Skip to content

Skip to table of contents

ਭਵਿੱਖਬਾਣੀਆਂ ਜੋ ਹਮੇਸ਼ਾ ਪੂਰੀਆਂ ਹੁੰਦੀਆਂ ਹਨ

ਭਵਿੱਖਬਾਣੀਆਂ ਜੋ ਹਮੇਸ਼ਾ ਪੂਰੀਆਂ ਹੁੰਦੀਆਂ ਹਨ

“ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ।”—ਯਹੋਸ਼ੁਆ 23:14.

ਬਾਈਬਲ ਕਿਵੇਂ ਵੱਖਰੀ ਹੈ? ਸਾਰਿਆਂ ਨੂੰ ਪਤਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਪੁੱਛਾਂ ਦੇਣ ਵਾਲਿਆਂ ਵੱਲੋਂ ਭਵਿੱਖ ਬਾਰੇ ਦੱਸੀਆਂ ਗੱਲਾਂ ਸਾਫ਼ ਸਮਝ ਨਹੀਂ ਆਉਂਦੀਆਂ ਸਨ ਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕੀਤਾ ਜਾ ਸਕਦਾ ਸੀ। ਅੱਜ ਜਨਮ-ਕੁੰਡਲੀਆਂ ਬਾਰੇ ਵੀ ਇਹੀ ਸੱਚ ਹੈ। ਅੱਜ ਵੀ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਭਵਿੱਖ ਵਿਚ ਕਿਹੜੀਆਂ ਘਟਨਾਵਾਂ ਹੋਣਗੀਆਂ। ਪਰ ਉਹ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਸਦੀਆਂ ਬਾਅਦ ਕਿਹੜੀਆਂ ਖ਼ਾਸ ਘਟਨਾਵਾਂ ਹੋਣਗੀਆਂ। ਇਸ ਦੇ ਉਲਟ, ਬਾਈਬਲ ਵਿਚ ਬਾਰੀਕੀ ਨਾਲ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਤੇ ਉਹ ਹਮੇਸ਼ਾ ਪੂਰੀਆਂ ਹੁੰਦੀਆਂ ਹਨ ਭਾਵੇਂ ਕਿ ਇਹ ਭਵਿੱਖਬਾਣੀਆਂ ਬਹੁਤ ਸਮਾਂ ਪਹਿਲਾਂ ਹੀ ਆਉਣ ਵਾਲੇ ਸਮੇਂ ਬਾਰੇ ਦੱਸਦੀਆਂ ਹਨ।—ਯਸਾਯਾਹ 46:10.

ਇਕ ਮਿਸਾਲ: ਛੇਵੀਂ ਸਦੀ ਈਸਵੀ ਪੂਰਵ ਵਿਚ ਦਾਨੀਏਲ ਨਬੀ ਨੇ ਇਕ ਦਰਸ਼ਣ ਦੇਖਿਆ ਜਿਸ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯੂਨਾਨ ਤੇਜ਼ੀ ਨਾਲ ਮਾਦੀ-ਫ਼ਾਰਸੀਆਂ ਨੂੰ ਹਰਾ ਦੇਵੇਗਾ। ਇਹ ਵੀ ਦੱਸਿਆ ਗਿਆ ਸੀ ਕਿ ਜਿਉਂ ਹੀ ਯੂਨਾਨ ਦਾ ਜੇਤੂ ਰਾਜਾ ‘ਬਲਵਾਨ ਹੋਵੇਗਾ,’ ਤਿਉਂ ਹੀ ਉਸ ਦੀ ਹਕੂਮਤ ‘ਟੁੱਟ’ ਜਾਵੇਗੀ। ਉਸ ਦੀ ਜਗ੍ਹਾ ਕੌਣ ਲਵੇਗਾ? ਦਾਨੀਏਲ ਨੇ ਲਿਖਿਆ: “ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ ਦੇ ਵਿਚਕਾਰ ਉੱਠਣਗੇ ਪਰ ਉਨ੍ਹਾਂ ਦਾ ਵਸ ਉਹ ਦੇ ਵਰਗਾ ਨਾ ਹੋਵੇਗਾ।”—ਦਾਨੀਏਲ 8:5-8, 20-22.

ਇਤਿਹਾਸਕਾਰ ਕੀ ਕਹਿੰਦੇ ਹਨ: ਦਾਨੀਏਲ ਦੇ ਜ਼ਮਾਨੇ ਤੋਂ 200 ਤੋਂ ਜ਼ਿਆਦਾ ਸਾਲ ਬਾਅਦ ਸਿਕੰਦਰ ਮਹਾਨ ਯੂਨਾਨ ਦਾ ਰਾਜਾ ਬਣਿਆ। ਦਸ ਸਾਲਾਂ ਦੇ ਅੰਦਰ-ਅੰਦਰ ਸਿਕੰਦਰ ਨੇ ਮਾਦੀ-ਫ਼ਾਰਸੀਆਂ ਦੇ ਸਾਮਰਾਜ ਨੂੰ ਹਰਾ ਦਿੱਤਾ ਅਤੇ ਯੂਨਾਨੀ ਰਾਜ ਨੂੰ ਸਿੰਧ ਦਰਿਆ (ਹੁਣ ਪਾਕਿਸਤਾਨ ਵਿਚ) ਤਕ ਫੈਲਾ ਦਿੱਤਾ। ਪਰ 32 ਸਾਲਾਂ ਦੀ ਉਮਰ ਵਿਚ ਅਚਾਨਕ ਉਸ ਦੀ ਮੌਤ ਹੋ ਗਈ। ਅਖ਼ੀਰ ਵਿਚ ਏਸ਼ੀਆ ਮਾਈਨਰ ਦੇ ਸ਼ਹਿਰ ਇਪਸੱਸ ਨੇੜੇ ਹੋਈ ਲੜਾਈ ਕਾਰਨ ਸਾਮਰਾਜ ਦਾ ਬਟਵਾਰਾ ਹੋ ਗਿਆ। ਉਸ ਲੜਾਈ ਦੇ ਚਾਰ ਜੇਤੂਆਂ ਨੇ ਯੂਨਾਨੀ ਸਾਮਰਾਜ ਨੂੰ ਆਪਸ ਵਿਚ ਵੰਡ ਲਿਆ। ਪਰ ਉਨ੍ਹਾਂ ਵਿੱਚੋਂ ਕੋਈ ਵੀ ਸਿਕੰਦਰ ਜਿੰਨਾ ਤਾਕਤਵਰ ਨਹੀਂ ਬਣਿਆ।

ਤੁਹਾਡਾ ਕੀ ਖ਼ਿਆਲ ਹੈ? ਕੀ ਕੋਈ ਹੋਰ ਕਿਤਾਬ ਦਾਅਵਾ ਕਰਦੀ ਹੈ ਕਿ ਉਸ ਵਿਚਲੀਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਹਨ? ਜਾਂ ਕੀ ਬਾਈਬਲ ਇਸ ਮਾਮਲੇ ਵਿਚ ਅਨੋਖੀ ਕਿਤਾਬ ਹੈ? (w12-E 06/01)

‘ਬਾਈਬਲ ਵਿਚ ਅਜਿਹੀਆਂ ਕਿੰਨੀਆਂ ਹੀ ਭਵਿੱਖਬਾਣੀਆਂ ਹਨ ਜੋ ਇਤਫ਼ਾਕ ਨਾਲ ਪੂਰੀਆਂ ਹੋ ਹੀ ਨਹੀਂ ਸਕਦੀਆਂ।’—ਏ ਲੋਇਰ ਐਗਜਾਮਿਨਜ਼ ਦ ਬਾਈਬਲ, ਅਰਵਿਨ ਐੱਚ. ਲਿਨਟਨ

[ਸਫ਼ਾ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Robert Harding Picture Library/SuperStock