Skip to content

Skip to table of contents

“ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ”

“ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ”

“ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ”

“ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਸਿਰਫ਼ ਪੁੱਤਰ ਹੀ ਜਾਣਦਾ ਹੈ ਅਤੇ ਉਹੀ ਇਨਸਾਨ ਜਿਸ ਨੂੰ ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ।”—ਲੂਕਾ 10:22.

ਤੁਸੀਂ ਕੀ ਜਵਾਬ ਦਿਓਗੇ?

ਯਿਸੂ ਕੋਲ ਆਪਣੇ ਪਿਤਾ ਬਾਰੇ ਦੱਸਣ ਦੀ ਖ਼ਾਸ ਜ਼ਿੰਮੇਵਾਰੀ ਕਿਉਂ ਸੀ?

ਯਿਸੂ ਨੇ ਆਪਣੇ ਪਿਤਾ ਬਾਰੇ ਦੂਜਿਆਂ ਨੂੰ ਕਿਵੇਂ ਦੱਸਿਆ?

ਯਿਸੂ ਦੀ ਨਕਲ ਕਰ ਕੇ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਪਿਤਾ ਬਾਰੇ ਦੱਸ ਸਕਦੇ ਹੋ?

1, 2. ਬਹੁਤ ਸਾਰੇ ਲੋਕਾਂ ਨੂੰ ਕਿਸ ਸਵਾਲ ਦਾ ਜਵਾਬ ਦੇਣਾ ਔਖਾ ਲੱਗਦਾ ਹੈ ਤੇ ਕਿਉਂ?

‘ਰੱਬ ਕੌਣ ਹੈ?’ ਇਸ ਸਵਾਲ ਦਾ ਜਵਾਬ ਦੇਣਾ ਬਹੁਤ ਸਾਰੇ ਲੋਕਾਂ ਲਈ ਔਖਾ ਹੈ। ਕਈ ਲੋਕ ਕਹਿੰਦੇ ਹਨ ਕਿ ਰੱਬ ਇਕ ਸ਼ਕਤੀ ਹੈ, ਉਸ ਦਾ ਆਕਾਰ ਨਹੀਂ ਹੈ, ਉਹ ਸਰਬ-ਵਿਆਪਕ ਹੈ। ਹੋਰ ਕਹਿੰਦੇ ਹਨ ਕਿ ਉਸ ਦੇ ਅਨੇਕਾਂ ਰੂਪ ਹਨ। ਉਸ ਦਾ ਭੇਦ ਪਾਉਣਾ ਔਖਾ ਹੈ। ਦੂਸਰੇ ਪਾਸੇ ਕਈ ਲੋਕ ਮੰਨਦੇ ਹਨ ਕਿ ਰੱਬ ਹੈ ਹੀ ਨਹੀਂ। ਉਹ ਵਿਕਾਸਵਾਦ ’ਤੇ ਵਿਸ਼ਵਾਸ ਕਰਦੇ ਹਨ ਤੇ ਕਹਿੰਦੇ ਹਨ ਕਿ ਸਾਰੀ ਦੁਨੀਆਂ ਆਪਣੇ ਆਪ ਹੀ ਬਣੀ ਹੈ। ਵਿਕਾਸਵਾਦ ਦਾ ਸਿਧਾਂਤ ਬਣਾਉਣ ਵਾਲੇ ਚਾਰਲਜ਼ ਡਾਰਵਿਨ ਨੇ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਸੀ। ਉਸ ਨੇ ਕਿਹਾ ਕਿ ਰੱਬ ਨੂੰ ਪੂਰੀ ਤਰ੍ਹਾਂ ਸਮਝਣਾ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।

2 ਜ਼ਿਆਦਾਤਰ ਲੋਕ ਰੱਬ ਦੀ ਹੋਂਦ ਬਾਰੇ ਸਵਾਲ ਪੁੱਛਦੇ ਹਨ, ਉਹ ਭਾਵੇਂ ਜੋ ਵੀ ਵਿਸ਼ਵਾਸ ਕਰਦੇ ਹੋਣ। ਜਦੋਂ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਸਹੀ ਜਵਾਬ ਨਹੀਂ ਮਿਲਦੇ, ਤਾਂ ਉਹ ਰੱਬ ਦੀ ਭਾਲ ਕਰਨੀ ਛੱਡ ਦਿੰਦੇ ਹਨ। ਬਾਈਬਲ ਕਹਿੰਦੀ ਹੈ ਕਿ ਸ਼ੈਤਾਨ ਨੇ “ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ।” (2 ਕੁਰਿੰ. 4:4) ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਜ਼ਿਆਦਾਤਰ ਇਨਸਾਨ ਆਪਣੇ ਸ੍ਰਿਸ਼ਟੀਕਰਤਾ ਬਾਰੇ ਸੱਚਾਈ ਤੋਂ ਅਣਜਾਣ ਹਨ।—ਯਸਾ. 45:18.

3. (ੳ) ਸਾਨੂੰ ਸ੍ਰਿਸ਼ਟੀਕਰਤਾ ਬਾਰੇ ਕਿਸ ਨੇ ਦੱਸਿਆ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਵਿਚਾਰ ਕਰਾਂਗੇ?

3 ਪਰ ਇਹ ਜ਼ਰੂਰੀ ਹੈ ਕਿ ਲੋਕ ਰੱਬ ਬਾਰੇ ਸੱਚਾਈ ਜਾਣਨ। ਕਿਉਂ? ਕਿਉਂਕਿ ਜਿਹੜਾ “ਯਹੋਵਾਹ ਦਾ ਨਾਂ ਲੈਂਦਾ ਹੈ,” ਉਹੀ ਬਚਾਇਆ ਜਾਵੇਗਾ। (ਰੋਮੀ. 10:13) ਯਹੋਵਾਹ ਦਾ ਨਾਂ ਲੈਣ ਲਈ ਉਸ ਨੂੰ ਜਾਣਨਾ ਜ਼ਰੂਰੀ ਹੈ। ਯਿਸੂ ਮਸੀਹ ਨੇ ਆਪਣੇ ਪਿਤਾ ਯਹੋਵਾਹ ਨੂੰ ਜਾਣਨ ਵਿਚ ਆਪਣੇ ਚੇਲਿਆਂ ਦੀ ਮਦਦ ਕੀਤੀ। (ਲੂਕਾ 10:22 ਪੜ੍ਹੋ।) ਸਿਰਫ਼ ਯਿਸੂ ਹੀ ਪਿਤਾ ਬਾਰੇ ਕਿਉਂ ਦੱਸ ਸਕਦਾ ਸੀ? ਉਸ ਨੇ ਪਿਤਾ ਬਾਰੇ ਕਿਵੇਂ ਜਾਣਕਾਰੀ ਦਿੱਤੀ? ਅਸੀਂ ਦੂਜਿਆਂ ਨੂੰ ਰੱਬ ਬਾਰੇ ਦੱਸਣ ਵਿਚ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਵਿਚਾਰ ਕਰੀਏ।

ਪਿਤਾ-ਪੁੱਤਰ ਦਾ ਖ਼ਾਸ ਰਿਸ਼ਤਾ

4, 5. ਯਿਸੂ ਕੋਲ ਆਪਣੇ ਪਿਤਾ ਬਾਰੇ ਦੱਸਣ ਦੀ ਖ਼ਾਸ ਜ਼ਿੰਮੇਵਾਰੀ ਕਿਉਂ ਸੀ?

4 ਯਿਸੂ ਆਪਣੇ ਪਿਤਾ ਬਾਰੇ ਦੱਸਣ ਦੇ ਸਭ ਤੋਂ ਕਾਬਲ ਸੀ। ਕਿਉਂ? ਕਿਉਂਕਿ ਸਵਰਗੀ ਦੂਤ ਤੇ ਧਰਤੀ ’ਤੇ ਇਨਸਾਨ ਬਣਾਏ ਜਾਣ ਤੋਂ ਪਹਿਲਾਂ ਯਿਸੂ ਨੂੰ ਬਣਾਇਆ ਗਿਆ ਸੀ। ਉਸ ਨੂੰ ‘ਪਰਮੇਸ਼ੁਰ ਦਾ ਇਕਲੌਤਾ ਪੁੱਤਰ’ ਕਿਹਾ ਗਿਆ ਹੈ ਜੋ ਬਾਅਦ ਵਿਚ ਧਰਤੀ ’ਤੇ ਇਨਸਾਨ ਦੇ ਤੌਰ ਤੇ ਆਇਆ ਸੀ। (ਯੂਹੰ. 1:14; 3:18) ਜਦੋਂ ਕੁਝ ਵੀ ਨਹੀਂ ਬਣਾਇਆ ਗਿਆ ਸੀ, ਉਦੋਂ ਤੋਂ ਯਿਸੂ ਨੇ ਆਪਣੇ ਪਿਤਾ ਦੇ ਸਾਥ ਦਾ ਆਨੰਦ ਮਾਣਿਆ। ਉਸ ਨੇ ਪਿਤਾ ਬਾਰੇ ਤੇ ਉਸ ਦੇ ਗੁਣਾਂ ਬਾਰੇ ਸਿੱਖਿਆ। ਪਿਤਾ ਤੇ ਪੁੱਤਰ ਨੇ ਲੱਖਾਂ-ਕਰੋੜਾਂ ਸਾਲ ਇਕ-ਦੂਜੇ ਨਾਲ ਗੱਲਾਂ ਕੀਤੀਆਂ ਹੋਣੀਆਂ ਤੇ ਇਸ ਤਰ੍ਹਾਂ ਉਨ੍ਹਾਂ ਵਿਚ ਪਿਆਰ-ਭਰਿਆ ਰਿਸ਼ਤਾ ਬਣਿਆ। (ਯੂਹੰ. 5:20; 14:31) ਜ਼ਰਾ ਸੋਚੋ, ਯਿਸੂ ਨੇ ਆਪਣੇ ਪਿਤਾ ਬਾਰੇ ਕਿੰਨਾ ਕੁਝ ਸਿੱਖਿਆ ਹੋਣਾ!—ਕੁਲੁੱਸੀਆਂ 1:15-17 ਪੜ੍ਹੋ।

5 ਬਾਈਬਲ ਵਿਚ ਯਿਸੂ ਨੂੰ “ਪਰਮੇਸ਼ੁਰ ਦਾ ਸ਼ਬਦ” ਕਿਹਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਆਪਣਾ ਬੁਲਾਰਾ ਬਣਾਇਆ ਹੈ। (ਪ੍ਰਕਾ. 19:13) ਇਸ ਲਈ ਯਿਸੂ ਨੂੰ ਆਪਣੇ ਪਿਤਾ ਬਾਰੇ ਦੱਸਣ ਦੀ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਸੀ। ਯਿਸੂ ਬਾਰੇ ਯੂਹੰਨਾ ਨੇ ਲਿਖਦੇ ਹੋਏ ਕਿਹਾ ਕਿ “ਸ਼ਬਦ” “ਪਿਤਾ ਦੇ ਸਭ ਤੋਂ ਕਰੀਬ” ਸੀ। (ਯੂਹੰ. 1:1, 18) ਇੱਥੇ ਯੂਨਾਨੀ ਸ਼ਬਦਾਂ ਦਾ ਮਤਲਬ ਹੈ “ਹਿੱਕ ਨਾਲ ਲੱਗ ਕੇ ਬੈਠਣਾ।” ਇਨ੍ਹਾਂ ਸ਼ਬਦਾਂ ਨੂੰ ਵਰਤ ਕੇ ਯੂਹੰਨਾ ਨੇ ਖਾਣੇ ਸਮੇਂ ਦੇ ਇਕ ਰਿਵਾਜ ਵੱਲ ਇਸ਼ਾਰਾ ਕੀਤਾ। ਉਸ ਸਮੇਂ ਇਜ਼ਰਾਈਲੀ ਜਦੋਂ ਮੇਜ਼ ਦੁਆਲੇ ਬੈਠ ਕੇ ਖਾਣਾ ਖਾਂਦੇ ਹੁੰਦੇ ਸਨ, ਤਾਂ ਉਹ ਖੱਬੀ ਬਾਂਹ ਜਾਂ ਕੂਹਣੀ ਦੇ ਭਾਰ ਅੱਧੇ ਲੇਟ ਕੇ ਬੈਠਦੇ ਸਨ। ਹਰ ਮਹਿਮਾਨ ਦਾ ਸਿਰ ਉਸ ਦੇ ਪਿੱਛੇ ਬੈਠੇ ਮਹਿਮਾਨ ਦੀ ਹਿੱਕ ਦੇ ਨੇੜੇ ਹੁੰਦਾ ਸੀ ਜਿਸ ਕਰਕੇ ਉਹ ਆਸਾਨੀ ਨਾਲ ਇਕ-ਦੂਜੇ ਨਾਲ ਗੱਲ ਕਰ ਸਕਦੇ ਸਨ। ਸੋ ਪੁੱਤਰ ਆਪਣੇ ਪਿਤਾ ਦੇ “ਸਭ ਤੋਂ ਕਰੀਬ” ਹੋਣ ਕਰਕੇ ਉਸ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦਾ ਸੀ।

6, 7. ਪਿਤਾ-ਪੁੱਤਰ ਦਾ ਰਿਸ਼ਤਾ ਕਿਵੇਂ ਵਧਦਾ ਗਿਆ?

6 ਪਿਤਾ-ਪੁੱਤਰ ਦਾ ਰਿਸ਼ਤਾ ਦਿਨ-ਬਦਿਨ ਵਧਦਾ ਗਿਆ ਅਤੇ ਪਿਤਾ ਆਪਣੇ ਇਸ ਪੁੱਤਰ ਨੂੰ ਖ਼ਾਸ ਤੌਰ ਤੇ ਪਿਆਰ ਕਰਦਾ ਸੀ। (ਕਹਾ. 8:30, 31) ਜਿੱਦਾਂ-ਜਿੱਦਾਂ ਉਹ ਇਕੱਠੇ ਕੰਮ ਕਰਦੇ ਗਏ, ਉੱਦਾਂ-ਉੱਦਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਗਿਆ। ਯਿਸੂ ਨੇ ਆਪਣੇ ਪਿਤਾ ਦੇ ਗੁਣ ਆਪਣੇ ਅੰਦਰ ਵੀ ਪੈਦਾ ਕੀਤੇ। ਜਦੋਂ ਯਹੋਵਾਹ ਨੇ ਹੋਰਨਾਂ ਨੂੰ ਬਣਾਇਆ ਜਿਹੜੇ ਉਸ ਦੀ ਭਗਤੀ ਕਰ ਸਕਦੇ ਸਨ, ਤਾਂ ਪੁੱਤਰ ਨੇ ਦੇਖਿਆ ਕਿ ਯਹੋਵਾਹ ਹਰ ਇਕ ਨਾਲ ਕਿਵੇਂ ਪੇਸ਼ ਆਇਆ ਤੇ ਪਰਮੇਸ਼ੁਰ ਦੇ ਗੁਣਾਂ ਲਈ ਉਸ ਦੀ ਕਦਰ ਹੋਰ ਵਧੀ।

7 ਜਦੋਂ ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ’ਤੇ ਸਵਾਲ ਖੜ੍ਹਾ ਕੀਤਾ, ਉਦੋਂ ਯਹੋਵਾਹ ਨੇ ਜਿਸ ਤਰੀਕੇ ਨਾਲ ਇਸ ਮਸਲੇ ਨੂੰ ਨਜਿੱਠਿਆ, ਉਸ ਤੋਂ ਪੁੱਤਰ ਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਔਖੇ ਹਾਲਾਤਾਂ ਵਿਚ ਪਰਮੇਸ਼ੁਰ ਪਿਆਰ, ਨਿਆਂ, ਬੁੱਧ ਤੇ ਸ਼ਕਤੀ ਦੇ ਗੁਣ ਕਿਵੇਂ ਦਿਖਾਵੇਗਾ। ਇਸ ਲਈ ਜਦੋਂ ਯਿਸੂ ਧਰਤੀ ’ਤੇ ਸੇਵਕਾਈ ਕਰਨ ਆਇਆ, ਤਾਂ ਉਸ ਨੂੰ ਪਤਾ ਸੀ ਕਿ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦਾ ਸੀ।—ਯੂਹੰ. 5:19.

8. ਬਾਈਬਲ ਪਰਮੇਸ਼ੁਰ ਦੇ ਗੁਣਾਂ ਨੂੰ ਸਮਝਣ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ?

8 ਯਹੋਵਾਹ ਦੇ ਇੰਨਾ ਨੇੜੇ ਹੋਣ ਕਰਕੇ ਯਿਸੂ ਆਪਣੇ ਪਿਤਾ ਬਾਰੇ ਉਹ ਗੱਲਾਂ ਦੱਸ ਸਕਿਆ ਜੋ ਹੋਰ ਕੋਈ ਨਹੀਂ ਦੱਸ ਸਕਦਾ ਸੀ। ਪਿਤਾ ਬਾਰੇ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਸ ਦੇ ਇਕਲੌਤੇ ਪੁੱਤਰ ਦੀਆਂ ਸਿੱਖਿਆਵਾਂ ਤੇ ਕੰਮਾਂ ਬਾਰੇ ਜਾਣੀਏ। ਮਿਸਾਲ ਲਈ, ਜ਼ਰਾ ਇਸ ਬਾਰੇ ਸੋਚੋ ਕਿ ਜੇ ਅਸੀਂ “ਪਿਆਰ” ਦਾ ਮਤਲਬ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਾਂ, ਤਾਂ ਡਿਕਸ਼ਨਰੀ ਵਿੱਚੋਂ ਇਸ ਦਾ ਅਰਥ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਪਰ ਜਦੋਂ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਯਿਸੂ ਨੇ ਆਪਣੀ ਸੇਵਕਾਈ ਦੌਰਾਨ ਲੋਕਾਂ ਦਾ ਕਿੰਨਾ ਧਿਆਨ ਰੱਖਿਆ ਸੀ, ਤਾਂ ਅਸੀਂ ਇਹ ਗੱਲ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8, 16) ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਹੋਰ ਗੁਣਾਂ ਬਾਰੇ ਵੀ ਇਸੇ ਤਰ੍ਹਾਂ ਸਿਖਾਇਆ।

ਯਿਸੂ ਨੇ ਆਪਣੇ ਪਿਤਾ ਬਾਰੇ ਕਿਵੇਂ ਦੱਸਿਆ

9. (ੳ) ਯਿਸੂ ਨੇ ਕਿਨ੍ਹਾਂ ਦੋ ਤਰੀਕਿਆਂ ਨਾਲ ਆਪਣੇ ਪਿਤਾ ਬਾਰੇ ਸਿਖਾਇਆ? (ਅ) ਯਿਸੂ ਦੀ ਇਕ ਸਿੱਖਿਆ ਦੀ ਮਿਸਾਲ ਦਿਓ ਜਿਸ ਰਾਹੀਂ ਉਸ ਨੇ ਆਪਣੇ ਪਿਤਾ ਬਾਰੇ ਸਿਖਾਇਆ।

9 ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਬਾਰੇ ਕਿਵੇਂ ਸਿਖਾਇਆ? ਉਸ ਨੇ ਇਹ ਦੋ ਤਰੀਕਿਆਂ ਨਾਲ ਕੀਤਾ। ਪਹਿਲਾ ਆਪਣੀਆਂ ਸਿੱਖਿਆਵਾਂ ਰਾਹੀਂ ਤੇ ਦੂਜਾ ਆਪਣੇ ਵਿਵਹਾਰ ਰਾਹੀਂ। ਆਓ ਪਹਿਲਾਂ ਆਪਾਂ ਉਸ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਈਏ। ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਵੀ ਸਿਖਾਇਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਿਤਾ ਦੇ ਵਿਚਾਰਾਂ, ਭਾਵਨਾਵਾਂ ਤੇ ਕੰਮ ਕਰਨ ਦੇ ਤਰੀਕਿਆਂ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦਾ ਸੀ। ਮਿਸਾਲ ਲਈ, ਯਿਸੂ ਨੇ ਆਪਣੇ ਪਿਤਾ ਦੀ ਤੁਲਨਾ ਇਕ ਚਰਵਾਹੇ ਨਾਲ ਕੀਤੀ ਜੋ ਆਪਣੀ ਗੁਆਚੀ ਭੇਡ ਨੂੰ ਲੱਭਣ ਜਾਂਦਾ ਹੈ। ਯਿਸੂ ਨੇ ਕਿਹਾ ਕਿ ਜਦੋਂ ਚਰਵਾਹੇ ਨੂੰ ਭੇਡ ਲੱਭ ਜਾਂਦੀ ਹੈ, ਤਾਂ “ਉਸ ਨੂੰ ਉਨ੍ਹਾਂ ਨੜ੍ਹਿੰਨਵੇਂ ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ ਇੰਨੀ ਖ਼ੁਸ਼ੀ ਨਹੀਂ ਹੋਵੇਗੀ, ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ।” ਇਸ ਮਿਸਾਲ ਨਾਲ ਯਿਸੂ ਆਪਣੇ ਪਿਤਾ ਬਾਰੇ ਕੀ ਸਿਖਾ ਰਿਹਾ ਸੀ? ਯਿਸੂ ਨੇ ਦੱਸਿਆ: “ਇਸੇ ਤਰ੍ਹਾਂ, ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।” (ਮੱਤੀ 18:12-14) ਅਸੀਂ ਇਸ ਮਿਸਾਲ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ? ਭਾਵੇਂ ਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਕੁਝ ਵੀ ਨਹੀਂ ਹਾਂ ਜਾਂ ਸਾਨੂੰ ਕੋਈ ਪਿਆਰ ਨਹੀਂ ਕਰਦਾ, ਪਰ ਯਾਦ ਰੱਖੋ ਕਿ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਕਰਦਾ ਹੈ ਤੇ ਸਾਡੀ ਪਰਵਾਹ ਕਰਦਾ ਹੈ। ਉਸ ਦੀਆਂ ਅੱਖਾਂ ਵਿਚ ਅਸੀਂ “ਇਨ੍ਹਾਂ ਨਿਮਾਣਿਆਂ” ਵਿੱਚੋਂ ਇਕ ਹਾਂ।

10. ਯਿਸੂ ਨੇ ਆਪਣੇ ਵਿਵਹਾਰ ਰਾਹੀਂ ਆਪਣੇ ਪਿਤਾ ਬਾਰੇ ਕਿਵੇਂ ਸਿਖਾਇਆ?

10 ਯਿਸੂ ਨੇ ਆਪਣੇ ਵਿਵਹਾਰ ਰਾਹੀਂ ਵੀ ਆਪਣੇ ਚੇਲਿਆਂ ਨੂੰ ਆਪਣੇ ਪਿਤਾ ਬਾਰੇ ਸਿਖਾਇਆ। ਸੋ ਜਦੋਂ ਫ਼ਿਲਿੱਪੁਸ ਰਸੂਲ ਨੇ ਯਿਸੂ ਨੂੰ ਕਿਹਾ: “ਸਾਨੂੰ ਪਿਤਾ ਦੇ ਦਰਸ਼ਣ ਕਰਾ,” ਤਾਂ ਯਿਸੂ ਨੇ ਉਸ ਨੂੰ ਕਿਹਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ. 14:8, 9) ਕੁਝ ਉਦਾਹਰਣਾਂ ’ਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਆਪਣੇ ਪਿਤਾ ਦੇ ਗੁਣਾਂ ਨੂੰ ਕਿਵੇਂ ਜ਼ਾਹਰ ਕੀਤਾ। ਜਦੋਂ ਇਕ ਕੌੜੀ ਨੇ ਯਿਸੂ ਨੂੰ ਠੀਕ ਕਰਨ ਲਈ ਮਿੰਨਤ ਕੀਤੀ, ਤਾਂ ਯਿਸੂ ਨੇ ਉਸ ਨੂੰ ਛੋਹਿਆ ਜੋ “ਕੋੜ੍ਹ ਨਾਲ ਭਰਿਆ ਹੋਇਆ ਸੀ” ਤੇ ਉਸ ਨੂੰ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾਹ।” ਸ਼ੁੱਧ ਹੋਇਆ ਕੌੜੀ ਜਾਣਦਾ ਸੀ ਕਿ ਯਹੋਵਾਹ ਨੇ ਯਿਸੂ ਨੂੰ ਠੀਕ ਕਰਨ ਦੀ ਤਾਕਤ ਦਿੱਤੀ ਸੀ। (ਲੂਕਾ 5:12, 13) ਲਾਜ਼ਰ ਦੀ ਮੌਤ ਦੇ ਵੇਲੇ “ਉਸ ਦਾ ਵੀ ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ” ਤੇ “ਰੋਣ ਲੱਗ ਪਿਆ।” ਭਾਵੇਂ ਕਿ ਯਿਸੂ ਨੂੰ ਪਤਾ ਸੀ ਕਿ ਉਸ ਨੇ ਲਾਜ਼ਰ ਨੂੰ ਜੀਉਂਦਾ ਕਰ ਦੇਣਾ ਸੀ, ਪਰ ਉਸ ਨੇ ਲਾਜ਼ਰ ਦੇ ਪਰਿਵਾਰ ਤੇ ਦੋਸਤਾਂ ਦੇ ਦੁੱਖ ਨੂੰ ਸਮਝਿਆ। ਇਸ ਤੋਂ ਉਸ ਦੇ ਚੇਲਿਆਂ ਨੇ ਦੇਖਿਆ ਹੋਣਾ ਕਿ ਉਸ ਦਾ ਪਿਤਾ ਵੀ ਕਿੰਨਾ ਰਹਿਮਦਿਲ ਹੈ। (ਯੂਹੰ. 11:32-35, 40-43) ਤੁਹਾਨੂੰ ਵੀ ਜ਼ਰੂਰ ਬਾਈਬਲ ਦੇ ਕੁਝ ਬਿਰਤਾਂਤ ਪਸੰਦ ਹੋਣਗੇ ਜਿਨ੍ਹਾਂ ਵਿਚ ਯਿਸੂ ਦੇ ਦਇਆ-ਭਰੇ ਕੰਮਾਂ ਬਾਰੇ ਦੱਸਿਆ ਗਿਆ ਹੈ ਅਤੇ ਇਨ੍ਹਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਕਿੰਨਾ ਦਇਆਵਾਨ ਹੈ।

11. (ੳ) ਯਿਸੂ ਨੇ ਮੰਦਰ ਨੂੰ ਸਾਫ਼ ਕਰਨ ਲਈ ਜੋ ਕੀਤਾ, ਉਸ ਤੋਂ ਅਸੀਂ ਉਸ ਦੇ ਪਿਤਾ ਬਾਰੇ ਕੀ ਸਿੱਖਦੇ ਹਾਂ? (ਅ) ਇਸ ਬਿਰਤਾਂਤ ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ?

11 ਹੁਣ ਜ਼ਰਾ ਇਸ ਸੀਨ ਦੀ ਕਲਪਨਾ ਕਰੋ: ਯਿਸੂ ਨੇ ਰੱਸੀ ਦਾ ਕੋਰੜਾ ਬਣਾਇਆ ਤੇ ਉਸ ਨੇ ਪਸ਼ੂਆਂ ਤੇ ਭੇਡਾਂ ਵੇਚਣ ਵਾਲਿਆਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਪੈਸੇ ਖਿਲਾਰ ਦਿੱਤੇ ਤੇ ਉਨ੍ਹਾਂ ਦੇ ਮੇਜ਼ ਉਲਟਾ ਦਿੱਤੇ। ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ? ਉਸ ਨੇ ਦਲੇਰੀ ਨਾਲ ਜੋ ਵੀ ਕੀਤਾ, ਉਸ ਤੋਂ ਉਸ ਦੇ ਚੇਲਿਆਂ ਨੂੰ ਰਾਜਾ ਦਾਊਦ ਦੇ ਇਹ ਸ਼ਬਦ ਯਾਦ ਆਏ ਕਿ “ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ।” (ਯੂਹੰ. 2:13-17; ਜ਼ਬੂ. 69:9) ਇਹ ਸਖ਼ਤ ਕਦਮ ਚੁੱਕ ਕੇ ਯਿਸੂ ਨੇ ਦਿਖਾਇਆ ਕਿ ਉਸ ਦੇ ਅੰਦਰ ਸੱਚੀ ਭਗਤੀ ਲਈ ਕਿੰਨਾ ਜੋਸ਼ ਹੈ। ਕੀ ਇਸ ਬਿਰਤਾਂਤ ਤੋਂ ਤੁਸੀਂ ਯਹੋਵਾਹ ਬਾਰੇ ਕੁਝ ਸਿੱਖਦੇ ਹੋ? ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕੋਲ ਬੁਰਾਈ ਖ਼ਤਮ ਕਰਨ ਦੀ ਅਸੀਮ ਤਾਕਤ ਹੀ ਨਹੀਂ ਹੈ, ਸਗੋਂ ਉਸ ਦੀ ਇਹ ਦਿਲੀ ਇੱਛਾ ਵੀ ਹੈ ਕਿ ਉਹ ਬੁਰਾਈ ਨੂੰ ਧਰਤੀ ਤੋਂ ਖ਼ਤਮ ਕਰੇ। ਬੁਰਾਈ ਵਿਰੁੱਧ ਯਿਸੂ ਨੇ ਜੋ ਕੀਤਾ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਧਰਤੀ ’ਤੇ ਫੈਲੀ ਦੁਸ਼ਟਤਾ ਬਾਰੇ ਉਸ ਦਾ ਪਿਤਾ ਕਿਵੇਂ ਮਹਿਸੂਸ ਕਰਦਾ ਹੈ। ਅਨਿਆਂ ਦਾ ਸਾਮ੍ਹਣਾ ਕਰਦੇ ਹੋਏ ਸਾਨੂੰ ਇਸ ਤੋਂ ਕਿੰਨਾ ਹੌਸਲਾ ਮਿਲਦਾ ਹੈ!

12, 13. ਯਿਸੂ ਨੇ ਜਿਸ ਤਰੀਕੇ ਨਾਲ ਆਪਣੇ ਚੇਲਿਆਂ ਦੀ ਮਦਦ ਕੀਤੀ ਸੀ, ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?

12 ਆਓ ਅਸੀਂ ਇਕ ਹੋਰ ਮਿਸਾਲ ’ਤੇ ਗੌਰ ਕਰੀਏ। ਯਿਸੂ ਦੇ ਚੇਲੇ ਹਮੇਸ਼ਾ ਇਸ ਗੱਲ ’ਤੇ ਬਹਿਸ ਕਰਦੇ ਰਹਿੰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। (ਮਰ. 9:33-35; 10:43; ਲੂਕਾ 9:46) ਆਪਣੇ ਪਿਤਾ ਨਾਲ ਬਹੁਤ ਸਮਾਂ ਗੁਜ਼ਾਰਨ ਕਰਕੇ ਉਸ ਨੂੰ ਪਤਾ ਸੀ ਕਿ ਉਸ ਦਾ ਪਿਤਾ ਘਮੰਡ ਬਾਰੇ ਕੀ ਸੋਚਦਾ ਹੈ। (2 ਸਮੂ. 22:28; ਜ਼ਬੂ. 138:6) ਇਸ ਤੋਂ ਇਲਾਵਾ, ਯਿਸੂ ਨੇ ਦੇਖਿਆ ਸੀ ਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਸ਼ੈਤਾਨ ਦੇ ਅੰਦਰ ਹਨ। ਸ਼ੈਤਾਨ ਹੰਕਾਰੀ ਹੈ ਜੋ ਸਿਰਫ਼ ਆਪਣੇ ਬਾਰੇ ਤੇ ਆਪਣੇ ਰੁਤਬੇ ਬਾਰੇ ਹੀ ਸੋਚਦਾ ਰਹਿੰਦਾ ਹੈ। ਯਿਸੂ ਨੂੰ ਇਹ ਦੇਖ ਕੇ ਕਿੰਨਾ ਦੁੱਖ ਹੋਇਆ ਹੋਣਾ ਕਿ ਇੰਨਾ ਸਿਖਾਉਣ ਦੇ ਬਾਵਜੂਦ ਵੀ ਉਸ ਦੇ ਆਪਣੇ ਚੇਲਿਆਂ ਵਿਚ ਵੱਡੇ ਬਣਨ ਦੀ ਇੱਛਾ ਸੀ। ਇਹ ਇੱਛਾ ਉਸ ਦੇ ਚੁਣੇ ਹੋਏ ਰਸੂਲਾਂ ਵਿਚ ਵੀ ਸੀ। ਧਰਤੀ ’ਤੇ ਯਿਸੂ ਦੇ ਆਖ਼ਰੀ ਦਿਨ ਤਕ ਵੀ ਉਹ ਇਸ ਗੱਲ ’ਤੇ ਝਗੜਦੇ ਰਹੇ। (ਲੂਕਾ 22:24-27) ਯਿਸੂ ਉਨ੍ਹਾਂ ਨੂੰ ਪਿਆਰ ਨਾਲ ਸੁਧਾਰਦਾ ਰਿਹਾ। ਉਸ ਨੇ ਕਦੀ ਵੀ ਇਹ ਆਸ ਨਹੀਂ ਛੱਡੀ ਕਿ ਉਸ ਦੇ ਚੇਲੇ ਉਸ ਵਾਂਗ ਆਪਣੇ ਵਿਚ ਨਿਮਰਤਾ ਦਾ ਗੁਣ ਪੈਦਾ ਕਰਨਗੇ।—ਫ਼ਿਲਿ. 2:5-8.

13 ਯਿਸੂ ਨੇ ਧੀਰਜ ਨਾਲ ਜਿਸ ਤਰ੍ਹਾਂ ਆਪਣੇ ਚੇਲਿਆਂ ਦੇ ਗ਼ਲਤ ਰਵੱਈਏ ਨੂੰ ਸੁਧਾਰਿਆ, ਉਸ ਤੋਂ ਅਸੀਂ ਪਿਤਾ ਬਾਰੇ ਕੀ ਸਿੱਖ ਸਕਦੇ ਹਾਂ? ਕੀ ਅਸੀਂ ਯਿਸੂ ਦੇ ਕੰਮਾਂ ਤੇ ਸ਼ਬਦਾਂ ਤੋਂ ਦੇਖ ਸਕਦੇ ਹਾਂ ਕਿ ਪਿਤਾ ਆਪਣੇ ਲੋਕਾਂ ਨੂੰ ਵਾਰ-ਵਾਰ ਗ਼ਲਤੀਆਂ ਕਰਨ ਦੇ ਬਾਵਜੂਦ ਵੀ ਨਹੀਂ ਛੱਡਦਾ? ਪਰਮੇਸ਼ੁਰ ਦੇ ਇਨ੍ਹਾਂ ਗੁਣਾਂ ਕਰਕੇ ਕੀ ਸਾਨੂੰ ਆਪਣੀਆਂ ਗ਼ਲਤੀਆਂ ਤੋਂ ਤੋਬਾ ਕਰਨ ਅਤੇ ਪ੍ਰਾਰਥਨਾ ਕਰ ਕੇ ਉਸ ਤੋਂ ਮਾਫ਼ੀ ਮੰਗਣ ਦੀ ਹੱਲਾਸ਼ੇਰੀ ਨਹੀਂ ਮਿਲਦੀ ਹੈ?

ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਸੀ

14. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਸੀ?

14 ਕੁਝ ਰਾਜੇ ਲੋਕਾਂ ਨੂੰ ਆਪਣੇ ਹੇਠਾਂ ਰੱਖਣਾ ਚਾਹੁੰਦੇ ਹਨ, ਇਸ ਲਈ ਉਹ ਉਨ੍ਹਾਂ ਨੂੰ ਜਾਣਕਾਰੀ ਨਾ ਦੇ ਕੇ ਅਨ੍ਹੇਰੇ ਵਿਚ ਰੱਖਦੇ ਹਨ। ਇਸ ਦੇ ਉਲਟ, ਯਿਸੂ ਨੂੰ ਆਪਣੇ ਪਿਤਾ ਬਾਰੇ ਜੋ ਪਤਾ ਸੀ ਉਹ ਦੂਜਿਆਂ ਨੂੰ ਦੱਸਣਾ ਚਾਹੁੰਦਾ ਸੀ। (ਮੱਤੀ 11:27 ਪੜ੍ਹੋ।) ਇਸ ਦੇ ਨਾਲ-ਨਾਲ ਉਸ ਨੇ ਆਪਣੇ ਚੇਲਿਆਂ ਨੂੰ ‘ਸਮਝ ਬਖ਼ਸ਼ੀ ਤਾਂਕਿ ਉਹ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕਣ।’ (1 ਯੂਹੰ. 5:20) ਯਿਸੂ ਨੇ ਆਪਣੇ ਚੇਲਿਆਂ ਦੇ ਮਨਾਂ ਨੂੰ ਖੋਲ੍ਹਿਆ ਜਿਸ ਕਰਕੇ ਉਹ ਉਸ ਦੇ ਪਿਤਾ ਬਾਰੇ ਉਸ ਦੀਆਂ ਸਿੱਖਿਆਵਾਂ ਨੂੰ ਸਮਝ ਸਕੇ। ਉਸ ਨੇ ਇਹ ਨਹੀਂ ਕਿਹਾ ਕਿ ਕੋਈ ਉਸ ਦੇ ਪਿਤਾ ਬਾਰੇ ਜਾਣ ਨਹੀਂ ਸਕਦਾ।

15. ਯਿਸੂ ਨੇ ਆਪਣੇ ਪਿਤਾ ਬਾਰੇ ਕਈ ਗੱਲਾਂ ਕਿਉਂ ਨਹੀਂ ਦੱਸੀਆਂ?

15 ਕੀ ਯਿਸੂ ਨੇ ਆਪਣੇ ਪਿਤਾ ਬਾਰੇ ਸਾਰਾ ਕੁਝ ਦੱਸਿਆ ਜੋ ਉਹ ਜਾਣਦਾ ਸੀ? ਨਹੀਂ, ਉਸ ਨੇ ਆਪਣੇ ਪਿਤਾ ਬਾਰੇ ਕਈ ਗੱਲਾਂ ਨਹੀਂ ਦੱਸੀਆਂ। (ਯੂਹੰਨਾ 16:12 ਪੜ੍ਹੋ।) ਕਿਉਂ? ਕਿਉਂਕਿ ਉਸ ਸਮੇਂ ਉਸ ਦੇ ਚੇਲੇ ਸਾਰੀਆਂ ਗੱਲਾਂ “ਸਮਝ ਨਹੀਂ ਸਕਦੇ” ਸਨ। ਪਰ ਯਿਸੂ ਨੇ ਦੱਸਿਆ ਸੀ ਕਿ “ਮਦਦਗਾਰ” ਯਾਨੀ ਪਵਿੱਤਰ ਸ਼ਕਤੀ “ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ” ਵਿਚ ਉਨ੍ਹਾਂ ਦੀ ਮਦਦ ਕਰੇਗੀ। (ਯੂਹੰ. 16:7, 13) ਜਿਵੇਂ ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਕੁਝ ਗੱਲਾਂ ਉਦੋਂ ਤਕ ਨਹੀਂ ਦੱਸਦੇ ਜਦੋਂ ਤਕ ਉਹ ਉਨ੍ਹਾਂ ਨੂੰ ਸਮਝਣ ਦੇ ਕਾਬਲ ਨਹੀਂ ਬਣ ਜਾਂਦੇ, ਉਵੇਂ ਹੀ ਯਿਸੂ ਨੇ ਉਸ ਸਮੇਂ ਤਕ ਇੰਤਜ਼ਾਰ ਕੀਤਾ ਜਦੋਂ ਤਕ ਉਸ ਦੇ ਚੇਲੇ ਪਿਤਾ ਬਾਰੇ ਕਈ ਗੱਲਾਂ ਸਮਝਣ ਦੇ ਕਾਬਲ ਨਹੀਂ ਹੋ ਗਏ। ਯਿਸੂ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਦੇ ਚੇਲੇ ਉਸ ਸਮੇਂ ਸਾਰੀਆਂ ਗੱਲਾਂ ਨਹੀਂ ਸਮਝ ਸਕਦੇ ਸਨ।

ਯਿਸੂ ਦੀ ਰੀਸ ਕਰੋ

16, 17. ਅਸੀਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਕਿਉਂ ਦੱਸ ਸਕਦੇ ਹਾਂ?

16 ਜਦੋਂ ਤੁਸੀਂ ਕਿਸੇ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪੈਂਦੇ ਹੋ ਤੇ ਉਸ ਦੇ ਗੁਣਾਂ ਦੀ ਕਦਰ ਕਰਦੇ ਹੋ, ਤਾਂ ਕੀ ਤੁਸੀਂ ਉਸ ਬਾਰੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ? ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਪਿਤਾ ਬਾਰੇ ਦੱਸਿਆ। (ਯੂਹੰ. 17:25, 26) ਕੀ ਅਸੀਂ ਵੀ ਉਸ ਦੀ ਨਕਲ ਕਰਦੇ ਹੋਏ ਦੂਜਿਆਂ ਨੂੰ ਯਹੋਵਾਹ ਬਾਰੇ ਦੱਸ ਸਕਦੇ ਹਾਂ?

17 ਜਿੱਦਾਂ ਅਸੀਂ ਦੇਖਿਆ ਹੈ, ਯਿਸੂ ਆਪਣੇ ਪਿਤਾ ਬਾਰੇ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਜਾਣਦਾ ਸੀ। ਉਹ ਕੁਝ ਗੱਲਾਂ ਦੂਜਿਆਂ ਨੂੰ ਦੱਸਣ ਲਈ ਤਿਆਰ ਸੀ। ਪਰਮੇਸ਼ੁਰ ਦੇ ਗੁਣਾਂ ਨੂੰ ਸਮਝਣ ਵਿਚ ਮਦਦ ਕਰਨ ਲਈ ਉਸ ਨੇ ਆਪਣੇ ਚੇਲਿਆਂ ਦੇ ਮਨਾਂ ਨੂੰ ਵੀ ਖੋਲ੍ਹਿਆ। ਯਿਸੂ ਦੀ ਮਦਦ ਨਾਲ ਅਸੀਂ ਪਿਤਾ ਬਾਰੇ ਬਹੁਤ ਸਾਰੀਆਂ ਗੱਲਾਂ ਸਿੱਖ ਸਕੇ ਹਾਂ ਜੋ ਜ਼ਿਆਦਾਤਰ ਲੋਕ ਨਹੀਂ ਜਾਣਦੇ ਹਨ। ਅਸੀਂ ਯਿਸੂ ਦੇ ਕਿੰਨੇ ਹੀ ਧੰਨਵਾਦੀ ਹਾਂ ਜਿਸ ਨੇ ਆਪਣੀਆਂ ਸਿੱਖਿਆਵਾਂ ਤੇ ਆਪਣੇ ਵਿਵਹਾਰ ਦੇ ਰਾਹੀਂ ਪਿਤਾ ਬਾਰੇ ਸਾਨੂੰ ਦੱਸਿਆ। ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਪਿਤਾ ਬਾਰੇ ਜਾਣਦੇ ਹਾਂ! (ਯਿਰ. 9:24; 1 ਕੁਰਿੰ. 1:31) ਜਿੱਦਾਂ-ਜਿੱਦਾਂ ਅਸੀਂ ਪਰਮੇਸ਼ੁਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ, ਉੱਦਾਂ-ਉੱਦਾਂ ਉਹ ਸਾਡੇ ਨੇੜੇ ਆਇਆ ਹੈ। (ਯਾਕੂ. 4:8) ਇਸ ਲਈ ਅਸੀਂ ਹੁਣ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਦੱਸ ਸਕਦੇ ਹਾਂ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?

18, 19. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਨੂੰ ਪਿਤਾ ਬਾਰੇ ਦੱਸ ਸਕਦੇ ਹਾਂ? ਸਮਝਾਓ।

18 ਯਿਸੂ ਵਾਂਗ ਸਾਨੂੰ ਪਿਤਾ ਬਾਰੇ ਦੂਜਿਆਂ ਨੂੰ ਦੱਸਣ ਦੀ ਲੋੜ ਹੈ। ਇਹ ਯਾਦ ਰੱਖੋ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪ੍ਰਚਾਰ ਵਿਚ ਮਿਲਦੇ ਹਾਂ, ਉਨ੍ਹਾਂ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਕਿ ਰੱਬ ਕੌਣ ਹੈ। ਗ਼ਲਤ ਸਿੱਖਿਆਵਾਂ ਕਰਕੇ ਰੱਬ ਬਾਰੇ ਉਨ੍ਹਾਂ ਦੇ ਵਿਚਾਰ ਅਲੱਗ ਹੋਣ। ਅਸੀਂ ਉਨ੍ਹਾਂ ਨਾਲ ਉਹ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਜੋ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਹਨ ਜਿਵੇਂ ਰੱਬ ਦਾ ਨਾਂ, ਇਨਸਾਨਾਂ ਲਈ ਉਸ ਦਾ ਮਕਸਦ ਤੇ ਉਸ ਦੇ ਗੁਣ। ਇਸ ਤੋਂ ਇਲਾਵਾ, ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਬਾਈਬਲ ਦੇ ਉਹ ਬਿਰਤਾਂਤ ਸਾਂਝੇ ਕਰ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਪਰਮੇਸ਼ੁਰ ਦੇ ਗੁਣਾਂ ਬਾਰੇ ਕੁਝ ਨਵਾਂ ਸਿੱਖਿਆ ਹੈ। ਇਸ ਤਰ੍ਹਾਂ ਉਹ ਵੀ ਇਸ ਤੋਂ ਫ਼ਾਇਦਾ ਲੈ ਸਕਣਗੇ।

19 ਅਸੀਂ ਯਿਸੂ ਦੀ ਨਕਲ ਕਰਦਿਆਂ ਆਪਣੇ ਵਿਵਹਾਰ ਰਾਹੀਂ ਕਿਸ ਤਰ੍ਹਾਂ ਪਿਤਾ ਬਾਰੇ ਦੱਸ ਸਕਦੇ ਹਾਂ? ਜਦੋਂ ਲੋਕ ਸਾਡੇ ਕੰਮਾਂ ਤੋਂ ਦੇਖਦੇ ਹਨ ਕਿ ਸਾਡੇ ਵਿਚ ਮਸੀਹ ਦਾ ਪਿਆਰ ਹੈ, ਤਾਂ ਉਹ ਪਿਤਾ ਤੇ ਯਿਸੂ ਵੱਲ ਖਿੱਚੇ ਆਉਂਦੇ ਹਨ। (ਅਫ਼. 5:1, 2) ਪੌਲੁਸ ਰਸੂਲ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿ “ਮੇਰੀ ਰੀਸ ਕਰੋ ਜਿਵੇਂ ਮੈਂ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰ. 11:1) ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਆਪਣੇ ਵਿਵਹਾਰ ਰਾਹੀਂ ਲੋਕਾਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕਰਦੇ ਹਾਂ। ਆਓ ਆਪਾਂ ਹਮੇਸ਼ਾ ਯਿਸੂ ਦੀ ਨਕਲ ਕਰਦਿਆਂ ਦੂਜਿਆਂ ਨੂੰ ਪਿਤਾ ਬਾਰੇ ਦੱਸਦੇ ਰਹੀਏ।

[ਸਵਾਲ]