Skip to content

Skip to table of contents

ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ

ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ

ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ

“ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ।”—1 ਪਤ. 1:5.

ਤੁਸੀਂ ਕਿਵੇਂ ਜਵਾਬ ਦਿਓਗੇ?

ਯਹੋਵਾਹ ਸਾਨੂੰ ਸੱਚੀ ਭਗਤੀ ਕਰਨ ਲਈ ਆਪਣੇ ਵੱਲ ਕਿਵੇਂ ਖਿੱਚਦਾ ਹੈ?

ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ?

ਯਹੋਵਾਹ ਸਾਨੂੰ ਹੱਲਾਸ਼ੇਰੀ ਕਿਵੇਂ ਦਿੰਦਾ ਹੈ?

1, 2. (ੳ) ਸਾਨੂੰ ਇਹ ਭਰੋਸਾ ਕਿੱਦਾਂ ਮਿਲਦਾ ਹੈ ਕਿ ਪਰਮੇਸ਼ੁਰ ਸਾਡੀ ਵਫ਼ਾਦਾਰ ਰਹਿਣ ਵਿਚ ਮਦਦ ਕਰੇਗਾ? (ਅ) ਯਹੋਵਾਹ ਸਾਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਹੈ?

“ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।” (ਮੱਤੀ 24:13) ਯਿਸੂ ਨੇ ਇਨ੍ਹਾਂ ਸਾਫ਼ ਸ਼ਬਦਾਂ ਵਿਚ ਦੱਸਿਆ ਕਿ ਜੇ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਨਾਸ਼ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਅੰਤ ਤਕ ਆਪਣੀ ਵਫ਼ਾਦਾਰੀ ਕਾਇਮ ਰੱਖਣੀ ਪਵੇਗੀ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਆਪਣੀ ਸਮਝ ਜਾਂ ਤਾਕਤ ਦੇ ਸਹਾਰੇ ਮੁਸ਼ਕਲਾਂ ਸਹਿੰਦੇ ਹੋਏ ਵਫ਼ਾਦਾਰ ਰਹੀਏ। ਬਾਈਬਲ ਸਾਨੂੰ ਭਰੋਸਾ ਦਿੰਦੀ ਹੈ: “ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” (1 ਕੁਰਿੰ. 10:13) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?

2 ਯਹੋਵਾਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਜਿੰਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਉਸ ਤੋਂ ਵੱਧ ਸਾਡੇ ’ਤੇ ਪਰੀਖਿਆ ਨਾ ਆਵੇ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਸਾਡੇ ਬਾਰੇ ਸਭ ਕੁਝ ਜਾਣੇ, ਜਿਵੇਂ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ, ਅਸੀਂ ਕਿਹੋ ਜਿਹੇ ਇਨਸਾਨ ਹਾਂ ਅਤੇ ਅਸੀਂ ਕਿੰਨਾ ਕੁ ਬਰਦਾਸ਼ਤ ਕਰ ਸਕਦੇ ਹਾਂ। ਕੀ ਪਰਮੇਸ਼ੁਰ ਸੱਚ-ਮੁੱਚ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ? ਹਾਂ। ਬਾਈਬਲ ਦੱਸਦੀ ਹੈ ਕਿ ਯਹੋਵਾਹ ਸਾਡੇ ਬਾਰੇ ਸਾਰਾ ਕੁਝ ਜਾਣਦਾ ਹੈ। ਉਹ ਸਾਡੇ ਰੋਜ਼ਾਨਾ ਦੇ ਕੰਮਾਂ-ਕਾਰਾਂ ਤੇ ਆਦਤਾਂ ਨੂੰ ਜਾਣਦਾ ਹੈ। ਉਹ ਸਾਡੇ ਮਨ ਦੀਆਂ ਸੋਚਾਂ ਤੇ ਇਰਾਦਿਆਂ ਨੂੰ ਵੀ ਜਾਣਦਾ ਹੈ।—ਜ਼ਬੂਰਾਂ ਦੀ ਪੋਥੀ 139:1-6 ਪੜ੍ਹੋ।

3, 4. (ੳ) ਦਾਊਦ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਹਰ ਇਨਸਾਨ ਵੱਲ ਧਿਆਨ ਦਿੰਦਾ ਹੈ? (ਅ) ਯਹੋਵਾਹ ਅੱਜ ਕਿਹੜਾ ਇਕ ਸ਼ਾਨਦਾਰ ਕੰਮ ਕਰ ਰਿਹਾ ਹੈ?

3 ਕੀ ਪਰਮੇਸ਼ੁਰ ਸੱਚ-ਮੁੱਚ ਮਾਮੂਲੀ ਇਨਸਾਨਾਂ ਵਿਚ ਦਿਲਚਸਪੀ ਲੈਂਦਾ ਹੈ? ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਵੀ ਇਸ ਸਵਾਲ ’ਤੇ ਸੋਚ-ਵਿਚਾਰ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?” (ਜ਼ਬੂ. 8:3, 4) ਦਾਊਦ ਦੀ ਜ਼ਿੰਦਗੀ ਵਿਚ ਜੋ ਹੋਇਆ ਸੀ, ਸ਼ਾਇਦ ਉਸ ਕਰਕੇ ਉਸ ਨੇ ਇਹ ਸਵਾਲ ਪੁੱਛਿਆ ਸੀ। ਦਾਊਦ ਯੱਸੀ ਦਾ ਸਭ ਤੋਂ ਛੋਟਾ ਮੁੰਡਾ ਸੀ ਤੇ ਛੋਟੀ ਉਮਰੇ ਹੀ ਉਹ ਯਹੋਵਾਹ ਦੇ “ਮਨ ਦੇ ਅਨੁਸਾਰੀ ਮਨੁੱਖ” ਸਾਬਤ ਹੋਇਆ। ਇਸ ਕਰਕੇ ਯਹੋਵਾਹ ਨੇ ਉਸ ਨੂੰ ਭੇਡਾਂ ਚਰਾਉਣ ਤੋਂ ਹਟਾ ਕੇ “ਆਪਣੀ ਪਰਜਾ ਇਸਰਾਏਲ ਦੇ ਉੱਤੇ ਪਰਧਾਨ ਬਣਾ ਦਿੱਤਾ।” (1 ਸਮੂ. 13:14; 2 ਸਮੂ. 7:8) ਦਾਊਦ ਛੋਟਾ ਹੁੰਦਾ ਭੇਡਾਂ ਚਰਾਉਣ ਵੇਲੇ ਜੋ ਵੀ ਸੋਚਦਾ ਹੁੰਦਾ ਸੀ, ਉਸ ਵੱਲ ਦੁਨੀਆਂ ਦੇ ਮਾਲਕ ਨੇ ਧਿਆਨ ਦਿੱਤਾ। ਸੋਚੋ ਕਿ ਦਾਊਦ ਨੂੰ ਕਿੱਦਾਂ ਮਹਿਸੂਸ ਹੋਇਆ ਹੋਣਾ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ!

4 ਸਾਨੂੰ ਵੀ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਅੱਜ ਸਾਡੇ ਵਿਚ ਵੀ ਦਿਲਚਸਪੀ ਲੈਂਦਾ ਹੈ। ਉਹ “ਸਾਰੀਆਂ ਕੌਮਾਂ” ਵਿੱਚੋਂ ਨੇਕਦਿਲ ਲੋਕਾਂ ਨੂੰ ਆਪਣੀ ਭਗਤੀ ਕਰਾਉਣ ਲਈ ਇਕੱਠੇ ਕਰ ਰਿਹਾ ਹੈ ਅਤੇ ਆਪਣੇ ਇਨ੍ਹਾਂ ਸੇਵਕਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕਰ ਰਿਹਾ ਹੈ। (ਹੱਜ. 2:7) ਯਹੋਵਾਹ ਆਪਣੇ ਲੋਕਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕਿਵੇਂ ਕਰ ਰਿਹਾ ਹੈ? ਇਸ ਬਾਰੇ ਹੋਰ ਚੰਗੀ ਤਰ੍ਹਾਂ ਜਾਣਨ ਲਈ ਆਓ ਆਪਾਂ ਪਹਿਲਾਂ ਦੇਖੀਏ ਕਿ ਉਹ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਦਾ ਹੈ।

ਪਰਮੇਸ਼ੁਰ ਸਾਨੂੰ ਖਿੱਚਦਾ ਹੈ

5. ਯਹੋਵਾਹ ਲੋਕਾਂ ਨੂੰ ਆਪਣੇ ਪੁੱਤਰ ਵੱਲ ਕਿਵੇਂ ਖਿੱਚਦਾ ਹੈ? ਮਿਸਾਲ ਦਿਓ।

5 ਯਿਸੂ ਨੇ ਕਿਹਾ ਸੀ: “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।” (ਯੂਹੰ. 6:44) ਇਸ ਤੋਂ ਪਤਾ ਚੱਲਦਾ ਹੈ ਕਿ ਮਸੀਹ ਦਾ ਚੇਲਾ ਬਣਨ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਯਹੋਵਾਹ ਨੇਕਦਿਲ ਲੋਕਾਂ ਨੂੰ ਆਪਣੇ ਪੁੱਤਰ ਵੱਲ ਕਿਵੇਂ ਖਿੱਚਦਾ ਹੈ? ਖ਼ੁਸ਼ ਖ਼ਬਰੀ ਦੇ ਪ੍ਰਚਾਰ ਅਤੇ ਪਵਿੱਤਰ ਸ਼ਕਤੀ ਦੇ ਜ਼ਰੀਏ। ਮਿਸਾਲ ਲਈ, ਜਦੋਂ ਪੌਲੁਸ ਅਤੇ ਉਸ ਦੇ ਸਾਥੀ ਫ਼ਿਲਿੱਪੈ ਸ਼ਹਿਰ ਵਿਚ ਪ੍ਰਚਾਰ ਕਰ ਰਹੇ ਸਨ, ਤਾਂ ਉੱਥੇ ਉਹ ਲੀਡੀਆ ਨਾਂ ਦੀ ਤੀਵੀਂ ਨੂੰ ਮਿਲੇ ਅਤੇ ਉਨ੍ਹਾਂ ਨੇ ਉਸ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ।” ਜੀ ਹਾਂ, ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਲੀਡੀਆ ਦੀ ਸੰਦੇਸ਼ ਸਮਝਣ ਵਿਚ ਮਦਦ ਕੀਤੀ ਅਤੇ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲੈ ਲਿਆ।—ਰਸੂ. 16:13-15.

6. ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਸੱਚੀ ਭਗਤੀ ਕਰਨ ਲਈ ਆਪਣੇ ਵੱਲ ਕਿਵੇਂ ਖਿੱਚਿਆ ਹੈ?

6 ਕੀ ਇਸ ਤਰ੍ਹਾਂ ਸਿਰਫ਼ ਲੀਡੀਆ ਨਾਲ ਹੀ ਹੋਇਆ ਸੀ? ਨਹੀਂ। ਜੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਹੈ, ਤਾਂ ਯਹੋਵਾਹ ਨੇ ਤੁਹਾਨੂੰ ਵੀ ਸੱਚੀ ਭਗਤੀ ਕਰਨ ਲਈ ਆਪਣੇ ਵੱਲ ਖਿੱਚਿਆ ਹੈ। ਜਿਵੇਂ ਸਾਡੇ ਸਵਰਗੀ ਪਿਤਾ ਨੇ ਲੀਡੀਆ ਵਿਚ ਕੋਈ ਚੰਗੀ ਗੱਲ ਦੇਖੀ ਸੀ, ਉਸੇ ਤਰ੍ਹਾਂ ਉਸ ਨੇ ਸਾਡੇ ਵਿਚ ਵੀ ਕੋਈ ਚੰਗੀ ਗੱਲ ਦੇਖੀ। ਜਦੋਂ ਤੁਸੀਂ ਖ਼ੁਸ਼ ਖ਼ਬਰੀ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਤਾਂ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਸੰਦੇਸ਼ ਨੂੰ ਸਮਝਣ ਵਿਚ ਤੁਹਾਡੀ ਮਦਦ ਕੀਤੀ। (1 ਕੁਰਿੰ. 2:11, 12) ਜਦੋਂ ਤੁਸੀਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਯਹੋਵਾਹ ਦੀ ਇੱਛਾ ਮੁਤਾਬਕ ਚੱਲਣ ਲੱਗੇ, ਤਾਂ ਉਸ ਨੇ ਤੁਹਾਨੂੰ ਬਰਕਤਾਂ ਦਿੱਤੀਆਂ। ਫਿਰ ਜਦੋਂ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ, ਤਾਂ ਉਸ ਦਾ ਦਿਲ ਬਹੁਤ ਖ਼ੁਸ਼ ਹੋਇਆ। ਅਸਲ ਵਿਚ, ਜਦੋਂ ਤੋਂ ਤੁਸੀਂ ਜ਼ਿੰਦਗੀ ਦੇ ਰਾਹ ਉੱਤੇ ਚੱਲਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਯਹੋਵਾਹ ਕਦਮ-ਕਦਮ ’ਤੇ ਤੁਹਾਡੇ ਨਾਲ ਰਿਹਾ ਹੈ।

7. ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ?

7 ਸ਼ੁਰੂ-ਸ਼ੁਰੂ ਵਿਚ ਸਾਡੀ ਮਦਦ ਕਰਨ ਤੋਂ ਬਾਅਦ ਯਹੋਵਾਹ ਨੇ ਸਾਨੂੰ ਇਕੱਲਿਆਂ ਹੀ ਨਹੀਂ ਛੱਡ ਦਿੱਤਾ ਕਿ ਅਸੀਂ ਆਪਣੀ ਤਾਕਤ ਜਾਂ ਸਮਝ ਦੇ ਸਹਾਰੇ ਵਫ਼ਾਦਾਰ ਰਹੀਏ। ਉਹ ਜਾਣਦਾ ਹੈ ਕਿ ਜਿਵੇਂ ਅਸੀਂ ਆਪਣੇ ਆਪ ਸੱਚਾਈ ਵਿਚ ਨਹੀਂ ਆ ਸਕਦੇ, ਉਸੇ ਤਰ੍ਹਾਂ ਅਸੀਂ ਆਪਣੇ ਆਪ ਸੱਚਾਈ ਵਿਚ ਨਹੀਂ ਰਹਿ ਸਕਦੇ। ਚੁਣੇ ਹੋਏ ਮਸੀਹੀਆਂ ਨੂੰ ਲਿਖਦੇ ਹੋਏ ਪਤਰਸ ਰਸੂਲ ਨੇ ਕਿਹਾ: “ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ।” (1 ਪਤ. 1:5) ਇਹ ਗੱਲ ਸਾਰੇ ਮਸੀਹੀਆਂ ਉੱਤੇ ਲਾਗੂ ਹੁੰਦੀ ਹੈ ਅਤੇ ਅੱਜ ਸਾਨੂੰ ਸਾਰਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਨੂੰ ਸਾਰਿਆਂ ਨੂੰ ਵਫ਼ਾਦਾਰ ਰਹਿਣ ਲਈ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ।

ਗ਼ਲਤ ਕਦਮ ਚੁੱਕਣ ਤੋਂ ਰੋਕਿਆ

8. ਸਾਨੂੰ ਗ਼ਲਤ ਕਦਮ ਚੁੱਕਣ ਤੋਂ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ?

8 ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਸਾਡੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਹੋ ਸਕਦਾ ਹੈ ਕਿ ਅਸੀਂ ਕਿਸੇ ਮਾਮਲੇ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਨਾ ਦੇਖੀਏ। ਇਸ ਕਰਕੇ ਅਸੀਂ ਸ਼ਾਇਦ ਅਣਜਾਣੇ ਵਿਚ ਗ਼ਲਤ ਕਦਮ ਚੁੱਕ ਲਈਏ। (ਗਲਾਤੀਆਂ 6:1 ਪੜ੍ਹੋ।) ਇਹ ਗੱਲ ਦਾਊਦ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਤੋਂ ਦੇਖੀ ਜਾ ਸਕਦੀ ਹੈ।

9, 10. ਯਹੋਵਾਹ ਨੇ ਦਾਊਦ ਨੂੰ ਗ਼ਲਤ ਕਦਮ ਚੁੱਕਣ ਤੋਂ ਕਿਵੇਂ ਰੋਕਿਆ ਅਤੇ ਉਹ ਅੱਜ ਸਾਡੇ ਲਈ ਕੀ ਕਰਦਾ ਹੈ?

9 ਜਦੋਂ ਈਰਖਾਲੂ ਰਾਜਾ ਸ਼ਾਊਲ ਦਾਊਦ ਦਾ ਪਿੱਛਾ ਕਰ ਰਿਹਾ ਸੀ, ਤਾਂ ਦਾਊਦ ਨੇ ਬਦਲਾ ਲੈਣ ਲਈ ਉਸ ਉੱਤੇ ਆਪਣਾ ਹੱਥ ਨਹੀਂ ਚੁੱਕਿਆ। ਉਸ ਨੇ ਕਿੰਨਾ ਧੀਰਜ ਦਿਖਾਇਆ! (1 ਸਮੂ. 24:2-7) ਪਰ ਇਸ ਤੋਂ ਜਲਦੀ ਬਾਅਦ ਦਾਊਦ ਇਕ ਵਾਰ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ। ਉਸ ਨੂੰ ਆਪਣੇ ਬੰਦਿਆਂ ਵਾਸਤੇ ਅੰਨ-ਪਾਣੀ ਦੀ ਲੋੜ ਸੀ ਅਤੇ ਉਸ ਨੇ ਨਾਬਾਲ ਨਾਂ ਦੇ ਇਕ ਇਜ਼ਰਾਈਲੀ ਤੋਂ ਆਦਰ ਨਾਲ ਅੰਨ-ਪਾਣੀ ਮੰਗਿਆ। ਜਦੋਂ ਨਾਬਾਲ ਨੇ ਉਸ ਦੀ ਮਦਦ ਕਰਨ ਦੀ ਬਜਾਇ ਬੇਇੱਜ਼ਤੀ ਕੀਤੀ, ਤਾਂ ਦਾਊਦ ਗੁੱਸੇ ਵਿਚ ਆ ਗਿਆ ਅਤੇ ਉਹ ਨਾਬਾਲ ਦੇ ਪੂਰੇ ਖ਼ਾਨਦਾਨ ਨੂੰ ਖ਼ਤਮ ਕਰਨ ਲਈ ਤੁਰ ਪਿਆ। ਉਸ ਨੇ ਇਹ ਨਹੀਂ ਦੇਖਿਆ ਕਿ ਮਾਸੂਮਾਂ ਦੀ ਜਾਨ ਲੈ ਕੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖ਼ੂਨੀ ਬਣ ਜਾਵੇਗਾ। ਪਰ ਨਾਬਾਲ ਦੀ ਪਤਨੀ ਅਬੀਗੈਲ ਨੇ ਮੌਕੇ ਤੇ ਆ ਕੇ ਦਾਊਦ ਨੂੰ ਇਹ ਘੋਰ ਅਪਰਾਧ ਕਰਨ ਤੋਂ ਰੋਕਿਆ। ਦਾਊਦ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਰੋਕਿਆ ਸੀ। ਉਸ ਨੇ ਅਬੀਗੈਲ ਨੂੰ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।”—1 ਸਮੂ. 25:9-13, 21, 22, 32, 33.

10 ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਯਹੋਵਾਹ ਨੇ ਦਾਊਦ ਨੂੰ ਗ਼ਲਤ ਕਦਮ ਚੁੱਕਣ ਤੋਂ ਰੋਕਣ ਲਈ ਅਬੀਗੈਲ ਨੂੰ ਵਰਤਿਆ। ਉਹ ਅੱਜ ਵੀ ਇਸ ਤਰ੍ਹਾਂ ਕਰਦਾ ਹੈ। ਪਰ ਅਸੀਂ ਇਹ ਆਸ ਨਹੀਂ ਰੱਖਦੇ ਕਿ ਜਦੋਂ ਵੀ ਅਸੀਂ ਕੋਈ ਗ਼ਲਤੀ ਕਰਨ ਲੱਗੀਏ, ਤਾਂ ਯਹੋਵਾਹ ਸਾਨੂੰ ਰੋਕਣ ਲਈ ਕਿਸੇ ਨੂੰ ਘੱਲੇ। ਅਸੀਂ ਇਹ ਵੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਕਿਸੇ ਹਾਲਤ ਵਿਚ ਪਰਮੇਸ਼ੁਰ ਕੀ ਕਰੇਗਾ ਜਾਂ ਉਹ ਆਪਣਾ ਮਕਸਦ ਪੂਰਾ ਕਰਨ ਲਈ ਕੀ ਹੋਣ ਦੇਵੇਗਾ। (ਉਪ. 11:5) ਫਿਰ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੂੰ ਹਮੇਸ਼ਾ ਸਾਡੇ ਹਾਲਾਤਾਂ ਬਾਰੇ ਪਤਾ ਹੁੰਦਾ ਹੈ ਅਤੇ ਉਹ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ। ਉਹ ਸਾਨੂੰ ਭਰੋਸਾ ਦਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਯਹੋਵਾਹ ਸਾਨੂੰ ਸਲਾਹ ਕਿਵੇਂ ਦਿੰਦਾ ਹੈ? ਅਸੀਂ ਉਸ ਦੀ ਸਲਾਹ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਅੱਜ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ? ਧਿਆਨ ਦਿਓ ਕਿ ਪ੍ਰਕਾਸ਼ ਦੀ ਕਿਤਾਬ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਿੱਤੇ ਗਏ ਹਨ।

ਸਲਾਹ ਸਾਡੀ ਰੱਖਿਆ ਕਰਦੀ ਹੈ

11. ਯਹੋਵਾਹ ਨੂੰ ਆਪਣੇ ਸੇਵਕਾਂ ਦੀਆਂ ਮੰਡਲੀਆਂ ਬਾਰੇ ਕਿੰਨਾ ਕੁ ਪਤਾ ਹੈ?

11 ਪ੍ਰਕਾਸ਼ ਦੀ ਕਿਤਾਬ ਦੇ ਦੂਜੇ ਤੇ ਤੀਜੇ ਅਧਿਆਇ ਵਿਚ ਦਰਜ ਦਰਸ਼ਣ ਵਿਚ ਮਹਿਮਾਵਾਨ ਯਿਸੂ ਮਸੀਹ ਏਸ਼ੀਆ ਮਾਈਨਰ ਦੀਆਂ ਸੱਤ ਮੰਡਲੀਆਂ ਦੀ ਜਾਂਚ ਕਰਦਾ ਹੈ। ਇਸ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਮਸੀਹ ਨੂੰ ਹਰ ਮੰਡਲੀ ਬਾਰੇ ਮਾੜਾ-ਮੋਟਾ ਹੀ ਨਹੀਂ, ਸਗੋਂ ਉਸ ਨੂੰ ਮੰਡਲੀ ਦੀ ਇਕ-ਇਕ ਗੱਲ ਪਤਾ ਸੀ। ਕਈ ਵਾਰ ਉਸ ਨੇ ਖ਼ਾਸ ਵਿਅਕਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਹਰ ਮੰਡਲੀ ਦੀ ਚੰਗੀ ਗੱਲ ਦੀ ਤਾਰੀਫ਼ ਕੀਤੀ ਅਤੇ ਸਲਾਹ ਵੀ ਦਿੱਤੀ। ਇਸ ਤੋਂ ਕੀ ਪਤਾ ਲੱਗਦਾ ਹੈ? ਇਸ ਦਰਸ਼ਣ ਦੀ ਪੂਰਤੀ 1914 ਤੋਂ ਬਾਅਦ ਹੋਈ। ਸੱਤ ਮੰਡਲੀਆਂ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦੀਆਂ ਹਨ। ਭਾਵੇਂ ਇਨ੍ਹਾਂ ਮੰਡਲੀਆਂ ਨੂੰ ਦਿੱਤੀ ਸਲਾਹ ਚੁਣੇ ਹੋਏ ਮਸੀਹੀਆਂ ’ਤੇ ਖ਼ਾਸ ਤੌਰ ਤੇ ਲਾਗੂ ਹੁੰਦੀ ਹੈ, ਪਰ ਇਹ ਅੱਜ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਉੱਤੇ ਵੀ ਲਾਗੂ ਹੁੰਦੀ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਪੁੱਤਰ ਦੇ ਜ਼ਰੀਏ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। ਅਸੀਂ ਉਸ ਦੀ ਅਗਵਾਈ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ?

12. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ?

12 ਯਹੋਵਾਹ ਦੀ ਅਗਵਾਈ ਤੋਂ ਫ਼ਾਇਦਾ ਲੈਣ ਦਾ ਇਕ ਤਰੀਕਾ ਹੈ ਬਾਈਬਲ ਦਾ ਅਧਿਐਨ ਕਰਨਾ। ਵਫ਼ਾਦਾਰ ਅਤੇ ਸਮਝਦਾਰ ਨੌਕਰ ਦੇ ਜ਼ਰੀਏ ਯਹੋਵਾਹ ਨੇ ਪ੍ਰਕਾਸ਼ਨਾਂ ਰਾਹੀਂ ਆਪਣੇ ਬਚਨ ਦਾ ਬਹੁਤ ਸਾਰਾ ਗਿਆਨ ਦਿੱਤਾ ਹੈ। (ਮੱਤੀ 24:45) ਪਰ ਇਹ ਗਿਆਨ ਲੈਣ ਲਈ ਸਾਨੂੰ ਅਧਿਐਨ ਕਰਨ ਵਾਸਤੇ ਸਮਾਂ ਕੱਢਣਾ ਪਵੇਗਾ ਅਤੇ ਅਸੀਂ ਜੋ ਸਿੱਖਦੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਪਵੇਗਾ। ਜਦੋਂ ਅਸੀਂ ਅਧਿਐਨ ਕਰਦੇ ਹਾਂ, ਤਾਂ ਯਹੋਵਾਹ ਸਾਨੂੰ “ਪਾਪ ਕਰਨ ਤੋਂ ਬਚਾ ਸਕਦਾ ਹੈ।” (ਯਹੂ. 24) ਕੀ ਤੁਸੀਂ ਕਦੀ ਕਿਸੇ ਕਿਤਾਬ ਜਾਂ ਰਸਾਲੇ ਵਿਚ ਕੋਈ ਅਜਿਹਾ ਲੇਖ ਪੜ੍ਹਿਆ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਉਹ ਲੇਖ ਤੁਹਾਡੇ ਲਈ ਹੀ ਲਿਖਿਆ ਗਿਆ ਹੈ? ਉਸ ਲੇਖ ਵਿਚ ਯਹੋਵਾਹ ਤੁਹਾਨੂੰ ਜਿਸ ਗੱਲ ਵਿਚ ਸੁਧਾਰ ਕਰਨ ਲਈ ਕਹਿੰਦਾ ਹੈ, ਉਸ ਵਿਚ ਸੁਧਾਰ ਕਰੋ। ਜਿਵੇਂ ਸਾਡਾ ਦੋਸਤ-ਮਿੱਤਰ ਕਿਸੇ ਚੀਜ਼ ਵੱਲ ਸਾਡਾ ਧਿਆਨ ਖਿੱਚਣ ਲਈ ਇਸ਼ਾਰਾ ਕਰਦਾ ਹੈ, ਉਸੇ ਤਰ੍ਹਾਂ ਯਹੋਵਾਹ ਸਾਡੀ ਕਿਸੇ ਕਮਜ਼ੋਰੀ ਵੱਲ ਸਾਡਾ ਧਿਆਨ ਖਿੱਚਣ ਲਈ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ। ਜਦੋਂ ਅਸੀਂ ਪਵਿੱਤਰ ਸ਼ਕਤੀ ਮੁਤਾਬਕ ਚੱਲ ਕੇ ਆਪਣੇ ਵਿਚ ਸੁਧਾਰ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 139:23, 24 ਪੜ੍ਹੋ।) ਇਸ ਕਰਕੇ ਸਾਨੂੰ ਆਪਣੀ ਅਧਿਐਨ ਕਰਨ ਦੀ ਆਦਤ ਵੱਲ ਧਿਆਨ ਦੇਣਾ ਚਾਹੀਦਾ ਹੈ।

13. ਸਾਨੂੰ ਆਪਣੀ ਅਧਿਐਨ ਕਰਨ ਦੀ ਆਦਤ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?

13 ਬਹੁਤ ਜ਼ਿਆਦਾ ਮਨੋਰੰਜਨ ਕਰਨ ਨਾਲ ਸਾਡਾ ਸਮਾਂ ਬਰਬਾਦ ਹੋ ਸਕਦਾ ਹੈ। ਇਕ ਭਰਾ ਨੇ ਕਿਹਾ: “ਅਧਿਐਨ ਨਾ ਕਰਨ ਦੀ ਆਦਤ ਪਾਉਣੀ ਬਹੁਤ ਆਸਾਨ ਹੈ। ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਨੋਰੰਜਨ ਉਪਲਬਧ ਹੈ ਅਤੇ ਸਸਤਾ ਵੀ ਹੈ। ਅਸੀਂ ਟੀ. ਵੀ., ਕੰਪਿਊਟਰ ਤੇ ਮੋਬਾਇਲ ਫ਼ੋਨ ਉੱਤੇ ਵੀ ਮਨੋਰੰਜਨ ਕਰ ਸਕਦੇ ਹਾਂ। ਹਰ ਪਾਸੇ ਮਨੋਰੰਜਨ ਦੀ ਭਰਮਾਰ ਹੈ।” ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਸ਼ਾਇਦ ਹੌਲੀ-ਹੌਲੀ ਆਪਣਾ ਸਾਰਾ ਸਮਾਂ ਮਨੋਰੰਜਨ ਕਰਨ ਵਿਚ ਲਾਉਣ ਲੱਗ ਪਈਏ ਤੇ ਸਾਡੇ ਕੋਲ ਬਾਈਬਲ ਦਾ ਡੂੰਘਾ ਅਧਿਐਨ ਕਰਨ ਲਈ ਬਿਲਕੁਲ ਵੀ ਸਮਾਂ ਨਾ ਰਹੇ। (ਅਫ਼. 5:15-17) ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਡੂੰਘਾਈ ਨਾਲ ਕਰਨ ਲਈ ਕਿੰਨਾ ਕੁ ਸਮਾਂ ਲਾਉਂਦਾ ਹਾਂ? ਕੀ ਸਿਰਫ਼ ਉਦੋਂ ਹੀ ਜਦੋਂ ਮੈਂ ਕੋਈ ਭਾਸ਼ਣ ਵਗੈਰਾ ਤਿਆਰ ਕਰਨਾ ਹੁੰਦਾ ਹੈ?’ ਜੇ ਹਾਂ, ਤਾਂ ਸਾਨੂੰ ਪਰਿਵਾਰ ਨਾਲ ਜਾਂ ਇਕੱਲੇ ਬੈਠ ਕੇ ਅਧਿਐਨ ਕਰਨ ਲਈ ਰੱਖੇ ਸਮੇਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀਆਂ ਉਨ੍ਹਾਂ ਗੱਲਾਂ ਵੱਲ ਧਿਆਨ ਦੇ ਸਕਾਂਗੇ ਜਿਹੜੀਆਂ ਮੁਕਤੀ ਲਈ ਸੁਰੱਖਿਅਤ ਰਹਿਣ ਵਾਸਤੇ ਜ਼ਰੂਰੀ ਹਨ।—ਕਹਾ. 2:1-5.

ਹੱਲਾਸ਼ੇਰੀ ਵਫ਼ਾਦਾਰ ਰਹਿਣ ਵਿਚ ਮਦਦ ਕਰਦੀ ਹੈ

14. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ?

14 ਦਾਊਦ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ ਸਨ। (1 ਸਮੂ. 30:3-6) ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ। (ਜ਼ਬੂਰਾਂ ਦੀ ਪੋਥੀ 34:18; 56:8 ਪੜ੍ਹੋ।) ਯਹੋਵਾਹ ਸਾਡੀਆਂ ਭਾਵਨਾਵਾਂ ਨੂੰ ਵੀ ਸਮਝਦਾ ਹੈ। ਜਦੋਂ ਸਾਡਾ ‘ਦਿਲ ਟੁੱਟਦਾ ਹੈ,’ ਤਾਂ ਉਹ ਸਾਡਾ ਹੋਰ ਧਿਆਨ ਰੱਖਦਾ ਹੈ। ਇਹ ਗੱਲ ਜਾਣ ਕੇ ਹੀ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਦਾਊਦ ਨੂੰ ਵੀ ਹੌਸਲਾ ਮਿਲਿਆ ਸੀ ਅਤੇ ਉਸ ਨੇ ਇਕ ਗੀਤ ਗਾਉਂਦੇ ਹੋਏ ਕਿਹਾ ਸੀ: “ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।” (ਜ਼ਬੂ. 31:7) ਪਰ ਯਹੋਵਾਹ ਸਾਡੇ ਦੁੱਖਾਂ ਨੂੰ ਦੇਖਦਾ ਹੀ ਨਹੀਂ ਹੈ, ਸਗੋਂ ਉਹ ਸਾਨੂੰ ਹੌਸਲਾ ਤੇ ਹੱਲਾਸ਼ੇਰੀ ਦੇ ਕੇ ਸਾਡੀ ਵਫ਼ਾਦਾਰ ਰਹਿਣ ਵਿਚ ਵੀ ਮਦਦ ਕਰਦਾ ਹੈ। ਸਾਨੂੰ ਹੌਸਲਾ ਤੇ ਹੱਲਾਸ਼ੇਰੀ ਦੇਣ ਦਾ ਇਕ ਤਰੀਕਾ ਹੈ ਸਭਾਵਾਂ।

15. ਅਸੀਂ ਆਸਾਫ਼ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

15 ਆਸਾਫ਼ ਦੇ ਤਜਰਬੇ ਤੋਂ ਸਾਨੂੰ ਸਭਾਵਾਂ ਵਿਚ ਜਾਣ ਦੇ ਇਕ ਫ਼ਾਇਦੇ ਬਾਰੇ ਪਤਾ ਲੱਗਦਾ ਹੈ। ਇਕ ਵਾਰ ਬੇਇਨਸਾਫ਼ੀਆਂ ਬਾਰੇ ਸੋਚ-ਸੋਚ ਕੇ ਆਸਾਫ਼ ਨੂੰ ਯਹੋਵਾਹ ਦੀ ਭਗਤੀ ਕਰਨ ਦੇ ਫ਼ਾਇਦੇ ’ਤੇ ਸ਼ੱਕ ਹੋਣ ਲੱਗ ਪਿਆ ਸੀ। ਉਸ ਨੇ ਨਿਰਾਸ਼ ਹੋ ਕੇ ਕਿਹਾ: “ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ।” ਇਸ ਕਰਕੇ ਉਹ ਯਹੋਵਾਹ ਦੀ ਸੇਵਾ ਕਰਨੀ ਛੱਡਣ ਹੀ ਵਾਲਾ ਸੀ। ਪਰ ਕਿਸ ਗੱਲ ਨੇ ਆਸਾਫ਼ ਦੀ ਮਦਦ ਕੀਤੀ? ਉਸ ਨੇ ਦੱਸਿਆ: ‘ਮੈਂ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਦੇ ਵਿੱਚ ਗਿਆ।’ ਯਹੋਵਾਹ ਦੇ ਹੋਰ ਭਗਤਾਂ ਨਾਲ ਸੰਗਤ ਕਰ ਕੇ ਉਸ ਦੀ ਸੋਚਣੀ ਵਿਚ ਸੁਧਾਰ ਹੋਇਆ। ਉਸ ਨੂੰ ਸਮਝ ਆਈ ਕਿ ਦੁਸ਼ਟ ਲੋਕਾਂ ਦੀ ਕਾਮਯਾਬੀ ਥੋੜ੍ਹੇ ਦਿਨਾਂ ਲਈ ਹੀ ਸੀ ਅਤੇ ਯਹੋਵਾਹ ਉਨ੍ਹਾਂ ਤੋਂ ਲੇਖਾ ਲਵੇਗਾ। (ਜ਼ਬੂ. 73:2, 13-22) ਸਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ। ਸ਼ੈਤਾਨ ਦੀ ਦੁਨੀਆਂ ਵਿਚ ਬੇਇਨਸਾਫ਼ੀਆਂ ਸਹਿੰਦਿਆਂ ਅਸੀਂ ਵੀ ਹੌਸਲਾ ਹਾਰ ਸਕਦੇ ਹਾਂ। ਪਰ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਤੋਂ ਸਾਨੂੰ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿਣ ਦੀ ਹੱਲਾਂਸ਼ੇਰੀ ਮਿਲਦੀ ਹੈ।

16. ਸਾਨੂੰ ਹੰਨਾਹ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ?

16 ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕਿਸੇ ਵਜ੍ਹਾ ਕਰਕੇ ਸਾਡੇ ਲਈ ਸਭਾਵਾਂ ਵਿਚ ਜਾਣਾ ਔਖਾ ਹੈ? ਸ਼ਾਇਦ ਸਾਡੇ ਤੋਂ ਕੋਈ ਜ਼ਿੰਮੇਵਾਰੀ ਲੈ ਲਈ ਗਈ ਹੈ ਜਿਸ ਕਰਕੇ ਅਸੀਂ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਾਂ ਜਾਂ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਗਈ ਹੈ। ਜੇ ਇਸ ਤਰ੍ਹਾਂ ਹੋਇਆ ਹੈ, ਤਾਂ ਹੰਨਾਹ ਦੀ ਮਿਸਾਲ ਸਾਡੀ ਮਦਦ ਕਰ ਸਕਦੀ ਹੈ। (1 ਸਮੂਏਲ 1:4-8 ਪੜ੍ਹੋ।) ਯਾਦ ਕਰੋ ਕਿ ਆਪਣੀ ਸੌਂਕਣ ਪਨਿੰਨਾਹ ਕਰਕੇ ਉਹ ਬਹੁਤ ਦੁਖੀ ਰਹਿੰਦੀ ਸੀ। ਜਦੋਂ ਪੂਰਾ ਪਰਿਵਾਰ ਹਰ ਸਾਲ ਯਹੋਵਾਹ ਨੂੰ ਬਲ਼ੀਆਂ ਚੜ੍ਹਾਉਣ ਸ਼ੀਲੋਹ ਜਾਂਦਾ ਹੁੰਦਾ ਸੀ, ਤਾਂ ਉਸ ਵੇਲੇ ਉਹ ਹੋਰ ਦੁਖੀ ਹੁੰਦੀ ਸੀ ਜਿਸ ਕਰਕੇ ਉਹ ‘ਰੋਂਦੀ ਰਹਿੰਦੀ ਸੀ ਅਤੇ ਕੁਝ ਖਾਂਦੀ ਨਹੀਂ ਸੀ।’ ਫਿਰ ਵੀ ਉਹ ਯਹੋਵਾਹ ਦੀ ਭਗਤੀ ਲਈ ਉੱਥੇ ਆਉਣੋਂ ਨਹੀਂ ਹਟੀ। ਯਹੋਵਾਹ ਨੇ ਉਸ ਦੀ ਵਫ਼ਾਦਾਰੀ ਦੇਖੀ ਅਤੇ ਉਸ ਨੂੰ ਬਰਕਤਾਂ ਦਿੱਤੀਆਂ।—1 ਸਮੂ. 1:11, 20.

17, 18. (ੳ) ਸਭਾਵਾਂ ਵਿਚ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ? (ਅ) ਯਹੋਵਾਹ ਵੱਲੋਂ ਪਿਆਰ ਨਾਲ ਦਿੱਤੀ ਜਾਂਦੀ ਮਦਦ ਬਾਰੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

17 ਅੱਜ ਮਸੀਹੀਆਂ ਕੋਲ ਹੰਨਾਹ ਦੀ ਮਿਸਾਲ ਉੱਤੇ ਚੱਲਣ ਦੇ ਚੰਗੇ ਕਾਰਨ ਹਨ। ਸਾਨੂੰ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਭਾਵਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। (ਇਬ. 10:24, 25) ਮਸੀਹੀ ਭੈਣਾਂ-ਭਰਾਵਾਂ ਦੀ ਸੰਗਤ ਤੋਂ ਸਾਨੂੰ ਹਿੰਮਤ ਮਿਲਦੀ ਹੈ। ਕਿਸੇ ਭਾਸ਼ਣ ਜਾਂ ਟਿੱਪਣੀ ਵਿਚ ਕਹੀ ਕੋਈ ਗੱਲ ਸਾਡੇ ਦਿਲ ਨੂੰ ਛੂਹ ਸਕਦੀ ਹੈ। ਸਭਾ ਤੋਂ ਪਹਿਲਾਂ ਤੇ ਬਾਅਦ ਕੋਈ ਭੈਣ ਜਾਂ ਭਰਾ ਸ਼ਾਇਦ ਸਾਡੀ ਗੱਲ ਧਿਆਨ ਨਾਲ ਸੁਣੇ ਜਾਂ ਸਾਨੂੰ ਦਿਲਾਸੇ-ਭਰੇ ਸ਼ਬਦ ਕਹੇ। (ਕਹਾ. 15:23; 17:17) ਜਦੋਂ ਅਸੀਂ ਉੱਚੀ ਆਵਾਜ਼ ਵਿਚ ਯਹੋਵਾਹ ਦੀ ਮਹਿਮਾ ਦੇ ਗੀਤ ਗਾਉਂਦੇ ਹਾਂ, ਤਾਂ ਸਾਡਾ ਮਨ ਖ਼ੁਸ਼ ਹੋ ਜਾਂਦਾ ਹੈ। ਸਾਨੂੰ ਖ਼ਾਸ ਤੌਰ ਤੇ ਸਭਾਵਾਂ ਵਿਚ ਉਦੋਂ ਜਾਣਾ ਚਾਹੀਦਾ ਹੈ ਜਦੋਂ ‘ਸਾਡੇ ਅੰਦਰ ਬਹੁਤ ਚਿੰਤਾ ਹੁੰਦੀ ਹੈ,’ ਕਿਉਂਕਿ ਸਭਾਵਾਂ ਵਿਚ ਯਹੋਵਾਹ ਸਾਨੂੰ ‘ਤਸੱਲੀ’ ਦਿੰਦਾ ਹੈ ਅਤੇ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰਦਾ ਹੈ।—ਜ਼ਬੂ. 94:18, 19.

18 ਅਸੀਂ ਪਰਮੇਸ਼ੁਰ ਦੀ ਪਨਾਹ ਵਿਚ ਸੁਰੱਖਿਅਤ ਹਾਂ ਅਤੇ ਜ਼ਬੂਰਾਂ ਦੇ ਲਿਖਾਰੀ ਆਸਾਫ਼ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: ‘ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਮੇਰੀ ਅਗਵਾਈ ਕਰੇਂਗਾ।’ (ਜ਼ਬੂ. 73:23, 24) ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਮੁਕਤੀ ਵਾਸਤੇ ਸੁਰੱਖਿਅਤ ਰੱਖ ਰਿਹਾ ਹੈ।

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਯਹੋਵਾਹ ਨੇ ਤੁਹਾਨੂੰ ਵੀ ਆਪਣੇ ਵੱਲ ਖਿੱਚਿਆ ਹੈ

[ਸਫ਼ਾ 30 ਉੱਤੇ ਤਸਵੀਰ]

ਪਰਮੇਸ਼ੁਰ ਦੀ ਸਲਾਹ ਮੰਨ ਕੇ ਅਸੀਂ ਸੁਰੱਖਿਅਤ ਰਹਿੰਦੇ ਹਾਂ

[ਸਫ਼ਾ 31 ਉੱਤੇ ਤਸਵੀਰ]

ਵਫ਼ਾਦਾਰ ਰਹਿਣ ਵਿਚ ਹੱਲਾਸ਼ੇਰੀ ਸਾਡੀ ਮਦਦ ਕਰਦੀ ਹੈ