Skip to content

Skip to table of contents

ਘੱਟ ਕਮਾਈ ਨਾਲ ਗੁਜ਼ਾਰਾ ਕਿਵੇਂ ਤੋਰੀਏ

ਘੱਟ ਕਮਾਈ ਨਾਲ ਗੁਜ਼ਾਰਾ ਕਿਵੇਂ ਤੋਰੀਏ

ਘੱਟ ਕਮਾਈ ਨਾਲ ਗੁਜ਼ਾਰਾ ਕਿਵੇਂ ਤੋਰੀਏ

ਓਬੇਦ ਦੇ ਦੋ ਪੁੱਤਰ ਹਨ। ਉਸ ਨੇ ਅਫ਼ਰੀਕਾ ਦੇ ਇਕ ਵੱਡੇ ਸਾਰੇ ਸ਼ਹਿਰ ਦੇ ਇਕ ਫਾਈਵ ਸਟਾਰ ਹੋਟਲ ਵਿਚ ਦਸ ਸਾਲ ਕੰਮ ਕੀਤਾ ਅਤੇ ਉਹ ਆਪਣੇ ਪਰਿਵਾਰ ਦੀ ਹਰ ਲੋੜ ਪੂਰੀ ਕਰ ਸਕਦਾ ਸੀ। ਕਦੇ-ਕਦੇ ਉਹ ਆਪਣੇ ਪਰਿਵਾਰ ਨੂੰ ਛੁੱਟੀਆਂ ’ਤੇ ਲੈ ਜਾਂਦਾ ਸੀ। ਇਹ ਸਾਰਾ ਕੁਝ ਉਦੋਂ ਜਾਂਦਾ ਲੱਗਾ ਜਦੋਂ ਹੋਟਲ ਵਿਚ ਘੱਟ ਗਾਹਕ ਆਉਣ ਕਾਰਨ ਉਸ ਦੀ ਨੌਕਰੀ ਚਲੀ ਗਈ।

ਸਟੀਵਨ ਨੇ ਇਕ ਵੱਡੀ ਸਾਰੀ ਬੈਂਕ ਵਿਚ 22 ਤੋਂ ਜ਼ਿਆਦਾ ਸਾਲ ਕੰਮ ਕੀਤਾ ਤੇ ਫਿਰ ਉਹ ਐਕਜ਼ੈਕਟਿਵ ਅਫ਼ਸਰ ਬਣ ਗਿਆ। ਇਸ ਨੌਕਰੀ ਕਰਕੇ ਬੈਂਕ ਨੇ ਉਸ ਨੂੰ ਵੱਡਾ ਸਾਰਾ ਘਰ, ਕਾਰ, ਨੌਕਰ-ਚਾਕਰ ਦਿੱਤੇ ਅਤੇ ਸਟੀਵਨ ਆਪਣੇ ਬੱਚਿਆਂ ਨੂੰ ਮਸ਼ਹੂਰ ਸਕੂਲ ਵਿਚ ਪੜ੍ਹਾ ਸਕਿਆ। ਜਦੋਂ ਬੈਂਕ ਨੇ ਕਰਮਚਾਰੀਆਂ ਵਿਚ ਫੇਰ-ਬਦਲ ਕਰ ਕੇ ਦੇਖਿਆ ਕਿ ਕੰਮ ਕਰਨ ਲਈ ਕਿੰਨੇ ਕੁ ਬੰਦਿਆਂ ਦੀ ਲੋੜ ਹੈ, ਤਾਂ ਉਸ ਦੀ ਨੌਕਰੀ ਚਲੀ ਗਈ। ਸਟੀਵਨ ਦੱਸਦਾ ਹੈ: “ਮੈਂ ਅਤੇ ਮੇਰਾ ਪਰਿਵਾਰ ਤਾਂ ਤਬਾਹ ਹੋ ਗਿਆ। ਮੈਂ ਮਾਯੂਸ ਹੋ ਗਿਆ, ਮੇਰਾ ਦਿਲ ਕੜਵਾਹਟ ਨਾਲ ਭਰ ਗਿਆ ਤੇ ਮੈਂ ਡਰ ਵੀ ਗਿਆ।”

ਇਸ ਤਰ੍ਹਾਂ ਅੱਜ ਆਮ ਹੀ ਹੋ ਰਿਹਾ ਹੈ। ਦੁਨੀਆਂ ਵਿਚ ਆਰਥਿਕ ਮੰਦੀ ਕਰਕੇ ਲੱਖਾਂ ਹੀ ਅਜਿਹੇ ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ ਜਿਨ੍ਹਾਂ ਨੂੰ ਚੰਗੀ-ਖ਼ਾਸੀ ਤਨਖ਼ਾਹ ਮਿਲ ਰਹੀ ਸੀ। ਇਨ੍ਹਾਂ ਵਿੱਚੋਂ ਕਈਆਂ ਨੂੰ ਮਹਿੰਗਾਈ ਨਾਲ ਜੂਝਦਿਆਂ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਸਵੀਕਾਰ ਕਰਨੀਆਂ ਪਈਆਂ। ਕੋਈ ਵੀ ਦੇਸ਼ ਮੰਦੀ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚ ਸਕਦਾ, ਚਾਹੇ ਇਹ ਅਮੀਰ ਹੋਵੇ ਜਾਂ ਗ਼ਰੀਬ।

ਬੁੱਧ ਦੀ ਲੋੜ

ਜੇ ਸਾਨੂੰ ਪਹਿਲਾਂ ਨਾਲੋਂ ਘੱਟ ਤਨਖ਼ਾਹ ਮਿਲ ਰਹੀ ਹੈ ਜਾਂ ਸਾਡੀ ਨੌਕਰੀ ਚਲੀ ਗਈ ਹੈ, ਤਾਂ ਸੌਖਿਆਂ ਹੀ ਸਾਡੇ ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆ ਸਕਦੇ ਹਨ। ਇਹ ਤਾਂ ਠੀਕ ਹੈ ਕਿ ਕੋਈ ਵੀ ਇਨਸਾਨ ਡਰ ਨੂੰ ਪੂਰੀ ਤਰ੍ਹਾਂ ਮਨ ਵਿੱਚੋਂ ਨਹੀਂ ਕੱਢ ਸਕਦਾ। ਪਰ ਇਕ ਵਾਰ ਇਕ ਬੁੱਧੀਮਾਨ ਆਦਮੀ ਨੇ ਕਿਹਾ ਸੀ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਜਦੋਂ ਹੱਥ ਤੰਗ ਹੋ ਜਾਂਦਾ ਹੈ, ਤਾਂ ਘਬਰਾਉਣ ਦੀ ਬਜਾਇ, ਸਾਨੂੰ ਪਰਮੇਸ਼ੁਰ ਦੇ ਬਚਨ ਦੀ ਤਾਕੀਦ ਅਨੁਸਾਰ “ਦਨਾਈ” ਯਾਨੀ ਬੁੱਧ ਤੋਂ ਕੰਮ ਲੈਣਾ ਚਾਹੀਦਾ ਹੈ।—ਕਹਾਉਤਾਂ 2:7.

ਭਾਵੇਂ ਕਿ ਬਾਈਬਲ ਪੈਸਿਆਂ ਬਾਰੇ ਸਲਾਹ ਦੇਣ ਵਾਲੀ ਕਿਤਾਬ ਨਹੀਂ ਹੈ, ਫਿਰ ਵੀ ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਇਸ ਦੀ ਸਲਾਹ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਲਈ ਮਦਦਗਾਰ ਸਾਬਤ ਹੋਈ ਹੈ। ਆਓ ਆਪਾਂ ਬਾਈਬਲ ਦੇ ਕੁਝ ਮੁੱਖ ਅਸੂਲਾਂ ਦੀ ਜਾਂਚ ਕਰੀਏ।

ਚਾਦਰ ਦੇਖ ਕੇ ਪੈਰ ਪਸਾਰੋ। ਲੂਕਾ 14:28 ਵਿਚ ਯਿਸੂ ਦੇ ਲਫ਼ਜ਼ਾਂ ਉੱਤੇ ਗੌਰ ਕਰੋ: “ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ ਕਿ ਤੁਹਾਡੇ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ?” ਇਸ ਅਸੂਲ ’ਤੇ ਚੱਲਣ ਦਾ ਮਤਲਬ ਹੈ ਕਿ ਸਾਨੂੰ ਬਜਟ ਬਣਾ ਕੇ ਉਸ ਅਨੁਸਾਰ ਚੱਲਣਾ ਚਾਹੀਦਾ ਹੈ। ਪਰ ਜਿਸ ਤਰ੍ਹਾਂ ਓਬੇਦ ਨੇ ਕਿਹਾ, ਇਸ ਤਰ੍ਹਾਂ ਕਰਨਾ ਮੁਸ਼ਕਲ ਹੋ ਸਕਦਾ ਹੈ। ਉਹ ਦੱਸਦਾ ਹੈ ਕਿ “ਨੌਕਰੀ ਛੁੱਟ ਜਾਣ ਤੋਂ ਪਹਿਲਾਂ ਅਸੀਂ ਸੁਪਰ-ਮਾਰਕਿਟ ਤੋਂ ਜੋ ਚਾਹੁੰਦੇ ਸੀ, ਉਹ ਖ਼ਰੀਦ ਲੈਂਦੇ ਸੀ ਭਾਵੇਂ ਸਾਨੂੰ ਇਨ੍ਹਾਂ ਚੀਜ਼ਾਂ ਦੀ ਇੰਨੀ ਲੋੜ ਨਹੀਂ ਸੀ ਹੁੰਦੀ। ਅਸੀਂ ਕਦੇ ਬਜਟ ਨਹੀਂ ਬਣਾਇਆ ਸੀ ਕਿਉਂਕਿ ਸਾਡੇ ਕੋਲ ਕਾਫ਼ੀ ਪੈਸੇ ਸਨ।” ਪਹਿਲਾਂ ਤੋਂ ਸੋਚ-ਵਿਚਾਰ ਕਰਨ ਨਾਲ ਸਾਨੂੰ ਪਤਾ ਰਹੇਗਾ ਕਿ ਸਾਡੇ ਕੋਲ ਜਿੰਨੇ ਕੁ ਪੈਸੇ ਹਨ, ਉਹ ਅਸੀਂ ਪਰਿਵਾਰ ਲਈ ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਹੀ ਵਰਤਾਂਗੇ।

ਰਹਿਣ-ਸਹਿਣ ਵਿਚ ਫੇਰ-ਬਦਲ। ਆਪਣੇ ਰਹਿਣ-ਸਹਿਣ ਨੂੰ ਸਾਦਾ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈ, ਪਰ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਸਟੀਵਨ ਦੱਸਦਾ ਹੈ: “ਪੈਸੇ ਬਚਾਉਣ ਲਈ ਅਸੀਂ ਸਾਰਾ ਪਰਿਵਾਰ ਆਪਣੇ ਛੋਟੇ ਜਿਹੇ ਘਰ ਵਿਚ ਆ ਕੇ ਰਹਿਣ ਲੱਗ ਪਏ। ਇਸ ਘਰ ਵਿਚ ਕਾਫ਼ੀ ਸਾਰਾ ਕੰਮ ਹੋਣਾ ਬਾਕੀ ਸੀ। ਨਿਆਣਿਆਂ ਨੂੰ ਸਸਤੇ ਸਕੂਲਾਂ ਵਿਚ ਲਾਉਣਾ ਪਿਆ, ਪਰ ਇੱਥੇ ਵੀ ਵਧੀਆ ਪੜ੍ਹਾਉਂਦੇ ਸੀ।”

ਰਹਿਣ-ਸਹਿਣ ਸਾਦਾ ਰੱਖਣ ਵਿਚ ਸਫ਼ਲ ਹੋਣ ਲਈ ਪਰਿਵਾਰ ਵਿਚ ਖੁੱਲ੍ਹ ਕੇ ਗੱਲਬਾਤ ਕਰਨੀ ਜ਼ਰੂਰੀ ਹੈ। ਔਸਟਿਨ ਨਾਂ ਦਾ ਆਦਮੀ, ਜਿਸ ਨੇ ਆਪਣੀ ਨੌਕਰੀ ਗੁਆਉਣ ਤੋਂ ਪਹਿਲਾਂ ਬੈਂਕ ਵਿਚ ਨੌਂ ਸਾਲ ਕੰਮ ਕੀਤਾ, ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਬੈਠ ਕੇ ਉਨ੍ਹਾਂ ਚੀਜ਼ਾਂ ਦੀ ਲਿਸਟ ਬਣਾਈ ਜੋ ਸਾਨੂੰ ਸੱਚ-ਮੁੱਚ ਚਾਹੀਦੀਆਂ ਸਨ। ਅਸੀਂ ਖਾਣ ਵਾਲੀਆਂ ਮਹਿੰਗੀਆਂ ਚੀਜ਼ਾਂ ਅਤੇ ਬੇਲੋੜੇ ਨਵੇਂ ਕੱਪੜੇ ਖ਼ਰੀਦਣੇ ਘੱਟ ਕਰ ਦਿੱਤੇ ਤੇ ਮਹਿੰਗੀਆਂ ਛੁੱਟੀਆਂ ’ਤੇ ਜਾਣਾ ਬੰਦ ਕਰ ਦਿੱਤਾ। ਮੈਂ ਖ਼ੁਸ਼ ਹਾਂ ਕਿ ਮੇਰੇ ਪਰਿਵਾਰ ਨੇ ਇਹ ਤਬਦੀਲੀਆਂ ਕਰਨ ਵਿਚ ਮੇਰਾ ਸਾਥ ਦਿੱਤਾ।” ਇਹ ਤਾਂ ਸੱਚ ਹੈ ਕਿ ਬੱਚੇ ਸ਼ਾਇਦ ਪੂਰੀ ਤਰ੍ਹਾਂ ਨਾ ਸਮਝਣ ਕਿ ਇਹ ਤਬਦੀਲੀਆਂ ਕਰਨੀਆਂ ਕਿਉਂ ਜ਼ਰੂਰੀ ਹਨ, ਪਰ ਮਾਪੇ ਹੋਣ ਦੇ ਨਾਤੇ ਤੁਸੀਂ ਇਹ ਸਮਝਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ।

ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰਹੋ। ਜੇ ਤੁਸੀਂ ਆਫ਼ਿਸ ਵਿਚ ਕੰਮ ਕਰਨ ਦੇ ਆਦੀ ਹੋ, ਤਾਂ ਤੁਹਾਨੂੰ ਸ਼ਾਇਦ ਮਿਹਨਤ-ਮੁਸ਼ੱਕਤ ਵਾਲਾ ਕੰਮ ਕਰਨਾ ਔਖਾ ਲੱਗੇ। ਔਸਟਿਨ ਕਹਿੰਦਾ ਹੈ: “ਵੱਡੀ ਸਾਰੀ ਬੈਂਕ ਵਿਚ ਮੈਨੇਜਰ ਵਜੋਂ ਕੰਮ ਕਰਨ ਦਾ ਆਦੀ ਹੋਣ ਕਰਕੇ ਮੇਰਾ ਮਨ ਖ਼ੂਨ-ਪਸੀਨਾ ਵਹਾਉਣ ਵਾਲਾ ਕੋਈ ਕੰਮ ਕਰਨ ਲਈ ਰਾਜ਼ੀ ਨਹੀਂ ਸੀ ਹੁੰਦਾ।” ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਬਾਈਬਲ ਵਿਚ ਕਹਾਉਤਾਂ 29:25 ਦਾ ਹਵਾਲਾ ਕਹਿੰਦਾ ਹੈ: “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ।” ਜੇ ਤੁਸੀਂ ਇਹੀ ਸੋਚੀ ਗਏ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਣਗੇ, ਤਾਂ ਇਸ ਤਰ੍ਹਾਂ ਤੁਸੀਂ ਆਪਣੇ ਘਰਦਿਆਂ ਦਾ ਢਿੱਡ ਨਹੀਂ ਭਰ ਸਕੋਗੇ। ਇਸ ਤਰ੍ਹਾਂ ਦੀ ਸੋਚ ਨਾ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

ਇਸ ਦਾ ਰਾਜ਼ ਹੈ ਨਿਮਰਤਾ। ਹੋਟਲ ਦੀ ਨੌਕਰੀ ਗੁਆਉਣ ਤੋਂ ਬਾਅਦ ਓਬੇਦ ਨੂੰ ਇਕ ਬੰਦੇ ਨੇ, ਜੋ ਪਹਿਲਾਂ ਉਸ ਨਾਲ ਕੰਮ ਕਰਦਾ ਸੀ, ਆਪਣੀ ਮੋਟਰ-ਗੱਡੀਆਂ ਦੀ ਮੁਰੰਮਤ ਕਰਨ ਵਾਲੀ ਦੁਕਾਨ ਵਿਚ ਕੰਮ ਕਰਨ ਲਈ ਪੁੱਛਿਆ। ਇਹ ਕੰਮ ਕਰਦਿਆਂ ਉਸ ਨੂੰ ਰੰਗ ਅਤੇ ਹੋਰ ਚੀਜ਼ਾਂ ਖ਼ਰੀਦਣ ਲਈ ਮਿੱਟੀ-ਘੱਟੇ ਨਾਲ ਭਰੀਆਂ ਸੜਕਾਂ ’ਤੇ ਪੈਦਲ ਸਫ਼ਰ ਕਰਨਾ ਪੈਂਦਾ ਸੀ। ਓਬੇਦ ਕਹਿੰਦਾ ਹੈ: “ਭਾਵੇਂ ਮੈਨੂੰ ਲੱਗਦਾ ਸੀ ਕਿ ਇਹ ਕੰਮ ਮੇਰੇ ਤੋਂ ਨਹੀਂ ਹੋਣਾ, ਪਰ ਇਸ ਤੋਂ ਸਿਵਾਇ ਮੇਰੇ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਨਿਮਰ ਹੋ ਕੇ ਮੈਂ ਇਸ ਕੰਮ ਮੁਤਾਬਕ ਆਪਣੇ ਆਪ ਨੂੰ ਢਾਲਿਆ ਭਾਵੇਂ ਕਿ ਹੁਣ ਮੇਰੀ ਤਨਖ਼ਾਹ ਉਸ ਤਨਖ਼ਾਹ ਦਾ ਚੌਥਾ ਹਿੱਸਾ ਸੀ ਜੋ ਮੈਨੂੰ ਪਹਿਲਾਂ ਮਿਲਦੀ ਹੁੰਦੀ ਸੀ। ਪਰ ਇਹ ਮੇਰੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫ਼ੀ ਹੈ।” ਕੀ ਤੁਹਾਨੂੰ ਓਬੇਦ ਵਰਗਾ ਨਜ਼ਰੀਆ ਰੱਖਣ ਦਾ ਫ਼ਾਇਦਾ ਹੋ ਸਕਦਾ ਹੈ?

ਸੰਤੁਸ਼ਟ ਹੋਵੋ। ਇਕ ਪੰਜਾਬੀ ਕੋਸ਼ ਮੁਤਾਬਕ ਸੰਤੁਸ਼ਟ ਵਿਅਕਤੀ ਉਹ ਹੁੰਦਾ ਹੈ “ਜੋ ਉਨ੍ਹਾਂ ਚੀਜ਼ਾਂ ਨਾਲ ਖ਼ੁਸ਼ ਹੈ ਜੋ ਉਸ ਕੋਲ ਹਨ।” ਇਹ ਪਰਿਭਾਸ਼ਾ ਸ਼ਾਇਦ ਉਸ ਵਿਅਕਤੀ ਨੂੰ ਸਹੀ ਨਾ ਲੱਗੇ ਜਿਸ ਦਾ ਹੱਥ ਪੈਸੇ ਪੱਖੋਂ ਬਹੁਤ ਤੰਗ ਹੈ। ਪਰ ਪੌਲੁਸ ਰਸੂਲ ਨਾਂ ਦੇ ਮਿਸ਼ਨਰੀ ਦੇ ਸ਼ਬਦਾਂ ਉੱਤੇ ਗੌਰ ਕਰੋ ਜੋ ਹੱਥ ਤੰਗ ਹੋਣ ਦਾ ਮਤਲਬ ਜਾਣਦਾ ਸੀ। ਉਸ ਨੇ ਕਿਹਾ: “ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖਿਆ ਹੈ। ਮੈਂ ਥੋੜ੍ਹੇ ਵਿਚ ਵੀ ਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ।”—ਫ਼ਿਲਿੱਪੀਆਂ 4:11, 12.

ਸਾਡੇ ਹਾਲਾਤ ਸ਼ਾਇਦ ਕੱਲ੍ਹ ਨੂੰ ਸੁਧਰ ਜਾਣ, ਪਰ ਬਦਲਦੇ ਸਮਿਆਂ ਕਰਕੇ ਇਹ ਹੋਰ ਖ਼ਰਾਬ ਵੀ ਹੋ ਸਕਦੇ ਹਨ। ਸਾਨੂੰ ਸੱਚ-ਮੁੱਚ ਫ਼ਾਇਦਾ ਹੋ ਸਕਦਾ ਹੈ ਜੇ ਅਸੀਂ ਦਿਲੋਂ ਪੌਲੁਸ ਦੀ ਇਹ ਸਲਾਹ ਮੰਨੀਏ: “ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ। ਇਸ ਲਈ ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।” ਪੌਲੁਸ ਇੱਥੇ ਆਲਸੀ ਬਣਨ ਦਾ ਉਤਸ਼ਾਹ ਨਹੀਂ ਦੇ ਰਿਹਾ ਸੀ, ਸਗੋਂ ਕਹਿ ਰਿਹਾ ਸੀ ਕਿ ਸਾਨੂੰ ਸਰੀਰਕ ਲੋੜਾਂ ਬਾਰੇ ਹੱਦੋਂ ਵਧ ਚਿੰਤਾ ਨਹੀਂ ਕਰਨੀ ਚਾਹੀਦੀ।—1 ਤਿਮੋਥਿਉਸ 6:6, 8.

ਸੱਚੀ ਖ਼ੁਸ਼ੀ ਦਾ ਸੋਮਾ

ਸੱਚੀ ਖ਼ੁਸ਼ੀ ਘਰ ਵਿਚ ਮਨ-ਚਾਹੀਆਂ ਚੀਜ਼ਾਂ ਦਾ ਢੇਰ ਲਾਉਣ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਨਾਲ ਨਹੀਂ ਮਿਲਦੀ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਜੀ ਹਾਂ, ਖ਼ੁਸ਼ੀ ਅਤੇ ਸੰਤੁਸ਼ਟੀ ਉਦੋਂ ਮਿਲਦੀ ਹੈ ਜਦੋਂ ਅਸੀਂ ਦੂਜਿਆਂ ਨੂੰ ਆਪਣੇ ਸ਼ਬਦਾਂ ਨਾਲ ਹੌਸਲਾ ਦਿੰਦੇ ਹਾਂ ਤੇ ਉਸ ਸਭ ਕਾਸੇ ਨਾਲ ਉਨ੍ਹਾਂ ਦੀ ਮਦਦ ਕਰਦੇ ਹਾਂ ਜੋ ਕੁਝ ਸਾਡੇ ਕੋਲ ਹੈ।—ਰਸੂਲਾਂ ਦੇ ਕੰਮ 20:35.

ਸਾਡਾ ਸਿਰਜਣਹਾਰ ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਬਾਰੇ ਜਾਣਦਾ ਹੈ। ਉਸ ਨੇ ਆਪਣੇ ਬਚਨ ਬਾਈਬਲ ਦੇ ਜ਼ਰੀਏ ਜੋ ਸਲਾਹ ਦਿੱਤੀ ਹੈ, ਉਸ ਦੀ ਮਦਦ ਨਾਲ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਬਿਹਤਰ ਬਣਾਈ ਹੈ ਅਤੇ ਬੇਲੋੜੀ ਚਿੰਤਾ ਤੋਂ ਰਾਹਤ ਪਾਈ ਹੈ। ਇਹ ਸੱਚ ਹੈ ਕਿ ਕਿਸੇ ਵਿਅਕਤੀ ਦੀ ਮਾਲੀ ਹਾਲਤ ਵਿਚ ਅਚਾਨਕ ਜਾਂ ਚਮਤਕਾਰੀ ਤਰੀਕੇ ਨਾਲ ਸੁਧਾਰ ਨਹੀਂ ਆਉਂਦਾ। ਪਰ ਯਿਸੂ ਨੇ ‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦੇਣ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ’ ਵਾਲਿਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।—ਮੱਤੀ 6:33. (w12-E 06/01)