Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਇਕ ਆਦਮੀ ਨੂੰ ਕਿਹੜੀ ਗੱਲ ਨੇ ਉਸ ਧਰਮ ਨੂੰ ਦੁਬਾਰਾ ਅਪਣਾਉਣ ਲਈ ਪ੍ਰੇਰਿਆ ਜਿਸ ਤੋਂ ਉਹ ਦੂਰ ਚਲਾ ਗਿਆ ਸੀ? ਇਕ ਨੌਜਵਾਨ ਨੂੰ ਪਿਤਾ ਦਾ ਸਾਇਆ ਕਿਵੇਂ ਮਿਲਿਆ ਜਿਸ ਲਈ ਉਹ ਸਾਰੀ ਜ਼ਿੰਦਗੀ ਤਰਸਦਾ ਰਿਹਾ? ਆਓ ਦੇਖੀਏ ਕਿ ਉਨ੍ਹਾਂ ਦਾ ਕੀ ਕਹਿਣਾ ਹੈ।

“ਮੈਨੂੰ ਯਹੋਵਾਹ ਕੋਲ ਮੁੜਨ ਦੀ ਲੋੜ ਸੀ।”—ਈਲੀ ਖ਼ਲਿਲ

ਜਨਮ: 1976

ਦੇਸ਼: ਸਾਈਪ੍ਰਸ

ਮੈਂ ਉਜਾੜੂ ਪੁੱਤਰ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਸਾਈਪ੍ਰਸ ਵਿਚ ਪੈਦਾ ਹੋਇਆ ਪਰ ਵੱਡਾ ਆਸਟ੍ਰੇਲੀਆ ਵਿਚ ਹੋਇਆ ਸੀ। ਮੇਰੇ ਮਾਪੇ ਯਹੋਵਾਹ ਦੇ ਗਵਾਹ ਹਨ ਅਤੇ ਉਨ੍ਹਾਂ ਨੇ ਮੇਰੇ ਦਿਲ ਵਿਚ ਯਹੋਵਾਹ ਅਤੇ ਉਸ ਦੇ ਬਚਨ ਬਾਈਬਲ ਲਈ ਪਿਆਰ ਬਿਠਾਉਣ ਦੀ ਪੂਰੀ ਵਾਹ ਲਾਈ। ਪਰ ਜਦੋਂ ਮੈਂ ਜਵਾਨੀ ਵਿਚ ਪੈਰ ਰੱਖਿਆ, ਤਾਂ ਮੈਂ ਆਪਣੀ ਮਨਮਰਜ਼ੀ ਕਰਨ ਲੱਗ ਪਿਆ। ਮੈਂ ਰਾਤ ਨੂੰ ਘਰੋਂ ਚੋਰੀ-ਛਿਪੇ ਦੂਜੇ ਮੁੰਡੇ-ਕੁੜੀਆਂ ਨੂੰ ਮਿਲਣ ਲਈ ਨਿਕਲ ਜਾਂਦਾ ਸੀ। ਅਸੀਂ ਕਾਰਾਂ ਚੋਰੀ ਕਰਦੇ ਸਾਂ ਅਤੇ ਕਈ ਹੋਰ ਮੁਸੀਬਤਾਂ ਵਿਚ ਪੈ ਜਾਂਦੇ ਸਾਂ।

ਪਹਿਲਾਂ-ਪਹਿਲਾਂ ਤਾਂ ਮੈਂ ਇਹ ਕੰਮ ਆਪਣੇ ਮਾਪਿਆਂ ਤੋਂ ਚੋਰੀ-ਛਿਪੇ ਕਰਦਾ ਸੀ ਕਿਉਂਕਿ ਮੈਂ ਉਨ੍ਹਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਪਰ ਹੌਲੀ-ਹੌਲੀ ਉਨ੍ਹਾਂ ਦਾ ਡਰ ਵੀ ਨਹੀਂ ਰਿਹਾ। ਮੈਂ ਆਪਣੇ ਨਾਲੋਂ ਵੱਡੀ ਉਮਰ ਦੇ ਲੋਕਾਂ ਨਾਲ ਦੋਸਤੀ ਕਰ ਲਈ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਸੀ ਕਰਦੇ ਅਤੇ ਉਨ੍ਹਾਂ ਦਾ ਮੇਰੇ ਉੱਤੇ ਮਾੜਾ ਅਸਰ ਪਿਆ। ਅਖ਼ੀਰ ਵਿਚ ਮੈਂ ਆਪਣੇ ਮਾਪਿਆਂ ਨੂੰ ਕਹਿ ਦਿੱਤਾ ਕਿ ਮੈਨੂੰ ਹੁਣ ਉਨ੍ਹਾਂ ਦੇ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਨੇ ਧੀਰਜ ਨਾਲ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਨ੍ਹਾਂ ਦੀ ਇਕ ਨਾ ਸੁਣੀ। ਇਸ ਤਰ੍ਹਾਂ ਮੈਂ ਆਪਣੇ ਮਾਪਿਆਂ ਦਾ ਦਿਲ ਦੁਖਾਇਆ।

ਘਰ ਛੱਡਣ ਤੋਂ ਬਾਅਦ ਮੈਂ ਡ੍ਰੱਗਜ਼ ਲੈਣ ਲੱਗ ਪਿਆ ਤੇ ਮੈਂ ਵੱਡੀ ਮਾਤਰਾ ਵਿਚ ਭੰਗ ਉਗਾਉਣ ਅਤੇ ਵੇਚਣ ਲੱਗ ਪਿਆ। ਮੈਂ ਬਦਚਲਣ ਜ਼ਿੰਦਗੀ ਜੀ ਰਿਹਾ ਸੀ ਅਤੇ ਜ਼ਿਆਦਾਤਰ ਸਮਾਂ ਮੈਂ ਕਲੱਬਾਂ ਵਿਚ ਗੁਜ਼ਾਰਦਾ ਸੀ। ਮੈਂ ਜਲਦੀ ਗੁੱਸੇ ਵੀ ਹੋ ਜਾਂਦਾ ਸੀ। ਜੇ ਕੋਈ ਕੁਝ ਕਹਿੰਦਾ ਜਾਂ ਕਰਦਾ ਸੀ ਜੋ ਮੈਨੂੰ ਚੰਗਾ ਨਹੀਂ ਸੀ ਲੱਗਦਾ, ਤਾਂ ਮੈਂ ਗੁੱਸੇ ਵਿਚ ਲਾਲ-ਪੀਲ਼ਾ ਹੋ ਜਾਂਦਾ ਸੀ ਤੇ ਅਕਸਰ ਲੋਕਾਂ ’ਤੇ ਚਿਲਾਉਣ ਲੱਗ ਪੈਂਦਾ ਸੀ ਅਤੇ ਮਾਰ-ਕੁੱਟ ਕਰਨ ਲੱਗ ਪੈਂਦਾ ਸੀ। ਅਸਲ ਵਿਚ ਮੈਂ ਉਹ ਸਾਰਾ ਕੁਝ ਕੀਤਾ ਜੋ ਮੈਨੂੰ ਸਿਖਾਇਆ ਗਿਆ ਸੀ ਕਿ ਇਕ ਮਸੀਹੀ ਨੂੰ ਨਹੀਂ ਕਰਨਾ ਚਾਹੀਦਾ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਮੈਂ ਇਕ ਹੋਰ ਮੁੰਡੇ ਦਾ ਜਿਗਰੀ ਦੋਸਤ ਬਣ ਗਿਆ ਜੋ ਮੇਰੇ ਵਾਂਗ ਡ੍ਰੱਗਜ਼ ਲੈਂਦਾ ਸੀ। ਬਚਪਨ ਵਿਚ ਉਸ ਦਾ ਡੈਡੀ ਗੁਜ਼ਰ ਗਿਆ ਸੀ। ਅਸੀਂ ਅਕਸਰ ਦੇਰ ਰਾਤ ਤਕ ਗੱਲਾਂ ਕਰਦੇ ਰਹਿੰਦੇ ਸੀ। ਕਦੇ-ਕਦੇ ਉਹ ਦਿਲ ਖੋਲ੍ਹ ਕੇ ਗੱਲ ਕਰਦਾ ਸੀ ਕਿ ਉਹ ਆਪਣੇ ਡੈਡੀ ਦੀ ਕਿੰਨੀ ਕਮੀ ਮਹਿਸੂਸ ਕਰਦਾ ਸੀ। ਮੈਂ ਬਚਪਨ ਤੋਂ ਸਿੱਖਿਆ ਸੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਇਸ ਲਈ ਮੈਂ ਆਪਣੇ ਦੋਸਤ ਨੂੰ ਯਿਸੂ ਬਾਰੇ ਦੱਸਣ ਲੱਗ ਪਿਆ ਕਿ ਉਸ ਨੇ ਮਰੇ ਲੋਕਾਂ ਨੂੰ ਜੀਉਂਦਾ ਕੀਤਾ ਸੀ ਅਤੇ ਭਵਿੱਖ ਵਿਚ ਉਹ ਇਸ ਤਰ੍ਹਾਂ ਦੁਬਾਰਾ ਕਰਨ ਦਾ ਵਾਅਦਾ ਕਰਦਾ ਹੈ। (ਯੂਹੰਨਾ 5:28, 29) ਮੈਂ ਉਸ ਨੂੰ ਕਹਿੰਦਾ ਹੁੰਦਾ ਸੀ: “ਕਲਪਨਾ ਕਰ, ਤੂੰ ਆਪਣੇ ਡੈਡੀ ਨੂੰ ਦੁਬਾਰਾ ਦੇਖ ਸਕੇਂਗਾ। ਅਸੀਂ ਸਾਰੇ ਸੋਹਣੀ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਦੇ ਹਾਂ।” ਇਨ੍ਹਾਂ ਗੱਲਾਂ ਨੇ ਮੇਰੇ ਦੋਸਤ ਦੇ ਦਿਲ ਨੂੰ ਛੂਹ ਲਿਆ।

ਹੋਰਨਾਂ ਸਮਿਆਂ ਤੇ ਮੇਰੇ ਦੋਸਤ ਨੇ ਆਖ਼ਰੀ ਦਿਨਾਂ ਜਾਂ ਤ੍ਰਿਏਕ ਦੀ ਸਿੱਖਿਆ ਬਾਰੇ ਗੱਲ ਛੇੜੀ। ਮੈਂ ਉਸ ਦੀ ਬਾਈਬਲ ਲੈ ਕੇ ਉਸ ਨੂੰ ਵੱਖੋ-ਵੱਖਰੇ ਹਵਾਲੇ ਦਿਖਾਉਂਦਾ ਸੀ ਜਿਨ੍ਹਾਂ ਵਿਚ ਯਹੋਵਾਹ ਪਰਮੇਸ਼ੁਰ, ਯਿਸੂ ਅਤੇ ਆਖ਼ਰੀ ਦਿਨਾਂ ਬਾਰੇ ਸੱਚਾਈ ਦੱਸੀ ਗਈ ਹੈ। (ਯੂਹੰਨਾ 14:28; 2 ਤਿਮੋਥਿਉਸ 3:1-5) ਮੈਂ ਜਿੰਨਾ ਜ਼ਿਆਦਾ ਆਪਣੇ ਦੋਸਤ ਨਾਲ ਯਹੋਵਾਹ ਬਾਰੇ ਗੱਲਾਂ ਕਰਦਾ ਸੀ, ਉੱਨਾ ਜ਼ਿਆਦਾ ਮੈਂ ਆਪ ਯਹੋਵਾਹ ਬਾਰੇ ਸੋਚਣ ਲੱਗ ਪਿਆ।

ਹੌਲੀ-ਹੌਲੀ ਬਾਈਬਲ ਦੀ ਸੱਚਾਈ ਦੇ ਉਹ ਬੀ ਮੇਰੇ ਦਿਲ ਵਿਚ ਪੁੰਗਰਨ ਲੱਗੇ ਜੋ ਮੇਰੇ ਮਾਪਿਆਂ ਨੇ ਮੇਰੇ ਦਿਲ ਵਿਚ ਬੀਜਣ ਲਈ ਸਖ਼ਤ ਮਿਹਨਤ ਕੀਤੀ ਸੀ। ਮਿਸਾਲ ਲਈ, ਕਦੇ-ਕਦੇ ਜਦੋਂ ਮੈਂ ਪਾਰਟੀ ਵਿਚ ਆਪਣੇ ਦੋਸਤਾਂ ਨਾਲ ਡ੍ਰੱਗਜ਼ ਲੈਂਦਾ ਸੀ, ਤਾਂ ਅਚਾਨਕ ਮੇਰੇ ਮਨ ਵਿਚ ਯਹੋਵਾਹ ਬਾਰੇ ਖ਼ਿਆਲ ਆ ਜਾਂਦੇ ਸਨ। ਮੇਰੇ ਜ਼ਿਆਦਾਤਰ ਦੋਸਤ ਪਰਮੇਸ਼ੁਰ ਨਾਲ ਪਿਆਰ ਕਰਨ ਦਾ ਦਾਅਵਾ ਕਰਦੇ ਸਨ, ਪਰ ਉਨ੍ਹਾਂ ਦਾ ਚਾਲ-ਚਲਣ ਕੁਝ ਹੋਰ ਹੀ ਕਹਿੰਦਾ ਸੀ। ਮੈਂ ਉਨ੍ਹਾਂ ਵਰਗਾ ਨਹੀਂ ਸੀ ਬਣਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨ ਦੀ ਲੋੜ ਸੀ। ਮੈਨੂੰ ਯਹੋਵਾਹ ਕੋਲ ਮੁੜਨ ਦੀ ਲੋੜ ਸੀ।

ਮੈਨੂੰ ਇਹ ਤਾਂ ਪਤਾ ਸੀ ਕਿ ਮੈਨੂੰ ਕੀ ਕਰਨ ਦੀ ਲੋੜ ਸੀ, ਪਰ ਉਸ ਨੂੰ ਕਰ ਕੇ ਦਿਖਾਉਣਾ ਮੇਰੇ ਲਈ ਔਖਾ ਸੀ। ਕੁਝ ਤਬਦੀਲੀਆਂ ਕਰਨੀਆਂ ਆਸਾਨ ਸਨ। ਮਿਸਾਲ ਲਈ, ਮੈਂ ਆਸਾਨੀ ਨਾਲ ਡ੍ਰੱਗਜ਼ ਲੈਣੇ ਛੱਡ ਦਿੱਤੇ। ਮੈਂ ਆਪਣੇ ਪੁਰਾਣੇ ਦੋਸਤਾਂ ਨਾਲੋਂ ਵੀ ਨਾਤਾ ਤੋੜ ਲਿਆ ਸੀ ਅਤੇ ਇਕ ਮਸੀਹੀ ਬਜ਼ੁਰਗ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਲਈ।

ਪਰ ਕੁਝ ਤਬਦੀਲੀਆਂ ਕਰਨੀਆਂ ਮੇਰੇ ਲਈ ਬਹੁਤ ਔਖੀਆਂ ਸਨ। ਖ਼ਾਸਕਰ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਮੇਰੇ ਲਈ ਔਖਾ ਸੀ। ਕੁਝ ਸਮੇਂ ਲਈ ਤਾਂ ਮੈਂ ਗੁੱਸੇ ਨੂੰ ਕੰਟ੍ਰੋਲ ਕਰ ਲੈਂਦਾ ਸੀ, ਪਰ ਕਈ ਵਾਰ ਮੈਂ ਗੁੱਸੇ ਵਿਚ ਭੜਕ ਉੱਠਦਾ ਸੀ। ਬਾਅਦ ਵਿਚ ਮੈਨੂੰ ਬੁਰਾ ਲੱਗਦਾ ਸੀ ਤੇ ਸੋਚਦਾ ਸੀ ਕਿ ਮੈਂ ਕਦੇ ਨਹੀਂ ਸੁਧਰ ਸਕਦਾ। ਮਾਯੂਸ ਹੋ ਕੇ ਮੈਂ ਉਸ ਬਜ਼ੁਰਗ ਕੋਲ ਗਿਆ ਜੋ ਮੇਰੇ ਨਾਲ ਸਟੱਡੀ ਕਰਦਾ ਸੀ। ਹਮੇਸ਼ਾ ਵਾਂਗ ਉਸ ਨੇ ਪਿਆਰ ਅਤੇ ਧੀਰਜ ਨਾਲ ਮੇਰਾ ਹੌਸਲਾ ਵਧਾਇਆ। ਇਕ ਵਾਰ ਉਸ ਨੇ ਮੈਨੂੰ ਪਹਿਰਾਬੁਰਜ ਦਾ ਲੇਖ ਪੜ੍ਹਨ ਲਈ ਦਿੱਤਾ ਜਿਸ ਵਿਚ ਸਮਝਾਇਆ ਗਿਆ ਸੀ ਕਿ ਸਾਨੂੰ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ। * ਅਸੀਂ ਕੁਝ ਸੁਝਾਵਾਂ ਬਾਰੇ ਗੱਲ ਕੀਤੀ ਜੋ ਮੈਂ ਗੁੱਸਾ ਚੜ੍ਹਨ ਤੇ ਲਾਗੂ ਕਰ ਸਕਦਾ ਸੀ। ਹੌਲੀ-ਹੌਲੀ ਇਸ ਲੇਖ ਨੂੰ ਧਿਆਨ ਵਿਚ ਰੱਖ ਕੇ ਅਤੇ ਯਹੋਵਾਹ ਅੱਗੇ ਤਰਲੇ ਕਰ ਕੇ ਮੈਂ ਆਪਣੇ ਗੁੱਸੇ ’ਤੇ ਕਾਬੂ ਪਾ ਲਿਆ। ਅਖ਼ੀਰ ਮੈਂ ਅਪ੍ਰੈਲ 2000 ਵਿਚ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਮੇਰੇ ਮਾਪਿਆਂ ਦੀ ਖ਼ੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਰਿਹਾ।

ਅੱਜ ਮੇਰੀ ਜ਼ਿੰਦਗੀ: ਮੈਨੂੰ ਇਹ ਜਾਣ ਕੇ ਮਨ ਦੀ ਸ਼ਾਂਤੀ ਮਿਲਦੀ ਹੈ ਕਿ ਮੈਂ ਆਪਣੇ ਸਰੀਰ ਨੂੰ ਡ੍ਰੱਗਜ਼ ਅਤੇ ਬਦਚਲਣ ਕੰਮਾਂ ਨਾਲ ਮਲੀਨ ਨਹੀਂ ਕਰਦਾ ਅਤੇ ਮੇਰੀ ਜ਼ਮੀਰ ਸ਼ੁੱਧ ਹੈ। ਮੈਂ ਹੁਣ ਜੋ ਵੀ ਕਰਦਾ ਹਾਂ ਮੈਂ ਪਹਿਲਾਂ ਨਾਲੋਂ ਬਹੁਤ ਖ਼ੁਸ਼ ਹਾਂ, ਚਾਹੇ ਮੈਂ ਕੰਮ ਤੇ ਹੋਵਾਂ, ਮੀਟਿੰਗਾਂ ਵਿਚ ਹੋਵਾਂ ਜਾਂ ਮਨੋਰੰਜਨ ਕਰਦਾ ਹੋਵਾਂ। ਮੈਂ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਦਾ ਹਾਂ।

ਮੈਂ ਆਪਣੇ ਮਾਪਿਆਂ ਲਈ ਯਹੋਵਾਹ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਨਹੀਂ ਭੁਲਾਇਆ। ਨਾਲੇ ਮੈਂ ਯੂਹੰਨਾ 6:44 ਵਿਚ ਕਹੇ ਯਿਸੂ ਦੇ ਸ਼ਬਦਾਂ ’ਤੇ ਗੌਰ ਕਰਦਾ ਹਾਂ: “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।” ਇਹ ਸੋਚ ਕੇ ਮੇਰਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ ਕਿ ਮੈਂ ਯਹੋਵਾਹ ਕੋਲ ਵਾਪਸ ਇਸ ਲਈ ਆ ਸਕਿਆ ਹਾਂ ਕਿਉਂਕਿ ਉਸ ਨੇ ਮੈਨੂੰ ਆਪਣੇ ਵੱਲ ਖਿੱਚਿਆ ਹੈ।

“ਮੈਂ ਪਿਤਾ ਦੇ ਸਾਏ ਲਈ ਤਰਸ ਰਿਹਾ ਸਾਂ।”—ਮਾਰਕੋ ਆਂਟੋਨੀਓ ਅਲਵਰੇਜ਼ ਸੋਟੋ

ਜਨਮ: 1977

ਦੇਸ਼: ਚਿਲੀ

ਮੈਂ ਡੈਥ-ਮੈਟਲ ਬੈਂਡ ਦਾ ਮੈਂਬਰ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰੀ ਮਾਂ ਨੇ ਮੇਰੀ ਪਰਵਰਿਸ਼ ਪੁੰਟਾ ਆਰੇਨਾਸ ਨਾਂ ਦੇ ਸੁੰਦਰ ਸ਼ਹਿਰ ਵਿਚ ਕੀਤੀ ਜੋ ਦੱਖਣੀ ਅਮਰੀਕਾ ਦੇ ਦੱਖਣੀ ਸਿਰੇ ਦੇ ਨੇੜੇ ਮਜੈਲਨ ਦੇ ਪਣਜੋੜ ’ਤੇ ਸਥਿਤ ਹੈ। ਮੈਂ ਪੰਜਾਂ ਸਾਲਾਂ ਦਾ ਸੀ ਜਦੋਂ ਮੇਰੇ ਮਾਪੇ ਇਕ-ਦੂਸਰੇ ਤੋਂ ਵੱਖ ਹੋ ਗਏ ਤੇ ਮੈਨੂੰ ਲੱਗਦਾ ਸੀ ਕਿ ਮੇਰਾ ਪਿਤਾ ਮੈਨੂੰ ਛੱਡ ਕੇ ਚਲਾ ਗਿਆ ਸੀ। ਇਸ ਲਈ ਮੈਂ ਪਿਤਾ ਦੇ ਸਾਏ ਲਈ ਤਰਸ ਰਿਹਾ ਸੀ।

ਮੇਰੀ ਮਾਤਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕੀਤੀ ਸੀ ਤੇ ਉਹ ਮੈਨੂੰ ਕਿੰਗਡਮ ਹਾਲ ਵਿਚ ਮੀਟਿੰਗਾਂ ਤੇ ਲੈ ਕੇ ਜਾਂਦੇ ਹੁੰਦੇ ਸਨ। ਪਰ ਮੈਨੂੰ ਮੀਟਿੰਗਾਂ ਤੇ ਜਾਣਾ ਜ਼ਰਾ ਵੀ ਚੰਗਾ ਨਹੀਂ ਸੀ ਲੱਗਦਾ ਅਤੇ ਮੈਂ ਰਾਹ ਵਿਚ ਜ਼ਿੱਦ ਕਰ ਕੇ ਅੜ ਜਾਂਦਾ ਸੀ। ਜਦੋਂ ਮੈਂ 13 ਸਾਲਾਂ ਦਾ ਹੋਇਆ, ਤਾਂ ਮੈਂ ਮੀਟਿੰਗਾਂ ਤੇ ਜਾਣਾ ਛੱਡ ਦਿੱਤਾ।

ਉਸ ਸਮੇਂ ਤਕ ਸੰਗੀਤ ਵਿਚ ਮੇਰੀ ਦਿਲਚਸਪੀ ਵਧ ਗਈ ਸੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਵਿਚ ਸੰਗੀਤਕਾਰ ਬਣਨ ਦੀ ਕਲਾ ਸੀ। 15 ਸਾਲਾਂ ਦਾ ਹੋਣ ਤੇ ਮੈਂ ਤਿਉਹਾਰਾਂ, ਸ਼ਰਾਬਖ਼ਾਨਿਆਂ ਅਤੇ ਪਾਰਟੀਆਂ ਵਿਚ ਹੈਵੀ-ਮੈਟਲ ਅਤੇ ਡੈਥ-ਮੈਟਲ ਮਿਊਜ਼ਿਕ ਵਜਾਉਂਦਾ ਸੀ। ਮਾਹਰ ਸੰਗੀਤਕਾਰਾਂ ਨਾਲ ਮਿਲਣ-ਗਿਲ਼ਣ ਕਰਕੇ ਮੇਰੀ ਕਲਾਸਿਕੀ ਸੰਗੀਤ ਵਿਚ ਰੁਚੀ ਵਧ ਗਈ। ਮੈਂ ਯੂਨੀਵਰਸਿਟੀ ਵਿਚ ਜਾ ਕੇ ਸੰਗੀਤ ਸਿੱਖਣ ਲੱਗ ਪਿਆ। 20 ਸਾਲਾਂ ਦਾ ਹੋਣ ਤੇ ਮੈਂ ਰਾਜਧਾਨੀ ਸੈਂਟੀਆਗੋ ਵਿਚ ਰਹਿਣ ਚਲਾ ਗਿਆ ਤਾਂਕਿ ਮੈਂ ਸੰਗੀਤ ਦੀ ਹੋਰ ਸਿੱਖਿਆ ਲੈ ਸਕਾਂ। ਇਸ ਦੇ ਨਾਲ-ਨਾਲ ਮੈਂ ਹੈਵੀ-ਮੈਟਲ ਅਤੇ ਡੈਥ-ਮੈਟਲ ਬੈਂਡ ਨਾਲ ਸਾਜ਼ ਵਜਾਉਂਦਾ ਰਿਹਾ।

ਇਸ ਸਾਰੇ ਸਮੇਂ ਦੌਰਾਨ ਮੈਨੂੰ ਹਾਲੇ ਵੀ ਆਪਣੀ ਜ਼ਿੰਦਗੀ ਖੋਖਲੀ ਲੱਗਦੀ ਸੀ। ਇਸ ਖੋਖਲੇਪਣ ਨੂੰ ਭੁਲਾਉਣ ਲਈ ਮੈਂ ਆਪਣੇ ਬੈਂਡ ਦੇ ਮੈਂਬਰਾਂ ਨਾਲ ਸ਼ਰਾਬ ਪੀਂਦਾ ਸੀ ਤੇ ਡ੍ਰੱਗਜ਼ ਲੈਂਦਾ ਸੀ। ਮੇਰੇ ਲਈ ਉਹੀ ਮੇਰਾ ਪਰਿਵਾਰ ਸਨ। ਮੈਂ ਆਪਣੀ ਮਨਮਰਜ਼ੀ ਕਰਦਾ ਸੀ ਜੋ ਮੇਰੇ ਪਹਿਰਾਵੇ ਤੋਂ ਸਾਫ਼ ਨਜ਼ਰ ਆਉਂਦਾ ਸੀ। ਮੈਂ ਕਾਲੇ ਕੱਪੜੇ ਪਾਉਂਦਾ ਸੀ, ਦਾੜ੍ਹੀ ਰੱਖੀ ਸੀ ਅਤੇ ਮੇਰੇ ਵਾਲ਼ ਤਕਰੀਬਨ ਮੇਰੇ ਲੱਕ ਤਕ ਲੰਬੇ ਸਨ।

ਮੇਰੇ ਬੁਰੇ ਰਵੱਈਏ ਕਰਕੇ ਮੈਂ ਵਾਰ-ਵਾਰ ਲੜਾਈਆਂ ਕਰਦਾ ਸੀ ਅਤੇ ਪੁਲਸ ਨਾਲ ਮੇਰਾ ਵਾਹ ਪੈਂਦਾ ਰਹਿੰਦਾ ਸੀ। ਇਕ ਵਾਰ ਸ਼ਰਾਬੀ ਹੋ ਕੇ ਮੈਂ ਡ੍ਰੱਗਜ਼ ਵੇਚਣ ਵਾਲਿਆਂ ’ਤੇ ਹਮਲਾ ਕਰ ਦਿੱਤਾ ਜੋ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਤੰਗ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਮੇਰਾ ਜਬਾੜ੍ਹਾ ਟੁੱਟ ਗਿਆ।

ਪਰ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਨ੍ਹਾਂ ਨੇ ਦਿੱਤਾ ਜੋ ਮੇਰੇ ਜ਼ਿਆਦਾ ਨਜ਼ਦੀਕ ਸਨ। ਮੈਨੂੰ ਇਕ ਦਿਨ ਪਤਾ ਲੱਗਾ ਕਿ ਸਾਲਾਂ ਤੋਂ ਮੇਰੀ ਗਰਲ-ਫ੍ਰੈਂਡ ਤੇ ਮੇਰੇ ਜਿਗਰੀ ਦੋਸਤ ਦਾ ਚੱਕਰ ਚੱਲ ਰਿਹਾ ਸੀ ਤੇ ਮੇਰੇ ਸਾਰੇ ਦੋਸਤਾਂ ਨੇ ਮੇਰੇ ਤੋਂ ਇਹ ਗੱਲ ਲੁਕੋ ਕੇ ਰੱਖੀ। ਮੈਂ ਅੰਦਰੋਂ ਟੁੱਟ ਗਿਆ।

ਮੈਂ ਪੁੰਟਾ ਆਰੇਨਾਸ ਸ਼ਹਿਰ ਨੂੰ ਵਾਪਸ ਚਲਾ ਗਿਆ ਜਿੱਥੇ ਮੈਂ ਸੰਗੀਤ ਸਿਖਾਉਣ ਲੱਗਾ ਅਤੇ ਚੈਲੋ ਵਜਾਉਣ ਦਾ ਕੰਮ ਕਰਨ ਲੱਗਾ। ਮੈਂ ਹੈਵੀ-ਮੈਟਲ ਤੇ ਡੈਥ-ਮੈਟਲ ਬੈਂਡਾਂ ਵਿਚ ਸਾਜ਼ ਵਜਾਉਣਾ ਅਤੇ ਰਿਕਾਰਡ ਕਰਨਾ ਵੀ ਜਾਰੀ ਰੱਖਿਆ। ਫਿਰ ਮੈਂ ਸੂਜ਼ਨ ਨਾਂ ਦੀ ਇਕ ਖ਼ੂਬਸੂਰਤ ਕੁੜੀ ਨੂੰ ਮਿਲਿਆ ਅਤੇ ਅਸੀਂ ਦੋਵੇਂ ਇਕੱਠੇ ਰਹਿਣ ਲੱਗ ਪਏ। ਕੁਝ ਸਮੇਂ ਬਾਅਦ, ਸੂਜ਼ਨ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਤ੍ਰਿਏਕ ਦੀ ਸਿੱਖਿਆ ਨੂੰ ਮੰਨਦੀ ਸੀ ਪਰ ਮੈਂ ਨਹੀਂ ਸੀ ਮੰਨਦਾ। ਉਸ ਨੇ ਮੈਨੂੰ ਪੁੱਛਿਆ: “ਫਿਰ ਸੱਚਾਈ ਕੀ ਹੈ?” ਮੈਂ ਕਿਹਾ ਕਿ ਮੈਨੂੰ ਇਹ ਤਾਂ ਪਤਾ ਹੈ ਕਿ ਤ੍ਰਿਏਕ ਦੀ ਸਿੱਖਿਆ ਗ਼ਲਤ ਹੈ, ਪਰ ਮੈਂ ਬਾਈਬਲ ਤੋਂ ਇਸ ਦਾ ਸਬੂਤ ਨਹੀਂ ਦੇ ਸਕਦਾ। ਪਰ ਮੈਂ ਜਾਣਦਾ ਸੀ ਕਿ ਕੌਣ ਦੇ ਸਕਦਾ ਹੈ। ਮੈਂ ਉਸ ਨੂੰ ਦੱਸਿਆ ਕਿ ਯਹੋਵਾਹ ਦੇ ਗਵਾਹ ਬਾਈਬਲ ਤੋਂ ਉਸ ਨੂੰ ਸੱਚਾਈ ਦੱਸ ਸਕਦੇ ਹਨ। ਫਿਰ ਮੈਂ ਉਹ ਕੁਝ ਕੀਤਾ ਜੋ ਮੈਂ ਸਾਲਾਂ ਤੋਂ ਨਹੀਂ ਸੀ ਕੀਤਾ—ਮੈਂ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।

ਕੁਝ ਦਿਨਾਂ ਬਾਅਦ ਮੈਂ ਇਕ ਆਦਮੀ ਨੂੰ ਦੇਖਿਆ ਜੋ ਜਾਣਿਆ-ਪਛਾਣਿਆ ਲੱਗਦਾ ਸੀ ਤੇ ਮੈਂ ਉਸ ਨੂੰ ਪੁੱਛਿਆ ਜੇ ਉਹ ਯਹੋਵਾਹ ਦਾ ਗਵਾਹ ਸੀ। ਭਾਵੇਂ ਕਿ ਉਹ ਮੇਰੀ ਡਰਾਉਣੀ ਸ਼ਕਲ ਦੇਖ ਕੇ ਘਬਰਾ ਗਿਆ ਸੀ, ਪਰ ਉਸ ਨੇ ਪਿਆਰ ਨਾਲ ਕਿੰਗਡਮ ਹਾਲ ਵਿਚ ਮੀਟਿੰਗਾਂ ਬਾਰੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੈਨੂੰ ਯਕੀਨ ਹੋ ਗਿਆ ਕਿ ਇਸ ਆਦਮੀ ਨਾਲ ਹੋਈ ਮੁਲਾਕਾਤ ਮੇਰੀ ਪ੍ਰਾਰਥਨਾ ਦਾ ਜਵਾਬ ਸੀ। ਮੈਂ ਕਿੰਗਡਮ ਹਾਲ ਗਿਆ ਤੇ ਆਖ਼ਰੀ ਲਾਈਨ ਵਿਚ ਬੈਠ ਗਿਆ ਤਾਂਕਿ ਮੈਨੂੰ ਕੋਈ ਦੇਖੇ ਨਾ। ਪਰ ਕਈਆਂ ਨੇ ਮੈਨੂੰ ਪਛਾਣ ਲਿਆ ਕਿ ਮੈਂ ਛੋਟਾ ਹੁੰਦਾ ਮੀਟਿੰਗਾਂ ਤੇ ਆਉਂਦਾ ਸੀ। ਉਨ੍ਹਾਂ ਨੇ ਮੇਰਾ ਸੁਆਗਤ ਕੀਤਾ ਤੇ ਪਿਆਰ ਨਾਲ ਮੈਨੂੰ ਗਲ਼ੇ ਲਗਾ ਲਿਆ ਜਿਸ ਕਾਰਨ ਮੈਨੂੰ ਬਹੁਤ ਸਕੂਨ ਮਿਲਿਆ। ਮੈਨੂੰ ਇਵੇਂ ਲੱਗਾ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਿਆ ਸੀ। ਜਦੋਂ ਮੈਂ ਉਸ ਆਦਮੀ ਨੂੰ ਦੇਖਿਆ ਜਿਸ ਨੇ ਮੈਨੂੰ ਛੋਟੇ ਹੁੰਦਿਆਂ ਬਾਈਬਲ ਸਟੱਡੀ ਕਰਾਈ ਸੀ, ਤਾਂ ਮੈਂ ਉਸ ਨੂੰ ਦੁਬਾਰਾ ਆਪਣੇ ਨਾਲ ਸਟੱਡੀ ਕਰਨ ਲਈ ਪੁੱਛਿਆ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਇਕ ਦਿਨ ਮੈਂ ਕਹਾਉਤਾਂ 27:11 ਪੜ੍ਹਿਆ ਜਿੱਥੇ ਲਿਖਿਆ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ।” ਮੈਂ ਇਹ ਸੋਚ ਕੇ ਬੜਾ ਪ੍ਰਭਾਵਿਤ ਹੋਇਆ ਕਿ ਇਕ ਮਾਮੂਲੀ ਇਨਸਾਨ ਸਾਰੇ ਜਹਾਨ ਦੇ ਸ੍ਰਿਸ਼ਟੀਕਰਤਾ ਦੇ ਦਿਲ ਨੂੰ ਖ਼ੁਸ਼ ਕਰ ਸਕਦਾ ਹੈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਹੀ ਉਹ ਪਿਤਾ ਹੈ ਜਿਸ ਦੇ ਸਾਏ ਲਈ ਮੈਂ ਸਾਰੀ ਜ਼ਿੰਦਗੀ ਤਰਸਦਾ ਰਿਹਾ!

ਮੈਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਤੇ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ, ਪਰ ਮੈਂ ਕਈ ਸਾਲਾਂ ਤੋਂ ਡ੍ਰੱਗਜ਼ ਅਤੇ ਸ਼ਰਾਬ ਦਾ ਗ਼ੁਲਾਮ ਰਿਹਾ ਸੀ। ਮੈਨੂੰ ਮੱਤੀ 6:24 ਵਿਚ ਦਰਜ ਯਿਸੂ ਦੀ ਸਿੱਖਿਆ ਦਾ ਮਤਲਬ ਸਮਝ ਆ ਗਿਆ ਕਿ “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ।” ਜਦੋਂ ਮੈਂ ਤਬਦੀਲੀਆਂ ਕਰਨ ਲਈ ਜੱਦੋ-ਜਹਿਦ ਕਰ ਰਿਹਾ ਸੀ, ਤਾਂ 1 ਕੁਰਿੰਥੀਆਂ 15:33 ਵਿਚ ਦਰਜ ਸਿਧਾਂਤ ਦਾ ਮੇਰੇ ਉੱਤੇ ਗਹਿਰਾ ਅਸਰ ਪਿਆ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” ਮੈਨੂੰ ਅਹਿਸਾਸ ਹੋਇਆ ਕਿ ਮੈਂ ਬੁਰੀਆਂ ਆਦਤਾਂ ਉਦੋਂ ਤਕ ਨਹੀਂ ਛੱਡ ਸਕਦਾ ਜਦ ਤਕ ਮੈਂ ਉਨ੍ਹਾਂ ਥਾਵਾਂ ਤੇ ਜਾਣਾ ਅਤੇ ਲੋਕਾਂ ਨੂੰ ਮਿਲਣਾ ਨਹੀਂ ਛੱਡ ਦਿੰਦਾ ਜਿਨ੍ਹਾਂ ਨੂੰ ਮੈਂ ਮਿਲਦਾ ਹੁੰਦਾ ਸੀ। ਬਾਈਬਲ ਦੀ ਸਲਾਹ ਬਿਲਕੁਲ ਸਾਫ਼ ਸੀ: ਜਿਹੜੀਆਂ ਚੀਜ਼ਾਂ ਮੇਰੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਦੀਆਂ ਸਨ, ਉਨ੍ਹਾਂ ਤੋਂ ਦੂਰ ਰਹਿਣ ਲਈ ਮੈਨੂੰ ਆਪਣੇ ਨਾਲ ਸਖ਼ਤੀ ਵਰਤਣ ਦੀ ਲੋੜ ਸੀ।—ਮੱਤੀ 5:30.

ਸੰਗੀਤ ਨਾਲ ਮੇਰਾ ਇੰਨਾ ਲਗਾਅ ਹੋਣ ਕਰਕੇ ਹੈਵੀ-ਮੈਟਲ ਮਿਊਜ਼ਿਕ ਨੂੰ ਛੱਡਣਾ ਮੇਰੇ ਲਈ ਸਭ ਤੋਂ ਮੁਸ਼ਕਲ ਫ਼ੈਸਲਾ ਸੀ। ਪਰ ਮੰਡਲੀ ਵਿਚ ਮੇਰੇ ਦੋਸਤਾਂ ਦੀ ਮਦਦ ਨਾਲ ਮੈਂ ਇਹ ਫ਼ੈਸਲਾ ਕਰ ਸਕਿਆ। ਮੈਂ ਜ਼ਿਆਦਾ ਸ਼ਰਾਬ ਪੀਣੀ ਅਤੇ ਡ੍ਰੱਗਜ਼ ਲੈਣੇ ਛੱਡ ਦਿੱਤੇ। ਨਾਲੇ ਮੈਂ ਆਪਣੇ ਵਾਲ਼ਾਂ ਤੇ ਦਾੜ੍ਹੀ ਨੂੰ ਕਟਵਾ ਲਿਆ ਅਤੇ ਸਿਰਫ਼ ਕਾਲੇ ਕੱਪੜੇ ਪਾਉਣੇ ਛੱਡ ਦਿੱਤੇ। ਜਦੋਂ ਮੈਂ ਸੂਜ਼ਨ ਨੂੰ ਦੱਸਿਆ ਕਿ ਮੈਂ ਆਪਣੇ ਵਾਲ਼ ਕਟਵਾਉਣੇ ਚਾਹੁੰਦਾ ਸੀ, ਤਾਂ ਉਹ ਪਤਾ ਕਰਨਾ ਚਾਹੁੰਦੀ ਸੀ ਕਿ ਕਿਹੜੀ ਗੱਲ ਨੇ ਮੇਰੇ ਵਿਚ ਇਹ ਤਬਦੀਲੀ ਲਿਆਂਦੀ ਸੀ। ਉਸ ਨੇ ਕਿਹਾ: “ਮੈਂ ਵੀ ਜਾ ਕੇ ਦੇਖਣਾ ਚਾਹੁੰਦੀ ਹਾਂ ਕਿ ਕਿੰਗਡਮ ਹਾਲ ਵਿਚ ਕੀ-ਕੀ ਹੁੰਦਾ ਹੈ!” ਉੱਥੇ ਜਾ ਕੇ ਜੋ ਕੁਝ ਉਸ ਨੇ ਦੇਖਿਆ, ਉਸ ਨੂੰ ਬਹੁਤ ਚੰਗਾ ਲੱਗਾ ਅਤੇ ਬਹੁਤ ਜਲਦੀ ਉਹ ਵੀ ਬਾਈਬਲ ਸਟੱਡੀ ਕਰਨ ਲੱਗ ਪਈ। ਆਖ਼ਰ ਮੈਂ ਤੇ ਸੂਜ਼ਨ ਨੇ ਵਿਆਹ ਕਰਵਾ ਲਿਆ। 2008 ਵਿਚ ਅਸੀਂ ਦੋਵਾਂ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ। ਹੁਣ ਅਸੀਂ ਖ਼ੁਸ਼ੀ ਨਾਲ ਮੇਰੀ ਮਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਾਂ।

ਅੱਜ ਮੇਰੀ ਜ਼ਿੰਦਗੀ: ਮੈਂ ਉਸ ਦੁਨੀਆਂ ਵਿੱਚੋਂ ਨਿਕਲ ਆਇਆ ਜੋ ਝੂਠੀ ਖ਼ੁਸ਼ੀ ਦਿੰਦੀ ਹੈ ਅਤੇ ਧੋਖੇਬਾਜ਼ ਦੋਸਤਾਂ ਤੋਂ ਬਚ ਗਿਆ ਹਾਂ। ਸੰਗੀਤ ਨਾਲ ਹਾਲੇ ਵੀ ਮੇਰਾ ਲਗਾਅ ਹੈ, ਪਰ ਹੁਣ ਮੈਂ ਧਿਆਨ ਨਾਲ ਸੰਗੀਤ ਦੀ ਚੋਣ ਕਰਦਾ ਹਾਂ। ਮੈਂ ਆਪਣੇ ਤਜਰਬੇ ਦੱਸ ਕੇ ਪਰਿਵਾਰ ਦੇ ਜੀਆਂ ਤੇ ਹੋਰਨਾਂ ਦੀ ਮਦਦ ਕਰਦਾ ਹਾਂ, ਖ਼ਾਸ ਕਰਕੇ ਨੌਜਵਾਨਾਂ ਦੀ। ਮੈਂ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰਨੀ ਚਾਹੁੰਦਾ ਹਾਂ ਕਿ ਜੋ ਚੀਜ਼ਾਂ ਦੁਨੀਆਂ ਸਾਡੇ ਅੱਗੇ ਪੇਸ਼ ਕਰਦੀ ਹੈ ਉਹ ਭਾਵੇਂ ਸਾਨੂੰ ਬਹੁਤ ਸੋਹਣੀਆਂ ਲੱਗਣ, ਪਰ ਅਸਲ ਵਿਚ ਉਹ ਸਿਰਫ਼ “ਕੂੜੇ ਦਾ ਢੇਰ” ਹੀ ਹਨ।—ਫ਼ਿਲਿੱਪੀਆਂ 3:8.

ਮਸੀਹੀ ਮੰਡਲੀ ਵਿਚ ਮੈਨੂੰ ਸੱਚੇ ਦੋਸਤ ਮਿਲੇ ਹਨ। ਮੰਡਲੀ ਪਿਆਰ ਤੇ ਸ਼ਾਂਤੀ ਦਾ ਭਵਨ ਹੈ। ਸਭ ਤੋਂ ਜ਼ਿਆਦਾ ਖ਼ੁਸ਼ੀ ਮੈਨੂੰ ਇਸ ਗੱਲੋਂ ਮਿਲੀ ਹੈ ਕਿ ਯਹੋਵਾਹ ਦੇ ਨੇੜੇ ਜਾ ਕੇ ਮੈਨੂੰ ਪਿਤਾ ਦਾ ਸਾਇਆ ਮਿਲ ਗਿਆ ਹੈ ਜਿਸ ਲਈ ਮੈਂ ਤਰਸ ਰਿਹਾ ਸੀ। (w12-E 04/01)

[ਫੁਟਨੋਟ]

^ ਪੈਰਾ 14 ਇਹ ਲੇਖ 1 ਫਰਵਰੀ 2000 ਦੇ ਪਹਿਰਾਬੁਰਜ ਦੇ ਸਫ਼ੇ 4-6 ’ਤੇ ਆਇਆ ਸੀ ਜਿਸ ਦਾ ਵਿਸ਼ਾ ਸੀ “ਦ੍ਰਿੜ੍ਹਤਾ ਰਾਹੀਂ ਕਾਮਯਾਬੀ।”

[ਸਫ਼ਾ 29 ਉੱਤੇ ਸੁਰਖੀ]

“ਮੈਂ ਯਹੋਵਾਹ ਕੋਲ ਵਾਪਸ ਇਸ ਲਈ ਆ ਸਕਿਆ ਹਾਂ ਕਿਉਂਕਿ ਉਸ ਨੇ ਮੈਨੂੰ ਆਪਣੇ ਵੱਲ ਖਿੱਚਿਆ ਹੈ”