Skip to content

Skip to table of contents

ਬਾਈਬਲ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਲਿਖੀ ਗਈ

ਬਾਈਬਲ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਲਿਖੀ ਗਈ

ਬਾਈਬਲ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਲਿਖੀ ਗਈ

“ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।”—2 ਪਤ. 1:21.

ਸੋਚ-ਵਿਚਾਰ ਕਰਨ ਲਈ ਸਵਾਲ

ਪਰਮੇਸ਼ੁਰ ਨੇ ਆਪਣਾ ਸੰਦੇਸ਼ ਬਾਈਬਲ ਦੇ ਲਿਖਾਰੀਆਂ ਤਕ ਕਿਵੇਂ ਪਹੁੰਚਾਇਆ?

ਕਿਹੜੇ ਸਬੂਤ ਹਨ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ?

ਬਾਈਬਲ ਲਈ ਆਪਣੀ ਕਦਰ ਵਧਾਉਣ ਲਈ ਤੁਸੀਂ ਰੋਜ਼ ਕੀ ਕਰ ਸਕਦੇ ਹੋ?

1. ਸਾਨੂੰ ਪਰਮੇਸ਼ੁਰ ਦੇ ਬਚਨ ਦੀ ਲੋੜ ਕਿਉਂ ਹੈ?

ਅਸੀਂ ਕਿੱਥੋਂ ਆਏ ਹਾਂ? ਜ਼ਿੰਦਗੀ ਦਾ ਮਕਸਦ ਕੀ ਹੈ? ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ? ਦੁਨੀਆਂ ਦੇ ਹਾਲਾਤ ਇੰਨੇ ਵਿਗੜੇ ਹੋਏ ਕਿਉਂ ਹਨ? ਮੌਤ ਤੋਂ ਬਾਅਦ ਕੀ ਹੁੰਦਾ ਹੈ? ਦੁਨੀਆਂ ਭਰ ਵਿਚ ਲੋਕ ਇਹੋ ਜਿਹੇ ਸਵਾਲ ਪੁੱਛਦੇ ਹਨ। ਜੇ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਨਾ ਹੁੰਦਾ, ਤਾਂ ਸਾਨੂੰ ਇਨ੍ਹਾਂ ਤੇ ਹੋਰ ਜ਼ਰੂਰੀ ਸਵਾਲਾਂ ਦੇ ਜਵਾਬ ਕਿੱਥੋਂ ਮਿਲਦੇ? ਪਵਿੱਤਰ ਬਾਈਬਲ ਤੋਂ ਬਿਨਾਂ ਸਾਨੂੰ ਸਿਰਫ਼ ਆਪਣੇ ਤਜਰਬੇ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਦੀ ਕੋਸ਼ਿਸ਼ ਕਰਨੀ ਪੈਂਦੀ। ਜੇ ਇਸ ਤਰ੍ਹਾਂ ਹੁੰਦਾ, ਤਾਂ ਅਸੀਂ “ਯਹੋਵਾਹ ਦੀ ਬਿਵਸਥਾ” ਬਾਰੇ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਨਾ ਕਰਦੇ।—ਜ਼ਬੂਰਾਂ ਦੀ ਪੋਥੀ 19:7 ਪੜ੍ਹੋ।

2. ਅਸੀਂ ਇਸ ਗੱਲ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਇਕ ਕੀਮਤੀ ਦਾਤ ਹੈ?

2 ਅਫ਼ਸੋਸ ਦੀ ਗੱਲ ਹੈ ਕਿ ਕਈ ਮਸੀਹੀ ਬਾਈਬਲ ਦੀਆਂ ਸੱਚਾਈਆਂ ਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦੇ। (ਹੋਰ ਜਾਣਕਾਰੀ ਲਈ ਪ੍ਰਕਾਸ਼ ਦੀ ਕਿਤਾਬ 2:4 ਦੇਖੋ।) ਉਹ ਹੁਣ ਯਹੋਵਾਹ ਦੇ ਰਾਹਾਂ ’ਤੇ ਨਹੀਂ ਚੱਲਦੇ। (ਯਸਾ. 30:21) ਪਰ ਜ਼ਰੂਰੀ ਨਹੀਂ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੋਵੇ। ਸਾਨੂੰ ਬਾਈਬਲ ਤੇ ਇਸ ਦੀਆਂ ਸਿੱਖਿਆਵਾਂ ਲਈ ਆਪਣੀ ਕਦਰ ਵਧਾਉਂਦੇ ਰਹਿਣਾ ਚਾਹੀਦਾ ਹੈ। ਬਾਈਬਲ ਪਰਮੇਸ਼ੁਰ ਵੱਲੋਂ ਇਕ ਕੀਮਤੀ ਦਾਤ ਹੈ। (ਯਾਕੂ. 1:17) ‘ਪਰਮੇਸ਼ੁਰ ਦੇ ਬਚਨ’ ਲਈ ਅਸੀਂ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ? ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਬਾਈਬਲ ਦੇ ਲਿਖਾਰੀਆਂ ਨੂੰ ਇਸ ਨੂੰ ਲਿਖਣ ਲਈ ਕਿੱਦਾਂ ਪ੍ਰੇਰਿਆ ਗਿਆ ਸੀ। ਸਾਨੂੰ ਉਨ੍ਹਾਂ ਸਬੂਤਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹੈ। ਫਿਰ ਇਹ ਗੱਲ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਤੇ ਇਸ ਦੀ ਸਲਾਹ ਲਾਗੂ ਕਰਨ ਲਈ ਪ੍ਰੇਰੇਗੀ।—ਇਬ. 4:12.

“ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਬਾਈਬਲ ਕਿਵੇਂ ਲਿਖੀ ਗਈ?

3. ਬਾਈਬਲ ਦੇ ਲਿਖਾਰੀਆਂ ਤੇ ਨਬੀਆਂ ਨੇ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਬਾਈਬਲ ਕਿਵੇਂ ਲਿਖੀ ਸੀ?

3 ਬਾਈਬਲ 1513 ਈ. ਪੂ. ਵਿਚ ਲਿਖਣੀ ਸ਼ੁਰੂ ਹੋਈ ਸੀ ਅਤੇ 98 ਈ. ਵਿਚ ਪੂਰੀ ਹੋਈ। 40 ਬੰਦਿਆਂ ਨੇ 1,610 ਸਾਲਾਂ ਦੌਰਾਨ ਇਸ ਨੂੰ ਲਿਖਿਆ। ਇਨ੍ਹਾਂ ਵਿੱਚੋਂ ਕੁਝ ਨਬੀ ਸਨ ਜਿਨ੍ਹਾਂ ਨੇ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਹਰ ਗੱਲ ਲਿਖੀ। (2 ਪਤਰਸ 1:20, 21 ਪੜ੍ਹੋ।) ਇਕ ਡਿਕਸ਼ਨਰੀ ਮੁਤਾਬਕ ਇੱਥੇ “ਪ੍ਰੇਰਣਾ ਅਧੀਨ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ” ਅਤੇ ਇਸ ਦਾ ਅਨੁਵਾਦ “ਕਿਸੇ ਚੀਜ਼ ਦੁਆਰਾ ਧੱਕਿਆ ਜਾਣਾ” ਵੀ ਕੀਤਾ ਜਾ ਸਕਦਾ ਹੈ। ਇਸ ਗੱਲ ਨੂੰ ਸਮਝਣ ਲਈ ਰਸੂਲਾਂ ਦੇ ਕੰਮ 27:15 ’ਤੇ ਗੌਰ ਕਰੋ ਜਿਸ ਵਿਚ ਇਹੀ ਯੂਨਾਨੀ ਸ਼ਬਦ ਵਰਤਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਕ ਸਮੁੰਦਰੀ ਜਹਾਜ਼ ਤੂਫ਼ਾਨ ਦੀ ਲਪੇਟ ਵਿਚ ਆ ਕੇ ਹਵਾ ਦੇ ਜ਼ੋਰ ਨਾਲ ਵਹਿਣ ਲੱਗਾ। ਸੋ ਪਰਮੇਸ਼ੁਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਬਾਈਬਲ ਦੇ ਲਿਖਾਰੀਆਂ ਨੂੰ ਉੱਧਰ ਨੂੰ ਲੈ ਕੇ ਗਿਆ ਜਿੱਧਰ ਨੂੰ ਉਹ ਲਿਜਾਣਾ ਚਾਹੁੰਦਾ ਸੀ। ਇਸ ਦਾ ਮਤਲਬ ਹੈ ਕਿ ਉਸ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਸੇਧ ਦਿੱਤੀ ਤੇ ਉਨ੍ਹਾਂ ਨਾਲ ਗੱਲ ਕੀਤੀ। ਇਸ ਲਈ ਉਨ੍ਹਾਂ ਨੇ ਬਾਈਬਲ ਵਿਚ ਆਪਣੇ ਵਿਚਾਰ ਨਹੀਂ, ਸਗੋਂ ਪਰਮੇਸ਼ੁਰ ਦੇ ਵਿਚਾਰ ਲਿਖੇ। ਕਈ ਵਾਰ ਨਬੀਆਂ ਤੇ ਹੋਰ ਲਿਖਾਰੀਆਂ ਨੂੰ ਉਨ੍ਹਾਂ ਗੱਲਾਂ ਦਾ ਮਤਲਬ ਵੀ ਨਹੀਂ ਪਤਾ ਹੁੰਦਾ ਸੀ ਜਿਹੜੀਆਂ ਉਹ ਲਿਖਦੇ ਸਨ। (ਦਾਨੀ. 12:8, 9) ਜੀ ਹਾਂ, “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ” ਅਤੇ ਇਸ ਵਿਚ ਇਨਸਾਨਾਂ ਦੇ ਵਿਚਾਰ ਨਹੀਂ ਹਨ।—2 ਤਿਮੋ. 3:16.

4-6. ਯਹੋਵਾਹ ਨੇ ਆਪਣਾ ਸੰਦੇਸ਼ ਬਾਈਬਲ ਦੇ ਲਿਖਾਰੀਆਂ ਤਕ ਕਿਵੇਂ ਪਹੁੰਚਾਇਆ? ਮਿਸਾਲ ਦੇ ਕੇ ਸਮਝਾਓ।

4 ਪਰ ਪਵਿੱਤਰ ਸ਼ਕਤੀ ਨੇ ਪਰਮੇਸ਼ੁਰ ਦਾ ਸੰਦੇਸ਼ ਬਾਈਬਲ ਦੇ ਲਿਖਾਰੀਆਂ ਤਕ ਕਿਵੇਂ ਪਹੁੰਚਾਇਆ? ਕੀ ਉਸ ਨੇ ਇਕ-ਇਕ ਸ਼ਬਦ ਲਿਖਵਾਇਆ ਜਾਂ ਉਨ੍ਹਾਂ ਦੇ ਮਨਾਂ ਵਿਚ ਸਿਰਫ਼ ਵਿਚਾਰ ਪਾਏ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਸ਼ਬਦਾਂ ਵਿਚ ਲਿਖਿਆ? ਇਕ ਮਿਸਾਲ ਵੱਲ ਧਿਆਨ ਦਿਓ। ਜਦੋਂ ਇਕ ਕੰਪਨੀ ਦਾ ਮੈਨੇਜਰ ਚਿੱਠੀ ਲਿਖਣੀ ਚਾਹੁੰਦਾ ਹੈ, ਤਾਂ ਉਹ ਕੀ ਕਰਦਾ ਹੈ। ਜਦੋਂ ਗੱਲ ਜ਼ਰੂਰੀ ਹੁੰਦੀ ਹੈ, ਤਾਂ ਉਹ ਆਪ ਚਿੱਠੀ ਲਿਖ ਲੈਂਦਾ ਹੈ ਜਾਂ ਫਿਰ ਇਕ-ਇਕ ਸ਼ਬਦ ਬੋਲ ਕੇ ਆਪਣੀ ਸੈਕਟਰੀ ਤੋਂ ਚਿੱਠੀ ਲਿਖਵਾ ਲੈਂਦਾ ਹੈ ਤੇ ਬਾਅਦ ਵਿਚ ਇਸ ’ਤੇ ਸਾਈਨ ਕਰ ਦਿੰਦਾ ਹੈ। ਪਰ ਕਈ ਵਾਰ ਉਹ ਆਪਣੀ ਸੈਕਟਰੀ ਨੂੰ ਮੁੱਖ ਗੱਲਾਂ ਦੱਸ ਦਿੰਦਾ ਹੈ ਤੇ ਸੈਕਟਰੀ ਆਪਣੇ ਸ਼ਬਦਾਂ ਵਿਚ ਚਿੱਠੀ ਲਿਖ ਲੈਂਦੀ ਹੈ। ਫਿਰ ਮੈਨੇਜਰ ਚਿੱਠੀ ਪੜ੍ਹ ਕੇ ਸੈਕਟਰੀ ਤੋਂ ਜ਼ਰੂਰੀ ਤਬਦੀਲੀਆਂ ਕਰਾਉਂਦਾ ਹੈ। ਭਾਵੇਂ ਇਹ ਚਿੱਠੀ ਸੈਕਟਰੀ ਨੇ ਲਿਖੀ ਹੈ, ਪਰ ਚਿੱਠੀ ਮੈਨੇਜਰ ਵੱਲੋਂ ਹੁੰਦੀ ਹੈ ਕਿਉਂਕਿ ਉਸ ’ਤੇ ਉਸ ਦੇ ਸਾਈਨ ਹੁੰਦੇ ਹਨ।

5 ਇਸੇ ਤਰ੍ਹਾਂ ਬਾਈਬਲ ਦੇ ਕੁਝ ਹਿੱਸੇ “ਪਰਮੇਸ਼ੁਰ ਦੀ ਉਂਗਲੀ ਨਾਲ” ਲਿਖੇ ਗਏ ਸਨ ਯਾਨੀ ਪਰਮੇਸ਼ੁਰ ਨੇ ਖ਼ੁਦ ਇਨ੍ਹਾਂ ਨੂੰ ਲਿਖਿਆ ਸੀ। (ਕੂਚ 31:18) ਕਈ ਵਾਰ ਯਹੋਵਾਹ ਨੇ ਇਕ-ਇਕ ਸ਼ਬਦ ਬੋਲ ਕੇ ਜ਼ਰੂਰੀ ਗੱਲਾਂ ਲਿਖਵਾਈਆਂ। ਮਿਸਾਲ ਲਈ, ਕੂਚ 34:27 ਵਿਚ ਲਿਖਿਆ ਹੈ: “ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ, ਤੂੰ ਇਨ੍ਹਾਂ ਗੱਲਾਂ [“ਸ਼ਬਦਾਂ,” NW] ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ [“ਸ਼ਬਦਾਂ,” NW] ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ।” ਇਸੇ ਤਰ੍ਹਾਂ ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਵੀ ਕਿਹਾ: ‘ਜਿਹੜੇ ਸ਼ਬਦ ਮੈਂ ਤੈਨੂੰ ਆਖੇ ਨੇ ਉਨ੍ਹਾਂ ਨੂੰ ਇੱਕ ਕਿਤਾਬ ਵਿਚ ਲਿਖ ਲੈ।’—ਯਿਰ. 30:2, ERV.

6 ਪਰ ਬਹੁਤ ਵਾਰ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਆਪਣੇ ਵਿਚਾਰ ਬਾਈਬਲ ਦੇ ਲਿਖਾਰੀਆਂ ਦੇ ਮਨਾਂ ਵਿਚ ਪਾਏ ਤੇ ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿਚ ਲਿਖਿਆ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਉਪਦੇਸ਼ਕ ਦੀ ਪੋਥੀ ਦੇ ਲਿਖਾਰੀ ਨੇ “ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖ਼ਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿੱਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ।” (ਉਪ. 12:10, ERV) ਲੂਕਾ ਨੇ ਆਪਣੀ ਇੰਜੀਲ ਵਿਚ ਸਾਰੀਆਂ ‘ਗੱਲਾਂ ਉਵੇਂ ਹੀ ਲਿਖੀਆਂ ਜਿਵੇਂ ਇਹ ਹੋਈਆਂ ਸਨ ਕਿਉਂਕਿ ਉਸ ਨੇ ਬੜੇ ਧਿਆਨ ਨਾਲ ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਅਤੇ ਸਹੀ ਜਾਣਕਾਰੀ ਇਕੱਠੀ ਕੀਤੀ।’ (ਲੂਕਾ 1:3) ਪਵਿੱਤਰ ਸ਼ਕਤੀ ਨੇ ਧਿਆਨ ਰੱਖਿਆ ਕਿ ਇਨਸਾਨ ਲਿਖਦੇ ਸਮੇਂ ਪਰਮੇਸ਼ੁਰ ਦੇ ਸੰਦੇਸ਼ ਨੂੰ ਬਦਲ ਨਾ ਦੇਣ।

7. ਪਰਮੇਸ਼ੁਰ ਨੇ ਆਪਣਾ ਬਚਨ ਇਨਸਾਨਾਂ ਤੋਂ ਲਿਖਵਾ ਕੇ ਆਪਣੀ ਵਿਸ਼ਾਲ ਬੁੱਧ ਦਾ ਸਬੂਤ ਕਿਵੇਂ ਦਿੱਤਾ?

7 ਪਰਮੇਸ਼ੁਰ ਨੇ ਆਪਣਾ ਬਚਨ ਇਨਸਾਨਾਂ ਤੋਂ ਲਿਖਵਾ ਕੇ ਆਪਣੀ ਵਿਸ਼ਾਲ ਬੁੱਧ ਦਾ ਸਬੂਤ ਦਿੱਤਾ। ਸ਼ਬਦ ਸਿਰਫ਼ ਜਾਣਕਾਰੀ ਹੀ ਨਹੀਂ ਦਿੰਦੇ, ਪਰ ਭਾਵਨਾਵਾਂ ਵੀ ਜ਼ਾਹਰ ਕਰਦੇ ਹਨ। ਫ਼ਰਜ਼ ਕਰੋ ਕਿ ਯਹੋਵਾਹ ਨੇ ਦੂਤਾਂ ਰਾਹੀਂ ਬਾਈਬਲ ਲਿਖਵਾਈ ਹੁੰਦੀ। ਕੀ ਉਹ ਇਨਸਾਨਾਂ ਦੇ ਡਰ, ਦੁੱਖ ਅਤੇ ਨਿਰਾਸ਼ਾ ਵਰਗੀਆਂ ਭਾਵਨਾਵਾਂ ਨੂੰ ਜ਼ਾਹਰ ਕਰ ਪਾਉਂਦੇ? ਭਾਵੇਂ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਨੇ ਆਪਣਾ ਸੰਦੇਸ਼ ਪਾਪੀ ਇਨਸਾਨਾਂ ਦੇ ਮਨਾਂ ਵਿਚ ਪਾਇਆ, ਪਰ ਉਸ ਨੇ ਉਨ੍ਹਾਂ ਨੂੰ ਇਹ ਗੱਲਾਂ ਆਪਣੇ ਸ਼ਬਦਾਂ ਵਿਚ ਲਿਖਣ ਦਿੱਤੀਆਂ। ਇਸ ਲਈ ਬਾਈਬਲ ਦੀਆਂ ਗੱਲਾਂ ਪੜ੍ਹ ਕੇ ਸਾਨੂੰ ਆਪਣਾਪਣ ਮਹਿਸੂਸ ਹੁੰਦਾ ਹੈ ਤੇ ਇਸ ਦਾ ਸੰਦੇਸ਼ ਸਾਨੂੰ ਆਪਣੇ ਵੱਲ ਖਿੱਚਦਾ ਹੈ।

ਪਰਮੇਸ਼ੁਰ ਵੱਲੋਂ ਹੋਣ ਦਾ ਸਬੂਤ

8. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਾਈਬਲ ਹੋਰ ਕਿਸੇ ਵੀ ਧਰਮ-ਸ਼ਾਸਤਰ ਤੋਂ ਵੱਖਰੀ ਹੈ?

8 ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਪਰਮੇਸ਼ੁਰ ਬਾਰੇ ਹੋਰ ਕੋਈ ਵੀ ਧਰਮ-ਸ਼ਾਸਤਰ ਸਾਨੂੰ ਬਾਈਬਲ ਜਿੰਨਾ ਨਹੀਂ ਦੱਸਦਾ। ਮਿਸਾਲ ਲਈ, ਹਿੰਦੂਆਂ ਦੇ ਵੇਦਾਂ ਵਿਚ ਭਜਨ ਲਿਖੇ ਗਏ ਹਨ, ਉਪਨਿਸ਼ਧਾਂ ਵਿਚ ਜ਼ਿੰਦਗੀ ਦਾ ਫ਼ਲਸਫ਼ਾ ਲਿਖਿਆ ਹੋਇਆ ਹੈ ਅਤੇ ਰਾਮਾਇਣ ਤੇ ਮਹਾਂਭਾਰਤ ਵਿਚ ਕਥਾਵਾਂ ਹਨ। ਭਗਵਤ ਗੀਤਾ ਵਿਚ ਨੈਤਿਕ ਮਿਆਰਾਂ ਬਾਰੇ ਦੱਸਿਆ ਗਿਆ ਹੈ। ਬੁੱਧ ਧਰਮ ਦੀਆਂ ਤਿੰਨ ਮੁੱਖ ਕਿਤਾਬਾਂ ਹਨ। ਇਕ ਵਿਚ ਮੱਠਵਾਸੀਆਂ ਲਈ ਕਾਇਦੇ-ਕਾਨੂੰਨ ਦੱਸੇ ਗਏ ਹਨ। ਦੂਜੀ ਵਿਚ ਬੁੱਧ ਧਰਮ ਦੀਆਂ ਸਿੱਖਿਆਵਾਂ ਹਨ ਤੇ ਤੀਜੀ ਵਿਚ ਗੌਤਮ ਬੁੱਧ ਦੀਆਂ ਕਹੀਆਂ ਗੱਲਾਂ ਲਿਖੀਆਂ ਗਈਆਂ ਹਨ। ਉਸ ਨੇ ਆਪ ਰੱਬ ਹੋਣ ਦਾ ਦਾਅਵਾ ਨਹੀਂ ਕੀਤਾ ਤੇ ਨਾ ਹੀ ਉਸ ਨੇ ਰੱਬ ਬਾਰੇ ਬਹੁਤਾ ਕੁਝ ਦੱਸਿਆ। ਕਨਫਿਊਸ਼ਸ ਧਰਮ ਦੀਆਂ ਕਿਤਾਬਾਂ ਵਿਚ ਕੁਝ ਘਟਨਾਵਾਂ ਅਤੇ ਨੈਤਿਕ ਮਿਆਰਾਂ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ-ਨਾਲ ਇਨ੍ਹਾਂ ਵਿਚ ਜਾਦੂ-ਮੰਤਰ ਅਤੇ ਭਜਨ ਵੀ ਪਾਏ ਜਾਂਦੇ ਹਨ। ਇਸਲਾਮ ਦਾ ਧਰਮ-ਗ੍ਰੰਥ ਇਹ ਤਾਂ ਸਿਖਾਉਂਦਾ ਹੈ ਕਿ ਖ਼ੁਦਾ ਇਕ ਹੈ ਤੇ ਉਹ ਜਾਣੀ-ਜਾਣ ਹੈ ਤੇ ਉਸ ਨੂੰ ਭਵਿੱਖ ਬਾਰੇ ਪਤਾ ਹੈ। ਪਰ ਇਸ ਵਿਚ ਖ਼ੁਦਾ ਦਾ ਨਾਮ ਯਹੋਵਾਹ ਨਹੀਂ ਦੱਸਿਆ ਗਿਆ ਹੈ ਜੋ ਬਾਈਬਲ ਵਿਚ ਹਜ਼ਾਰਾਂ ਵਾਰ ਪਾਇਆ ਜਾਂਦਾ ਹੈ।

9, 10. ਅਸੀਂ ਬਾਈਬਲ ਤੋਂ ਪਰਮੇਸ਼ੁਰ ਬਾਰੇ ਕੀ ਸਿੱਖ ਸਕਦੇ ਹਾਂ?

9 ਸੋ ਜ਼ਿਆਦਾਤਰ ਧਾਰਮਿਕ ਲਿਖਤਾਂ ਪਰਮੇਸ਼ੁਰ ਬਾਰੇ ਬਹੁਤ ਘੱਟ ਦੱਸਦੀਆਂ ਹਨ, ਪਰ ਬਾਈਬਲ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਬਹੁਤ ਕੁਝ ਦੱਸਦੀ ਹੈ। ਇਹ ਸਾਨੂੰ ਉਸ ਦੇ ਵੱਖ-ਵੱਖ ਗੁਣਾਂ ਬਾਰੇ ਦੱਸਦੀ ਹੈ। ਬਾਈਬਲ ਮੁਤਾਬਕ ਯਹੋਵਾਹ ਸਰਬਸ਼ਕਤੀਮਾਨ, ਬੁੱਧੀਮਾਨ ਅਤੇ ਨਿਆਂ ਕਰਨ ਵਾਲਾ ਪਰਮੇਸ਼ੁਰ ਹੋਣ ਦੇ ਨਾਲ-ਨਾਲ ਪਿਆਰ ਕਰਨ ਵਾਲਾ ਪਰਮੇਸ਼ੁਰ ਵੀ ਹੈ। (ਯੂਹੰਨਾ 3:16; 1 ਯੂਹੰਨਾ 4:19 ਪੜ੍ਹੋ।) ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂ. 10:34, 35) ਇਸ ਗੱਲ ਦੀ ਸੱਚਾਈ ਇਸ ਤੋਂ ਦੇਖੀ ਜਾ ਸਕਦੀ ਹੈ ਕਿ ਬਾਈਬਲ ਸਾਰਿਆਂ ਲਈ ਉਪਲਬਧ ਹੈ। ਭਾਸ਼ਾ-ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਦੁਨੀਆਂ ਭਰ ਵਿਚ ਤਕਰੀਬਨ 6,700 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਨਾਲੇ ਇਨ੍ਹਾਂ ਵਿੱਚੋਂ 100 ਭਾਸ਼ਾਵਾਂ ਦੁਨੀਆਂ ਦੇ 90 ਪ੍ਰਤਿਸ਼ਤ ਲੋਕ ਬੋਲਦੇ ਹਨ। ਫਿਰ ਵੀ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 2,400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਤਕਰੀਬਨ ਹਰ ਇਨਸਾਨ ਆਪਣੀ ਮਾਂ-ਬੋਲੀ ਵਿਚ ਬਾਈਬਲ ਦਾ ਕੁਝ ਹਿੱਸਾ ਪੜ੍ਹ ਸਕਦਾ ਹੈ।

10 ਯਿਸੂ ਨੇ ਕਿਹਾ ਸੀ: “ਮੇਰਾ ਪਿਤਾ ਅਜੇ ਤਕ ਕੰਮ ਕਰ ਰਿਹਾ ਹੈ, ਇਸ ਲਈ ਮੈਂ ਵੀ ਕੰਮ ਕਰਦਾ ਰਹਿੰਦਾ ਹਾਂ।” (ਯੂਹੰ. 5:17) ਬਾਈਬਲ ਕਹਿੰਦੀ ਹੈ ਕਿ ‘ਆਦ ਤੋਂ ਅੰਤ ਤੀਕ ਯਹੋਵਾਹ ਹੀ ਪਰਮੇਸ਼ੁਰ ਹੈ।’ ਸੋ ਜ਼ਰਾ ਸੋਚੋ ਕਿ ਉਸ ਨੇ ਹੁਣ ਤਕ ਕਿੰਨੇ ਕੰਮ ਕੀਤੇ ਹਨ! (ਜ਼ਬੂ. 90:2) ਸਿਰਫ਼ ਬਾਈਬਲ ਵਿਚ ਹੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਪਹਿਲਾਂ ਕੀ ਕੀਤਾ ਸੀ, ਹੁਣ ਕੀ ਕਰ ਰਿਹਾ ਹੈ ਤੇ ਅਗਾਹਾਂ ਨੂੰ ਕੀ ਕਰੇਗਾ। ਉਸ ਦੇ ਬਚਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਕਿਹੜੀਆਂ ਗੱਲਾਂ ਤੋਂ ਖ਼ੁਸ਼ੀ ਮਿਲਦੀ ਹੈ ਤੇ ਕਿਹੜੀਆਂ ਤੋਂ ਉਹ ਨਾਰਾਜ਼ ਹੁੰਦਾ ਹੈ। ਨਾਲੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਅਸੀਂ ਉਸ ਦੇ ਨਜ਼ਦੀਕ ਕਿਵੇਂ ਜਾ ਸਕਦੇ ਹਾਂ। (ਯਾਕੂ. 4:8) ਤਾਂ ਫਿਰ ਆਓ ਆਪਾਂ ਆਪਣੇ ਕੰਮਾਂ ਵਿਚ ਪੈ ਕੇ ਉਸ ਤੋਂ ਦੂਰ ਨਾ ਜਾਈਏ।

11. ਬਾਈਬਲ ਵਿਚ ਕਿਹੜੀ ਵਧੀਆ ਤੇ ਭਰੋਸੇਯੋਗ ਸਲਾਹ ਪਾਈ ਜਾਂਦੀ ਹੈ?

11 ਬਾਈਬਲ ਵਿਚ ਵਧੀਆ ਤੇ ਭਰੋਸੇਯੋਗ ਸਲਾਹ ਪਾਈ ਜਾਂਦੀ ਹੈ। ਇਸ ’ਤੇ ਗੌਰ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਿਸੇ ਇਨਸਾਨ ਤੋਂ ਨਹੀਂ, ਸਗੋਂ ਬੁੱਧੀਮਾਨ ਪਰਮੇਸ਼ੁਰ ਵੱਲੋਂ ਹੈ। ਪੌਲੁਸ ਰਸੂਲ ਨੇ ਲਿਖਿਆ: “ਯਹੋਵਾਹ ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ?” (1 ਕੁਰਿੰ. 2:16) ਇਹ ਆਇਤ ਯਸਾਯਾਹ ਨਬੀ ਦੀ ਲਿਖੀ ਗੱਲ ’ਤੇ ਆਧਾਰਿਤ ਹੈ: “ਕੌਣ ਉਸ ਦਾ ਸਲਾਹਕਾਰ ਬਣ ਸਕਦਾ ਹੈ?” (ਯਸਾ. 40:13, CL) ਇਸ ਦਾ ਜਵਾਬ ਹੈ, ਕੋਈ ਨਹੀਂ। ਇਸੇ ਕਰਕੇ ਜਦੋਂ ਅਸੀਂ ਵਿਆਹੁਤਾ ਜ਼ਿੰਦਗੀ, ਬੱਚਿਆਂ ਦੀ ਪਰਵਰਿਸ਼, ਮਨੋਰੰਜਨ, ਦੋਸਤੀ, ਮਿਹਨਤ ਕਰਨ ਅਤੇ ਨੇਕ ਚਾਲ-ਚਲਣ ਰੱਖਣ ਬਾਰੇ ਬਾਈਬਲ ਦੀ ਸਲਾਹ ’ਤੇ ਚੱਲਦੇ ਹਾਂ, ਤਾਂ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਬਾਈਬਲ ਸਾਨੂੰ ਕਦੇ ਵੀ ਮਾੜੀ ਸਲਾਹ ਨਹੀਂ ਦਿੰਦੀ। ਇਸ ਦੇ ਉਲਟ, ਇਨਸਾਨਾਂ ਵਿਚ ਇੰਨੀ ਬੁੱਧ ਨਹੀਂ ਹੈ ਕਿ ਉਹ ਹਮੇਸ਼ਾ ਚੰਗੀ ਸਲਾਹ ਦੇ ਸਕਣ। (ਯਿਰ. 10:23) ਉਹ ਆਪਣੀ ਸਲਾਹ ਅਕਸਰ ਬਦਲਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਅੱਜ ਜੋ ਸਹੀ ਲੱਗਦਾ ਹੈ ਕੱਲ੍ਹ ਨੂੰ ਉਹ ਗ਼ਲਤ ਸਾਬਤ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਭਈ ਓਹ ਅਵਿਰਥੀਆਂ ਹਨ।”—ਜ਼ਬੂ. 94:11.

12. ਸਦੀਆਂ ਦੌਰਾਨ ਲੋਕਾਂ ਨੇ ਬਾਈਬਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ?

12 ਇਸ ਗੱਲ ਦਾ ਹੋਰ ਕਿਹੜਾ ਸਬੂਤ ਹੈ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ? ਬਾਈਬਲ ਨੂੰ ਤਬਾਹ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਇਹ ਤਬਾਹ ਨਹੀਂ ਹੋਈ। ਸੰਨ 168 ਈ. ਪੂ. ਵਿਚ ਸੀਰੀਆ ਦੇ ਰਾਜੇ ਐਂਟੀਓਕਸ ਚੌਥੇ ਨੇ ਹੁਕਮ ਦਿੱਤਾ ਕਿ ਜਿੱਥੇ ਕਿਤੇ ਵੀ ਇਬਰਾਨੀ ਲਿਖਤਾਂ ਸਨ ਉੱਥੋਂ ਲਿਆ ਕੇ ਸਾੜ ਦਿੱਤੀਆਂ ਜਾਣ। ਸੰਨ 303 ਈ. ਵਿਚ ਰੋਮੀ ਬਾਦਸ਼ਾਹ ਡਾਇਓਕਲੀਸ਼ਨ ਨੇ ਮਸੀਹੀਆਂ ਦੀਆਂ ਲਿਖਤਾਂ ਨੂੰ ਸਾੜਨ ਅਤੇ ਉਨ੍ਹਾਂ ਥਾਵਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਜਿੱਥੇ ਮਸੀਹੀ ਇਕੱਠੇ ਹੁੰਦੇ ਸਨ। ਇਹ ਤਬਾਹੀ ਦਸਾਂ ਸਾਲਾਂ ਤਕ ਚੱਲਦੀ ਰਹੀ। ਗਿਆਰਵੀਂ ਸਦੀ ਤੋਂ ਬਾਅਦ ਰੋਮਨ ਕੈਥੋਲਿਕ ਚਰਚ ਦੇ ਪੋਪ ਬਾਈਬਲ ਦਾ ਗਿਆਨ ਲੋਕਾਂ ਵਿਚ ਫੈਲਣ ਤੋਂ ਰੋਕਦੇ ਰਹੇ। ਇਸ ਲਈ ਉਨ੍ਹਾਂ ਨੇ ਲੋਕਾਂ ਦੀ ਆਮ ਬੋਲੀ ਵਿਚ ਇਸ ਦਾ ਤਰਜਮਾ ਕਰਨ ਦੇ ਕੰਮ ਨੂੰ ਰੋਕਿਆ। ਸ਼ੈਤਾਨ ਤੇ ਉਸ ਦੇ ਪਿੱਛੇ ਲੱਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਾਡੇ ਕੋਲ ਬਾਈਬਲ ਹੈ। ਯਹੋਵਾਹ ਨੇ ਕਿਸੇ ਨੂੰ ਉਸ ਦਾ ਬਚਨ ਖ਼ਤਮ ਨਹੀਂ ਕਰਨ ਦਿੱਤਾ।

ਵਿਸ਼ਵਾਸ ਕਰਨ ਦੇ ਕਾਰਨ

13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ?

13 ਹੋਰ ਵੀ ਸਬੂਤ ਹਨ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ। ਇਸ ਦੀਆਂ ਸਾਰੀਆਂ ਗੱਲਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ, ਸਾਇੰਸ ਪੱਖੋਂ ਇਸ ਦੀਆਂ ਗੱਲਾਂ ਸਹੀ ਹਨ ਅਤੇ ਇਸ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ। ਇਸ ਦੇ ਲਿਖਾਰੀਆਂ ਨੇ ਈਮਾਨਦਾਰੀ ਨਾਲ ਸਾਰੀਆਂ ਗੱਲਾਂ ਲਿਖੀਆਂ, ਇਸ ਦੀਆਂ ਸਿੱਖਿਆਵਾਂ ਵਿਚ ਜ਼ਿੰਦਗੀਆਂ ਬਦਲਣ ਦੀ ਸ਼ਕਤੀ ਹੈ ਤੇ ਇਹ ਇਤਿਹਾਸ ਪੱਖੋਂ ਸਹੀ ਹੈ। ਨਾਲੇ ਇਹ ਉਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਦਿੰਦੀ ਹੈ ਜੋ ਇਸ ਲੇਖ ਦੇ ਪਹਿਲੇ ਪੈਰੇ ਵਿਚ ਲਿਖੇ ਗਏ ਹਨ। ਆਓ ਹੁਣ ਦੇਖੀਏ ਕਿ ਕੁਝ ਲੋਕਾਂ ਨੂੰ ਬਾਈਬਲ ’ਤੇ ਵਿਸ਼ਵਾਸ ਕਰਨ ਵਿਚ ਮਦਦ ਕਿਵੇਂ ਮਿਲੀ।

14-16. (ੳ) ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਕਿਉਂ ਯਕੀਨ ਹੋਇਆ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ? (ਅ) ਪ੍ਰਚਾਰ ਕਰਦੇ ਹੋਏ ਤੁਸੀਂ ਲੋਕਾਂ ਨੂੰ ਕਿਵੇਂ ਦਿਖਾ ਸਕਦੇ ਹੋ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ?

14 ਅਨਵਰ * ਇਕ ਮੁਸਲਿਮ ਦੇਸ਼ ਵਿਚ ਜੰਮਿਆ-ਪਲ਼ਿਆ ਸੀ। ਜਦ ਉਹ ਕੁਝ ਸਮੇਂ ਲਈ ਅਮਰੀਕਾ ਵਿਚ ਰਹਿ ਰਿਹਾ ਸੀ, ਤਾਂ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ। ਅਨਵਰ ਦੱਸਦਾ ਹੈ: “ਉਸ ਸਮੇਂ ਮੈਨੂੰ ਈਸਾਈ ਧਰਮ ਨਾਲ ਨਫ਼ਰਤ ਸੀ ਕਿਉਂਕਿ ਉਨ੍ਹਾਂ ਨੇ ਮੁਸਲਮਾਨਾਂ ਨਾਲ ਯੁੱਧ ਕੀਤੇ ਸਨ ਤੇ ਲੋਕਾਂ ਉੱਤੇ ਜ਼ੁਲਮ ਕੀਤੇ ਸਨ। ਪਰ ਨਵੀਆਂ ਗੱਲਾਂ ਸਿੱਖਣ ਦਾ ਸ਼ੌਕ ਹੋਣ ਕਰਕੇ ਮੈਂ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ।” ਪਰ ਕੁਝ ਸਮੇਂ ਬਾਅਦ ਅਨਵਰ ਆਪਣੇ ਦੇਸ਼ ਵਾਪਸ ਚਲਾ ਗਿਆ ਤੇ ਯਹੋਵਾਹ ਦੇ ਗਵਾਹਾਂ ਨਾਲ ਉਸ ਦਾ ਸੰਪਰਕ ਨਹੀਂ ਰਿਹਾ। ਕਈ ਸਾਲ ਬਾਅਦ ਉਹ ਯੂਰਪ ਰਹਿਣ ਚਲਾ ਗਿਆ ਜਿੱਥੇ ਉਸ ਨੇ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਕੀਤੀ। ਬਾਈਬਲ ਸਟੱਡੀ ਕਰਨ ਤੋਂ ਬਾਅਦ ਉਹ ਇਸ ਸਿੱਟੇ ’ਤੇ ਪਹੁੰਚਿਆ: “ਮੈਨੂੰ ਯਕੀਨ ਹੋਇਆ ਕਿ ਬਾਈਬਲ ਹੀ ਖ਼ੁਦਾ ਦਾ ਪੈਗਾਮ ਹੈ ਕਿਉਂਕਿ ਇਸ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ ਤੇ ਇਸ ਦੀਆਂ ਗੱਲਾਂ ਇਕ-ਦੂਜੇ ਦੇ ਉਲਟ ਨਹੀਂ ਹਨ, ਬਲਕਿ ਮੇਲ ਖਾਂਦੀਆਂ ਹਨ। ਨਾਲੇ ਯਹੋਵਾਹ ਦੇ ਗਵਾਹਾਂ ਵਿਚ ਬਹੁਤ ਪਿਆਰ ਹੈ।” ਅਨਵਰ 1998 ਵਿਚ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।

15 ਆਸ਼ਾ 16 ਸਾਲਾਂ ਦੀ ਹੈ ਤੇ ਉਸ ਦਾ ਪਰਿਵਾਰ ਹਿੰਦੂ ਹੈ। ਉਹ ਕਹਿੰਦੀ ਹੈ: “ਮੈਂ ਸਿਰਫ਼ ਉਦੋਂ ਪ੍ਰਾਰਥਨਾ ਕਰਦੀ ਹੁੰਦੀ ਸੀ ਜਦੋਂ ਮੈਂ ਮੰਦਰ ਜਾਂਦੀ ਸੀ ਜਾਂ ਕਿਸੇ ਮੁਸ਼ਕਲ ਵਿਚ ਹੁੰਦੀ ਸੀ। ਪਰ ਜਦ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਸੀ, ਤਾਂ ਮੈਂ ਭਗਵਾਨ ਬਾਰੇ ਸੋਚਦੀ ਵੀ ਨਹੀਂ ਸੀ। ਪਰ ਜਦ ਯਹੋਵਾਹ ਦੇ ਗਵਾਹ ਸਾਡੇ ਘਰ ਆਏ, ਤਾਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।” ਆਸ਼ਾ ਨੇ ਬਾਈਬਲ ਸਟੱਡੀ ਕਰ ਕੇ ਪਰਮੇਸ਼ੁਰ ਬਾਰੇ ਜਾਣਿਆ ਅਤੇ ਉਸ ਨਾਲ ਰਿਸ਼ਤਾ ਜੋੜਿਆ। ਉਸ ਨੂੰ ਕਿਉਂ ਵਿਸ਼ਵਾਸ ਹੋਇਆ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ? ਉਹ ਦੱਸਦੀ ਹੈ: “ਬਾਈਬਲ ਵਿੱਚੋਂ ਮੈਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲਿਆ। ਮੈਂ ਇਹ ਸਿੱਖਿਆ ਕਿ ਮੰਦਰ ਜਾਣ ਅਤੇ ਕਿਸੇ ਮੂਰਤੀ ਅੱਗੇ ਮੱਥਾ ਟੇਕਣ ਤੋਂ ਬਗੈਰ ਹੀ ਮੈਂ ਰੱਬ ਨਾਲ ਰਿਸ਼ਤਾ ਜੋੜ ਸਕਦੀ ਹਾਂ।”

16 ਪੋਲਾ ਨਾਂ ਦੀ ਤੀਵੀਂ ਕੈਥੋਲਿਕ ਧਰਮ ਵਿਚ ਜੰਮੀ-ਪਲ਼ੀ ਸੀ। ਪਰ ਜਦ ਉਹ ਵੱਡੀ ਹੋਈ, ਤਾਂ ਉਸ ਨੂੰ ਸ਼ੱਕ ਹੋਣ ਲੱਗ ਪਿਆ ਕਿ ਪਰਮੇਸ਼ੁਰ ਹੈ ਜਾਂ ਨਹੀਂ। ਇਸ ਤੋਂ ਬਾਅਦ ਕੀ ਹੋਇਆ? ਉਹ ਦੱਸਦੀ ਹੈ: “ਮੈਂ ਕਈ ਮਹੀਨਿਆਂ ਬਾਅਦ ਆਪਣੇ ਇਕ ਦੋਸਤ ਨੂੰ ਮਿਲੀ। ਪਹਿਲਾਂ ਉਸ ਦੇ ਲੰਬੇ ਵਾਲ਼ ਸਨ ਤੇ ਉਹ ਨਸ਼ੇ ਕਰਦਾ ਸੀ। ਪਰ ਉਹ ਹੁਣ ਬਿਲਕੁਲ ਬਦਲ ਚੁੱਕਾ ਸੀ ਅਤੇ ਸਾਫ਼-ਸੁਥਰਾ ਤੇ ਖ਼ੁਸ਼ ਲੱਗਦਾ ਸੀ। ਸੋ ਮੈਂ ਉਸ ਨੂੰ ਪੁੱਛਿਆ, ‘ਕਿੱਥੇ ਰਹਿੰਦਾ ਅੱਜ-ਕੱਲ੍ਹ ਤੇ ਇੰਨਾ ਕਿੱਦਾਂ ਬਦਲ ਗਿਆ ਤੂੰ?’ ਉਸ ਨੇ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਿਹਾ ਸੀ ਤੇ ਫਿਰ ਉਸ ਨੇ ਮੈਨੂੰ ਬਾਈਬਲ ਵਿੱਚੋਂ ਕੁਝ ਗੱਲਾਂ ਦੱਸੀਆਂ।” ਇਹ ਤੀਵੀਂ ਹੈਰਾਨ ਹੋਈ ਕਿ ਬਾਈਬਲ ਨੇ ਉਸ ਦੇ ਦੋਸਤ ਨੂੰ ਇੰਨਾ ਬਦਲ ਦਿੱਤਾ। ਇਸ ਲਈ ਉਹ ਵੀ ਬਾਈਬਲ ਦੇ ਸੰਦੇਸ਼ ਵੱਲ ਖਿੱਚੀ ਗਈ ਤੇ ਮੰਨਣ ਲੱਗੀ ਕਿ ਇਹ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹੈ।

‘ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਹੈ’

17. ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

17 ਬਾਈਬਲ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖੀ ਗਈ ਹੈ ਅਤੇ ਇਹ ਪਰਮੇਸ਼ੁਰ ਵੱਲੋਂ ਇਕ ਵਧੀਆ ਦਾਤ ਹੈ। ਜੇ ਤੁਸੀਂ ਇਸ ਨੂੰ ਰੋਜ਼ ਖ਼ੁਸ਼ੀ-ਖ਼ੁਸ਼ੀ ਪੜ੍ਹੋਗੇ, ਤਾਂ ਬਾਈਬਲ ਅਤੇ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧੇਗਾ। (ਜ਼ਬੂ. 1:1, 2) ਬਾਈਬਲ ਦੀ ਸਟੱਡੀ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਇਸ ਨੂੰ ਸਮਝ ਸਕੋ। (ਲੂਕਾ 11:13) ਬਾਈਬਲ ਵਿਚ ਪਰਮੇਸ਼ੁਰ ਦੇ ਵਿਚਾਰ ਹਨ, ਇਸ ਲਈ ਇਨ੍ਹਾਂ ਉੱਤੇ ਸੋਚ-ਵਿਚਾਰ ਕਰ ਕੇ ਤੁਸੀਂ ਪਰਮੇਸ਼ੁਰ ਵਾਂਗ ਸੋਚਣਾ ਸਿੱਖ ਸਕਦੇ ਹੋ।

18. ਤੁਸੀਂ ਬਾਈਬਲ ਦਾ ਗਿਆਨ ਕਿਉਂ ਲੈਂਦੇ ਰਹਿਣਾ ਚਾਹੁੰਦੇ ਹੋ?

18 ਬਾਈਬਲ ਦਾ ਗਿਆਨ ਲੈਣ ਦੇ ਨਾਲ-ਨਾਲ ਇਸ ਦੀਆਂ ਸਿੱਖਿਆਵਾਂ ’ਤੇ ਵੀ ਚੱਲੋ। (ਜ਼ਬੂਰਾਂ ਦੀ ਪੋਥੀ 119:105 ਪੜ੍ਹੋ।) ਬਾਈਬਲ ਇਕ ਸ਼ੀਸ਼ੇ ਵਾਂਗ ਹੈ। ਇਸ ਨੂੰ ਪੜ੍ਹਦੇ ਹੋਏ ਦੇਖੋ ਕਿ ਤੁਹਾਨੂੰ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। (ਯਾਕੂ. 1:23-25) ਪਰਮੇਸ਼ੁਰ ਦਾ ਬਚਨ ਇਕ ਤਲਵਾਰ ਵਾਂਗ ਹੈ। ਇਸ ਨੂੰ ਵਰਤ ਕੇ ਆਪਣੀਆਂ ਸਿੱਖਿਆਵਾਂ ਦੀ ਰਾਖੀ ਕਰੋ ਅਤੇ ਨੇਕਦਿਲ ਲੋਕਾਂ ਦੇ ਮਨਾਂ ਵਿੱਚੋਂ ਗ਼ਲਤ ਸਿੱਖਿਆਵਾਂ ਨੂੰ ਖ਼ਤਮ ਕਰੋ। (ਅਫ਼. 6:17) ਇਸ ਤਰ੍ਹਾਂ ਕਰਨ ਨਾਲ ਇਸ ਗੱਲ ਲਈ ਸਾਡੀ ਕਦਰ ਵਧੇਗੀ ਕਿ ਜਿਨ੍ਹਾਂ ਨਬੀਆਂ ਤੇ ਹੋਰ ਆਦਮੀਆਂ ਨੂੰ ਬਾਈਬਲ ਲਿਖਣ ਲਈ ਇਸਤੇਮਾਲ ਕੀਤਾ ਗਿਆ ਸੀ, ਉਨ੍ਹਾਂ ਨੇ ਸਾਰਾ ਕੁਝ ਯਹੋਵਾਹ ਦੀ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਲਿਖਿਆ।

[ਫੁਟਨੋਟ]

^ ਪੈਰਾ 14 ਕੁਝ ਨਾਂ ਬਦਲੇ ਗਏ ਹਨ।

[ਸਵਾਲ]

[ਸਫ਼ਾ 29 ਉੱਤੇ ਸੁਰਖੀ]

ਰੋਜ਼ ਬਾਈਬਲ ਪੜ੍ਹ ਕੇ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਵਧਾਓ

[ਸਫ਼ਾ 26 ਉੱਤੇ ਤਸਵੀਰ]

ਚਿੱਠੀ ਉਸ ਵੱਲੋਂ ਹੁੰਦੀ ਹੈ ਜਿਸ ਨੇ ਚਿੱਠੀ ’ਤੇ ਸਾਈਨ ਕੀਤੇ ਹੁੰਦੇ ਹਨ