Skip to content

Skip to table of contents

ਪਰਮੇਸ਼ੁਰ ਨੂੰ ਜਾਣੋ

“ਸਾਡੀ ਮਿੰਨਤ ਹੈ ਕਿ ਸਾਨੂੰ ਘਰ ਵਾਪਸ ਆਉਣ ਦੇ”

“ਸਾਡੀ ਮਿੰਨਤ ਹੈ ਕਿ ਸਾਨੂੰ ਘਰ ਵਾਪਸ ਆਉਣ ਦੇ”

ਕੀ ਤੁਸੀਂ ਇਕ ਸਮੇਂ ਤੇ ਯਹੋਵਾਹ ਦੀ ਸੇਵਾ ਕਰਦੇ ਸੀ? ਕੀ ਤੁਸੀਂ ਦੁਬਾਰਾ ਉਸ ਦੀ ਸੇਵਾ ਕਰਨ ਬਾਰੇ ਸੋਚਿਆ ਹੈ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਯਹੋਵਾਹ ਤੁਹਾਨੂੰ ਕਬੂਲ ਕਰੇਗਾ ਕਿ ਨਹੀਂ? ਤੁਹਾਨੂੰ ਬੇਨਤੀ ਹੈ ਕਿ ਇਹ ਅਤੇ ਅਗਲਾ ਲੇਖ ਧਿਆਨ ਨਾਲ ਪੜ੍ਹੋ। ਇਹ ਲੇਖ ਖ਼ਾਸਕਰ ਤੁਹਾਨੂੰ ਧਿਆਨ ਵਿਚ ਰੱਖ ਕੇ ਲਿਖੇ ਗਏ ਸਨ।

“ਮੈਂ ਯਹੋਵਾਹ ਨੂੰ ਦੁਆ ਕੀਤੀ ਕਿ ਉਹ ਮੈਨੂੰ ਘਰ ਵਾਪਸ ਆਉਣ ਦੇਵੇ ਅਤੇ ਉਸ ਦਾ ਦਿਲ ਦੁਖੀ ਕਰਨ ਲਈ ਮੈਨੂੰ ਮਾਫ਼ ਕਰ ਦੇਵੇ।” ਇਕ ਤੀਵੀਂ ਨੇ ਇਸ ਤਰ੍ਹਾਂ ਕਿਹਾ ਜਿਸ ਨੇ ਉਨ੍ਹਾਂ ਮਸੀਹੀ ਸਿਧਾਂਤਾਂ ’ਤੇ ਚੱਲਣਾ ਛੱਡ ਦਿੱਤਾ ਜੋ ਉਸ ਨੂੰ ਬਚਪਨ ਤੋਂ ਸਿਖਾਏ ਗਏ ਸਨ। ਕੀ ਤੁਹਾਨੂੰ ਇਸ ਤੀਵੀਂ ’ਤੇ ਤਰਸ ਆਉਂਦਾ ਹੈ? ਕੀ ਤੁਸੀਂ ਇੱਦਾਂ ਸੋਚਦੇ ਹੋ: ‘ਪਰਮੇਸ਼ੁਰ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜਿਹੜੇ ਪਹਿਲਾਂ ਉਸ ਦੀ ਸੇਵਾ ਕਰਦੇ ਹੁੰਦੇ ਸਨ? ਕੀ ਉਹ ਉਨ੍ਹਾਂ ਨੂੰ ਯਾਦ ਰੱਖਦਾ ਹੈ? ਕੀ ਉਹ ਚਾਹੁੰਦਾ ਹੈ ਕਿ ਉਹ “ਘਰ ਵਾਪਸ ਆਉਣ”?’ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਯਿਰਮਿਯਾਹ ਨਬੀ ਦੁਆਰਾ ਲਿਖੇ ਸ਼ਬਦਾਂ ’ਤੇ ਗੌਰ ਕਰੀਏ। ਇਹ ਜਵਾਬ ਜ਼ਰੂਰ ਤੁਹਾਡੇ ਦਿਲਾਂ ਨੂੰ ਛੂਹ ਜਾਣਗੇ।—ਯਿਰਮਿਯਾਹ 31:18-20 ਪੜ੍ਹੋ।

ਧਿਆਨ ਦਿਓ ਕਿ ਯਿਰਮਿਯਾਹ ਨੇ ਕਿਨ੍ਹਾਂ ਹਲਾਤਾਂ ਬਾਰੇ ਗੱਲ ਕੀਤੀ ਸੀ। ਯਿਰਮਿਯਾਹ ਦੇ ਜ਼ਮਾਨੇ ਤੋਂ ਕਈ ਦਹਾਕੇ ਪਹਿਲਾਂ 740 ਈਸਵੀ ਪੂਰਵ ਵਿਚ ਯਹੋਵਾਹ ਨੇ ਅੱਸ਼ੂਰੀਆਂ ਦੁਆਰਾ ਇਜ਼ਰਾਈਲ ਦੇ ਦਸ-ਗੋਤੀ ਰਾਜ ਨੂੰ ਗ਼ੁਲਾਮਾਂ ਵਜੋਂ ਲਿਜਾਣ ਦਿੱਤਾ। * ਪਰਮੇਸ਼ੁਰ ਨੇ ਅਨੁਸ਼ਾਸਨ ਵਜੋਂ ਇਹ ਬਿਪਤਾ ਉਨ੍ਹਾਂ ’ਤੇ ਆਉਣ ਦਿੱਤੀ ਕਿਉਂਕਿ ਉਹ ਗੰਭੀਰ ਪਾਪ ਕਰਨ ਲੱਗ ਪਏ ਸਨ ਅਤੇ ਉਸ ਦੇ ਨਬੀਆਂ ਦੁਆਰਾ ਵਾਰ-ਵਾਰ ਦਿੱਤੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। (2 ਰਾਜਿਆਂ 17:5-18) ਜਦੋਂ ਲੋਕ ਆਪਣੇ ਪਰਮੇਸ਼ੁਰ ਤੋਂ ਜੁਦਾ ਹੋ ਗਏ ਸਨ ਤੇ ਆਪਣੇ ਦੇਸ਼ ਤੋਂ ਦੂਰ ਸਨ, ਤਾਂ ਕੀ ਗ਼ੁਲਾਮੀ ਵਿਚ ਸਹੀਆਂ ਮੁਸ਼ਕਲਾਂ ਕਾਰਨ ਉਨ੍ਹਾਂ ਦਾ ਰਵੱਈਆ ਬਦਲ ਗਿਆ ਸੀ? ਕੀ ਯਹੋਵਾਹ ਉਨ੍ਹਾਂ ਨੂੰ ਭੁੱਲ ਗਿਆ ਸੀ? ਕੀ ਉਹ ਦੁਬਾਰਾ ਕਦੇ ਉਨ੍ਹਾਂ ਦਾ ਆਪਣੇ ਦੇਸ਼ ਵਿਚ ਸੁਆਗਤ ਕਰੇਗਾ?

“ਮੈਂ ਪੱਛਤਾਇਆ”

ਗ਼ੁਲਾਮੀ ਵਿਚ ਰਹਿੰਦਿਆਂ ਲੋਕਾਂ ਦੀ ਅਕਲ ਟਿਕਾਣੇ ਆਈ ਅਤੇ ਉਨ੍ਹਾਂ ਨੇ ਪਛਤਾਵਾ ਕੀਤਾ। ਉਨ੍ਹਾਂ ਦਾ ਦਿਲੋਂ ਕੀਤਾ ਗਿਆ ਇਹ ਪਛਤਾਵਾ ਯਹੋਵਾਹ ਨੇ ਦੇਖਿਆ। ਧਿਆਨ ਦਿਓ ਕਿ ਯਹੋਵਾਹ ਨੇ ਗ਼ੁਲਾਮ ਇਜ਼ਰਾਈਲੀਆਂ ਯਾਨੀ ਅਫ਼ਰਾਈਮ ਦੇ ਰਵੱਈਏ ਅਤੇ ਜਜ਼ਬਾਤਾਂ ਬਾਰੇ ਕੀ ਕਿਹਾ।

ਯਹੋਵਾਹ ਨੇ ਕਿਹਾ: “ਮੈਂ ਸੱਚ ਮੁੱਚ ਅਫ਼ਰਾਈਮ ਨੂੰ ਬੁਸ ਬੁਸ ਕਰਦੇ ਸੁਣਿਆ।” (ਆਇਤ 18) ਉਸ ਨੇ ਇਜ਼ਰਾਈਲੀਆਂ ਨੂੰ ਆਪਣੇ ਪਾਪ ਦੇ ਅੰਜਾਮ ਕਾਰਨ “ਬੁਸ ਬੁਸ ਕਰਦੇ” ਯਾਨੀ ਸਿਸਕੀਆਂ ਲੈਂਦੇ ਸੁਣਿਆ। ਇਕ ਵਿਦਵਾਨ ਕਹਿੰਦਾ ਹੈ ਕਿ “ਬੁਸ ਬੁਸ” ਕਰਨ ਦਾ ਮਤਲਬ ਹਟਕੋਰੇ ਲੈਣਾ ਹੋ ਸਕਦਾ ਹੈ। ਇਜ਼ਰਾਈਲੀ ਉਸ ਜ਼ਿੱਦੀ ਪੁੱਤਰ ਵਾਂਗ ਸਨ ਜੋ ਇਹ ਸੋਚ ਕੇ ਪਛਤਾਵੇ ਕਾਰਨ ਸਿਰ ਹਿਲਾਉਂਦਾ ਹੈ ਕਿ ਉਸ ਨੇ ਆਪਣੇ ਉੱਤੇ ਆਪ ਮੁਸੀਬਤਾਂ ਲਿਆਂਦੀਆਂ ਅਤੇ ਉਸ ਜ਼ਿੰਦਗੀ ਲਈ ਤਰਸਦਾ ਹੈ ਜੋ ਉਹ ਪਿੱਛੇ ਘਰ ਛੱਡ ਆਇਆ ਸੀ। (ਲੂਕਾ 15:11-17) ਲੋਕ ਕੀ ਕਹਿ ਰਹੇ ਸਨ?

‘ਤੈਂ ਮੈਨੂੰ ਤਾੜਿਆ ਅਤੇ ਮੈਂ ਉਸ ਵੱਛੇ ਵਾਂਙੁ ਸਾਂ ਜਿਹੜਾ ਸਿਖਾਇਆ ਨਹੀਂ ਗਿਆ।’ (ਆਇਤ 18) ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਤਾੜਨਾ ਦੀ ਲੋੜ ਸੀ ਕਿਉਂਕਿ ਉਹ ਉਸ ਵੱਛੇ ਦੀ ਤਰ੍ਹਾਂ ਸਨ ਜਿਸ ਨੂੰ ਸਿਖਾਇਆ ਨਹੀਂ ਸੀ ਗਿਆ। ਇਕ ਕਿਤਾਬ ਮੁਤਾਬਕ ਇਸ ਤੁਲਨਾ ਦਾ ਮਤਲਬ ਹੋ ਸਕਦਾ ਹੈ ਕਿ ਉਹ ਉਸ ਵੱਛੇ ਵਾਂਗ ਸਨ ਜਿਸ ਨੇ ਕਦੇ “ਪ੍ਰੈਣ ਦੀ ਆਰ ਨਹੀਂ ਸੀ ਝੱਲਣੀ ਜੇ ਉਹ ਜੂਲੇ ਹੇਠੋਂ ਨਿਕਲਣ ਦੀ ਜ਼ਿੱਦ ਨਾ ਕਰਦਾ।”

“ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈਂ।” (ਆਇਤ 18) ਨਿਮਰ ਹੋ ਕੇ ਲੋਕਾਂ ਨੇ ਪਰਮੇਸ਼ੁਰ ਨੂੰ ਪੁਕਾਰਿਆ। ਉਹ ਪਾਪ ਦੀ ਦਲਦਲ ਵਿਚ ਧਸ ਗਏ ਸਨ, ਪਰ ਉਹ ਦੁਬਾਰਾ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਉਸ ਅੱਗੇ ਤਰਲੇ ਕਰਦੇ ਸਨ। ਇਕ ਤਰਜਮੇ ਵਿਚ ਇਹ ਆਇਤ ਕਹਿੰਦੀ ਹੈ: “ਤੂੰ ਸਾਡਾ ਪਰਮੇਸ਼ੁਰ ਹੈਂ—ਕਿਰਪਾ ਕਰ ਕੇ ਸਾਨੂੰ ਘਰ ਵਾਪਸ ਆਉਣ ਦੇ।”—ਕੰਟੈਪੋਰਰੀ ਇੰਗਲਿਸ਼ ਵਰਯਨ।

‘ਮੈਂ ਆਪਣਾ ਸਿਰ ਦੁੱਖ ਨਾਲ ਲਟਕਾਈ ਰੱਖਿਆ ਹੈ, ਮੈਨੂੰ ਸ਼ਰਮਿੰਦਗੀ ਅਤੇ ਅਪਮਾਨ ਸਹਿਣਾ ਪਿਆ।’ (ਯਿਰਮਿਯਾਹ 31:19, CL) ਲੋਕਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਸੀ। ਉਨ੍ਹਾਂ ਨੇ ਆਪਣਾ ਕਸੂਰ ਮੰਨਿਆ। ਮਾਨੋ ਉਹ ਆਪਣੀ ਛਾਤੀ ਪਿੱਟ ਰਹੇ ਸਨ ਕਿਉਂਕਿ ਉਨ੍ਹਾਂ ਦੀ ਬੇਇੱਜ਼ਤੀ ਹੋਈ ਅਤੇ ਉਹ ਨਿਰਾਸ਼ ਸਨ।—ਲੂਕਾ 15:18, 19, 21.

ਇਜ਼ਰਾਈਲੀਆਂ ਨੇ ਤੋਬਾ ਕਰ ਲਈ ਸੀ। ਦੁਖੀ ਮਨਾਂ ਨਾਲ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਆਪਣੇ ਪਾਪ ਕਬੂਲ ਕੀਤੇ ਅਤੇ ਬੁਰੇ ਰਾਹਾਂ ਤੋਂ ਮੁੜੇ। ਕੀ ਉਨ੍ਹਾਂ ਦਾ ਇਹ ਪਛਤਾਵਾ ਦੇਖ ਕੇ ਪਰਮੇਸ਼ੁਰ ਦਾ ਦਿਲ ਪਿਘਲ ਗਿਆ ਸੀ? ਕੀ ਉਹ ਉਨ੍ਹਾਂ ਨੂੰ ਘਰ ਵਾਪਸ ਆਉਣ ਦੇਵੇਗਾ?

“ਮੈਂ ਸੱਚ ਮੁੱਚ ਉਹ ਦੇ ਉੱਤੇ ਰਹਮ ਕਰਾਂਗਾ”

ਇਜ਼ਰਾਈਲੀਆਂ ਨਾਲ ਯਹੋਵਾਹ ਦਾ ਖ਼ਾਸ ਰਿਸ਼ਤਾ ਸੀ। ਉਸ ਨੇ ਕਿਹਾ: “ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਅਫ਼ਰਾਈਮ ਮੇਰਾ ਪਲੋਠਾ ਹੈ।” (ਯਿਰਮਿਯਾਹ 31:9) ਇਕ ਪਿਆਰਾ ਪਿਤਾ ਆਪਣੇ ਪੁੱਤਰ ਨੂੰ ਵਾਪਸ ਆਉਣ ਤੋਂ ਕਿੱਦਾਂ ਮਨ੍ਹਾ ਕਰ ਸਕਦਾ ਹੈ ਜਿਸ ਨੇ ਦਿਲੋਂ ਪਛਤਾਵਾ ਕੀਤਾ ਹੈ? ਧਿਆਨ ਦਿਓ ਕਿ ਯਹੋਵਾਹ ਪਿਤਾ ਵਾਂਗ ਆਪਣੇ ਲੋਕਾਂ ਲਈ ਆਪਣੇ ਪਿਆਰ ਦਾ ਕਿੱਦਾਂ ਇਜ਼ਹਾਰ ਕਰਦਾ ਹੈ।

“ਕੀ ਅਫ਼ਰਾਈਮ ਮੇਰਾ ਪਿਆਰਾ ਪੁੱਤ੍ਰ ਹੈ? ਕੀ ਉਹ ਲਾਡਲਾ ਬੱਚਾ ਹੈ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੀਕ ਉਹ ਨੂੰ ਚੇਤੇ ਰੱਖਦਾ ਹਾਂ।” (ਆਇਤ 20) ਇਹ ਕਿੰਨੇ ਪਿਆਰ ਭਰੇ ਸ਼ਬਦ ਹਨ! ਇਕ ਸਖ਼ਤ ਪਰ ਪਿਆਰ ਕਰਨ ਵਾਲੇ ਪਿਤਾ ਵਾਂਗ, ਪਰਮੇਸ਼ੁਰ ਆਪਣੇ ਬੱਚਿਆਂ “ਵਿਰੁੱਧ” ਬੋਲਣਾ ਆਪਣਾ ਫ਼ਰਜ਼ ਸਮਝਦਾ ਸੀ। ਉਸ ਨੇ ਉਨ੍ਹਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਸੀ ਕਿ ਉਹ ਆਪਣੇ ਪਾਪੀ ਕੰਮਾਂ ਤੋਂ ਬਾਜ਼ ਆਉਣ। ਜਦੋਂ ਉਨ੍ਹਾਂ ਨੇ ਢੀਠ ਹੋ ਕੇ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਨੇ ਉਨ੍ਹਾਂ ਨੂੰ ਗ਼ੁਲਾਮੀ ਵਿਚ ਜਾਣ ਦਿੱਤਾ ਯਾਨੀ ਆਪਣਾ ਘਰ ਛੱਡਣ ਲਈ ਕਹਿ ਦਿੱਤਾ। ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ ਪਰ ਉਹ ਉਨ੍ਹਾਂ ਨੂੰ ਭੁੱਲਿਆ ਨਹੀਂ। ਉਹ ਇਸ ਤਰ੍ਹਾਂ ਕਦੇ ਨਹੀਂ ਸੀ ਕਰ ਸਕਦਾ। ਇਕ ਪਿਆਰਾ ਪਿਤਾ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੁਲਾਉਂਦਾ। ਪਰ ਯਹੋਵਾਹ ਨੇ ਕਿਵੇਂ ਮਹਿਸੂਸ ਕੀਤਾ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਬੱਚਿਆਂ ਨੇ ਦਿਲੋਂ ਤੋਬਾ ਕੀਤੀ ਸੀ?

“ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ ਮੁੱਚ ਉਹ ਦੇ ਉੱਤੇ ਰਹਮ ਕਰਾਂਗਾ।” (ਆਇਤ 20) ਯਹੋਵਾਹ ਆਪਣੇ ਬੱਚਿਆਂ ਲਈ ਤਰਸਦਾ ਸੀ। ਉਨ੍ਹਾਂ ਦੀ ਦਿਲੋਂ ਕੀਤੀ ਗਈ ਤੋਬਾ ਨੇ ਉਸ ਦੇ ਦਿਲ ਨੂੰ ਛੂਹ ਲਿਆ ਅਤੇ ਉਹ ਚਾਹੁੰਦਾ ਸੀ ਕਿ ਉਹ ਉਸ ਕੋਲ ਵਾਪਸ ਆ ਜਾਣ। ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਉਜਾੜੂ ਪੁੱਤਰ ਦੇ ਪਿਤਾ ਵਾਂਗ, ਯਹੋਵਾਹ ਨੂੰ “ਬੜਾ ਤਰਸ ਆਇਆ” ਅਤੇ ਉਹ ਖੁੱਲ੍ਹੀਆਂ ਬਾਹਾਂ ਨਾਲ ਆਪਣੇ ਬੱਚਿਆਂ ਦਾ ਸੁਆਗਤ ਕਰਨ ਲਈ ਉਤਾਵਲਾ ਸੀ।—ਲੂਕਾ 15:20.

‘ਯਹੋਵਾਹ ਮੈਨੂੰ ਘਰ ਵਾਪਸ ਆਉਣ ਦੇ!’

ਯਿਰਮਿਯਾਹ 31:18-20 ਦੇ ਸ਼ਬਦਾਂ ਤੋਂ ਸਾਨੂੰ ਯਹੋਵਾਹ ਦੀ ਦਇਆ ਬਾਰੇ ਪਤਾ ਲੱਗਦਾ ਹੈ। ਪਰਮੇਸ਼ੁਰ ਉਨ੍ਹਾਂ ਨੂੰ ਭੁੱਲਦਾ ਨਹੀਂ ਜੋ ਪਹਿਲਾਂ ਉਸ ਦੀ ਸੇਵਾ ਕਰਦੇ ਸਨ। ਤਦ ਕੀ ਜੇ ਉਹ ਉਸ ਕੋਲ ਵਾਪਸ ਆਉਣਾ ਚਾਹੁਣ? ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰਨ ਲਈ ਤਿਆਰ ਹੈ। (ਜ਼ਬੂਰਾਂ ਦੀ ਪੋਥੀ 86:5) ਉਹ ਉਨ੍ਹਾਂ ਨੂੰ ਕਦੇ ਨਹੀਂ ਠੁਕਰਾਵੇਗਾ ਜੋ ਸੱਚੇ ਦਿਲੋਂ ਤੋਬਾ ਕਰ ਕੇ ਉਸ ਕੋਲ ਵਾਪਸ ਆਉਂਦੇ ਹਨ। (ਜ਼ਬੂਰਾਂ ਦੀ ਪੋਥੀ 51:17) ਇਸ ਦੇ ਉਲਟ ਉਹ ਘਰ ਆਉਣ ਤੇ ਖ਼ੁਸ਼ੀ ਨਾਲ ਉਨ੍ਹਾਂ ਦਾ ਸੁਆਗਤ ਕਰਦਾ ਹੈ।—ਲੂਕਾ 15:22-24.

ਸ਼ੁਰੂ ਵਿਚ ਜ਼ਿਕਰ ਕੀਤੀ ਤੀਵੀਂ ਨੇ ਯਹੋਵਾਹ ਕੋਲ ਵਾਪਸ ਆਉਣ ਦੀ ਪਹਿਲ ਕੀਤੀ ਅਤੇ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਗਈ। ਪਹਿਲਾਂ-ਪਹਿਲ ਉਹ ਆਪਣੇ ਬਾਰੇ ਗ਼ਲਤ ਸੋਚਦੀ ਸੀ। ਉਹ ਕਹਿੰਦੀ ਹੈ: ‘ਮੈਂ ਆਪਣੇ ਆਪ ਨੂੰ ਯਹੋਵਾਹ ਦੇ ਲਾਇਕ ਨਹੀਂ ਸੀ ਸਮਝਦੀ।’ ਪਰ ਮੰਡਲੀ ਦੇ ਬਜ਼ੁਰਗਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਕਾਇਮ ਕਰਨ ਵਿਚ ਉਸ ਦੀ ਮਦਦ ਕੀਤੀ। ਉਹ ਦਿਲੋਂ ਕਦਰ ਕਰਦੀ ਹੋਈ ਕਹਿੰਦੀ ਹੈ: “ਮੈਂ ਯਕੀਨ ਨਹੀਂ ਕਰ ਸਕਦੀ ਕਿ ਯਹੋਵਾਹ ਨੇ ਮੈਨੂੰ ਘਰ ਵਾਪਸ ਆਉਣ ਦਿੱਤਾ!”

ਸੋ ਜੇ ਤੁਸੀਂ ਯਹੋਵਾਹ ਦੀ ਸੇਵਾ ਪਹਿਲਾਂ ਕਰਦੇ ਹੁੰਦੇ ਸੀ ਅਤੇ ਦੁਬਾਰਾ ਉਸ ਦੀ ਸੇਵਾ ਕਰਨ ਬਾਰੇ ਸੋਚਿਆ ਹੈ, ਤਾਂ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਜਾਓ। ਯਾਦ ਰੱਖੋ ਕਿ ਯਹੋਵਾਹ ਉਨ੍ਹਾਂ ਨੂੰ ਦਇਆ ਦਿਖਾਉਂਦਾ ਹੈ ਜੋ ਪਛਤਾਵਾ ਕਰ ਕੇ ਉਸ ਅੱਗੇ ਇਹ ਪੁਕਾਰ ਕਰਦੇ ਹਨ: “ਸਾਡੀ ਮਿੰਨਤ ਹੈ ਕਿ ਸਾਨੂੰ ਘਰ ਵਾਪਸ ਆਉਣ ਦੇ।” (w12-E 04/01)

[ਫੁਟਨੋਟ]

^ ਪੈਰਾ 2 ਸਦੀਆਂ ਪਹਿਲਾਂ 997 ਈ. ਪੂ. ਵਿਚ ਇਜ਼ਰਾਈਲੀਆਂ ਨੂੰ ਦੋ ਰਾਜਾਂ ਵਿਚ ਵੰਡਿਆ ਗਿਆ ਸੀ। ਇਕ ਸੀ ਦੱਖਣ ਵਿਚ ਯਹੂਦਾਹ ਦਾ ਦੋ-ਗੋਤੀ ਰਾਜ ਅਤੇ ਦੂਜਾ ਸੀ ਉੱਤਰ ਵਿਚ ਇਜ਼ਰਾਈਲ ਦਾ ਦਸ-ਗੋਤੀ ਰਾਜ, ਜਿਸ ਨੂੰ ਅਫ਼ਰਾਈਮ ਵੀ ਕਿਹਾ ਗਿਆ ਸੀ ਕਿਉਂਕਿ ਇਹ ਮੁੱਖ ਗੋਤ ਸੀ।