Skip to content

Skip to table of contents

ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!

ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!

ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!

“ਅਸੀਂ ਵਫ਼ਾਦਾਰ, ਨੇਕ ਅਤੇ ਨਿਰਦੋਸ਼ ਸਾਬਤ ਹੋਏ।”—1 ਥੱਸ. 2:10.

ਇਨ੍ਹਾਂ ਮੁੱਖ ਗੱਲਾਂ ਵੱਲ ਧਿਆਨ ਦਿਓ:

ਅਸੀਂ ਦਲੀਲਾਹ, ਅਬਸ਼ਾਲੋਮ ਅਤੇ ਯਹੂਦਾ ਇਸਕ੍ਰਿਓਤੀ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

ਅਸੀਂ ਯੋਨਾਥਾਨ ਤੇ ਪਤਰਸ ਵਾਂਗ ਵਫ਼ਾਦਾਰ ਕਿਵੇਂ ਬਣ ਸਕਦੇ ਹਾਂ?

ਅਸੀਂ ਆਪਣੇ ਜੀਵਨ-ਸਾਥੀ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

1-3. (ੳ) ਭੈੜੇ ਸਮਿਆਂ ਦੀ ਇਕ ਨਿਸ਼ਾਨੀ ਕੀ ਹੈ ਤੇ ਇਸ ਵਿਚ ਕੀ ਕੁਝ ਸ਼ਾਮਲ ਹੈ? (ਅ) ਅਸੀਂ ਕਿਹੜੇ ਤਿੰਨ ਸਵਾਲਾਂ ’ਤੇ ਗੌਰ ਕਰਾਂਗੇ?

ਦਲੀਲਾਹ, ਅਬਸ਼ਾਲੋਮ, ਯਹੂਦਾ ਇਸਕ੍ਰਿਓਤੀ ਤਿੰਨਾਂ ਵਿਚ ਕਿਹੜੀ ਗੱਲ ਸਮਾਨ ਸੀ? ਇਹ ਤਿੰਨੇ ਜਣੇ ਧੋਖੇਬਾਜ਼ ਸਨ। ਦਲੀਲਾਹ ਨੇ ਸਮਸੂਨ ਨੂੰ ਧੋਖਾ ਦਿੱਤਾ ਜੋ ਉਸ ਨੂੰ ਪਿਆਰ ਕਰਦਾ ਸੀ, ਅਬਸ਼ਾਲੋਮ ਨੇ ਆਪਣੇ ਹੀ ਪਿਤਾ ਦਾਊਦ ਨਾਲ ਗੱਦਾਰੀ ਕੀਤੀ ਤੇ ਯਹੂਦਾ ਨੇ ਆਪਣੇ ਗੁਰੂ ਯਿਸੂ ਮਸੀਹ ਨਾਲ ਦਗ਼ਾ ਕੀਤਾ। ਇਨ੍ਹਾਂ ਦੇ ਭੈੜੇ ਕੰਮਾਂ ਕਰਕੇ ਦੂਜਿਆਂ ਦੀਆਂ ਜ਼ਿੰਦਗੀਆਂ ਵਿਚ ਤੂਫ਼ਾਨ ਆਇਆ। ਪਰ ਸਾਨੂੰ ਇਨ੍ਹਾਂ ਗੱਲਾਂ ’ਤੇ ਕਿਉਂ ਵਿਚਾਰ ਕਰਨਾ ਚਾਹੀਦਾ ਹੈ?

2 ਇਕ ਲੇਖਕਾ ਨੇ ਲਿਖਿਆ ਕਿ ਧੋਖਾ ਦੇਣਾ ਅੱਜ ਆਮ ਹੋ ਗਿਆ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ “ਯੁਗ ਦੇ ਆਖ਼ਰੀ ਸਮੇਂ” ਦੀ ਨਿਸ਼ਾਨੀ ਦਿੰਦੇ ਹੋਏ ਯਿਸੂ ਨੇ ਕਿਹਾ ਸੀ: ‘ਬਹੁਤ ਸਾਰੇ ਲੋਕ ਇਕ-ਦੂਜੇ ਨਾਲ ਦਗ਼ਾ ਕਰਨਗੇ।’ (ਮੱਤੀ 24:3, 10) “ਦਗ਼ਾ ਕਰਨ” ਦਾ ਮਤਲਬ ਹੈ “ਕਿਸੇ ਨੂੰ ਧੋਖੇ ਨਾਲ ਉਸ ਦੇ ਦੁਸ਼ਮਣ ਦੇ ਹਵਾਲੇ ਕਰਨਾ।” ਧੋਖਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਅਸੀਂ “ਆਖ਼ਰੀ ਦਿਨਾਂ” ਵਿਚ ਰਹਿ ਰਹੇ ਹਾਂ ਜਿਨ੍ਹਾਂ ਦੌਰਾਨ ਲੋਕ ‘ਵਿਸ਼ਵਾਸਘਾਤੀ ਤੇ ਧੋਖੇਬਾਜ਼’ ਹਨ। (2 ਤਿਮੋ. 3:1, 2, 4) ਕਿਤਾਬਾਂ ਤੇ ਫ਼ਿਲਮਾਂ ਦੀਆਂ ਕਹਾਣੀਆਂ ਵਿਚ ਦਗ਼ਾ ਕਰਨ ਨੂੰ ਮਸਾਲੇ ਲਾ ਕੇ ਦਿਲਚਸਪ ਢੰਗ ਨਾਲ ਦਿਖਾਇਆ ਜਾਂਦਾ ਹੈ। ਪਰ ਅਸਲ ਜ਼ਿੰਦਗੀ ਵਿਚ ਜਿਨ੍ਹਾਂ ਨਾਲ ਧੋਖਾ ਤੇ ਦਗ਼ਾ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਦੁੱਖਾਂ ਤੇ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸੱਚ-ਮੁੱਚ ਇਹ ਭੈੜੇ ਸਮਿਆਂ ਦੀ ਨਿਸ਼ਾਨੀ ਹੈ!

3 ਅਸੀਂ ਬਾਈਬਲ ਵਿੱਚੋਂ ਧੋਖੇਬਾਜ਼ ਲੋਕਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ? ਅਸੀਂ ਉਨ੍ਹਾਂ ਦੀਆਂ ਮਿਸਾਲਾਂ ’ਤੇ ਕਿਵੇਂ ਚੱਲ ਸਕਦੇ ਹਾਂ ਜੋ ਦੂਸਰਿਆਂ ਦੇ ਵਫ਼ਾਦਾਰ ਰਹੇ? ਸਾਨੂੰ ਕਿਸ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣੀ ਚਾਹੀਦੀ ਹੈ? ਆਓ ਆਪਾਂ ਦੇਖੀਏ।

ਚੇਤਾਵਨੀ ਦੇਣ ਵਾਲੀਆਂ ਮਿਸਾਲਾਂ

4. ਦਲੀਲਾਹ ਨੇ ਸਮਸੂਨ ਨੂੰ ਧੋਖਾ ਕਿਵੇਂ ਦਿੱਤਾ ਸੀ ਤੇ ਇਹ ਕੰਮ ਇੰਨਾ ਨੀਚ ਕਿਉਂ ਸੀ?

4 ਪਹਿਲਾਂ ਚਾਲਬਾਜ਼ ਦਲੀਲਾਹ ਦੀ ਮਿਸਾਲ ’ਤੇ ਗੌਰ ਕਰੋ ਜਿਸ ਨਾਲ ਸਮਸੂਨ ਪਿਆਰ ਕਰਦਾ ਸੀ। ਸਮਸੂਨ ਨੇ ਪਰਮੇਸ਼ੁਰ ਦੇ ਲੋਕਾਂ ਲਈ ਫਲਿਸਤੀਆਂ ਵਿਰੁੱਧ ਲੜਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਪੰਜ ਫਲਿਸਤੀ ਸਰਦਾਰਾਂ ਨੂੰ ਸ਼ਾਇਦ ਪਤਾ ਸੀ ਕਿ ਦਲੀਲਾਹ ਸਮਸੂਨ ਨੂੰ ਸੱਚਾ ਪਿਆਰ ਨਹੀਂ ਕਰਦੀ ਸੀ। ਇਸ ਕਰਕੇ ਉਨ੍ਹਾਂ ਨੇ ਉਸ ਨੂੰ ਲਾਲਚ ਦਿੱਤਾ ਕਿ ਉਹ ਸਮਸੂਨ ਦੀ ਤਾਕਤ ਦਾ ਰਾਜ਼ ਪਤਾ ਕਰੇ, ਤਾਂਕਿ ਉਹ ਉਸ ਨੂੰ ਖ਼ਤਮ ਕਰ ਸਕਣ। ਲਾਲਚੀ ਦਲੀਲਾਹ ਨੇ ਉਨ੍ਹਾਂ ਦੀ ਗੱਲ ਮੰਨ ਲਈ, ਪਰ ਉਹ ਤਿੰਨ ਵਾਰ ਉਸ ਦੀ ਤਾਕਤ ਦਾ ਰਾਜ਼ ਜਾਣਨ ਵਿਚ ਅਸਫ਼ਲ ਰਹੀ। ਉਹ ਵਾਰ-ਵਾਰ ਪੁੱਛ ਕੇ “ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ।” ਸਮਸੂਨ ‘ਉਸ ਦੇ ਪੁੱਛਣ ਤੋਂ ਇੰਨਾ ਥੱਕ ਗਿਆ ਕਿ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ।’ ਇਸ ਲਈ ਸਮਸੂਨ ਨੇ ਉਸ ਨੂੰ ਦੱਸਿਆ ਕਿ ਉਸ ਦੇ ਵਾਲ਼ ਕਦੇ ਕੱਟੇ ਨਹੀਂ ਗਏ ਸਨ ਤੇ ਜੇ ਕੱਟੇ ਜਾਣ, ਤਾਂ ਉਸ ਦੀ ਤਾਕਤ ਖ਼ਤਮ ਹੋ ਜਾਵੇਗੀ। * ਇਹ ਸੁਣ ਕੇ ਦਲੀਲਾਹ ਨੇ ਸਮਸੂਨ ਦੇ ਵਾਲ਼ ਕਟਵਾ ਦਿੱਤੇ ਜਦ ਉਹ ਆਪਣਾ ਸਿਰ ਉਸ ਦੀ ਗੋਦੀ ਵਿਚ ਰੱਖ ਕੇ ਸੁੱਤਾ ਪਿਆ ਸੀ। ਫਿਰ ਉਸ ਨੇ ਸਮਸੂਨ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। (ਨਿਆ. 16:4, 5, 15-21, ERV) ਉਹ ਕਿੰਨੀ ਨੀਚ ਨਿਕਲੀ! ਪੈਸਿਆਂ ਦੀ ਖ਼ਾਤਰ ਦਲੀਲਾਹ ਨੇ ਉਸ ਆਦਮੀ ਨੂੰ ਧੋਖਾ ਦਿੱਤਾ ਜੋ ਉਸ ਨੂੰ ਪਿਆਰ ਕਰਦਾ ਸੀ।

5. (ੳ) ਅਬਸ਼ਾਲੋਮ ਨੇ ਦਾਊਦ ਨਾਲ ਗੱਦਾਰੀ ਕਿਵੇਂ ਕੀਤੀ ਸੀ ਅਤੇ ਇਸ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? (ਅ) ਜਦ ਅਹੀਥੋਫਲ ਨੇ ਦਾਊਦ ਨਾਲ ਗੱਦਾਰੀ ਕੀਤੀ, ਤਾਂ ਦਾਊਦ ’ਤੇ ਇਸ ਦਾ ਕੀ ਅਸਰ ਹੋਇਆ?

5 ਆਓ ਆਪਾਂ ਹੁਣ ਦੇਖੀਏ ਕਿ ਅਬਸ਼ਾਲੋਮ ਨੇ ਕਿਵੇਂ ਗੱਦਾਰੀ ਕੀਤੀ ਸੀ। ਰਾਜਾ ਬਣਨ ਦੀ ਲਾਲਸਾ ਹੋਣ ਕਰਕੇ ਉਹ ਆਪਣੇ ਪਿਤਾ ਰਾਜਾ ਦਾਊਦ ਦੀ ਰਾਜ-ਗੱਦੀ ਨੂੰ ਹੜੱਪਣ ’ਤੇ ਤੁਲਿਆ ਹੋਇਆ ਸੀ। ਪਹਿਲਾਂ ਅਬਸ਼ਾਲੋਮ ਨੇ ਝੂਠੇ ਵਾਅਦੇ ਕਰ ਕੇ ਅਤੇ ਝੂਠੀਆਂ ਹਮਦਰਦੀਆਂ ਦਿਖਾ ਕੇ “ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।” ਉਹ ਉਨ੍ਹਾਂ ਨੂੰ ਗਲੇ ਲਾ ਕੇ ਚੁੰਮਦਾ ਹੁੰਦਾ ਸੀ ਜਿਵੇਂ ਕਿਤੇ ਉਹ ਉਨ੍ਹਾਂ ਨੂੰ ਸੱਚ-ਮੁੱਚ ਪਿਆਰ ਕਰਦਾ ਹੋਵੇ ਤੇ ਉਨ੍ਹਾਂ ਦੀਆਂ ਲੋੜਾਂ ਸਮਝਦਾ ਹੋਵੇ। (2 ਸਮੂ. 15:2-6) ਅਬਸ਼ਾਲੋਮ ਨੇ ਦਾਊਦ ਦੇ ਭਰੋਸੇਮੰਦ ਬੰਦੇ ਅਹੀਥੋਫਲ ਨੂੰ ਵੀ ਆਪਣੇ ਵੱਲ ਕਰ ਕੇ ਸਾਜ਼ਸ਼ ਵਿਚ ਸ਼ਾਮਲ ਕਰ ਲਿਆ। (2 ਸਮੂ. 15:31) ਜ਼ਬੂਰ 3 ਅਤੇ 55 ਵਿਚ ਦਾਊਦ ਦੱਸਦਾ ਹੈ ਕਿ ਉਨ੍ਹਾਂ ਦੀ ਗੱਦਾਰੀ ਤੋਂ ਉਸ ਨੂੰ ਕਿੰਨਾ ਦੁੱਖ ਹੋਇਆ। (ਜ਼ਬੂ. 3:1-8; ਜ਼ਬੂਰਾਂ ਦੀ ਪੋਥੀ 55:12-14 ਪੜ੍ਹੋ।) ਅਬਸ਼ਾਲੋਮ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਦੇ ਖ਼ਿਲਾਫ਼ ਜਾ ਕੇ ਸਾਫ਼-ਸਾਫ਼ ਦਿਖਾਇਆ ਕਿ ਉਸ ਨੂੰ ਪਰਮੇਸ਼ੁਰ ਦੇ ਅਧਿਕਾਰ ਦੀ ਕੋਈ ਪਰਵਾਹ ਨਹੀਂ ਸੀ। (1 ਇਤ. 28:5) ਅਖ਼ੀਰ ਵਿਚ ਇਹ ਸਾਜ਼ਸ਼ ਸਫ਼ਲ ਨਹੀਂ ਹੋਈ ਤੇ ਦਾਊਦ ਯਹੋਵਾਹ ਦੇ ਚੁਣੇ ਹੋਏ ਰਾਜੇ ਵਜੋਂ ਰਾਜ ਕਰਦਾ ਰਿਹਾ।

6. ਯਹੂਦਾ ਨੇ ਯਿਸੂ ਨਾਲ ਦਗ਼ਾ ਕਿਵੇਂ ਕੀਤਾ ਸੀ ਅਤੇ ਉਸ ਦਾ ਨਾਂ ਕੀ ਦਰਸਾਉਂਦਾ ਹੈ?

6 ਹੁਣ ਜ਼ਰਾ ਸੋਚੋ ਕਿ ਦਗ਼ਾਬਾਜ਼ ਯਹੂਦਾ ਇਸਕ੍ਰਿਓਤੀ ਨੇ ਮਸੀਹ ਨਾਲ ਕੀ ਕੀਤਾ। ਆਪਣੇ 12 ਰਸੂਲਾਂ ਨਾਲ ਮਨਾਏ ਆਖ਼ਰੀ ਪਸਾਹ ’ਤੇ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।” (ਮੱਤੀ 26:21) ਉਸੇ ਰਾਤ ਗਥਸਮਨੀ ਬਾਗ਼ ਵਿਚ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਕਿਹਾ: “ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।” ਉਸੇ ਵੇਲੇ ਯਹੂਦਾ ਆਪਣੇ ਸਾਥੀਆਂ ਨਾਲ ਬਾਗ਼ ਵਿਚ ਆ ਕੇ “ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: ‘ਨਮਸਕਾਰ ਗੁਰੂ ਜੀ!’ ਫਿਰ ਉਸ ਨੇ ਯਿਸੂ ਨੂੰ ਚੁੰਮਿਆ।” (ਮੱਤੀ 26:46-50; ਲੂਕਾ 22:47, 52) ਯਹੂਦਾ ਨੇ “ਧਰਮੀ ਬੰਦੇ ਦੇ ਖ਼ੂਨ ਦਾ ਸੌਦਾ” ਕਰ ਕੇ ਯਿਸੂ ਮਸੀਹ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਇੱਦਾਂ ਕਰਨ ਲਈ ਉਸ ਪੈਸਿਆਂ ਦੇ ਪ੍ਰੇਮੀ ਨੂੰ ਕਿੰਨੇ ਪੈਸੇ ਮਿਲੇ? ਚਾਂਦੀ ਦੇ ਸਿਰਫ਼ ਤੀਹ ਸਿੱਕੇ! (ਮੱਤੀ 27:3-5) ਕੁਝ ਭਾਸ਼ਾਵਾਂ ਵਿਚ ਨਾਂ ਯਹੂਦਾ ਉਸ ਬੰਦੇ ਨੂੰ ਦਰਸਾਉਂਦਾ ਹੈ ਜਿਹੜਾ ਦੋਸਤੀ ਦੀ ਆੜ ਵਿਚ ਦਗ਼ਾ ਕਰਦਾ ਹੈ।

7. ਅਸੀਂ ਅਬਸ਼ਾਲੋਮ, ਯਹੂਦਾ ਅਤੇ ਦਲੀਲਾਹ ਦੀਆਂ ਮਿਸਾਲਾਂ ਤੋਂ ਕਿਹੜੇ ਸਬਕ ਸਿੱਖਦੇ ਹਾਂ?

7 ਅਸੀਂ ਇਨ੍ਹਾਂ ਬੁਰੀਆਂ ਮਿਸਾਲਾਂ ਤੋਂ ਕੀ ਸਬਕ ਸਿੱਖ ਸਕਦੇ ਹਾਂ? ਅਬਸ਼ਾਲੋਮ ਅਤੇ ਯਹੂਦਾ ਦੋਵੇਂ ਕੁੱਤੇ ਦੀ ਮੌਤ ਮਰੇ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਚੁਣੇ ਹੋਏ ਲੋਕਾਂ ਨਾਲ ਦਗ਼ਾ ਕੀਤਾ ਸੀ। (2 ਸਮੂ. 18:9, 14-17; ਰਸੂ. 1:18-20) ਪਿਆਰ ਦਾ ਦਿਖਾਵਾ ਤੇ ਧੋਖਾ ਕਰਨ ਕਰਕੇ ਦਲੀਲਾਹ ਦਾ ਨਾਂ ਹਮੇਸ਼ਾ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। (ਜ਼ਬੂ. 119:158) ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿਚ ਲਾਲਸਾ ਜਾਂ ਲਾਲਚ ਨੂੰ ਜੜ੍ਹ ਨਾ ਫੜਨ ਦੇਈਏ ਜਿਸ ਕਰਕੇ ਅਸੀਂ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ! ਇਨ੍ਹਾਂ ਮਿਸਾਲਾਂ ਤੋਂ ਸਾਨੂੰ ਕਿੰਨੀ ਜ਼ਬਰਦਸਤ ਚੇਤਾਵਨੀ ਮਿਲਦੀ ਹੈ!

ਵਫ਼ਾਦਾਰ ਲੋਕਾਂ ਦੀ ਰੀਸ ਕਰੋ

8, 9. (ੳ) ਯੋਨਾਥਾਨ ਨੇ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਦੀਆਂ ਕਸਮਾਂ ਕਿਉਂ ਖਾਧੀਆਂ ਸਨ? (ਅ) ਅਸੀਂ ਯੋਨਾਥਾਨ ਵਰਗੇ ਕਿਵੇਂ ਬਣ ਸਕਦੇ ਹਾਂ?

8 ਬਾਈਬਲ ਵਿਚ ਕਈ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ਵੀ ਹਨ। ਅਸੀਂ ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਮਿਸਾਲ ਵੱਲ ਧਿਆਨ ਦੇਵਾਂਗੇ ਅਤੇ ਦੇਖਾਂਗੇ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। ਪਹਿਲੀ ਮਿਸਾਲ ਉਸ ਆਦਮੀ ਦੀ ਹੈ ਜੋ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਉਹ ਸ਼ਾਊਲ ਦਾ ਸਭ ਤੋਂ ਵੱਡਾ ਮੁੰਡਾ ਯੋਨਾਥਾਨ ਸੀ ਜਿਸ ਨੇ ਸ਼ਾਊਲ ਤੋਂ ਬਾਅਦ ਇਜ਼ਰਾਈਲ ਦਾ ਰਾਜਾ ਬਣਨਾ ਸੀ। ਪਰ ਉਸ ਦੀ ਥਾਂ ਯਹੋਵਾਹ ਨੇ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਸੀ। ਦਾਊਦ ਨਾਲ ਈਰਖਾ ਕਰਨ ਤੇ ਉਸ ਨੂੰ ਆਪਣਾ ਦੁਸ਼ਮਣ ਸਮਝਣ ਦੀ ਬਜਾਇ ਯੋਨਾਥਾਨ ਨੇ ਪਰਮੇਸ਼ੁਰ ਦੇ ਫ਼ੈਸਲੇ ਨੂੰ ਕਬੂਲ ਕੀਤਾ। ਨਾਲੇ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ” ਅਤੇ ਉਸ ਨੇ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਾਧੀਆਂ। ਉਸ ਨੇ ਦਾਊਦ ਨੂੰ ਆਪਣਾ ਚੋਗਾ, ਤਲਵਾਰ, ਧਣੁਖ ਅਤੇ ਪੇਟੀ ਦੇ ਕੇ ਉਸ ਦਾ ਮਾਣ ਕੀਤਾ। (1 ਸਮੂ. 18:1-4) ਯੋਨਾਥਾਨ ਨੇ ਨਾ ਸਿਰਫ਼ ‘ਦਾਊਦ ਦਾ ਹੱਥ ਤਕੜਾ ਕੀਤਾ,’ ਸਗੋਂ ਸ਼ਾਊਲ ਦੇ ਸਾਮ੍ਹਣੇ ਦਾਊਦ ਦਾ ਪੱਖ ਲੈ ਕੇ ਆਪਣੀ ਜਾਨ ਵੀ ਖ਼ਤਰੇ ਵਿਚ ਪਾਈ। ਆਪਣੀ ਵਫ਼ਾਦਾਰੀ ਦਾ ਹੋਰ ਸਬੂਤ ਦਿੰਦੇ ਹੋਏ ਯੋਨਾਥਾਨ ਨੇ ਦਾਊਦ ਨੂੰ ਕਿਹਾ: “ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।” (1 ਸਮੂ. 20:30-34; 23:16, 17) ਇਸੇ ਕਰਕੇ ਜਦ ਯੋਨਾਥਾਨ ਦੀ ਮੌਤ ਹੋਈ, ਤਾਂ ਦਾਊਦ ਨੇ ਇਕ ਦਰਦ-ਭਰੇ ਗੀਤ ਵਿਚ ਉਸ ਲਈ ਆਪਣੇ ਪਿਆਰ ਤੇ ਦੁੱਖ ਦਾ ਇਜ਼ਹਾਰ ਕੀਤਾ।—2 ਸਮੂ. 1:17, 26.

9 ਯੋਨਾਥਾਨ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਸ ਨੂੰ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਸੀ। ਉਹ ਸਾਰੇ ਜਹਾਨ ਦੇ ਮਾਲਕ ਯਹੋਵਾਹ ਦੇ ਅਧੀਨ ਰਿਹਾ ਅਤੇ ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾਊਦ ਦਾ ਪੂਰਾ ਸਾਥ ਦਿੱਤਾ। ਇਸੇ ਤਰ੍ਹਾਂ ਅੱਜ ਜੇ ਸਾਨੂੰ ਮੰਡਲੀ ਵਿਚ ਕੋਈ ਖ਼ਾਸ ਸੇਵਾ ਕਰਨ ਦਾ ਸਨਮਾਨ ਨਾ ਵੀ ਦਿੱਤਾ ਜਾਵੇ, ਤਾਂ ਵੀ ਸਾਨੂੰ ਉਨ੍ਹਾਂ ਭਰਾਵਾਂ ਦਾ ਖ਼ੁਸ਼ੀ-ਖ਼ੁਸ਼ੀ ਸਾਥ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਮੰਡਲੀ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।—1 ਥੱਸ. 5:12, 13; ਇਬ. 13:17, 24.

10, 11. (ੳ) ਪਤਰਸ ਵਫ਼ਾਦਾਰੀ ਦਿਖਾਉਂਦੇ ਹੋਏ ਯਿਸੂ ਦੇ ਨਾਲ ਕਿਉਂ ਰਿਹਾ? (ਅ) ਅਸੀਂ ਪਤਰਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

10 ਦੂਜੀ ਮਿਸਾਲ ਜੋ ਅਸੀਂ ਦੇਖਾਂਗੇ ਉਹ ਪਤਰਸ ਰਸੂਲ ਦੀ ਹੈ ਜਿਸ ਨੇ ਯਿਸੂ ਪ੍ਰਤੀ ਵਫ਼ਾਦਾਰ ਰਹਿਣ ਦਾ ਵਾਅਦਾ ਕੀਤਾ ਸੀ। ਇਕ ਵਾਰ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਉਸ ਦਾ ਮਾਸ ਖਾਣ ਤੇ ਲਹੂ ਪੀਣ ਦੀ ਲੋੜ ਹੈ। ਇਹ ਗੱਲ ਉਸ ਨੇ ਆਪਣੇ ਬਲੀਦਾਨ ਉੱਤੇ ਨਿਹਚਾ ਕਰਨ ਦੀ ਅਹਿਮੀਅਤ ਦਿਖਾਉਣ ਲਈ ਕਹੀ ਸੀ। ਪਰ ਉਸ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਘਿਣਾਉਣੀ ਲੱਗੀ। (ਯੂਹੰ. 6:53-60, 66) ਫਿਰ ਯਿਸੂ ਨੇ ਆਪਣੇ 12 ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ; ਅਤੇ ਸਾਨੂੰ ਵਿਸ਼ਵਾਸ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।” (ਯੂਹੰ. 6:67-69) ਕੀ ਪਤਰਸ ਯਿਸੂ ਦੀ ਗੱਲ ਪੂਰੀ ਤਰ੍ਹਾਂ ਸਮਝ ਗਿਆ ਸੀ ਜੋ ਉਸ ਨੇ ਆਪਣੇ ਬਲੀਦਾਨ ਦੇ ਸੰਬੰਧ ਵਿਚ ਹੁਣੇ-ਹੁਣੇ ਕਹੀ ਸੀ? ਸ਼ਾਇਦ ਨਹੀਂ। ਫਿਰ ਵੀ ਪਤਰਸ ਨੇ ਠਾਣਿਆ ਹੋਇਆ ਸੀ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਪੁੱਤਰ ਦੇ ਵਫ਼ਾਦਾਰ ਰਹੇਗਾ।

11 ਪਤਰਸ ਨੇ ਇਹ ਨਹੀਂ ਸੋਚਿਆ ਕਿ ਯਿਸੂ ਦੀ ਸੋਚਣੀ ਗ਼ਲਤ ਸੀ ਤੇ ਬਾਅਦ ਵਿਚ ਉਹ ਆਪਣੀ ਗੱਲ ਨੂੰ ਗ਼ਲਤ ਕਹੇਗਾ। ਨਹੀਂ, ਪਤਰਸ ਨੇ ਨਿਮਰ ਹੋ ਕੇ ਇਹ ਕਬੂਲ ਕੀਤਾ ਕਿ “ਜ਼ਿੰਦਗੀ ਦੇਣ ਵਾਲੀਆਂ ਗੱਲਾਂ” ਯਿਸੂ ਕੋਲ ਸਨ। ਅੱਜ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ‘ਵਫ਼ਾਦਾਰ ਪ੍ਰਬੰਧਕ’ ਵੱਲੋਂ ਮਿਲੇ ਪ੍ਰਕਾਸ਼ਨਾਂ ਵਿਚ ਅਜਿਹੀ ਕੋਈ ਗੱਲ ਪੜ੍ਹੀਏ ਜੋ ਸਾਡੇ ਲਈ ਸਮਝਣੀ ਮੁਸ਼ਕਲ ਹੈ ਜਾਂ ਸਾਡੀ ਸੋਚ ਮੁਤਾਬਕ ਸਹੀ ਨਹੀਂ ਹੈ? ਇਹ ਸੋਚਣ ਦੀ ਬਜਾਇ ਕਿ ਬਾਅਦ ਵਿਚ ਇਹ ਗੱਲ ਬਦਲ ਦਿੱਤੀ ਜਾਵੇਗੀ, ਸਾਨੂੰ ਇਸ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਲੂਕਾ 12:42 ਪੜ੍ਹੋ।

ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਰਹੋ

12, 13. ਕੋਈ ਇਨਸਾਨ ਆਪਣੇ ਜੀਵਨ ਸਾਥੀ ਨਾਲ ਕਿਉਂ ਬੇਵਫ਼ਾਈ ਕਰਦਾ ਹੈ ਅਤੇ ਉਮਰ ਦਾ ਇਸ ਨਾਲ ਕੋਈ ਲੈਣਾ-ਦੇਣਾ ਕਿਉਂ ਨਹੀਂ ਹੈ?

12 ਕਿਸੇ ਨੂੰ ਧੋਖਾ ਦੇਣਾ ਨੀਚ ਕੰਮ ਹੈ ਜੋ ਪਰਿਵਾਰ ਅਤੇ ਮੰਡਲੀ ਦੀ ਸ਼ਾਂਤੀ ਤੇ ਏਕਤਾ ਨੂੰ ਭੰਗ ਕਰ ਸਕਦਾ ਹੈ। ਇਸ ਲਈ ਸਾਨੂੰ ਇਸ ਕੰਮ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਦੇਖੀਏ ਕਿ ਅਸੀਂ ਆਪਣੇ ਜੀਵਨ ਸਾਥੀ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ।

13 ਹਰਾਮਕਾਰੀ ਵਰਗਾ ਨੀਚ ਕੰਮ ਕਰਨ ਵਾਲਾ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਧੋਖਾ ਦਿੰਦਾ ਹੈ। ਉਹ ਆਪਣੇ ਜੀਵਨ ਸਾਥੀ ਨਾਲ ਕੀਤੇ ਵਾਅਦੇ ਤੋੜ ਕੇ ਕਿਸੇ ਹੋਰ ਨਾਲ ਪਿਆਰ ਕਰਨ ਲੱਗ ਪੈਂਦਾ ਹੈ। ਬੇਕਸੂਰ ਸਾਥੀ ਅਚਾਨਕ ਇਕੱਲਾ ਰਹਿ ਜਾਂਦਾ ਹੈ ਅਤੇ ਉਸ ਦੀ ਦੁਨੀਆਂ ਉਜੜ ਜਾਂਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਦੋ ਪਿਆਰ ਕਰਨ ਵਾਲਿਆਂ ਵਿਚ ਦੂਰੀਆਂ ਪੈ ਜਾਣ? ਇਹ ਅਕਸਰ ਉਦੋਂ ਹੁੰਦਾ ਹੈ ਜਦੋਂ ਉਹ ਇਕ-ਦੂਜੇ ਦੀ ਪਰਵਾਹ ਕਰਨੀ ਛੱਡ ਦਿੰਦੇ ਹਨ। ਇਕ ਪ੍ਰੋਫ਼ੈਸਰ ਨੇ ਸਮਝਾਇਆ ਕਿ ਜਦੋਂ ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਛੱਡ ਦਿੰਦੇ ਹਨ, ਉਦੋਂ ਉਨ੍ਹਾਂ ਵਿੱਚੋਂ ਇਕ ਜਣਾ ਬੇਵਫ਼ਾਈ ਦੇ ਰਾਹ ਤੁਰ ਪੈਂਦਾ ਹੈ। ਕਈ ਤਾਂ ਅੱਧਖੜ ਉਮਰ ਵਿਚ ਆਪਣੇ ਜੀਵਨ ਸਾਥੀ ਤੋਂ ਦੂਰ ਹੋ ਗਏ ਹਨ। ਮਿਸਾਲ ਲਈ, ਇਕ 50 ਸਾਲਾਂ ਦਾ ਆਦਮੀ ਆਪਣੀ ਬੇਕਸੂਰ ਪਤਨੀ ਨੂੰ ਤਲਾਕ ਦੇ ਕੇ ਕਿਸੇ ਹੋਰ ਤੀਵੀਂ ਨਾਲ ਰਹਿਣ ਲੱਗ ਪਿਆ ਭਾਵੇਂ ਕਿ ਉਨ੍ਹਾਂ ਦੇ ਵਿਆਹ ਨੂੰ 25 ਸਾਲ ਹੋ ਗਏ ਸਨ। ਕਈ ਲੋਕ ਮੰਨਦੇ ਹਨ ਕਿ ਇਸ ਉਮਰ ਵਿਚ ਇੱਦਾਂ ਹੁੰਦਾ ਹੀ ਹੈ। ਪਰ ਉਮਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਕਿਸੇ ਵੀ ਉਮਰ ਵਿਚ ਆਪਣੇ ਸਾਥੀ ਨਾਲ ਬੇਵਫ਼ਾਈ ਕਰਨੀ ਗ਼ਲਤ ਹੈ। *

14. (ੳ) ਜੀਵਨ ਸਾਥੀ ਨੂੰ ਧੋਖਾ ਦੇਣ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ? (ਅ) ਯਿਸੂ ਨੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਬਾਰੇ ਕੀ ਕਿਹਾ ਸੀ?

14 ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਆਪਣੇ ਜੀਵਨ ਸਾਥੀ ਨੂੰ ਛੱਡ ਦਿੰਦੇ ਹਨ? ਸਾਡੇ ਪਰਮੇਸ਼ੁਰ ਨੂੰ “ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ” ਅਤੇ ਉਸ ਨੇ ਸਖ਼ਤ ਸ਼ਬਦਾਂ ਵਿਚ ਉਨ੍ਹਾਂ ਦੀ ਨਿੰਦਿਆ ਕੀਤੀ ਹੈ ਜੋ ਆਪਣੇ ਜੀਵਨ ਸਾਥੀ ਨਾਲ ਬਦਸਲੂਕੀ ਕਰਦੇ ਹਨ ਤੇ ਉਨ੍ਹਾਂ ਨੂੰ ਛੱਡ ਦਿੰਦੇ ਹਨ। (ਮਲਾਕੀ 2:13-16 ਪੜ੍ਹੋ।) ਯਿਸੂ ਵੀ ਆਪਣੇ ਪਿਤਾ ਯਹੋਵਾਹ ਨਾਲ ਇਸ ਗੱਲ ਵਿਚ ਪੂਰੀ ਤਰ੍ਹਾਂ ਸਹਿਮਤ ਹੈ। ਉਸ ਨੇ ਸਿਖਾਇਆ ਕਿ ਕੋਈ ਆਪਣੇ ਬੇਕਸੂਰ ਸਾਥੀ ਨੂੰ ਛੱਡ ਕੇ ਇਹ ਨਾ ਸੋਚੇ ਕਿ ਇਸ ਵਿਚ ਕੋਈ ਬੁਰਾਈ ਨਹੀਂ ਹੈ।—ਮੱਤੀ 19:3-6, 9.

15. ਵਿਆਹੇ ਲੋਕ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਨ?

15 ਵਿਆਹੇ ਲੋਕ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਨ? ਬਾਈਬਲ ਕਹਿੰਦੀ ਹੈ: “ਤੂੰ ਆਪਣੀ ਜੁਆਨੀ ਦੀ ਵਹੁਟੀ [ਜਾਂ ਆਪਣੇ ਪਤੀ] ਨਾਲ ਅਨੰਦ ਰਹੁ” ਅਤੇ “ਆਪਣੀ ਪਿਆਰੀ ਪਤਨੀ [ਜਾਂ ਆਪਣੇ ਪਿਆਰੇ ਪਤੀ] ਦੇ ਸੰਗ ਮੌਜ ਮਾਣ।” (ਕਹਾ. 5:18; ਉਪ. 9:9) ਜਿੱਦਾਂ-ਜਿੱਦਾਂ ਸਾਲ ਬੀਤਦੇ ਜਾਂਦੇ ਹਨ, ਪਤੀ-ਪਤਨੀ ਨੂੰ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਕ-ਦੂਜੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਇਕ-ਦੂਜੇ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ ਅਤੇ ਇਕ-ਦੂਜੇ ਨਾਲ ਨਜ਼ਦੀਕੀਆਂ ਬਣਾਈ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਆਪਣੇ ਰਿਸ਼ਤੇ ਦੇ ਨਾਲ-ਨਾਲ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਵੀ ਬਣਾਈ ਰੱਖਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਇਕੱਠਿਆਂ ਬਾਈਬਲ ਸਟੱਡੀ ਕਰਨੀ, ਇਕੱਠਿਆਂ ਪ੍ਰਚਾਰ ਕਰਨਾ ਅਤੇ ਇਕੱਠਿਆਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਬਰਕਤ ਮੰਗਣੀ ਚਾਹੀਦੀ ਹੈ।

ਯਹੋਵਾਹ ਦੇ ਵਫ਼ਾਦਾਰ ਰਹੋ

16, 17. (ੳ) ਪਰਿਵਾਰ ਤੇ ਮੰਡਲੀ ਵਿਚ ਪਰਮੇਸ਼ੁਰ ਪ੍ਰਤੀ ਸਾਡੀ ਵਫ਼ਾਦਾਰੀ ਕਿਵੇਂ ਪਰਖੀ ਜਾ ਸਕਦੀ ਹੈ? (ਅ) ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ?

16 ਮੰਡਲੀ ਵਿਚ ਕਈ ਭੈਣ-ਭਰਾ ਹਨ ਜਿਨ੍ਹਾਂ ਨੇ ਵੱਡੀਆਂ ਗ਼ਲਤੀਆਂ ਕੀਤੀਆਂ ਸਨ ਤੇ ਜਿਨ੍ਹਾਂ ਨੂੰ ‘ਸਖ਼ਤੀ ਨਾਲ ਤਾੜਨਾ ਦਿੱਤੀ ਗਈ ਤਾਂਕਿ ਉਨ੍ਹਾਂ ਦੀ ਨਿਹਚਾ ਮਜ਼ਬੂਤ ਰਹੇ।’ (ਤੀਤੁ. 1:13) ਕੁਝ ਮਸੀਹੀਆਂ ਦੇ ਚਾਲ-ਚਲਣ ਕਰਕੇ ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ ਹੈ। ਪਰ ‘ਜਿਨ੍ਹਾਂ ਨੂੰ ਅਨੁਸ਼ਾਸਨ ਦੇ ਜ਼ਰੀਏ ਸਿਖਲਾਈ ਮਿਲੀ ਹੈ,’ ਉਨ੍ਹਾਂ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਫਿਰ ਤੋਂ ਬਣਾਇਆ ਹੈ। (ਇਬ. 12:11) ਫ਼ਰਜ਼ ਕਰੋ ਕਿ ਸਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਹੁਣ ਸਾਡੀ ਵਫ਼ਾਦਾਰੀ ਪਰਖੀ ਜਾਂਦੀ ਹੈ। ਅਸੀਂ ਕਿਸ ਪ੍ਰਤੀ ਵਫ਼ਾਦਾਰ ਰਹਾਂਗੇ, ਯਹੋਵਾਹ ਪ੍ਰਤੀ ਜਾਂ ਉਸ ਇਨਸਾਨ ਪ੍ਰਤੀ? ਯਹੋਵਾਹ ਦੇਖਦਾ ਹੈ ਕਿ ਅਸੀਂ ਉਸ ਦੇ ਹੁਕਮ ਨੂੰ ਮੰਨ ਕੇ ਉਸ ਵਿਅਕਤੀ ਨਾਲ ਕੋਈ ਵਾਸਤਾ ਰੱਖਾਂਗੇ ਜਾਂ ਨਹੀਂ।—1 ਕੁਰਿੰਥੀਆਂ 5:11-13 ਪੜ੍ਹੋ।

17 ਆਓ ਆਪਾਂ ਇਕ ਮਿਸਾਲ ਵੱਲ ਧਿਆਨ ਦੇਈਏ ਜਿਸ ਤੋਂ ਪਤਾ ਲੱਗਦਾ ਹੈ ਕਿ ਜਦ ਕੋਈ ਪਰਿਵਾਰ ਯਹੋਵਾਹ ਦਾ ਹੁਕਮ ਮੰਨ ਕੇ ਛੇਕੇ ਗਏ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਨਹੀਂ ਮਿਲਦਾ, ਤਾਂ ਇਸ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ। ਇਕ ਨੌਜਵਾਨ ਨੂੰ ਮੰਡਲੀ ਵਿੱਚੋਂ ਦਸ ਸਾਲ ਪਹਿਲਾਂ ਛੇਕਿਆ ਗਿਆ ਸੀ। ਉਨ੍ਹਾਂ ਸਾਲਾਂ ਦੌਰਾਨ ਉਸ ਦੇ ਮਾਂ-ਬਾਪ ਤੇ ਚਾਰ ਭਰਾਵਾਂ ਨੇ “ਉਸ ਨਾਲ ਸੰਗਤ ਕਰਨੀ ਛੱਡ” ਦਿੱਤੀ। ਉਸ ਨੌਜਵਾਨ ਨੇ ਕਦੀ-ਕਦਾਈਂ ਆਪਣੇ ਪਰਿਵਾਰ ਨਾਲ ਮੇਲ-ਜੋਲ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਇਰਾਦਾ ਪੱਕਾ ਸੀ ਤੇ ਉਹ ਉਸ ਨੂੰ ਨਹੀਂ ਮਿਲੇ। ਫਿਰ ਜਦ ਉਸ ਨੂੰ ਮੰਡਲੀ ਵਿਚ ਬਹਾਲ ਕਰ ਦਿੱਤਾ ਗਿਆ, ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਤਰਸਦਾ ਹੁੰਦਾ ਸੀ, ਖ਼ਾਸ ਕਰਕੇ ਸ਼ਾਮ ਨੂੰ ਜਦ ਉਹ ਇਕੱਲਾ ਹੁੰਦਾ ਸੀ। ਪਰ ਉਸ ਨੇ ਇਹ ਵੀ ਕਿਹਾ ਕਿ ਜੇ ਉਸ ਦੇ ਪਰਿਵਾਰ ਨੇ ਉਸ ਨਾਲ ਥੋੜ੍ਹਾ-ਬਹੁਤਾ ਵੀ ਮੇਲ-ਜੋਲ ਰੱਖਿਆ ਹੁੰਦਾ, ਤਾਂ ਉਸ ਨੇ ਇਸ ਵਿਚ ਹੀ ਖ਼ੁਸ਼ ਹੋ ਜਾਣਾ ਸੀ। ਪਰ ਉਸ ਦਾ ਪਰਿਵਾਰ ਉਸ ਤੋਂ ਬਿਲਕੁਲ ਦੂਰ ਰਿਹਾ, ਇਸ ਕਰਕੇ ਉਨ੍ਹਾਂ ਨਾਲ ਸਮਾਂ ਗੁਜ਼ਾਰਨ ਦੀ ਉਸ ਦੀ ਇੱਛਾ ਇੰਨੀ ਵਧ ਗਈ ਕਿ ਉਸ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਕਾਇਮ ਕਰਨ ਬਾਰੇ ਸੋਚਿਆ। ਜੇ ਕਿਤੇ ਤੁਹਾਡੇ ਵਿਚ ਆਪਣੇ ਛੇਕੇ ਗਏ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਮਿਲਣ ਦੀ ਇੱਛਾ ਪੈਦਾ ਹੋਵੇ ਤੇ ਤੁਸੀਂ ਪਰਮੇਸ਼ੁਰ ਦਾ ਹੁਕਮ ਤੋੜਨਾ ਚਾਹੋ, ਤਾਂ ਇਸ ਮਿਸਾਲ ਨੂੰ ਜ਼ਰੂਰ ਯਾਦ ਰੱਖੋ।

18. ਇਸ ਲੇਖ ਵਿਚ ਵਫ਼ਾਦਾਰੀ ਤੇ ਬੇਵਫ਼ਾਈ ਬਾਰੇ ਚਰਚਾ ਕਰਨ ਤੋਂ ਬਾਅਦ ਤੁਹਾਡਾ ਕੀ ਇਰਾਦਾ ਹੈ?

18 ਅਸੀਂ ਧੋਖੇਬਾਜ਼ ਦੁਨੀਆਂ ਵਿਚ ਰਹਿੰਦੇ ਹਾਂ। ਫਿਰ ਵੀ ਮੰਡਲੀ ਵਿਚ ਭੈਣ-ਭਰਾ ਇਕ-ਦੂਜੇ ਦੇ ਵਫ਼ਾਦਾਰ ਰਹਿੰਦੇ ਹਨ ਤੇ ਅਸੀਂ ਉਨ੍ਹਾਂ ਦੀ ਰੀਸ ਕਰ ਸਕਦੇ ਹਾਂ। ਉਨ੍ਹਾਂ ਦੀ ਜ਼ਿੰਦਗੀ ਵਿਚ ਇਹ ਸ਼ਬਦ ਸੱਚ ਸਾਬਤ ਹੋਏ ਹਨ: “ਤੁਹਾਡੇ ਨਾਲ-ਨਾਲ ਪਰਮੇਸ਼ੁਰ ਵੀ ਇਸ ਗੱਲ ਦਾ ਗਵਾਹ ਹੈ ਕਿ ਤੁਹਾਡੀ ਮਦਦ ਕਰਨ ਦੇ ਸੰਬੰਧ ਵਿਚ ਅਸੀਂ ਵਫ਼ਾਦਾਰ, ਨੇਕ ਅਤੇ ਨਿਰਦੋਸ਼ ਸਾਬਤ ਹੋਏ।” (1 ਥੱਸ. 2:10) ਆਓ ਆਪਾਂ ਸਾਰੇ ਪਰਮੇਸ਼ੁਰ ਅਤੇ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹੀਏ।

[ਫੁਟਨੋਟ]

^ ਪੈਰਾ 4 ਅਸਲ ਵਿਚ ਸਮਸੂਨ ਦੇ ਵਾਲ਼ਾਂ ਵਿਚ ਕੋਈ ਸ਼ਕਤੀ ਨਹੀਂ ਸੀ, ਸਗੋਂ ਨਜ਼ੀਰ ਹੋਣ ਕਰਕੇ ਯਹੋਵਾਹ ਨਾਲ ਉਸ ਦਾ ਖ਼ਾਸ ਰਿਸ਼ਤਾ ਸੀ ਜਿਸ ਕਰਕੇ ਉਸ ਨੂੰ ਇਹ ਸ਼ਕਤੀ ਮਿਲੀ ਸੀ।

^ ਪੈਰਾ 13 ਜੇ ਤੁਹਾਡੇ ਜੀਵਨ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਮਦਦ ਲਈ ਪਹਿਰਾਬੁਰਜ, 15 ਜੂਨ 2010, ਸਫ਼ੇ 29-32 ’ਤੇ “ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਕਿਵੇਂ ਸਿੱਝਿਆ ਜਾਵੇ” ਨਾਂ ਦਾ ਲੇਖ ਦੇਖੋ।

[ਸਵਾਲ]

[ਸਫ਼ਾ 10 ਉੱਤੇ ਤਸਵੀਰ]

ਪਤਰਸ ਪਰਮੇਸ਼ੁਰ ਦੇ ਪੁੱਤਰ ਦੇ ਵਫ਼ਾਦਾਰ ਰਿਹਾ ਭਾਵੇਂ ਦੂਸਰਿਆਂ ਨੇ ਉਸ ਤੋਂ ਮੂੰਹ ਮੋੜ ਲਿਆ