Skip to content

Skip to table of contents

ਜੀਵਨੀ

ਅਸੀਂ ਸੰਤੁਸ਼ਟ ਰਹਿਣ ਦਾ “ਰਾਜ਼” ਜਾਣਿਆ

ਅਸੀਂ ਸੰਤੁਸ਼ਟ ਰਹਿਣ ਦਾ “ਰਾਜ਼” ਜਾਣਿਆ

ਓਲੀਵੀਏ ਰਾਨਡਰੀਮੂਰ ਦੀ ਜ਼ਬਾਨੀ

“ਮੈਂ ਥੋੜ੍ਹੇ ਵਿਚ ਵੀ ਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ। ਜ਼ਿੰਦਗੀ ਵਿਚ ਮੇਰੇ ਹਾਲਾਤ ਚਾਹੇ ਜੋ ਵੀ ਹੋਣ, ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ। . . . ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿ. 4:12, 13.

ਮੈਨੂੰ ਤੇ ਮੇਰੀ ਪਤਨੀ ਔਲੀ ਨੂੰ ਕਈ ਸਾਲਾਂ ਤੋਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਮਿਲ ਰਿਹਾ ਹੈ। ਮੈਡਾਗਾਸਕਰ ਵਿਚ ਸੇਵਾ ਕਰਦਿਆਂ ਅਸੀਂ ਵੀ ਪੌਲੁਸ ਵਾਂਗ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਦਾ “ਰਾਜ਼” ਜਾਣਿਆ ਹੈ।

ਜਦੋਂ 1982 ਵਿਚ ਯਹੋਵਾਹ ਦੇ ਗਵਾਹਾਂ ਨੇ ਔਲੀ ਦੀ ਮੰਮੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਸੀ, ਉਦੋਂ ਮੇਰੀ ਤੇ ਔਲੀ ਦੀ ਮੰਗਣੀ ਹੋ ਚੁੱਕੀ ਸੀ। ਮੈਂ ਵੀ ਬਾਈਬਲ ਸਟੱਡੀ ਕਰਨ ਲੱਗ ਪਿਆ ਤੇ ਮੇਰੇ ਤੋਂ ਬਾਅਦ ਔਲੀ ਵੀ। ਸਾਡਾ 1983 ਵਿਚ ਵਿਆਹ ਹੋ ਗਿਆ ਤੇ 1985 ਵਿਚ ਅਸੀਂ ਬਪਤਿਸਮਾ ਲੈ ਲਿਆ। ਬਪਤਿਸਮੇ ਤੋਂ ਬਾਅਦ ਹੀ ਅਸੀਂ ਔਗਜ਼ੀਲਰੀ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਜੁਲਾਈ 1986 ਵਿਚ ਅਸੀਂ ਰੈਗੂਲਰ ਪਾਇਨੀਅਰ ਬਣ ਗਏ।

ਸਤੰਬਰ 1987 ਵਿਚ ਸਾਨੂੰ ਸਪੈਸ਼ਲ ਪਾਇਨੀਅਰ ਬਣਾਇਆ ਗਿਆ। ਸਾਨੂੰ ਸਭ ਤੋਂ ਪਹਿਲਾਂ ਮੈਡਾਗਾਸਕਰ ਦੇ ਉੱਤਰ-ਪੱਛਮ ਵਿਚ ਛੋਟੇ ਜਿਹੇ ਕਸਬੇ ਵਿਚ ਭੇਜਿਆ ਗਿਆ ਜਿੱਥੇ ਕੋਈ ਮੰਡਲੀ ਨਹੀਂ ਸੀ। ਮੈਡਾਗਾਸਕਰ ਵਿਚ ਲਗਭਗ 18 ਮੁੱਖ ਨਸਲਾਂ ਅਤੇ ਅਣਗਿਣਤ ਕਬੀਲੇ ਹਨ। ਇੱਥੇ ਦੇ ਲੋਕਾਂ ਦੇ ਰੀਤੀ-ਰਿਵਾਜ ਵੱਖੋ-ਵੱਖਰੇ ਹਨ। ਇੱਥੇ ਮੁੱਖ ਭਾਸ਼ਾ ਮੈਲਾਗਾਸੀ ਹੈ, ਪਰ ਇਸ ਭਾਸ਼ਾ ਦੀਆਂ ਕਈ ਹੋਰ ਉਪ-ਬੋਲੀਆਂ ਹਨ। ਅਸੀਂ ਉਸ ਕਸਬੇ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ ਜਿਸ ਕਰਕੇ ਸਾਨੂੰ ਉੱਥੇ ਦੇ ਲੋਕਾਂ ਨਾਲ ਘੁਲਣ-ਮਿਲਣ ਵਿਚ ਮਦਦ ਮਿਲੀ।

ਅਸੀਂ ਹਰ ਐਤਵਾਰ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿਚ ਸਿਰਫ਼ ਅਸੀਂ ਦੋਨੋਂ ਜਣੇ ਹੁੰਦੇ ਸੀ। ਮੈਂ ਪਬਲਿਕ ਭਾਸ਼ਣ ਦਿੰਦਾ ਹੁੰਦਾ ਸੀ ਅਤੇ ਔਲੀ ਭਾਸ਼ਣ ਖ਼ਤਮ ਹੋਣ ਤੇ ਤਾੜੀਆਂ ਮਾਰਦੀ ਸੀ! ਅਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵੀ ਕਰਦੇ ਸੀ। ਇਸ ਵਿਚ ਔਲੀ ਇਸ ਤਰ੍ਹਾਂ ਭਾਸ਼ਣ ਦਿੰਦੀ ਸੀ ਜਿਵੇਂ ਕੋਈ ਉਸ ਦੇ ਅੱਗੇ ਬੈਠਾ ਉਸ ਨਾਲ ਗੱਲ ਕਰ ਰਿਹਾ ਹੋਵੇ। ਸਾਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ ਸਰਕਟ ਓਵਰਸੀਅਰ ਨੇ ਸਾਨੂੰ ਮੀਟਿੰਗਾਂ ਵਿਚ ਤਬਦੀਲੀਆਂ ਕਰਨ ਦਾ ਸੁਝਾਅ ਦਿੱਤਾ।

ਉਸ ਇਲਾਕੇ ਵਿਚ ਚਿੱਠੀਆਂ ਦੇਰ ਨਾਲ ਹੀ ਪਹੁੰਚਦੀਆਂ ਸਨ ਜਿਸ ਕਰਕੇ ਸਾਨੂੰ ਆਪਣੇ ਗੁਜ਼ਾਰੇ ਲਈ ਜੋ ਪੈਸੇ ਮਿਲਦੇ ਸਨ, ਉਸ ਦਾ ਮਨੀਆਰਡਰ ਦੇਰ ਨਾਲ ਹੀ ਮਿਲਦਾ ਸੀ। ਇਸ ਲਈ ਅਸੀਂ ਥੋੜ੍ਹੇ ਵਿਚ ਗੁਜ਼ਾਰਾ ਕਰਨਾ ਸਿੱਖਿਆ। ਇਕ ਮੌਕੇ ’ਤੇ ਸਾਡੇ ਕੋਲ ਸਰਕਟ ਅਸੈਂਬਲੀ ’ਤੇ ਜਾਣ ਲਈ ਬੱਸ ਦਾ ਕਿਰਾਇਆ ਨਹੀਂ ਸੀ। ਇਹ ਅਸੈਂਬਲੀ ਸਾਡੇ ਕਸਬੇ ਤੋਂ 130 ਕਿਲੋਮੀਟਰ (80 ਮੀਲ) ਦੂਰ ਹੋਣੀ ਸੀ। ਸਾਨੂੰ ਇਕ ਭਰਾ ਦੀ ਚੰਗੀ ਸਲਾਹ ਯਾਦ ਆਈ ਜਿਸ ਨੇ ਕਿਹਾ ਸੀ: “ਯਹੋਵਾਹ ਨੂੰ ਆਪਣੀਆਂ ਸਮੱਸਿਆਵਾਂ ਦੱਸੋ ਕਿਉਂਕਿ ਤੁਸੀਂ ਉਸ ਦਾ ਹੀ ਤਾਂ ਕੰਮ ਕਰ ਰਹੇ ਹੋ।” ਇਸ ਲਈ ਅਸੀਂ ਪ੍ਰਾਰਥਨਾ ਕੀਤੀ ਤੇ ਪੈਦਲ ਜਾਣ ਦਾ ਫ਼ੈਸਲਾ ਕੀਤਾ। ਪਰ ਸਾਡੇ ਤੁਰਨ ਤੋਂ ਪਹਿਲਾਂ ਇਕ ਭਰਾ ਸਾਨੂੰ ਅਚਾਨਕ ਮਿਲਣ ਆਇਆ ਤੇ ਉਸ ਨੇ ਸਾਨੂੰ ਪੈਸੇ ਦਿੱਤੇ ਜੋ ਬੱਸ ਦੇ ਕਿਰਾਏ ਲਈ ਕਾਫ਼ੀ ਸਨ।

ਸਰਕਟ ਕੰਮ

ਫਰਵਰੀ 1991 ਵਿਚ ਮੈਨੂੰ ਸਰਕਟ ਓਵਰਸੀਅਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਉਦੋਂ ਤਕ ਸਾਡੇ ਛੋਟੇ ਜਿਹੇ ਗਰੁੱਪ ਵਿਚ ਨੌਂ ਪਬਲੀਸ਼ਰ ਹੋ ਗਏ ਸਨ ਤੇ ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੇ ਬਪਤਿਸਮਾ ਲੈ ਲਿਆ ਸੀ। ਮੀਟਿੰਗ ਦੀ ਹਾਜ਼ਰੀ ਲਗਭਗ 50 ਹੁੰਦੀ ਸੀ। ਸਰਕਟ ਓਵਰਸੀਅਰ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਰਾਜਧਾਨੀ ਅੰਤਾਨਾਨਾਰੀਵੋ ਦੇ ਇਕ ਸਰਕਟ ਵਿਚ ਕੰਮ ਕੀਤਾ। 1993 ਵਿਚ ਸਾਨੂੰ ਦੁਬਾਰਾ ਦੇਸ਼ ਦੇ ਪੂਰਬੀ ਭਾਗ ਦੇ ਸਰਕਟ ਵਿਚ ਭੇਜਿਆ ਗਿਆ। ਉੱਥੇ ਦਾ ਰਹਿਣ-ਸਹਿਣ ਸ਼ਹਿਰੀ ਰਹਿਣ-ਸਹਿਣ ਤੋਂ ਬਹੁਤ ਅਲੱਗ ਸੀ।

ਮੰਡਲੀਆਂ ਅਤੇ ਦੂਰ-ਦੁਰੇਡੀਆਂ ਥਾਵਾਂ ’ਤੇ ਗਰੁੱਪਾਂ ਤਕ ਪਹੁੰਚਣ ਲਈ ਅਸੀਂ ਪੈਦਲ ਜਾਂਦੇ ਸੀ। ਕਈ ਵਾਰ ਸਾਨੂੰ ਪਹਾੜਾਂ ’ਤੇ ਘਣੇ ਜੰਗਲਾਂ ਵਿੱਚੋਂ 145 ਕਿਲੋਮੀਟਰ (90 ਮੀਲ) ਤੁਰ ਕੇ ਜਾਣਾ ਪੈਂਦਾ ਸੀ। ਅਸੀਂ ਆਪਣੇ ਨਾਲ ਘੱਟ ਤੋਂ ਘੱਟ ਸਾਮਾਨ ਲੈ ਕੇ ਜਾਂਦੇ ਸੀ। ਉਨ੍ਹਾਂ ਦਿਨਾਂ ਵਿਚ ਕਈ ਵਾਰ ਪਬਲਿਕ ਭਾਸ਼ਣ ਵਿਚ ਸਲਾਈਡਾਂ ਰਾਹੀਂ ਪਰਦੇ ਉੱਤੇ ਪ੍ਰਚਾਰ ਕੰਮ ਜਾਂ ਸੰਮੇਲਨਾਂ ਦੀਆਂ ਤਸਵੀਰਾਂ ਦਿਖਾਉਣੀਆਂ ਹੁੰਦੀਆਂ ਸਨ। ਇਸ ਕਰਕੇ ਸਾਨੂੰ ਜ਼ਿਆਦਾ ਭਾਰ ਲੈ ਕੇ ਜਾਣਾ ਪੈਂਦਾ ਸੀ। ਔਲੀ ਸਲਾਈਡ ਪ੍ਰੋਜੈਕਟਰ ਚੁੱਕਦੀ ਸੀ ਤੇ ਮੈਂ 12 ਵੋਲਟ ਦੀ ਕਾਰ ਬੈਟਰੀ।

ਅਸੀਂ ਅਕਸਰ ਇਕ ਦਿਨ ਵਿਚ 40 ਕਿਲੋਮੀਟਰ (25 ਮੀਲ) ਸਫ਼ਰ ਕਰਦੇ ਸੀ। ਰਾਹ ਵਿਚ ਸਾਨੂੰ ਪਹਾੜਾਂ ’ਤੇ ਚੜ੍ਹਨਾ-ਉਤਰਨਾ ਪੈਂਦਾ ਸੀ, ਨਦੀਆਂ ਪਾਰ ਕਰਨੀਆਂ ਪੈਂਦੀਆਂ ਸਨ ਤੇ ਚਿੱਕੜ-ਗਾਰੇ ਵਿੱਚੋਂ ਦੀ ਤੁਰਨਾ ਪੈਂਦਾ ਸੀ। ਕਈ ਵਾਰ ਅਸੀਂ ਰਾਤ ਨੂੰ ਸੜਕ ਦੇ ਕਿਨਾਰੇ ’ਤੇ ਹੀ ਸੌਂ ਜਾਂਦੇ ਸੀ। ਪਰ ਅਸੀਂ ਅਕਸਰ ਕਿਸੇ-ਨਾ-ਕਿਸੇ ਪਿੰਡ ਪਹੁੰਚਣ ਦੀ ਕੋਸ਼ਿਸ਼ ਕਰਦੇ ਸੀ ਤਾਂਕਿ ਅਸੀਂ ਕਿਸੇ ਦੇ ਘਰ ਰਾਤ ਕੱਟ ਸਕੀਏ। ਕਈ ਵਾਰ ਤਾਂ ਸਾਨੂੰ ਅਜਨਬੀਆਂ ਨਾਲ ਰਹਿਣਾ ਪੈਂਦਾ ਸੀ। ਜਗ੍ਹਾ ਮਿਲਣ ਤੋਂ ਬਾਅਦ ਅਸੀਂ ਰੋਟੀ-ਪਾਣੀ ਤਿਆਰ ਕਰਦੇ ਸੀ। ਔਲੀ ਪਤੀਲਾ ਮੰਗ ਕੇ ਨੇੜੇ ਨਦੀ ਜਾਂ ਝੀਲ ਤੋਂ ਪਾਣੀ ਭਰ ਲਿਆਉਂਦੀ ਸੀ। ਉਹ ਦੇ ਆਉਣ ਤਕ ਮੈਂ ਕਿਸੇ ਕੋਲੋਂ ਕੁਹਾੜੀ ਮੰਗ ਕੇ ਬਾਲ਼ਣ ਲਈ ਲੱਕੜਾਂ ਕੱਟ ਲਿਆਉਂਦਾ ਸੀ। ਸਾਰਾ ਕੁਝ ਕਰਨ ਲਈ ਸਮਾਂ ਲੱਗ ਜਾਂਦਾ ਸੀ। ਕਦੀ-ਕਦੀ ਅਸੀਂ ਖਾਣ ਲਈ ਜੀਉਂਦਾ ਕੁੱਕੜ ਖ਼ਰੀਦ ਲੈਂਦੇ ਸੀ ਜਿਸ ਨੂੰ ਕੱਟਣਾ ਤੇ ਸਾਫ਼ ਕਰਨਾ ਪੈਂਦਾ ਸੀ।

ਖਾਣ-ਪੀਣ ਤੋਂ ਬਾਅਦ ਅਸੀਂ ਨਹਾਉਣ ਲਈ ਪਾਣੀ ਲੈ ਕੇ ਆਉਂਦੇ ਸੀ। ਕਈ ਵਾਰ ਅਸੀਂ ਰਸੋਈ ਵਿਚ ਸੌਂਦੇ ਸੀ। ਕਦੀ-ਕਦੀ ਮੀਂਹ ਵਿਚ ਛੱਤ ਚੋਣ ਲੱਗ ਪੈਂਦੀ ਸੀ। ਇਸ ਕਰਕੇ ਭਿੱਜਣ ਤੋਂ ਬਚਣ ਲਈ ਸਾਨੂੰ ਕੰਧ ਨਾਲ ਲੱਗ ਕੇ ਸੌਣਾ ਪੈਂਦਾ ਸੀ।

ਅਸੀਂ ਜਿਨ੍ਹਾਂ ਦੇ ਘਰ ਰਾਤ ਠਹਿਰਦੇ ਸੀ, ਉਨ੍ਹਾਂ ਨੂੰ ਹਮੇਸ਼ਾ ਗਵਾਹੀ ਦਿੰਦੇ ਸੀ। ਜਦੋਂ ਅਸੀਂ ਆਪਣੀ ਮੰਜ਼ਲ ’ਤੇ ਪਹੁੰਚ ਜਾਂਦੇ ਸੀ, ਤਾਂ ਭਰਾਵਾਂ ਦਾ ਪਿਆਰ ਤੇ ਪਰਾਹੁਣਚਾਰੀ ਦੇਖ ਕੇ ਦਿਲ ਖ਼ੁਸ਼ ਹੋ ਜਾਂਦਾ ਸੀ। ਸਾਰੇ ਇਸ ਗੱਲ ਦੀ ਦਿਲੋਂ ਕਦਰ ਕਰਦੇ ਸਨ ਕਿ ਅਸੀਂ ਉਨ੍ਹਾਂ ਨੂੰ ਮਿਲਣ ਆਉਂਦੇ ਸੀ, ਇਸ ਕਰਕੇ ਸਾਨੂੰ ਰਾਹ ਵਿਚ ਆਈਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਂਦੀਆਂ ਸਨ।

ਜਦੋਂ ਅਸੀਂ ਭੈਣਾਂ-ਭਰਾਵਾਂ ਦੇ ਘਰ ਰਹਿੰਦੇ ਸੀ, ਅਸੀਂ ਘਰ ਦੇ ਕੰਮਾਂ ਵਿਚ ਹੱਥ ਵਟਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਸਾਡੇ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਸਮਾਂ ਮਿਲ ਜਾਂਦਾ ਸੀ। ਅਸੀਂ ਜਿਨ੍ਹਾਂ ਭੈਣਾਂ-ਭਰਾਵਾਂ ਕੋਲ ਠਹਿਰਦੇ ਸੀ, ਉਨ੍ਹਾਂ ਤੋਂ ਵਧੀਆ ਖਾਣੇ ਜਾਂ ਐਸ਼ੋ-ਆਰਾਮ ਦੀਆਂ ਚੀਜ਼ਾਂ ਦੀ ਆਸ ਨਹੀਂ ਰੱਖਦੇ ਸੀ।

ਦੂਰ-ਦੁਰਾਡੇ ਇਲਾਕਿਆਂ ਵਿਚ ਗਰੁੱਪਾਂ ਨੂੰ ਮਿਲਣ ਜਾਣਾ

ਅਸੀਂ ਦੂਰ-ਦੂਰ ਗਰੁੱਪਾਂ ਵਿਚ ਜਾ ਕੇ ਖ਼ੁਸ਼ ਹੁੰਦੇ ਸੀ ਜਿੱਥੇ ਭੈਣਾਂ-ਭਰਾਵਾਂ ਨੇ ਪ੍ਰਚਾਰ ਦੇ ਕੰਮ ਦਾ ਪੂਰਾ ਪ੍ਰੋਗ੍ਰਾਮ ਤਿਆਰ ਕਰ ਕੇ ਰੱਖਿਆ ਹੁੰਦਾ ਸੀ। ਸਾਨੂੰ ਕਈ ਵਾਰ ‘ਥੋੜ੍ਹਾ ਜਿਹਾ ਆਰਾਮ ਕਰਨ’ ਦਾ ਵੀ ਵਿਹਲ ਨਹੀਂ ਮਿਲਦਾ ਸੀ। (ਮਰ. 6:31) ਇਕ ਜਗ੍ਹਾ ਇਕ ਮਸੀਹੀ ਜੋੜੇ ਨੇ ਆਪਣੀਆਂ 40 ਬਾਈਬਲ ਸਟੱਡੀਆਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਤਾਂਕਿ ਅਸੀਂ ਉਨ੍ਹਾਂ ਨਾਲ ਬਾਈਬਲ ਸਟੱਡੀ ਕਰ ਸਕੀਏ। ਔਲੀ ਨੇ ਭੈਣ ਨਾਲ ਮਿਲ ਕੇ 20 ਕੁ ਸਟੱਡੀਆਂ ਕਰਾਈਆਂ ਤੇ ਮੈਂ ਭਰਾ ਨਾਲ ਮਿਲ ਕੇ 20 ਸਟੱਡੀਆਂ ਕਰਵਾਈਆਂ। ਇਕ ਸਟੱਡੀ ਖ਼ਤਮ ਹੁੰਦੀ ਸੀ, ਤਾਂ ਉਸੇ ਵੇਲੇ ਦੂਜੀ ਸ਼ੁਰੂ ਹੋ ਜਾਂਦੀ ਸੀ। ਦੁਪਹਿਰੋਂ ਬਾਅਦ ਅਸੀਂ ਥੋੜ੍ਹੇ ਸਮੇਂ ਲਈ ਸਟੱਡੀਆਂ ਰੋਕ ਦਿੱਤੀਆਂ ਤਾਂਕਿ ਅਸੀਂ ਮੀਟਿੰਗ ਕਰ ਸਕੀਏ। ਮੀਟਿੰਗ ਤੋਂ ਬਾਅਦ ਅਸੀਂ ਦੁਬਾਰਾ ਸਟੱਡੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਸ਼ਾਮ ਨੂੰ ਅੱਠ ਵਜੇ ਤੋਂ ਬਾਅਦ ਜਾ ਕੇ ਵਿਹਲੇ ਹੋਏ।

ਜਦੋਂ ਅਸੀਂ ਇਕ ਹੋਰ ਗਰੁੱਪ ਦੇ ਨਾਲ ਸੀ, ਤਾਂ ਅਸੀਂ ਸਾਰੇ ਦੂਜੇ ਪਿੰਡ ਪ੍ਰਚਾਰ ਕਰਨ ਲਈ ਸਵੇਰੇ ਅੱਠ ਕੁ ਵਜੇ ਤੁਰ ਪਏ ਸੀ। ਅਸੀਂ ਸਾਰਿਆਂ ਨੇ ਪੁਰਾਣੇ ਕੱਪੜੇ ਪਾਏ ਹੋਏ ਸਨ। ਜੰਗਲਾਂ ਵਿੱਚੋਂ ਤੁਰਦੇ-ਤੁਰਦੇ ਅਸੀਂ 12 ਕੁ ਵਜੇ ਆਪਣੀ ਮੰਜ਼ਲ ’ਤੇ ਪਹੁੰਚੇ। ਅਸੀਂ ਆਪਣੇ ਸਾਫ਼ ਕੱਪੜੇ ਪਾ ਕੇ ਤੁਰੰਤ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਘਰ ਘੱਟ ਸਨ ਤੇ ਪ੍ਰਚਾਰ ਕਰਨ ਵਾਲੇ ਜ਼ਿਆਦਾ ਜਿਸ ਕਰਕੇ ਸਾਰੇ ਘਰ ਅੱਧੇ ਘੰਟੇ ਵਿਚ ਹੀ ਹੋ ਗਏ। ਫਿਰ ਅਸੀਂ ਅਗਲੇ ਪਿੰਡ ਚਲੇ ਗਏ। ਉੱਥੇ ਪ੍ਰਚਾਰ ਕਰਨ ਤੋਂ ਬਾਅਦ ਸਾਨੂੰ ਘਰ ਨੂੰ ਵਾਪਸ ਆਉਣ ਲਈ ਦੁਬਾਰਾ ਇੰਨਾ ਤੁਰਨਾ ਪਿਆ। ਪਹਿਲਾਂ-ਪਹਿਲ ਇੱਦਾਂ ਕਰਨ ਨਾਲ ਅਸੀਂ ਨਿਰਉਤਸ਼ਾਹ ਹੋਏ। ਸਾਡਾ ਜ਼ਿਆਦਾ ਸਮਾਂ ਤੇ ਤਾਕਤ ਆਉਣ-ਜਾਣ ਵਿਚ ਹੀ ਲੱਗ ਗਈ, ਪਰ ਪ੍ਰਚਾਰ ਸਿਰਫ਼ ਇਕ ਘੰਟਾ ਹੋਇਆ। ਪਰ ਉੱਥੇ ਦੇ ਭੈਣ-ਭਰਾਵਾਂ ਨੇ ਕਦੇ ਵੀ ਸ਼ਿਕਾਇਤ ਨਹੀਂ ਸੀ ਕੀਤੀ, ਸਗੋਂ ਪ੍ਰਚਾਰ ਦੇ ਕੰਮ ਲਈ ਉਨ੍ਹਾਂ ਦਾ ਜੋਸ਼ ਬਣਿਆ ਰਿਹਾ।

ਤਵਿਰਨਾਮਬੋ ਦਾ ਗਰੁੱਪ ਇਕ ਪਹਾੜ ਦੀ ਟੀਸੀ ’ਤੇ ਸੀ। ਉੱਥੇ ਇਕ ਮਸੀਹੀ ਪਰਿਵਾਰ ਇਕ ਕਮਰੇ ਵਾਲੇ ਘਰ ਵਿਚ ਰਹਿੰਦਾ ਸੀ। ਘਰ ਦੇ ਲਾਗੇ ਇਕ ਹੋਰ ਛੋਟਾ ਜਿਹਾ ਕਮਰਾ ਸੀ ਜਿੱਥੇ ਉਹ ਮੀਟਿੰਗ ਕਰਦੇ ਸੀ। ਸਾਡੇ ਉੱਥੇ ਪਹੁੰਚਣ ਤੋਂ ਬਾਅਦ ਅਚਾਨਕ ਭਰਾ ਉੱਚੀ-ਉੱਚੀ ਕਹਿਣ ਲੱਗਾ, “ਭਰਾਵੋ!” ਨਾਲ ਦੇ ਪਹਾੜ ਦੀ ਟੀਸੀ ਤੋਂ ਆਵਾਜ਼ ਆਈ, “ਹਾਂਜੀ।” ਭਰਾ ਨੇ ਫਿਰ ਕਿਹਾ, “ਸਰਕਟ ਓਵਰਸੀਅਰ ਆ ਗਿਆ ਹੈ!” ਉੱਧਰੋਂ ਆਵਾਜ਼ ਆਈ, “ਅੱਛਾ।” ਇਸ ਤਰ੍ਹਾਂ ਸਾਡੇ ਆਉਣ ਦੀ ਖ਼ਬਰ ਅੱਗੇ ਤੋਂ ਅੱਗੇ ਪਹੁੰਚਾਈ ਗਈ। ਜਲਦੀ ਹੀ ਲੋਕ ਆਉਣੇ ਸ਼ੁਰੂ ਹੋ ਗਏ ਤੇ ਜਦੋਂ ਮੀਟਿੰਗ ਸ਼ੁਰੂ ਹੋਈ ਉਦੋਂ 100 ਤੋਂ ਜ਼ਿਆਦਾ ਲੋਕ ਹਾਜ਼ਰ ਸਨ।

ਸਫ਼ਰ ਕਰਨ ਵਿਚ ਮੁਸ਼ਕਲਾਂ

1996 ਵਿਚ ਸਾਨੂੰ ਦੁਬਾਰਾ ਅੰਤਾਨਾਨਾਰੀਵੋ ਦੇ ਨੇੜੇ ਪਹਾੜੀ ਇਲਾਕੇ ਵਿਚ ਭੇਜਿਆ ਗਿਆ। ਉਸ ਸਰਕਟ ਵਿਚ ਸਾਨੂੰ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਸ਼ਹਿਰ ਤੋਂ ਦੂਰ ਦੇ ਇਲਾਕਿਆਂ ਨੂੰ ਕਦੇ-ਕਦਾਈਂ ਬੱਸ ਜਾਂਦੀ ਸੀ। ਅਸੀਂ ਬੇਨਕਾਨਾ (ਬੇਸਾਕੇ) ਦੇ ਗਰੁੱਪ ਨੂੰ ਮਿਲਣ ਜਾਣਾ ਸੀ ਜੋ ਅੰਤਾਨਾਨਾਰੀਵੋ ਤੋਂ ਲਗਭਗ 240 ਕਿਲੋਮੀਟਰ (150 ਮੀਲ) ਦੂਰ ਸੀ। ਇਕ ਟਰੱਕ ਉੱਧਰ ਨੂੰ ਜਾ ਰਿਹਾ ਸੀ। ਟਰੱਕ ਡ੍ਰਾਈਵਰ ਨਾਲ ਕਿਰਾਏ ਬਾਰੇ ਗੱਲ ਕਰਨ ਤੋਂ ਬਾਅਦ ਅਸੀਂ ਟਰੱਕ ਵਿਚ ਬੈਠ ਗਏ। ਟਰੱਕ ਵਿਚ ਲਗਭਗ 30 ਸਵਾਰੀਆਂ ਸਨ, ਕੁਝ ਲੋਕ ਅੰਦਰ ਸਨ, ਕੁਝ ਛੱਤ ਉੱਤੇ ਲੰਮੇ ਪਏ ਹੋਏ ਸਨ ਅਤੇ ਕੁਝ ਪਿੱਛੇ ਲਟਕ ਰਹੇ ਸਨ।

ਜਿੱਦਾਂ ਕਿ ਆਮ ਤੌਰ ਤੇ ਹੁੰਦਾ ਹੀ ਹੈ, ਟਰੱਕ ਖ਼ਰਾਬ ਹੋ ਗਿਆ ਤੇ ਅਸੀਂ ਪੈਦਲ ਤੁਰ ਪਏ। ਕਈ ਘੰਟੇ ਤੁਰਨ ਤੋਂ ਬਾਅਦ ਇਕ ਵੱਡਾ ਸਾਰਾ ਟਰੱਕ ਆਇਆ। ਇਹ ਪਹਿਲਾਂ ਹੀ ਬਹੁਤ ਸਾਰੀਆਂ ਸਵਾਰੀਆਂ ਤੇ ਸਾਮਾਨ ਨਾਲ ਭਰਿਆ ਹੋਇਆ ਸੀ, ਫਿਰ ਵੀ ਡਰਾਈਵਰ ਨੇ ਟਰੱਕ ਰੋਕ ਲਿਆ। ਅਸੀਂ ਚੜ੍ਹ ਤਾਂ ਗਏ, ਪਰ ਸਾਨੂੰ ਮਸੀਂ ਖੜ੍ਹੇ ਹੋਣ ਜੋਗੀ ਜਗ੍ਹਾ ਮਿਲੀ। ਜਦੋਂ ਅਸੀਂ ਇਕ ਨਦੀ ’ਤੇ ਪਹੁੰਚੇ, ਤਾਂ ਦੇਖਿਆ ਕਿ ਪੁਲ ਦੀ ਮੁਰੰਮਤ ਹੋ ਰਹੀ ਸੀ। ਅਸੀਂ ਦੁਬਾਰਾ ਤੁਰਨਾ ਸ਼ੁਰੂ ਕੀਤਾ ਤੇ ਤੁਰਦੇ-ਤੁਰਦੇ ਇਕ ਛੋਟੇ ਜਿਹੇ ਪਿੰਡ ਵਿਚ ਪਹੁੰਚੇ ਜਿੱਥੇ ਕੁਝ ਸਪੈਸ਼ਲ ਪਾਇਨੀਅਰ ਰਹਿੰਦੇ ਸਨ। ਭਾਵੇਂ ਕਿ ਸਾਡਾ ਉਨ੍ਹਾਂ ਨੂੰ ਮਿਲਣ ਦਾ ਕੋਈ ਪ੍ਰੋਗ੍ਰਾਮ ਨਹੀਂ ਸੀ, ਪਰ ਅਸੀਂ ਉਦੋਂ ਤਕ ਉਨ੍ਹਾਂ ਨਾਲ ਰਹਿ ਕੇ ਪ੍ਰਚਾਰ ਕੀਤਾ ਜਦੋਂ ਤਕ ਪੁਲ ਦੀ ਮੁਰੰਮਤ ਨਾ ਹੋ ਗਈ ਤੇ ਅੱਗੇ ਜਾਣ ਦਾ ਕੋਈ ਸਾਧਨ ਨਾ ਮਿਲ ਗਿਆ।

ਇਕ ਹਫ਼ਤੇ ਬਾਅਦ ਸਾਨੂੰ ਜਾਣ ਦਾ ਸਾਧਨ ਮਿਲ ਗਿਆ ਤੇ ਅਸੀਂ ਆਪਣੀ ਮੰਜ਼ਲ ਵੱਲ ਨੂੰ ਚੱਲ ਪਏ। ਸੜਕ ਵਿਚ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਸਨ। ਗੱਡੀ ਕਈ ਵਾਰ ਪਾਣੀ ਨਾਲ ਭਰੇ ਟੋਇਆਂ ਵਿਚ ਫਸ ਗਈ ਤੇ ਸਾਨੂੰ ਉੱਤਰ ਕੇ ਗੱਡੀ ਨੂੰ ਧੱਕਾ ਲਾਉਣਾ ਪਿਆ। ਧੱਕਾ ਲਾਉਂਦਿਆਂ ਕਈ ਵਾਰ ਅਸੀਂ ਤਿਲਕ ਕੇ ਡਿੱਗ ਵੀ ਪਏ। ਤੜਕੇ ਅਸੀਂ ਛੋਟੇ ਜਿਹੇ ਪਿੰਡ ਪਹੁੰਚੇ ਜਿੱਥੇ ਅਸੀਂ ਉੱਤਰ ਗਏ। ਉੱਥੋਂ ਫਿਰ ਅਸੀਂ ਝੋਨੇ ਦੇ ਖੇਤਾਂ ਵਿੱਚੋਂ ਦੀ ਪੈਦਲ ਤੁਰ ਪਏ ਜਿਨ੍ਹਾਂ ਵਿਚ ਸਾਡੇ ਲੱਕ ਤਾਈਂ ਪਾਣੀ ਸੀ।

ਅਸੀਂ ਉਸ ਇਲਾਕੇ ਵਿਚ ਪਹਿਲੀ ਵਾਰ ਗਏ ਸੀ ਜਿਸ ਕਰਕੇ ਅਸੀਂ ਖੇਤਾਂ ਵਿਚ ਕੰਮ ਰਹੇ ਲੋਕਾਂ ਨੂੰ ਗਵਾਹੀ ਦੇਣ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਤੋਂ ਗਵਾਹਾਂ ਦਾ ਪਤਾ ਪੁੱਛਿਆ। ਸਾਨੂੰ ਉਦੋਂ ਕਿੰਨੀ ਖ਼ੁਸ਼ੀ ਹੋਈ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਸਾਰੇ ਸਾਡੇ ਭੈਣ-ਭਰਾ ਹੀ ਸਨ!

ਦੂਜਿਆਂ ਨੂੰ ਫੁੱਲ-ਟਾਈਮ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ

ਅਸੀਂ ਹਮੇਸ਼ਾ ਦੂਜਿਆਂ ਨੂੰ ਫੁੱਲ-ਟਾਈਮ ਸੇਵਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ ਅਤੇ ਇਸ ਦੇ ਚੰਗੇ ਨਤੀਜਿਆਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ ਹੈ। ਮਿਸਾਲ ਲਈ, ਅਸੀਂ ਇਕ ਮੰਡਲੀ ਵਿਚ ਗਏ ਜਿੱਥੇ ਨੌਂ ਰੈਗੂਲਰ ਪਾਇਨੀਅਰ ਸਨ। ਅਸੀਂ ਹਰ ਪਾਇਨੀਅਰ ਨੂੰ ਕਿਹਾ ਕਿ ਉਹ ਘੱਟ ਤੋਂ ਘੱਟ ਇਕ ਪਬਲੀਸ਼ਰ ਨੂੰ ਪਾਇਨੀਅਰ ਬਣਨ ਦੀ ਹੱਲਾਸ਼ੇਰੀ ਦੇਵੇ। ਜਦੋਂ ਅਸੀਂ ਛੇ ਮਹੀਨਿਆਂ ਬਾਅਦ ਉਸ ਮੰਡਲੀ ਵਿਚ ਦੁਬਾਰਾ ਗਏ, ਤਾਂ ਅਸੀਂ ਦੇਖਿਆ ਕਿ ਉੱਥੇ ਹੁਣ 22 ਰੈਗੂਲਰ ਪਾਇਨੀਅਰ ਸਨ! ਦੋ ਪਾਇਨੀਅਰ ਭੈਣਾਂ ਨੇ ਆਪਣੇ-ਆਪਣੇ ਪਿਤਾ ਨੂੰ ਰੈਗੂਲਰ ਪਾਇਨੀਅਰ ਬਣਨ ਦੀ ਹੱਲਾਸ਼ੇਰੀ ਦਿੱਤੀ ਜੋ ਕਿ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰ ਰਹੇ ਸਨ। ਇਨ੍ਹਾਂ ਭਰਾਵਾਂ ਨੇ ਇਕ ਹੋਰ ਬਜ਼ੁਰਗ ਨੂੰ ਵੀ ਪਾਇਨੀਅਰ ਬਣਨ ਲਈ ਪ੍ਰੇਰਿਆ। ਕੁਝ ਸਮੇਂ ਬਾਅਦ ਇਸ ਤੀਜੇ ਬਜ਼ੁਰਗ ਨੂੰ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਬਾਅਦ ਵਿਚ ਉਹ ਤੇ ਉਸ ਦੀ ਪਤਨੀ ਸਰਕਟ ਕੰਮ ਕਰਨ ਲੱਗ ਪਏ। ਉਹ ਦੋ ਬਜ਼ੁਰਗ ਕੀ ਕਰ ਰਹੇ ਹਨ? ਇਕ ਸਰਕਟ ਓਵਰਸੀਅਰ ਦੇ ਤੌਰ ਤੇ ਸੇਵਾ ਕਰਦਾ ਹੈ ਅਤੇ ਦੂਜਾ ਕਿੰਗਡਮ ਹਾਲ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦਾ ਹੈ।

ਅਸੀਂ ਹਰ ਰੋਜ਼ ਯਹੋਵਾਹ ਦੀ ਮਦਦ ਲਈ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੀ ਤਾਕਤ ਨਾਲ ਉਸ ਦੀ ਸੇਵਾ ਨਹੀਂ ਕਰ ਸਕਦੇ। ਇਹ ਸੱਚ ਹੈ ਕਿ ਅਸੀਂ ਕਈ ਵਾਰ ਥੱਕ ਜਾਂਦੇ ਹਾਂ ਤੇ ਬੀਮਾਰ ਹੋ ਜਾਂਦੇ ਹਾਂ, ਪਰ ਸਾਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਪ੍ਰਚਾਰ ਦੇ ਕੰਮ ਵਿਚ ਮਿਲੀ ਸਫ਼ਲਤਾ ਬਾਰੇ ਸੋਚਦੇ ਹਾਂ। ਯਹੋਵਾਹ ਆਪਣੇ ਕੰਮ ਨੂੰ ਵਧਾਉਂਦਾ ਹੈ। ਅਸੀਂ ਉਸ ਦੇ ਕੰਮ ਵਿਚ ਆਪਣਾ ਥੋੜ੍ਹਾ ਜਿਹਾ ਯੋਗਦਾਨ ਪਾ ਕੇ ਖ਼ੁਸ਼ ਹਾਂ। ਅਸੀਂ ਹੁਣ ਸਪੈਸ਼ਲ ਪਾਇਨੀਅਰਾਂ ਦੇ ਤੌਰ ਤੇ ਉਸ ਦੀ ਸੇਵਾ ਕਰ ਰਹੇ ਹਾਂ। ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ ਜੋ ਸਾਨੂੰ “ਸ਼ਕਤੀ ਬਖ਼ਸ਼ਦਾ” ਹੈ।

[ਸਫ਼ਾ 6 ਉੱਤੇ ਸੁਰਖੀ]

ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ

[ਸਫ਼ਾ 4 ਉੱਤੇ ਨਕਸ਼ਾ/ਤਸਵੀਰਾਂ]

ਮੈਡਾਗਾਸਕਰ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਟਾਪੂ ਹੈ। ਇਸ ਨੂੰ ਵੱਡਾ ਲਾਲ ਟਾਪੂ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਮਿੱਟੀ ਲਾਲ ਹੈ। ਇੱਥੇ ਬਹੁਤ ਸਾਰੇ ਜੀਵ-ਜੰਤੂ ਤੇ ਪੇੜ-ਪੌਦੇ ਹਨ ਜਿਹੜੇ ਦੁਨੀਆਂ ਵਿਚ ਹੋਰ ਕਿਤੇ ਨਹੀਂ ਪਾਏ ਜਾਂਦੇ

[ਸਫ਼ਾ 5 ਉੱਤੇ ਤਸਵੀਰ]

ਸਫ਼ਰ ਕਰਨਾ ਇਕ ਬਹੁਤ ਵੱਡੀ ਚੁਣੌਤੀ ਸੀ

[ਸਫ਼ਾ 5 ਉੱਤੇ ਤਸਵੀਰਾਂ]

ਬਾਈਬਲ ਸਟੱਡੀਆਂ ਕਰਾ ਕੇ ਸਾਨੂੰ ਮਜ਼ਾ ਆਉਂਦਾ ਹੈ