ਯਹੋਵਾਹ ਦੇ ਕਾਨੂੰਨ ਵਿਚ ਇਹ ਕੰਮ ਇੰਨੀ ਸਖ਼ਤੀ ਨਾਲ ਮਨ੍ਹਾ ਕਿਉਂ ਕੀਤੇ ਗਏ ਸਨ?

ਜਿਵੇਂ ਸ਼ੁਰੂ ਵਿਚ ਦਿੱਤੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਕਈ ਲੋਕ ਮੰਨਦੇ ਹਨ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਸਕਦੇ ਹਨ ਅਤੇ ਜਾਦੂਗਰੀ ਤੋਂ ਮਿਲਦੀ ਜਾਣਕਾਰੀ ਮਰੇ ਹੋਇਆਂ ਤੋਂ ਮਿਲਦੀ ਹੈ। ਅਜਿਹੇ ਵਿਸ਼ਵਾਸ ਕਈ ਧਰਮਾਂ ਵਿਚ ਪਾਏ ਜਾਂਦੇ ਹਨ ਜੋ ਸਿਖਾਉਂਦੇ ਹਨ ਕਿ ਮੌਤ ਤੋਂ ਬਾਅਦ ਇਨਸਾਨ ਦੀ ਆਤਮਾ ਜੀਉਂਦੀ ਰਹਿੰਦੀ ਹੈ। ਪਰ ਇਸ ਸਿੱਖਿਆ ਦੇ ਉਲਟ ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਬਾਈਬਲ ਦੱਸਦੀ ਹੈ ਕਿ ਮਰੇ ਹੋਏ ਇਨਸਾਨ ਗੂੜ੍ਹੀ ਨੀਂਦ ਸੁੱਤੇ ਪਏ ਹਨ ਜੋ ਆਪਣੇ ਆਲੇ-ਦੁਆਲੇ ਹੋ ਰਹੀ ਕਿਸੇ ਵੀ ਗੱਲ ਤੋਂ ਅਣਜਾਣ ਹਨ। * (ਮੱਤੀ 9:18, 24; ਯੂਹੰਨਾ 11:11-14) ਤਾਂ ਫਿਰ, ਸ਼ਾਇਦ ਤੁਸੀਂ ਪੁੱਛੋ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਿਵੇਂ ਕਰ ਸਕਦੇ ਹਨ? ਉਹ ਅਸਲ ਵਿਚ ਕਿਨ੍ਹਾਂ ਨਾਲ ਗੱਲ ਕਰ ਰਹੇ ਹਨ?

ਦੂਤਾਂ ਨਾਲ ਗੱਲਬਾਤ

ਇੰਜੀਲਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਦੁਸ਼ਟ ਦੂਤਾਂ ਨਾਲ ਗੱਲ ਕੀਤੀ ਸੀ। ਮਰਕੁਸ 1:23, 24 ਵਿਚ ਦੱਸਿਆ ਜਾਂਦਾ ਹੈ ਕਿ ਇਕ “ਦੁਸ਼ਟ ਦੂਤ” ਨੇ ਯਿਸੂ ਨੂੰ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ।” ਬਿਨਾਂ ਸ਼ੱਕ ਦੁਸ਼ਟ ਦੂਤ ਤੁਹਾਨੂੰ ਵੀ ਜਾਣਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਕੌਣ ਹਨ?

ਇਨਸਾਨਾਂ ਨੂੰ ਸਿਰਜਣ ਤੋਂ ਪਹਿਲਾਂ ਪਰਮੇਸ਼ੁਰ ਨੇ ਲੱਖਾਂ ਹੀ ਸਵਰਗੀ ਪੁੱਤਰ ਜਾਂ ਦੂਤ ਸਿਰਜੇ ਸਨ। (ਅੱਯੂਬ 38:4-7) ਦੂਤ ਇਨਸਾਨਾਂ ਨਾਲੋਂ ਕਿਤੇ ਉੱਤਮ ਹਨ। (ਇਬਰਾਨੀਆਂ 2:6, 7) ਇਹ ਦੂਤ ਤਾਕਤਵਰ ਅਤੇ ਬਹੁਤ ਬੁੱਧੀਮਾਨ ਹਨ ਅਤੇ ਇਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਬਣਾਇਆ ਗਿਆ ਸੀ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ!”—ਜ਼ਬੂਰਾਂ ਦੀ ਪੋਥੀ 103:20.

ਬਾਈਬਲ ਦੱਸਦੀ ਹੈ ਕਿ ਸਮੇਂ ਦੇ ਬੀਤਣ ਨਾਲ ਕੁਝ ਦੂਤਾਂ ਨੇ ਇਨਸਾਨਾਂ ਨਾਲ ਗੱਲ ਕੀਤੀ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦਾ ਮਕਸਦ ਕੀ ਸੀ? ਸਭ ਤੋਂ ਪਹਿਲਾਂ ਇਕ ਦੂਤ ਨੇ ਮੁਢਲੇ ਜੋੜੇ ਆਦਮ ਤੇ ਹੱਵਾਹ ਨੂੰ ਆਪਣੇ ਪਰਮੇਸ਼ੁਰ ਅਤੇ ਸ੍ਰਿਸ਼ਟੀਕਰਤਾ ਤੋਂ ਮੂੰਹ ਮੋੜਨ ਲਈ ਭਰਮਾਇਆ। ਇਸ ਤਰ੍ਹਾਂ ਕਰਨ ਨਾਲ ਉਸ ਨੇ ਆਪਣੇ ਆਪ ਨੂੰ ਸ਼ੈਤਾਨ ਬਣਾ ਲਿਆ, ਜਿਸ ਦਾ ਮਤਲਬ ਹੈ ਤੁਹਮਤਾਂ ਲਾਉਣ ਵਾਲਾ ਤੇ ਪਰਮੇਸ਼ੁਰ ਦਾ ਵਿਰੋਧੀ।—ਉਤਪਤ 3:1-6.

ਬਾਅਦ ਵਿਚ ਹੋਰਨਾਂ ਦੂਤਾਂ ਨੇ ਸਵਰਗ ਵਿਚ “ਆਪਣੇ ਰਹਿਣ ਦੀ ਸਹੀ ਜਗ੍ਹਾ ਨੂੰ ਛੱਡ ਦਿੱਤਾ” ਤੇ ਇਨਸਾਨੀ ਰੂਪ ਧਾਰ ਕੇ ਸੁੰਦਰ ਔਰਤਾਂ ਨਾਲ ਧਰਤੀ ਉੱਤੇ ਰਹਿਣ ਲੱਗ ਪਏ। (ਯਹੂਦਾਹ 6; ਉਤਪਤ 6:1, 2) ਉਨ੍ਹਾਂ ਬਾਗ਼ੀ ਦੂਤਾਂ ਅਤੇ ਉਨ੍ਹਾਂ ਦੀ ਦੋਗਲੀ ਔਲਾਦ ਨੇ ਲੋਕਾਂ ਨੂੰ ਇੰਨਾ ਡਰਾਇਆ-ਧਮਕਾਇਆ ਕਿ ਧਰਤੀ ‘ਜ਼ੁਲਮ ਨਾਲ ਭਰ’ ਗਈ। ਤੁਸੀਂ ਉਸ ਬਾਈਬਲ ਬਿਰਤਾਂਤ ਬਾਰੇ ਸ਼ਾਇਦ ਜਾਣਦੇ ਹੋ ਕਿ ਪਰਮੇਸ਼ੁਰ ਨੇ ਕਿਵੇਂ ਨੂਹ ਦੇ ਦਿਨਾਂ ਵਿਚ ਉਸ ਹਿੰਸਕ ਅਤੇ ਦੁਸ਼ਟ ਪੀੜ੍ਹੀ ਨੂੰ ਜਲ-ਪਰਲੋ ਲਿਆ ਕੇ ਖ਼ਤਮ ਕੀਤਾ।—ਉਤਪਤ 6:3, 4, 11-13.

ਜਲ-ਪਰਲੋ ਆਉਣ ਤੇ ਉਹ ਦੂਤ ਆਪਣੇ ਇਨਸਾਨੀ ਸਰੀਰ ਤਿਆਗ ਕੇ ਸਵਰਗ ਵਾਪਸ ਜਾਣ ਲਈ ਮਜਬੂਰ ਹੋਏ। ਪਰ ਸਿਰਜਣਹਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ “ਰਹਿਣ ਦੀ ਸਹੀ ਜਗ੍ਹਾ” ਵਾਪਸ ਨਹੀਂ ਆਉਣ ਦਿੱਤਾ। ਇਸ ਦੀ ਬਜਾਇ, ਉਨ੍ਹਾਂ ਨੂੰ ਉਸ ਜ਼ਲੀਲ ਹਾਲਤ ਵਿਚ ਰੱਖਿਆ ਜਿਸ ਦੀ ਤੁਲਨਾ “ਹਨੇਰੇ ਨਾਲ ਭਰੇ ਟੋਇਆਂ” ਨਾਲ ਕੀਤੀ ਗਈ ਹੈ। (2 ਪਤਰਸ 2:4, 5) ਬਾਈਬਲ ਇਨ੍ਹਾਂ ਬਾਗ਼ੀ ਦੂਤਾਂ ਨੂੰ “ਦੁਸ਼ਟ ਦੂਤ” ਕਹਿੰਦੀ ਹੈ। (ਯਾਕੂਬ 2:19) ਜਾਦੂਗਰੀ ਪਿੱਛੇ ਇਨ੍ਹਾਂ ਦਾ ਹੀ ਹੱਥ ਹੈ।

ਦੁਸ਼ਟ ਦੂਤ ਕੀ ਚਾਹੁੰਦੇ ਹਨ?

ਇਨਸਾਨਾਂ ਨਾਲ ਗੱਲਬਾਤ ਕਰਨ ਵਾਲੇ ਦੁਸ਼ਟ ਦੂਤਾਂ ਦਾ ਪਹਿਲਾ ਮਕਸਦ ਹੈ ਕਿ ਉਹ ਇਨਸਾਨਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਤੋਂ ਹਟਾਉਣ। ਕਈ ਜਾਦੂਗਰ ਆਪਣੇ ਕੋਲ ਦਾਤਾਂ ਜਾਂ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਇਨ੍ਹਾਂ ਰਾਹੀਂ ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ ਤੋਂ ਲੋਕਾਂ ਦਾ ਧਿਆਨ ਭਟਕਾਉਂਦੇ ਹਨ ਤਾਂਕਿ ਉਹ ਉਸ ਨਾਲ ਰਿਸ਼ਤਾ ਨਾ ਜੋੜ ਸਕਣ।

ਦੁਸ਼ਟ ਦੂਤਾਂ ਦਾ ਦੂਜਾ ਮਕਸਦ ਕੀ ਹੈ? ਯਾਦ ਕਰੋ ਕਿ ਉਦੋਂ ਕੀ ਹੋਇਆ ਸੀ ਜਦੋਂ ਉਨ੍ਹਾਂ ਦੇ ਆਗੂ ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ੈਤਾਨ ਨੇ ਯਿਸੂ ਨੂੰ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ” ਦੀ ਪੇਸ਼ਕਸ਼ ਕੀਤੀ। ਪਰ ਬਦਲੇ ਵਿਚ ਸ਼ੈਤਾਨ ਕੀ ਚਾਹੁੰਦਾ ਸੀ? ਉਸ ਨੇ ਯਿਸੂ ਨੂੰ ਕਿਹਾ: ‘ਤੂੰ ਮੈਨੂੰ ਇਕ ਵਾਰ ਮੱਥਾ ਟੇਕ।’ ਜੀ ਹਾਂ, ਸ਼ੈਤਾਨ ਅਤੇ ਦੁਸ਼ਟ ਦੂਤ ਚਾਹੁੰਦੇ ਹਨ ਕਿ ਉਨ੍ਹਾਂ ਦੀ ਭਗਤੀ ਕੀਤੀ ਜਾਵੇ। ਪਰ ਯਿਸੂ ਨੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਅਤੇ ਉਸ ਦੀ ਸੱਚੀ ਭਗਤੀ ਤੋਂ ਮੂੰਹ ਨਹੀਂ ਮੋੜਨਾ ਚਾਹੁੰਦਾ ਸੀ।—ਮੱਤੀ 4:8-10.

ਦੁਸ਼ਟ ਦੂਤ ਸਿੱਧੇ ਤੌਰ ਤੇ ਅਜਿਹੀਆਂ ਪੇਸ਼ਕਸ਼ਾਂ ਅੱਜ ਘੱਟ ਹੀ ਕਰਦੇ ਹਨ। ਇਸ ਦੀ ਬਜਾਇ, ਉਹ ਭੋਲੇ-ਭਾਲੇ ਲੋਕਾਂ ਨੂੰ ਹੋਰ ਤਰੀਕਿਆਂ ਨਾਲ ਆਪਣੇ ਜਾਲ਼ ਵਿਚ ਫਸਾਉਂਦੇ ਹਨ ਜਿਵੇਂ ਕਿ ਕ੍ਰਿਸਟਲ ਬਾਲ, ਚਾਹ ਪੱਤੀ, ਟੈਰੋ ਕਾਰਡ, ਪੈਂਡੂਲਮ ਅਤੇ ਜਨਮ-ਕੁੰਡਲੀਆਂ। ਇਨ੍ਹਾਂ ਚੀਜ਼ਾਂ ਦੇ ਧੋਖੇ ਵਿਚ ਨਾ ਆਓ! ਇਹ ਨਾ ਸੋਚੋ ਕਿ ਇਨ੍ਹਾਂ ਚੀਜ਼ਾਂ ਦੇ ਜ਼ਰੀਏ ਤੁਸੀਂ ਉਹ ਗੱਲਾਂ ਸਮਝ ਸਕੋਗੇ ਜੋ ਇਨਸਾਨੀ ਸਮਝ ਤੋਂ ਬਾਹਰ ਹੈ। ਦੁਸ਼ਟ ਦੂਤ ਜਾਦੂਗਰੀ ਵਿਚ ਲੋਕਾਂ ਦੀ ਰੁਚੀ ਜਗਾ ਕੇ ਆਪਣੇ ਜਾਲ਼ ਵਿਚ ਫਸਾ ਲੈਂਦੇ ਹਨ ਤਾਂਕਿ ਉਹ ਯਹੋਵਾਹ ਦੀ ਭਗਤੀ ਕਰਨ ਤੋਂ ਹਟ ਜਾਣ। ਜਦੋਂ ਉਹ ਇਸ ਤਰ੍ਹਾਂ ਨਹੀਂ ਕਰ ਪਾਉਂਦੇ, ਤਾਂ ਉਹ ਆਪਣੇ ਜਾਲ਼ ਵਿਚ ਫਸੇ ਇਨ੍ਹਾਂ ਲੋਕਾਂ ਨੂੰ ਦੁਖੀ ਕਰ-ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਤੁਸੀਂ ਦੁਸ਼ਟ ਦੂਤਾਂ ਦੇ ਅਸਰ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ?

ਜਾਦੂਗਰੀ ਤੋਂ ਛੁਟਕਾਰਾ ਕਿਵੇਂ ਪਾਈਏ?

ਧੋਖਾ ਨਾ ਖਾਓ, ਜਿਹੜੇ ਦੁਸ਼ਟ ਦੂਤ ਇਨਸਾਨਾਂ ਨਾਲ ਗੱਲ ਕਰਦੇ ਹਨ, ਉਹ ਪਰਮੇਸ਼ੁਰ ਦੇ ਦੁਸ਼ਮਣ ਹਨ ਤੇ ਉਨ੍ਹਾਂ ਦਾ ਖ਼ਾਤਮਾ ਕੀਤਾ ਜਾਵੇਗਾ। (ਯਹੂਦਾਹ 6) ਉਹ ਫਰੇਬੀ ਤੇ ਝੂਠੇ ਹਨ ਜੋ ਮਰੇ ਹੋਏ ਲੋਕ ਹੋਣ ਦਾ ਢੌਂਗ ਕਰਦੇ ਹਨ। ਤੁਸੀਂ ਕਿਵੇਂ ਮਹਿਸੂਸ ਕਰੋਗੇ ਜੇ ਤੁਹਾਨੂੰ ਪਤਾ ਲੱਗੇ ਕਿ ਜਿਸ ਨੂੰ ਤੁਸੀਂ ਆਪਣਾ ਦੋਸਤ ਸਮਝਦੇ ਸੀ, ਉਹ ਇਕ ਧੋਖੇਬਾਜ਼ ਹੈ ਜੋ ਤੁਹਾਨੂੰ ਅਜਿਹੀਆਂ ਸਲਾਹਾਂ ਦਿੰਦਾ ਹੈ ਜਿਨ੍ਹਾਂ ਨਾਲ ਤੁਹਾਡਾ ਭਲਾ ਨਹੀਂ, ਸਗੋਂ ਨੁਕਸਾਨ ਹੋ ਸਕਦਾ ਹੈ? ਤੁਸੀਂ ਕੀ ਕਰੋਗੇ ਜੇ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਅਣਜਾਣੇ ਵਿਚ ਇੰਟਰਨੈੱਟ ’ਤੇ ਅਜਿਹੇ ਇਨਸਾਨ ਨਾਲ ਦੋਸਤੀ ਕਰ ਬੈਠੇ ਹੋ ਜੋ ਤੁਹਾਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ? ਦੁਸ਼ਟ ਦੂਤਾਂ ਦੇ ਜਾਲ਼ ਵਿਚ ਫਸਣਾ ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਨ੍ਹਾਂ ਨਾਲੋਂ ਆਪਣਾ ਨਾਤਾ ਤੋੜਨ ਲਈ ਤੁਹਾਨੂੰ ਆਪਣੀ ਪੂਰੀ ਵਾਹ ਲਾਉਣ ਦੀ ਲੋੜ ਹੈ। ਤੁਸੀਂ ਕੀ ਕਰ ਸਕਦੇ ਹੋ?

ਇਹ ਸਿੱਖਣ ਤੋਂ ਬਾਅਦ ਕਿ ਧਰਮ-ਗ੍ਰੰਥ ਜਾਦੂਗਰੀ ਬਾਰੇ ਕੀ ਕਹਿੰਦਾ ਹੈ, ਪ੍ਰਾਚੀਨ ਅਫ਼ਸੁਸ ਦੇ ਕੁਝ ਲੋਕਾਂ ਨੇ ਜਾਦੂਗਰੀ ਦੀਆਂ ਆਪਣੀਆਂ ਕਿਤਾਬਾਂ ਇਕੱਠੀਆਂ ਕਰ ਕੇ “ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ” ਭਾਵੇਂ ਕਿ ਇਹ ਬਹੁਤ ਮਹਿੰਗੀਆਂ ਸਨ। (ਰਸੂਲਾਂ ਦੇ ਕੰਮ 19:19, 20) ਅੱਜ ਕਿਤਾਬਾਂ, ਤਵੀਤਾਂ, ਵੀਜਾ ਬੋਰਡਾਂ ਅਤੇ ਹੋਰ ਚੀਜ਼ਾਂ ਦੇ ਨਾਲ-ਨਾਲ ਡੀ. ਵੀ. ਡੀਜ਼, ਕੰਪਿਊਟਰ ਗੇਮਾਂ, ਇੰਟਰਨੈੱਟ ਸਾਈਟਾਂ ਵਗੈਰਾ ਵੀ ਜਾਦੂਗਰੀ ਨਾਲ ਸੰਬੰਧ ਰੱਖਦੀਆਂ ਹਨ। ਅਜਿਹੀ ਹਰ ਚੀਜ਼ ਤੋਂ ਦੂਰ ਰਹੋ ਜਿਸ ਦਾ ਸੰਬੰਧ ਜਾਦੂਗਰੀ ਨਾਲ ਹੋ ਸਕਦਾ ਹੈ।

ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਜੋੜੇ ਦੀ ਉਦਾਹਰਣ ’ਤੇ ਗੌਰ ਕਰੋ। ਉਨ੍ਹਾਂ ਨੂੰ ਆਪਣੇ ਟੈਰੋ ਕਾਰਡਾਂ ਤੋਂ ਪਤਾ ਲੱਗਾ ਕਿ ਕੁਝ ਖ਼ਤਰਨਾਕ ਲੋਕ ਉਨ੍ਹਾਂ ਦੇ ਘਰ ਆਉਣਗੇ, ਜਿਨ੍ਹਾਂ ਦੀ ਨਾ ਤਾਂ ਉਨ੍ਹਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਤੇ ਨਾ ਹੀ ਉਨ੍ਹਾਂ ਤੋਂ ਕੁਝ ਲੈਣਾ ਚਾਹੀਦਾ ਹੈ। ਪਰ ਜਦੋਂ ਕੌਨੀ ਤੇ ਗੁਡਰੂਨ ਨਾਂ ਦੇ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਆਏ ਤੇ ਕਿਹਾ ਕਿ ਉਹ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਆਏ ਸਨ, ਤਾਂ ਯੋਆਕਿਮ ਤੇ ਬਾਰਬਰਾ ਨੇ ਉਨ੍ਹਾਂ ਦੀ ਗੱਲ ਸੁਣਨ ਦਾ ਫ਼ੈਸਲਾ ਕੀਤਾ। ਉਨ੍ਹਾਂ ਵਿਚ ਜਾਦੂਗਰੀ ਬਾਰੇ ਗੱਲਬਾਤ ਸ਼ੁਰੂ ਹੋ ਗਈ ਅਤੇ ਕੌਨੀ ਤੇ ਗੁਡਰੂਨ ਨੇ ਇਸ ਬਾਰੇ ਬਾਈਬਲ ਤੋਂ ਸਹੀ ਜਾਣਕਾਰੀ ਦਿੱਤੀ। ਯੋਆਕਿਮ ਤੇ ਬਾਰਬਰਾ ਨੇ ਬਾਈਬਲ ਸਟੱਡੀ ਸ਼ੁਰੂ ਕਰ ਲਈ।

ਇਸ ਤੋਂ ਬਾਅਦ ਯੋਆਕਿਮ ਤੇ ਬਾਰਬਰਾ ਨੇ ਦੁਸ਼ਟ ਦੂਤਾਂ ਨਾਲੋਂ ਹਰ ਨਾਤਾ ਤੋੜਨ ਦਾ ਫ਼ੈਸਲਾ ਕਰ ਲਿਆ। ਗਵਾਹਾਂ ਨੇ ਸਮਝਾਇਆ ਕਿ ਦੁਸ਼ਟ ਦੂਤ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਹੋਣਗੇ। ਯੋਆਕਿਮ ਤੇ ਬਾਰਬਰਾ ਨਾਲ ਇਸੇ ਤਰ੍ਹਾਂ ਹੋਇਆ। ਉਹ ਬਹੁਤ ਹੀ ਔਖੇ ਸਮਿਆਂ ਵਿੱਚੋਂ ਗੁਜ਼ਰੇ ਅਤੇ ਦੁਸ਼ਟ ਦੂਤਾਂ ਨੇ ਉਨ੍ਹਾਂ ’ਤੇ ਖ਼ੌਫ਼ਨਾਕ ਹਮਲੇ ਕੀਤੇ। ਕੁਝ ਸਮੇਂ ਲਈ ਉਨ੍ਹਾਂ ਨੇ ਡਰ-ਡਰ ਕੇ ਰਾਤਾਂ ਕੱਟੀਆਂ ਅਤੇ ਅਖ਼ੀਰ ਵਿਚ ਉਨ੍ਹਾਂ ਨੂੰ ਘਰ ਬਦਲਣ ਤੋਂ ਬਾਅਦ ਹੀ ਕੁਝ ਹੱਦ ਤਕ ਰਾਹਤ ਮਿਲੀ। ਇਸ ਔਖੀ ਘੜੀ ਦੌਰਾਨ ਇਸ ਜੋੜੇ ਨੇ ਫ਼ਿਲਿੱਪੀਆਂ 4:13 ਦੇ ਸ਼ਬਦਾਂ ’ਤੇ ਭਰੋਸਾ ਰੱਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।” ਯਹੋਵਾਹ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਈ ਅਤੇ ਅਖ਼ੀਰ ਵਿਚ ਦੁਸ਼ਟ ਦੂਤ ਉਨ੍ਹਾਂ ’ਤੇ ਹਮਲੇ ਕਰਨ ਤੋਂ ਹਟ ਗਏ। ਅੱਜ ਯੋਆਕਿਮ ਤੇ ਬਾਰਬਰਾ ਸੱਚੇ ਪਰਮੇਸ਼ੁਰ ਯਹੋਵਾਹ ਦੀ ਖ਼ੁਸ਼ੀ ਨਾਲ ਭਗਤੀ ਕਰ ਰਹੇ ਹਨ।

ਜਿਹੜੇ ਯਹੋਵਾਹ ਦੀ ਬਰਕਤ ਪਾਉਣੀ ਚਾਹੁੰਦੇ ਹਨ, ਬਾਈਬਲ ਉਨ੍ਹਾਂ ਸਾਰਿਆਂ ਨੂੰ ਤਾਕੀਦ ਕਰਦੀ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ; ਪਰ ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:7, 8) ਜੇ ਤੁਸੀਂ ਦੁਸ਼ਟ ਦੂਤਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਕਰੇਗਾ ਵੀ। ਜਾਦੂਗਰੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਯੋਆਕਿਮ ਤੇ ਬਾਰਬਰਾ ਜ਼ਬੂਰਾਂ ਦੀ ਪੋਥੀ 121:2 ਦੇ ਸ਼ਬਦਾਂ ਨਾਲ ਦਿਲੋਂ ਸਹਿਮਤ ਹਨ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।” (w12-E 03/01)

[ਫੁਟਨੋਟ]

^ ਪੈਰਾ 2 ਨਾਂ ਬਦਲੇ ਗਏ ਹਨ।

^ ਪੈਰਾ 7 ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਹੋਰ ਜਾਣਨ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਛੇਵਾਂ ਅਧਿਆਇ “ਮਰਨ ਤੋਂ ਬਾਅਦ ਕੀ ਹੁੰਦਾ ਹੈ?” ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 27 ਉੱਤੇ ਸੁਰਖੀ]

ਜਾਦੂਗਰੀ ਦੇ ਕੰਮ ਲੋਕਾਂ ਨੂੰ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਕਾਇਮ ਕਰਨ ਤੋਂ ਰੋਕਦੇ ਹਨ

[ਸਫ਼ਾ 28 ਉੱਤੇ ਸੁਰਖੀ]

“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8