Skip to content

Skip to table of contents

ਮੁਸ਼ਕਲਾਂ ਦੇ ਬਾਵਜੂਦ ਵਿਆਹ ਦਾ ਬੰਧਨ ਮਜ਼ਬੂਤ ਰੱਖੋ

ਮੁਸ਼ਕਲਾਂ ਦੇ ਬਾਵਜੂਦ ਵਿਆਹ ਦਾ ਬੰਧਨ ਮਜ਼ਬੂਤ ਰੱਖੋ

ਮੁਸ਼ਕਲਾਂ ਦੇ ਬਾਵਜੂਦ ਵਿਆਹ ਦਾ ਬੰਧਨ ਮਜ਼ਬੂਤ ਰੱਖੋ

“ਵਿਆਹੇ ਲੋਕਾਂ ਨੂੰ ਮੈਂ ਨਹੀਂ, ਸਗੋਂ ਪ੍ਰਭੂ ਇਹ ਹਿਦਾਇਤਾਂ ਦਿੰਦਾ ਹੈ।”—1 ਕੁਰਿੰ. 7:10.

ਕੀ ਤੁਸੀਂ ਸਮਝਾ ਸਕਦੇ ਹੋ?

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੋ ਜਣਿਆਂ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਦਾ ਹੈ?

ਬਜ਼ੁਰਗ ਉਨ੍ਹਾਂ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਹਨ?

ਵਿਆਹ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ?

1. ਵਿਆਹ ਦੇ ਬੰਧਨ ਬਾਰੇ ਮਸੀਹੀਆਂ ਦਾ ਕੀ ਵਿਚਾਰ ਹੈ ਤੇ ਕਿਉਂ?

ਜਦ ਦੋ ਮਸੀਹੀ ਵਿਆਹ ਕਰਾਉਂਦੇ ਹਨ, ਤਾਂ ਉਹ ਪਰਮੇਸ਼ੁਰ ਦੇ ਸਾਮ੍ਹਣੇ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। (ਉਪ. 5:4-6) ਯਹੋਵਾਹ ਨੇ ਵਿਆਹ ਦਾ ਪ੍ਰਬੰਧ ਕੀਤਾ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਨੇ ਉਨ੍ਹਾਂ ਨੂੰ ਵਿਆਹ ਦੇ “ਬੰਧਨ ਵਿਚ ਬੰਨ੍ਹਿਆ ਹੈ।” (ਮਰ. 10:9) ਭਾਵੇਂ ਕੁਝ ਹਾਲਾਤਾਂ ਵਿਚ ਕਾਨੂੰਨ ਦੀਆਂ ਨਜ਼ਰਾਂ ਵਿਚ ਕਿਸੇ ਦਾ ਵਿਆਹੁਤਾ ਰਿਸ਼ਤਾ ਖ਼ਤਮ ਹੋ ਜਾਵੇ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਖ਼ਤਮ ਨਹੀਂ ਹੁੰਦਾ। ਯਹੋਵਾਹ ਦੇ ਸੇਵਕ ਇਸ ਨੂੰ ਉਮਰ-ਭਰ ਦਾ ਬੰਧਨ ਸਮਝਦੇ ਹਨ, ਭਾਵੇਂ ਉਹ ਵਿਆਹ ਕਰਾਉਣ ਵੇਲੇ ਉਸ ਦੀ ਸੇਵਾ ਕਰਦੇ ਸਨ ਜਾਂ ਨਹੀਂ।

2. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

2 ਵਿਆਹੁਤਾ ਜੀਵਨ ਵਿਚ ਬਹੁਤ ਖ਼ੁਸ਼ੀ ਮਿਲ ਸਕਦੀ ਹੈ। ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜਦ ਵਿਆਹ ਦਾ ਬੰਧਨ ਕਮਜ਼ੋਰ ਪੈ ਜਾਂਦਾ ਹੈ? ਜੇ ਪਤੀ-ਪਤਨੀ ਦਾ ਰਿਸ਼ਤਾ ਕਮਜ਼ੋਰ ਪੈ ਜਾਵੇ, ਤਾਂ ਕੀ ਉਹ ਇਸ ਨੂੰ ਦੁਬਾਰਾ ਮਜ਼ਬੂਤ ਕਰ ਸਕਦੇ ਹਨ? ਜੇ ਘਰ ਵਿਚ ਕਲੇਸ਼ ਰਹਿੰਦਾ ਹੈ, ਤਾਂ ਉਹ ਮਦਦ ਕਿੱਥੋਂ ਲੈ ਸਕਦੇ ਹਨ?

ਕਿਹੋ ਜਿਹੀ ਹੋਵੇਗੀ ਤੁਹਾਡੀ ਵਿਆਹੁਤਾ ਜ਼ਿੰਦਗੀ?

3, 4. ਵਿਆਹ ਦੇ ਮਾਮਲੇ ਵਿਚ ਸਹੀ ਫ਼ੈਸਲੇ ਨਾ ਕਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ?

3 ਜਦ ਪਤੀ-ਪਤਨੀ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਤੇ ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਹੈ। ਪਰ ਜੇ ਉਨ੍ਹਾਂ ਦਾ ਬੰਧਨ ਟੁੱਟ ਜਾਵੇ, ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਦੁੱਖ ਆ ਜਾਂਦੇ ਹਨ। ਵਿਆਹ ਕਰਾਉਣ ਬਾਰੇ ਸੋਚ ਰਹੇ ਕੁਆਰੇ ਮਸੀਹੀ ਪਰਮੇਸ਼ੁਰ ਦੀ ਸਲਾਹ ’ਤੇ ਚੱਲ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰ ਸਕਦੇ ਹਨ। ਦੂਜੇ ਪਾਸੇ, ਜੇ ਅਸੀਂ ਵਿਆਹ ਦੇ ਮਾਮਲੇ ਵਿਚ ਸਹੀ ਫ਼ੈਸਲੇ ਨਹੀਂ ਕਰਦੇ, ਤਾਂ ਇਸ ਦਾ ਨਤੀਜਾ ਨਿਰਾਸ਼ਾ ਤੇ ਦੁੱਖ ਹੋ ਸਕਦਾ ਹੈ। ਮਿਸਾਲ ਲਈ, ਕੁਝ ਨੌਜਵਾਨ ਛੋਟੀ ਉਮਰੇ ਹੀ ਵਿਆਹ ਕਰਾਉਣ ਬਾਰੇ ਸੋਚਣ ਲੱਗ ਪੈਂਦੇ ਹਨ ਜਦ ਉਹ ਅਜੇ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਹੀਂ ਹੁੰਦੇ। ਕੁਝ ਦੇਸ਼ਾਂ ਵਿਚ ਭੈਣ-ਭਰਾ ਇੰਟਰਨੈੱਟ ’ਤੇ ਜੀਵਨ ਸਾਥੀ ਲੱਭ ਲੈਂਦੇ ਹਨ ਤੇ ਝੱਟ ਵਿਆਹ ਕਰਾ ਕੇ ਬਾਅਦ ਵਿਚ ਪਛਤਾਉਂਦੇ ਹਨ। ਦੂਸਰੇ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਮਿਲਣ-ਗਿਲਣ ਵੇਲੇ ਵੱਡਾ ਪਾਪ ਕਰ ਬੈਠਦੇ ਹਨ। ਫਿਰ ਉਹ ਵਿਆਹ ਤਾਂ ਕਰਾ ਲੈਂਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿਚ ਸ਼ਾਇਦ ਇਕ-ਦੂਜੇ ਲਈ ਇੱਜ਼ਤ ਨਾ ਰਹੇ। ਇਸ ਕਰਕੇ ਉਨ੍ਹਾਂ ਦੇ ਵਿਆਹ ਦੀ ਨੀਂਹ ਕਮਜ਼ੋਰ ਹੁੰਦੀ ਹੈ।

4 ਕੁਝ ਮਸੀਹੀ “ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਨਹੀਂ ਕਰਾਉਂਦੇ ਤੇ ਫਿਰ ਦੁੱਖ ਭੋਗਦੇ ਹਨ ਕਿਉਂਕਿ ਉਨ੍ਹਾਂ ਦੇ ਸਾਥੀ ਯਹੋਵਾਹ ਦੀ ਸੇਵਾ ਨਹੀਂ ਕਰਦੇ। (1 ਕੁਰਿੰ. 7:39) ਜੇ ਤੁਸੀਂ ਇੱਦਾਂ ਕੀਤਾ ਹੈ, ਤਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਮਾਫ਼ੀ ਤੇ ਮਦਦ ਮੰਗੋ। ਭਾਵੇਂ ਉਹ ਕਿਸੇ ਦੀਆਂ ਪਿੱਛਲੀਆਂ ਗ਼ਲਤੀਆਂ ਦੇ ਬੁਰੇ ਨਤੀਜਿਆਂ ਤੋਂ ਉਸ ਨੂੰ ਨਹੀਂ ਬਚਾਉਂਦਾ, ਪਰ ਉਹ ਤੋਬਾ ਕਰਨ ਵਾਲਿਆਂ ਦੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦਾ ਹੈ। (ਜ਼ਬੂ. 130:1-4) ਯਹੋਵਾਹ ਨੂੰ ਹੁਣ ਤੇ ਹਮੇਸ਼ਾ ਲਈ ਖ਼ੁਸ਼ ਕਰਨ ਲਈ ਕਦਮ ਚੁੱਕੋ ਅਤੇ “ਯਹੋਵਾਹ ਦਾ ਅਨੰਦ ਤੁਹਾਡਾ ਬਲ” ਹੋਵੇਗਾ।—ਨਹ. 8:10.

ਵਿਆਹ ਦੇ ਬੰਧਨ ਨੂੰ ਖ਼ਤਰਾ

5. ਵਿਆਹੁਤਾ ਜੀਵਨ ਦੁਖੀ ਹੋਣ ਦੇ ਬਾਵਜੂਦ ਵੀ ਸਾਨੂੰ ਕੀ ਨਹੀਂ ਸੋਚਣਾ ਚਾਹੀਦਾ?

5 ਜਿਨ੍ਹਾਂ ਭੈਣਾਂ-ਭਰਾਵਾਂ ਦਾ ਵਿਆਹੁਤਾ ਜੀਵਨ ਦੁਖੀ ਹੈ, ਉਹ ਸ਼ਾਇਦ ਸੋਚਣ: ‘ਮੈਨੂੰ ਆਪਣੇ ਵਿਆਹ ਤੋਂ ਕੀ ਖ਼ੁਸ਼ੀ ਮਿਲੀ? ਇਸ ਨੂੰ ਟੁੱਟਣ ਤੋਂ ਬਚਾਉਣ ਦਾ ਕੀ ਫ਼ਾਇਦਾ? ਕਾਸ਼ ਮੈਂ ਇਸ ਨਾਲ ਨਹੀਂ, ਕਿਸੇ ਹੋਰ ਨਾਲ ਵਿਆਹ ਕਰਾਇਆ ਹੁੰਦਾ!’ ਉਹ ਸ਼ਾਇਦ ਵਿਆਹ ਦੇ ਬੰਧਨ ਨੂੰ ਤੋੜਨ ਬਾਰੇ ਸੋਚਣ, ‘ਕਾਸ਼ ਮੈਂ ਫਿਰ ਤੋਂ ਆਜ਼ਾਦ ਹੋ ਜਾਵਾਂ! ਕਿਉਂ ਨਾ ਤਲਾਕ ਲੈ ਲਵਾਂ? ਜੇ ਮੈਂ ਬਾਈਬਲ ਵਿਚ ਦੱਸੇ ਕਾਰਨ ਕਰਕੇ ਤਲਾਕ ਨਹੀਂ ਵੀ ਲੈ ਸਕਦਾ, ਪਰ ਮੈਂ ਉਸ ਨੂੰ ਛੱਡ ਤਾਂ ਸਕਦਾ ਹਾਂ ਤੇ ਦੁਬਾਰਾ ਜ਼ਿੰਦਗੀ ਦਾ ਮਜ਼ਾ ਲੈ ਸਕਦਾ ਹਾਂ।’ ਇਸ ਤਰ੍ਹਾਂ ਸੋਚਣ ਜਾਂ ਸੁਪਨੇ ਲੈਣ ਦੀ ਬਜਾਇ ਮਸੀਹੀਆਂ ਨੂੰ ਆਪਣੇ ਵਿਆਹੁਤਾ ਰਿਸ਼ਤੇ ਨੂੰ ਸੁਧਾਰਨ ਅਤੇ ਪਰਮੇਸ਼ੁਰ ਦੀ ਸਲਾਹ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

6. ਮੱਤੀ 19:9 ਵਿਚ ਯਿਸੂ ਦੇ ਸ਼ਬਦਾਂ ਦਾ ਮਤਲਬ ਸਮਝਾਓ।

6 ਜੇ ਕੋਈ ਮਸੀਹੀ ਤਲਾਕ ਲੈਂਦਾ ਹੈ, ਤਾਂ ਬਾਈਬਲ ਉਸ ਨੂੰ ਕੁਝ ਹਾਲਾਤਾਂ ਵਿਚ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਦਿੰਦੀ ਹੈ ਤੇ ਕੁਝ ਹਾਲਾਤਾਂ ਵਿਚ ਨਹੀਂ। ਯਿਸੂ ਨੇ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।” (ਮੱਤੀ 19:9) “ਹਰਾਮਕਾਰੀ” ਵਿਚ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਤੇ ਹੋਰ ਗੰਦੇ ਕੰਮ ਵੀ ਸ਼ਾਮਲ ਹਨ। ਸੋ ਜੇ ਪਤੀ-ਪਤਨੀ ਵਿੱਚੋਂ ਕਿਸੇ ਨੇ ਹਰਾਮਕਾਰੀ ਨਾ ਕੀਤੀ ਹੋਵੇ, ਤਾਂ ਅਜਿਹੀ ਹਾਲਤ ਵਿਚ ਤਲਾਕ ਲੈਣ ਤੋਂ ਪਹਿਲਾਂ ਮਸੀਹੀ ਨੂੰ ਪ੍ਰਾਰਥਨਾ ਕਰ ਕੇ ਇਸ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ।

7. ਜਦ ਦੋ ਮਸੀਹੀਆਂ ਦਾ ਵਿਆਹ ਟੁੱਟ ਜਾਂਦਾ ਹੈ, ਤਾਂ ਬਾਹਰਲੇ ਲੋਕ ਸ਼ਾਇਦ ਕੀ ਸੋਚਣ?

7 ਕਿਸੇ ਦਾ ਵਿਆਹ ਟੁੱਟ ਜਾਣਾ ਇਸ ਗੱਲ ਦਾ ਸਬੂਤ ਹੋ ਸਕਦਾ ਹੈ ਕਿ ਪਰਮੇਸ਼ੁਰ ਨਾਲ ਪਤੀ ਜਾਂ ਪਤਨੀ ਦਾ ਰਿਸ਼ਤਾ ਕਮਜ਼ੋਰ ਹੈ। ਪੌਲੁਸ ਰਸੂਲ ਨੇ ਇਹ ਗੰਭੀਰ ਸਵਾਲ ਪੁੱਛਿਆ: “ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?” (1 ਤਿਮੋ. 3:5) ਅਸਲ ਵਿਚ ਜਦ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਵਿਆਹ ਟੁੱਟ ਜਾਂਦਾ ਹੈ, ਤਾਂ ਬਾਹਰਲੇ ਲੋਕ ਸ਼ਾਇਦ ਸੋਚਣ ਕਿ ਯਹੋਵਾਹ ਦੇ ਗਵਾਹ ਦੂਜਿਆਂ ਨੂੰ ਕੁਝ ਸਿਖਾਉਂਦੇ ਹਨ, ਪਰ ਆਪ ਕੁਝ ਹੋਰ ਕਰਦੇ ਹਨ।—ਰੋਮੀ. 2:21-24.

8. ਜਦ ਦੋ ਮਸੀਹੀ ਇਕ-ਦੂਜੇ ਤੋਂ ਜੁਦਾ ਹੋਣ ਬਾਰੇ ਸੋਚਦੇ ਹਨ, ਤਾਂ ਇਸ ਤੋਂ ਕੀ ਪਤਾ ਲੱਗਦਾ ਹੈ?

8 ਜਦ ਬਪਤਿਸਮਾ ਲੈ ਚੁੱਕੇ ਦੋ ਮਸੀਹੀ ਜੁਦਾ ਹੋਣ ਜਾਂ ਬਾਈਬਲ ਵਿਚ ਦੱਸੇ ਕਾਰਨ ਤੋਂ ਇਲਾਵਾ ਹੋਰ ਕਿਸੇ ਕਾਰਨ ਕਰਕੇ ਤਲਾਕ ਲੈਣ ਬਾਰੇ ਸੋਚਦੇ ਹਨ, ਤਾਂ ਉਨ੍ਹਾਂ ਵਿੱਚੋਂ ਇਕ ਜਣਾ ਜਾਂ ਦੋਵੇਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰ ਰਹੇ। ਜੇ ਉਹ ਸੱਚ-ਮੁੱਚ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ” ਰੱਖ ਰਹੇ ਹੁੰਦੇ, ਤਾਂ ਉਹ ਆਪਣੇ ਟੁੱਟ ਰਹੇ ਵਿਆਹ ਨੂੰ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕਰਦੇ।—ਕਹਾਉਤਾਂ 3:5, 6 ਪੜ੍ਹੋ।

9. ਕੁਝ ਮਸੀਹੀਆਂ ਨੂੰ ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹ ਨੂੰ ਬਚਾਉਣ ਦੀ ਕਿਹੜੀ ਬਰਕਤ ਮਿਲੀ ਹੈ?

9 ਕਈ ਮਸੀਹੀਆਂ ਦੇ ਵਿਆਹ ਪਹਿਲਾਂ ਟੁੱਟਣ ਦੀ ਨੌਬਤ ਤਕ ਪਹੁੰਚ ਗਏ ਸਨ, ਪਰ ਬਾਅਦ ਵਿਚ ਉਨ੍ਹਾਂ ਦੀਆਂ ਵਿਆਹੁਤਾ ਜ਼ਿੰਦਗੀਆਂ ਵਿਚ ਦੁਬਾਰਾ ਖ਼ੁਸ਼ੀਆਂ ਆਈਆਂ। ਜਿਹੜੇ ਮਸੀਹੀ ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਸਕਦਾ ਹੈ। ਧਿਆਨ ਦਿਓ ਕਿ ਉਸ ਘਰ ਵਿਚ ਕੀ ਹੋ ਸਕਦਾ ਹੈ ਜਿਸ ਵਿਚ ਸਿਰਫ਼ ਇਕ ਸਾਥੀ ਯਹੋਵਾਹ ਦੀ ਸੇਵਾ ਕਰਦਾ ਹੈ। ਪਤਰਸ ਰਸੂਲ ਨੇ ਲਿਖਿਆ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ।” (1 ਪਤ. 3:1, 2) ਹਾਂ, ਆਪਣੇ ਜੀਵਨ ਸਾਥੀ ਦੇ ਚੰਗੇ ਚਾਲ-ਚਲਣ ਕਰਕੇ ਅਵਿਸ਼ਵਾਸੀ ਸਾਥੀ ਸੱਚਾਈ ਵਿਚ ਆ ਸਕਦਾ ਹੈ। ਜਦ ਵਿਆਹ ਟੁੱਟਣ ਤੋਂ ਬਚ ਜਾਂਦਾ ਹੈ, ਤਾਂ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ ਤੇ ਪੂਰੇ ਪਰਿਵਾਰ ਨੂੰ ਬਰਕਤਾਂ ਮਿਲਦੀਆਂ ਹਨ।

10, 11. ਵਿਆਹੁਤਾ ਜੀਵਨ ਵਿਚ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ, ਪਰ ਮਸੀਹੀ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਨ?

10 ਜ਼ਿਆਦਾਤਰ ਕੁਆਰੇ ਭੈਣ-ਭਰਾ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਜਿਸ ਕਰਕੇ ਉਹ ਸੱਚਾਈ ਵਿਚ ਹੀ ਵਿਆਹ ਕਰਾਉਂਦੇ ਹਨ। ਫਿਰ ਵੀ ਬਾਅਦ ਵਿਚ ਉਨ੍ਹਾਂ ਦੇ ਹਾਲਾਤ ਬਦਲ ਸਕਦੇ ਹਨ। ਵਿਆਹ ਤੋਂ ਬਾਅਦ ਸ਼ਾਇਦ ਇਕ ਜੀਵਨ ਸਾਥੀ ਗੰਭੀਰ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਵੇ ਜਾਂ ਸੱਚਾਈ ਵਿਚ ਢਿੱਲਾ ਪੈ ਜਾਵੇ। ਲੀਨਾ * ਨਾਂ ਦੀ ਇਕ ਭੈਣ ਦੀ ਮਿਸਾਲ ਲੈ ਲਓ ਜਿਹੜੀ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੀ ਹੈ ਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦੀ ਹੈ। ਉਹ ਬਹੁਤ ਦੁਖੀ ਹੋਈ ਜਦੋਂ ਉਸ ਦਾ ਪਤੀ ਬਾਈਬਲ ਦੇ ਅਸੂਲਾਂ ਖ਼ਿਲਾਫ਼ ਗ਼ਲਤ ਕੰਮ ਕਰਨ ਲੱਗ ਪਿਆ ਤੇ ਤੋਬਾ ਨਾ ਕਰਨ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਅਜਿਹੀ ਹਾਲਤ ਵਿਚ ਕੋਈ ਮਸੀਹੀ ਕੀ ਕਰ ਸਕਦਾ ਹੈ?

11 ਤੁਸੀਂ ਸ਼ਾਇਦ ਪੁੱਛੋ, ‘ਕੀ ਮੈਨੂੰ ਹਰ ਹਾਲਤ ਵਿਚ ਆਪਣੇ ਵਿਆਹ ਨੂੰ ਬਚਾਉਣ ਦਾ ਜਤਨ ਕਰਦੇ ਰਹਿਣਾ ਚਾਹੀਦਾ ਹੈ?’ ਕਿਸੇ ਨੂੰ ਤੁਹਾਡੇ ਲਈ ਇਹ ਫ਼ੈਸਲਾ ਨਹੀਂ ਕਰਨਾ ਚਾਹੀਦਾ। ਪਰ ਆਪਣੇ ਵਿਆਹ ਨੂੰ ਬਚਾਉਣ ਦਾ ਜਤਨ ਕਰਦੇ ਰਹਿਣ ਦੇ ਚੰਗੇ ਕਾਰਨ ਹਨ। ਜਿਹੜਾ ਮਸੀਹੀ ਮੁਸ਼ਕਲਾਂ ਦੇ ਬਾਵਜੂਦ ਆਪਣੇ ਜੀਵਨ ਸਾਥੀ ਨੂੰ ਨਹੀਂ ਛੱਡਦਾ ਅਤੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖ਼ਾਤਰ ਦੁੱਖ ਝੱਲਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ। (1 ਪਤਰਸ 2:19, 20 ਪੜ੍ਹੋ।) ਯਹੋਵਾਹ ਆਪਣੇ ਬਚਨ ਅਤੇ ਸ਼ਕਤੀ ਰਾਹੀਂ ਉਸ ਮਸੀਹੀ ਦੀ ਜ਼ਰੂਰ ਮਦਦ ਕਰੇਗਾ ਜੋ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਉਹ ਮਦਦ ਕਰਨ ਲਈ ਤਿਆਰ ਹਨ

12. ਬਜ਼ੁਰਗ ਤੁਹਾਡੇ ਬਾਰੇ ਕੀ ਸੋਚਣਗੇ ਜੇ ਤੁਸੀਂ ਉਨ੍ਹਾਂ ਤੋਂ ਮਦਦ ਮੰਗੋ?

12 ਜੇ ਤੁਹਾਡੇ ਵਿਆਹ ਵਿਚ ਮੁਸ਼ਕਲਾਂ ਹਨ, ਤਾਂ ਸਮਝਦਾਰ ਮਸੀਹੀਆਂ ਦੀ ਮਦਦ ਲੈਣ ਤੋਂ ਨਾ ਝਿਜਕੋ। ਬਜ਼ੁਰਗ ਚਰਵਾਹਿਆਂ ਵਾਂਗ ਮੰਡਲੀ ਦੀ ਦੇਖ-ਭਾਲ ਕਰਦੇ ਹਨ ਤੇ ਉਹ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਤੁਹਾਨੂੰ ਦੇਣਗੇ। (ਰਸੂ. 20:28; ਯਾਕੂ. 5:14, 15) ਇਹ ਨਾ ਸੋਚੋ ਕਿ ਬਜ਼ੁਰਗਾਂ ਨਾਲ ਆਪਣੀ ਸਮੱਸਿਆ ਬਾਰੇ ਗੱਲ ਕਰਨ ਨਾਲ ਉਨ੍ਹਾਂ ਦੀਆਂ ਨਜ਼ਰਾਂ ਵਿਚ ਤੁਹਾਡੀ ਤੇ ਤੁਹਾਡੇ ਸਾਥੀ ਦੀ ਇੱਜ਼ਤ ਘੱਟ ਜਾਵੇਗੀ। ਦਰਅਸਲ ਉਹ ਇਹ ਜਾਣ ਕੇ ਤੁਹਾਡੀ ਦੋਹਾਂ ਦੀ ਹੋਰ ਵੀ ਇੱਜ਼ਤ ਕਰਨਗੇ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਖ਼ੁਸ਼ ਕਰਨਾ ਚਾਹੁੰਦੇ ਹੋ।

13. ਪਹਿਲਾ ਕੁਰਿੰਥੀਆਂ 7:10-16 ਵਿਚ ਕਿਹੜੀ ਸਲਾਹ ਮਿਲਦੀ ਹੈ?

13 ਜਦ ਉਨ੍ਹਾਂ ਮਸੀਹੀਆਂ ਨੂੰ ਵਿਆਹ ਸੰਬੰਧੀ ਮਦਦ ਦੀ ਲੋੜ ਪੈਂਦੀ ਹੈ ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ, ਤਾਂ ਬਜ਼ੁਰਗ ਉਨ੍ਹਾਂ ਨੂੰ ਪੌਲੁਸ ਦੀ ਇਹ ਸਲਾਹ ਦਿੰਦੇ ਹਨ: “ਵਿਆਹੇ ਲੋਕਾਂ ਨੂੰ ਮੈਂ ਨਹੀਂ, ਸਗੋਂ ਪ੍ਰਭੂ ਇਹ ਹਿਦਾਇਤਾਂ ਦਿੰਦਾ ਹੈ ਕਿ ਪਤਨੀ ਆਪਣੇ ਪਤੀ ਨੂੰ ਨਾ ਛੱਡੇ; ਪਰ ਜੇ ਉਹ ਉਸ ਨੂੰ ਛੱਡ ਦਿੰਦੀ ਹੈ, ਤਾਂ ਉਹ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ; ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ। . . . ਪਤਨੀਓ, ਜੇ ਤੁਸੀਂ ਆਪਣੇ ਪਤੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ? ਜਾਂ ਪਤੀਓ, ਜੇ ਤੁਸੀਂ ਆਪਣੀਆਂ ਪਤਨੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?” (1 ਕੁਰਿੰ. 7:10-16) ਇਹ ਕਿੰਨੀ ਵੱਡੀ ਬਰਕਤ ਹੈ ਜਦ ਅਵਿਸ਼ਵਾਸੀ ਜੀਵਨ ਸਾਥੀ ਸੱਚਾਈ ਵਿਚ ਆ ਜਾਂਦਾ ਹੈ!

14, 15. ਕਿਨ੍ਹਾਂ ਹਾਲਾਤਾਂ ਵਿਚ ਸ਼ਾਇਦ ਕੋਈ ਮਸੀਹੀ ਆਪਣੇ ਜੀਵਨ ਸਾਥੀ ਨੂੰ ਛੱਡ ਦੇਵੇ, ਪਰ ਉਸ ਨੂੰ ਇਸ ਬਾਰੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਆਪਣੀ ਜਾਂਚ ਕਿਉਂ ਕਰਨੀ ਚਾਹੀਦੀ ਹੈ?

14 ਕਿਨ੍ਹਾਂ ਹਾਲਾਤਾਂ ਵਿਚ ਸ਼ਾਇਦ ਕੋਈ ਮਸੀਹੀ ਪਤਨੀ ਆਪਣੇ ਪਤੀ ਨੂੰ “ਛੱਡ” ਦੇਵੇ? ਕਈਆਂ ਨੇ ਇਹ ਫ਼ੈਸਲਾ ਇਸ ਕਰਕੇ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਸਾਥੀ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰਦਾ ਹੈ ਜਾਂ ਬੇਰਹਿਮੀ ਨਾਲ ਮਾਰਦਾ-ਕੁੱਟਦਾ ਹੈ ਜਾਂ ਉਸ ਨਾਲ ਰਹਿਣ ਕਰਕੇ ਪਰਮੇਸ਼ੁਰ ਨਾਲ ਮਸੀਹੀ ਦਾ ਰਿਸ਼ਤਾ ਖ਼ਤਰੇ ਵਿਚ ਪੈ ਜਾਂਦਾ ਹੈ।

15 ਉਨ੍ਹਾਂ ਨੇ ਆਪ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਆਪਣੇ ਸਾਥੀ ਨੂੰ ਛੱਡਣਾ ਹੈ ਜਾਂ ਨਹੀਂ। ਪਰ ਬਪਤਿਸਮਾ ਲੈ ਚੁੱਕੇ ਮਸੀਹੀ ਨੂੰ ਇਸ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਆਪਣੀ ਵੀ ਜਾਂਚ ਕਰਨੀ ਚਾਹੀਦੀ ਹੈ। ਮਿਸਾਲ ਲਈ, ਕੀ ਉਸ ਦੇ ਅਵਿਸ਼ਵਾਸੀ ਸਾਥੀ ਕਰਕੇ ਹੀ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋਇਆ ਹੈ ਜਾਂ ਕੀ ਉਹ ਆਪ ਬਾਈਬਲ ਦੀ ਸਟੱਡੀ ਕਦੀ-ਕਦਾਈਂ ਕਰਦਾ ਹੈ ਜਾਂ ਮੀਟਿੰਗਾਂ ਤੇ ਪ੍ਰਚਾਰ ਵਿਚ ਵੀ ਕਦੀ-ਕਦਾਈਂ ਜਾਂਦਾ ਹੈ?

16. ਮਸੀਹੀਆਂ ਨੂੰ ਤਲਾਕ ਬਾਰੇ ਕਾਹਲੀ ਵਿਚ ਕੋਈ ਵੀ ਫ਼ੈਸਲਾ ਕਰਨ ਤੋਂ ਕਿਹੜੀ ਗੱਲ ਰੋਕੇਗੀ?

16 ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹਾਂ ਅਤੇ ਉਸ ਵੱਲੋਂ ਕੀਤੇ ਗਏ ਵਿਆਹ ਦੇ ਪ੍ਰਬੰਧ ਲਈ ਧੰਨਵਾਦੀ ਹਾਂ। ਇਸ ਕਰਕੇ ਅਸੀਂ ਤਲਾਕ ਬਾਰੇ ਕੋਈ ਵੀ ਫ਼ੈਸਲਾ ਜਲਦਬਾਜ਼ੀ ਨਾਲ ਨਹੀਂ ਕਰਨਾ ਚਾਹੁੰਦੇ। ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਉਸ ਦੇ ਪਵਿੱਤਰ ਨਾਂ ਨੂੰ ਰੌਸ਼ਨ ਕਰਨਾ ਚਾਹੁੰਦੇ ਹਾਂ, ਬਦਨਾਮ ਨਹੀਂ। ਸਾਨੂੰ ਆਪਣੇ ਦਿਲ ਵਿਚ ਇਹ ਇੱਛਾ ਕਦੀ ਵੀ ਪਲ਼ਣ ਨਹੀਂ ਦੇਣੀ ਚਾਹੀਦੀ ਕਿ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਹੋਰ ਵਿਆਹ ਕਰਾ ਲਈਏ।—ਯਿਰ. 17:9; ਮਲਾ. 2:13-16.

17. ਕਿਨ੍ਹਾਂ ਹਾਲਾਤਾਂ ਅਧੀਨ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਨੇ ਵਿਆਹੇ ਮਸੀਹੀਆਂ ਨੂੰ ਸ਼ਾਂਤੀ ਲਈ ਸੱਦਿਆ ਹੈ?

17 ਭਾਵੇਂ ਇਕ ਮਸੀਹੀ ਦਾ ਜੀਵਨ ਸਾਥੀ ਸੱਚਾਈ ਵਿਚ ਨਹੀਂ ਹੈ, ਫਿਰ ਵੀ ਉਸ ਨੂੰ ਆਪਣੇ ਵਿਆਹ ਦਾ ਬੰਧਨ ਮਜ਼ਬੂਤ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਜੇ ਉਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦਾ ਜੀਵਨ ਸਾਥੀ ਉਸ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ, ਤਾਂ ਮਸੀਹੀ ਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ। ਪੌਲੁਸ ਨੇ ਲਿਖਿਆ: “ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨੂੰ ਛੱਡਣ ਦਾ ਫ਼ੈਸਲਾ ਕਰੇ, ਤਾਂ ਉਹ ਉਸ ਨੂੰ ਜਾਣ ਦੇਵੇ; ਅਜਿਹੀ ਹਾਲਤ ਵਿਚ ਕਿਸੇ ਵੀ ਭਰਾ ਜਾਂ ਭੈਣ ਦਾ ਆਪਣੇ ਜੀਵਨ ਸਾਥੀ ਪ੍ਰਤੀ ਕੋਈ ਫ਼ਰਜ਼ ਨਹੀਂ ਰਹਿ ਜਾਂਦਾ। ਪਰਮੇਸ਼ੁਰ ਨੇ ਤੁਹਾਨੂੰ ਸ਼ਾਂਤੀ ਲਈ ਸੱਦਿਆ ਹੈ।”—1 ਕੁਰਿੰ. 7:15. *

ਯਹੋਵਾਹ ਉੱਤੇ ਭਰੋਸਾ ਰੱਖੋ

18. ਜੇ ਵਿਆਹ ਟੁੱਟਣ ਤੋਂ ਨਾ ਵੀ ਬਚਾਇਆ ਜਾ ਸਕੇ, ਤਾਂ ਕੋਸ਼ਿਸ਼ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ?

18 ਵਿਆਹੁਤਾ ਜ਼ਿੰਦਗੀ ਵਿਚ ਕੋਈ ਵੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਏ ਹਮੇਸ਼ਾ ਯਹੋਵਾਹ ਨੂੰ ਹਿੰਮਤ ਲਈ ਬੇਨਤੀ ਕਰੋ ਤੇ ਉਸ ’ਤੇ ਭਰੋਸਾ ਰੱਖੋ। (ਜ਼ਬੂਰਾਂ ਦੀ ਪੋਥੀ 27:14 ਪੜ੍ਹੋ।) ਜ਼ਰਾ ਲੀਨਾ ਬਾਰੇ ਸੋਚੋ ਜਿਸ ਦੀ ਪਹਿਲਾਂ ਵੀ ਗੱਲ ਕੀਤੀ ਸੀ। ਕਈ ਸਾਲ ਆਪਣੇ ਵਿਆਹ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਸ ਦਾ ਤਲਾਕ ਹੋ ਗਿਆ। ਕੀ ਉਸ ਨੂੰ ਲੱਗਦਾ ਹੈ ਕਿ ਉਸ ਦੀ ਕੀਤੀ-ਕਰਾਈ ਖੂਹ ਵਿਚ ਪੈ ਗਈ? ਉਹ ਦੱਸਦੀ ਹੈ: “ਸਾਰਿਆਂ ਨੇ ਆਪਣੀ ਅੱਖੀਂ ਦੇਖਿਆ ਕਿ ਮੈਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ। ਮੇਰੀ ਜ਼ਮੀਰ ਸਾਫ਼ ਹੈ। ਸਭ ਤੋਂ ਚੰਗੀ ਗੱਲ ਹੈ ਕਿ ਉਨ੍ਹਾਂ ਸਾਲਾਂ ਦੌਰਾਨ ਮੇਰੀ ਬੇਟੀ ਸੱਚਾਈ ਵਿਚ ਪੱਕੀ ਰਹੀ। ਉਸ ਨੇ ਵੱਡੀ ਹੋ ਕੇ ਬਪਤਿਸਮਾ ਲਿਆ ਤੇ ਹੁਣ ਉਹ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ।”

19. ਜੇ ਅਸੀਂ ਆਪਣੇ ਵਿਆਹ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਈਏ, ਤਾਂ ਕੀ ਹੋ ਸਕਦਾ ਹੈ?

19 ਮੈਰਾਲਿਨ ਨਾਂ ਦੀ ਭੈਣ ਖ਼ੁਸ਼ ਹੈ ਕਿ ਉਸ ਨੇ ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਆਪਣੇ ਵਿਆਹ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਉਹ ਕਹਿੰਦੀ ਹੈ: “ਮੇਰਾ ਪਤੀ ਪਹਿਲਾਂ ਮੰਡਲੀ ਵਿਚ ਬਜ਼ੁਰਗ ਹੁੰਦਾ ਸੀ, ਪਰ ਉਸ ਨੇ ਬਿਜ਼ਨਿਸ ਕਰਦੇ ਹੋਏ ਗ਼ਲਤ ਕੰਮ ਕੀਤੇ ਜਿਸ ਕਰਕੇ ਕਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਉਸ ਨੇ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ ਤੇ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਾਲੇ ਉਸ ਨਾਲ ਰਹਿਣ ਕਰਕੇ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਖ਼ਤਰੇ ਵਿਚ ਪੈ ਗਿਆ। ਇਸ ਕਰਕੇ ਮੈਂ ਉਸ ਤੋਂ ਅਲੱਗ ਹੋਣ ਬਾਰੇ ਸੋਚਿਆ। ਅਸੀਂ ਇਕ-ਦੂਜੇ ਨੂੰ ਬੁਲਾਉਣਾ ਛੱਡ ਦਿੱਤਾ। ਮੇਰੀ ਹਾਲਤ ਉਦੋਂ ਹੋਰ ਵੀ ਖ਼ਰਾਬ ਹੋ ਗਈ ਜਦੋਂ ਸਾਡੇ ਸ਼ਹਿਰ ਵਿਚ ਅੱਤਵਾਦੀ ਹਮਲਾ ਹੋਇਆ। ਮੈਂ ਇੰਨੀ ਡਰ ਗਈ ਕਿ ਮੈਂ ਗੁੰਮ-ਸੁੰਮ ਰਹਿਣ ਲੱਗ ਪਈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਵੀ ਕਸੂਰਵਾਰ ਹਾਂ। ਅਸੀਂ ਇਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਪਰਿਵਾਰਕ ਸਟੱਡੀ ਦੁਬਾਰਾ ਕਰਨ ਲੱਗ ਪਏ ਅਤੇ ਮੀਟਿੰਗਾਂ ਵਿਚ ਜਾਣ ਲੱਗ ਪਏ। ਬਜ਼ੁਰਗ ਸਾਡੇ ਨਾਲ ਪਿਆਰ ਨਾਲ ਪੇਸ਼ ਆਏ ਤੇ ਉਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ। ਸਾਡੀ ਵਿਆਹੁਤਾ ਜ਼ਿੰਦਗੀ ਵਿਚ ਫਿਰ ਤੋਂ ਖ਼ੁਸ਼ੀਆਂ ਦੀ ਬਹਾਰ ਆ ਗਈ। ਕੁਝ ਸਮੇਂ ਬਾਅਦ ਮੇਰੇ ਪਤੀ ਨੂੰ ਫਿਰ ਤੋਂ ਮੰਡਲੀ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਅਸੀਂ ਆਪਣੇ ਤਜਰਬੇ ਤੋਂ ਬਹੁਤ ਕੁਝ ਸਿੱਖਿਆ। ਇਹ ਸਾਡੀ ਜ਼ਿੰਦਗੀ ਦਾ ਔਖਾ ਸਬਕ ਸੀ, ਪਰ ਇਸ ਦਾ ਚੰਗਾ ਨਤੀਜਾ ਨਿਕਲਿਆ।”

20, 21. ਵਿਆਹ ਦੇ ਸੰਬੰਧ ਵਿਚ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?

20 ਚਾਹੇ ਅਸੀਂ ਕੁਆਰੇ ਹਾਂ ਜਾਂ ਵਿਆਹੇ, ਆਓ ਆਪਾਂ ਹਮੇਸ਼ਾ ਯਹੋਵਾਹ ਤੋਂ ਹਿੰਮਤ ਮੰਗੀਏ ਤੇ ਉਸ ਉੱਤੇ ਭਰੋਸਾ ਰੱਖੀਏ। ਜੇ ਸਾਡੇ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਹਨ, ਤਾਂ ਸਾਨੂੰ ਇਨ੍ਹਾਂ ਨੂੰ ਸੁਲਝਾਉਣ ਦਾ ਜਤਨ ਕਰਨਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਤੀ-ਪਤਨੀ “ਦੋ ਨਹੀਂ, ਸਗੋਂ ਇਕ ਸਰੀਰ ਹਨ।” (ਮੱਤੀ 19:6) ਇਹ ਵੀ ਯਾਦ ਰੱਖੋ ਕਿ ਜੇ ਸਾਡਾ ਜੀਵਨ ਸਾਥੀ ਸੱਚਾਈ ਵਿਚ ਨਹੀਂ ਹੈ ਤੇ ਅਸੀਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਇਸ ਕਰਕੇ ਉਹ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪਵੇ।

21 ਸਾਡੇ ਹਾਲਾਤ ਜੋ ਵੀ ਹਨ, ਆਓ ਆਪਾਂ ਵਿਆਹੁਤਾ ਜ਼ਿੰਦਗੀ ਵਿਚ ਖੜ੍ਹੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਨਜਿੱਠਣ ਦਾ ਪੱਕਾ ਇਰਾਦਾ ਕਰੀਏ ਤਾਂਕਿ ਬਾਹਰਲੇ ਲੋਕਾਂ ਨੂੰ ਚੰਗੀ ਗਵਾਹੀ ਮਿਲ ਸਕੇ। ਜੇ ਸਾਡਾ ਵਿਆਹ ਟੁੱਟਣ ਦੀ ਨੌਬਤ ਤੇ ਆ ਗਿਆ ਹੈ, ਤਾਂ ਆਓ ਆਪਾਂ ਯਹੋਵਾਹ ਅੱਗੇ ਦਿਲੋਂ ਪ੍ਰਾਰਥਨਾ ਕਰੀਏ, ਆਪਣੀ ਜਾਂਚ ਕਰੀਏ, ਬਾਈਬਲ ਦੀ ਸਲਾਹ ਉੱਤੇ ਸੋਚ-ਵਿਚਾਰ ਕਰੀਏ ਅਤੇ ਬਜ਼ੁਰਗਾਂ ਤੋਂ ਮਦਦ ਮੰਗੀਏ। ਅਸੀਂ ਹਰ ਮਾਮਲੇ ਵਿਚ ਯਹੋਵਾਹ ਪਰਮੇਸ਼ੁਰ ਦੇ ਜੀਅ ਨੂੰ ਖ਼ੁਸ਼ ਕਰਨ ਅਤੇ ਉਸ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰਨ ਦਾ ਪੱਕਾ ਇਰਾਦਾ ਕਰੀਏ।

[ਫੁਟਨੋਟ]

^ ਪੈਰਾ 10 ਨਾਂ ਬਦਲੇ ਗਏ ਹਨ।

[ਸਵਾਲ]

[ਸਫ਼ਾ 10 ਉੱਤੇ ਸੁਰਖੀ]

ਜਿਹੜੇ ਮਸੀਹੀ ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਸਕਦਾ ਹੈ

[ਸਫ਼ਾ 12 ਉੱਤੇ ਸੁਰਖੀ]

ਯਹੋਵਾਹ ਉੱਤੇ ਹਮੇਸ਼ਾ ਭਰੋਸਾ ਰੱਖੋ ਤੇ ਉਸ ਤੋਂ ਹਿੰਮਤ ਮੰਗੋ

[ਸਫ਼ਾ 9 ਉੱਤੇ ਤਸਵੀਰ]

ਯਹੋਵਾਹ ਉਨ੍ਹਾਂ ਮਸੀਹੀਆਂ ਨੂੰ ਬਰਕਤ ਦਿੰਦਾ ਹੈ ਜੋ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ

[ਸਫ਼ਾ 11 ਉੱਤੇ ਤਸਵੀਰ]

ਮੰਡਲੀ ਦੇ ਭੈਣ-ਭਰਾ ਸਾਨੂੰ ਹੌਸਲਾ ਤੇ ਮਦਦ ਦੇ ਸਕਦੇ ਹਨ